ਪ੍ਰੀ-ਐਕਲੈਂਪਸੀਆ: ਹਰ ਸਾਲ 70 ਹਜ਼ਾਰ ਤੋਂ ਵੱਧ ਗਰਭਵਤੀ ਮਾਵਾਂ ਤੇ 5 ਲੱਖ ਭਰੂਣਾਂ ਦੀ ਮੌਤ ਲਈ ਜ਼ਿੰਮੇਵਾਰ ਇਹ ਸਮੱਸਿਆ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਕੌਕਸ
- ਰੋਲ, ਬੀਬੀਸੀ ਪੱਤਰਕਾਰ
ਇਸ ਸਮੱਸਿਆ ਕਾਰਨ ਹਰ ਸਾਲ ਪੂਰੀ ਦੁਨੀਆਂ ਵਿੱਚ 70,000 ਮਾਵਾਂ ਦੀ ਗਰਭ ਅਵਸਥਾ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਜਾਨ ਜਾਂਦੀ ਹੈ ਲੇਕਿਨ ਇਸਦੇ ਕਾਰਨ ਅਜੇ ਤੱਕ ਸਾਇੰਸਦਾਨਾਂ ਲਈ ਪਹੇਲੀ ਬਣੇ ਹੋਏ ਹਨ।
ਟਰੈਕ ਅਤੇ ਫੀਲਡ ਖੇਡਾਂ ਵਿੱਚ ਸੱਤ ਓਲੰਪਿਕ ਮੈਡਲ ਸੋਨ ਤਮਗੇ ਅਤੇ 14 ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਜਿੱਤਣ ਤੋਂ ਬਾਅਦ ਐਲੀਸਨ ਫਿਲੈਕਸ ਨੂੰ ਲੱਗਿਆ ਸੀ ਕਿ ਗਰਭ ਅਵਸਥਾ ਵੀ ਉਨ੍ਹਾਂ ਦੇ ਖੇਡ ਜੀਵਨ ਵਰਗੀ ਹੀ ਸੌਖੀ ਹੋਵੇਗੀ।
ਫਿਲੈਕਸ ਕਹਿੰਦੇ ਹਨ, “ਸਾਰੀ ਜ਼ਿੰਦਗੀ ਮੈਂ ਆਪਣੇ ਸਰੀਰ ਦਾ ਧਿਆਨ ਰੱਖਿਆ ਹੈ, ਮੇਰਾ ਸਰੀਰ ਮੇਰਾ ਔਜ਼ਾਰ ਰਿਹਾ ਹੈ। ਇਸ ਨੇ ਮੈਨੂੰ ਕਦੇ ਨਿਰਾਸ਼ ਨਹੀਂ ਕੀਤਾ। ਮੈਂ ਟਰੇਨਿੰਗ ਕੀਤੀ ਹੈ, ਸਰੀਰ ਤੋਂ ਮੰਗਾਂ ਕੀਤੀਆਂ ਹਨ ਤੇ ਇਸ ਨੇ ਹਮੇਸ਼ਾ ਪ੍ਰਦਰਸ਼ਨ ਕੀਤਾ ਹੈ। (ਇਸ ਲਈ) ਮੈਂ ਇੱਕ ਸੋਹਣਾ ਕੁਦਰਤੀ ਜਣੇਪਾ ਹੋਣ ਬਾਰੇ ਸੋਚ ਰਹੀ ਸੀ। ਲੇਕਿਨ ਮੈਂ ਹਿਪਨੋਬਰਥਿੰਗ ਵਰਗੀਆਂ ਚੀਜ਼ਾਂ ਅਜ਼ਮਾਈਆਂ।”
ਲੇਕਿਨ ਜਦੋਂ ਫਿਲੈਕਸ 32 ਹਫ਼ਤਿਆਂ ਉੱਤੇ ਇੱਕ ਨਿਯਮਿਤ ਜਾਂਚ ਲਈ ਗਏ ਤਾਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਗੰਭੀਰ ਪ੍ਰੀ-ਐਕਲੈਂਪਸੀਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਭਰਤੀ ਕਰਨ ਦੀ ਲੋੜ ਹੈ।
ਚੇਤਾਵਨੀ- ਲੇਖ ਦੇ ਕੁਝ ਵੇਰਵੇ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਇਹ ਗਰਭ ਅਵਸਥਾ ਦੀ ਇੱਕ ਪੇਚੀਦਗੀ ਹੈ ਜਿਸ ਵਿੱਚ ਖੂਨ ਦਾ ਦਬਾਅ ਖ਼ਤਰਨਾਕ ਪੱਧਰ ਤੱਕ ਵਧ ਜਾਂਦਾ ਹੈ ਅਤੇ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਅਗਲੇ ਹੀ ਦਿਨ ਡਾਕਟਰਾਂ ਨੇ ਉਨ੍ਹਾਂ ਦਾ ਵੱਡਾ ਅਪਰੇਸ਼ਨ ਕੀਤਾ। ਉਨ੍ਹਾਂ ਨੇ ਇੱਕ ਧੀ (ਕੈਮਰਿਨ) ਨੂੰ ਸਮੇਂ ਤੋਂ ਦੋ ਮਹੀਨੇ ਪਹਿਲਾਂ ਜਨਮ ਦਿੱਤਾ। ਨਤੀਜੇ ਵਜੋਂ ਬੱਚੀ ਨੂੰ ਆਪਣੇ ਜੀਵਨ ਦਾ ਪਹਿਲੇ ਹਸਪਤਾਲ ਵਿੱਚ ਬਿਤਾਉਣਾ ਪਿਆ।
ਉਸ ਸਮੇਂ ਤੱਕ ਫਿਲੈਕਸ ਅਤੇ ਉਨ੍ਹਾਂ ਦੀ ਨਵਜਾਤ ਬੇਟੀ ਲਈ ਸਭ ਕੁਝ ਠੀਕ ਲੱਗ ਰਿਹਾ ਸੀ।
ਉਹ ਕਹਿੰਦੇ ਹਨ,“ਮੈਂ ਜ਼ਿਆਦਾ ਪ੍ਰੇਸ਼ਾਨ ਨਹੀਂ ਸੀ, ਲੇਕਿਨ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਸ਼ਾਬ ਵਿੱਚ ਪ੍ਰੋਟੀਨ ਆ ਰਿਹਾ ਸੀ ਅਤੇ ਮੇਰੇ ਖੂਨ ਦਾ ਦਬਾਅ ਬਾਰੇ ਵੀ ਕੁਝ ਗੱਲਾਂ ਪਤਾ ਲੱਗੀਆਂ। ਇਹ ਡਰਾਉਣਾ ਸੀ, ਲੇਕਿਨ ਸਾਡਾ ਪਰਿਵਾਰ ਘਰ ਜਾਣਾ ਚਾਹੁੰਦਾ ਸੀ।”

ਤਸਵੀਰ ਸਰੋਤ, Getty Images
ਕੈਮਰਿਨ ਭਾਵੇਂ ਹੁਣ ਪੰਜ ਸਾਲ ਦੀ ਹੈ ਤੇ ਤੰਦਰੁਸਤ ਹੈ। ਲੇਕਿਨ ਫਿਲੈਕਸ ਅਜਿਹੀਆਂ ਕਈ ਕਹਾਣੀਆਂ ਤੋਂ ਜਾਣੂ ਹਨ ਜਿਨ੍ਹਾਂ ਦਾ ਅੰਤ ਦੁਖਾਂਤਕ ਸੀ।
ਅਪ੍ਰੈਲ 2023 ਵਿੱਚ ਉਨ੍ਹਾਂ ਦੀ ਲੰਬੇ ਸਮੇਂ ਦੀ ਸਾਥੀ ਟੋਰੀ ਬੋਵੀ ਦੀ ਪ੍ਰੀ-ਐਕਲੈਂਪਸੀਆ ਦੀਆਂ ਪੇਚਦਗੀਆਂ ਕਾਰਨ ਜਣੇਪੇ ਦੌਰਾਨ ਮੌਤ ਹੋ ਗਈ। ਟੋਰੀ ਵੀ ਰੀਓ 2016 ਓਲੰਪਿਕ ਦੀ ਰੀਲੇ ਰੇਸ ਦੀ ਸੋਨ ਤਮਗਾ ਜੇਤੂ ਸੀ। ਟੋਰੀ ਮਹਿਜ਼ 32 ਸਾਲ ਦੇ ਸਨ।
“ਅਸੀਂ ਕਈ ਰੀਲੇ ਟੀਮਾਂ ਵਿੱਚ ਇਕੱਠੇ ਸੀ। ਅਸੀਂ ਇੱਕ ਦੂਜੇ ਦੇ ਖਿਲਾਫ਼, ਇੱਕ ਦੂਜੇ ਦੇ ਨਾਲ ਮੁਕਾਬਲੇ ਕੀਤੇ ਅਤੇ ਇਹ ਬਹੁਤ ਦੁੱਖ ਦੇਣ ਵਾਲਾ ਸੀ। ਕੋਈ ਜਿਸ ਨਾਲ ਮੈਂ ਇੰਨਾ ਸਮਾਂ ਬਿਤਾਇਆ ਸੀ, ਇਹ ਵਾਕਈ ਤੋੜ ਦੇਣ ਵਾਲਾ ਸੀ।”
ਇੱਕ ਜਾਨਲੇਵਾ ਗੁੱਥੀ ਦੀ ਪੜਚੋਲ
ਪੂਰੀ ਦੁਨੀਆਂ ਵਿੱਚ ਪ੍ਰੀ-ਐਕਲੈਂਪਸੀਆ ਨੂੰ ਹਰ ਸਾਲ 70,000 ਤੋਂ ਜ਼ਿਆਦਾ ਮਾਵਾਂ ਦੀ ਅਤੇ 5,00,000 ਭਰੂਣਾਂ ਦੀ ਦੌਰਿਆਂ ਅਤੇ ਖੂਨ ਦੇ ਵਧੇ ਹੋਏ ਦਬਾਅ ਕਾਰਨ ਮੌਤ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ।
ਇਹ ਗਰਭ ਅਵਸਥਾ ਦੌਰਾਨ ਕਿਸੇ ਵੀ ਸਮੇਂ ਬਿਨਾਂ ਚੇਤਾਵਨੀ ਦੇ ਹੋ ਸਕਦਾ ਹੈ। ਕਈ ਔਰਤਾਂ ਵਿੱਚ ਇਹ 34ਵੇਂ ਹਫ਼ਤੇ ਤੋਂ ਪਹਿਲਾਂ ਵੀ ਆ ਸਕਦਾ ਹੈ। ਜਦਕਿ ਕਈਆਂ ਵਿੱਚ ਦੇਰੀ ਨਾਲ। ਇਹ ਜਣੇਪੇ ਤੋਂ ਬਾਅਦ ਛੇ ਹਫ਼ਤੇ ਦੇ ਅੰਦਰ ਵੀ ਹੋ ਕਦਾ ਹੈ।
ਸਾਇੰਸਦਾਨ ਨੇ ਕੁਝ ਪੇਚ ਸੁਲਝਾਏ ਹਨ, ਕਿ ਇਹ ਕਿਉਂ ਹੁੰਦਾ ਹੈ। ਬਹੁਤ ਜ਼ਿਆਦਾ ਸੋਜਿਸ਼, ਕੁੱਖ ਦੀਆਂ ਸਥਿਤੀਆਂ ਜੋ ਮਾਂ ਦੇ ਸਰੀਰ ਅਤੇ ਭਰੂਣ ਵਿਚਕਾਰ ਜ਼ਰੂਰੀ ਸੰਚਾਰ ਵਿੱਚ ਰੁਕਾਵਟ ਪਾਉਂਦੀਆਂ ਹਨ।
ਖਾਸ ਕਰਕੇ ਇਹ ਖੂਨ ਦੀਆਂ ਧਮਣੀਆਂ ਵਿੱਚ ਬਦਲਾਅ ਕਰਕੇ ਪਲੇਸੈਂਟਾ (ਜੇਰ) ਜੋ ਕਿ ਭਰੂਣ ਨੂੰ ਲੋੜੀਂਦੇ ਪੋਸ਼ਕ ਤੱਤ ਮੁਹੱਈਆ ਕਰਦਾ ਹੈ, ਦੇ ਨਿਰਮਾਣ ਨੂੰ ਪ੍ਰਭਾਵਿਤ ਕਰਦਾ ਹੈ।
ਕਿਉਂਕਿ ਪਲੇਸੈਂਟਾ ਵਿੱਚ ਖੂਨ ਦਾ ਵਹਾਅ ਸਧਾਰਨ ਨਹੀਂ ਰਹਿੰਦਾ, ਜਿਸ ਕਾਰਨ ਮਾਂ ਦੇ ਖੂਨ ਦੇ ਦਬਾਅ ਨੂੰ ਨਿਯਮਤ ਰੱਖਣ ਦੀ ਪ੍ਰਣਾਲੀ ਉੱਤੇ ਅਸਰ ਪੈਂਦਾ ਹੈ। ਨਤੀਜੇ ਵਜੋਂ ਪਹਿਲਾ ਖੂਨ ਦਾ ਉੱਚ ਦਬਾਅ ਅਤੇ ਆਖਰ ਪ੍ਰੀ-ਐਕਲੈਂਪਸੀਆ ਹੋ ਜਾਂਦਾ ਹੈ।
ਇਆਨ ਵਿਲਕਿਨਸਨ, ਯੂਨੀਵਰਸਿਟੀ ਆਫ਼ ਕੈਂਬਰਿਜ ਵਿੱਚ ਕਲੀਨੀਕਲ ਫਾਰਮਾਕੌਲੋਜਿਸਟ ਅਤੇ ਥੈਰਾਪਿਊਟਿਕਸ ਦੇ ਪ੍ਰੋਫੈਸਰ ਹਨ।
ਉਹ ਦੱਸਦੇ ਹਨ, “ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਦੇ ਦਿਲ ਨੂੰ ਉਸ ਲਈ ਅਤੇ ਪਲੇਸੈਂਟਾ ਲਈ ਜ਼ਿਆਦਾ ਖੂਨ ਪੰਪ ਕਰਨਾ ਪੈਂਦਾ ਹੈ।”
ਪ੍ਰੀ-ਐਕਲੈਂਪਸੀਆ ਬਾਰੇ ਯੂਕੇ ਅਧਾਰਿਤ ਇੱਕ ਅਧਿਐਨ ਦੀ ਅਗਵਾਈ ਵੀ ਕਰ ਰਹੇ ਹਨ।
“ਉਹ ਜੋ ਖੂਨ ਪੰਪ ਕਰ ਰਹੀ ਹੈ ਉਹ ਆਮ ਗਰਭ ਅਵਥਾ ਨਾਲੋਂ ਡੇਢ ਤੋਂ ਦੋ ਗੁਣਾਂ ਤੱਕ ਵੱਧ ਜਾਂਦਾ ਹੈ।”
ਚਾਲੀ ਸਾਲ ਤੋਂ ਵੱਡੀਆਂ ਅਤੇ ਆਟੋਇਮੀਊਨ ਡਿਸਆਰਡਰ ਵਾਲੀਆਂ ਔਰਤਾਂ ਅਤੇ ਵਧੇਰੇ ਬਾਡੀ ਮਾਸ ਇੰਡੈਕਸ ਵਾਲੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ। ਸ਼ਾਇਦ ਇਸ ਲਈ ਕਿਉਂਕਿ ਉਹ ਗਰਭ ਅਵਸਥਾ ਜੋ ਕਰ ਔਰਤ ਦੇ ਸਰੀਰ ਤੋਂ ਵਸੂਲ ਕਰਦੀ ਹੈ ਉਸ ਪ੍ਰਤੀ ਚੰਗੀ ਤਰ੍ਹਾਂ ਢਲ ਨਹੀਂ ਪਾਉਂਦੀਆਂ।
ਲੇਕਿਨ ਫਿਰ ਵੀ ਪ੍ਰੀ-ਐਕਲੈਂਪਸੀਆ ਬਾਰੇ ਬਹੁਤ ਸਾਰੇ ਰਹੱਸ ਅਜੇ ਬਾਕੀ ਹਨ ਕਿ ਕੁਝ ਔਰਤਾਂ ਵਿੱਚ ਇਹ ਅਕਸਰ ਬਿਨਾਂ ਚੇਤਾਵਨੀ ਦੇ ਹੀ ਕਿਉਂ ਹੋ ਜਾਂਦੇ ਹੈ ਅਤੇ ਦੂਜੀਆਂ ਨੂੰ ਕਿਉਂ ਨਹੀਂ ਹੁੰਦਾ। ਸਿਆਹਫ਼ਾਮ ਔਰਤਾਂ ਵਿੱਚ ਇਸਦੀ ਦਰ 60%, ਉਨ੍ਹਾਂ ਨੂੰ ਇਸਦੀ ਗੰਭੀਰਤਾ ਵੀ ਜ਼ਿਆਦਾ ਸਹਿਣ ਕਰਨੀ ਪੈਂਦੀ ਹੈ।
ਕੁਝ ਰਿਸਰਚਰ ਮੰਨਦੇ ਹਨ ਕਿ ਇਸਦੀ ਗੰਭੀਰਤਾ ਨੂੰ ਨਾਕਸ ਸਿਹਤ ਸਹੂਲਤਾਂ ਨਾਲ ਜੋੜਿਆ ਜਾ ਸਕਦਾ ਹੈ।
ਗਰਿਮਾ ਸ਼ਰਮਾ ਕਹਿੰਦੇ ਹਨ,“ਮਰੀਜ਼ ਅਤੇ ਸਮੁਦਾਵਾਂ ਦੀ ਜਲਦੀ ਦਖ਼ਲ, ਪ੍ਰੀਖਣ ਤੱਕ ਇੱਕ ਸਮਾਨ ਪਹੁੰਚ ਨਹੀਂ ਹੈ ਕਿਉਂਕਿ ਜਿੱਥੇ ਉਹ ਸਿਹਤ ਸਹੂਲਤਾਂ ਹਾਸਲ ਕਰਦੇ ਹਨ ਉੱਥੇ ਢਾਂਚਾਗਤ ਨਸਲਵਾਦ ਹੈ।”
ਗਰਿਮਾ ਸ਼ਰਮਾ ਫੇਅਰਫੈਕਸ ਵਰਜੀਨੀਆ ਦੇਇਨੋਵਾ ਹੈਲਥ ਸਿਸਟਮ ਵਿੱਚ ਕਾਰਡੀਓ-ਔਬਸਟਿਰਿਕਸ ਅਤੇ ਔਰਤਾਂ ਦੀ ਕਾਰਡੀਓ-ਵੈਕਸਕੂਲਰ ਸਿਹਤ ਦੇ ਨਿਰਦੇਸ਼ਕ ਹਨ।
ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਇਹ ਇਸ ਸਥਿਤੀ ਦੇ ਪੈਦਾ ਹੋਣ ਦੀ ਵਿਆਖਿਆ ਨਹੀਂ ਕਰਦਾ। ਡਾਕਟਰ ਕਿਸ ਨੂੰ ਪ੍ਰੀ-ਐਕਲੈਂਪਸੀਆ ਹੋਵੇਗਾ ਕਿਸ ਨੂੰ ਨਹੀਂ। ਇਸਦੀ ਪੇਸ਼ੀਨਗੋਈ ਕਰਨ ਲਈ ਕਲੀਨੀਕਲ ਰਿਸਕ ਫੈਕਟਰਾਂ ਜਿਵੇਂ ਉਮਰ, ਨਸਲ ਅਤੇ ਡਾਕਟਰੀ ਇਤਿਹਾਸ ਉੱਤੇ ਨਿਰਭਰ ਹਨ।
ਲੇਕਿਨ ਇਨ੍ਹਾਂ ਕਾਰਕਾਂ ਦੇ ਅਧਾਰ ਉੱਤੇ ਕੀਤੀ ਗਈ ਪੇਸ਼ੀਨਗੋਈ ਦੀ ਸਟੀਕਤਾ ਬਹੁਤ ਘੱਟ ਹੈ।
ਹਾਲਾਂਕਿ ਜਾਂਚ ਦੀ ਨਵੀਂ ਤਕਨੀਕ ਵਿਕਸਿਤ ਹੋਣ ਨਾਲ, ਸਾਇੰਸਦਾਨ ਜਲਦੀ ਹੀ ਦੱਸਣ ਦੇ ਯੋਗ ਹੋ ਸਕਣਗੇ ਕਿ ਕਿਸ ਨੂੰ ਖ਼ਤਰਾ ਹੈ ਅਤੇ ਕਿਉਂ।

ਪ੍ਰੀ-ਐਕਲੈਂਪਸੀਆ ਦੀ ਪੇਸ਼ੀਨਗੋਈ
ਭਾਵੇਂ ਕਿ ਕੈਂਸਰ ਅਤੇ ਹੋਰ ਗੰਭੀਰ ਲਾਗ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਅਕਸਰ ਸੈੱਲ ਦਾ ਨਮੂਨਾ (ਬਾਇਓਪਸੀ) ਲੈਣ ਦੀ ਸਲਾਹ ਦਿੰਦੇ ਹਨ। ਲੇਕਿਨ ਗਰਭਵਤੀ ਔਰਤ ਦੀ ਕੁੱਖ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਜਾਨਣ ਦਾ ਕੋਈ ਸੌਖਾ ਰਸਤਾ ਨਹੀਂ ਹੈ।
ਯੂਨੀਵਰਸਿਟੀ ਆਫ਼ ਟੈਕਨੌਲੋਜੀ, ਸਿਡਨੀ ਦੇ ਐਸੋਸਿਏਟ ਪ੍ਰੋਫੈਸਰ ਲਾਨਾ ਮੈਕਲੇਮੈਂਟਸ ਮੁਤਾਬਕ,“ਅਸੀਂ ਨਿਯਮਤ ਰੂਪ ਵਿੱਚ ਜੇਰ ਦਾ ਨਮੂਨਾ ਨਹੀਂ ਲੈ ਸਕਦੇ ਕਿਉਂਕਿ ਇਸ ਨਾਲ ਗਰਭਪਾਤ ਦਾ ਖ਼ਤਰਾ ਵੱਧ ਸਕਦਾ ਹੈ। ਜਾਨਵਰਾਂ ਵਿੱਚ ਪ੍ਰੀ-ਐਕਲੈਂਪਸੀਆ ਵਿਕਸਿਤ ਨਹੀਂ ਹੁੰਦਾ ਇਸ ਲਈ ਮਿਸਾਲ ਵਜੋਂ ਚੂਹਿਆਂ ਦੇ ਮਾਡਲ ਵਿਕਸਿਤ ਕਰਨਾ ਬਹੁਤ ਮੁਸ਼ਕਿਲ ਹੈ।”
ਇਸਦੀ ਥਾਂ ਰਿਸਰਚਰਾਂ ਨੂੰ ਜਾਂਚ ਲਈ ਖੂਨ ਦੇ ਕੁਝ ਅਸਧਾਰਨ ਮੌਲੀਕਿਊਲਸ ਲੈਣੇ ਪਏ।
ਅਧਿਐਨਾਂ ਨੇ ਦਰਸਾਇਆ ਹੈ ਕਿ ਜਿਹੜੀਆਂ ਔਰਤਾਂ ਵਿੱਚ ਕੁੱਖ ਦੀ ਬਹੁਤ ਜ਼ਿਆਦਾ ਸੋਜਿਸ਼ ਹੁੰਦੀ ਹੈ ਉਨ੍ਹਾਂ ਵਿੱਚ ਜੇਰ ਖੂਨ ਦੀ ਪੂਰਤੀ ਵਿੱਚ ਆਈ ਰੁਕਾਵਟ ਪ੍ਰਤੀ ਪ੍ਰੋਟੀਨ (ਘੁਲਣਸ਼ੀਲ ਐੱਫਐੱਮ ਜਿਵੇਂ ਕਿ ਟਾਇਰੋਸਾਈਨ ਕਾਇਨੇਸ-1) ਖਾਰਜ ਕੇ ਪ੍ਰਤੀਕਿਰਿਆ ਕਰਦੀ ਹੈ।
ਖੂਨ ਵਿੱਚ ਪ੍ਰੋਟੀਨ ਦੀ ਮਾਤਰਾ ਵਧਣ ਦਾ ਮਾਂ ਅਤੇ ਭਰੂਣ ਉੱਤੇ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ।
ਕਰੇਗ ਮੈਲੋ, ਯੂਨੀਵਰਸਿਟੀ ਆਫ਼ ਮੈਸਾਚਿਊਸਿਟਸ ਦੇ ਮੈਡੀਕਲ ਸਕੂਲ ਵਿੱਚ ਬਾਇਓਲੌਜਿਸਟ ਹਨ। ਉਹ ਦੱਸਦੇ ਹਨ, “ਜਿਨ੍ਹਾਂ ਮਰੀਜ਼ਾਂ ਵਿੱਚ ਪ੍ਰੀ-ਐਕਲੈਂਪਸੀਆ ਵਿਕਸਿਤ ਹੋ ਰਿਹਾ ਹੁੰਦਾ ਹੈ ਉਨ੍ਹਾਂ ਵਿੱਚ ਪ੍ਰੋਟੀਨ 100 ਗੁਣਾਂ ਜ਼ਿਆਦਾ ਇਕੱਠਾ ਹੋ ਜਾਂਦਾ ਹੈ।”
ਉਹ ਸਰੀਰ ਵਿਗਿਆਨ ਜਾਂ ਮੈਡੀਸਨ ਦੇ ਖੇਤਰ ਵਿੱਚ ਸਾਲ 2006 ਦੇ ਨੋਬਲ ਇਨਾਮ ਦੇ ਸਹਿ-ਹਾਸਲ ਕਰਤਾ ਵੀ ਸਨ।
ਉਹ ਕਹਿੰਦੇ ਹਨ ਕਿ, “ਇਸਦੀ ਵਰਤੋਂ ਪ੍ਰੀ-ਐਕਲੈਂਪਸੀਆ ਕਾਰਨ ਹੋਣ ਵਾਲੇ ਅੰਗਾਂ ਦੇ ਨਾਕਰੇਪਣ ਦਾ ਖ਼ਤਰਾ ਪੈਦਾ ਹੋਣ ਤੋਂ ਪਹਿਲਾਂ ਜਾਂਚ ਲਈ ਕੀਤੀ ਜਾ ਸਕਦੀ ਹੈ।”
ਪਿਛਲੇ ਸਾਲ ਪ੍ਰੀ-ਐਕਲੈਂਪਸੀਆ ਦੀ ਨਵੀਂ ਜਾਂਚ ਲਈ ਲਾਈਫ ਸਾਇੰਸ ਅਤੇ ਕਲਿਨੀਕਲ ਰਿਸਰਚ ਕੰਪਨੀ ਥਰਮੋ ਫਿਸ਼ਰ ਨੂੰ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਸਟਰੇਸ਼ਨ ਦੀ ਪ੍ਰਵਾਨਗੀ ਮਿਲ ਗਈ।
ਇਸ ਨਾਲ ਗੰਭੀਰ ਸਥਿਤੀਆਂ ਦੇ ਇਲਾਜ ਜਾਂ ਜਾਂਚ ਦੇ ਖੇਤਰ ਵਿੱਚ ਨਵੀਆਂ ਮੈਡੀਕਲ ਟੈਕਨੌਲੋਜੀਆਂ ਵਿਕਸਤ ਕਰਨ ਦੇ ਕੰਮ ਵਿੱਚ ਤੇਜ਼ੀ ਆਵੇਗੀ।

ਤਸਵੀਰ ਸਰੋਤ, Getty Images
ਇਸ ਮਾਮਲੇ ਵਿੱਚ ਜਾਂਚ ਉਪਕਰਣ ਵਿੱਚ ਦੂਜੇ ਪ੍ਰੋਟੀਨਾਂ ਦੇ ਨੀਵੇਂ ਪੱਧਰਾਂ, ਜੇਰ ਦੇ ਵਿਕਾਸ ਦੇ ਕਾਰਕ ਜੋ ਜੇਰ ਦੇ ਸਧਾਰਨ ਵਿਕਾਸ ਦੀ ਨੁਮਾਇੰਦਗੀ ਕਰਦੇ ਹਨ ਦੇ ਮੁਕਾਬਲੇ sFlt-1 ਦੇ ਉੱਚ ਪੱਧਰਾਂ ਦਾ ਪਤਾ ਲਾਉਣਾ ਸ਼ਾਮਿਲ ਹੈ।
ਕਲਿਨੀਕਲ ਰੂਪ ਵਿੱਚ ਇਸ ਟੈਸਟ ਦੀ ਵਰਤੋਂ ਇਹ ਦੇਖਣ ਲਈ ਕੀਤੀ ਜਾਵੇਗੀ ਕਿ, ਕੀ ਹਸਪਤਾਲ ਵਿੱਚ ਖੂਨ ਦੇ ਉੱਚ ਦਬਾਅ ਦੇ ਲੱਛਣਾਂ ਨਾਲ ਭਰਤੀ ਗਈ ਔਰਤ ਨੂੰ ਪ੍ਰੀ-ਐਕਲੈਂਪਸੀਆ ਹੋਵੇਗਾ ਜਾਂ ਨਹੀਂ।
ਇਸ ਟੈਸਟ/ਉਪਕਰਣ ਦੀ ਕੁਸ਼ਲਤਾ ਸਾਲ 2022 ਦੇ ਇੱਕ ਅਧਿਐਨ ਵਿੱਚ 700 ਗਰਭਵਤੀ ਔਰਤਾਂ ਦੀ 18 ਵੱਖ-ਵੱਖ ਹਸਪਤਾਲਾਂ ਵਿੱਚ ਜਾਂਚ ਕਰਕੇ ਸਾਬਤ ਕੀਤੀ ਗਈ ਸੀ।
ਜਿਹੜੀਆਂ ਮਰੀਜ਼ਾਂ ਦੇ ਨਤੀਜੇ ਹਾਂ-ਮੁਖੀ ਆਏ ਸਨ ਉਨ੍ਹਾਂ ਦੀ ਨਿਗਰਾਨੀ ਸਥਿਤੀ ਵਿਗੜਨ ਤੋਂ ਪਹਿਲਾਂ ਹੀ ਵਧਾ ਦਿੱਤੀ ਗਈ ਸੀ।
ਸਮਝਿਆ ਜਾ ਰਿਹਾ ਹੈ ਕਿ ਜਾਂਚ ਦੀ ਨਵੀਂ ਤਕਨੀਕ ਜਾਨਾਂ ਬਚਾਵੇਗੀ।
ਓਹਾਇਓ ਸਟੇਟ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਵਿੱਚ ਮੈਟਰਨਲ ਇਨਫੈਂਟ ਹੈਲਥ ਦੇ ਪ੍ਰੋਫੈਸਰ ਸਿੰਡੀ ਐਂਡਰਸਨ ਨੂੰ ਲਗਦਾ ਹੈ ਕਿ ਜਾਂਚ ਦੇ ਹੋਰ ਉੱਨਤ ਤਰੀਕਿਆਂ ਦੀ ਲੋੜ ਹੈ। ਜੋ ਪ੍ਰੀ-ਐਕਲੈਂਪਸੀਆ ਦੇ ਚੇਤਾਵਨੀ ਸੰਕੇਤਾਂ ਨੂੰ ਗਰਭ ਅਵਸਥਾ ਦੇ ਸ਼ੁਰੂਆਤੀ ਪੱਧਰਾਂ ਉੱਤੇ ਫੜ ਸਕਣ।
ਜੇ ਪ੍ਰੀ-ਐਕਲੈਂਪਸੀਆ ਦੇ ਸੰਕੇਤਾਂ ਨੂੰ ਜੇਰ ਪੂਰੀ ਤਰ੍ਹਾਂ ਬਣਨ ਤੋਂ ਵੀ ਪਹਿਲਾਂ ਫੜ ਲਿਆ ਜਾਵੇ ਤਾਂ, ਸਥਿਤੀ ਨੂੰ ਰੋਕਣਾ ਸੰਭਵ ਹੋ ਸਕਦਾ ਹੈ।
ਐਂਡਰਸਨ ਕਹਿੰਦੇ ਹਨ,“ਨੌਂ ਹਫ਼ਤਿਆਂ ਬਾਅਦ ਜੇਰ ਬਣ ਜਾਂਦੀ ਹੈ। ਇਸ ਲਈ ਜੇ ਅਸੀਂ ਇਹ ਸੰਕੇਤ ਪਹਿਲਾਂ ਦੇਖ ਸਕੀਏ ਅਤੇ ਜੇ ਇਸ ਨੂੰ ਰੋਕਣ ਜਾਂ ਇਸਦੇ ਇਲਾਜ ਲਈ ਦਖ਼ਲ ਦੇ ਸਕੀਏ?”
ਸਾਇੰਸਦਾਨਾਂ ਦਾ ਇੱਕ ਸਮੂਹ ਇਸਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਉਹ ਅਜਿਹੀ ਨਵੀਂ ਤਕਨੀਕ ਵੱਲ ਦੇਖ ਰਹੇ ਹਨ ਜਿਸਦਾ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਹੈ।
‘ਪਲੇਸੈਂਟਾ ਆਨ ਚਿੱਪ’ ਤਕਨੀਕ
ਸਿਡਨੀ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਮੈਕਲਮੈਂਟਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਟੀਮ ਪ੍ਰੀ-ਐਕਲੈਂਪਸੀਆ ਦੇ ਸ਼ੁਰੂਆਤੀ ਪੜਾਅ ਦੀ ਮਨੁੱਖੀ ਸਰੀਰ ਤੋਂ ਬਾਹਰ ਇੱਕ ਨਕਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕੁਝ ਅਜਿਹਾ ਹੈ ਜੋ ਪਹਿਲਾਂ ਕਦੇ ਨਹੀਂ ਕੀਤਾ ਗਿਆ। ਇਸ ਲਈ ਉਨ੍ਹਾਂ ਨੇ ਜੋ ਤਕਨੀਕ ਵਿਕਸਿਤ ਕੀਤੀ ਹੈ ਉਸ ਨੂੰ ‘ਪਲੇਸੈਂਟਾ ਆਨ ਚਿੱਪ’ ਕਿਹਾ ਜਾਂਦਾ ਹੈ।
‘ਪਲੇਸੈਂਟਾ ਆਨ ਚਿੱਪ’ ਨਾਮ ਦੀ ਇਹ ਬਾਇਓਮੈਡੀਕਲ ਤਕਨੀਕ ਮਨੁੱਖੀ ਜੇਰ ਦੀ ਬਣਤਰ ਅਤੇ ਕਾਰਜ ਦੀ ਮਾਈਕਰੋ-ਇੰਜੀਨੀਅਰਿੰਗੀ ਦੀ ਨਕਲ ਨਾਲ ਤਿਆਰ ਇੱਕ ਛੋਟੇ ਉਪਕਰਣ ਨਾਲ ਨਕਲ ਕਰਦੀ ਹੈ।
ਇਸ ਵਿੱਚ ਜੇਰ ਦੇ ਵੱਖ-ਵੱਖ ਕਿਸਮ ਦੇ ਜ਼ਿੰਦਾ ਸੈਲਾਂ ਨੂੰ ਰੱਖਿਆ ਜਾਂਦਾ ਹੈ ਅਤੇ ਮਸਨੂਈ ਪੋਸ਼ਣ ਦਿੱਤੇ ਜਾਂਦਾ ਹੈ। ਇਹ ਤਕਨੀਕ ਵਿਗਿਆਨੀਆਂ ਨੂੰ ਜੇਰ ਉੱਤੇ ਦਵਾਈਆਂ ਅਤੇ ਪੋਸ਼ਕ ਤੱਤਾਂ ਦੇ ਅਸਰ ਅਤੇ ਭਰੂਣ ਦੇ ਵਿਕਾਸ ਉੱਤੇ ਪੈਣ ਵਾਲੇ ਇਨ੍ਹਾਂ ਦੇ ਅਸਰ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਕਰਦੀ ਹੈ।
ਮੈਕਲਮੈਂਟਸ ਦੱਸਦੇ ਹਨ,“ਅਸੀਂ ਅਜਿਹੇ ਮਾਡਲ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਪ੍ਰੀ-ਐਕਲੈਂਪਸੀਆ ਦੀ ਸਥਿਤੀ ਵਿੱਚ ਮਨੁੱਖੀ ਜੇਰ ਦੇ ਅੰਦਰ ਕੀ ਹੁੰਦਾ ਹੈ ਇਸਦੀ ਨਕਲ ਕਰ ਸਕਣ।”
“ਮਿਸਾਲ ਵਜੋਂ ਅਸੀਂ ਪਹਿਲੀ ਤਿਮਾਹੀ ਵਿੱਚੋਂ ਜੇਰ ਦੇ ਨਿਰਮਾਣ ਵਿੱਚ ਅਹਿਮ ਟ੍ਰੋਫੋਬਲਾਸਟਸ ਦੀ ਵਰਤੋਂ ਕੀਤੀ ਹੈ। ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ੁਰੂਆਤੀ ਗਰਭ ਅਵਸਥਾ ਵਿੱਚ ਪ੍ਰੀ-ਐਕਲੈਂਪਸੀਆ ਪੂਰਬਲੀਆਂ ਸਥਿਤੀਆਂ ਸੋਜ, ਆਕਸੀਡੇਟਿਵ ਸਟਰੈਸ, ਆਕਸੀਜਨ ਦੀ ਕਮੀ ਅਤੇ ਖੂਨ ਦੀਆਂ ਧਮਣੀਆਂ ਦੇ ਸੀਮਤ ਵਿਕਾਸ, ਵਿੱਚ ਕੀ ਹੁੰਦਾ ਹੈ।”
ਮੈਕਲਮੈਂਟਸ ਮੁਤਾਬਕ ਉਮੀਦ ਹੈ ਕਿ ਇੱਕ ਦਿਨ ਇਹ ਖੋਜ ਕੁਝ ਅਜਿਹੇ ਬਾਇਓਮਾਰਕਰਾਂ ਦਾ ਪਤਾ ਲਗਾ ਸਕੇਗੀ ਜੋ ਨਵੀਆਂ ਗਰਭਵਤੀ ਮਾਵਾਂ ਲਈ ਖੂਨ ਦੇ ਟੈਸਟਾਂ ਦੀ ਬੁਨਿਆਦ ਤਿਆਰ ਕਰ ਸਕਣਗੇ। ਲੇਕਿਨ ਪ੍ਰੀ-ਐਕਲੈਂਪਸੀਆ ਦੇ ਯਥਾਰਥਵਾਦੀ ਮਾਡਲ ਸਾਇੰਸਦਾਨਾਂ ਲਈ ਸੰਭਾਵੀ ਇਲਾਜਾਂ ਦੀ ਪਰਖ ਕਰਨਾ ਵੀ ਸੁਖਾਲਾ ਬਣਾ ਸਕਦੇ ਹਨ। ਜਿਨ੍ਹਾਂ ਨਾਲ ਸ਼ਾਇਦ ਬੀਮਾਰੀ ਦੀ ਦਸ਼ਾ ਹੀ ਬਦਲ ਜਾਵੇਗੀ।
“ਤਿੰਨ ਵਿੱਚੋਂ ਦੋ ਔਰਤਾਂ ਦੋ ਗਰਭ ਅਵਸਥਾ ਦੌਰਾਨ ਪ੍ਰੀ-ਐਕਲੈਂਪਸੀਆ ਵਿੱਚੋਂ ਗੁਜ਼ਰੀਆਂ ਹਨ ਉਹ ਦਿਲ ਦੇ ਦੌਰੇ ਅਤੇ ਕਾਰਡੀਓਵੈਸਕੂਲਰ ਬੀਮਾਰੀ ਕਾਰਨ ਕਾਰਨ ਸਮੇਂ ਤੋਂ ਪਹਿਲਾਂ ਮਰ ਜਾਣਗੀਆਂ। ਇਸ ਲਈ ਗਰਭ ਅਵਸਥਾ ਅਤੇ ਉਸ ਤੋਂ ਬਾਅਦ ਇਸ ਬੀਮਾਰੀ ਲਈ ਨਵੇਂ ਇਲਾਜ ਤਲਾਸ਼ਣ ਦੀ ਅਮਲੀ ਲੋੜ ਹੈ।”
ਹੁਣ ਤੱਕ ਪ੍ਰੀ-ਐਕਲੈਂਪਸੀਆ ਦੇ ਬਹੁਤ ਜ਼ਿਆਦਾ ਖ਼ਤਰੇ ਵਿੱਚ ਮੰਨੀਆਂ ਜਾਣ ਵਾਲੀਆਂ ਔਰਤਾਂ ਨੂੰ 12ਵੇਂ ਹਫ਼ਤੇ ਤੋਂ ਜਨਮ ਤੱਕ ਥੋੜ੍ਹੀ ਮਾਤਰਾ ਵਿੱਚ ਐਸਪ੍ਰਿਨ ਦਿੱਤੀ ਜਾਂਦੀ ਹੈ।
ਅਧਿਐਨਾਂ ਨੇ ਦਰਸਾਇਆ ਹੈ ਜਿਹੜੀਆਂ ਔਰਤਾਂ 16ਵੇਂ ਹਫ਼ਤੇ ਤੋਂ ਪਹਿਲਾਂ ਐਸਪ੍ਰਿਨ ਇਲਾਜ ਸ਼ੁਰੂ ਕਰ ਦਿੰਦੀਆਂ ਹਨ, ਉਨ੍ਹਾਂ ਵਿੱਚੋਂ ਅੰਦਾਜ਼ਨ 60% ਵਿੱਚ ਪ੍ਰੀ-ਐਕਲੈਂਪਸੀਆ ਦੇ ਲੱਛਣ ਵਿਕਸਿਤ ਨਹੀਂ ਹੁੰਦੇ।
ਲੇਕਿਨ 40% ਔਰਤਾਂ ਅਜੇ ਵੀ ਖ਼ਤਰੇ ਵਿੱਚ ਰਹਿ ਜਾਂਦੀਆਂ ਹਨ ਅਤੇ ਉਹ ਵੀ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ ਕਿਉਂਕਿ ਉਨ੍ਹਾਂ ਦੇ ਡਾਕਟਰ ਨੂੰ ਇਸ ਦਾ ਸ਼ੱਕ ਨਹੀਂ ਹੁੰਦਾ।
ਕਿੰਗਸ ਕਾਲਜ ਲੰਡਨ ਵਿੱਚ ਓਬਸਟੇਟਰਿਕਸ ਦੇ ਪ੍ਰੋਫੈਸਰ ਐਂਡਰਿਊ ਸ਼ੈਨਨ ਕਹਿੰਦੇ ਹਨ, “ਅਜਿਹੀਆਂ ਬਹੁਤ ਹਨ ਜਿਨ੍ਹਾਂ ਨੂੰ ਇਹ ਮਿਲਦਾ ਹਨ ਅਤੇ ਇਸ ਬਾਰੇ ਚਰਚਾ ਵੀ ਨਹੀਂ ਹੁੰਦੀ।”

ਤਸਵੀਰ ਸਰੋਤ, Getty Images
ਮੈਕਲਮੈਂਟਸ ਸਮਝਾਉਂਦੇ ਹਨ ਕਿ ਦਵਾਈ ਦੀ ਕਿਸੇ ਹੋਰ ਮੰਤਵ ਲਈ ਵਰਤੋਂ (ਪੁਰਾਣੀਆਂ ਦਵਾਈਆਂ ਜੋ ਗਰਭਵਤੀ ਔਰਤਾਂ ਲਈ ਸੁਰੱਖਿਅਤ ਹਨ) ਵਿੱਚ ਪ੍ਰੀ-ਐਕਲੈਂਪਸੀਆ ਵਿੱਚ ਸੁਧਾਰ ਦੀ ਬਹੁਤ ਸੰਭਾਵਨਾ ਹੈ।
ਇਸ ਪ੍ਰਕਿਰਿਆ ਨੂੰ ਦਵਾਈਆਂ ਦੀ ਮਸਨੂਈ ਜੇਰ ਸੈੱਲਾਂ ਉੱਤੇ ਜਾਂਚ ਰਾਹੀਂ ਤੇਜ਼ ਕੀਤਾ ਜਾ ਸਕਦਾ ਹੈ।
ਪ੍ਰੋਟੋਨ ਪੰਪ ਇਨਹਿਬਟਰ ਦਵਾਈਆਂ ਜੋ ਕਿ ਜ਼ਿਆਦਾਤਰ ਬਦਹਜ਼ਮੀ, ਜਲਨ ਜਾਂ ਪੇਟ ਦੇ ਜ਼ਖਮਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਹੋ ਸਕਦਾ ਹੈ ਕਿ ਇਹ ਪ੍ਰੀ-ਐਕਲੈਂਪਸੀਆ ਵਿੱਚ ਸੋਜਿਸ਼ ਦੇ ਸ਼ੁਰੂਆਤੀ ਪੜਾਵਾਂ ਨੂੰ ਰੋਕਣ ਵਿੱਚ ਕਾਰਗਰ ਹੋ ਸਕਦੀਆਂ ਹਨ।
ਸਾਇੰਸਦਾਨਾਂ ਨੇ ਇਹ ਵੀ ਸੁਝਾਇਆ ਹੈ ਕਿ ਇਕੂਲੀਜ਼ੁੰਬ ਜੋ ਕਿ ਖੂਨ ਦੀ ਇੱਕ ਬੀਮਾਰੀ ਦੇ ਇਲਾਜ ਲਈ ਵਰਤੀ ਜਾਣ ਵਾਲੀ ਇੱਕ ਮੋਨੋ-ਕਲੋਨਲ ਐਂਟੀਬਾਡੀ ਹੈ। ਉਹ ਵੀ ਜੇ ਗਰਭ ਅਵਸਥਾ ਦੀ ਸ਼ੁਰੂਆਤ ਵਿੱਚ ਦਿੱਤੀ ਜਾਵੇ ਤਾਂ ਪ੍ਰੀ-ਐਕਲੈਂਪਸੀਆ ਦੇ ਵਿਕਾਸ ਦੇ ਖ਼ਤਰੇ ਨੂੰ ਘਟਾਉਣ ਵਿੱਚ ਸਹਾਈ ਹੋ ਸਕਦੀ ਹੈ।
“ਅਸੀਂ ਫਿਲਹਾਲ ਡਾਇਬਿਟੀਜ਼ ਦੀ ਇੱਕ ਦਵਾਈ ਮੈਟਫੋਰਮਿਨ ਉੱਤੇ ਧਿਆਨ ਦੇ ਰਹੇ ਹਾਂ, ਜੋ ਕਿ ਇੱਕ ਸੰਭਾਵੀ ਇਲਾਜ ਵਜੋਂ ਉੱਭਰ ਰਹੀ ਹੈ। ਇੱਕ ਹੈਰਾਨੀਜਨਕ ਅਧਿਐਨ ਹੈ, ਜੋ ਦਰਸਾਉਂਦਾ ਹੈ ਕਿ ਮੈਟਫੋਰਮਿਨ ਗੰਭੀਰ ਪ੍ਰੀ-ਐਕਲੈਂਪਸੀਆ ਦੀ ਸੂਰਤ ਵਿੱਚ ਜਣੇਪੇ ਨੂੰ ਟਾਲ ਸਕਦੀ ਹੈ। ਇਸ ਤਰ੍ਹਾਂ ਇਹ ਅਗੇਤੇ ਜਨਮ ਨੂੰ ਰੋਕ ਸਕਦੀ ਹੈ।”
ਇੱਕ ਹੋਰ ਪਹੁੰਚ ਵਿੱਚ ਦੀ ਸਥਿਤੀ ਨੂੰ ਰਾਹ ਵਿੱਚ ਹੀ ਰੋਕਣ ਲਈ ਜੇਰ ਵਿੱਚ sFlt1 ਬਣਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਐੱਫਡੀਏ ਨੇ ਜਾਂਚ ਅਧੀਨ ਇੱਕ ਨਵੀਂ ਦਵਾਈ ਸੀਬੀਸੀ-4888 ਨੂੰ ਕਲੀਨੀਕਲ ਟਰਾਇਲ ਵਿੱਚ ਪਰਖਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਨੂੰ ਮੈਸਾਚਿਊਸਿਟਸ ਦੀ ਇੱਕ ਕੰਪਨੀ ਕਾਮਨੇਕ ਬਾਇਓਫਾਰਮਾ ਨੇ ਵਿਕਸਿਤ ਕੀਤਾ ਹੈ।
ਇਸ ਦਵਾਈ ਨੂੰ ਇੱਕ ਆਰਐੱਨਏ (siRNA) ਵਜੋਂ ਜਾਣਿਆ ਜਾਂਦਾ ਹੈ। ਆਰਐੱਨਏ ਜਨੈਟਿਕ ਕੋਡ ਦੇ ਉਹ ਛੋਟੇ ਟੁਕੜੇ ਹਨ ਜਿਨ੍ਹਾਂ ਨੂੰ ਸਟੀਕ ਤਰੀਕੇ ਨਾਲ ਸਰੀਰ ਦੇ ਹਿੱਸਿਆਂ ਵਿੱਚ ਭੇਜਿਆ ਜਾ ਸਕਦਾ ਹੈ ਜਿੱਥੇ ਉਹ ਜੀਨ ਐਕਸਪ੍ਰੈਸ਼ਨ ਅਤੇ ਸੈਲੂਲਰ ਫੰਕਸ਼ਨ ਨੂੰ ਰੈਗੂਲੇਟ ਕਰਕੇ ਕਿਸੇ ਵਿਸ਼ੇਸ਼ ਪ੍ਰੋਟੀਨ ਦੇ ਉਤਪਾਦਨ ਨੂੰ ਰੋਕ ਸਕਦੇ ਹਨ, ਜੋ ਕਿ ਇਸ ਸਥਿਤੀ ਵਿੱਚ sFlt1 ਹੈ।
ਕਾਮਨੇਕ ਬਾਇਓਫਾਰਮਾ ਦੇ ਸਾਇੰਟਿਫਿਕ ਅਡਵਾਈਜ਼ਰ ਮੈਲੋ ਦੱਸਦੇ ਹਨ, “ਇਨ੍ਹਾਂ ਮੌਲੀਕਿਊਲਾਂ ਬਾਰੇ ਇੱਕ ਵਰਣਨਯੋਗ ਗੱਲ ਇਨ੍ਹਾਂ ਦੀ ਲੰਬੀ ਉਮਰ ਹੈ। ਇੱਕ ਖੁਰਾਕ ਛੇ ਮਹੀਨੇ ਤੋਂ ਇੱਕ ਸਾਲ ਤੱਕ ਚੱਲ ਸਕਦੀ ਹੈ। ਇਸ ਲਈ ਸਾਨੂੰ ਉਮੀਦ ਹੈ ਕਿ ਇੱਕ ਖ਼ੁਰਾਕ ਕਾਫ਼ੀ ਹੋਵੇਗੀ।”
ਹੁਣ ਤੱਕ ਕੰਪਨੀ ਨੇ ਮਾਂ ਬਣਨ ਯੋਗ ਵਾਲੰਟੀਅਰ ਕੁੜੀਆਂ ਵਿੱਚ ਇਸਦੇ ਸੁਰੱਖਿਅਤ ਹੋਣ ਦੀ ਜਾਂਚ ਪੂਰੀ ਕਰ ਲਈ ਹੈ। ਅਗਲੇ ਕਦਮ ਵਿੱਚ ਪ੍ਰੀ-ਐਕਲੈਂਪਸੀਆ ਵਾਲੀਆਂ 50 ਔਰਤਾਂ ਉੱਤੇ ਇਸਦੀ ਜਾਂਚ ਕਰਨਗੇ। ਜਿਸ ਤੋਂ ਬਾਅਦ ਹੋ ਸਕਦਾ ਹੈ ਅਮਰੀਕਾ, ਬ੍ਰਿਟੇਨ, ਜਰਮਨੀ, ਘਾਨਾ, ਕੀਨੀਆ ਅਤੇ ਦੱਖਣੀ ਅਫ਼ਰੀਕਾ ਵਿੱਚ ਹੋਰ ਵੱਡੇ ਅਧਿਐਨ ਹੋ ਸਕਦੇ ਹਨ।
ਕਾਮਨੇਕ ਬਾਇਓਫਾਰਮਾ ਦੇ ਚੀਫ ਮੈਡੀਕਲ ਅਫ਼ਸਰ ਐਲੀਸਨ ਅਗਸਤ ਮੁਤਾਬਕ, “ਸਿਆਹਫ਼ਾਮ ਔਰਤਾਂ ਉੱਤੇ ਪ੍ਰੀ-ਐਕਲੈਂਪਸੀਆਜ਼ਿਆਦਾ ਹੀ ਬੋਝ ਹੈ। ਇਸ ਲਈ ਜਦੋਂ ਅਸੀਂ ਅਮਰੀਕਾ ਵਿੱਚ ਆਪਣੇ ਅਧਿਐਨ ਕਰਦੇ ਹਾਂ, ਸਾਂ ਅਸੀਂ ਸ਼ਿਕਾਗੋ, ਅਲਬਾਮਾ, ਸੈਂਟ ਲੂਈਸ ਵਰਗੀਆਂ ਥਾਵਾਂ ਉੱਤੇ ਵੀ ਜਾਵਾਂਗੇ। ਜਿੱਥੇ ਸਾਨੂੰ ਪਤਾ ਹੈ ਕਿ ਲੋਕਾਂ ਉੱਤੇ ਐਕਲੈਂਪਸੀਆ ਦਾ ਜ਼ਿਆਦਾ ਹੀ ਬੋਝ ਹੈ। ਵਸੋ ਦਾ ਇਹੀ ਉਹ ਹਿੱਸਾ ਹੈ, ਜਿਸ ਨੂੰ ਬਹੁਤ ਜ਼ਿਆਦਾ ਲੋੜ ਹੈ।”
ਮੈਕਲੇਮੈਂਟਸ ਇਸ ਦਿਸ਼ਾ ਵਿੱਚ ਹੋਈ ਕੁਝ ਤਰੱਕੀ ਤੋਂ ਉਤਸ਼ਾਹਿਤ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਪ੍ਰੀ-ਐਕਲੈਂਪਸੀਆ ਦੀ ਖੋਜ ਵਿੱਚ ਵਧੇਰੇ ਨਿਵੇਸ਼ ਕੀਤਾ ਜਾਵੇਗਾ।
ਮੈਕਲੇਮੈਂਟਸ, “ਜੇ ਤੁਸੀਂ ਕੈਂਸਰ ਵਿੱਚ ਜਾਣ ਵਾਲੀ ਫੰਡਿੰਗ ਨਾਲ ਇਸਦੀ ਤੁਲਨਾ ਕਰੋਂ ਤਾਂ ਔਰਤਾਂ ਦੀ ਸਿਹਤ ਉਸਦਾ 1-2% ਹੀ ਹੈ।”
“ਆਖਰਕਾਰ, ਅਸੀਂ ਸਾਰੇ ਗਰਭ ਅਵਸਥਾ ਵਿੱਚੋਂ ਹੀ ਆਉਂਦੇ ਹਾਂ। ਔਰਤਾਂ ਸਿਰਫ਼ ਅੱਧੀ ਅਬਾਦੀ ਹੀ ਨਹੀਂ ਸਗੋਂ ਦੂਜੀ ਅੱਧੀ ਅਬਾਦੀ ਦੀ ਮਾਂ ਵੀ ਹਨ। ਇੱਕ ਪ੍ਰੀ-ਐਕਲੈਂਪਸੀਆ ਵਾਲੀ ਮਾਂ ਤੋਂ ਜਨਮ ਲੈਣ ਦੇ ਬੱਚਿਆਂ ਦੀ ਸਿਹਤ ਉੱਤੇ ਦੂਰ ਰਸੀ ਪ੍ਰਭਾਵ ਹੁੰਦੇ ਹਨ। ਇਸ ਲਈ ਹੱਲ ਤਲਾਸ਼ਣ ਦੀ ਲੋੜ ਹੈ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












