ਅਦਾਕਾਰ ਪ੍ਰਕਾਸ਼ ਗਾਧੂ ਨੇ ਮਨਜੀਤ ਮਾਨ ਦੇ ਦਿੱਤੇ ਪੰਜ ਹਜ਼ਾਰ ਰੁਪਏ ਅੱਜ ਤੱਕ ਕਿਉਂ ਨਹੀਂ ਖਰਚੇ

ਪ੍ਰਕਾਸ਼ ਗਾਧੂ
ਤਸਵੀਰ ਕੈਪਸ਼ਨ, ਪ੍ਰਕਾਸ਼ ਗਾਧੂ ਆਪਣੀ ਬਿਮਾਰ ਮਾਂ ਦੀ ਦੇਖਭਾਲ ਦੇ ਚਲਦਿਆਂ ਕਈ ਸਾਲਾਂ ਤੱਕ ਫ਼ਿਲਮਾਂ ਛੱਡ ਪਿੰਡ ਰਹਿੰਦੇ ਰਹੇ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਕਾਲਜ ਦੀ ਸਟੇਜ ਤੋਂ ਫ਼ਿਲਮੀ ਪਰਦੇ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਪ੍ਰਕਾਸ਼ ਗਾਧੂ ਉਨ੍ਹਾਂ ਕਲਾਕਾਰਾਂ ਵਿੱਚੋਂ ਹਨ ਜਿਨ੍ਹਾਂ ਨੂੰ ਅੱਜ ਪੰਜਾਬੀ ਫ਼ਿਲਮਾਂ ਦੇ ਥੰਮ੍ਹ ਮੰਨਿਆ ਜਾ ਰਿਹਾ ਹੈ।

ਗੁਰਚੇਤ ਚਿੱਤਰਕਾਰ ਦੀਆਂ ਟੈਲੀਫਿਲਮਾਂ ਤੋਂ ਜੋਰੇ ਜ਼ੈਲਦਾਰ ਵਜੋਂ ਮਕਬੂਲ ਹੋਏ ਗਾਧੂ ਹੁਣ ਤੱਕ ਪੰਜਾਬੀ ਸਿਨੇਮਾ ਵਿੱਚ ਕਈ ਯਾਦਗਾਰੀ ਕਿਰਦਾਰ ਨਿਭਾ ਚੁੱਕੇ ਹਨ।

ਪ੍ਰਕਾਸ਼ ਗਾਧੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਪਿੰਡ ਝੌਰੜ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਜ਼ੈਲਦਾਰ ਅਜੀਤ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ।

ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਰਿਵਾਰ ਕੋਲ ਜ਼ੈਲਦਾਰੀ ਰਹੀ ਅਤੇ ਅੰਗਰੇਜ਼ਾਂ ਵੇਲੇ ਜ਼ੈਲਦਾਰੀਆਂ ਟੁੱਟਣ ਦੇ ਬਾਅਦ ਤੋਂ ਉਨ੍ਹਾਂ ਦਾ ਪਰਿਵਾਰ ਲੰਬੜਦਾਰੀ ਕਰਦਾ ਆ ਰਿਹਾ ਹੈ।

ਪ੍ਰਕਾਸ਼ ਗਾਧੂ ਦਾ ਪੂਰਾ ਨਾਮ ਪ੍ਰਕਾਸ਼ ਸਿੰਘ ਗਿੱਲ ਹੈ। ਗਾਧੂ ਉਨ੍ਹਾਂ ਦੀ ਮਾਂ ਵੱਲੋਂ ਰੱਖਿਆ, ਉਨ੍ਹਾਂ ਦਾ ਘਰ ਦਾ ਨਾਮ ਹੈ। ਪ੍ਰਕਾਸ਼ ਨੂੰ ਮਾਂ ਦਾ ਦਿੱਤਾ ਨਾਮ ਗਾਧੂ ਵਧੇਰੇ ਪਸੰਦ ਹੈ।

ਉਹ ਦੱਸਦੇ ਹਨ ਕਿ ਕਿਸੇ ਦਾ ਬੁਰਾ ਨਾ ਕਰਨ ਦੀ ਭਾਵਨਾ ਉਨ੍ਹਾਂ ਨੂੰ ਆਪਣੀ ਮਾਂ ਤੋਂ ਮਿਲੀ ਹੈ।

ਮਾਪਿਆਂ ਦੀ ਮੌਤ ਤੋਂ ਬਾਅਦ ਅੱਜ ਵੀ ਉਹ ਉਨ੍ਹਾਂ ਨੂੰ ਆਪਣੇ ਨੇੜੇ ਮਹਿਸੂਸ ਕਰਦੇ ਹਨ।

ਗਾਧੂ ਨੇ ਦੱਸਿਆ, “ਹੁਣ ਵੀ ਜਦੋਂ ਆਪਣੇ ਪਿੰਡ ਵਾਲੇ ਘਰ ਜਾਂਦਾ ਹਾਂ ਤਾਂ ਸਭ ਤੋਂ ਪਹਿਲਾਂ ਮਾਪਿਆ ਦੀ ਤਸਵੀਰ ਨੂੰ ਸਿਜਦਾ ਕਰਦਾ ਹਾਂ ਤੇ ਦੱਸਦਾ ਹਾਂ ਕਿ ਮੈਂ ਆ ਗਿਆ ਹਾਂ। ਇਸੇ ਤਰ੍ਹਾਂ ਜਾਣ ਵੇਲੇ ਉਨ੍ਹਾਂ ਨੂੰ ਦੱਸਦਾ ਹਾਂ ਕਿ ਮੈਂ ਹੁਣ ਜਾ ਰਿਹਾ ਹਾਂ।”

ਗਾਧੂ ਨੇ ਫਰੀਦਕੋਟ ਦੇ ਬਰਜਿੰਦਰਾ ਕਾਲਜ ਤੋਂ ਪੜ੍ਹਾਈ ਕੀਤੀ। ਉਹ ਖੇਡਾਂ ਨਾਲ ਵੀ ਜੁੜੇ ਰਹੇ। ਗਾਧੂ ਦੱਸਦੇ ਹਨ ਕਿ ਖੇਡਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਨਾਜ਼ੁਕ ਸਮੇਂ ਵਿੱਚ ਅਨੁਸ਼ਾਸਨ ਅੰਦਰ ਰੱਖਿਆ ਅਤੇ ਖਿਡਾਰੀ ਰਹਿਣ ਕਰਕੇ ਅੱਜ ਵੀ ਉਨ੍ਹਾਂ ਦੀ ਆਦਤ ਹੈ ਕਿ ਹਰ ਰੋਜ਼ ਸਵੇਰੇ ਪ੍ਰੈਕਟਿਸ ਲਈ ਜਾਂਦੇ ਹਨ।

ਉਹ ਕਾਲਜ ਵਿੱਚ ਮੋਨੋਐਕਟਿੰਗ ਨਾਲ ਜੁੜੇ ਅਤੇ ਆਪਣੇ ਬੈਚ ਦੇ ਅੰਤਰ-ਕਾਲਜ ਮੁਕਾਬਲਿਆਂ ਵਿੱਚ ਪਹਿਲੇ ਨੰਬਰ ’ਤੇ ਰਹੇ ਸਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇੱਕ ਅਦਾਕਾਰ ਦੀ ਗੈਰ-ਹਾਜ਼ਰੀ ਨੇ ਗਾਧੂ ਨੂੰ ਫ਼ਿਲਮ ਸੈੱਟ ’ਤੇ ਸੱਦਿਆ

ਵੀਡੀਓ ਕੈਪਸ਼ਨ, ਪ੍ਰਕਾਸ਼ ਗਾਧੂ ਦੀ ਜ਼ਿੰਦਗੀ ਰਾਜ ਬੱਬਰ ਦੀਆਂ ਤਿੰਨ ਗੱਲਾਂ ਨੇ ਕਿਵੇਂ ਬਦਲੀ

ਪ੍ਰਕਾਸ਼ ਗਾਧੂ ਦੱਸਦੇ ਹਨ ਕਿ ਪੰਜਾਬੀ ਫ਼ਿਲਮ ‘ਉਡੀਕਾਂ ਸਾਉਣ ਦੀਆਂ’ ਦੀ ਸ਼ੂਟਿੰਗ ਹੋ ਰਹੀ ਸੀ ਅਤੇ ਫ਼ਿਲਮ ਵਿੱਚ ਕੰਮ ਕਰ ਰਹੇ ਅਦਾਕਾਰ ਗੋਪੀ ਭੱਲਾ ਗ਼ੈਰ-ਹਾਜ਼ਿਰ ਸਨ।

ਮੋਨੋਐਕਟਿੰਗ ਕਰਦੇ ਹੋਣ ਕਰਕੇ ਕਲਾ ਨਾਲ ਸਬੰਧਤ ਕਈ ਲੋਕ ਗਾਧੂ ਬਾਰੇ ਜਾਣਦੇ ਸਨ ਅਤੇ ਉਸ ਫ਼ਿਲਮ ਲਈ ਗਾਧੂ ਨੂੰ ਸੱਦ ਲਿਆ ਗਿਆ।

ਗਾਧੂ ਦੱਸਦੇ ਹਨ ਕਿ ਇਸ ਫ਼ਿਲਮ ਲਈ ਪਹਿਲਾ ਹੀ ਸੀਨ ਫਿਲਮਾਉਣ ਬਾਅਦ ਉਨ੍ਹਾਂ ਨੂੰ ਡਾਇਰੈਕਟਰ ਨੇ ਸੱਦਿਆ ਅਤੇ ਪਤਾ ਲਿਖ ਕੇ ਦੇ ਜਾਣ ਲਈ ਕਿਹਾ।

ਗਾਧੂ ਨੇ ਦੱਸਿਆ, “ਡਾਇਰੈਕਟਰ ਨੇ ਮੈਨੂੰ ਕਿਹਾ ਆਪਣਾ ਪਤਾ ਲਿਖ ਕੇ ਦੇ ਜਾਈਂ, ਇੱਕ ਬਹੁਤ ਵਧੀਆ ਕਿਰਦਾਰ ਤੈਨੂੰ ਦੇਵਾਂਗਾ ਇੱਕ ਫ਼ਿਲਮ ਵਿੱਚ।”

ਉਹ ਦੱਸਦੇ ਹਨ ਕਿ ਤਿੰਨ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਫ਼ਿਲਮ ‘ਮੜ੍ਹੀ ਦਾ ਦੀਵਾ’ ਦੀ ਪੇਸ਼ਕਸ਼ ਆ ਗਈ। ‘ਮੜ੍ਹੀ ਦਾ ਦੀਵਾ’, ‘ਉਡੀਕਾਂ ਸਾਉਣ ਦੀਆਂ’ ਤੋਂ ਪਹਿਲਾਂ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਸੀ। ਇਸ ਫ਼ਿਲਮ ਵਿੱਚ ਰਾਜ ਬੱਬਰ ਮੁੱਖ ਭੂਮਿਕਾ ਵਿੱਚ ਸਨ।

ਪ੍ਰਕਾਸ਼ ਗਾਧੂ ਦੱਸਦੇ ਹਨ ਕਿ ਉਨ੍ਹਾਂ ਨੂੰ ਫ਼ਿਲਮ ਦੀ ਪੇਸ਼ਕਸ਼ ਭਾਵੇਂ ਕਿਵੇਂ ਵੀ ਹੋਈ ਹੋਵੇ, ਪਰ ਉਨ੍ਹਾਂ ਅੰਦਰ ਐਕਟਿੰਗ ਕਰਨ ਦੀ ਚਾਹਤ ਸ਼ੁਰੂ ਤੋਂ ਹੀ ਸੀ।

ਉਹ ਧਰਮਿੰਦਰ ਅਤੇ ਅਮਿਤਾਭ ਬਚਨ ਵਰਗੇ ਅਦਾਕਾਰਾਂ ਨੂੰ ਦੇਖ ਕੇ ਐਕਟਿੰਗ ਦੇ ਸੁਫ਼ਨੇ ਲਿਆ ਕਰਦੇ ਸਨ।

ਪ੍ਰਕਾਸ਼ ਗਾਧੂ

ਤਸਵੀਰ ਸਰੋਤ, Parkash Gadhu/FB

ਤਸਵੀਰ ਕੈਪਸ਼ਨ, ਆਪਣੀ ਸਹਿ-ਕਲਾਕਾਰ ਨਾਲ ਪ੍ਰਕਾਸ਼ ਗਾਧੂ

ਮਾਂ ਕੋਲ ਰਹਿਣ ਲਈ ਐਕਟਿੰਗ ਤੋਂ ਬਣਾਈ ਦੂਰੀ

‘ਮੜ੍ਹੀ ਦਾ ਦੀਵਾ’ ਵਰਗੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ਦਾ ਹਿੱਸਾ ਬਣਨ ਤੋਂ ਬਾਅਦ ਤਕਰੀਬਨ ਇੱਕ ਦਹਾਕਾ ਪ੍ਰਕਾਸ਼ ਗਾਧੂ ਫਿਲਮਾਂ ਤੋਂ ਦੂਰ ਰਹੇ।

ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਤੋਂ ਬਾਅਦ ਰਾਜ ਬੱਬਰ ਨੇ ਉਨ੍ਹਾਂ ਨੂੰ ਪੇਸ਼ਕਸ਼ ਦਿੱਤੀ ਸੀ ਕਿ ਉਹ ਬੰਬੇ ਵਿੱਚ ਉਨ੍ਹਾਂ ਕੋਲ ਆ ਕੇ ਰਹਿ ਸਕਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਸੀ ਕਿ ਪ੍ਰਕਾਸ਼ ਗਾਧੂ ਬਹੁਤ ਵੱਡੇ ਅਦਾਕਾਰ ਬਣ ਸਕਦੇ ਹਨ।

ਪਰ ਗਾਧੂ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਗਾਧੂ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਬਿਮਾਰ ਰਹਿਣ ਲੱਗੀ ਸੀ ਅਤੇ ਉਨ੍ਹਾਂ ਦਾ ਖਿਆਲ ਰੱਖਣ ਲਈ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਉਹ ਆਪਣੀ ਮਾਂ ਨੂੰ ਪਿੰਡ ਛੱਡ ਕੇ ਮੁੰਬਈ ਰਹਿਣ ਦੇ ਹੱਕ ਵਿੱਚ ਨਹੀਂ ਸਨ।

ਸਾਲ 1993 ਵਿੱਚ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ। ਫਿਰ ਉਹ ਪਿੰਡ ਰਹਿ ਕੇ ਹੀ ਖੇਤੀਬਾੜੀ ਕਰਦੇ ਰਹੇ।

ਇਸ ਤੋਂ ਬਾਅਦ ਸਾਲ 2003 ਵਿੱਚ ਡਾਇਰੈਕਟਰ ਗੁਰਚਰਨ ਵਿਰਕ ਨੇ ਉਨ੍ਹਾਂ ਨੂੰ ਟੈਲੀਫਿਲਮ ‘ਫ਼ੌਜੀ ਦੀ ਫੈਮਲੀ’ ਵਿੱਚ ਕੰਮ ਕਰਨ ਲਈ ਬੁਲਾ ਲਿਆ।

ਇਹ ਫਿਲਮ ਕਾਫ਼ੀ ਹਿੱਟ ਹੋਈ ਅਤੇ ਗਾਧੂ ਨੂੰ ਇਸ ਤੋਂ ਬਾਅਦ ਹੋਰ ਵੀ ਛੋਟੇ-ਛੋਟੇ ਕਈ ਕਿਰਦਾਰ ਨਿਭਾਉਣ ਲਈ ਮਿਲਦੇ ਰਹੇ।

ਗੁਰਚਰਨ ਵਿਰਕ ਨੇ ਗਾਧੂ ਨੂੰ ਚੰਡੀਗੜ੍ਹ ਆ ਕੇ ਰਹਿਣ ਦੀ ਸਲਾਹ ਦਿੱਤੀ। ਗਾਧੂ ਮੋਹਾਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹੇ ਅਤੇ ਆਡੀਸ਼ਨ ਦਿੰਦੇ ਰਹੇ।

ਗਾਧੂ ਨੇ ਗੁਰਚੇਤ ਚਿੱਤਰਕਾਰ ਦੀਆਂ ਟੈਲੀਫਿਲਮਾਂ ਵਿੱਚ ਲੜੀਵਾਰ ਕੰਮ ਕੀਤਾ ਅਤੇ ਆਪਣੀ ਪਛਾਣ ਬਣਾਈ।

ਇਹ ਟੈਲੀਫਿਲਮਾਂ ਪੰਜਾਬ ਦੇ ਘਰ-ਘਰ ਵਿੱਚ ਦੇਖੀਆਂ ਗਈਆਂ ਅਤੇ ਪ੍ਰਕਾਸ਼ ਗਾਧੂ ਨੂੰ ਆਪਣੇ ਨਿਭਾਏ ਕਿਰਦਾਰ ਜੋਰਾ ਜ਼ੈਲਦਾਰ ਤੋਂ ਮਕਬੂਲੀਅਤ ਹਾਸਿਲ ਹੋਈ।

ਪ੍ਰਕਾਸ਼ ਗਾਧੂ ਨੇ ਜਲੰਧਰ ਦੂਰਸ਼ਰਸ਼ਨ ’ਤੇ ਵੀ ਕੰਮ ਕੀਤਾ।

ਗਾਧੂ ਨੇ ਕਿਹਾ, “ਕਦੇ ਇੱਕ ਸੀਨ, ਕਦੇ ਦੋ ਸੀਨ ਅਤੇ ਅੱਜ ਉਹ ਸਮਾਂ ਆ ਗਿਆ ਹੈ ਜਦੋਂ ਪ੍ਰਾਮਤਮਾ ਨੇ ਲੇਖਕਾਂ ਦੀ ਕਲਮ ਵਿੱਚ ਮੇਰੇ ਲਈ ਸਿਆਹੀ ਬਖ਼ਸ਼ੀ ਹੈ। ਹੁਣ ਮੈਨੂੰ ਧਿਆਨ ਵਿੱਚ ਰੱਖ ਕੇ ਵੀ ਕਿਰਦਾਰ ਲਿਖੇ ਜਾਂਦੇ ਹਨ।”

ਪ੍ਰਕਾਸ਼ ਗਾਧੂ

ਤਸਵੀਰ ਸਰੋਤ, Parkash Gadhu/FB

ਤਸਵੀਰ ਕੈਪਸ਼ਨ, ਪ੍ਰਕਾਸ਼ ਗਾਧੂ ‘ਮੜ੍ਹੀ ਦਾ ਦੀਵਾ’ ਵਰਗੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ਦਾ ਹਿੱਸਾ ਬਣੇ

ਜਦੋਂ ਤੂਫ਼ਾਨੀ ਰਾਤ ’ਚ 15 ਕਿਲੋਮੀਟਰ ਪੈਦਲ ਤੁਰੇ

ਡਾਇਰੈਕਟਰ ਗੁਰਚਰਨ ਵਿਰਕ ਦੇ ਕਹਿਣ ’ਤੇ ਮੋਹਾਲੀ ਰਹਿਣਾ ਸ਼ੁਰੂ ਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਸੰਘਰਸ਼ ਰਿਹਾ, ਇਸ ਬਾਰੇ ਵੀ ਪ੍ਰਕਾਸ਼ ਗਾਧੂ ਨੇ ਇੱਕ ਕਿੱਸਾ ਸੁਣਾਇਆ।

ਉਹ ਦੱਸਦੇ ਹਨ ਕਿ ਉਹ ਮੋਹਾਲੀ ਦੇ ਫੇਜ਼ 7 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਜਦੋਂ ਇੱਕ ਵਾਰ ਚੰਡੀਗੜ੍ਹ ਦੇ ਸੈਕਟਰ 17 ਨੇੜੇ ਇੱਕ ਕੋਠੀ ਵਿੱਚ ਆਡੀਸ਼ਨ ਲਈ ਸੱਦਿਆ ਗਿਆ ਸੀ।

ਉਨ੍ਹਾਂ ਦੱਸਿਆ, “ਮੈਨੂੰ ਛੇ ਵਜੇ ਸੱਦਿਆ ਗਿਆ। ਮੈਂ ਸਵਾ ਪੰਜ ਵਜੇ ਜਾ ਕੇ ਵਰਾਂਡੇ ਵਿੱਚ ਬਹਿ ਗਿਆ। ਮੈਨੂੰ ਅੰਦਰ ਬਿਠਾ ਲਿਆ ਗਿਆ। ਬਹੁਤ ਸਰਦੀ ਦੇ ਦਿਨ ਸਨ। ਜਿਸ ਸ਼ਖ਼ਸ ਨੇ ਆਡੀਸ਼ਨ ਲੈਣਾ ਸੀ, ਉਹ ਪੌਣੇ-ਕੁ ਨੌਂ ਵਜੇ ਕੋਠੀ ਵਿੱਚ ਆਇਆ ਤੇ ਅੰਦਰ ਚਲਾ ਗਿਆ। ਕੁਝ ਸਮੇਂ ਬਾਅਦ ਉਨ੍ਹਾਂ ਦਾ ਨੌਕਰ ਆਇਆ ਤੇ ਮੈਨੂੰ ਅਗਲੇ ਦਿਨ ਆਉਣ ਨੂੰ ਕਿਹਾ ਗਿਆ।”

ਗਾਧੂ ਨੇ ਦੱਸਿਆ ਕਿ ਬਾਹਰ ਬਹੁਤ ਹਨੇਰੀ-ਤੂਫ਼ਾਨ ਸੀ ਅਤੇ ਮੀਂਹ ਪੈ ਰਿਹਾ ਸੀ। ਕੋਈ ਰਿਕਸ਼ੇ ਵਾਲਾ ਵੀ ਜਾਣ ਲਈ ਤਿਆਰ ਨਹੀਂ ਹੋ ਰਿਹਾ ਸੀ। ਉਹ ਸੈਕਟਰ 17 ਨੇੜਿਓਂ ਮੋਹਾਲੀ ਦੇ ਫੇਜ਼ 7 ਵਿੱਚ ਆਪਣੀ ਰਿਹਾਇਸ਼ ਤੱਕ ਤਕਰੀਬਨ 10-12 ਕਿੱਲੋਮੀਟਰ ਪੈਦਲ ਤੁਰ ਕੇ ਪਹੁੰਚੇ।

“ਅਗਲੇ ਦਿਨ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਵਾਪਸ ਪਿੰਡ ਆ ਜਾਵਾਂਗਾ ਤੇ ਖੇਤੀਬਾੜੀ ਕਰ ਲਵਾਂਗਾ। ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਗਿਆ ਅਤੇ ਮੱਥਾ ਟੇਕਿਆ। ਉੱਥੇ ਹੀ ਹੈਪੀ ਔਲ਼ਖ ਦਾ ਫ਼ੋਨ ਆਇਆ ਅਤੇ 1000-1500 ਰੁਪਏ ਮਿਹਨਤਾਨਾ ਨਾਲ ਗੀਤ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ।”

“ਮੈਨੂੰ ਉਸ ਵੇਲੇ ਜਾਪਿਆ ਕਿ ਹੁਣ ਜੇ ਪ੍ਰਾਮਤਮਾ ਨੇ ਮੈਨੂੰ ਰੋਕ ਲਿਆ ਹੈ ਤਾਂ ਕੁਝ ਬਣਾ ਕੇ ਹੀ ਭੇਜੇਗਾ।”

ਪ੍ਰਕਾਸ਼ ਦੀ ਫ਼ਿਲਮ ਸਰਪੰਚੀ ਦਾ ਪੋਸਟਰ

ਤਸਵੀਰ ਸਰੋਤ, Parkash Gadhu/FB

ਤਸਵੀਰ ਕੈਪਸ਼ਨ, ਪ੍ਰਕਾਸ਼ ਦੀ ਫ਼ਿਲਮ ਸਰਪੰਚੀ ਦਾ ਪੋਸਟਰ

ਮਨਜੀਤ ਮਾਨ ਦੇ ਦਿੱਤੇ ਪੰਜ ਹਜ਼ਾਰ ਸਾਂਭ ਕੇ ਰੱਖੇ

ਗੁਰਦਾਸ ਮਾਨ ਦੀ ਫ਼ਿਲਮ ਚੱਕ ਜਵਾਨਾ ਵਿੱਚ ਕੰਮ ਕਰਨ ਦਾ ਕਿੱਸਾ ਪ੍ਰਕਾਸ਼ ਗਾਧੂ ਨੇ ਸੁਣਾਇਆ। ਉਨ੍ਹਾਂ ਦੱਸਿਆ ਕੇ ਕੰਮ ਦੇਖ ਕੇ ਉਨ੍ਹਾਂ ਦੇ ਦੋ ਤੋਂ ਵਧਾ ਕੇ ਅੱਠ ਸੀਨ ਕਰ ਦਿੱਤੇ ਗਏ।

ਗਾਧੂ ਨੇ ਦੱਸਿਆ ਕਿ ਉਹ ਸੱਪ ਤੋਂ ਬਹੁਤ ਡਰਦੇ ਹਨ ਅਤੇ ਇਸ ਫ਼ਿਲਮ ਲਈ ਜਿਸ ਛੱਪੜ ਵਿੱਚ ਉਨ੍ਹਾਂ ਦਾ ਸੀਨ ਫਿਲਮਾਇਆ ਜਾਣਾ ਸੀ, ਉਸ ਵਿੱਚ ਉਨ੍ਹਾਂ ਨੂੰ ਇੱਕ ਕਾਲਾ ਸੱਪ ਦਿਸਿਆ ਸੀ।

ਪ੍ਰਕਾਸ਼ ਗਾਧੂ ਨੇ ਦੱਸਿਆ, “ਮੇਰੇ ਲਈ ਉਹ ਬਹੁਤ ਔਖਾ ਦਿਨ ਸੀ। ਜਾਂ ਤਾਂ ਰੱਬ ਕਹਿ ਰਿਹਾ ਸੀ ਕਿ ਇਹ ਮੇਰੀ ਮੌਤ ਹੈ, ਤੂੰ ਛੱਪੜ ਵਿੱਚ ਸ਼ੌਟ ਨਾ ਦੇਈਂ ਅਤੇ ਜਾਂ ਰੱਬ ਇਮਤਿਹਾਨ ਲੈ ਰਿਹਾ ਸੀ ਕਿ ਜੇ ਵਿਸ਼ਵਾਸ ਕਰਦਾ ਹੈਂ ਤਾਂ ਕੁੱਦ ਕੇ ਵੇਖ।”

ਪ੍ਰਕਾਸ਼ ਗਾਧੂ ਕਹਿੰਦੇ ਹਨ ਕਿ ਉਨ੍ਹਾਂ ਨੇ ਫ਼ੈਸਲਾ ਲਿਆ ਅਤੇ ਛੱਪੜ ਦਾ ਉਹ ਸੀਨ ਕੀਤਾ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ।

ਉਨ੍ਹਾਂ ਅੱਗੇ ਦੱਸਿਆ, “ਫ਼ਿਲਮ ਦੇ ਅਖੀਰ ਵਿੱਚ ਮੈਨੂੰ ਮਨਜੀਤ ਮਾਨ ਜੀ ਨੇ ਪੰਜ ਹਜ਼ਾਰ ਰੁਪਏ ਵੀ ਦਿੱਤੇ ਸੀ ਜੋ ਅੱਜ ਵੀ ਮੈਂ ਸਾਂਭ ਕੇ ਰੱਖੇ ਹਨ। ਮੈਂ ਅਰਦਾਸ ਕਰਦਾ ਹਾਂ ਕਿ ਰੱਬਾ ਉਹ ਪੈਸੇ ਖਰਚਾਈਂ ਨਾ।”

ਉਹ ਕਹਿੰਦੇ ਹਨ ਕਿ ਸੁਣਨ ਨੂੰ ਇਹ ਗੱਲ ਆਮ ਜਿਹੀ ਜਾਪਦੀ ਹੈ, ਪਰ ਉਨ੍ਹਾਂ ਲਈ ਬਹੁਤ ਵੱਡੀ ਸੀ।

ਅਦਾਕਾਰਾ ਨਿਰਮਲ ਰਿਸ਼ੀ ਨਾਲ ਪ੍ਰਕਾਸ਼ ਗਾਧੂ

ਤਸਵੀਰ ਸਰੋਤ, Parkash Gadhu/FB

ਤਸਵੀਰ ਕੈਪਸ਼ਨ, ਅਦਾਕਾਰਾ ਨਿਰਮਲ ਰਿਸ਼ੀ ਨਾਲ ਪ੍ਰਕਾਸ਼ ਗਾਧੂ

“ਪਤਨੀ ਮੇਰੇ ਘਰ ਦੀ ਰਾਣੀ”

ਪ੍ਰਕਾਸ਼ ਗਾਧੂ ਹਰ ਇੰਟਰਵਿਊ ਵਿੱਚ ਆਪਣੀ ਪਤਨੀ ਦਾ ਜ਼ਿਕਰ ਕਰਦੇ ਹਨ ਅਤੇ ਜ਼ਿੰਦਗੀ ਵਿੱਚ ਆਪਣੀ ਸਫਲਤਾ ਪਿੱਛੇ ਆਪਣੀ ਪਤਨੀ ਨੂੰ ਬਰਾਬਰ ਦੀ ਹਿੱਸੇਦਾਰ ਮੰਨਦੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਨੇ ਘਰ-ਪਰਿਵਾਰ ਸੰਭਾਲ਼ਿਆਂ ਇਸੇ ਕਰਕੇ ਹੀ ਉਹ ਆਪਣਾ ਐਕਟਿੰਗ ਕਰੀਅਰ ਜਾਰੀ ਰੱਖ ਸਕੇ।

ਗਾਧੂ ਨੇ ਇੱਕ ਕਿੱਸਾ ਸੁਣਾਇਆ, “ਮੇਰਾ ਬੇਟਾ ਨੌਂਵੀਂ-ਦਸਵੀਂ ਵਿੱਚ ਹੋਇਆ ਤਾਂ ਅਸੀਂ ਮਲੋਟ ਰਹਿਣ ਲੱਗ ਪਏ। ਜਦੋਂ ਮੈਂ ਚੰਡੀਗੜ੍ਹ ਆਉਣਾ ਹੁੰਦਾ ਸੀ, ਤਾਂ ਮੇਰਾ ਬੇਟਾ ਮੈਨੂੰ ਸਵੇਰੇ ਚਾਰ-ਪੰਜ ਵਜੇ ਟਰੇਨ ’ਤੇ ਬਿਠਾਉਣ ਆਉਂਦਾ ਸੀ। ਇੱਕ ਵਾਰ ਵਾਪਸੀ ਵੇਲੇ ਉਸ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੇ ਪੈਰ ਵਿੱਚ ਸੱਟ ਲੱਗ ਗਈ।”

ਉਨ੍ਹਾਂ ਅੱਗੇ ਦੱਸਿਆ, “ਮੈਂ ਗਿੱਦੜਬਾਹਾ ਪਹੁੰਚਿਆ ਹੀ ਸੀ ਕਿ ਘਰੋਂ ਫ਼ੋਨ ਆਏ ਅਤੇ ਮੈਨੂੰ ਮੇਰੀ ਪਤਨੀ ਨੇ ਇਸ ਸੱਟ ਬਾਰੇ ਦੱਸਿਆ। ਮੈਂ ਉਸ ਨੂੰ ਕਿਹਾ ਕਿ ਇਸ ਦੇ ਪੈਰ ’ਤੇ ਚੁੰਨੀ ਗਿੱਲੀ ਕਰਕੇ ਬੰਨ ਦੇ ਅਤੇ ਅੱਠ-ਨੌਂ ਵਜੇ ਇਸ ਨੂੰ ਹਸਪਤਾਲ ਲੈ ਜਾਈਂ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਰੱਬ ਦਾ ਸ਼ੁਕਰ ਕਰ ਕੇ ਪੁੱਤ ਆਪਣੇ-ਆਪ ਘਰ ਪਹੁੰਚ ਗਿਆ ਹੈ।”

ਗਾਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਸਵੇਰੇ ਨੌਂ ਕੁ ਵਜੇ ਆਪਣੇ ਬੇਟੇ ਨੂੰ ਹਸਪਤਾਲ ਲੈ ਗਏ।

“ਉਹ ਮੈਨੂੰ ਇਹ ਵੀ ਕਹਿ ਸਕਦੀ ਸੀ ਕਿ ਨਹੀਂ, ਤੂੰ ਗਿੱਦੜਬਾਹੇ ਤੋਂ ਹੀ ਵਾਪਸ ਮੁੜ ਆ। ਪਰ ਉਸ ਨੇ ਮੌਕਾ ਸੰਭਾਲ਼ਿਆਂ ਅਤੇ ਮੈਂ ਆਪਣੇ ਕੰਮ ਜਾ ਸਕਿਆ।”

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਜੋ ਵੀ ਮੁਸ਼ਕਿਲਾਂ ਆਈਆਂ, ਉਹ ਉਨ੍ਹਾਂ ਦੀ ਪਤਨੀ ਨੇ ਨਜਿੱਠੀਆਂ ਅਤੇ ਇਸੇ ਸਦਕਾ ਉਹ ਆਪਣੇ ਕੰਮ ’ਤੇ ਧਿਆਨ ਰੱਖ ਸਕੇ।

ਪ੍ਰਕਾਸ਼ ਗਾਧੂ ਨਿੱਕਾ ਜ਼ੈਲਦਾਰ, ਹਰਜੀਤਾ, ਗੁੱਡੀਆਂ ਖਟੋਲੇ, ਗਲਵੱਕੜੀ, ਬੂਹੇ ਬਾਰੀਆਂ ਅਤੇ ਕਲੀ ਜੋਟਾ ਵਰਗੀਆਂ ਕਈ ਫ਼ਿਲਮਾਂ ਦਾ ਹਿੱਸਾ ਰਹੇ ਹਨ।

ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰ ਸਿੰਘ ਆਪਣਾ ਅਰਸਤੂ, ਬੇਬੇ ਅਤੇ ਬਰਾਊਨ ਬਾਬੇ ਵਰਗੀਆਂ ਫ਼ਿਲਮਾਂ ਵਿੱਚ ਨਿਭਾਏ ਆਪਣੇ ਕਿਰਦਾਰਾਂ ਲਈ ਆਸਵੰਦ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)