ਬਾਬਰ ਦੀ ਧੀ ਜਿਸ ਨੇ ਇਕੱਲਿਆਂ ਵੱਡੀ ਹਕੂਮਤ ਦੀ ਨਾਫਰਮਾਨੀ ਕੀਤੀ, ਜੋ ਅੱਗੇ ਇਤਿਹਾਸ ਬਣੀ

ਤਸਵੀਰ ਸਰੋਤ, JUGGERNAUT BOOKS
- ਲੇਖਕ, ਸ਼ੇਰਲੇਨ ਮੋਲੇਨ
- ਰੋਲ, ਬੀਬੀਸੀ ਪੱਤਰਕਾਰ, ਮੁੰਬਈ
ਇਹ ਕਹਾਣੀ 1576 ਦੀ ਹੈ ਜਦੋਂ ਭਾਰਤ ਦੀ ਧਰਤੀ 'ਤੇ ਮੁਗਲ ਸਾਮਰਾਜ ਦਾ ਝੰਡਾ ਝੂਲਦਾ ਸੀ ਅਤੇ ਅਰਬ ਜਗਤ 'ਤੇ ਓਟੋਮਨ ਸਾਮਰਾਜ ਦਾ ਰਾਜ ਸੀ।
ਅਕਬਰ ਭਾਰਤ ਦਾ ਬਾਦਸ਼ਾਹ ਸੀ, ਉਸ ਸਮੇਂ ਓਟੋਮਨ ਸਾਮਰਾਜ ਦਾ ਤਾਜ ਸੁਲਤਾਨ ਮੁਰਾਦ ਅਲੀ ਦੇ ਸਿਰ 'ਤੇ ਚਮਕਾਂ ਮਾਰਦਾ ਸੀ।
ਇਸ ਸਮੇਂ ਦੌਰਾਨ, ਮੁਗਲ ਸਲਤਨਤ ਦੀ ਇੱਕ ਰਾਜਕੁਮਾਰੀ ਨੇ ਮੱਕਾ-ਮਦੀਨਾ ਦੀ ਬੇਮਿਸਾਲ ਯਾਤਰਾ ਕੀਤੀ।
ਮੁਗਲ ਭਾਰਤ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕੋਈ ਔਰਤ ਪਵਿੱਤਰ ਹੱਜ ਯਾਤਰਾ 'ਤੇ ਗਈ ਸੀ। ਹੱਜ ਨੂੰ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਗੁਲਬਦਨ ਬੇਗਮ ਇਸ ਯਾਤਰਾ 'ਤੇ ਇਕੱਲੇ ਨਹੀਂ ਗਈ ਸੀ, ਉਨ੍ਹਾਂ ਨੇ ਆਪਣੇ ਨਾਲ ਗਈਆਂ ਸ਼ਾਹੀ ਔਰਤਾਂ ਦੇ ਇੱਕ ਛੋਟੇ ਜਿਹੇ ਜੱਥੇ ਦੀ ਅਗਵਾਈ ਵੀ ਕੀਤੀ ਸੀ।
ਫਿਰ ਵੀ ਇਸ ਸ਼ਾਨਦਾਰ ਫੇਰੀ ਦੇ ਵੇਰਵੇ ਇਤਿਹਾਸਕ ਦਸਤਾਵੇਜ਼ਾਂ ਵਿੱਚ ਉਪਲਬਧ ਨਹੀਂ ਹਨ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਦਰਬਾਰ ਦੇ ਪੁਰਸ਼ ਇਤਿਹਾਸਕਾਰਾਂ ਨੇ 'ਸਨਮਾਨ' ਦੇ ਨਾਂ 'ਤੇ ਹਾਜੀ ਬੀਬੀਆਂਂ ਦੀ ਯਾਤਰਾ ਨਾਲ ਜੁੜੇ ਤੱਥਾਂ ਦਾ ਖੁਲਾਸਾ ਨਹੀਂ ਕੀਤਾ।
ਸ਼ਾਨਦਾਰ ਸਫ਼ਰ ਦੇ ਅਧੂਰੇ ਕਿੱਸੇ

ਤਸਵੀਰ ਸਰੋਤ, RANA SAFVI
ਇਤਿਹਾਸਕਾਰ ਅਤੇ ਲੇਖਕ ਰੂਬੀ ਲਾਲ ਨੇ ਆਪਣੀ ਕਿਤਾਬ 'ਵੇਗਾਬਾਂਡ ਪ੍ਰਿੰਸੇਸ: ਦਿ ਗ੍ਰੇਟ ਐਡਵੈਂਚਰਜ਼ ਆਫ ਗੁਲਬਦਨ' ਵਿੱਚ ਇਸ ਯਾਤਰਾ ਦਾ ਵਰਣਨ ਕੀਤਾ ਹੈ।
ਰੂਬੀ ਲਾਲ ਲਿਖਦੇ ਹਨ ਕਿ ਗੁਲਬਦਨ ਬੇਗਮ ਦੀ ਯਾਤਰਾ ਵਿੱਚ ਬਹਾਦਰੀ ਦੇ ਨਾਲ-ਨਾਲ ਹਮਦਰਦੀ ਅਤੇ ਬਗਾਵਤ ਨਾਲ ਜੁੜੀਆਂ ਘਟਨਾਵਾਂ ਵੀ ਸ਼ਾਮਲ ਹਨ।
ਗੁਲਬਦਨ ਬੇਗਮ ਨੂੰ ਮੁਗਲ ਸਾਮਰਾਜ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਇਤਿਹਾਸਕਾਰ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਆਪਣੀ ਕਿਤਾਬ ਹੁਮਾਂਯੂੰ ਨਾਮਾ ਵਿੱਚ ਆਪਣੇ ਜੀਵਨ ਤਜਰਬਿਆਂ ਨੂੰ ਸੰਜੋਇਆ ਹੈ। ਹਾਲਾਂਕਿ ਉਨ੍ਹਾਂ ਦੀ ਇਹ ਕਿਤਾਬ ਵੀ ਅਧੂਰੀ ਹੈ। ਇਸ ਕਿਤਾਬ ਦੇ ਬਹੁਤ ਸਾਰੇ ਪੰਨੇ ਅੱਜ ਤੱਕ ਗਾਇਬ ਹਨ।
ਰੂਬੀ ਲਾਲ ਨੇ ਇਸ ਕਿਤਾਬ ਨੂੰ ਲਿਖਣ ਲਈ ਓਟੋਮਨ ਸਾਮਰਾਜ ਦੇ ਇਤਿਹਾਸ ਅਤੇ ਫ਼ਾਰਸੀ ਅਤੇ ਮੁਗਲ ਹੱਥ ਲਿਖਤਾਂ ਸਮੇਤ ਹੋਰ ਦਸਤਾਵੇਜ਼ਾਂ ਦੀ ਖੋਜ ਕੀਤੀ ਹੈ।
ਗੁਲਬਦਨ ਉਸ ਸਮੇਂ ਲਿਖ ਰਿਹੇ ਸੀ ਜਦੋਂ ਉਸ ਸਮੇਂ ਦੇ ਇਤਿਹਾਸਕਾਰਾਂ ਲਈ ਸ਼ਾਹੀ ਸ਼ਖਸੀਅਤਾਂ ਦੁਆਰਾ ਲਿਖੀਆਂ ਰਚਨਾਵਾਂ ਦੀਆਂ ਨਕਲਾਂਂ ਬਣਾਉਣਾ ਆਮ ਗੱਲ ਸੀ। ਫਿਰ ਵੀ ਗੁਲਬਦਨ ਦੀ ਕਿਤਾਬ ਦਾ ਇੱਕ ਵੀ ਪੂਰਾ ਉਤਾਰਾ ਨਹੀਂ ਹੈ।
"ਇਸ ਤਰ੍ਹਾਂ ਦੀ ਇਸ ਮਜ਼ਬੂਤ ਔਰਤ ਦੇ ਇਸ ਇਕਲੌਤੇ ਸਫ਼ਰ 'ਤੇ ਇੰਨੀ ਚੁੱਪ ਬਹੁਤ ਕੁਝ ਦੱਸਦੀ ਹੈ।''
ਸੱਤਾ ਦੇ ਕੇਂਦਰ ਤੋਂ ਦੂਰੀ

ਤਸਵੀਰ ਸਰੋਤ, Getty Images
ਗੁਲਬਦਨ ਦਾ ਜਨਮ 1523 ਵਿੱਚ ਬਾਬਰ ਦੀ ਤੀਜੀ ਪਤਨੀ ਦਿਲਦਾਰ ਬੇਗਮ ਦੀ ਕੁੱਖੋਂ ਕਾਬੁਲ ਵਿੱਚ ਹੋਇਆ ਸੀ।
ਗੁਲਬਦਨ ਦੇ ਜਨਮ ਸਮੇਂ ਬਾਬਰ ਘਰ ਤੋਂ ਦੂਰ ਰਹਿ ਕੇ ਭਾਰਤ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸੀ।
ਜਦੋਂ ਇਹ ਯੁੱਧ ਸ਼ੁਰੂ ਹੋਏ ਤਾਂ ਬਾਬਰ ਦੀ ਘਰ ਵਾਪਸੀ ਘੱਟ ਗਈ। ਗੁਲਬਦਨ ਨੂੰ ਜਲਦੀ ਹੀ ਇਸ ਦੀ ਆਦਤ ਪੈ ਗਈ।
ਫਿਰ ਘਰ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨਾਲ ਗੁਲਬਦਨ ਦੀ ਮੁਲਾਕਾਤ ਕਦੇ-ਕਦਾਈਂ ਹੀ ਹੁੰਦੀ ਸੀ।
ਪਿਤਾ ਬਾਬਰ ਤੋਂ ਬਾਅਦ ਸੌਤੇਲੇ ਭਰਾ ਹੁਮਾਂਯੂੰ ਅਤੇ ਭਤੀਜੇ ਅਕਬਰ ਨਾਲ ਉਨ੍ਹਾਂ ਦੀ ਗੱਲਬਾਤ ਵੀ ਇਸੇ ਤਰ੍ਹਾਂ ਦੀ ਸੀ।
ਜਦੋਂ ਸ਼ਾਹੀ ਪਰਿਵਾਰ ਦੇ ਆਦਮੀ ਸਾਮਰਾਜ ਦੀਆਂ ਹੱਦਾਂ ਚੌੜੀਆਂ ਕਰਨ ਲਈ ਲੜਾਈਆਂ ਲੜ ਰਹੇ ਸਨ, ਗੁਲਬਦਨ ਮਜ਼ਬੂਤ ਔਰਤਾਂ ਦੇ ਪਰਛਾਵੇਂ ਵਿੱਚ ਵੱਡੀ ਹੋ ਰਹੀ ਸੀ। ਇਹ ਔਰਤਾਂ ਬਾਬਰ ਦੀ ਮਾਂ, ਮਾਸੀਆਂ, ਭੈਣਾਂ, ਬੇਗਮਾਂ ਅਤੇ ਉਸ ਦੀਆਂ ਧੀਆਂ ਸਨ।
ਇਨ੍ਹਾਂ ਔਰਤਾਂ ਨੇ ਦਰਬਾਰੀ ਗਤੀਵਿਧੀਆਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਨੇ ਰਾਜਿਆਂ ਅਤੇ ਰਾਜਕੁਮਾਰਾਂ ਦੇ ਭਰੋਸੇਮੰਦਾਂ ਅਤੇ ਸਲਾਹਕਾਰਾਂ ਦੀ ਭੂਮਿਕਾ ਨਿਭਾਈ।
ਗੁਲਬਦਨ ਦੇ ਬਚਪਨ ਵਿੱਚ ਵੀ ਯਾਤਰਾ ਲਈ ਇੱਕ ਖਾਸ ਜਗ੍ਹਾ ਸੀ। ਜਦੋਂ ਬਾਬਰ ਨੇ ਆਗਰਾ ਤੱਕ ਆਪਣਾ ਸਾਮਰਾਜ ਵਧਾ ਲਿਆ ਤਾਂ ਉਹ ਛੇ ਸਾਲ ਦੀ ਉਮਰ ਵਿੱਚ ਕਾਬੁਲ ਤੋਂ ਆਗਰਾ ਦਾ ਸਫਰ ਕਰਨ ਵਾਲੀ ਪਹਿਲੀ ਮੁਗਲ ਔਰਤ ਬਣੇ।
ਜਦੋਂ ਅਫਗਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਤਾਂ ਫਿਰ ਉਹ ਇੱਕ ਵਿਆਹੁਤਾ ਔਰਤ ਵਜੋਂ ਕਾਬੁਲ ਵਾਪਸ ਆਏ।
ਇਹ ਯਾਤਰਾਵਾਂ ਕਈ ਮਹੀਨਿਆਂ ਤੱਕ ਜਾਰੀ ਰਹੀਆਂ। ਗੁਲਬਦਨ ਬੇਗਮ ਸ਼ਾਹੀ ਪਰਿਵਾਰ ਦੀਆਂ ਹੋਰ ਔਰਤਾਂ ਨਾਲ ਪਹਾੜੀ ਰਸਤਿਆਂ ਰਾਹੀਂ ਖਤਰਿਆਂ ਨਾਲ ਭਰੇ ਹੋਏ ਸਫਰ ਕਰਦੇ ਸਨ।
ਇਨ੍ਹਾਂ ਯਾਤਰਾਵਾਂ ਦੌਰਾਨ, ਉਸ ਨੂੰ ਦੁਸ਼ਮਣਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਰੂਬੀ ਲਾਲ ਦੱਸਦੇ ਹਨ, "ਮੁਗਲ ਔਰਤਾਂ ਨੂੰ ਖਾਨਾਬਦੋਸ਼ ਜੀਵਨ ਸ਼ੈਲੀ ਦੀ ਆਦਤ ਸੀ। ਉਹ ਲਗਾਤਾਰ ਨਵੀਆਂ ਥਾਵਾਂ 'ਤੇ ਪਰਵਾਸ ਕਰਨ ਅਤੇ ਆਪਣੇ ਯੁੱਧ ਲੜਨ ਵਾਲੇ ਪਤੀਆਂ ਨਾਲ ਅਸਥਾਈ ਕੈਂਪਾਂ ਵਿੱਚ ਰਹਿਣ ਦੀਆਂ ਆਦੀ ਸੀ।
ਰੂਬੀ ਲਾਲ ਦਾ ਕਹਿਣਾ ਹੈ ਕਿ ਸ਼ਾਇਦ ਯਾਤਰਾ ਕਰਨ ਦੀ ਇਸ ਆਦਤ ਕਾਰਨ ਗੁਲਬਦਨ ਨੇ ਆਪਣੇ ਭਤੀਜੇ ਅਕਬਰ ਤੋਂ ਹੱਜ 'ਤੇ ਜਾਣ ਦੀ ਇਜਾਜ਼ਤ ਮੰਗੀ ਸੀ।
ਜਦੋਂ ਅਕਬਰ ਨਾਲ ਗੱਲ ਕੀਤੀ

ਤਸਵੀਰ ਸਰੋਤ, Getty Images
ਅਕਬਰ ਦਾ ਸਭ ਤੋਂ ਵੱਡਾ ਸੁਪਨਾ ਮੁਗਲ ਸਾਮਰਾਜ ਦਾ ਝੰਡਾ ਲਹਿਰਾਉਣਾ ਸੀ। ਜਿਵੇਂ-ਜਿਵੇਂ ਉਹ ਭਾਰਤ ਵਿੱਚ ਅੱਗੇ ਵਧ ਰਹੇ ਸੀ, ਉਹ ਆਪਣੇ ਆਪ ਨੂੰ ਇੱਕ ਪਵਿੱਤਰ ਵਿਅਕਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸੀ।
ਉਹ ਪਹਿਲਾ ਮੁਗਲ ਬਾਦਸ਼ਾਹ ਬਣੇ ਜਿਸਨੇ ਮੁਗਲ ਔਰਤਾਂ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਰੱਖਣ ਅਤੇ ਹਰਮ ਦੀਆਂ ਚਾਰ ਕੰਧਾਂ ਦੇ ਅੰਦਰ ਰੱਖਣ ਦਾ ਫੈਸਲਾ ਕੀਤਾ।
ਰੂਬੀ ਲਿਖਦੇ ਹਨ, "ਬਾਦਸ਼ਾਹ ਤੋਂ ਇਲਾਵਾ ਕਿਸੇ ਨੂੰ ਵੀ ਸ਼ਾਹੀ ਹਰਮ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ। ਇਸ ਹਰਮ ਵਿੱਚ ਸੁੰਦਰ ਅਤੇ ਕੁਆਰੀ ਕੁੜੀਆਂ ਰਹਿੰਦੀਆਂ ਸਨ। ਇਹ ਇੱਕ ਤਰ੍ਹਾਂ ਨਾਲ ਇਸ ਗੱਲ ਦਾ ਸਬੂਤ ਸੀ ਕਿ ਮੁਗਲ ਬਾਦਸ਼ਾਹ ਦਾ ਅਹੁਦਾ ਲਗਭਗ ਦੈਵੀ ਹੈ।
ਜ਼ਿੰਦਗੀ ਵਿੱਚ ਆਏ ਇਸ ਠਹਿਰਾਅ ਨੇ ਗੁਲਬਦਨ ਨੂੰ ਪਰੇਸ਼ਾਨ ਕਰ ਦਿੱਤਾ।
ਅਕਤੂਬਰ 1576 ਵਿੱਚ, ਉਨ੍ਹਾਂ ਨੇ ਅਕਬਰ ਕੋਲ ਹੱਜ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਮੰਨਤ ਹੈ।
ਅਕਬਰ ਨੇ ਇਸ ਯਾਤਰਾ ਲਈ ਦੋ ਆਲੀਸ਼ਾਨ ਮੁਗਲ ਸਮੁੰਦਰੀ ਜਹਾਜ਼ਾਂ ਸਲੀਮੀ ਅਤੇ ਇਲਾਹੀ ਦੀ ਵਰਤੋਂ ਦੀ ਆਗਿਆ ਦਿੱਤੀ।
ਬੀਬੀਆਂ ਦੇ ਇਸ ਜੱਥੇ ਦੇ ਨਾਲ ਸੋਨੇ ਅਤੇ ਚਾਂਦੀ ਨਾਲ ਭਰੇ ਸੰਦੂਕ ਵੀ ਸਨ, ਜੋ ਦਾਨ ਵਜੋਂ ਵੰਡੇ ਜਾਣਾ ਸੀ। ਇਸ ਦੇ ਨਾਲ ਹੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤੋਹਫੇ ਵਜੋਂ ਬਾਰਾਂ ਹਜ਼ਾਰ ਕੱਪੜੇ ਵੀ ਭੇਜੇ ਗਏ।
ਰੂਬੀ ਲਾਲ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, "ਜਦੋਂ ਇਨ੍ਹਾਂ ਔਰਤਾਂ ਦਾ ਕਾਫਲਾ ਲਾਲ ਪੱਥਰ ਦੀ ਮੁਗਲ ਰਾਜਧਾਨੀ ਫਤਿਹਪੁਰ ਸੀਕਰੀ ਦੀਆਂ ਗਲੀਆਂ ਵਿੱਚੋਂ ਲੰਘ ਰਿਹਾ ਸੀ ਤਾਂ ਉਨ੍ਹਾਂ ਨੂੰ ਦੇਖਣ ਲਈ ਸੜਕਾਂ 'ਤੇ ਆਮ ਔਰਤਾਂ ਅਤੇ ਮਰਦਾਂ ਦੀ ਭੀੜ ਸੀ।''
ਇਹ ਯਾਤਰਾ ਖਤਰਿਆਂ ਨਾਲ ਸ਼ੁਰੂ ਹੋਈ। ਮੱਕਾ ਦਾ ਸਮੁੰਦਰੀ ਰਸਤਾ ਪੁਰਤਗਾਲੀਆਂ ਦੇ ਕੰਟਰੋਲ ਹੇਠ ਸੀ ਜੋ ਮੁਸਲਿਮ ਜਹਾਜ਼ਾਂ ਨੂੰ ਲੁੱਟਣ ਅਤੇ ਸਾੜਨ ਲਈ ਬਦਨਾਮ ਸਨ।
ਈਰਾਨ ਰਾਹੀਂ ਜ਼ਮੀਨੀ ਰਸਤਾ ਵੀ ਓਨਾ ਹੀ ਖਤਰਨਾਕ ਸੀ ਕਿਉਂਕਿ ਇਸ ਰਸਤੇ ਉੱਤੇ ਅਜਿਹੇ ਦਲ ਹੁੰਦੇ ਸਨ ਜੋ ਯਾਤਰੀਆਂ ਉੱਤੇ ਹਮਲਾ ਕਰਦੇ ਸਨ।
ਇਹੀ ਕਾਰਨ ਹੈ ਕਿ ਗੁਲਬਦਨ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਆਪਣੀ ਯਾਤਰਾ ਦੌਰਾਨ ਪੁਰਤਗਾਲੀਆਂ ਤੋਂ ਬਚਣ ਲਈ ਲਗਭਗ ਇੱਕ ਸਾਲ ਤੋਂ ਸੂਰਤ ਵਿੱਚ ਫਸੀਆਂ ਰਹੀਆਂ ਸਨ।
ਫਿਰ ਉਨ੍ਹਾਂ ਨੇ ਮੱਕਾ ਪਹੁੰਚਣ ਲਈ ਅਗਲੇ ਚਾਰ ਦਿਨਾਂ ਲਈ ਗਰਮ ਮਾਰੂਥਲ ਵਿੱਚ ਊਠ ਦੀ ਸਵਾਰੀ ਕੀਤੀ।
ਸੁਲਤਾਨ ਮੁਰਾਦ ਵਿਰੁੱਧ ਬਗਾਵਤ

ਤਸਵੀਰ ਸਰੋਤ, WIKIMEDIA COMMONS
ਗੁਲਬਦਨ ਦੀ ਯਾਤਰਾ ਦਾ ਸਭ ਤੋਂ ਦਿਲਚਸਪ ਪਹਿਲੂ ਮੱਕਾ ਪਹੁੰਚਣ ਤੋਂ ਬਾਅਦ ਆਇਆ ਕਿਉਂਕਿ ਉਨ੍ਹਾਂ ਦੇ ਨਾਲ ਆਈਆਂ ਔਰਤਾਂ ਨੇ ਅਗਲੇ ਚਾਰ ਸਾਲ ਅਰਬ ਸੰਸਾਰ ਵਿੱਚ ਹੀ ਟਿਕਣ ਦਾ ਫੈਸਲਾ ਕੀਤਾ।
ਰੂਬੀ ਲਾਲ ਲਿਖਦੇ ਹਨ, "ਜਿਸ ਤਰ੍ਹਾਂ ਉਹ ਹਰਮ ਛੱਡਣ ਉੱਤੇ ਇਕਰਾਇ ਸਨ। ਇਸੇ ਤਰ੍ਹਾਂ, ਉਹ ਮਾਰੂਥਲ ਦੀ ਦੁਨੀਆਂ ਵਿਚ ਖਾਨਾਬਦੋਸ਼ ਜ਼ਿੰਦਗੀ ਜੀਉਂਦੇ ਹੋਏ ਅਧਿਆਤਮਕਤਾ ਦੀ ਭਾਲ ਕਰਨ ਵਿੱਚ ਇਕਮਤ ਸਨ।”
ਜਦੋਂ ਗੁਲਬਦਨ ਅਤੇ ਉਸ ਦੀਆਂ ਸਾਥੀ ਔਰਤਾਂ ਨੇ ਦਾਨ ਕਰਨਾ ਸ਼ੁਰੂ ਕੀਤਾ, ਤਾਂ ਹਰ ਜਗ੍ਹਾ ਉਨ੍ਹਾਂ ਦੀ ਚਰਚਾ ਹੋਈ।
ਮੁਗਲ ਸਲਤਨਤ ਦੀ ਸ਼ਹਿਜ਼ਾਦੀ ਗੁਲਬਦਨ ਬੇਗਮ ਦੁਆਰਾ ਕੀਤੀਆਂ ਜਾ ਰਹੀਆਂ ਇਨ੍ਹਾਂ ਦਿਆਲੂ ਕਾਰਵਾਈਆਂ ਨੇ ਓਟੋਮਨ ਸੁਲਤਾਨ ਮੁਰਾਦ ਨੂੰ ਨਾਰਾਜ਼ ਕਰ ਦਿੱਤਾ। ਕਿਉਂਕਿ ਉਹ ਇਸ ਨੂੰ ਅਕਬਰ ਦੀ ਵਧਦੀ ਸਿਆਸੀ ਸ਼ਕਤੀ ਵਜੋਂ ਵੇਖਦੇ ਸੀ।
ਅਜਿਹੀ ਸਥਿਤੀ ਵਿੱਚ, ਸੁਲਤਾਨ ਨੇ ਆਪਣੇ ਕਰਮਚਾਰੀਆਂਂ ਨੂੰ ਚਾਰ ਵਾਰ ਸ਼ਾਹੀ ਫਰਮਾਨ ਭੇਜੇ ਅਤੇ ਉਨ੍ਹਾਂ ਨੂੰ ਗੁਲਬਦਨ ਅਤੇ ਉਸ ਦੇ ਨਾਲ ਜਾਣ ਵਾਲੀਆਂ ਮੁਗਲ ਔਰਤਾਂ ਨੂੰ ਅਰਬ ਜਗਤ ਤੋਂ ਬੇਦਖਲ ਕਰਨ ਲਈ ਕਿਹਾ।
ਉਧਰ ਗੁਲਬਦਨ ਨੇ ਹਰ ਵਾਰ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਰੂਬੀ ਲਾਲ ਲਿਖਦੇ ਹਨ, "ਇਹ ਇੱਕ ਮੁਗਲ ਔਰਤ ਵੱਲੋਂ ਬਗਾਵਤ ਦੀ ਇੱਕ ਬੇਮਿਸਾਲ ਘਟਨਾ ਸੀ। ਇਹ ਦਰਸਾਉਂਦੀ ਹੈ ਕਿ ਉਹ ਆਪਣੀ ਆਜ਼ਾਦੀ ਲਈ ਕਿੰਨੇ ਸਮਰਪਿਤ ਸੀ।
ਇਸ ਤੋਂ ਬਾਅਦ ਸੁਲਤਾਨ ਨੇ ਉਨ੍ਹਾਂ ਦੀ ਜ਼ਿੱਦ ਤੋਂ ਤੰਗ ਆ ਕੇ ਇਨ੍ਹਾਂ ਔਰਤਾਂ ਵਿਰੁੱਧ ਤੁਰਕੀ ਭਾਸ਼ਾ ਵਿੱਚ ਇੱਕ ਸ਼ਬਦ ਦੀ ਵਰਤੋਂ ਕੀਤੀ, ਜਿਸ ਨਾਲ ਅਕਬਰ ਨਾਰਾਜ਼ ਹੋ ਗਏ।
ਇਸ ਪੰਜਵੇਂ ਫਰਮਾਨ ਤੋਂ ਬਾਅਦ, ਗੁਲਬਦਨ ਅਤੇ ਉਸ ਦੀਆਂ ਸਾਥੀ ਔਰਤਾਂ 1580 ਵਿੱਚ ਅਰਬ ਛੱਡ ਕੇ ਦੋ ਸਾਲਾਂ ਦੀ ਲੰਬੀ ਯਾਤਰਾ ਤੋਂ ਬਾਅਦ 1582 ਵਿੱਚ ਫਤਿਹਪੁਰ ਸੀਕਰੀ ਵਾਪਸ ਆਈਆਂ।
ਵਾਪਸੀ ਤੋਂ ਬਾਅਦ ਵੀ ਉਨ੍ਹਾਂ ਨੂੰ ਨਵਾਬ ਦੇ ਰੂਪ ਵਿੱਚ ਦੇਖਿਆ ਗਿਆ। ਇੰਨਾ ਹੀ ਨਹੀਂ ਅਕਬਰ ਨੇ ਉਸ ਨੂੰ ਅਕਬਰਨਾਮਾ ਵਿੱਚ ਯੋਗਦਾਨ ਪਾਉਣ ਲਈ ਵੀ ਕਿਹਾ।
ਗੁਲਬਦਨ ਬੇਗਮ ਦੀ ਇਸ ਯਾਤਰਾ ਦਾ ਅਕਬਰਨਾਮਾ ਵਿੱਚ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।
ਜਦਕਿ ਅਰਬ ਜਗਤ ਵਿੱਚ ਬਿਤਾਏ ਗਏ ਉਨ੍ਹਾਂ ਦੇ ਸਮੇਂ ਅਤੇ ਸੁਲਤਾਨ ਮੁਰਾਦ ਦੁਆਰਾ ਕੱਢੇ ਜਾਣ ਨਾਲ ਜੁੜੀਆਂ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਹੈ। ਇੰਨਾ ਹੀ ਨਹੀਂ, ਇਹ ਜ਼ਿਕਰ ਕਿਤੇ ਹੋਰ ਉਪਲਬਧ ਨਹੀਂ ਹੈ।












