ਮਾਸਾਹਾਰੀ ਦੁੱਧ ਕੀ ਹੈ, ਜਿਸ ਨੂੰ ਅਮਰੀਕਾ ਭਾਰਤ ਵਿੱਚ ਵੇਚਣਾ ਚਾਹੁੰਦਾ ਹੈ? ਭਾਰਤ ਦੇ ਕਿਸਾਨਾਂ ਨੂੰ ਅਮਰੀਕੀ ਗਾਵਾਂ ਦੇ ਦੁੱਧ ਤੋਂ ਕੀ ਖ਼ਤਰਾ ਹੈ

ਤਸਵੀਰ ਸਰੋਤ, Getty Images
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਟੈਰਿਫ ਲਗਾਉਣ ਲਈ ਤੈਅ ਕੀਤੀ ਗਈ 9 ਜੁਲਾਈ ਦੀ ਆਖ਼ਰੀ ਮਿਤੀ ਹੁਣ 1 ਅਗਸਤ ਤੱਕ ਵਧਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ, ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਚੱਲ ਰਹੀ ਹੈ। ਦੋਵਾਂ ਪਾਸਿਆਂ ਤੋਂ ਇੱਕ ਅੰਤਰਿਮ ਵਪਾਰ ਸਮਝੌਤਾ ਹੋਣ ਦੀ ਉਮੀਦ ਹੈ, ਜਿਸਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।
ਹਾਲਾਂਕਿ, ਅਮਰੀਕਾ ਲਗਾਤਾਰ ਖੇਤੀ ਅਤੇ ਡੇਅਰੀ ਪ੍ਰੋਡੈਕਟ ਲਈ ਭਾਰਤੀ ਬਾਜ਼ਾਰ ਖੋਲ੍ਹਣ ਦੀ ਮੰਗ ਕਰ ਰਿਹਾ ਹੈ ਪਰ ਭਾਰਤ ਨੇ ਖੇਤੀ ਅਤੇ ਡੇਅਰੀ ਖੇਤਰ ਦੀ ਸੁਰੱਖਿਆ ਲਈ ਨਾ ਝੁਕਣ ਦਾ ਸੰਕੇਤ ਦਿੱਤਾ ਹੈ।
ਭਾਰਤ ਸਰਕਾਰ ਦੇ ʻਨਾਨ ਵੈਜ ਮਿਲਕʼ ʼਤੇ ਸੱਭਿਆਚਾਰਕ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਹੋਇਆ ਅਮਰੀਕੀ ਡੇਅਰੀ ਉਤਪਾਦਾਂ ਦੇ ਆਯਾਤ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਾਲ 2030 ਤੱਕ ਵਪਾਰਕ 500 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਖੇਤੀਬਾੜੀ ਖੇਤਰ ਅਤੇ ਡੇਅਰੀ ਉਤਪਾਦਾਂ ਨੂੰ ਲੈ ਕੇ ਭਾਰਤ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਇਸ ʼਤੇ ਸਿੱਧੇ ਤੌਰ 'ਤੇ ʻਕੋਈ ਵੀ ਮੋਲ-ਭਾਵ ਸਵੀਕਾਰ ਨਹੀਂ ਕਰ ਸਕਦਾ।ʼ

ਤਸਵੀਰ ਸਰੋਤ, Getty Images
ਭਾਰਤ ਅਮਰੀਕੀ ਡੇਅਰੀ ਉਤਪਾਦਾਂ 'ਤੇ ਸਖ਼ਤ ਨਿਯਮ ਲਾਗੂ ਕਰਨਾ ਚਾਹੁੰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਯਾਤ ਕੀਤਾ ਗਿਆ ਦੁੱਧ ਅਜਿਹੀਆਂ ਗਾਵਾਂ ਤੋਂ ਹੋਵੇ ਜਿਨ੍ਹਾਂ ਨੂੰ ਜਾਨਵਰਾਂ ਦਾ ਮਾਸ ਜਾਂ ਖੂਨ ਵਾਲਾ ਚਾਰਾ ਨਾ ਦਿੱਤਾ ਜਾਂਦਾ ਹੋਵੇ।
ਭਾਰਤ ਨੇ ਡੇਅਰੀ 'ਤੇ ਰੱਖਿਆਤਮਕ ਰੁਖ਼ ਅਪਣਾਇਆ ਹੈ ਕਿਉਂਕਿ ਇਹ ਖੇਤਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੇ ਕਿਸਾਨ ਹਨ।
ਹਾਲਾਂਕਿ, ਅਮਰੀਕਾ ਨੇ ਇਸ ਨੂੰ ਬੇਲੋੜੀਆਂ ਵਪਾਰਕ ਰੁਕਾਵਟਾਂ (ਟ੍ਰੇਡ ਬੈਰੀਅਰਜ਼) ਕਿਹਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਗੱਲਬਾਤ ਅਸਫ਼ਲ ਹੋ ਜਾਂਦੀ ਹੈ, ਤਾਂ ਇਹ ਸੰਭਾਵਨਾ ਘੱਟ ਹੈ ਕਿ ਟਰੰਪ ਭਾਰਤ 'ਤੇ 26 ਫੀਸਦ ਟੈਰਿਫ ਦਰ ਦੁਬਾਰਾ ਲਾਗੂ ਕਰਨਗੇ।
ਦਰਅਸਲ, ਅਮਰੀਕਾ ਭਾਰਤ ਨਾਲ ਆਪਣੇ ਲਗਭਗ 45 ਬਿਲੀਅਨ ਡਾਲਰ ਦੇ ਵਪਾਰ ਘਾਟੇ ਨੂੰ ਘਟਾਉਣ ਲਈ ਖੇਤੀਬਾੜੀ ਅਤੇ ਡੇਅਰੀ ਨਿਰਯਾਤ ਲਈ ਦਰਵਾਜ਼ੇ ਖੋਲ੍ਹਣ ਦੀ ਮੰਗ ਕਰ ਰਿਹਾ ਹੈ।
ਹਾਲਾਂਕਿ, ਟਰੰਪ ਪ੍ਰਸ਼ਾਸਨ ਦੁਆਰਾ 23 ਦੇਸ਼ਾਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਅਤੇ ਟੈਰਿਫ ਦੀ ਆਖ਼ਰੀ ਮਿਤੀ 1 ਅਗਸਤ ਤੱਕ ਵਧਾ ਦਿੱਤੀ ਗਈ ਹੈ।

ਡੇਅਰੀ ਸੈਕਟਰ ਖੋਲ੍ਹਣ ਦੇ ਕੀ ਨੁਕਸਾਨ ਹੋ ਸਕਦੇ ਹਨ?
ਪੇਂਡੂ ਅਰਥਵਿਵਸਥਾ ਵਿੱਚ ਭਾਰਤ ਦੇ ਡੇਅਰੀ ਸੈਕਟਰ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।
ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਅਨੁਸਾਰ ਵਿੱਚ ਦੇਸ਼ ਵਿੱਚ 239.2 ਕਰੋੜ ਟਨ ਦੁੱਧ ਦਾ ਉਤਪਾਦਨ ਹੋਇਆ ਸੀ। ਕੁੱਲ ਦੁੱਧ ਉਤਪਾਦਨ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਸਥਾਨ 'ਤੇ ਹੈ।
ਭਾਰਤ ਨੇ 2023-24 ਵਿੱਚ 272.6 ਕਰੋੜ ਡਾਲਰ ਦੇ 63,738 ਟਨ ਦੁੱਧ ਉਤਪਾਦਾਂ ਦਾ ਨਿਰਯਾਤ ਕੀਤਾ ਸੀ। ਸਭ ਤੋਂ ਵੱਧ ਬਰਾਮਦ ਯੂਏਈ, ਸਾਊਦੀ ਅਰਬ, ਅਮਰੀਕਾ, ਭੂਟਾਨ ਅਤੇ ਸਿੰਗਾਪੁਰ ਨੂੰ ਹੁੰਦੇ ਹਨ।
ਭਾਰਤ ਵਿੱਚ ਡੇਅਰੀ ਉਤਪਾਦਾਂ ਦੇ ਆਯਾਤ 'ਤੇ ਇੱਕ ਕਾਫੀ ਟੈਰਿਫ ਹੈ। ਭਾਰਤ ਵਿੱਚ ਚੀਜ਼ 'ਤੇ 30 ਫੀਸਦ, ਮੱਖਣ 'ਤੇ 40 ਫੀਸਦ ਅਤੇ ਦੁੱਧ ਪਾਊਡਰ 'ਤੇ 60 ਫੀਸਦ ਟੈਰਿਫ ਲਗਾਇਆ ਜਾਂਦਾ ਹੈ।
ਇਹੀ ਕਾਰਨ ਹੈ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਇਨ੍ਹਾਂ ਉਤਪਾਦਾਂ ਨੂੰ ਆਯਾਤ ਕਰਨਾ ਲਾਭਦਾਇਕ ਨਹੀਂ ਹੈ, ਜਦੋਂ ਕਿ ਇਨ੍ਹਾਂ ਦੇਸ਼ਾਂ ਦੇ ਡੇਅਰੀ ਉਤਪਾਦ ਸਸਤੇ ਹਨ।
ਜੇਕਰ ਭਾਰਤ ਅਮਰੀਕੀ ਡੇਅਰੀ ਉਤਪਾਦਾਂ ਲਈ ਆਪਣਾ ਬਾਜ਼ਾਰ ਖੋਲ੍ਹਣ ਦਾ ਫ਼ੈਸਲਾ ਕਰਦਾ ਹੈ, ਤਾਂ ਇਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਜੇਕਰ ਅਮਰੀਕੀ ਡੇਅਰੀ ਉਤਪਾਦਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਭਾਰਤੀ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਘੱਟੋ-ਘੱਟ 15 ਫੀਸਦ ਦੀ ਗਿਰਾਵਟ ਆ ਜਾਵੇਗੀ ਅਤੇ ਇਸ ਨਾਲ ਕਿਸਾਨਾਂ ਨੂੰ ਹਰ ਸਾਲ 1.03 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੇਅਰੀ ਉਤਪਾਦਾਂ ਨੂੰ ਖੋਲ੍ਹਣ ਕਾਰਨ, ਭਾਰਤ ਦੁੱਧ ਉਤਪਾਦਕ ਦੇਸ਼ ਤੋਂ ਦੁੱਧ ਖਪਤਕਾਰ ਦੇਸ਼ ਬਣ ਸਕਦਾ ਹੈ।

ਤਸਵੀਰ ਸਰੋਤ, Getty Images
ਮਾਸਾਹਾਰੀ ਦੁੱਧ ਕੀ ਹੈ?
ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਸ ਤੋਂ ਡੇਅਰੀ ਉਤਪਾਦ ਵੱਧ ਖਰੀਦੇ ਪਰ ਭਾਰਤ ਵਿਸ਼ਵਾਸ ਅਤੇ ਸੱਭਿਆਚਾਰ ਦੇ ਕਾਰਨ ਅਜਿਹਾ ਨਹੀਂ ਕਰਨਾ ਚਾਹੁੰਦਾ।
ਭਾਰਤ ਵਿੱਚ ਇੱਕ ਵੱਡੀ ਆਬਾਦੀ ਸ਼ਾਕਾਹਾਰੀ ਹੈ ਅਤੇ ਜਾਨਵਰਾਂ ਦੇ ਮਾਸ ਨਾਲ ਬਣਿਆ ਚਾਰਾ ਖਾਣ ਵਾਲੀਆਂ ਗਾਵਾਂ ਦੇ ਦੁੱਧ ਨੂੰ ਆਪਣੀ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਨਹੀਂ ਮੰਨਦੀ ਹੈ।
ਅਜਿਹੀਆਂ ਗਾਵਾਂ ਦੇ ਦੁੱਧ ਨੂੰ ਮਾਸਾਹਾਰੀ ਦੁੱਧ ਕਿਹਾ ਜਾਂਦਾ ਹੈ।
ਅਮਰੀਕੀ ਡੇਅਰੀ ਉਦਯੋਗ ਵਿੱਚ ਗਾਵਾਂ ਨੂੰ ਵਜ਼ਨ ਵਧਾਉਣ ਲਈ ਅਜਿਹਾ ਚਾਰਾ ਦਿੱਤਾ ਜਾਂਦਾ ਹੈ ਜਿਸ ਵਿੱਚ ਜਾਨਵਰਾਂ ਦਾ ਮਾਸ ਜਾਂ ਖ਼ੂਨ ਮਿਲਾ ਹੁੰਦਾ ਹੈ। ਇਸੇ ਕਾਰਨ ਨਾਲ ਇਸ ਨੂੰ ʻਬਲੱਡ ਮੀਲʼ ਵੀ ਕਿਹਾ ਜਾਂਦਾ ਹੈ।
ਸਿਆਟਲ ਟਾਈਮਜ਼ ਵਿੱਚ ਇੱਕ ਲੇਖ ਦੇ ਅਨੁਸਾਰ, "ਗਾਵਾਂ ਨੂੰ ਅਜਿਹਾ ਚਾਰਾ ਦਿੱਤਾ ਜਾਂਦਾ ਹੈ ਜਿਸ ਵਿੱਚ ਸੂਰ, ਮੱਛੀ, ਮੁਰਗੀ, ਘੋੜੇ ਅਤੇ ਇੱਥੋਂ ਤੱਕ ਕਿ ਬਿੱਲੀ ਜਾਂ ਕੁੱਤੇ ਦਾ ਮਾਸ ਹੁੰਦਾ ਹੈ ਅਤੇ ਪਸ਼ੂਆਂ ਨੂੰ ਪ੍ਰੋਟੀਨ ਲਈ ਸੂਰ ਅਤੇ ਘੋੜੇ ਦਾ ਖੂਨ ਦਿੱਤਾ ਜਾਂਦਾ ਹੈ। ਜਦਕਿ ਭਾਰ ਵਧਾਉਣ ਲਈ, ਇਨ੍ਹਾਂ ਜਾਨਵਰਾਂ ਦੀ ਚਰਬੀ ਦਾ ਇੱਕ ਹਿੱਸਾ ਵੀ ਸ਼ਾਮਲ ਹੁੰਦਾ ਹੈ।"

ਤਸਵੀਰ ਸਰੋਤ, Getty Images
'ਬਲੱਡ ਮੀਲ' ਕੀ ਹੁੰਦਾ ਹੈ?
'ਬਲੱਡ ਮੀਲ' ਮੀਟ ਪੈਕਿੰਗ ਕਾਰੋਬਾਰ ਦਾ ਇੱਕ ਉਪ-ਉਤਪਾਦ ਹੈ ਅਤੇ ਇਸ ਨੂੰ ਦੂਜੇ ਜਾਨਵਰਾਂ ਨੂੰ ਖੁਆਉਣ ਲਈ ਵਰਤਿਆ ਜਾਂਦਾ ਹੈ।
ਜਾਨਵਰਾਂ ਨੂੰ ਮਾਰਨ ਤੋਂ ਬਾਅਦ, ਉਨ੍ਹਾਂ ਦਾ ਖੂਨ ਇਕੱਠਾ ਕੀਤਾ ਜਾਂਦਾ ਹੈ ਅਤੇ ਇੱਕ ਖ਼ਾਸ ਕਿਸਮ ਦੀ ਖੁਰਾਕ ਬਣਾਉਣ ਲਈ ਸੁਕਾਇਆ ਜਾਂਦਾ ਹੈ, ਇਸਨੂੰ 'ਬਲੱਡ ਮੀਲ' ਕਿਹਾ ਜਾਂਦਾ ਹੈ।
ਇਸ ਨੂੰ ਲਾਈਸਿਨ ਨਾਮ ਦੇ ਅਮੀਨੋ ਐਸਿਡ (ਗਊ ਪ੍ਰੋਟੀਨ ਵਿੱਚ ਪਾਏ ਜਾਣ ਵਾਲੇ 9 ਜ਼ਰੂਰੀ ਅਮੀਨੋ ਐਸਿਡਾਂ ਵਿੱਚੋਂ ਇੱਕ) ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਅਤੇ ਇਸ ਦਾ ਖ਼ਾਸ ਇਸਤੇਮਾਲ ਪਸ਼ੂ ਪਾਲਣ ਕਾਰੋਬਾਰ ਵਿੱਚ ਖ਼ਾਸ ਤੌਰ ʼਤੇ ਕੀਤਾ ਜਾਂਦਾ ਹੈ।
ਦੁਧਾਰੂ ਪਸ਼ੂਆਂ ਨੂੰ ਸਿਹਤਮੰਦ ਬਣਾਉਣ ਅਤੇ ਵਧੇਰੇ ਦੁੱਧ ਪੈਦਾ ਕਰਨ ਲਈ ਉਨ੍ਹਾਂ ਦੀ ਖੁਰਾਕ ਵਿੱਚ 'ਬਲੱਡ ਮੀਲ' ਨਿਯਮਿਤ ਤੌਰ 'ਤੇ ਦਿੱਤਾ ਜਾਂਦਾ ਹੈ।
ਦੁਧਾਰੂ ਪਸ਼ੂਆਂ ਤੋਂ ਇਲਾਵਾ, ਇਸ ਦੀ ਵਰਤੋਂ ਪਸ਼ੂ ਪਾਲਣ ਉਦਯੋਗ ਵਿੱਚ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਈਟ੍ਰੋਜਨ ਵਧਾਉਣ ਲਈ ਖਾਦ ਵਜੋਂ ਕੀਤੀ ਜਾਂਦੀ ਹੈ।
ਗਾਵਾਂ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਵਿੱਚ ਲਗਭਗ ਦਸ ਕਿਸਮਾਂ ਦੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ, ਜਿਨ੍ਹਾਂ ਵਿੱਚੋਂ ਦੋ ਬਹੁਤ ਮਹੱਤਵਪੂਰਨ ਹਨ, ਲਾਈਸਿਨ ਅਤੇ ਮੈਥੀਓਨਾਈਨ।
ਗਾਵਾਂ ਪ੍ਰੋਟੀਨ ਦੀ ਬਜਾਏ ਅਮੀਨੋ ਐਸਿਡ ਨੂੰ ਹਜ਼ਮ ਕਰਨ ਦੇ ਯੋਗ ਹੁੰਦੀਆਂ ਹਨ, ਇਸ ਲਈ ਉਨ੍ਹਾਂ ਨੂੰ 'ਬਲੱਡ ਮੀਲ' ਅਤੇ ਮੱਕੀ ਖੁਆਈ ਜਾਂਦੀ ਹੈ। ਇੱਥੇ 'ਬਲੱਡ ਮੀਲ' ਲਾਈਸੀਨ ਦਾ ਇੱਕ ਸਰੋਤ ਹੈ, ਮੱਕੀ ਮੈਥੀਓਨਾਈਨ।
ਮਿਨੇਸੋਟਾ ਯੂਨੀਵਰਸਿਟੀ ਦੀ ਇੱਕ ਖੋਜ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਚਾਰਾ ਦੇਣ ਨਾਲ ਖੂਨ ਵਿੱਚ ਲਾਈਸੀਨ ਦੀ ਮਾਤਰਾ ਵਿਗੜ ਜਾਂਦੀ ਹੈ। ਇਸ ਦੀ ਬਜਾਏ, ਸੋਇਆਬੀਨ ਵੀ ਲਾਈਸੀਨ ਦਾ ਇੱਕ ਚੰਗਾ ਸਰੋਤ ਹੈ।
ਭਾਰਤ ਵਿੱਚ, ਕਈ ਔਨਲਾਈਨ ਈ-ਕਾਮਰਸ ਪਲੇਟਫਾਰਮਾਂ 'ਤੇ ਵੀ ਖੇਤੀ ਲਈ ʻਬਲੱਡ ਮੀਲʼ ਵਿਕਦਾ ਹੈ।
ਵੈੱਬਸਾਈਟ ਫੀਡੀਪੀਡੀਆ ਦੇ ਅਨੁਸਾਰ, 'ਬਲੱਡ ਮੀਲ' ਬਣਾਉਣ ਨਾਲ ਬੁੱਚੜਖਾਨਿਆਂ ਦਾ ਕਚਰਾ ਘਟਦਾ ਹੈ ਅਤੇ ਪ੍ਰਦੂਸ਼ਣ ਵੀ ਘਟਦਾ ਹੈ ਪਰ ਜਾਣਕਾਰ ਮੰਨਦੇ ਹਨ ਕਿ ਖੂਨ ਸੁਕਾਉਣ ਦੀ ਪ੍ਰਕਿਰਿਆ ਵਿੱਚ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












