ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ

ਤਸਵੀਰ ਸਰੋਤ, MEGAN JANETSKY
- ਲੇਖਕ, ਮੇਗਨ ਜੇਨਟਸਕਾਏ
- ਰੋਲ, ਮੈਡੇਲਿਨ
ਕਿਸੇ ਵੀ ਰੀਅਲ ਅਸਟੇਟ ਵੈੱਬਸਾਈਟ ਵਾਂਗ ਇੰਟਰਨੈੱਟ ਖੋਲ੍ਹਦਿਆਂ ਹੀ ਇਸ ਜਾਇਦਾਦ ਦੇ ਇਹ ਇਸ਼ਤਿਹਾਰ ਵਿਖਾਈ ਪੈਂਦੇ ਹਨ।
ਕੋਲੰਬੀਆ ਦੇ ਕੈਰੇਬੀਅਨ ਤੱਟ 'ਤੇ ਤਿੰਨ ਬੈੱਡਰੂਮ, ਦੋ ਬਾਥਰੂਮ ਅਤੇ ਫਿਰੋਜੀ ਪਾਣੀ ਨਾਲ ਭਰੇ ਸਵੀਮਿੰਗ ਪੂਲ ਵਾਲਾ ਮਕਾਨ ਕਿਰਾਏ ਲਈ ਉਪਲੱਬਧ ਹੈ।
ਪਨਾਮਾ ਬਾਰਡਰ 'ਤੇ ਜੰਗਲ ਨਾਲ ਘਿਰੇ ਚਾਰ ਬੈੱਡਰੂਮ, ਚਾਰ ਬਾਥਰੂਮ, ਵੂਡਨ ਫਲੌਰ ਵਾਲਾ ਘਰ ਵਿਕਰੀ ਵੀ ਲਈ ਉਪਲੱਬਧ ਹੈ।
ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਡੇਲਿਨ 'ਚ ਇੱਕ ਵਿਸ਼ਾਲ ਡੈਕੋ ਹਵੇਲੀ ਖਰੀਦੋ।
ਇਨ੍ਹਾਂ ਸ਼ਾਨਦਾਰ ਘਰਾਂ ਦੀਆਂ ਫੋਟੋਆਂ ਕਿਸੇ ਦਾ ਵੀ ਧਿਆਨ ਆਪਣੇ ਵੱਲ ਖਿੱਚਣ ਲਈ ਕਾਫ਼ੀ ਹਨ, ਪਰ ਇਸ ਪਿੱਛੇ ਦੀ ਕਹਾਣੀ ਕੁਝ ਹੋਰ ਹੈ।
ਵਿਕਣ ਲਈ ਤਿਆਰ ਇਹ ਘਰ ਕਿਸੇ ਸਮੇਂ ਸਾਬਕਾ ਸੱਜੇ ਪੱਖੀ ਨੀਮ ਫੌਜੀ ਸਮੂਹਾਂ ਦੇ ਲੋਕਾਂ ਅਤੇ ਕੋਲੰਬੀਆ ਦੇ ਇਨਕਲਾਬੀ ਹਥਿਆਰਬੰਦ ਬਲਾਂ ਦੇ ਖੱਬੇ ਪੱਖੀ ਗੁਰੀਲਾ ਲੜਾਕਿਆਂ ਦੇ ਹੁੰਦੇ ਸਨ।
ਫਰਵਰੀ 2021 'ਚ ਕੋਲੰਬੀਆ ਸਰਕਾਰ ਨੇ ਆਨਲਾਈਨ ਰੀਅਲ ਅਸਟੇਟ ਏਜੰਸੀ ਬੀਨਜ਼ (ਰੀਅਲ ਅਸਟੇਟ ਐਫਆਰਬੀ ਦੇ ਲਈ ਸਪੈਨਿਸ਼ ਸ਼ਬਦ) ਲਾਂਚ ਕੀਤੀ ਹੈ।

ਇਸ ਏਜੰਸੀ ਰਾਹੀਂ ਉਨ੍ਹਾਂ 1600 ਘਰਾਂ, ਅਪਾਰਟਮੈਂਟਾਂ, ਫਾਰਮ ਅਤੇ ਵੱਡੇ ਇਲਾਕਿਆਂ 'ਚ ਫੈਲੀਆਂ ਜ਼ਮੀਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿੰਨ੍ਹਾਂ ਨੂੰ ਜਾਂ ਤਾਂ ਸਰਕਾਰ ਨੇ ਜ਼ਬਤ ਕਰ ਲਿਆ ਹੈ ਜਾਂ ਫਿਰ ਹਥਿਆਰਬੰਦ ਸਮੂਹਾਂ ਵੱਲੋਂ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ।
ਕੋਲੰਬੀਆ ਦੇ ਹਥਿਆਰਬੰਦ ਲੜਾਕਿਆਂ ਦੇ ਇਨ੍ਹਾਂ ਸਮੂਹਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਲੜਾਈ ਤੋਂ ਵੱਖ ਕਰ ਲਿਆ ਹੈ।
ਇਨ੍ਹਾਂ ਜਾਇਦਾਦਾਂ ਦੀ ਵਿਕਰੀ ਤੋਂ 14.3 ਕਰੋੜ ਡਾਲਰ (10 ਕਰੋੜ ਪਾਊਂਡ) ਇਕੱਠੇ ਹੋਣ ਦੀ ਉਮੀਦ ਜਤਾਈ ਗਈ ਹੈ।
ਇਹ ਰਾਸ਼ੀ ਕੋਲੰਬੀਆ 'ਚ ਹਥਿਆਰਬੰਦ ਸੰਘਰਸ਼ ਦਾ ਸ਼ਿਕਾਰ ਹੋਏ 70 ਲੱਖ ਲੋਕਾਂ ਨੂੰ ਮੁਆਵਜ਼ੇ ਵੱਜੋਂ ਪੇਸ਼ ਕੀਤੀ ਜਾਵੇਗੀ।
ਯੁੱਧ ਪੀੜਤਾਂ ਦੀ ਮਦਦ
ਕੋਲੰਬੀਆ 'ਚ ਹਥਿਆਰਬੰਦ ਲੜਾਕਿਆਂ ਦਰਮਿਆਨ ਲੰਮੇ ਸਮੇਂ ਤੱਕ ਚੱਲੇ ਘਰੇਲੂ ਯੁੱਧ ਦੇ ਪੀੜ੍ਹਤਾਂ ਲਈ ਫੰਡ ਮੁਹੱਈਆ ਕਰਵਾਉਣ ਵਾਲੀ ਸੰਸਥਾ ਦੇ ਮੁਖੀ ਮੀਗਲ ਏਵਨਦਾਨੋ ਦਾ ਕਹਿਣਾ ਹੈ ਕਿ ਸ਼ਾਂਤੀ ਪ੍ਰਕਿਰਿਆ ਦੇ ਤਹਿਤ ਲੋਕਾਂ ਨੂੰ ਦਿੱਤੇ ਗਏ ਨਕਦ ਅਤੇ ਗੋਲਡ ਨੂੰ ਫੰਡ 'ਚ ਤਬਦੀਲ ਕਰਨਾ ਸੌਖਾ ਹੈ।
ਇਸ ਨਾਲ ਜੰਗ ਪ੍ਰਭਾਵਿਤ ਲੋਕਾਂ ਦੀ ਮਦਦ ਹੋ ਸਕਦੀ ਹੈ। ਪਰ ਕੁਝ ਘਰਾਂ ਅਤੇ ਅਪਾਰਟਮੈਂਟਾਂ ਨੂੰ ਵੇਚਣਾ ਜਾਂ ਉਨ੍ਹਾਂ ਨੂੰ ਕਿਰਾਏ 'ਤੇ ਚੜਾਉਣਾ ਅਸੰਭਵ ਪ੍ਰਤੀਤ ਹੋ ਰਿਹਾ ਹੈ।
"ਇਸ ਫੰਡ ਨੂੰ ਰੀਅਲ ਅਸਟੇਟ ਵਰਗੀ ਸਰਵਿਸ ਦੀ ਜ਼ਰੂਰਤ ਹੈ। ਇਸ ਸੇਵਾ ਦੀ ਲੋੜ ਇਸ ਲਈ ਵਧੇਰੇ ਹੈ ਤਾਂ ਜੋ ਇੰਨ੍ਹਾਂ ਮਕਾਨਾਂ ਨੂੰ ਜਲਦੀ ਤੋਂ ਜਲਦੀ ਵੇਚਿਆ ਜਾ ਸਕੇ ਜਾਂ ਫਿਰ ਕਿਰਾਏ 'ਤੇ ਚੜ੍ਹਾਇਆ ਜਾ ਸਕੇ।"

ਤਸਵੀਰ ਸਰੋਤ, MEGAN JANETSKY
"ਇਸ 'ਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾਲ ਸਾਡਾ ਕੰਮ ਅਗਾਂਹ ਨਹੀਂ ਵਧੇਗਾ। ਅਸੀਂ ਮਾਮਲੇ 'ਚ ਪਿੱਛੇ ਨਹੀਂ ਰਹਿ ਸਕਦੇ ਹਾਂ। ਜੇਕਰ ਰੀਅਲ ਅਸਟੇਟ ਸਰਵਿਸ ਨਾਲ ਮਕਾਨ ਵੇਚਣ ਜਾਂ ਕਿਰਾਏ 'ਤੇ ਚੜ੍ਹਾਉਣ 'ਚ ਮਦਦ ਮਿਲ ਜਾਂਦੀ ਹੈ ਤਾਂ ਯੁੱਧ ਪੀੜ੍ਹਤਾਂ ਲਈ ਵੱਧ ਤੋਂ ਵੱਧ ਵਿੱਤੀ ਸਹਾਇਤਾ ਦਾ ਪ੍ਰਬੰਧ ਹੋ ਸਕੇਗਾ।"
ਇੰਨ੍ਹਾਂ ਜਾਇਦਾਦਾਂ ਨੂੰ ਵੇਚਣ ਦੀ ਮੁਹਿੰਮ ਸਾਲ 2018 ਤੋਂ ਹੀ ਵਿੱਢੀ ਗਈ ਸੀ। ਪਰ ਸਾਲ 2021 ਤੱਕ ਸਿਰਫ 12 ਮਕਾਨ ਹੀ ਵਿਕ ਸਕੇ ਹਨ।
ਏਵਨਦਾਨੋ ਅੱਗੇ ਕਹਿੰਦੇ ਹਨ ਕਿ ਅਸਟੇਟ ਏਜੰਸੀ ਦੀ ਮਦਦ ਨਾਲ ਮਕਾਨਾਂ ਅਤੇ ਹੋਰ ਸੰਪਤੀਆਂ ਨੂੰ ਵੇਚਣ ਦੀ ਸਾਰੀ ਪ੍ਰਕਿਰਿਆ 'ਚ ਪਾਰਦਰਸ਼ਤਾ ਆਵੇਗੀ।
ਇਸ ਤਰ੍ਹਾਂ ਨਾਲ ਇਹ ਪੂਰਾ ਬਿਰਤਾਂਤ ਇੰਨ੍ਹਾਂ ਜਾਇਦਾਦਾਂ ਦੇ ਪੁਰਾਣੇ ਖੂਨੀ ਇਤਿਹਾਸ ਦੇ ਲੰਮੇ ਸਮੇਂ ਤੋਂ ਹਥਿਆਰਬੰਦ ਸੰਘਰਸ਼ ਤੋਂ ਉਭਰ ਰਹੇ ਦੇਸ਼ਵਾਸੀਆਂ ਦੇ ਮੁਆਵਜ਼ੇ 'ਤੇ ਕੇਂਦਰਿਤ ਹੋ ਜਾਵੇਗਾ।
ਇੰਨ੍ਹਾਂ 'ਚੋਂ ਬਹੁਤ ਸਾਰੀ ਜਾਇਦਾਦ ਪੇਂਡੂ ਖੇਤਰਾਂ 'ਚ ਹੈ, ਜਿੱਥੇ ਫ਼ਾਰਕ ਗੁਰੀਲਾ ਅਤੇ ਸਰਕਾਰ ਦਰਮਿਆਨ ਸ਼ਾਂਤੀ ਸਮਝੌਤਾ ਸਹੀਬੱਧ ਹੋਣ ਤੋਂ ਪੰਜ ਸਾਲ ਬਾਅਦ ਤੱਕ ਵੀ ਜੰਮ ਜਾਰੀ ਰਹੀ।
ਹਿੰਸਕ ਇਤਿਹਾਸ ਦਾ ਪਰਛਾਵਾਂ
ਮੈਡੇਲਿਨ ਦੀ ਮੋਂਟੇਕੇਸਿਨੋ ਮੈਂਸ਼ਨ ਵਰਗੀਆਂ ਹਵੇਲੀਆਂ ਅਤੇ ਜਾਇਦਾਦ ਵਧੇਰੇ ਸੁਰੱਖਿਅਤ ਇਲਾਕਿਆਂ 'ਚ ਮੌਜੂਦ ਹਨ, ਪਰ ਉਨ੍ਹਾਂ 'ਤੇ ਅਜੇ ਵੀ ਹਿੰਸਕ ਇਤਿਹਾਸ ਦੀ ਛਾਪ ਹੈ।
ਸੰਗਮਰਮਰ ਨਾਲ ਬਣੀ ਇਹ ਹਵੇਲੀ ਸੰਘਣੀ ਆਬਾਦੀ ਵਾਲੇ ਪਹਾੜੀ ਸ਼ਹਿਰ/ਕਸਬੇ ਦੇ ਮੱਧ 'ਚ ਸਥਿਤ ਹੈ। ਇਸ ਦਾ ਮਹੀਨਾਵਾਰ ਕਿਰਾਇਆ 4,700 ਡਾਲਰ ਯਾਨਿ ਕਿ 3,385 ਪੌਂਡ ਹੈ।
ਪੂਰੀ ਹਵੇਲੀ 'ਚ 12 ਕਮਰੇ, 13 ਬਾਥਰੂਮ, ਇੱਕ ਗੋਲਾਕਾਰ ਪੌੜੀ, ਲਾਉਂਜ ਬਾਰ, ਇੱਕ ਵਾਈਨ ਭੰਡਾਰ, ਕਈ ਪੂਲ ਅਤੇ ਫੁਹਾਰੇ ਹਨ। ਹਵੇਲੀ 'ਚ ਇੱਕ ਵੱਡਾ ਬਾਗ਼ ਵੀ ਹੈ ਅਤੇ ਸੁਨਹਿਰੀ ਰੰਗ ਦਾ ਸ਼ੰਖ ਵਰਗਾ ਬਾਥਟੱਬ ਵੀ ਮੌਜੂਦ ਹੈ।
ਇਹ ਹਵੇਲੀ ਸੱਜੇਪੱਖੀ ਲੜਾਕਿਆਂ ਦੇ ਨੀਮ ਫੌਜੀ ਸੰਗਠਨ ਯੂਨਾਈਟਿਡ ਸਵੈ-ਰੱਖਿਆ ਬਲਾਂ ਦੇ ਸੰਸਥਾਪਕਾਂ ਦੀ ਸੀ। ਇਹ ਸਮੂਹ ਹੁਣ ਲੜਾਈ ਤੋਂ ਪਿੱਛੇ ਹੱਟ ਗਏ ਹਨ।
ਜਿਸ ਜ਼ਮੀਨ 'ਤੇ ਇਹ ਹਵੇਲੀ ਬਣੀ ਹੋਈ ਹੈ, ਉੱਥੇ ਇੱਕ ਸਮੇਂ ਭਾਰੀ ਖੂਨ ਖਰਾਬਾ ਹੋਇਆ ਸੀ। ਇਹ ਜ਼ਮੀਨ ਬਹੁਤ ਹੀ ਦੁਖਾਂਤ ਦਾ ਸ਼ਿਕਾਰ ਰਹੀ ਹੈ।
ਇਹ ਹਵੇਲੀ ਨੀਮ ਫੌਜੀ ਸੰਗਠਨਾਂ ਦੇ ਮੁਖੀਆਂ ਦੇ ਮਿਲਣ ਦੀ ਥਾਂ ਹੋਇਆ ਕਰਦੀ ਸੀ। ਕੋਲੰਬੀਆ 'ਚ ਲੰਮੇ ਸਮੇਂ ਤੱਕ ਚੱਲੇ ਹਥਿਆਰਬੰਦ ਸੰਘਰਸ਼ਾਂ ਦੌਰਾਨ ਕਈ ਭਿਆਨਕ ਅਤਿਆਚਾਰਾਂ, ਤਸ਼ੱਦਦ ਆਦਿ ਦੀ ਯੋਜਨਾ ਇੱਥੇ ਹੀ ਬਣਾਈ ਗਈ ਸੀ।
ਇੰਨ੍ਹਾਂ ਯੋਜਨਾਵਾਂ 'ਚ ਆਮ ਲੋਕਾਂ 'ਤੇ ਬੰਬਾਰੀ ਕਰਨ ਅਤੇ ਜਨਤਕ ਕਤਲੇਆਮ ਦੀਆਂ ਯੋਜਨਾਵਾਂ ਵੀ ਸ਼ਾਮਲ ਸਨ।
ਇਸ ਥਾਂ 'ਤੇ ਹੀ ਲੋਕਾਂ ਨੂੰ ਤਸੀਹੇ ਵੀ ਦਿੱਤੇ ਜਾਂਦੇ ਸਨ ਅਤੇ ਦੇਸ਼ ਦੇ ਕੁਝ ਖੂੰਖਾਰ ਹਿੱਟਮੈਨਾਂ ਨੂੰ ਵੀ ਇੱਥੇ ਹੀ ਸਿਖਲਾਈ ਦਿੱਤੀ ਗਈ ਸੀ।
ਐਵਨਦੇਨ ਦਾ ਕਹਿਣਾ ਹੈ ਕਿ "ਮੈਡੇਲਿਨ 'ਚ ਤਿੰਨ ਏਕੜ 'ਚ ਫੈਲੀ ਇਸ ਹਵੇਲੀ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਇੱਥੋਂ ਦੇ ਵਧੀਆ ਖੇਤਰ 'ਚ ਸਥਿਤ ਹੈ। ਪਰ ਇਸ ਦੇ ਕਾਲੇ ਇਤਿਹਾਸ ਦੇ ਕਾਰਨ ਹੀ ਇਸ ਨੂੰ ਵੇਚਣਾ ਅਸੰਭਵ ਲੱਗ ਰਿਹਾ ਹੈ।"

ਤਸਵੀਰ ਸਰੋਤ, MEGAN JANETSKY
ਹਥਿਆਰਬੰਦ ਟਕਰਾਅ ਦਾ ਸ਼ਿਕਾਰ
ਪਰ ਸਿਵਲ ਇੰਜੀਨੀਅਰ ਸਰਗਿਓ ਓਰਟਿਜ ਨੇ ਇਸ ਦਾ ਇਤਿਹਾਸ ਜਾਣਨ ਤੋਂ ਬਾਅਦ ਵੀ ਇਸ ਨੂੰ ਅਪਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੂੰ ਇਹ ਸੰਪਤੀ ਫਾਇਦੇਮੰਦ ਜਾਪ ਰਹੀ ਹੈ।
52 ਸਾਲਾ ਓਰਟਿਜ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਵੀ ਕੋਲੰਬੀਆ 'ਚ ਚੱਲੇ ਹਥਿਆਰਬੰਦ ਟਕਰਾਅ ਦਾ ਸ਼ਿਕਾਰ ਹੋਇਆ ਸੀ।
ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਹਵੇਲੀ ਨੂੰ ਕਿਰਾਏ 'ਤੇ ਚੜਾਉਣ 'ਚ ਸਫਲ ਰਹਿਣਗੇ। ਉਹ ਹਵੇਲੀ ਦੇ ਵੱਡੇ ਮੈਦਾਨ ਨੂੰ ਕਸਰਤ ਕਰਨ ਵਾਲੀ ਥਾਂ ਅਤੇ ਆਮ ਜਨਤਾ ਦੇ ਲਈ ਪਾਰਕ ਦੇ ਰੂਪ 'ਚ ਤਬਦੀਲ ਕਰਨਾ ਚਾਹੁੰਦੇ ਹਨ।
ਜੇਕਰ ਇਸ ਜਾਇਦਾਦ ਲਈ ਉਨ੍ਹਾਂ ਦੀ ਬੋਲੀ ਮਨਜ਼ੂਰ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਪਰਿਵਾਰ ਇਸ ਹਵੇਲੀ ਨੂੰ ਫਿਜ਼ੀਕਲ ਥੈਰੇਪੀ ਸੈਂਟਰ 'ਚ ਬਦਲਣਾ ਚਾਹੇਗਾ। ਇਸ ਹਵੇਲੀ ਦੇ ਨਾਲ ਲੱਗਦੀ ਇਮਾਰਤ ਨੂੰ ਸੰਗੀਤ ਸੈਂਟਰ 'ਚ ਤਬਦੀਲ ਕੀਤੇ ਜਾਣ ਦੀ ਯੋਜਨਾ ਹੈ।
ਓਰਟਿਜ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਵੀ ਜੰਗ ਪ੍ਰਭਾਵਿਤ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਉਸ ਪੀੜ ਦਾ ਅਹਿਸਾਸ ਹੈ।
ਉਹ ਦੂਜੇ ਜੰਗ ਪ੍ਰਭਾਵਿਤ ਲੋਕਾਂ ਨੂੰ ਵੀ ਇੱਥੇ ਰੁਜ਼ਗਾਰ ਦੇਣਾ ਚਾਹੁੰਦੇ ਹਨ। ਉਹ ਅਤੀਤ ਨੂੰ ਪਿੱਛੇ ਛੱਡ ਕੇ ਅੱਗੇ ਵੱਧਣਾ ਚਾਹੁੰਦੇ ਹਨ।
ਓਰਟਿਜ ਗਾਰਡਨ ਅਤੇ ਇੱਥੇ ਬਣੀਆਂ ਸਜਾਵਟੀ ਚੀਜ਼ਾਂ 'ਤੇ ਬੇਤਰਤੀਬੇ ਢੰਗ ਨਾਲ ਉੱਗ ਆਏ ਘਾਹ-ਫੁਸ ਦੇ ਸਾਹਮਣੇ ਤੋਂ ਲੰਘਦਿਆਂ ਹੋਇਆ ਕਹਿੰਦੇ ਹਨ ਕਿ " ਅਸੀਂ ਲੋਕਾਂ ਨੂੰ ਖੇਡਣ ਅਤੇ ਮਨੋਰੰਜਨ ਦੀ ਸਹੀ ਜਗ੍ਹਾ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ।"
" ਸਾਡੀ ਇੱਛਾ ਹੈ ਕਿ ਅਸੀਂ ਇੱਥੇ ਇੱਕ ਸ਼ਾਂਤ ਮਾਹੌਲ ਤਿਆਰ ਕਰੀਏ। ਦੇਸ਼ ਦੀ ਮਦਦ ਕਰਨ ਦਾ ਇਹ ਸਾਡਾ ਆਪਣਾ ਤਰੀਕਾ ਹੈ।"

ਤਸਵੀਰ ਸਰੋਤ, MEGAN JANETSKY
ਸਰਕਾਰ ਦੀ ਮੌਜੂਦਗੀ
ਕੋਲੰਬੀਆ 'ਚ ਇੱਕ ਕਰਾਇਸਿਸ ਗਰੁੱਪ ਦੀ ਸੀਨੀਅਰ ਵਿਸ਼ਲੇਸ਼ਕ ਐਲੀਜ਼ਾਬੈਥ ਡਿਕਨਸਨ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ 'ਚ ਜਾਇਦਾਦ ਵਧੇਰੇ ਸੁਰੱਖਿਅਤ ਹੈ।
ਜੋ ਸੰਪਤੀ ਵੇਚੀ ਜਾ ਰਹੀ ਹੈ , ਉਹ ਅਜਿਹੀਆਂ ਥਾਵਾਂ 'ਤੇ ਹਨ, ਜਿੱਥੇ ਕਿ ਬਾਗ਼ੀ ਹਥਿਆਰਬੰਦ ਸਮੂਹ ਅਜੇ ਵੀ ਸਰਗਰਮ ਹਨ।
ਇਸ ਦੇ ਨਾਲ ਹੀ ਇੱਥੇ ਸਰਕਾਰ ਦੀ ਮੌਜੂਦਗੀ ਵੀ ਬਹੁਤ ਘੱਟ ਹੈ। ਇਸ ਲਈ ਇੰਨ੍ਹਾਂ ਇਲਾਕਿਆਂ 'ਚ ਸੰਪਤੀ ਦੀ ਖਰੀਦ ਕਰਨਾ ਨਾ ਸਿਰਫ ਜ਼ੋਖਮ ਭਰਪੂਰ ਹੈ ਬਲਕਿ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਉਨ੍ਹਾਂ ਦਾ ਕਹਿਣਾ ਹੈ, "ਹਰ ਕੋਈ ਜਾਣਦਾ ਹੈ ਕਿ ਇਹ ਸਾਰੀਆਂ ਜਾਇਦਾਦਾਂ ਕਿੰਨ੍ਹਾਂ ਦੀਆਂ ਹਨ। ਜਿੰਨ੍ਹਾਂ ਲੋਕਾਂ ਦੀਆਂ ਇਹ ਸੰਪਤੀਆਂ ਸਨ, ਉਨ੍ਹਾਂ ਖੇਤਰਾਂ ਦੇ ਲੋਕਾਂ ਅਜੇ ਵੀ ਇੰਨ੍ਹਾਂ ਨਾਲ ਭਾਵਨਾਤਮਕ ਸਬੰਧ ਕਾਇਮ ਹੈ।"
ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਦੋਂ ਕਿ ਇੰਨ੍ਹਾਂ ਮਕਾਨਾਂ ਨੂੰ ਕਿਰਾਏ 'ਤੇ ਲੈਣ ਵਾਲੀ ਧਿਰ ਨੂੰ ਪਿੱਛੇ ਹੱਟਣ ਲਈ ਮਜ਼ਬੂਰ ਕੀਤਾ ਗਿਆ।
ਇੰਨ੍ਹਾਂ ਜਾਇਦਾਦਾਂ 'ਚ ਦਿਲਚਸਪੀ ਰੱਖਣ ਵਾਲੇ ਕੁਝ ਲੋਕਾਂ ਨੂੰ ਤਾਂ ਧਮਕੀਆਂ ਵੀ ਮਿਲੀਆਂ, ਇਸ ਲਈ ਉਹ ਵੀ ਪਿੱਛੇ ਹੱਟ ਗਏ।
ਪਰ ਐਵਨਦਾਨੋ ਦੀ ਉਮੀਦ ਕਾਇਮ ਹੈ, ਕਿਉਂਕਿ ਜਿਵੇਂ ਜਿਵੇਂ ਸਮਾਂ ਬਤੀਤ ਹੋ ਰਿਹਾ ਹੈ ਗੁਰੀਲਾ ਅਤੇ ਨੀਮ ਫੌਜੀ ਲੜਾਕਿਆਂ ਦੀਆਂ ਇਹ ਜਾਇਦਾਦਾਂ ਆਮ ਮਕਾਨਾਂ 'ਚ ਤਬਦੀਲ ਹੋ ਰਹੀਆਂ ਹਨ। ਹੁਣ ਇਹ ਇੰਨ੍ਹਾਂ ਵੱਡਾ ਮੁੱਦਾ ਨਹੀਂ ਰਿਹਾ ਹੈ।
ਅਸਟੇਟ ਏਜੰਸੀ ਮਹਿਜ਼ ਦੋ ਮਹੀਨੇ ਪਹਿਲਾਂ ਹੀ ਲਾਂਚ ਹੋਈ ਹੈ ਅਤੇ ਉਦੋਂ ਤੋਂ ਹੁਣ ਤੱਕ ਇਹ 10 ਜਾਇਦਾਦਾਂ ਨੂੰ ਵੇਚ ਚੁੱਕੀ ਹੈ।
ਮੋਂਟੇਕੇਸਿਨੋ ਮੈਂਸ਼ਨ ਦੇ ਦੂਜੇ ਪਾਸੇ ਮੋਜੂਦ ਮੈਦਾਨ ਨੂੰ ਵੇਖਦਿਆਂ ਓਰਟਿਜ ਉਮੀਦਾ ਨਾਲ ਭਰੇ ਹੋਏ ਵਿਖਾਈ ਦਿੰਦੇ ਹਨ।
ਦਰੱਖਤਾਂ ਦੀ ਇੱਕ ਪੱਟੀ ਅਤੇ ਸੰਘਣੀਆਂ ਝਾੜੀਆਂ ਵੱਲ ਇਸ਼ਾਰਾ ਕਰਦਿਆਂ ਓਰਟਿਜ ਕਹਿੰਦੇ ਹਨ, "ਅਸੀਂ ਇੱਥੇ ਹੀ ਗਾਰਡਨ ਬਣਾਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇੱਥੇ ਸਿਰਫ ਫੁੱਲ ਹੀ ਫੁੱਲ ਹੋਣ। ਵੱਧ ਤੋਂ ਵੱਧ ਫੁੱਲ, ਕਿਉਂਕਿ ਫੁੱਲ ਜ਼ਿੰਦਗੀ ਦਾ ਪ੍ਰਤੀਕ ਹਨ।"
(ਇਹ ਰਿਪੋਰਟ ਮਾਰਚ 2021 ਵਿਚ ਪਹਿਲੀ ਵਾਰ ਛਾਪੀ ਗਈ ਸੀ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












