ਕੌਣ ਹਨ ਚੰਡੀਗੜ੍ਹ ਦੇ ਪੈਮ ਕੌਰ ਜੋ ਲੰਡਨ ਦੇ ਬੈਂਕ ਐੱਚਐੱਸਬੀਸੀ ਦੇ ਵੱਡੇ ਅਹੁਦੇ ਤੱਕ ਪਹੁੰਚੇ

ਪੈਮ ਕੌਰ

ਤਸਵੀਰ ਸਰੋਤ, HSBC

ਤਸਵੀਰ ਕੈਪਸ਼ਨ, ਪੈਮ ਕੌਰ ਦਾ ਅਸਲ ਨਾਮ ਮਨਵੀਨ ਕੌਰ ਹੈ।
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਲੰਡਨ ਦੇ ਮਸ਼ਹੂਰ ਬੈਂਕ ਐੱਚਐੱਸਬੀਸੀ (ਹਾਂਗਕਾਂਗ ਅਤੇ ਸ਼ੰਗਾਈ ਬੈਂਕਿੰਗ ਕਾਰਪੋਰੇਸ਼ਨ) ਨੇ ਪੈਮ ਕੌਰ ਨੂੰ ਆਪਣਾ ਮੁੱਖ ਵਿੱਤੀ ਅਫ਼ਸਰ (ਸੀਐੱਫ਼ਓ) ਨਿਯੁਕਤ ਕੀਤਾ ਹੈ। ਪੈਮ ਕੌਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੈ।

ਪੰਜਾਬੀ ਮੂਲ ਦੇ ਪੈਮ ਕੌਰ ਦੁਨੀਆਂ ਦੇ ਪ੍ਰਸਿੱਧ ਬੈਂਕਾਂ ਚੋਂ ਇੱਕ ਬੈਂਕ ਐਚਐੱਸਬੀਸੀ ਦੇ ਮੁੱਖ ਵਿੱਤੀ ਅਫ਼ਸਰ ਵਜੋਂ 1 ਜਨਵਰੀ 2025 ਤੋਂ ਆਪਣਾ ਅਹੁਦਾ ਸੰਭਾਲਣਗੇ।

ਐੱਚਐੱਸਬੀਸੀ ਦੇ 159 ਸਾਲ ਪੁਰਾਣੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਔਰਤ ਬੈਂਕ ਦੀ ਮੁੱਖ ਵਿੱਤੀ ਅਫ਼ਸਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਪੈਮ ਕੌਰ ਬਤੌਰ ਚੀਫ਼ ਰਿਸਕ ਅਧਿਕਾਰੀ ਕੰਮ ਕਰ ਰਹੇ ਸਨ।

ਲੰਡਨ ਵਿੱਚ ਅਹੁਦਾ ਸੰਭਾਲਣ ਵਾਲੇ ਪੈਮ ਕੌਰ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰ ਅੱਜ ਵੀ ਚੰਡੀਗੜ੍ਹ ਵਿੱਚ ਰਹਿੰਦੇ ਹਨ।

ਪੈਮ ਕੌਰ ਦਾ ਅਸਲ ਨਾਮ ਮਨਵੀਨ ਕੌਰ ਹੈ। ਉਹ ਆਪਣਾ ਪੂਰਾ ਨਾਮ ਮਨਵੀਨ ਪੈਮ ਕੌਰ ਹੀ ਲਿਖਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਚੰਡੀਗੜ੍ਹ ਦੇ ਮੁੰਡਿਆਂ ਦੇ ਕਾਲਜ ਤੋਂ ਕੀਤੀ ਪੜ੍ਹਾਈ

ਪੈਮ ਕੌਰ ਨੇ ਆਪਣੀ ਕਾਲਜ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ ਕਾਲਜ ਤੋਂ ਮੁਕੰਮਲ ਕੀਤੀ ਹੈ।

ਉਨ੍ਹਾਂ ਨੇ 1984 ਵਿੱਚ ਚੰਡੀਗੜ੍ਹ ਦੇ ਇੱਕ ਸਰਕਾਰੀ ਕਾਲਜ ਤੋਂ ਬੀ-ਕਾਮ (ਆਨਰਜ਼) ਦੀ ਡਿਗਰੀ ਹਾਸਲ ਕੀਤੀ ਹੈ।

ਜਿਸ ਕਾਲਜ ਤੋਂ ਪੈਮ ਕੌਰ ਨੇ ਬੀ-ਕਾਮ ਕੀਤੀ ਉਸ ਸਮੇਂ ਉਹ ਮੁੰਡਿਆਂ ਦੇ ਕਾਲਜ ਸੀ ਪਰ ਬੀ-ਕਾਮ ਦੇ ਕੋਰਸ ਵਿੱਚ ਗਿਣੀਆਂ-ਚੁਣੀਆਂ ਕੁੜੀਆਂ ਵੀ ਪੜ੍ਹਦੀਆਂ ਸਨ। ਪੈਮ ਕੌਰ ਵੀ ਉਨ੍ਹਾਂ ਵਿੱਚੋਂ ਇੱਕ ਸਨ।

ਇਸ ਤੋਂ ਬਾਅਦ ਪੈਮ ਕੌਰ ਨੇ ਫਾਇਨਾਂਸ ਵਿੱਚ ਐੱਮਬੀਏ ਕੀਤੀ ਹੈ।

ਪੈਮ ਕੌਰ ਦੱਸਦੇ ਹਨ,"ਭਾਰਤ ਵਿੱਚ ਮੈਂ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਵਿੱਚ ਹੀ ਗੁਜ਼ਾਰਿਆ ਹੈ। ਮੈਂ 1986 ਤੋਂ ਲੰਡਨ ਵਿੱਚ ਰਹਿ ਰਹੀ ਹਾਂ।”

“ਮੇਰੇ ਪਤੀ ਜਰਮਨ ਮੂਲ ਦੇ ਹਨ ਅਤੇ 40 ਸਾਲਾਂ ਤੋਂ ਬੈਂਕ ਵਿੱਚ ਹੀ ਕੰਮ ਕਰ ਰਹੇ ਹਨ।"

ਪੈਮ ਕੌਰ ਕਾਰਮਲ ਕਾਨਵੈਂਟ ਸਕੂਲ ਚੰਡੀਗੜ੍ਹ ਵਿੱਚ ਪੜ੍ਹੇ ਹਨ। ਉਹ ਸਕੂਲ ਵਿੱਚ ਹੈੱਡ ਗਰਲ ਵੀ ਰਹੇ ਹਨ।

10ਵੀਂ ਦੀ ਬੋਰਡ ਦੀ ਪ੍ਰੀਖਿਆ ਵਿੱਚ ਉਹ ਸਕੂਲ ਵਿੱਚ ਟਾਪਰ ਰਹੇ ਸਨ। ਪੈਮ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹਨ।

ਪੈਮ ਕੌਰ ਦੇ ਦੋਸਤ ਉਨ੍ਹਾਂ ਬਾਰੇ ਕੀ ਕਹਿੰਦੇ ਹਨ?

ਪੈਮ ਕੌਰ

ਤਸਵੀਰ ਸਰੋਤ, Pam Kaur/Linkedln

ਤਸਵੀਰ ਕੈਪਸ਼ਨ, ਪੈਮ ਕੌਰ ਸ਼ੁਰੂ ਤੋਂ ਹੀ ਦਲੇਰ ਸੁਭਾਅ ਦੇ ਸਨ

ਮਨਵੀਨ ਪੈਮ ਕੌਰ ਨਾਲ ਕਾਲਜ ਵਿੱਚ ਪੜ੍ਹਦੇ ਰਹੇ ਸੁਖਜੀਤ ਸਿੰਘ ਕਹਿੰਦੇ ਹਨ,"ਅਸੀਂ ਦੋ ਮਹੀਨੇ ਪਹਿਲਾਂ ਹੀ ਲੰਡਨ ਵਿੱਚ ਮਿਲੇ ਸੀ।”

“ਪੈਮ ਕਾਲਜ ਵਿੱਚ ਬਹੁਤ ਹੁਸ਼ਿਆਰ ਕੁੜੀ ਸੀ। ਉਹ ਹਰ ਇੱਕ ਨੂੰ ਖੁੱਲ੍ਹ ਕੇ ਬੁਲਾਉਂਦੇ ਸਨ।”

ਸੁਖਜੀਤ ਦੱਸਦੇ ਹਨ ਕਿ ਪੈਮ ਕਾਲਜ ਦੇ ਦਿਨ੍ਹਾਂ ਤੋਂ ਹੀ ਹੌਸਲੇ ਭਰੀ ਦਲੇਰ ਕੁੜੀ ਸੀ।

ਵੱਡੇ ਅਹੁਦਿਆਂ ’ਤੇ ਜ਼ਿੰਮੇਵਾਰੀ ਨਿਭਾਈ

ਪੈਮ ਕੌਰ

ਤਸਵੀਰ ਸਰੋਤ, Pam Kaur/Linkedln

ਪੈਮ ਕੌਰ ਦੀਆਂ ਪ੍ਰਾਪਤੀਆਂ ਬਾਰੇ ਐਚਐੱਸਬੀਸੀ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਇਸ ਮੁਤਾਬਕ ਉਨ੍ਹਾਂ ਨੂੰ ਜਨਵਰੀ 2020 ਵਿੱਚ ਗਰੁੱਪ ਚੀਫ਼ ਰਿਸਕ ਅਫ਼ਸਰ ਨਿਯੁਕਤ ਕੀਤਾ ਗਿਆ ਸੀ।

ਜੂਨ 2021 ਵਿੱਚ ਉਨ੍ਹਾਂ ਨੇ ਕੰਪਲਾਇੰਸ ਦੀ ਜ਼ਿੰਮੇਵਾਰੀ ਸੰਭਾਲੀ। ਉਹ ਗਰੁੱਪ ਮੈਨੇਜਿੰਗ ਡਾਇਰੈਕਟਰ ਅਤੇ ਗਰੁੱਪ ਅਗਜੈਕਟਿਵ ਕਮੇਟੀ ਦੀ ਮੈਂਬਰ ਹਨ।

ਮਨਵੀਨ ਪੈਮ ਕੌਰ ਅਪ੍ਰੈਲ 2013 ਵਿੱਚ ਐੱਚਐੱਸਬੀਸੀ ਨਾਲ ਜੁੜੇ ਸਨ। ਉਨ੍ਹਾਂ ਨੇ ਐੱਚਐੱਸਬੀਸੀ ਨਾਲ ਆਪਣਾ ਕਰੀਅਰ ਬਤੌਰ ਅੰਦਰੂਨੀ ਆਡਿਟ ਮੁਖੀ ਦੇ ਤੌਰ ਉੱਤੇ ਸ਼ੁਰੂ ਕੀਤਾ ਸੀ।

ਅਪ੍ਰੈਲ 2019 ਵਿੱਚ ਉਨ੍ਹਾਂ ਨੂੰ ਹੋਲਸੇਲ ਮਾਰਕਿਟ ਅਤੇ ਕਰੈਡਿਟ ਰਿਸਕ ਦੀ ਮੁਖੀ ਅਤੇ ਨਵੇਂ ਇੰਟਰਪ੍ਰਾਈਜ਼ ਵਾਈਡ ਨਾਨ ਫਾਇਨੈਸ਼ੀਅਲ ਰਿਸਕ ਫਾਰਮ ਦੀ ਚੇਅਰ ਨਿਯੁਕਤ ਕੀਤਾ ਗਿਆ।

ਉਨ੍ਹਾਂ ਨੇ ਏਰਨਸਟ ਅਤੇ ਯੰਗ ਵਿੱਚ ਚਾਰਟਰਡ ਅਕਾਊਂਟੈਂਟ ਵਜੋਂ ਕੰਮ ਕੀਤਾ ਅਤੇ ਉਸ ਮਗਰੋਂ ਸਿਟੀ ਬੈਂਕ ਵਿੱਚ ਚੀਫ ਕੰਪਲਾਈਂਸ ਅਫ਼ਸਰ ਵੀ ਰਹੇ।

ਐੱਚਐੱਸਬੀਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਚਐੱਸਬੀਸੀ ਦੇ 159 ਸਾਲ ਪੁਰਾਣੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਔਰਤ ਬੈਂਕ ਦੀ ਮੁੱਖ ਵਿੱਤੀ ਅਫ਼ਸਰ ਬਣ ਰਹੀ ਹੈ।

ਐੱਚਐੱਸਬੀਸੀ ਬੈਂਕ ਵਿੱਚ ਕੀ ਬਦਲਾਅ ਆਇਆ

ਹਾਲ ਹੀ ਵਿੱਚ ਐੱਚਐੱਸਬੀਸੀ ਦੇ ਨਵੇਂ ਬਣੇ ਸੀਈਓ ਜੌਰਜ ਏਲਹੇਡਰੀ ਨੇ ਆਪਣੀ ਨਿਯੁਕਤੀ ਤੋਂ ਤੁਰੰਤ ਬਾਅਦ ਐੱਚਐੱਸਬੀਸੀ ਬੈਂਕ ਦੇ ਢਾਂਚੇ ਵਿੱਚ ਅਹਿਮ ਬਦਲਾਅ ਲਿਆਉਣ ਸਬੰਦੀ ਐਲਾਨ ਕੀਤੇ ਹਨ।

ਨਵੇਂ ਬਣੇ ਸੀਈਓ ਜੌਰਜ ਏਲਹੇਡਰੀ ਪਹਿਲਾਂ ਪੈਮ ਕੌਰ ਨੂੰ ਮਿਲੇ ਚੀਫ਼ ਫਾਇਨੈਸ਼ੀਅਲ ਅਫ਼ਸਰ ਦੇ ਅਹੁਦੇ ਉੱਤੇ ਤੈਨਾਤ ਸਨ।

ਏਲਹੇਡਰੀ ਕਹਿੰਦੇ ਹਨ, "ਉਹ ਆਪਣੀ ਪੂਰੀ ਸਮਰੱਥਾ ਦਾ ਪ੍ਰਯੋਗ ਕਰਨਾ ਚਾਹੁੰਦੇ ਹਨ ਅਤੇ ਭਵਿੱਖ ਵਿੱਚ ਸਫਲਤਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।”

“ਨਵੀਆਂ ਯੋਜਨਾਵਾਂ ਤਹਿਤ ਐੱਚਐੱਸਬੀਸੀ ਬੈਂਕ ਯੂਕੇ ਅਤੇ ਹਾਂਗਕਾਂਗ ਵਿੱਚ ਨਵੀਆਂ ਕਾਰੋਬਾਰ ਇਕਾਈਆਂ ਬਣਾਵੇਗਾ।"

ਇਹ ਤਬਦੀਲੀਆਂ 2025 ਤੋਂ ਲਾਗੂ ਕੀਤੀਆਂ ਜਾਣਗੀਆਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)