ਰਾਣੀ ਰਾਮਪਾਲ : ਭਾਰਤ ਨੂੰ ਹਾਕੀ 'ਚ ਓਲੰਪਿਕ ਦਾ ਟਿਕਟ ਦੁਆਉਣ ਵਾਲੀ ਮਜ਼ਦੂਰ ਦੀ ਧੀ ਦੇ ਸੰਘਰਸ਼ ਦੀ ਕਹਾਣੀ

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰਫਾਈਨਲ ਮੁਕਾਬਲੇ ਵਿੱਚ ਆਸਟੇਰਲੀਆ ਦੀ ਟੀਮ ਨੂੰ ਹਰਾ ਕੇ ਓਲੰਪਿਕ ਦੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਦੋ ਗੇੜ ਦੇ ਮੁਕਾਬਲਿਆਂ ਵਿੱਚ ਅਮਰੀਕੀ ਟੀਮ ਨੂੰ ਗੋਲ ਦੇ ਅੰਤਰ ਦੇ ਅਧਾਰ 'ਤੇ ਹਰਾ ਕੇ ਟੋਕਿਓ ਓਲੰਪਿਕ 'ਚ ਆਪਣੀ ਥਾਂ ਪੱਕੀ ਕੀਤੀ ਸੀ।

ਅਮਰੀਕੀ ਟੀਮ ਨੂੰ ਓਲੰਪਿਕ ਦਾ ਟਿਕਟ ਹਾਸਿਲ ਕਰਨ ਲਈ ਸਿਰਫ਼ ਇੱਕ ਗੋਲ ਦੀ ਲੋੜ ਸੀ, ਪਰ ਖੇਡ ਦੇ 48ਵੇਂ ਮਿੰਟ ਵਿੱਚ ਭਾਰਤ ਦੀ ਕਪਤਾਨ ਰਾਣੀ ਰਾਮਪਾਲ ਨੂੰ ਡੀ ਵਿੱਚ ਗੇਂਦ ਮਿਲੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਗੋਲਕੀਪਰ ਨੂੰ ਚਕਮਾ ਦਿੰਦਿਆਂ ਗੋਲ ਕਰ ਦਿੱਤਾ।

ਬੱਸ ਇਹੀ ਗੋਲ ਭਾਰਤੀ ਟੀਮ ਲਈ ਵਰਦਾਨ ਸਾਬਿਤ ਹੋਇਆ। ਹਰਿਆਣਾ ਦੀ ਰਾਣੀ ਰਾਮਪਾਲ ਹਾਕੀ ਟੀਮ ਦੀ ਕੈਪਟਨ ਹੈ।

2 ਸਾਲ ਪਹਿਲਾਂ 2017 ਵਿੱਚ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਆਈ ਸੀ ਤਾਂ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਰਾਣੀ ਰਾਮਪਾਲ ਨਾਲ ਹੋਈ ਗੱਲਬਾਤ ਦੇ ਕੁਝ ਖ਼ਾਸ ਅੰਸ਼, ਉਨ੍ਹਾਂ ਦੀ ਹੀ ਜ਼ੁਬਾਨੀ।

ਇਹ ਵੀ ਪੜ੍ਹੋ:

ਸੰਘਰਸ਼ ਭਰਿਆ ਤੇ ਲਾਜਵਾਬ ਸਫ਼ਰ

ਹੁਣ ਤੱਕ ਦਾ ਮੇਰਾ ਸਫ਼ਰ ਬੇਹੱਦ ਸੰਘਰਸ਼ ਭਰਿਆ ਤੇ ਲਾਜਵਾਬ ਵੀ ਰਿਹਾ ਹੈ ਕਿਉਂਕਿ ਜ਼ਿੰਦਗੀ 'ਚ ਕਈ ਉਤਾਰ-ਚੜ੍ਹਾਅ ਆਉਂਦੇ ਹਨ।

ਮੈਂ 7 ਸਾਲ ਦੀ ਉਮਰ ਵਿੱਚ ਕੋਚ ਦ੍ਰੋਣਾਚਾਰਿਆ ਐਵਾਰਡੀ ਬਲਦੇਲ ਸਿੰਘ ਦੇ ਅੰਡਰ ਹਾਕੀ ਖੇਡਣੀ ਸ਼ੁਰੂ ਕੀਤੀ ਸੀ।

ਉਸ ਵੇਲੇ ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ ਕਿਉਂਕਿ ਉਦੋਂ ਹਰਿਆਣਾ ਵਿੱਚ ਕੁੜੀਆਂ ਨੂੰ ਇੰਨੀ ਅਹਿਮੀਅਤ ਨਹੀਂ ਮਿਲਦੀ ਸੀ, ਜਿੰਨੀ ਹੁਣ ਮਿਲਦੀ ਹੈ।

ਉਦੋਂ ਕੁੜੀਆਂ ਨੂੰ ਘਰ ਤੱਕ ਸੀਮਤ ਸਮਝਿਆ ਜਾਂਦਾ ਸੀ ਤੇ ਮੇਰੇ ਲਈ ਇਹ ਇੱਕ ਚੁਣੌਤੀ ਸੀ।

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕਿਵੇਂ ਬਦਲੀ ਆਸਟ੍ਰੇਲੀਆ ਟੀਮ ਦੀ ਖੇਡ ਸਟ੍ਰੈਟਜੀ

ਸਾਡੇ ਰਿਸ਼ਤੇਦਾਰ, ਗੁਆਂਢੀ ਬੜੇ ਹੈਰਾਨ ਹੋ ਕੇ ਪੁੱਛਦੇ ਸੀ ਕਿ ਤੁਸੀਂ ਕੁੜੀ ਨੂੰ ਹਾਕੀ 'ਚ ਭੇਜ ਰਹੇ ਹੋ, ਇਹ ਬਾਹਰ ਜਾਵੇਗੀ ਛੋਟੇ ਕੱਪੜੇ ਪਾਵੇਗੀ ਕਿਤੇ ਕੋਈ ਮਾੜੀ ਖ਼ਬਰ ਨਾ ਲੈ ਆਵੇ।

ਹੁਣ ਕਹਿਣ ਨੂੰ ਬੜਾ ਸੌਖਾ ਲਗਦਾ ਪਰ ਉਦੋਂ ਛੋਟੀ ਸੀ ਤੇ ਬਹੁਤਾ ਨਹੀਂ ਪਤਾ ਹੁੰਦਾ ਸੀ ਕਿ ਕਿਵੇਂ ਇਨ੍ਹਾਂ ਗੱਲਾਂ ਤੋਂ ਉਭਰਨਾ ਹੈ ਤੇ ਇਹ ਗੱਲਾਂ ਚੁੱਭਦੀਆਂ ਸਨ, ਖ਼ਾਸ ਕਰਕੇ ਮਾਪਿਆਂ ਨੂੰ।

ਪਰ ਮੈਂ ਆਪਣੇ ਟੀਚੇ 'ਤੇ ਅੜੀ ਰਹੀ ਤੇ ਮਾਪਿਆਂ ਅੱਗੇ ਜ਼ਿਦ ਕਾਇਮ ਰੱਖੀ ਕਿ ਮੈਂ ਹਾਕੀ ਖੇਡਣੀ ਹੈ ਤੇ ਆਖ਼ਿਰਕਾਰ ਉਹ ਮੰਨ ਵੀ ਗਏ ਕਿ ਚਲੋ ਇੱਕ ਮੌਕਾ ਦੇ ਦਿੰਦੇ ਹਾਂ।

ਸਾਡੇ ਇੱਥੇ ਸ਼ਾਹਬਾਦ ਵਿੱਚ ਮਾਹੌਲ ਇਹੋ-ਜਿਹਾ ਸੀ ਕਿ ਕੁੜੀਆਂ ਹੀ ਵਧੇਰੇ ਹਾਕੀ ਖੇਡਦੀਆਂ ਸਨ ਤੇ ਮੁੰਡੇ ਨਹੀਂ ਸਨ ਇੰਨਾ ਖੇਡਦੇ ਹੁੰਦੇ ਸਨ।

ਹੁਣ ਹਰਿਆਣਾ ਵਿੱਚ ਕੁੜੀਆਂ ਨੂੰ ਲੈ ਕੇ ਕਾਫੀ ਮਾਨਸਿਕਤਾ ਬਦਲ ਗਈ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਸ਼ਾਹਬਾਦ ਆਉਂਦੀ ਹਾਂ ਤਾਂ ਉਹੀ ਲੋਕ ਜੋ ਮੇਰੇ ਘਰਦਿਆਂ ਨੂੰ ਕਹਿੰਦੇ ਸਨ ਕਿ ਕੁੜੀ ਨੂੰ ਹਾਕੀ ਖੇਡਣ ਲਾਇਆ, ਹੁਣ ਉਨ੍ਹਾਂ ਦੀਆਂ ਆਪਣੀਆਂ ਕੁੜੀਆਂ ਵੀ ਹਾਕੀ ਖੇਡਦੀਆਂ ਹਨ।

ਹਾਕੀ

ਤਸਵੀਰ ਸਰੋਤ, HOCKEY INDIA

ਅਸੀਂ ਵੀ ਕਿਸੇ ਨੂੰ ਦੇਖ ਕੇ ਖੇਡਣਾ ਸ਼ੁਰੂ ਕੀਤੀ ਸੀ, ਅੱਜ ਕੋਈ ਸਾਨੂੰ ਦੇਖ ਕੇ ਕਰ ਰਿਹਾ ਹੈ ਅਤੇ ਕੱਲ੍ਹ ਨੂੰ ਉਨ੍ਹਾਂ ਦੇਖ ਕੇ ਕੋਈ ਖੇਡਣੀ ਸ਼ੁਰੂ ਕਰੇਗਾ, ਜ਼ਿੰਦਗੀ 'ਚ ਇਦਾਂ ਹੀ ਇੱਕ-ਦੂਜੇ ਨੂੰ ਦੇਖ ਪ੍ਰੇਰਿਤ ਹੁੰਦੇ ਹਨ।

ਸ਼ਾਹਬਾਦ 'ਚ ਹਾਕੀ

ਸ਼ਾਹਬਾਦ ਮਹਿਲਾ ਹਾਕੀ ਖਿਡਾਰਨਾਂ ਲਈ ਗੜ੍ਹ ਬਣ ਗਿਆ ਹੈ, ਇਥੋਂ ਬਹੁਤ ਸਾਰੀਆਂ ਖਿਡਾਰਨਾਂ ਹਾਕੀ ਖੇਡ ਚੁੱਕੀਆਂ ਹਨ, ਇਸ ਵਿੱਚ ਸਾਡੇ ਕੋਚ ਬਲਦੇਵ ਸਿੰਘ ਦਾ ਕਾਫੀ ਅਹਿਮ ਯੋਗਦਾਨ ਰਿਹਾ ਹੈ।

ਉਨ੍ਹਾਂ ਨੇ ਇੱਥੇ ਆ ਕੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ, ਉਨ੍ਹਾਂ ਦੀ ਸੋਚ ਸੀ ਕਿ ਉਹ ਕੁੜੀਆਂ ਲਈ ਕੁਝ ਕਰਨ ਕਿਉਂਕਿ ਮੁੰਡਿਆਂ ਲਈ ਤਾਂ ਸਾਰੇ ਹੀ ਕਰਦੇ ਹਨ।

ਉਨ੍ਹਾਂ ਨੇ ਇਸ ਰੂੜਵਾਦੀ ਥਾਂ 'ਤੇ, ਜਿਥੋਂ ਦੇ ਸਕੂਲਾਂ ਵਿੱਚ ਸਿਰ ਤੋਂ ਦੁਪੱਟਾ ਉਤਾਰਨ 'ਤੇ ਸਜ਼ਾ ਮਿਲਦੀ ਸੀ, ਉੱਥੇ ਆ ਕੇ ਕੁੜੀਆਂ ਨੂੰ ਖੇਡ ਨਾਲ ਜੋੜਿਆਂ, ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਕੋਈ ਅਜਿਹੀ ਖੇਡ ਖੇਡਣੀ ਚਾਹੀਦੀ ਹੈ ਜੋ ਓਲੰਪਿਕਸ 'ਚ ਜਾ ਸਕੇ, ਜਿਸ ਨਾਲ ਖਿਡਾਰੀਆਂ ਨੂੰ ਲਾਹਾ ਮਿਲ ਸਕੇ।

ਸ਼ਾਹਬਾਦ ਤੋਂ 60 ਤੋਂ ਵੱਧ ਖਿਡਾਰਨਾਂ ਭਾਰਤ ਦੀ ਅਗਵਾਈ ਕਰ ਚੁੱਕੀਆਂ ਹਨ। 7-8 ਇਥੋਂ ਦੀਆਂ ਕੁੜੀਆਂ ਸਾਬਕਾ ਕੈਪਟਨ ਰਹੀਆਂ ਹਨ, 3 ਕੁੜੀਆਂ ਨੇ ਅਰਜੁਨ ਐਵਾਰਡ ਲਏ ਤੇ 17-18 ਦੇ ਕਰੀਬ ਕੁੜੀਆਂ ਨੇ ਭੀਮ ਐਵਾਰਡ ਹਾਸਿਲ ਕੀਤੇ ਹਨ।

ਇਹ ਇੱਕ ਛੋਟਾ ਜਿਹਾ ਕਸਬਾ ਹੈ ਜਿਸ ਨੂੰ ਹਾਕੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਮੈਨੂੰ ਬੇਹੱਦ ਮਾਣ ਹੁੰਦਾ ਹੈ ਕਿ ਮੈਂ ਸ਼ਾਹਬਾਦ ਤੋਂ ਹਾਂ।

ਮਾਪਿਆਂ ਦਾ ਭਰੋਸਾ

ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਮਾਪਿਆਂ ਦਾ ਭਰੋਸਾ, ਉਨ੍ਹਾਂ ਦੇ ਸੁਪਨੇ ਨਾ ਤੋੜਨ ਕਿਉਂਕਿ ਇਸ ਤਰ੍ਹਾਂ ਹੋਰਨਾਂ ਕੁੜੀਆਂ ਦੇ ਮਾਪੇ ਵੀ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੰਦੇ।

ਰਾਣੀ ਰਾਮਪਾਲ

ਤਸਵੀਰ ਸਰੋਤ, Getty Images

ਇਸ ਤਰ੍ਹਾਂ ਕੁੜੀਆਂ ਨੂੰ ਵਧੀਆਂ ਉਦਾਹਰਨਾਂ ਪੇਸ਼ ਕਰਨਗੀਆਂ ਚਾਹੀਦਾ ਹਨ ਤਾਂ ਜੋ ਉਨ੍ਹਾਂ ਵੱਲ ਵੇਖ ਕੇ ਹੋਰਨਾਂ ਕੁੜੀਆਂ ਦੇ ਮਾਪੇ ਵੀ ਉਤਸ਼ਾਹਿਤ ਹੋਣ।

ਮੈਨੂੰ ਲਗਦਾ ਹੈ ਕਿ ਕੁੜੀਆਂ, ਮੁੰਡਿਆਂ ਨਾਲੋਂ ਬਿਹਤਰ ਕਰ ਸਕਦੀਆਂ ਹਨ ਕਿਉਂਕਿ ਉਹ ਵਧੇਰੇ ਸੰਜੀਦਾ ਹੁੰਦੀਆਂ ਹਨ।

ਮਾਪਿਆਂ ਨੂੰ ਮਾਣ

ਰਾਣੀ ਦੇ ਪਿਤਾ ਰਾਮਪਾਲ ਦੇ ਪਿਤਾ ਇੱਕ ਮਜ਼ਦੂਰ ਸਨ ਤੇ ਦਿਹਾੜੀ ਕਰਕੇ ਘਰ ਗੁਜ਼ਾਰਾ ਚਲਾਉਂਦੇ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਹਾਕੀ ਬਾਰੇ ਬਹੁਤਾ ਪਤਾ ਵੀ ਨਹੀਂ ਹੁੰਦਾ ਸੀ। ਬੱਸ ਰਾਣੀ ਨੇ ਹੀ ਜ਼ਿਦ ਕੀਤੀ ਤੇ ਉਨ੍ਹਾਂ ਨੂੰ ਮੰਨਣਾ ਪਿਆ। ਅੱਜ ਉਹ ਆਪਣੀ ਧੀ 'ਤੇ ਮਾਣ ਕਰਦੇ ਹਨ।

ਉਹ ਦੱਸਦੇ ਹਨ, "ਰਾਣੀ ਨੇ ਹੀ ਜ਼ਿਦ ਫੜੀ ਹੋਈ ਸੀ ਤੇ ਸਾਨੂੰ ਮੰਨਣੀ ਪਈ। ਸਮਾਜ ਦੀਆਂ ਗੱਲਾਂ ਵੀ ਸੁਣੀਆਂ, ਸਭ ਸਹਿਣ ਵੀ ਕੀਤਾ। ਸਵੇਰੇ 5 ਵਜੇ ਇਸ ਗਰਾਊਂਡ 'ਚ ਛੱਡ ਕੇ ਆਉਣਾ, ਸ਼ਾਮੀਂ ਲੈ ਕੇ ਵੀ ਆਉਣਾ।"

ਰਾਣੀ ਮਾਂ ਦਾ ਕਹਿਣਾ ਹੈ ਕਿ ਹਰੇਕ ਮਾਂ-ਪਿਉਂ ਨੂੰ ਆਪਣੀਆਂ ਕੁੜੀਆਂ ਨੂੰ ਅੱਗੇ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)