ਕੁੜੀਆਂ ਨਾਲ ਡੇਟਿੰਗ ਦਾ ਝਾਂਸਾ ਦੇ ਕੇ ਮੁੰਡਿਆਂ ਤੋਂ ਲੱਖਾਂ ਰੁਪਏ ਕਿਵੇਂ ਠੱਗੇ ਗਏ

- ਲੇਖਕ, ਸ਼ੰਕਰ ਵੀ
- ਰੋਲ, ਬੀਬੀਸੀ ਤੇਲੁਗੂ ਪੱਤਰਕਾਰ
25 ਸਾਲਾ ਨਿਵੇਦਿਤਾ (ਫਰਜ਼ੀ ਨਾਮ) ਨੂੰ ਐੱਮਏ ਅੰਗਰੇਜ਼ੀ ਕਰਨ ਤੋਂ ਬਾਅਦ ਦੋ ਸਾਲ ਬੇਰੁਜ਼ਗਾਰ ਰਹਿਣਾ ਪਿਆ। ਅਜਿਹੇ ਵਿੱਚ ਇੱਕ ਸਹੇਲੀ ਨੇ ਉਨਾਂ ਨੂੰ 20 ਹਜ਼ਾਰ ਰੁਪਏ ਮਹੀਨੇ ਦੀ ਪੇਸ਼ਕਸ਼ ਰੱਖੀ ਤਾਂ ਨਿਵੇਦਿਤਾ ਨੂੰ ਆਪਣੇ ਕੰਨਾਂ ਤੇ ਭਰੋਸਾ ਨਹੀਂ ਹੋਇਆ।
ਸਹੇਲੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਲਕਾਤਾ ਦੇ ਪੌਸ਼ ਇਲਾਕੇ ਦੇ ਅਲੀਪੁਰ ਵਿੱਚ ਇੱਕ ਕਾਲ ਸੈਂਟਰ ਵਿੱਚ ਕੰਮ ਕਰਨਾ ਪਵੇਗਾ। ਨਿਵੇਦਿਤਾ ਨੇ ਦੋ ਦਿਨਾਂ ਬਾਅਦ ਹੀ ਸਹੇਲੀ ਨਾਲ ਜਾ ਕੇ ਕਾਲ ਸੈਂਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਨਿਵੇਦਿਤਾ ਨੂੰ ਕੰਮ ਬਾਰੇ ਪਤਾ ਲੱਗਿਆ ਤਾਂ ਹੈਰਾਨੀ ਨਾਲ ਉਸਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਲੇਕਿਨ ਹੁਣ ਨਿਵੇਦਿਤਾ ਇਸ ਦਲਦਲ ਵਿੱਚ ਵੜ ਚੁੱਕੀ ਸੀ ਤੇ ਬਾਹਰ ਜਾਣ ਦਾ ਕੋਈ ਰਾਹ ਨਹੀਂ ਸੀ।
ਇਹ ਵੀ ਪੜ੍ਹੋ:
ਨਿਵੇਦਿਤਾ ਨੇ ਆਪਣੇ ਕੰਮ ਬਾਰੇ ਆਪਣੇ ਘਰਦਿਆਂ ਨੂੰ ਵੀ ਕੁਝ ਨਹੀਂ ਦੱਸਿਆ। ਆਖ਼ੀਰ ਵਿੱਚ ਦਿਵਾਲੀ ਤੋਂ ਠੀਕ ਪਹਿਲਾਂ ਵਿਸ਼ਾਖ਼ਾਪਟਨਮ ਪੁਲਿਸ ਨੇ ਕੋਲਕੋਤਾ ਦੇ ਸਾਈਬਰ ਕ੍ਰਾਈਮ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਦੇ ਨਾਲ ਉਨ੍ਹਾਂ ਦੇ ਦਫ਼ਤਰ ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨਿਵੇਦਿਤਾ ਸਮੇਤ 26 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿੰਨਾਂ ਵਿੱਚ 23 ਕੁੜੀਆਂ ਸਨ।
ਉਸ ਤੋਂ ਬਾਅਦ ਹੀ ਨਿਵੇਦਿਤਾ ਦੇ ਘਰਵਾਲਿਆਂ ਤੇ ਗੁਆਂਢੀਆਂ ਨੂੰ ਪਤਾ ਚੱਲਿਆ ਕਿ ਆਖ਼ਰ ਨਿਵੇਦਿਤਾ ਕਰਦੀ ਕੀ ਸੀ।
ਕਿਸ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ?
ਦਰਅਸਲ, ਨਿਵੇਦਿਤਾ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀਆਂ ਦੂਸਰੀਆਂ ਕੁੜੀਆਂ ਦਾ ਇਲਜ਼ਾਮ ਹੈ ਕਿ ਉਹ ਮਰਦਾਂ ਨੂੰ ਔਰਤਾਂ ਦੇ ਨਾਲ ਡੇਟਿੰਗ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦੀਆਂ ਸਨ।
ਨੌਜਵਾਨਾਂ ਨੂੰ ਕਾਲਜ ਵਿਦਿਆਰਥਣਾਂ ਤੋਂ ਇਲਾਵਾ ਮਾਡਲ ਅਤੇ ਬੰਗਲਾ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਅਦਾਕਾਰਾਂ ਦੇ ਨਾਲ ਡੇਟਿੰਗ ਕਰਵਾਉਣ ਦਾ ਲਾਲਚ ਦਿੱਤਾ ਜਾਂਦਾ ਸੀ।

ਤਸਵੀਰ ਸਰੋਤ, Getty Images
ਇਸ ਦੇ ਬਦਲੇ ਵਿੱਚ ਨੌਜਵਾਨਾਂ ਤੋਂ ਫ਼ੀਸ ਦੇ ਤੌਰ 'ਤੇ ਮੋਟੀ ਰਕਮ ਵਸੂਲੀ ਜਾਂਦੀ ਸੀ। ਕਈ ਮਾਮਲਿਆਂ ਵਿੱਚ ਤਾਂ ਇਹ ਰਕਮ ਲੱਖਾਂ ਰੁਪਏ ਹੁੰਦੀ ਸੀ।
ਕਿਵੇਂ ਕੰਮ ਕਰਦੀ ਸੀ ਡੇਟਿੰਗ ਸਾਈਟ?
ਕੋਲਕਾਤਾ ਵਿੱਚ ਸਾਈਬਰ ਕ੍ਰਾਈਮ ਵਿਭਾਗ ਦੇ ਇੱਕ ਸੀਨੀਅਰ ਅਫ਼ਸਰ ਇਨ੍ਹਾਂ ਕਾਲ ਸੈਂਟਰਾਂ 'ਤੇ ਛਾਪੇ ਮਾਰਨ ਵਾਲੀ ਟੀਮ ਵਿੱਚ ਸ਼ਾਮਲ ਸਨ।
ਉਨ੍ਹਾਂ ਨੇ ਕੋਲਕਾਤਾ ਵਿੱਚ ਮੌਜੂਦ ਬੀਬੀਸੀ ਹਿੰਦੀ ਦੇ ਸਹਿਯੋਗੀ ਪੀਐੱਮ ਤਿਵਾੜੀ ਨੂੰ ਦੱਸਿਆ, "ਕਾਲ ਸੈਂਟਰ ਚਲਾਉਣ ਵਾਲੇ ਲੋਕ ਫਰਜ਼ੀ ਵੈਬਸਾਈਟ 'ਤੇ ਕਈ ਔਰਤਾਂ ਦੀ ਫੇਕ ਪ੍ਰੋਫ਼ਾਈਲ ਬਣਾ ਕੇ ਪਾ ਦਿੰਦੇ ਸਨ। ਇਸ ਰਾਹੀਂ ਨੌਜਵਾਨਾਂ ਅਤੇ ਦੂਸਰੇ ਲੋਕਾਂ ਨੂੰ ਮੈਂਬਰਸ਼ਿਪ ਦਾ ਆਫ਼ਰ ਦਿੱਤਾ ਜਾਂਦਾ ਸੀ।"
ਉੱਥੇ ਹੀ ਵਿਸ਼ਾਖ਼ਾਪਟਨਮ ਵਿੱਚ ਸਾਈਬਰ ਦੇ ਸਰਕਲ ਇੰਸਪੈਕਟਰ ਗੋਪੀਨਾਥ ਨੇ ਬੀਬੀਸੀ ਤੇਲੁਗੂ ਦੇ ਵਿਜ ਗਜਮ ਨੂੰ ਦੱਸਿਆ ਕਿ ਇਨ੍ਹਾਂ ਡੇਟਿੰਗ ਐਪਲੀਕੇਸ਼ਨਾਂ ਵਿੱਚ ਰਜਿਸ਼ਟਰੇਸ਼ਨ ਲਈ ਸ਼ੁਰੂ ਵਿੱਚ 1000 ਰੁਪਏ ਮੰਗੇ ਜਾਂਦੇ ਹਨ।

ਤਸਵੀਰ ਸਰੋਤ, Getty Images
ਪੁਲਿਸ ਅਫ਼ਸਰ ਨੇ ਦੱਸਿਆ, "ਵੈਬਸਾਈਟ ਤੇ ਰਜਿਸ਼ਟਰੇਸ਼ਨ ਤੋਂ ਬਾਅਦ ਕੋਈ ਕੁੜੀ ਫੋਨ ਕਰਕੇ ਉਸ ਨੌਜਵਾਨ ਨੂੰ ਸੰਪਰਕ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹ ਚਾਰ ਲੱਖ ਰੁਪਏ ਜਮਾ ਕਰਨ ਤੋਂ ਬਾਅਦ ਹੀ ਆਪਣੀ ਪਸੰਦ ਦੀ ਔਰਤ ਨਾਲ ਡੇਟ 'ਤੇ ਜਾ ਸਕਦੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਜਾਂਦਾ ਸੀ ਕਿ ਉਹ ਜਦੋਂ ਚਾਹੁਣ ਚਾਰ ਲੱਖ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ।"
ਇੰਨਾ ਹੀ ਨਹੀਂ ਵੈਬਸਾਈਟ 'ਤੇ ਨੌਜਵਾਨਾਂ ਨੂੰ ਲਾਲਚ ਦੇਣ ਲਈ ਸਿਲਵਰ, ਗੋਲਡ ਤੇ ਪਲੈਟੀਨਮ ਕਾਰਡ ਦੇ ਵੱਖੋ-ਵੱਖਰੇ ਆਫ਼ਰ ਵੀ ਦਿੱਤੇ ਜਾਂਦੇ ਸਨ। ਇਹ ਆਫ਼ਰ ਨੌਜਵਾਨਾਂ ਦੀ ਖ਼ਰਚ ਕਰਨ ਦੀ ਸਮਰੱਥਾ 'ਤੇ ਆਧਾਰਿਤ ਹੁੰਦੇ ਸਨ।
ਇਨ੍ਹਾਂ ਕਾਰਡਾਂ ਦੀ ਰੇਂਜ ਦੋ ਲੱਖ ਤੋਂ 10 ਲੱਖ ਦੇ ਵਿਚਕਾਰ ਹੁੰਦੀ ਸੀ।
ਜੇ ਕੋਈ ਨੌਜਵਾਨ ਪਲੈਟੀਨਮ ਕਾਰਡ ਖ਼ਰੀਦਦਾ ਤਾਂ ਉਸ ਨੂੰ ਬਾਹਰ ਘੁੰਮਣ, ਫ਼ਿਲਮਾਂ ਦਿਖਾਉਣ ਅਤੇ ਸੈਕਸ ਕਰਨ ਦਾ ਲਾਲਚ ਦਿੱਤਾ ਜਾਂਦਾ ਸੀ।
ਨਿਰਧਾਰਿਤ ਰਕਮ ਜਮਾ ਕਰਵਾਉਣ ਸਾਰ ਹੀ ਯੂਜ਼ਰ ਨੂੰ ਇੱਕ ਕੁੜੀ ਦੀ ਕਾਲ ਆਉਂਦੀ ਪਰ ਕੁਝ ਸਮੇਂ ਬਾਅਦ ਕਾਲ ਆਉਣੀ ਬੰਦ ਹੋ ਜਾਂਦੀ ਸੀ।
ਪੈਸੇ ਜਮਾਂ ਕਰਵਾਉਣ ਤੋਂ ਬਾਅਦ ਜਦੋਂ ਕੋਈ ਜਣਾ ਆਪਣੀ ਪਸੰਦ ਦੀ ਕੁੜੀ ਨਾਲ ਗੱਲ ਨਾ ਕਰ ਪਾਉਂਦਾ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੁੰਦਾ।

ਜਦੋਂ ਕੋਈ ਵਿਅਕਤੀ ਪੈਸੇ ਵਾਪਸ ਮੰਗਦਾ ਤਾਂ ਉਸ ਨੂੰ ਕਿਹਾ ਜਾਂਦਾ ਕਿ ਉਹ ਪੰਜ ਲੱਖ ਰੁਪਏ ਹੋਰ ਜਮਾਂ ਕਰੇ ਅਤੇ ਇਸ ਤੋਂ ਬਾਅਦ ਉਸ ਵਿੱਚੋਂ 10 ਹਜ਼ਾਰ ਰੁਪਏ ਕੱਟ ਕੇ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ।
ਇਸ ਤਰੀਕੇ ਨਾਲ ਲੋਕਾਂ ਤੋਂ ਦੋ ਤਿੰਨ ਕਿਸ਼ਤਾਂ ਵਿੱਚ ਕਈ ਲੱਖ ਰੁਪਏ ਠੱਗ ਲਏ ਜਾਂਦੇ ਸਨ।
ਪੁਲਿਸ ਮੁਤਾਬਕ ਅਜਿਹੇ ਮਾਮਲੇ ਸਾਹਮਣੇ ਹੀ ਨਹੀਂ ਸਨ ਆਉਂਦੇ ਕਿਉਂਕਿ ਜ਼ਿਆਦਾਤਰ ਲੋਕ ਸ਼ਰਮਿੰਦਗੀ ਦੇ ਕਾਰਨ ਆਪਣੇ ਨਾਲ ਹੋਈ ਲੱਖਾਂ ਦੀ ਠੱਗੀ ਤੋਂ ਬਾਅਦ ਵੀ ਚੁੱਪ ਰਹਿੰਦੇ ਹਨ। ਲੋਕਾਂ ਦੀ ਇਸੇ ਕਮਜ਼ੋਰੀ ਦਾ ਲਾਹਾ ਲੈ ਕੇ ਕਾਲ ਸੈਂਟਰਾਂ ਦਾ ਧੰਦਾ ਤੇਜ਼ੀ ਨਾਲ ਵੱਧ-ਫੁੱਲ ਰਿਹਾ ਸੀ।
ਪੁਲਿਸ ਨੂੰ ਸੂਹ ਕਿਵੇਂ ਮਿਲੀ?
ਵਿਸ਼ਾਖ਼ਾਪਟਨਮ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਇਸ ਵਿਅਕਤੀ ਤੋਂ ਤਾਂ ਮੁਟਿਆਰਾਂ ਦੀਆਂ ਲੱਛੇਦਾਰ ਗੱਲਾਂ ਵਿੱਚ ਫਸਾ ਕੇ ਲਗਭਗ 18 ਲੱਖ ਰੁਪਏ ਦੱਸੇ ਗਏ ਬੈਂਕ ਖਾਤਿਆਂ ਵਿੱਚ ਪਵਾ ਲਏ ਗਏ।

ਤਸਵੀਰ ਸਰੋਤ, Getty Images
ਪੁਲਿਸ ਮੁਤਾਬਕ ਉਨ੍ਹਾਂ ਨੇ ਛੇ ਮਹੀਨੇ ਤੱਕ ਇਸ ਮਾਮਲੇ ਦੀ ਛਾਣਬੀਣ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਾਲ ਸੈਂਟਰ ਦੀ ਲੋਕੇਸ਼ਨ ਦਾ ਪਤਾ ਲਾਇਆ ਗਿਆ। ਇਸ ਦੇ ਨਾਲ ਹੀ ਆਈਪੀ ਐਡਰੈਸ, ਵੱਟਸਐੱਪ ਡੇਟਾ ਅਤੇ ਫੋਨ ਕਾਲਾਂ ਦਾ ਰਿਕਾਰਡ ਵੀ ਪੁਣਿਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਵੈਬਸਾਈਟ ਗੋਡੈਡੀ ਦੇ ਡੋਮੇਨ ਤੇ ਰਜਿਸ਼ਟਰਡ ਸੀ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੀਆਂ ਗਈਆਂ ਕੁੜੀਆਂ ਵਿੱਚੋਂ ਜ਼ਿਆਦਾਤਰ ਨੇ ਕਾਲਜ ਦੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ।
ਵਿਸ਼ਾਖ਼ਾਪਟਨਮ ਪੁਲਿਸ ਦੇ ਸਾਈਬਰ ਕ੍ਰਾਈਮ ਵਿਭਾਗ ਦੇ ਇੰਸਪੈਕਟਰ ਰਵੀ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, "ਅਜਿਹੀਆਂ ਜਾਅਲੀ ਡੇਟਿੰਗ ਵੈਬਸਾਈਟਾਂ ਦਾ ਧੰਦਾ ਪੂਰੇ ਦੇਸ਼ ਵਿੱਚ ਚੱਲ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਨੂੰ ਕਾਲ ਸੈਂਟਰਾਂ ਰਾਹੀਂ ਚਲਾਇਆ ਜਾਂਦਾ ਹੈ।"
ਪੁਲਿਸ ਤੋਂ ਕਿਵੇਂ ਲੁਕੀਆਂ ਰਹਿ ਜਾਂਦੀਆਂ ਹਨ ਇਹ ਕੰਪਨੀਆਂ?
ਪੁਲਿਸ ਮੁਤਾਬਕ ਇਹ ਜਾਅਲੀ ਕੰਪਨੀਆਂ ਆਪਣੇ ਦਫ਼ਤਰ ਬਦਲਦੀਆਂ ਰਹਿੰਦੀਆਂ ਹਨ ਜਿਸ ਕਾਰਨ ਪੁਲਿਸ ਉਨ੍ਹਾਂ ਦੀ ਜਗ੍ਹਾ ਦਾ ਪਤਾ ਨਹੀਂ ਲਾ ਪਾਉਂਦੀ ਸੀ।
ਇਸ ਤੋਂ ਇਲਾਵਾ ਉਹ ਬੁਨਿਆਦੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਟਰੈਕ ਨਾ ਕੀਤਾ ਜਾ ਸਕੇ।
ਜਿਵੇਂ ਹੀ ਇਨ੍ਹਾਂ ਲੋਕਾਂ ਨੂੰ ਸ਼ੱਕ ਹੁੰਦਾ ਸੀ ਕਿ ਪੁਲਿਸ ਉਨ੍ਹਾਂ ਤੱਕ ਪਹੁੰਚਣ ਵਾਲੀ ਹੈ ਤਾਂ ਉਹ ਆਪਣੇ ਸਿਮ-ਕਾਰਡ ਨਸ਼ਟ ਕਰਕੇ ਨਵੇਂ ਨੰਬਰ ਚਾਲੂ ਕਰ ਲੈਂਦੇ ਸਨ।
ਪੁਲਿਸ ਨੇ ਇਹ ਵੀ ਪਤਾ ਕੀਤਾ ਹੈ ਕਿ ਇੱਕ ਹੀ ਕੰਪਨੀ ਦੀਆਂ ਕਈ ਬਰਾਂਚਾਂ ਖੁੱਲ੍ਹੀਆਂ ਹੋਈਆਂ ਹਨ। ਪੁਲਿਸ ਨੇ ਗੋਡੈਡੀ ਡੋਮੇਨ ’ਤੇ ਬਣੀਆਂ ਲਗਭਗ 6 ਵੈਬਸਾਈਟਾਂ ਬੰਦ ਕੀਤੀਆਂ ਹਨ।
ਇਸ ਤੋਂ ਇਲਾਵਾ ਪੁਲਿਸ ਨੇ 40 ਬੇਸਿਕ ਫੋਨ, 15 ਸਮਾਰਟ ਫੋਨ ਅਤੇ ਤਿੰਨ ਲੈਪਟਾਪ ਵੀ ਬਰਾਮਦ ਕੀਤੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਇਹ ਵੈਬਸਾਈਟਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਤਾਮਿਲਨਾਡੂ, ਆਂਧਰਾ ਪ੍ਰੇਦਸ਼, ਕੇਰਲ ਅਤੇ ਮਹਾਰਾਸ਼ਟਰ ਮੁੱਖ ਹਨ।
ਕੋਲਕਾਤਾ ਪੁਲਿਸ ਦੇ ਸਾਈਬਰ ਕ੍ਰਾਈਮ ਵਿਭਾਗ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਕੋਲਕਾਤਾ ਅਜਿਹੀਆਂ ਜਾਅਲੀ ਵੈਬਸਾਈਟਾਂ ਚਲਾਉਣ ਦੇ ਮੁੱਖ ਅੱਡੇ ਵਜੋਂ ਉਭਰਿਆ ਹੈ।
ਬੀਤੇ ਸਾਲ ਵੀ ਅਜਿਹੇ ਮਾਮਲੇ ਵਿੱਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲੰਘੇ ਮਹੀਨੇ ਵੀ ਹੁਣ ਤੱਕ ਅਮਰੀਕਾ ਅਤੇ ਇੰਗਲੈਂਡ ਦੇ ਕਈ ਲੋਕਾਂ ਨੂੰ ਚੂਨਾ ਲਾਉਣ ਦੇ ਇਲਜ਼ਾਮ ਹੇਠ ਤਿੰਨ ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਡੇਢ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਠੱਗੀ ਦੇ ਸ਼ਿਕਾਰ ਨੌਜਵਾਨਾਂ ਵਿੱਚੋਂ ਜ਼ਿਆਦਾਤਰ ਨਾਲ ਵੱਟਸਐਪ ਕਾਲ ਰਾਹੀਂ ਗੱਲ ਕੀਤੀ ਜਾਂਦੀ ਸੀ। ਪੰਜ ਟੀਮਾਂ ਨੂੰ ਕਾਲ ਸੈਂਟਰ ਚਲਾਉਣ ਵਾਲਿਆਂ ਦੇ ਦੋ ਦਰਜਣ ਤੋਂ ਵਧੇਰੇ ਬੈਂਕ ਖਾਤਿਆਂ ਦਾ ਬਾਰੇ ਵੀ ਪਤਾ ਚੱਲਿਆ ਹੈ। ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਕੋਲਕਾਤਾ ਪੁਲਿਸ ਹੈਡ ਕੁਆਰਟਰ (ਲਾਲਬਾਜ਼ਾਰ) ਵਿੱਚ ਤੈਨਾਤ ਇੱਕ ਪੁਲਿਸ ਅਫ਼ਸਰ ਨੇ ਦੱਸਿਆ, "ਇਸ ਨੈਟਵਰਕ ਦਾ ਜਾਲ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਅੰਦਾਜ਼ਾ ਹੈ ਕਿ ਇਸ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਬਾਰੇ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।”
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












