ਸੋਭਾ ਸਿੰਘ : ਗੁਰੂ ਨਾਨਕ ਦੇਵ ਜੀ ਦੀ ਪੇਟਿੰਗ ਬਣਾਉਣ ਦੀ ਪ੍ਰੇਰਣਾ ਕਿੱਥੋਂ ਮਿਲੀ ਸੀ

ਤਸਵੀਰ ਸਰੋਤ, Getty Images
- ਲੇਖਕ, ਸੁਧੀਰੇਂਦਰ ਸ਼ਰਮਾ
- ਰੋਲ, ਬੀਬੀਸੀ ਪੰਜਾਬੀ ਲਈ
ਆਪਣੀ ਕਲਾ ਦਾ ਲੋਹਾ ਮੰਨਵਾਉਣ ਵਾਲੇ ਉੱਘੇ ਚਿੱਤਰਕਾਰ ਸੋਭਾ ਸਿੰਘ ਦੀ ਅੱਜ 36ਵੀਂ ਬਰਸੀ ਹੈ। ਸੋਭਾ ਸਿੰਘ ਦਾ 21 ਅਗਸਤ 1986 ਨੂੰ ਚੰਡੀਗੜ੍ਹ ਵਿਚ ਦੇਹਾਂਤ ਹੋਇਆ ਸੀ।
ਅਗਸਤ 2018 ਵਿਚ ਸੋਭਾ ਸਿੰਘ ਦੀ ਬਰਸੀ ਮੌਕੇ ਜਾਣੇ-ਪਛਾਣੇ ਸਮਾਜਿਕ ਕਾਰਕੁਨ ਅਤੇ ਜਲ ਮਾਮਲਿਆਂ ਦੇ ਮਾਹਰ ਸੁਧੀਰੇਂਦਰ ਸ਼ਰਮਾ ਨੇ ਸੋਭਾ ਸਿੰਘ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਸਨ।
ਪਾਠਕਾਂ ਦੀ ਰੁਚੀ ਲਈ ਸੁਧੀਰੇਂਦਰ ਸ਼ਰਮਾ ਵਲੋਂ ਲਿਖੇ ਗਏ ਇਸ ਖਾਸ ਲੇਖ ਨੂੰ ਸੋਭਾ ਸਿੰਘ ਦੀ ਬਰਸੀ ਮੌਕੇ ਅੱਜ ਮੁੜ ਪਾਠਕਾਂ ਦੀ ਰੁਚੀ ਲਈ ਪੇਸ਼ ਕੀਤਾ ਜਾ ਰਿਹਾ ਹੈ।
''ਘਰ ਦੀ ਕੰਧ 'ਤੇ ਕੁਝ ਉਕੇਰਿਆ ਹੋਇਆ ਮੈਨੂੰ ਲੱਗਿਆ ਕਿ ਇਹ ਗਲਤੀ ਨਾਲ ਹੋਇਆ ਹੈ। ਮਿਸਤਰੀ ਕਿਵੇਂ ਕੰਧ 'ਤੇ ਲਿਖ ਸਕਦਾ ਹੈ 'ਹੋਰ ਭਲਾਈ ਕਰੋ' ਜਦੋਂ 70 ਦੇ ਦਹਾਕੇ ਵਿੱਚ ਹੋਰ ਭੋਜਨ ਪੈਦਾ ਕਰਨ ਦਾ ਨਾਅਰਾ ਦਿੱਤਾ ਜਾ ਰਿਹਾ ਸੀ?''
ਇਸ ਰਾਹੀਂ ਮਾਲਕ ਦੇ ਉਚੇਰੇ ਚਰਿੱਤਰ ਅਤੇ ਭਲਾਈ ਲਈ ਲੰਮੇਰੀ ਭਾਲ ਨਜ਼ਰ ਆਉਂਦੀ ਹੈ।
ਇਸ ਘਰ ਨਾਲ ਮੇਰੇ ਸਕੂਲ-ਕਾਲਜ ਦੇ ਦਿਨਾਂ ਦੀਆਂ ਕਈ ਸਜੀਵ ਯਾਦਾਂ ਜੁੜੀਆਂ ਹੋਈਆਂ ਹਨ। ਇਸ ਘਰ ਦੇ ਮਾਲਕ ਸਰਦਾਰ ਸੋਭਾ ਸਿੰਘ ਨਾਲ ਬਿਤਾਏ ਹਰ ਪਲ ਯਾਦ ਹਨ। ਉਹ ਸੋਭਾ ਸਿੰਘ ਜੋ ਕਿ ਸੋਹਣੀ-ਮਹੀਂਵਾਲ ਦੀ ਤਸਵੀਰ ਨਾਲ ਅਮਰ ਹੋ ਗਏ।
ਸਾਡੇ ਪਰਿਵਾਰ ਦੇ ਕਰੀਬੀ ਅਤੇ ਅਕਸਰ ਘਰ ਆਉਣ-ਜਾਣ ਵਾਲੇ ..ਦਾਰ ਜੀ (ਇਸ ਨਾਮ ਤੋਂ ਮਸ਼ਹੂਰ ਸਨ) ਦੀ ਮਹਾਨਤਾ ਉਨ੍ਹਾਂ ਦੇ ਗੰਭੀਰ, ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਵਿੱਚ ਸੀ। ਇਨ੍ਹਾਂ ਰਾਹੀਂ ਉਨ੍ਹਾਂ ਨੇ ਆਪਣੇ ਕਲਾਤਮਕ ਵਿਚਾਰਾਂ ਨੂੰ ਰੂਪ ਦਿੱਤਾ।
ਸੋਭਾ ਸਿਘ : 'ਪੋਲੀਟਿਕਸ' ਨਹੀਂ, 'ਪੋਲੀ-ਟਰਿੱਕਸ' ਹੈ
ਘੱਟ ਬੋਲਣ ਵਾਲੇ ਸੋਭਾ ਸਿੰਘ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਕਿ 'ਪੋਲੀਟਿਕਸ' ਕੁਝ ਨਹੀਂ ਹੁੰਦੀ, ਇਹ ਤਾਂ 'ਪੋਲੀ-ਟਰਿਕਸ' ਹੈ।
ਦੁਨੀਆਂ ਲਈ ਉਹ ਰੂਹਾਨੀ ਚਿੱਤਰਕਾਰ ਸਨ ਪਰ ਸਾਡੇ ਲਈ ਖਾਸ ਕਰਕੇ ਮੇਰੀ ਮਾਂ ਲਈ ਉਹ ਚਿੱਟੇ ਕੱਪੜਿਆਂ ਅਤੇ ਚਿੱਟੀ ਦਾੜ੍ਹੀ ਵਾਲੇ ਸੰਤ ਸਨ।
ਜਾਣੇ-ਪਛਾਣੇ ਕਲਾਕਾਰ ਸੋਭਾ ਸਿੰਘ ਅਕਸਰ ਸਾਡੇ ਵਰਗੇ ਮੱਧ-ਵਰਗੀ ਪਰਿਵਾਰਾਂ ਵਿੱਚ ਵਿਚਰਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਤੁਹਾਨੂੰ ਕਿਤਾਬਾਂ ਪੜ੍ਹਣ ਦਾ ਬਹੁਤ ਸ਼ੌਂਕ ਹੈ, ਅਜਿਹੀ ਆਦਤ ਘੱਟ ਹੀ ਲੋਕਾਂ ਨੂੰ ਹੁੰਦੀ ਹੈ!
ਕਿਤਾਬਾਂ ਪ੍ਰਤੀ ਮੇਰਾ ਪਿਆਰ ਉਦੋਂ ਤੋਂ ਹੀ ਵਧਿਆ ਹੈ। ਮੇਰੇ ਕੋਲ ਹਰ ਚੀਜ਼ ਦੀ ਕਮੀ ਹੋ ਸਕਦੀ ਹੈ ਪਰ ਕਿਤਾਬਾਂ ਦੀ ਨਹੀਂ।
..ਦਾਰ ਜੀ ਇੱਕ ਵਾਰੀ ਸਾਡੇ ਘਰੋਂ ਇੱਕ ਕਿਤਾਬ ਉਧਾਰੀ ਮੰਗ ਕੇ ਲੈ ਗਏ ਅਤੇ ਫਿਰ ਉਹ ਕਈ ਹਫ਼ਤਿਆਂ ਤੱਕ ਨਾ ਆਏ।
ਅਸੀਂ ਫਿਕਰਮੰਦ ਸੀ। ਉਦੋਂ ਫੋਨ ਘੱਟ ਹੀ ਹੁੰਦੇ ਸਨ ਅਤੇ ਸਾਡੇ ਕੋਲ ਇੱਕ ਹੀ ਬਦਲ ਸੀ ਕਿ ਉਨ੍ਹਾਂ ਨੂੰ ਅੰਦਰੇਟਾ ਜਾ ਕਿ ਮਿਲ ਲਈਏ। ਇਹ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ।

ਇਹ ਵੀ ਪੜ੍ਹੋ-

ਪੰਛੀਆਂ ਨਾਲ ਪਿਆਰ
ਸੁਣਨ ਵਿੱਚ ਤਕਲੀਫ਼ ਹੋਣ ਦੇ ਬਾਵਜੂਦ ਉਹ ਵਰਾਂਡੇ ਵਿੱਚ ਪਏ ਇੱਕ ਪਿੰਜਰੇ ਵਿੱਚ ਬੰਦ ਪੰਛੀਆਂ ਦੀ ਆਵਾਜ਼ ਦਾ ਆਨੰਦ ਮਾਣਦੇ ਸਨ।
ਇਸ ਦੇ ਉਲਟ ਵਿਹੜੇ ਵਿੱਚ ਇੱਕ ਲਾਲ ਰੰਗ ਦਾ ਕੁੱਕੜ ਕਾਫ਼ੀ ਹੈਰਾਨ ਕਰਨ ਵਾਲਾ ਸੀ। ਪਰ ਇੱਕ ਕਲਾਕਾਰ ਲਈ ਕੁੱਕੜ ਦੀ ਆਵਾਜ਼ ਸਵੇਰੇ-ਸਵੇਰੇ ਉਠਾਉਣ ਲਈ ਸਹੀ ਸੀ।

ਤਸਵੀਰ ਸਰੋਤ, Getty Images
ਕੁਝ ਮਹੀਨਿਆਂ ਬਾਅਦ ...ਦਾਰ ਜੀ ਉਸੇ ਕਿਤਾਬ ਦੀ ਇੱਕ ਕਾਪੀ ਲੈ ਕੇ ਆ ਗਏ, ਜੋ ਉਨ੍ਹਾਂ ਉਧਾਰੀ ਲਈ ਸੀ। ਉਨ੍ਹਾਂ ਮਾਫ਼ੀ ਮੰਗਦਿਆਂ ਕਿਹਾ ਕਿ ਕਿਸੇ ਹੋਰ ਨੇ ਉਨ੍ਹਾਂ ਤੋਂ ਕਿਤਾਬ ਪੜ੍ਹਣ ਲਈ ਉਧਾਰ ਮੰਗ ਲਈ ਸੀ ਅਤੇ ਵਾਪਸ ਨਹੀਂ ਕੀਤੀ।
ਬਿਨਾਂ ਕਿਸੇ ਉਪਦੇਸ਼ ਦਿੱਤਿਆਂ ਵੀ ..ਦਾਰ ਜੀ ਦੇ ਕੰਮਾਂ ਤੋਂ ਭਲਾਈ ਝਲਕਦੀ ਸੀ। ਉਨ੍ਹਾਂ ਦੀ ਮਹਾਨਤਾ ਸਾਦਗੀ ਵਿੱਚ ਸੀ।
ਗੁਰੂ ਨਾਨਕ ਦੇਵ ਜੀ ਦੇ ਚਿੱਤਰ
ਬੇਸ਼ੱਕ ..ਦਾਰ ਜੀ ਕਮਾਲ ਦੇ ਸਨ ਪਰ ਉਨ੍ਹਾਂ ਨੇ ਜ਼ਿੰਦਗੀ ਦੀਆਂ ਲਕੀਰਾਂ ਨੂੰ ਕਦੇ ਨਹੀਂ ਭੁੱਲਿਆ। ਉਨ੍ਹਾਂ ਵੱਲੋਂ ਬਣਾਈਆਂ ਕਈ ਅਧੂਰੀਆਂ ਤਸਵੀਰਾਂ ਦੇਖ ਕੇ ਗੁਰੂ ਨਾਨਕ ਦੇਵ ਜੀ ਦੇ ਬਣਾਏ ਵੱਖ-ਵੱਖ ਚਿੱਤਰਾਂ ਬਾਰੇ ਉਨ੍ਹਾਂ ਦੀ ਕਲਪਨਾ ਦੀ ਜਾਣਕਾਰੀ ਮਿਲਦੀ ਹੈ।
ਮੈਂ ਇੱਕ ਵਾਰੀ ਉਨ੍ਹਾਂ ਨੂੰ ਪੁੱਛਿਆ, ਤੁਹਾਨੂੰ ਇਹ ਕਲਪਨਾ ਕਿੱਥੋਂ ਆਉਂਦੀ ਹੈ!
ਉਨ੍ਹਾਂ ਨੇ ਖਿੜਕੀ ਦੇ ਬਾਹਰ ਸ਼ਿਵਾਲਿਕ ਦੀਆਂ ਪਹਾੜਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ, 'ਇਹ ਮੇਰੀ ਪ੍ਰੇਰਣਾ ਹੈ'।
..ਦਾਰ ਜੀ ਦੀ ਉਸ ਜਗ੍ਹਾ ਦੀ ਤਾਕਤ 'ਤੇ ਵਿਸ਼ਵਾਸ ਕਰਦੇ ਸਨ, ਇਸ ਲਈ ਉਨ੍ਹਾਂ ਨੇ ਸਰਕਾਰ ਵੱਲੋਂ ਸਟੂਡੀਓ ਨੂੰ ਚੰਡੀਗੜ੍ਹ ਤਬਦੀਲ ਕਰਨ ਦੀ ਪੇਸ਼ਕਸ਼ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ ਸੀ।
ਕਈ ਸਾਲ ਪਹਿਲਾਂ ਆਲ ਇੰਡੀਆ ਰੇਡੀਓ ਨੂੰ ਇੱਕ ਬਹੁਤ ਹੀ ਦਿਲਚਸਪ ਇੰਟਰਵਿਊ ਵਿੱਚ ਮਸ਼ਹੂਰ ਅਦਾਕਾਰ ਪ੍ਰਿਥਵੀਰਾਜ ਕਪੂਰ ਨੇ ਦੱਸਿਆ ਸੀ ਕਿ ਜਦੋਂ ਵੀ ਉਨ੍ਹਾਂ ਕੋਲ ਵਿਹਲਾ ਸਮਾਂ ਹੁੰਦਾ ਉਹ ਆਪਣੇ ਦੋਸਤ ਸਰਦਾਰ ਸੋਭਾ ਸਿੰਘ ਨੂੰ ਅੰਦਰੇਟਾ, ਪਾਲਮਪੁਰ ਵਿੱਚ ਮਿਲਣਾ ਪਸੰਦ ਕਰਦੇ ਸਨ।
ਪਿਛਲੇ ਤਿੰਨ ਦਹਾਕੇ ਪਹਿਲਾਂ ਉਹ ਕੈਨਵਸ ਤੋਂ ਦੂਰ ਹੋ ਗਏ ਪਰ ਉਨ੍ਹਾਂ ਦਾ ਸੁਨੇਹਾ 'ਹੋਰ ਭਲਾਈ ਪੈਦਾ ਕਰੋ' ਅੱਜ ਵੀ ਸਮੇਂ ਦੀ ਲੋੜ ਹੈ।
ਇਹ ਵੀ ਪੜ੍ਹੋ :












