ਰਾਣੀ ਰਾਮਪਾਲ ਰਿਟਾਇਰ ਹੋਏ: ਜਦੋਂ ਭਾਰਤੀ ਹਾਕੀ ਦੀ ‘ਰਾਣੀ’ ਘੜੀ ਨਾ ਹੋਣ ਕਾਰਨ ਤਾਰਿਆਂ ਨੂੰ ਦੇਖ ਕੇ ਮੈਦਾਨ ਪਹੁੰਚਦੀ ਸੀ

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਣੀ ਦੀ 2012 ਓਲੰਪਿਕਸ ਦੀ ਤਸਵੀਰ
    • ਲੇਖਕ, ਸੌਰਭ ਦੁੱਗਲ
    • ਰੋਲ, ਸੀਨੀਅਰ ਖੇਡ ਪੱਤਰਕਾਰ

ਅੱਜ ਤੋਂ 16 ਸਾਲ ਪਹਿਲਾਂ ਸਾਲ 2008 ਦੇ ਬੀਜਿੰਗ ਓਲੰਪਿਕ ਲਈ ਕੁਆਲੀਫ਼ਾਇਰ ਮੁਕਾਬਲਿਆਂ ਰਾਹੀਂ ਇੱਕ 14 ਸਾਲਾ ਕੁੜੀ ਨੇ ਭਾਰਤੀ ਹਾਕੀ ਵਿੱਚ ਪੈਰ ਰੱਖਿਆ ਸੀ।

ਰਾਣੀ ਰਾਮਪਾਲ ਨਾਮ ਦੀ ਇਸ ਕੁੜੀ ਨੇ ਹੁਣ ਪੇਸ਼ਵਰ ਕੌਮਾਂਤਰੀ ਹਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ।

ਵਿਦਾਇਗੀ ਸਮਾਗਮ ਇੰਡੀਅਨ ਹਾਕੀ ਵੱਲੋਂ ਭਾਰਤ ਬਨਾਮ ਜਰਮਨੀ ਦੀ ਦੁਵੱਲੀ ਲੜੀ ਤੋਂ ਬਾਅਦ ਮੇਜਰ ਧਿਆਨ ਚੰਦ ਸਟੇਡੀਅਮ, ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਹੋਇਆ।

ਇਸ ਨਾਲ ਹੀ ਰਾਣੀ ਭਾਰਤ ਦੀ ਪਹਿਲੀ ਹਾਕੀ ਖਿਡਾਰਨ ਵੀ ਬਣ ਗਏ ਹਨ ਜਿਨ੍ਹਾਂ ਨੇ ਇੰਨੇ ਵੱਡੇ ਸਮਾਗਮ ਵਿੱਚ ਆਪਣੀ ਸੇਵਾ-ਮੁਕਤੀ ਦਾ ਐਲਾਨ ਕੀਤਾ ਹੈ।

ਬੀਬੀਸੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਰਾਣੀ ਆਪਣੀ ਸੇਵਾਮੁਕਤੀ ਬਾਰੇ ਬੋਲੇ, “ਇਸ ਤੋਂ ਵੱਧ ਕੇ ਕੋਈ ਖਿਡਾਰੀ ਕੀ ਮੰਗ ਸਕਦਾ ਹੈ ਕਿ ਉਹ ਆਪਣੀ ਰਿਟਾਇਰਮੈਂਟ ਦਾ ਐਲਾਨ ਹਾਕੀ ਦੇ ਮੈਦਾਨ ਵਿੱਚ ਖੜ੍ਹੇ ਹੋ ਕੇ ਹੀ ਕਰੇ, ਉਹ ਥਾਂ ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦੀ ਹਾਂ।”

“ਮੈਂ ਹਾਕੀ ਇੰਡੀਆ ਦੀ ਧੰਨਵਾਦੀ ਹਾਂ ਅਤੇ ਮੈਂ ਆਪਣੇ ਮਾਪਿਆਂ, ਕੋਚ ਬਲਦੇਵ ਸਰ ਦਾ ਮੇਰੇ ਹਾਕੀ ਦੇ ਸਫ਼ਰ ਵਿੱਚ ਪਾਏ ਯੋਗਦਾਨ ਲਈ ਹਮੇਸ਼ਾ ਰਿਣੀ ਰਹਾਂਗੀ। ਉਨ੍ਹਾਂ ਤੋਂ ਬਿਨਾਂ, ਹਾਕੀ ਦਾ ਮੇਰਾ ਸਫ਼ਰ ਸ਼ੁਰੂ ਹੀ ਨਾ ਹੋਇਆ ਹੁੰਦਾ। ਹੁਣ ਮੈਂ ਖੇਡ ਦੇ ਭਵਿੱਖੀ ਸਿਤਾਰਿਆਂ ਦੀ ਅਗਵਾਈ ਕਰਨ ਉੱਤੇ ਧਿਆਨ ਦੇਵਾਂਗੀ।”

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰਾਣੀ ਦੀ ਭਵਿੱਖੀ ਯੋਜਨਾ

ਰਾਣੀ ਨਾਲ ਜੇਐੱਸਡਬਲਿਊ ਨੇ ਆਪਣੇ ਸੂਰਮ ਹਾਕੀ ਕਲੱਬ ਲਈ ਕਰਾਰ ਕਰ ਲਿਆ ਹੈ।

ਜੋ ਕਿ ਆਉਣ ਵਾਲੀਆਂ ਹਾਕੀ ਲੀਗਜ਼ ਦਾ ਹਿੱਸਾ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਭਾਰਤ ਵਿੱਚ ਮਹਿਲਾ ਹਾਕੀ ਲੀਗ ਹੋਣ ਜਾ ਰਹੀ ਹੈ।

ਰਾਣੀ ਨੇ ਆਪਣੇ ਅਹਿਸਾਸ ਜ਼ਾਹਰ ਕਰਦਿਆਂ ਕਿਹਾ ਸੀ, “ਇੱਕ ਖਿਡਾਰੀ ਵਜੋਂ ਹਾਕੀ ਨੂੰ ਅਲਵਿਦਾ ਕਹਿਣਾ ਮੇਰੇ ਲਈ ਇੱਕ ਮਿਲੀ-ਜੁਲੀ ਭਾਵਨਾ ਹੈ ਪਰ ਸੰਘ ਦੇ ਨਾਲ ਮੇਰਾ ਰਿਸ਼ਤਾ ਮੇਰੀ ਨਵੀਂ ਭੂਮਿਕਾ ਵਿੱਚ ਜਾਰੀ ਰਹੇਗਾ।”

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੋਕੀਓ ਓਲੰਪਿਕ ਤੋਂ ਬਾਅਦ ਹਰਿਆਣਾ ਸਰਕਾਰ ਵਲੋਂ ਰਾਣੀ ਰਾਮਪਾਲ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ

ਸਾਲ 2020 ਦੇ ਟੋਕੀਓ ਓਲੰਪਿਕ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਹੁਣ ਤੱਕ ਦੇ ਆਪਣੇ ਸਰਬ-ਉੱਤਮ ਪ੍ਰਦਰਸ਼ਨ ਨਾਲ ਚੌਥੇ ਸਥਾਨ ਉੱਤੇ ਆਈ ਸੀ। ਰਾਣੀ ਉਸ ਟੀਮ ਦੇ ਕਪਤਾਨ ਸਨ।

“ਖਿਡਾਰੀ ਵਜੋਂ ਬਹੁਤ ਸਾਰੇ ਉਤਰਾ-ਚੜ੍ਹਾਅ ਦੇਖੇ ਹਨ। ਕੁਝ ਦਾ ਤੁਸੀਂ ਅਨੰਦ ਮਾਣਦੇ ਹੋ ਅਤੇ ਕਈ ਤੁਹਾਡੇ ਲਈ ਸਬਕ ਹੁੰਦੇ ਹਨ।”

“ਟੋਕੀਓ ਓਲੰਪਿਕ ਵਿੱਚ ਪੋਡੀਅਮ ਤੱਕ ਨਾ ਪਹੁੰਚ ਸਕਣਾ ਉਹ ਪਲ ਸੀ ਜੋ ਜਦੋਂ ਵੀ ਯਾਦ ਆਏਗਾ ਤਾਂ ਮੇਰੀਆਂ ਅੱਖਾਂ ਵਿੱਚ ਪਾਣੀ ਜ਼ਰੂਰ ਭਰੇਗਾ।”

2016 ਦੀਆਂ ਰੀਓ ਅਤੇ ਫਿਰ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਜਾਣ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣੀ ਥਾਂ ਨਹੀਂ ਬਣਾ ਸਕੀ ਸੀ।

ਭਾਰਤੀ ਮਹਿਲਾ ਹਾਕੀ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਕਿਹਾ, “ਉਤਰਾਅ-ਚੜ੍ਹਾਅ ਖੇਡ ਦਾ ਹਿੱਸਾ ਹਨ। ਟੋਕੀਓ ਵਿੱਚ ਚੌਥੇ ਸਥਾਨ ਉੱਤੇ ਰਹਿਣ ਮਗਰੋਂ ਪੈਰਿਸ ਓਲੰਪਿਕ 2024 ਵਿੱਚ ਭਾਰਤੀ ਮਹਿਲਾ ਹਾਕੀ ਤੋਂ ਹਰ ਕਿਸੇ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ। ਪਰ ਬਦਕਿਸਮਤੀ ਨਾਲ ਸਾਡੀ ਟੀਮ ਕੁਆਲੀਫਾਈ ਨਹੀਂ ਕਰ ਸਕੀ।”

ਉਹ ਕਹਿੰਦੇ ਹਨ, “ਮੈਨੂੰ ਭਰੋਸਾ ਹੈ ਕਿ ਸਾਡੀ ਟੀਮ ਵਾਪਸੀ ਕਰੇਗੀ ਅਤੇ ਅਸੀਂ ਆਪਣੀਆਂ ਨਜ਼ਰਾਂ ਲਾਸ ਏਂਜਲਸ ਓਲੰਪਿਕ 2028 ਉੱਤੇ ਟਿਕਾ ਲਈਆਂ ਹਨ।”

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਣੀ ਮੰਨਦੇ ਹਨ ਕਿ ਉਨ੍ਹਾਂ ਦੇ ਔਖੇ ਸਮੇਂ ਨੇ ਹੀ ਉਨ੍ਹਾਂ ਦੀ ਕਾਮਯਾਬੀ ਦੀ ਨੀਂਹ ਰੱਖੀ

ਸ਼ਾਹਬਾਦ ਤੋਂ ਚਮਕ-ਦਮਕ ਤੱਕ

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਣੀ ਰਾਮਪਾਲ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ

ਰੇਹੜੀ ਚਲਾਉਣ ਵਾਲੇ ਦੀ ਧੀ, ਰਾਣੀ ਨੇ ਆਪਣਾ ਖੇਡ ਸਫ਼ਰ ਦਰੋਣਾਚਾਰੀਆ ਅਵਾਰਡੀ ਕੋਚ ਬਲਦੇਵ ਸਿੰਘ ਦੀ ਨਿਗਰਾਨੀ ਵਿੱਚ ਸ਼ਾਹਬਾਦ ਤੋਂ ਸ਼ੁਰੂ ਕੀਤਾ ਸੀ।

ਅਰਜੁਨ ਐਵਾਰਡ ਨਾਲ ਸਨਮਾਨਤ ਰਾਣੀ ਨੇ ਯਾਦ ਕੀਤਾ, “ਜਦੋਂ ਮੈਂ 2002 ਵਿੱਚ ਸ਼ਾਹਬਾਦ ਵਿੱਚ ਹਾਕੀ ਅਕੈਡਮੀ ਵਿੱਚ ਦਾਖਲ ਹੋਣ ਗਈ ਤਾਂ ਬਲਦੇਵ ਸਰ ਨੇ ਪਹਿਲਾਂ ਤਾਂ ਮੈਨੂੰ ਲੈਣ ਤੋਂ ਇਨਕਾਰ ਕਰ ਦਿੱਤਾ।”

“ਮੈਨੂੰ ਲੱਗਿਆ ਮੈਂ ਕਦੇ ਵੀ ਹਾਕੀ ਨਹੀਂ ਸਿੱਖ ਸਕਾਂਗੀ ਅਤੇ ਮੈਦਾਨ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਵਾਸਤੇ ਬੰਦ ਹੋ ਗਏ ਸਨ। ਲੇਕਿਨ ਇਹ ਇੱਕ ਸਧਾਰਨ ਡਰਿੱਲ ਸੀ ਜੋ ਸਰ ਲਗਭਗ ਹਰ ਨਵੇਂ ਆਉਣ ਵਾਲੇ ਨਾਲ ਕਰਦੇ ਸਨ।”

ਰਾਣੀ ਨੇ ਦੱਸਿਆ,“ਉਹ ਦੇਖਣਾ ਚਾਹੁੰਦੇ ਸਨ, ਕੀ ਨਵੇਂ ਖਿਡਾਰੀ ਦੀ ਵਾਕਈ ਹਾਕੀ ਵਿੱਚ ਦਿਲਚਸਪੀ ਹੈ ਅਤੇ ਉਹ ਖੇਡ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣ ਦਾ ਇੱਛੁਕ ਹੈ ਜਾਂ ਇਸ ਨੂੰ ਇੱਕ ਗਰਮੀਆਂ ਦੇ ਸ਼ੌਂਕ ਵਜੋਂ ਦੇਖ ਰਿਹਾ ਹੈ।”

ਰਾਣੀ ਇੱਕ ਗਰੀਬ ਪਿਛੋਕੜ ਤੋਂ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।

ਉਹ ਦੱਸਦੇ ਹਨ,“ਮੇਰੇ ਅਜੇ ਵੀ ਯਾਦ ਹੈ ਕਿ ਜਦੋਂ ਆਖਰ ਮੇਰਾ ਹਾਕੀ ਅਕੈਡਮੀ ਵਿੱਚ ਦਾਖਲਾ ਹੋਇਆ ਸੀ, ਮੇਰੀ ਸਭ ਤੋਂ ਵੱਡੀ ਫਿਕਰ ਮੇਰੀ ਗਰੀਬੀ ਸੀ।”

“ਰੇਹੜੀ ਚਲਾਉਣ ਵਾਲੇ ਦੀ ਧੀ ਹੋਣ ਦੇ ਨਾਤੇ, ਸਾਡੇ ਕੋਲ ਬਹੁਤ ਸੀਮਤ ਵਸੀਲੇ ਸਨ। ਹਾਕੀ ਸਟਿਕ ਖ਼ਰੀਦਣਾ ਅਤੇ ਖੇਡਾਂ ਵਿੱਚ ਨਿਵੇਸ਼ ਕਰਨ ਦਾ ਸੋਚਣਾ ਅਤੇ ਖ਼ਾਸ ਕਰਕੇ ਪ੍ਰੋਟੀਨ ਵਾਲੀ ਖੁਰਾਕ ਲੈਣਾ, ਇੱਕ ਦੂਰ ਦਾ ਸੁਫ਼ਨਾ ਸੀ। ਪਰ ਬਲਦੇਵ ਸਰ ਮੇਰੇ ਲਈ ‘ਇੱਕ ਫਰਿਸ਼ਤਾ’ ਬਣ ਕੇ ਆਏ।”

ਸਾਲ 2002 ਤੋਂ ਜਦੋਂ ਉਨ੍ਹਾਂ ਨੇ ਸ਼ਾਹਬਾਦ ਸੈਂਟਰ ਜੁਆਇਨ ਕੀਤਾ ਤਾਂ ਸਾਲ 2004 ਤੱਕ ਉਹ ਸੀਨੀਅਰ ਹਾਕੀ ਖਿਡਾਰੀਆਂ ਵੱਲੋਂ ਦਿੱਤੀ ਗਈ ਹਾਕੀ ਨਾਲ ਖੇਡਦੇ ਰਹੇ।

ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਿੱਚ ਮੁਲਾਜ਼ਮ ਰਾਣੀ ਨੇ ਦੱਸਿਆ, “ਫਿਰ ਮੇਰੀ ਖੇਡ ਤੋਂ ਪ੍ਰਭਾਵਿਤ ਹੋ ਕੇ, ਸਰ ਨੇ ਮੈਨੂੰ ਇੱਕ ਨਵੀਂ ਹਾਕੀ ਲੈ ਕੇ ਦਿੱਤੀ। ਇਹ ਮੇਰੇ ਹਾਕੀ ਸਫ਼ਰ ਦਾ ਅਹਿਮ ਮੋੜ ਸੀ। ਇਸ ਨਾਲ ਸਫ਼ਲਤਾ ਦੀ ਮੇਰੀ ਭੁੱਖ ਕਈ ਗੁਣਾਂ ਵੱਧ ਗਈ।”

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਣੀ ਰਾਮਪਾਲ ਹੁਣ ਨਵੇਂ ਦੌਰ ਦੇ ਖਿਡਾਰੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨਾ ਚਾਹੁੰਦੇ ਹਨ

ਰਾਣੀ ਦੀ ਸਬ ਜੂਨੀਅਰ ਤੋਂ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਟੀਮ ਤੱਕ ਸਫ਼ਰ ਸੌਖਾ ਸੀ ਪਰ ਇਸ ਵਿੱਚ ਅਣਗਿਣਤ ਘੰਟਿਆਂ ਦੀ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਸ਼ਾਮਲ ਸਨ।

ਉਹ 2013 ਦਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੇ ਵੀ ਮੈਂਬਰ ਰਹੇ ਹਨ।

ਰਾਣੀ ਦੱਸਦੇ ਹਨ, “ਸਾਲ 2008 ਵਿੱਚ ਮੈਂ ਕੌਮਾਂਤਰੀ ਸ਼ੁਰੂਆਤ ਬੀਜਿੰਗ ਓਲੰਪਿਕ ਦੇ ਕੁਆਲੀਫਾਇਰ ਮੁਕਾਬਲਿਆਂ ਤੋਂ ਕੀਤੀ। ਉਸ ਸਮੇਂ ਮੈਨੂੰ ਕੁਝ ਪਤਾ ਨਹੀਂ ਸੀ ਕਿ ਓਲੰਪਿਕਸ ਦਾ ਖਿਡਾਰੀ ਲਈ ਕੀ ਮਹੱਤਵ ਹੈ।”

“ਲੇਕਿਨ ਜਦੋਂ ਅਸੀਂ ਕੁਆਲੀਫਾਇਰ ਹਾਰ ਗਏ ਅਤੇ ਮੈਂ ਆਪਣੇ ਸੀਨੀਅਰਾਂ ਦੇ ਮਾਯੂਸ ਚਿਹਰੇ ਦੇਖੇ ਤਾਂ ਮੈਨੂੰ ਸਮਝ ਆਇਆ ਕਿ ਅਸੀਂ ਕੀ ਖੁੰਝਾ ਦਿੱਤਾ ਸੀ। ਉਦੋਂ ਹੀ ਮੈਂ ਆਪਣਾ ਅਗਲਾ ਨਿਸ਼ਾਨਾ ਓਲੰਪਿਕ ਵਿੱਚ ਹਿੱਸਾ ਲੈਣ ਦਾ ਮਿੱਥ ਲਿਆ।”

ਰਾਣੀ ਨੂੰ ਆਪਣਾ ਓਲੰਪਿਕ ਦਾ ਸੁਫ਼ਨਾ ਪੂਰਾ ਕਰਨ ਵਿੱਚ ਅੱਠ ਸਾਲ ਹੋਰ ਲੱਗ ਗਏ।

ਸਾਲ 2016 ਦੇ ਰੀਓ ਓਲੰਪਿਕ ਲਈ ਕੁਆਲੀਫਾਈ ਕਰ ਜਾਣ ਦੀ ਅਹਿਮੀਅਤ ਸਮਝਾਉਂਦੇ ਹੋਏ, ਉਹ ਦੱਸਦੇ ਹਨ, “ਆਖਰੀ ਵਾਰ ਭਾਰਤੀ ਮਹਿਲਾ ਹਾਕੀ ਟੀਮ ਨੇ 1980 ਦੇ ਮਾਸਕੋ ਓਲੰਪਿਕ ਖੇਡੇ ਸਨ।”

ਸ਼ਾਹਬਾਦ ਦੇ ਕੋਚ ਵਜੋਂ ਮਸ਼ਹੂਰ ਬਲਦੇਵ ਸਿੰਘ ਨੇ ਕਿਹਾ, “ਕੋਈ ਕੋਚ ਆਪਣੇ ਵਿਦਿਆਰਥੀ ਲਈ ਸਫ਼ਲਤਾ ਤੋਂ ਜ਼ਿਆਦਾ ਹੋਰ ਕੀ ਇੱਛਾ ਰੱਖ ਸਕਦਾ ਹੈ? ਰਾਣੀ ਭਾਰਤੀ ਹਾਕੀ ਟੀਮ ਦੀ ਸਟਾਰ ਰਹੀ ਹੈ ਅਤੇ ਮੈਨੂੰ ਉਮੀਦ ਹੈ ਉਹ ਮੈਂਟੋਰ ਦੀ ਆਪਣੀ ਨਵੀਂ ਭੂਮਿਕਾ ਵਿੱਚ ਵੀ ਸਫ਼ਲ ਹੋਵੇਗੀ। ਆਪਣੀ ਮਿਹਨਤ ਅਤੇ ਅਨੁਸ਼ਾਸਨ ਦੇ ਨਾਲ ਰਾਣੀ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਆਪਣਾ ਨਾਮ ਬਣਾਇਆ ਹੈ।”

ਬਲਦੇਵ ਸਿੰਘ ਦੀ ਸੈਂਕੜੇ ਹਾਕੀ ਖਿਡਾਰਨਾਂ ਦੇ ਖੇਡ ਜੀਵਨ ਵਿੱਚ ਅਹਿਮ ਭੂਮਿਕਾ ਰਹੀ ਹੈ।

ਸੰਘਰਸ਼ ਤੋਂ ਸਫ਼ਲਤਾ ਤੱਕ ਦਾ ਸਫ਼ਰ

ਦੇਸ਼ ਦਾ ਸਰਵਉੱਚ ਖੇਡ ਸਨਮਾਨ, ਖੇਡ ਰਤਨ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਹਾਕੀ ਖਿਡਾਰਨ, ਰਾਣੀ ਰਾਮਪਾਲ ਦਾ ਸਫ਼ਰ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ।

ਰਾਣੀ ਆਰਥਿਕ ਪੱਖੋਂ ਇੱਕ ਸਧਾਰ ਪਰਿਵਾਰ ਨਾਲ ਸਬੰਧਿਤ ਹੈ। ਜਿੱਥੇ ਰੋਜ਼ ਦੀ ਰੋਟੀ ਦਾ ਪ੍ਰਬੰਧ ਵੀ ਸਾਰੇ ਪਰਿਵਾਰ ਲਈ ਇੱਕ ਸੰਘਰਸ਼ ਹੀ ਸੀ।

ਉਹ ਜਿਸ ਹਾਲਾਤ ਵਿੱਚ ਵੱਡੇ ਹੋ ਰਹੇ ਸਨ ਉਸ ਉੱਤੇ ਕੌਮਾਂਤਰੀ ਮੰਚ ਉੱਤੇ ਹਾਕੀ ਖੇਡਣ ਦਾ ਸੁਫ਼ਨਾ ਲੈਣਾ ਵੀ ਅਸੰਭਵ ਜਿਹਾ ਜਾਪਦਾ ਸੀ।

ਹਾਲਾਂਕਿ, ਰਾਣੀ ਨੇ ਆਪਣੇ ਪਰਿਵਾਰ ਦੀਆਂ ਆਰਥਿਕ ਤੰਗੀਆਂ ਨੂੰ ਉਨ੍ਹਾਂ ਦੀ ਤਰੱਕੀ ਦੇ ਰਾਹ ਵਿੱਚ ਨਹੀਂ ਆਉਣ ਦਿੱਤਾ।

ਕਦੇ ਮਾਪਿਆਂ ਨਾਲ ਇੱਕ ਝੌਂਪੜੀ ਵਿੱਚ ਰਹਿਣ ਵਾਲੀ ਰਾਣੀ ਨੇ ਆਪਣੇ ਮਾਪਿਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਦੋ ਮੰਜ਼ਿਲਾ ਘਰ ਤੋਹਫ਼ੇ ਵਿੱਚ ਦਿੱਤਾ। ਇਹ ਸਭ ਉਸ ਦੀ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਸੀ।

ਹੁਣ ਮਹਿੰਗੇ ਇਲੈਕਟ੍ਰਾਨਿਕ ਗੈਜ਼ਟਸ ਨਾਲ ਖੇਡਣ ਵਾਲੀ ਰਾਣੀ ਨੇ ਐਪਲ ਦੀ ਘੜੀ ਲਾਈ ਹੋਈ ਹੈ ਪਰ ਉਸ ਨੇ ਉਹ ਦੌਰ ਵੀ ਦੇਖਿਆ ਜਦੋਂ ਸਵੇਰ ਦੇ ਸਿਖਲਾਈ ਸੈਸ਼ਨਾਂ ਲਈ ਜਾਗਣ ਲਈ ਅਸਮਾਨ ਵਿੱਚ ਤਾਰਿਆਂ ਦੀ ਵਰਤੋਂ ਕਰਦੀ ਸੀ।

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਆਪਣੀ ਹਾਕੀ ਨਾਲ ਜਲਵਾ ਦਿਖਾਉਂਦੀ ਹੋਈ ਰਾਣੀ ਰਾਮਪਾਲ

ਇੱਕ ਕਹਾਣੀ ਬੇਹੱਦ ਪ੍ਰੇਰਣਾਦਾਇਕ ਹੈ

ਰਾਣੀ ਮਾੜੀ ਫਿਟਨੈੱਸ ਦੇ ਸਮੇਂ ਨੂੰ ਯਾਦ ਕਰਦੇ ਕਹਿੰਦੇ ਹਨ,“ਕੋਚ ਨੇ ਮੈਨੂੰ ਸਾਰਿਆਂ ਦੇ ਸਾਹਮਣੇ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਭਾਰਤ ਲਈ ਨਹੀਂ ਖੇਡ ਸਕਾਂਗੀ।"

"ਉਸ ਸਮੇਂ, ਸਾਡੇ ਕੋਲ ਸੀਮਤ ਸਾਧਨ ਸਨ। ਇੱਕ ਅਥਲੀਟ ਲਈ ਲੋੜੀਂਦੀ ਪੌਸ਼ਟਿਕ ਖੁਰਾਕ ਦੇ ਮੁਕਾਬਲੇ, ਮੇਰੀ ਖੁਰਾਕ ਬਹੁਤ ਸਾਦੀ ਸੀ।"

“ਮੈਂ ਕੁਪੋਸ਼ਣ ਦਾ ਸ਼ਿਕਾਰ ਸੀ। ਮੇਰਾ ਵਜ਼ਨ ਸਿਰਫ਼ 36 ਕਿਲੋ ਸੀ।"

“ਪਰ ਮੇਰਾ ਇਸ ਤਰ੍ਹਾਂ ਕੈਂਪ ਤੋਂ ਵਾਪਸ ਆਉਣਾ ਬਾਅਦ ਵਿੱਚ ਮੇਰੇ ਲਈ ਇੱਕ ਵਰਦਾਨ ਸਾਬਤ ਹੋਇਆ। ਉਸ ਤੋਂ ਬਾਅਦ, ਮੈਂ ਬਹੁਤ ਸਖ਼ਤ ਮਿਹਨਤ ਕੀਤੀ ਅਤੇ ਸ਼ਾਹਬਾਦ ਸੈਂਟਰ ਵਿੱਚਲੇ ਸਾਡੇ ਕੋਚ ਬਲਦੇਵ ਸਰ ਦੇ ਸਹਿਯੋਗ ਨਾਲ, ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।"

“ਮੈਨੂੰ ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ 'ਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ।''

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੌਮੀ ਖੇਡ ਸਨਮਾਨਾਂ ਦੌਰਾਨ ਰਾਣੀ ਰਾਮਪਾਲ

ਰਾਣੀ ਦਾ ਹੈਰਾਨੀਜਨਕ ਖੇਡ ਕਰੀਅਰ

ਰਾਣੀ ਦੇ ਖੇਡ ਕਰੀਅਰ ਦੀਆਂ ਪ੍ਰਾਪਤੀਆਂ ਬੇਹੱਦ ਅਸਾਧਾਰਨ ਹਨ।

ਉਸ ਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ ਅਤੇ ਓਡੀਸ਼ਾ ਵਿੱਚ ਓਲੰਪਿਕ ਕੁਆਲੀਫ਼ਾਈ ਮੈਚ ਵਿੱਚ ਅਮਰੀਕਾ ਖ਼ਿਲਾਫ਼ ਆਖਰੀ ਮਿੰਟ ਵਿੱਚ ਇੱਕ ਅਹਿਮ ਗੋਲ ਦਾਗ਼ਿਆ।

2020 ਟੋਕੀਓ ਓਲੰਪਿਕ ਵਿੱਚ ਭਾਰਤ ਦੀ ਥਾਂ ਪੱਕੀ ਕਰਨ ਵਿੱਚ ਰੋਲ ਨਿਭਾਇਆ। ਭਾਰਤ ਇਸ ਵੱਕਾਰੀ ਮੁਕਾਬਲੇ ਲਈ ਲਗਾਤਾਰ ਦੂਜੀ ਵਾਰ ਯੋਗ ਹੋਇਆ ਸੀ।

ਰਾਣੀ ਦੀ ਕਹਾਣੀ ਮਜ਼ਬੂਤ ਇਰਾਦੇ ਅਤੇ ਦ੍ਰਿੜਤਾ ਦੀ ਹੈ ਅਤੇ ਉਹ ਹਾਕੀ ਖਿਡਾਰੀਆਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)