ਬਾਬਰ ਤੋਂ ਅਕਬਰ ਤੱਕ: ਆਪਣੀ ਮੌਤ ਲ਼ਈ ਦੁਆ, ਭਰਾ ਨੂੰ ਅੰਨ੍ਹਾ ਕਰਨ, ਸਿਰ ਮੂੰਹ ਮੁੰਡਵਾਉਣ ਸਣੇ ਹੋਰ ਕਈ ਕਿੱਸੇ

ਤਸਵੀਰ ਸਰੋਤ, JUGGERNAUT
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
ਗੁਲਬਦਨ ਭਾਰਤ ਦੇ ਪਹਿਲੇ ਮੁਗ਼ਲ ਬਾਦਸ਼ਾਹ ਬਾਬਰ ਦੀ ਧੀ, ਉਨ੍ਹਾਂ ਦੇ ਪੁੱਤਰ ਹੁਮਾਯੂੰ ਦੀ ਸੌਤੇਲੀ ਭੈਣ ਅਤੇ ਉਨ੍ਹਾਂ ਦੇ ਪੋਤੇ ਅਕਬਰ ਦੀ ਭੂਆ ਸੀ।
ਉਹ ਸ਼ਾਇਦ ਇਕਲੌਤੀ ਔਰਤ ਇਤਿਹਾਸਕਾਰ ਸੀ, ਜਿਸ ਨੇ ਬਾਹਰੀ ਦੁਨੀਆ ਨੂੰ ਤਿੰਨ ਮੁਗ਼ਲ ਬਾਦਸ਼ਾਹਾਂ, ਬਾਬਰ, ਹੁਮਾਯੂੰ ਅਤੇ ਅਕਬਰ ਦੀ ਸ਼ਖਸੀਅਤ, ਉਨ੍ਹਾਂ ਦੇ ਦਰਬਾਰ, ਹਰਮ, ਸਫ਼ਲਤਾਵਾਂ ਅਤੇ ਮੁਸ਼ਕਲਾਂ ਦੀ ਝਲਕ ਦਿੱਤੀ ਹੈ।
ਉਨ੍ਹਾਂ ਦੀ ਯਾਦਦਾਸ਼ਤ ਗਜ਼ਬ ਦੀ ਸੀ। ਅਕਬਰ ਨੇ ਆਪਣੀ ਭੂਆ ਗੁਲਬਦਨ ਬਾਨੋ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਿਤਾ ਅਤੇ ਦਾਦੇ ਬਾਰੇ ਕੁਝ ਲਿਖਣ ਤਾਂ ਜੋ ਅਬੁਲ ਫਜ਼ਲ ਆਪਣੀ ਜੀਵਨੀ 'ਅਕਬਰਨਾਮਾ' ਵਿੱਚ ਇਸ ਦੀ ਵਰਤੋਂ ਕਰ ਸਕਣ।
ਗੁਲਬਦਨ ਬਾਨੋ ਨੇ 'ਹੁਮਾਯੂੰਨਾਮਾ' ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਹੁਮਾਯੂੰ ਦੇ ਜੀਵਨ ਦੇ ਸਾਰੇ ਪਹਿਲੂਆਂ ਦਾ ਸਪੱਸ਼ਟ ਵਰਣਨ ਕੀਤਾ।
ਜਦੋਂ ਗੁਲਬਦਨ ਨੇ ਇਹ ਕਿਤਾਬ ਲਿਖੀ ਤਾਂ ਉਨ੍ਹਾਂ ਦੀ ਉਮਰ 64 ਸਾਲ ਸੀ। ਜਦੋਂ ਉਹ 1529 ਵਿੱਚ ਕਾਬੁਲ ਤੋਂ ਭਾਰਤ ਆਈ ਤਾਂ ਉਹ ਸਿਰਫ਼ 6 ਸਾਲ ਦੀ ਸੀ। ਉਨ੍ਹਾਂ ਨੇ ਆਪਣੇ ਭਰਾ ਹੁਮਾਯੂੰ ਦੀ ਜਲਾਵਤਨੀ ਦੇਖੀ।
ਉਹ ਪਹਿਲੀ ਮੁਗ਼ਲ ਕੁੜੀ ਸੀ, ਜਿਨ੍ਹਾਂ ਨੇ ਸ਼ਾਹੀ ਕਾਫ਼ਲੇ ਵਿੱਚ ਸਫ਼ਰ ਕੀਤਾ, ਖ਼ਤਰਨਾਕ ਖੈਬਰ ਦੱਰੇ ਅਤੇ ਸਿੰਧ ਨਦੀ ਨੂੰ ਪਾਰ ਕਰਦੇ ਹੋਏ ਦਿੱਲੀ ਵਿੱਚ ਆਪਣੇ ਪਿਤਾ ਬਾਬਰ ਨਾਲ ਮਿਲੀ। ਉਹ ਉਨ੍ਹਾਂ ਨੂੰ 'ਬਾਬਾ' ਕਹਿ ਕੇ ਬੁਲਾਉਂਦੀ ਸੀ।

ਆਪਣੀ ਜਾਨ ਦੇ ਬਦਲੇ ਹੁਮਾਯੂੰ ਦੀ ਜਾਨ ਮੰਗੀ
ਬਾਬਰ ਬਹੁਤਾ ਚਿਰ ਜ਼ਿੰਦਾ ਨਾ ਰਹੇ ਸਕੇ। ਉਹ ਆਪਣੇ ਪੁੱਤਰ ਹੁਮਾਯੂੰ ਨੂੰ ਬਹੁਤ ਪਿਆਰ ਕਰਦੇ ਸਨ। ਇਕ ਵਾਰ ਹੁਮਾਯੂੰ ਗੰਭੀਰ ਬਿਮਾਰ ਪੈ ਗਏ। ਪਰੇਸ਼ਾਨ ਬਾਬਰ ਨੇ ਆਪਣੇ ਦਰਬਾਰੀਆਂ ਨਾਲ ਸਲਾਹ ਕੀਤੀ।
ਗੁਲਬਦਨ ਨੇ ਲਿਖਿਆ ਹੈ, “ਇਕ ਅਮੀਰ ਮੀਰ ਅਬਦੁਲ ਬਾਕਾ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਹਕੀਮਾਂ ਦੇ ਸਾਰੇ ਉਪਾਅ ਅਸਫ਼ਲ ਹੋ ਜਾਂਦੇ ਹਨ, ਤਾਂ ਮਰੀਜ਼ ਦੀ ਸਭ ਤੋਂ ਕੀਮਤੀ ਚੀਜ਼ ਦਾਨ ਕਰ ਕੇ ਉਸ ਦੀ ਸਿਹਤ ਲਈ ਰੱਬ ਅੱਗੇ ਅਰਦਾਸ ਕੀਤੀ ਜਾਂਦੀ ਹੈ। ਬਾਬਰ ਨੇ ਜਵਾਬ ਦਿੱਤਾ, 'ਹੁਮਾਯੂੰ ਦੀ ਸਭ ਤੋਂ ਕੀਮਤੀ ਚੀਜ਼। ਮੈਂ ਉਸ ਲਈ ਆਪਣੀ ਕੁਰਬਾਨੀ ਦਿਆਂਗਾ।"
ਇਸ ਤੋਂ ਬਾਅਦ ਬਾਬਰ ਨੇ ਹੁਮਾਯੂੰ ਦੇ ਬਿਸਤਰੇ 'ਤੇ ਤਿੰਨ ਵਾਰ ਚੱਕਰ ਕੱਟੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ, "ਜੇ ਜ਼ਿੰਦਗੀ ਦੇ ਬਦਲੇ ਜ਼ਿੰਦਗੀ ਮਿਲ ਸਕਦੀ ਹੈ, ਤਾਂ ਮੇਰੀ ਜ਼ਿੰਦਗੀ ਹੁਮਾਯੂੰ ਨੂੰ ਲੱਗ ਜਾਵੇ।"
ਗੁਲਬਦਨ ਅੱਗੇ ਲਿਖਦੀ ਹੈ, "ਉਸੇ ਦਿਨ ਹੁਮਾਯੂੰ ਨੇ ਅੱਖਾਂ ਖੋਲ੍ਹੀਆਂ। ਉਹ ਆਪਣੇ ਬਿਸਤਰੇ ਤੋਂ ਉੱਠ ਕੇ ਬੈਠ ਗਏ। ਜਿਵੇਂ-ਜਿਵੇਂ ਹੁਮਾਯੂੰ ਦੀ ਸਿਹਤ ਵਿੱਚ ਸੁਧਾਰ ਹੋਇਆ, ਬਾਬਰ ਦੀ ਸਿਹਤ ਵਿਗੜਨ ਲੱਗੀ।"
ਅਗਲੇ ਤਿੰਨ ਮਹੀਨਿਆਂ ਤੱਕ ਉਹ ਮੰਜੇ 'ਤੇ ਪਏ ਰਹੇ ਅਤੇ ਅੰਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਤਸਵੀਰ ਸਰੋਤ, GETTY IMAGES
ਭਿਸ਼ਤੀ ਨੂੰ ਦੋ ਦਿਨਾਂ ਲਈ ਰਾਜਾ ਬਣਾਇਆ ਗਿਆ
ਜੂਨ 1539 ਵਿੱਚ ਸ਼ੇਰਸ਼ਾਹ ਨਾਲ ਚੌਸਾ ਦੀ ਲੜਾਈ ਵਿੱਚ ਹੁਮਾਯੂੰ ਦੀ ਖੱਬੀ ਬਾਂਹ ਉੱਤੇ ਸੱਟ ਲੱਗੀ ਗਈ। ਉਨ੍ਹਾਂ ਦਾ ਇੱਕ ਸਿਪਾਹੀ ਉਨ੍ਹਾਂ ਦੇ ਘੋੜੇ ਦੀ ਲਗ਼ਾਮ ਫੜ੍ਹ ਕੇ ਉਨ੍ਹਾਂ ਨੂੰ ਗੰਗਾ ਨਦੀ ਵੱਲ ਲੈ ਗਿਆ।
ਹੁਮਾਯੂੰ ਨੇ ਘੋੜੇ ਨੂੰ ਨਦੀ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਸ ਸਮੇਂ ਇੱਕ ਭਿਸ਼ਤੀ ਆਪਣੀ ਚਮੜੇ ਦੀ ਮਸ਼ਕ ਲੈ ਕੇ ਨਦੀ ਪਾਰ ਕਰ ਰਿਹਾ ਸੀ। ਉਹ ਤੁਰੰਤ ਰਾਜੇ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਨਦੀ ਪਾਰ ਕਰਵਾਈ।
ਗੁਲਬਦਨ ਲਿਖਦੀ ਹੈ, "ਇਸ ਅਹਿਸਾਨ ਨੂੰ ਚੁਕਾਉਣ ਲਈ ਬਾਦਸ਼ਾਹ ਨੇ ਭਿਸ਼ਤੀ ਨੂੰ ਦੋ ਦਿਨ ਲਈ ਆਪਣੀ ਗੱਦੀ 'ਤੇ ਬਿਠਾਇਆ। ਉਨ੍ਹਾਂ ਦੇ ਭਰਾ ਕਾਮਰਾਨ ਨੇ ਹੁਮਾਯੂੰ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਫ਼ੈਸਲੇ ਦਾ ਵਿਰੋਧ ਪ੍ਰਗਟਾਇਆ।"
"ਉਨ੍ਹਾਂ ਨੇ ਲਿਖਿਆ ਕਿ ਇਸ ਸਮੇਂ ਜਦੋਂ ਸ਼ੇਰਸ਼ਾਹ ਤੁਹਾਡੇ ਪਿੱਛੇ ਪਿਆ ਹੈ ਤਾਂ ਅਜਿਹਾ ਕਰਨ ਦੀ ਕੀ ਲੋੜ ਸੀ, ਪਰ ਹੁਮਾਯੂੰ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਭਿਸ਼ਤੀ ਨੂੰ ਗੱਦੀ 'ਤੇ ਬਿਠਾ ਕੇ ਹੀ ਛੱਡਿਆ।"
ਇਸ ਲੜਾਈ ਵਿੱਚ ਹੁਮਾਯੂੰ ਦੀ ਪਤਨੀ ਬੇਗਾ ਬੇਗ਼ਮ ਉਨ੍ਹਾਂ ਤੋਂ ਵੱਖ ਹੋ ਗਈ ਅਤੇ ਸ਼ੇਰਸ਼ਾਹ ਨੇ ਉਸ ਨੂੰ ਬੰਦੀ ਬਣਾ ਲਿਆ।
ਕੇਆਰ ਕਾਨੂੰਨਗੋ ਆਪਣੀ ਕਿਤਾਬ 'ਸ਼ੇਰਸ਼ਾਹ ਐਂਡ ਹਿਜ਼ ਟਾਈਮਜ਼' ਵਿੱਚ ਲਿਖਦੇ ਹਨ, "ਸ਼ੇਰ ਸ਼ਾਹ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਆਪਣੇ ਘੋੜੇ ਤੋਂ ਹੇਠਾਂ ਉਤਰ ਗਿਆ। ਉਸ ਨੇ ਆਪਣੇ ਸਿਪਾਹੀਆਂ ਨੂੰ ਮੁਗ਼ਲ ਔਰਤਾਂ ਨਾਲ ਇੱਜ਼ਤ ਨਾਲ ਪੇਸ਼ ਆਉਣ ਦਾ ਹੁਕਮ ਦਿੱਤਾ ਸੀ।"
ਇਸ ਲੜਾਈ ਵਿੱਚ ਹੁਮਾਯੂੰ ਦੀ ਛੇ ਸਾਲ ਦੀ ਧੀ ਅਕੀਕਾ ਨਦੀ ਦੇ ਪਾਣੀ ਵਿੱਚ ਡੁੱਬ ਕੇ ਮਰ ਗਈ।

ਤਸਵੀਰ ਸਰੋਤ, Getty Images
ਅਕਬਰ ਦੇ ਜਨਮ ਦੀ ਭਵਿੱਖਬਾਣੀ
ਅਬੁਲ ਫਜ਼ਲ 'ਅਕਬਰਨਾਮਾ' ਵਿੱਚ ਲਿਖਦੇ ਹਨ, "ਜਦੋਂ ਸ਼ੇਰਸ਼ਾਹ ਨੇ ਹੁਮਾਯੂੰ ਦਾ ਪਿੱਛਾ ਕੀਤਾ ਤਾਂ ਹੁਮਾਯੂੰ ਦੇ ਛੋਟੇ ਭਰਾ ਕਾਮਰਾਨ ਨੇ ਉਸ ਨੂੰ ਸੁਨੇਹਾ ਭੇਜਿਆ ਕਿ ਉਸ ਨੂੰ ਪੰਜਾਬ ਦਾ ਗਵਰਨਰ ਬਣਾ ਦੇਣ। ਸ਼ੇਰਸ਼ਾਹ ਨੇ ਉਸ ਪੇਸ਼ਕਸ਼ ਨੂੰ ਰਣਨੀਤੀ ਵਜੋਂ ਸਵੀਕਾਰ ਕਰ ਲਿਆ।"
ਪਰ ਗੁਲਬਦਨ ਦਾ ਵਰਣਨ ਇਸ ਤੋਂ ਵੱਖਰਾ ਹੈ। ਉਹ ਲਿਖਦੀ ਹੈ, "ਕਾਮਰਾਨ ਨਹੀਂ ਸਗੋਂ ਹੁਮਾਯੂੰ ਨੇ ਖੁਦ ਸ਼ੇਰਸ਼ਾਹ ਨੂੰ ਚਿੱਠੀ ਲਿਖ ਕੇ ਆਪਣੇ ਲਈ ਲਾਹੌਰ ਮੰਗਿਆ ਸੀ। ਉਸ ਨੇ ਲਿਖਿਆ ਸੀ, 'ਮੈਂ ਤੁਹਾਡੇ ਲਈ ਸਾਰਾ ਭਾਰਤ ਛੱਡ ਦਿੱਤਾ ਹੈ।' ਪਰ ਸ਼ੇਰਸ਼ਾਹ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।', 'ਮੈਂ ਤੁਹਾਡੇ ਲਈ ਕਾਬੁਲ ਛੱਡ ਦਿੱਤਾ ਹੈ ਤੁਸੀਂ ਉੱਥੇ ਜਾ ਸਕਦੇ ਹੋ।"
ਗੁਲਬਦਨ ਨੇ ਅਕਬਰ ਦੇ ਜਨਮ ਦੀ ਭਵਿੱਖਬਾਣੀ ਵੀ 'ਹੁਮਾਯੂੰਨਾਮਾ' ਵਿੱਚ ਲਿਖੀ ਹੈ, "ਥੱਕ ਹਾਰ ਕੇ ਸੁੱਤੇ ਹੋਏ ਹੁਮਾਯੂੰ ਨੇ ਇੱਕ ਦਿਨ ਸੁਪਨਾ ਦੇਖਿਆ।"
"ਇੱਕ ਫਕੀਰ ਨੇ ਹੁਮਾਯੂੰ ਨੂੰ ਕਿਹਾ, ਰੰਜ ਨਾ ਕਰ। ਉਸ ਨੇ ਜਵਾਬ ਦਿੱਤਾ, ਮੈਂ ਅਹਿਮਦ ਹਾਂ। ਖ਼ੁਦਾ ਤੈਨੂੰ ਕੁਝ ਦਿਨਾਂ ਵਿੱਚ ਇੱਕ ਮੁੰਡਾ ਦੇਵੇਗਾ ਅਤੇ ਤੁਸੀ ਉਸ ਦਾ ਨਾਮ ਜਲਾਲੂਦੀਨ ਅਕਬਰ ਰੱਖੋਗੇ। ਸਿਰਫ਼ ਦੋ ਸਾਲ ਬਾਅਦ ਉਸ ਫ਼ਕੀਰ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ।"

ਤਸਵੀਰ ਸਰੋਤ, ATLANTIC
ਗੁਲਬਦਨ ਹੁਮਾਯੂੰ ਤੋਂ ਵਿੱਛੜੀ
ਸ਼ੇਰਸ਼ਾਹ ਦੇ ਹਮਲੇ ਤੋਂ ਬਾਅਦ ਕਨੌਜ ਵਿੱਚ ਹੁਮਾਯੂੰ ਦਾ ਸਾਹਮਣਾ ਉਸ ਨਾਲ ਹੋਇਆ। ਆਗਰਾ ਛੱਡਣ ਵੇਲੇ, ਉਸਨੇ ਆਪਣੇ ਛੋਟੇ ਭਰਾ ਕਾਮਰਾਨ ਨੂੰ ਆਗਰਾ ਦੇ ਰੋਜ਼ਾਨਾ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦਿੱਤੀ।
ਪਰ ਜਿਵੇਂ ਹੀ ਹੁਮਾਯੂੰ ਨੇ ਗੰਗਾ ਪਾਰ ਕੀਤੀ, ਕਾਮਰਾਨ ਨੇ ਲਾਹੌਰ ਭੱਜ ਜਾਣ ਦਾ ਫ਼ੈਸਲਾ ਕੀਤਾ।
ਗੁਲਬਦਨ ਲਿਖਦੀ ਹੈ, "ਅਸੀਂ ਬੈਠੇ ਸਾਂ। ਫਿਰ ਕਾਮਰਾਨ ਦਾ ਹੁਕਮ ਆਇਆ ਕਿ ਮੈਂ ਉਸ ਦੇ ਨਾਲ ਲਾਹੌਰ ਜਾਣਾ ਹੈ। ਉਸ ਨੇ ਸ਼ਾਹੀ ਪਰਿਵਾਰ ਦੀਆਂ ਕਈ ਔਰਤਾਂ ਅਤੇ ਨੌਕਰਾਂ ਨੂੰ ਆਪਣੇ ਕਾਫ਼ਲੇ ਵਿੱਚ ਲਾਹੌਰ ਜਾਣ ਲਈ ਮਜਬੂਰ ਕੀਤਾ।"
ਗੁਲਬਦਨ ਨੇ ਰੋ-ਰੋ ਕੇ ਨਾ ਜਾਣ ਦੀ ਜ਼ਿੱਦ ਠਾਨ ਲਈ ਪਰ ਕਾਮਰਾਨ ਨਹੀਂ ਮੰਨਿਆ। ਬਾਅਦ ਵਿੱਚ ਉਨ੍ਹਾਂ ਨੇ ਹੁਮਾਯੂੰ ਨੂੰ ਇੱਕ ਉਲਾਭੇ ਭਰਿਆ ਪੱਤਰ ਲਿਖਿਆ, "ਮੈਨੂੰ ਕਦੇ ਉਮੀਦ ਨਹੀਂ ਸੀ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਆਪਣੇ ਤੋਂ ਵੱਖ ਕਰ ਦਿਓਗੇ।"
ਹੁਮਾਯੂੰ ਨੇ ਤੁਰੰਤ ਜਵਾਬ ਦਿੱਤਾ, "ਇਸ ਸਮੇਂ ਅਸੀਂ ਸ਼ੇਰਸ਼ਾਹ ਦੇ ਖ਼ਿਲਾਫ਼ ਇੱਕ ਮੁਹਿੰਮ ਦੀ ਅਗਵਾਈ ਕਰ ਰਹੇ ਹਾਂ। ਜਿਵੇਂ ਹੀ ਇਹ ਮੁਹਿੰਮ ਪੂਰੀ ਹੋਵੇਗੀ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਕੋਲ ਬੁਲਾਵਾਂਗਾ।"
ਗੁਲਬਦਨ ਜਦੋਂ ਤੱਕ ਲਾਹੌਰ ਪਹੁੰਚੇ ਤਾਂ ਹੁਮਾਯੂੰ ਦੀ ਹਾਰ ਹੋ ਚੁੱਕੀ ਸੀ ਪਰ ਉਹ ਜ਼ਿੰਦਾ ਬਚ ਨਿਕਲੇ ਸਨ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, JUGGERNAUT
ਹਮਾਯੂੰ ਦਾ ਹਮੀਦਾ ਨਾਲ ਵਿਆਹ
ਇਸ ਸਮੇਂ ਦੌਰਾਨ ਹੁਮਾਯੂੰ ਨੇ ਹਮੀਦਾ ਬੇਗ਼ਮ ਨਾਲ ਵਿਆਹ ਕਰ ਲਿਆ ਅਤੇ 1542 ਵਿੱਚ ਅਕਬਰ ਦਾ ਜਨਮ ਹੋਇਆ। ਗੁਲਬਦਨ ਨੇ ਹਮੀਦਾ ਦੇ ਹੁਮਾਯੂੰ ਨਾਲ ਵਿਆਹ ਦਾ ਵੀ ਬੜਾ ਦਿਲਚਸਪ ਵੇਰਵਾ ਦਿੱਤਾ ਹੈ।
ਉਹ ਲਿਖਦੀ ਹੈ, "ਉਨ੍ਹਾਂ ਸਮਿਆਂ ਵਿੱਚ, ਬਾਦਸ਼ਾਹ ਜਾਂ ਰਾਜਕੁਮਾਰ ਵੱਲੋਂ ਆਏ ਵਿਆਹ ਦੇ ਪ੍ਰਸਤਾਵ ਨੂੰ ਠੁਕਰਾਇਆ ਨਹੀਂ ਜਾਂਦਾ ਸੀ, ਪਰ 14 ਸਾਲ ਦੀ ਹਮੀਦਾ ਨੇ ਕਈ ਹਫ਼ਤਿਆਂ ਤੱਕ ਹੁਮਾਯੂੰ ਦੇ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਸੀ।"
"ਪਰ ਅੰਤ ਵਿੱਚ, ਉਹ ਇਸ ਰਿਸ਼ਤੇ ਲਈ ਰਾਜ਼ੀ ਹੋ ਗਈ। ਹਮੀਦਾ ਨੇ ਖ਼ੁਦ ਮੈਨੂੰ ਇਹ ਮਜ਼ੇ ਲੈ-ਲੈ ਦੱਸਿਆ ਕਿ ਕਿਵੇਂ ਉਸ ਨੇ 40 ਦਿਨਾਂ ਤੱਕ ਹੁਮਾਯੂੰ ਨੂੰ ਹਾਂ ਨਹੀਂ ਕਿਹਾ।"
ਜਦੋਂ ਇਹ ਤਿੰਨੇ ਕੰਧਾਰ ਪਹੁੰਚੇ ਤਾਂ ਹੁਮਾਯੂੰ ਦੇ ਭਰਾ ਅਸਕਰੀ ਨੇ ਉਨ੍ਹਾਂ ਨੂੰ ਉੱਥੇ ਵੜਨ ਨਹੀਂ ਦਿੱਤਾ।
ਉੱਥੋਂ ਹੁਮਾਯੂੰ ਆਪਣੇ 42 ਸਮਰਥਕਾਂ ਅਤੇ ਪਤਨੀ ਹਮੀਦਾ ਨਾਲ ਅੱਗੇ ਵਧੇ। ਅਕਬਰ ਨੂੰ ਉਨ੍ਹਾਂ ਨੇ ਦੋ ਦਾਈਆਂ ਅਤੇ ਕੁਝ ਭਰੋਸੇਮੰਦ ਸਿਪਾਹੀਆਂ ਦੀ ਦੇਖਭਾਲ ਵਿੱਚ ਛੱਡ ਦਿੱਤਾ।
ਆਖ਼ਰਕਾਰ, ਲੰਬੇ ਸੰਘਰਸ਼ ਤੋਂ ਬਾਅਦ, ਹੁਮਾਯੂੰ ਈਰਾਨ ਦੇ ਸ਼ਾਹ ਦੀ ਮਦਦ ਨਾਲ ਕਾਬੁਲ ਪਹੁੰਚਣ ਵਿੱਚ ਸਫ਼ਲ ਹੋਏ।

ਤਸਵੀਰ ਸਰੋਤ, JUGGERNAUT
ਹੁਮਾਯੂੰ ਨੇ ਆਪਣੇ ਭਰਾ ਨੂੰ ਅੰਨ੍ਹਾ ਕਰ ਦਿੱਤਾ
ਉਨ੍ਹਾਂ ਦੇ ਭਰਾ ਕਾਮਰਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗੱਲ ਨੂੰ ਲੈ ਕੇ ਬਹਿਸ ਹੋ ਰਹੀ ਸੀ ਕਿ ਉਸ ਨਾਲ ਕੀ ਸਲੂਕ ਕੀਤਾ ਜਾਵੇ।
ਗੁਲਬਦਨ ਲਿਖਦੀ ਹੈ, "ਹੁਮਾਯੂੰ ਆਪਣੇ ਦਰਬਾਰੀਆਂ ਨਾਲ ਆਪਣੇ ਛੋਟੇ ਭਰਾ ਕਾਮਰਾਨ ਬਾਰੇ ਗੱਲਾਂ ਕਰ ਰਹੇ ਸੀ। ਦਰਬਾਰੀਆਂ ਨੇ ਇੱਕ ਸੁਰ ਵਿੱਚ ਉਨ੍ਹਾਂ ਨੂੰ ਕਿਹਾ- ਜੇ ਕੋਈ ਸਮਰਾਟ ਜਾਂ ਬਾਦਸ਼ਾਹ ਬਣ ਜਾਂਦਾ ਹੈ, ਤਾਂ ਉਹ ਭਰਾ ਨਹੀਂ ਰਹਿੰਦਾ।"
"ਜੇ ਤੁਸੀਂ ਆਪਣੇ ਭਰਾ ਪ੍ਰਤੀ ਦਿਆਲਤਾ ਦਿਖਾਉਣਾ ਚਾਹੁੰਦੇ ਹੋ, ਤਾਂ ਆਪਣੀ ਗੱਦੀ ਤਿਆਗ਼ ਦਿਓ। ਦਰਬਾਰੀਆਂ ਨੇ ਕਿਹਾ ਉਹ ਇੱਕ ਭਰਾ ਨਹੀਂ ਬਲਕਿ ਸਮਰਾਟ ਦੇ ਦੁਸ਼ਮਣ ਹਨ। ਹੁਮਾਯੂੰ ਨੇ ਉਨ੍ਹਾਂ ਸਾਰਿਆਂ ਦੀ ਗੱਲ ਸੁਣੀ ਅਤੇ ਕਾਮਰਾਨ ਨੂੰ ਅੰਨ੍ਹਾ ਕਰਨ ਦਾ ਆਦੇਸ਼ ਦੇ ਦਿੱਤਾ। ਇਸ ਤੋਂ ਬਾਅਦ ਹੁਮਾਯੂੰ ਨੇ ਦੁਬਾਰਾ ਭਾਰਤ ਦਾ ਰਾਜਭਾਗ ਸਾਂਭਿਆ।"
ਜਦੋਂ ਹੁਮਾਯੂੰ ਦੀ ਪਤਨੀ ਹਮੀਦਾ ਤਿੰਨ ਸਾਲ ਬਾਅਦ ਆਪਣੇ ਬੇਟੇ ਅਕਬਰ ਨੂੰ ਮਿਲੀ ਤਾਂ ਇੱਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ।
ਗੁਲਬਦਨ ਆਪਣੀ ਕਿਤਾਬ ਹੁਮਾਯੂੰਨਾਮਾ ਵਿੱਚ ਲਿਖਦੀ ਹੈ, "ਹੁਮਾਯੂੰ ਨੇ ਸਾਰੀਆਂ ਸ਼ਾਹੀ ਔਰਤਾਂ ਨੂੰ ਇੱਕੋ ਜਿਹੇ ਊਨੀ ਕੱਪੜੇ ਅਤੇ ਤੁਰਕੀ ਟੋਪੀਆਂ ਪਾਉਣ ਲਈ ਕਿਹਾ। ਹੁਮਾਯੂੰ ਦੇਖਣਾ ਚਾਹੁੰਦੇ ਸੀ ਕਿ ਕੀ ਪ੍ਰਿੰਸ ਅਕਬਰ ਤਿੰਨ ਸਾਲਾਂ ਬਾਅਦ ਆਪਣੀ ਮਾਂ ਨੂੰ ਪਛਾਣ ਸਕਦਾ ਹੈ ਜਾਂ ਨਹੀਂ।"
"ਇੱਕ ਨੌਕਰ ਅਕਬਰ ਮੈਨੂੰ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਸਾਰੀਆਂ ਔਰਤਾਂ ਇੱਕੋ ਜਿਹੇ ਕੱਪੜੇ ਪਾ ਕੇ ਬੈਠੀਆਂ ਸਨ, ਹਰ ਕੋਈ ਹੈਰਾਨ ਰਹਿ ਗਿਆ ਜਦੋਂ ਅਕਬਰ ਦੌੜ ਕੇ ਸਿੱਧਾ ਆਪਣੀ ਮਾਂ ਦੀ ਗੋਦ ਵਿੱਚ ਬੈਠ ਗਿਆ।"

ਤਸਵੀਰ ਸਰੋਤ, JUGGERNAUT
ਪੌੜੀਆਂ ਤੋਂ ਹੇਠਾਂ ਡਿੱਗ ਕੇ ਹੁਮਾਯੂੰ ਦੀ ਮੌਤ ਹੋ ਗਈ
ਹੁਮਾਯੂੰ ਵੀ ਭਾਰਤ 'ਤੇ ਜ਼ਿਆਦਾ ਸਮਾਂ ਰਾਜ ਨਹੀਂ ਕਰ ਸਕੇ। ਪਾਰਵਤੀ ਸ਼ਰਮਾ ਆਪਣੀ ਕਿਤਾਬ ‘ਅਕਬਰ ਆਫ ਹਿੰਦੁਸਤਾਨ’ ਵਿੱਚ ਲਿਖਦੀ ਹੈ ਕਿ ਹੁਮਾਯੂੰ ਆਪਣੇ ਮਹਿਮਾਨਾਂ ਨੂੰ ਲਾਲ ਪੱਥਰ ਦੇ ਬਣੇ ‘ਸ਼ੇਰ ਮੰਡਲ’ ਵਿੱਚ ਮਿਲਦੇ ਸਨ।
ਉਨ੍ਹਾਂ ਦੀ ਲਾਇਬ੍ਰੇਰੀ ਵੀ ਉਥੇ ਹੀ ਸੀ। ਛੱਤ 'ਤੇ ਲੋਕਾਂ ਨੂੰ ਮਿਲਣ ਦਾ ਇੱਕ ਫਾਇਦਾ ਇਹ ਸੀ ਕਿ ਨੇੜੇ ਦੀ ਮਸਜਿਦ 'ਚ ਨਮਾਜ਼ ਅਦਾ ਕਰਨ ਆਏ ਲੋਕ ਹੁਮਾਯੂੰ ਦੀ ਇੱਕ ਝਲਕ ਪਾ ਸਕਦੇ ਹਨ।
ਹੁਮਾਯੂੰ ਦੀ ਮੌਤ ਦਾ ਵੇਰਵਾ ਉਨ੍ਹਾਂ ਨੇ ਇਸ ਤਰ੍ਹਾਂ ਦਿੱਤਾ ਹੈ, “ਇੱਕ ਦਿਨ ਜਦੋਂ ਹੁਮਾਯੂੰ ਲਾਇਬ੍ਰੇਰੀ ਦੀਆਂ ਪੌੜੀਆਂ ਉਤਰ ਰਹੇ ਸੀ। ਉਨ੍ਹਾਂ ਨੂੰ ਨੇੜੇ ਦੀ ਮਸਜਿਦ ਵਿੱਚੋਂ ਅਜ਼ਾਨ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਉਸੇ ਵੇਲੇ ਝੁਕ ਕੇ ਸਿਜਦੇ ਕਰਨਾ ਚਾਹਿਆ ਪਰ ਉਨ੍ਹਾਂ ਦਾ ਪੈਰ ਪਜਾਮੇ ਵਿੱਚ ਉਲਝ ਗਿਆ ਅਤੇ ਉਹ ਪੌੜੀਆਂ ਤੋਂ ਹੇਠਾਂ ਡਿੱਗ ਗਏ।“
“ਉਨ੍ਹਾਂ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਅਤੇ ਕੰਨਾਂ 'ਚੋਂ ਖੂਨ ਵਹਿਣ ਲੱਗਾ। ਤਿੰਨ ਦਿਨ ਬਾਅਦ 27 ਜਨਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ।“

ਤਸਵੀਰ ਸਰੋਤ, Getty Images
ਗੁਲਬਦਨ ਦੀ ਹੱਜ ਯਾਤਰਾ
ਅਕਬਰ ਦੇ ਬਾਦਸ਼ਾਹ ਬਣਨ ਤੋਂ ਬਾਅਦ, ਉਨ੍ਹਾਂ ਦੀ ਭੂਆ ਗੁਲਬਦਨ ਬਾਨੋ ਤਾਜ਼ਾ ਬਣੇ ਫਤਿਹਪੁਰ ਸੀਕਰੀ ਦੇ ਮਹਿਲ ਵਿੱਚ ਰਹਿਣ ਲੱਗੀ। ਗੁਲਬਦਨ ਦਾ ਕੱਦ ਛੋਟਾ ਸੀ ਅਤੇ ਉਹ ਤੰਦਰੁਸਤ ਕੱਦ ਕਾਠੀ ਵਾਲੀ ਸੀ।
ਅਕਬਰ ਉਨ੍ਹਾਂ ਨੂੰ ਮੁਗ਼ਲ ਘਰਾਣੇ ਦੀ ਬਜ਼ੁਰਗ ਔਰਤ ਦਾ ਸਤਿਕਾਰ ਦਿੰਦੇ ਸਨ। ਪਹਿਲੇ ਦੋ ਬਾਦਸ਼ਾਹਾਂ ਨਾਲ ਰਹਿਣ ਵਾਲੀ ਗੁਲਬਦਨ ਹੁਣ ਆਪਣੇ ਭਤੀਜੇ ਦੇ ਮਹਿਲ ਵਿੱਚ ਰਹਿਣ ਲੱਗੀ।
ਉਹ ਮੁਗ਼ਲ ਪਰਿਵਾਰ ਦੀ ਪਹਿਲੀ ਔਰਤ ਸੀ ਜਿਨ੍ਹਾਂ ਨੇ ਹਜ਼ਾਰਾਂ ਮੀਲ ਦੂਰ ਸਾਊਦੀ ਅਰਬ ਵਿੱਚ ਹੱਜ ਲਈ ਜਾਣ ਦਾ ਫ਼ੈਸਲਾ ਕੀਤਾ। ਅਕਬਰ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕੀਤਾ। ਉਨ੍ਹਾਂ ਦੇ ਦਲ ਵਿੱਚ ਕੁੱਲ 11 ਔਰਤਾਂ ਸਨ।
ਪ੍ਰਸਿੱਧ ਇਤਿਹਾਸਕਾਰ ਰੂਬੀ ਲਾਲ ਗੁਲਬਦਨ ਦੀ ਜੀਵਨੀ 'ਵੈਗਾਬੌਂਡ ਪ੍ਰਿੰਸੈਸ, ਦਿ ਗ੍ਰੇਟ ਐਡਵੈਂਚਰਜ਼ ਆਫ਼ ਗੁਲਬਦਨ' ਵਿੱਚ ਲਿਖਦੇ ਹਨ, “ਸਤੰਬਰ 1576 ਵਿੱਚ, ਗੁਲਬਦਨ ਬੇਗ਼ਮ ਦੀ ਅਗਵਾਈ ਵਿੱਚ ਮੁਗ਼ਲ ਔਰਤਾਂ ਦਾ ਇੱਕ ਸਮੂਹ ਦੋ ਕਿਸ਼ਤੀਆਂ ਵਿੱਚ ਸੂਰਤ ਤੋਂ ਹੱਜ ਲਈ ਰਵਾਨਾ ਹੋਇਆ।“
“ਉਨ੍ਹਾਂ ਕੋਲ ਦਾਨ ਕਰਨ ਲਈ ਛੇ ਹਜ਼ਾਰ ਰੁਪਏ ਸਨ। ਉਨ੍ਹਾਂ ਦੇ ਦਲ ਵਿੱਚ ਕੁਝ ਮਰਦ ਸਨ ਕਿਉਂਕਿ ਉਸ ਸਮੇਂ ਔਰਤਾਂ ਦੇ ਮਰਦਾਂ ਤੋਂ ਬਿਨਾਂ ਯਾਤਰਾ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।“
ਪਰ ਇਹ ਸਪੱਸ਼ਟ ਸੀ ਕਿ ਇਸ ਯਾਤਰਾ ਦੌਰਾਨ ਸਾਰੇ ਵੱਡੇ ਫ਼ੈਸਲੇ ਗੁਲਬਦਨ ਹੀ ਲੈ ਰਹੇ ਸਨ।
ਗੁਲਬਦਨ ਚਾਰ ਸਾਲ ਮੱਕੇ ਵਿੱਚ ਰਹੀ। ਉਨ੍ਹਾਂ ਦੇ ਉੱਥੇ ਪਹੁੰਚਣ ਦੇ ਇੱਕ ਸਾਲ ਦੇ ਅੰਦਰ, ਉਸ ਸਥਾਨ ਦੇ ਸ਼ਾਸਕ, ਸੁਲਤਾਨ ਮੁਰਾਦ ਤੀਜੇ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉੱਥੋਂ ਕੱਢਣ ਦਾ ਹੁਕਮ ਦੇ ਦਿੱਤਾ।
ਦੋ ਸਾਲ ਬਾਅਦ 1580 ਵਿੱਚ ਇਹ ਆਦੇਸ਼ ਫਿਰ ਦਿੱਤਾ ਗਿਆ। ਅਜਿਹੇ ਪੰਜ ਆਦੇਸ਼ ਅਜੇ ਵੀ ਤੁਰਕੀ ਦੇ ਨੈਸ਼ਨਲ ਆਰਕਾਈਵਜ਼ ਵਿੱਚ ਸੁਰੱਖਿਅਤ ਹਨ।
ਅਰਬ ਸ਼ਾਸਕ ਮੁਰਾਦ ਦੀ ਨਾਰਾਜ਼ਗੀ ਦਾ ਕਾਰਨ ਇਹ ਸੀ ਕਿ ਇਨ੍ਹਾਂ ਔਰਤਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹ ਜਿੱਥੇ ਵੀ ਜਾਂਦੀ, ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ।
ਗੁਲਬਦਨ ਕੇਵਲ ਮੱਕਾ ਵਿੱਚ ਹੀ ਨਹੀਂ ਰੁਕੇ। ਉਨ੍ਹਾਂ ਨੇ ਅਰਬ ਦੇ ਹੋਰ ਸ਼ਹਿਰਾਂ ਦਾ ਵੀ ਦੌਰਾ ਕੀਤਾ ਅਤੇ ਈਰਾਨ ਦੇ ਮਸ਼ਹਦ ਦੇ ਤੀਰਥ ਸਥਾਨ 'ਤੇ ਵੀ ਗਏ।

ਤਸਵੀਰ ਸਰੋਤ, Getty Images
ਸ਼ਹਿਜ਼ਾਦੇ ਸਲੀਮ ਨੇ ਅਜਮੇਰ ਜਾ ਕੇ ਗੁਲਬਦਨ ਦਾ ਸਵਾਗਤ ਕੀਤਾ
ਮਾਰਚ 1580 ਵਿੱਚ, ਗੁਲਬਦਨ ਆਪਣੇ ਸਾਰੇ ਸਾਥੀਆਂ ਨਾਲ 'ਤੇਜ਼ਰਾਓ' ਬੇੜੀ 'ਤੇ ਜੇਦਾਹ ਤੋਂ ਭਾਰਤ ਲਈ ਰਵਾਨਾ ਹੋਈ। ਪਰ ਅਦਨ ਦੇ ਨੇੜੇ ਬੇੜੀ ਟੁੱਟ ਗਈ ਅਤੇ ਗੁਲਬਦਨ ਨੂੰ ਆਪਣੇ ਸਾਥੀਆਂ ਨਾਲ ਅਦਨ ਵਿੱਚ ਸੱਤ ਮਹੀਨੇ ਬਿਤਾਉਣੇ ਪਏ। ਜਦੋਂ ਉਹ ਸੂਰਤ ਪਹੁੰਚੀ ਤਾਂ ਉਨ੍ਹਾਂ ਨੂੰ ਭਾਰਤ ਛੱਡੇ ਸੱਤ ਸਾਲ ਹੋ ਗਏ ਸਨ।
ਸੂਰਤ ਪਹੁੰਚਣ ਤੋਂ ਬਾਅਦ ਉਹ ਫਤਿਹਪੁਰ ਸੀਕਰੀ ਲਈ ਰਵਾਨਾ ਹੋ ਗਈ।
ਇਰਾ ਮੁਖੋਟੀ ਆਪਣੀ ਕਿਤਾਬ 'ਡੌਟਰਸ ਆਫ਼ ਦਿ ਸਨ' ਵਿੱਚ ਲਿਖਦੀ ਹੈ, “ਬਾਦਸ਼ਾਹ ਅਕਬਰ ਨੇ 13 ਸਾਲਾ ਸ਼ਹਿਜ਼ਾਦਾ ਸਲੀਮ ਨੂੰ ਹਜ ਪਾਰਟੀ ਦਾ ਸੁਆਗਤ ਕਰਨ ਲਈ ਅਜਮੇਰ ਭੇਜਿਆ। ਰਸਤੇ ਵਿੱਚ ਉਹ ਮੋਇਨੂਦੀਨ ਚਿਸ਼ਤੀ ਦੀ ਮਜ਼ਾਰ 'ਤੇ ਜ਼ਿਆਰਤ ਕਰਨ ਲਈ ਰੁਕੀ।“
ਅਕਬਰ ਨੇ ਸੀਕਰੀ ਤੋਂ 37 ਮੀਲ ਦੂਰ ਖ਼ਾਨਵਾ ਵਿਖੇ ਆਪਣੀ ਭੂਆ ਦਾ ਸੁਆਗਤ ਕੀਤਾ। ਜਦੋਂ ਉਹ ਸੀਕਰੀ ਪਹੁੰਚੀ ਤਾਂ ਲੋਕ ਉਨ੍ਹਾਂ ਦਾ ਸਵਾਗਤ ਕਰਨ ਲਈ ਸੜਕਾਂ 'ਤੇ ਆ ਗਏ।

ਤਸਵੀਰ ਸਰੋਤ, JUGGERNAUT
ਅਕਬਰ ਨੇ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ
ਗੁਲਬਦਨ ਨੇ ਆਪਣੀ ਜ਼ਿੰਦਗੀ ਦੇ ਅਗਲੇ 20 ਸਾਲ ਅਕਬਰ ਨਾਲ ਬਿਤਾਏ। 1603 ਵਿੱਚ 80 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਸ ਸਮੇਂ ਉਨ੍ਹਾਂ ਦੀ ਭਾਬੀ ਅਤੇ ਅਕਬਰ ਦੀ ਮਾਂ ਹਮੀਦਾ ਬਾਨੋ ਉਨ੍ਹਾਂ ਦੇ ਨਾਲ ਸੀ।
ਉਨ੍ਹਾਂ ਨੇ ਗੁਲਬਦਨ ਨੂੰ ਉਨ੍ਹਾਂ ਦੇ ਪਿਆਰੇ ਨਾਂ 'ਬੇਗ਼ਮ ਜੀਓ' ਨਾਲ ਬੁਲਾਇਆ। ਗੁਲਬਦਨ ਨੇ ਅੱਖਾਂ ਖੋਲ੍ਹ ਕੇ ਹਮੀਦਾ ਬਾਨੋ ਵੱਲ ਦੇਖਿਆ ਅਤੇ ਕਿਹਾ, 'ਮੇਰਾ ਸਫ਼ਰ ਖ਼ਤਮ ਹੋ ਗਿਆ ਹੈ। ਖ਼ੁਦਾ ਤੁਹਾਨੂੰ ਲੰਬੀ ਉਮਰ ਦੇਵੇ।'
ਅਕਬਰ ਨੂੰ ਗੁਲਬਦਨ ਦੀ ਮੌਤ ਦਾ ਗਹਿਰਾ ਸਦਮਾ ਲੱਗਾ। ਉਨ੍ਹਾਂ ਨੇ ਉਨ੍ਹਾਂ ਮ੍ਰਿਤਕ ਦੇਹ ਨੂੰ ਕਬਰਿਸਤਾਨ ਵਿੱਚ ਪਹੁੰਚਾਉਣ ਲਈ ਆਪਣਾ ਮੋਢਾ ਦਿੱਤਾ। ਅਗਲੇ ਦੋ ਸਾਲਾਂ ਦੌਰਾਨ, ਜਿੰਨਾ ਚਿਰ ਉਹ ਜਿਉਂਦੇ ਰਹੇ, ਉਹ ਆਪਣੀ ਭੂਆ ਨੂੰ ਵਾਰ-ਵਾਰ ਯਾਦ ਕਰਦੇ ਰਹੇ।
ਹਮੀਦਾ ਬਾਨੋ ਵੀ ਬਹੁਤੀ ਦੇਰ ਨਾ ਜੀ ਸਕੀ। ਇੱਕ ਸਾਲ ਬਾਅਦ, 1604 ਵਿੱਚ, ਉਨ੍ਹਾਂ ਨੇ ਆਪਣੇ ਪ੍ਰਾਣ ਵੀ ਤਿਆਗ ਦਿੱਤੇ। ਅਕਬਰ ਨੇ ਸੋਗ ਵਿੱਚ ਆਪਣੇ ਵਾਲ ਅਤੇ ਦਾੜ੍ਹੀ ਕੱਟਵਾ ਲਈ।












