ਪਾਲਤੂ ਜਾਨਵਰ ਸਾਨੂੰ ਬਿਮਾਰ ਕਰਦੇ ਹਨ ਜਾਂ ਤੰਦਰੁਸਤ ਬਣਾਉਂਦੇ ਹਨ, ਮਨੁੱਖੀ ਪਖਾਨਿਆਂ ਦੇ ਨਮੂਨਿਆਂ ਦੀ ਜਾਂਚ ਤੋਂ ਜੋ ਪਤਾ ਲੱਗਿਆ

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਕਾਕਸ
ਜਾਨਵਰਾਂ ਦੇ ਨਾਲ ਰਹਿਣਾ ਸਾਡੀ ਰੋਗ-ਪ੍ਰਤੀਰੋਧਕ ਸਮਰੱਥਾ 'ਤੇ ਡੂੰਘਾ ਅਸਰ ਪਾਉਣ ਵਾਲਾ ਮੰਨਿਆ ਜਾਂਦਾ ਹੈ — ਜੋ ਸ਼ਾਇਦ ਐਲਰਜੀ, ਏਕਜ਼ੀਮਾ (ਇੱਕ ਪ੍ਰਕਾਰ ਦਾ ਚਮੜੀ ਰੋਗ) ਅਤੇ ਇੱਥੋਂ ਤੱਕ ਕਿ ਆਟੋਇਮੀਊਨ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘਟਾ ਸਕਦਾ ਹੈ।
ਜਦੋਂ ਤੋਂ ਅਮੀਸ਼ ਲੋਕ 18ਵੀਂ ਸਦੀ ਵਿੱਚ ਕੇਂਦਰੀ ਯੂਰਪ ਤੋਂ ਉੱਤਰੀ ਅਮਰੀਕਾ ਵੱਲ ਪਰਵਾਸ ਕਰਨ ਆਏ, ਉਹ ਆਪਣੀ ਵਿਲੱਖਣ ਜੀਵਨ ਸ਼ੈਲੀ ਲਈ ਮਸ਼ਹੂਰ ਹੋ ਗਏ। ਅੱਜ ਵੀ ਉਹ ਉਨ੍ਹਾਂ ਹੀ ਪੁਰਾਣੀਆਂ ਰੀਤਾਂ 'ਤੇ ਨਿਰਭਰ ਹਨ ਜਿਵੇਂ - ਡੇਅਰੀ ਪਸ਼ੂ ਪਾਲਣ ਤੇ ਘੋੜਿਆਂ ਰਾਹੀਂ ਆਵਾਜਾਈ - ਜਿਵੇਂ ਕਿ ਉਨ੍ਹਾਂ ਦੇ ਪੂਰਵਜ ਕਈ ਸਦੀਆਂ ਤੋਂ ਕਰਦੇ ਆ ਰਹੇ ਸਨ।
ਹਾਲੀਵੁੱਡ ਦੇ ਸਕ੍ਰਿਪਟ ਲਿਖਾਰੀ, ਡਾਕੁਮੈਂਟਰੀ ਮੇਕਰਸ ਤੇ ਸਮਾਜ ਵਿਗਿਆਨੀ ਕਈ ਦਹਾਕਿਆਂ ਤੋਂ ਅਮੀਸ਼ ਲੋਕਾਂ ਦੀ ਜ਼ਿੰਦਗੀ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਆਏ ਹਨ। ਪਰ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਦੀ ਜੀਵਨ ਸ਼ੈਲੀ ਚਿਕਿਤਸਾ ਜਗਤ ਲਈ ਵੀ ਖ਼ਾਸ ਧਿਆਨ ਦਾ ਕੇਂਦਰ ਬਣੀ ਹੈ, ਕਿਉਂਕਿ ਉਹ ਇੱਕ ਅਜਿਹੇ ਆਧੁਨਿਕ ਰੁਝਾਨ ਤੋਂ ਬਚੇ ਹੋਏ ਲੱਗਦੇ ਹਨ ਜਿਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ।
ਜਿੱਥੇ 1960 ਦੇ ਦਹਾਕੇ ਤੋਂ ਬਾਅਦ ਬਚਪਨ ਵਿੱਚ ਸ਼ੁਰੂ ਹੋਣ ਵਾਲੀਆਂ ਰੋਗ-ਪ੍ਰਤੀਰੋਧਕ ਸਮੱਸਿਆਵਾਂ (ਜਿਵੇਂ ਕਿ ਦਮਾ, ਚਮੜੀ ਦੇ ਰੋਗ ਅਤੇ ਐਲਰਜੀ) ਦੀਆਂ ਦਰਾਂ ਤੇਜ਼ੀ ਨਾਲ ਵਧੀਆਂ ਹਨ, ਉੱਥੇ ਅਮੀਸ਼ ਭਾਈਚਾਰੇ ਵਿੱਚ ਇਹ ਗੱਲ ਨਹੀਂ ਵੇਖੀ ਗਈ।
ਇਸ ਦੇ ਕਾਰਨ ਸਾਨੂੰ ਇਹ ਸਮਝਣ ਵਿੱਚ ਮਦਦ ਮਿਲ ਰਹੀ ਹੈ ਕਿ ਸਾਡੀ ਰੋਗ-ਪ੍ਰਤੀਰੋਧਕ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਅਤੇ ਸਾਡੇ ਆਲੇ-ਦੁਆਲੇ ਦੇ ਜਾਨਵਰਾਂ ਦਾ ਇਸ ਉੱਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ।
ਇੱਕ ਵਿਭਿੰਨਤਾ ਭਰਿਆ ਸਮੂਹ

ਤਸਵੀਰ ਸਰੋਤ, Alamy
ਇਹ ਜਾਣਨ ਲਈ ਕਿ ਅਮੀਸ਼ ਲੋਕਾਂ ਵਿੱਚ ਐਲਰਜੀ ਵਰਗੀਆਂ ਬਿਮਾਰੀਆਂ ਘੱਟ ਕਿਉਂ ਹੁੰਦੀਆਂ ਹਨ, 2012 ਵਿੱਚ ਕੁਝ ਵਿਗਿਆਨੀ ਇੰਡਿਆਨਾ ਦੇ ਅਮੀਸ਼ ਲੋਕਾਂ ਅਤੇ ਦੱਖਣੀ ਡਕੋਟਾ ਦੇ ਹਟਰਾਈਟਸ ਕਿਸਾਨ ਭਾਈਚਾਰੇ ਨਾਲ ਰਹੇ। ਉਨ੍ਹਾਂ ਨੇ ਦੋਹਾਂ ਸਮੂਹਾਂ ਤੋਂ 30-30 ਬੱਚਿਆਂ ਦਾ ਖੂਨ ਲੈ ਕੇ ਉਨ੍ਹਾਂ ਦੇ ਰੋਗ-ਪ੍ਰਤੀਰੋਧਕ ਤੰਤਰ ਦੀ ਗਹਿਰਾਈ ਨਾਲ ਜਾਂਚ ਕੀਤੀ।
ਦੋਹੇਂ ਸਮੂਹ ਇੱਕੋ ਜਿਹੇ ਹਨ — ਦੋਹਾਂ ਵਿੱਚ ਯੂਰਪੀ ਪਿਛੋਕੜ, ਸਾਫ ਹਵਾ, ਸਧਾਰਣ ਖਾਣ-ਪੀਣ ਅਤੇ ਕਿਸਾਨੀ ਵਾਲਾ ਜੀਵਨ ਆਮ ਹੈ। ਪਰ ਫਿਰ ਵੀ, ਹਟਰਾਈਟਸ ਲੋਕਾਂ ਵਿੱਚ ਦਮਾ ਅਤੇ ਐਲਰਜੀਆਂ ਦੇ ਕੇਸ ਅਮੀਸ਼ ਲੋਕਾਂ ਨਾਲੋਂ 4-6 ਗੁਣਾ ਵੱਧ ਹਨ।
ਇਨ੍ਹਾਂ ਦੋਹਾਂ ਸਮੂਹਾਂ ਵਿੱਚ ਇੱਕ ਵੱਡਾ ਫ਼ਰਕ ਇਹ ਹੈ ਕਿ ਹਟਰਾਈਟਸ ਲੋਕ ਪੂਰੀ ਤਰ੍ਹਾਂ ਆਧੁਨਿਕ ਕਿਸਾਨੀ ਤਕਨੀਕਾਂ ਨੂੰ ਅਪਣਾ ਚੁੱਕੇ ਹਨ, ਜਦਕਿ ਅਮੀਸ਼ ਲੋਕ ਅਜੇ ਵੀ ਪੁਰਾਣੇ ਤਰੀਕਿਆਂ ਨਾਲ ਖੇਤੀ ਕਰਦੇ ਹਨ। ਇਸ ਦਾ ਅਰਥ ਇਹ ਹੈ ਕਿ ਅਮੀਸ਼ ਬੱਚੇ ਛੋਟੀ ਉਮਰ ਤੋਂ ਹੀ ਜਾਨਵਰਾਂ ਅਤੇ ਉਨ੍ਹਾਂ ਨਾਲ ਜੁੜੇ ਅਣਗਿਣਤ ਮਾਈਕ੍ਰੋਬਜ਼ ਦੇ ਨਜ਼ਦੀਕੀ ਸੰਪਰਕ ਵਿੱਚ ਰਹਿੰਦੇ ਹਨ।
ਆਇਰਲੈਂਡ ਦੇ ਯੂਨੀਵਰਸਿਟੀ ਕਾਲਜ ਕਾਰਕ ਵਿੱਚ ਮੈਡਿਸਨ ਵਿਭਾਗ ਦੇ ਪ੍ਰੋਫੈਸਰ ਐਮੇਰਿਟਸ ਫਰਗਸ ਸ਼ਾਨਾਹਨ ਕਹਿੰਦੇ ਹਨ, "ਜੇ ਤੁਸੀਂ ਅਮੀਸ਼ ਬਸਤੀਆ ਦੀਆਂ ਡਰੋਨ ਨਾਲ ਖਿੱਚੀਆਂ ਤਸਵੀਰਾਂ ਨੂੰ ਵੇਖੋ ਅਤੇ ਉਨ੍ਹਾਂ ਦੀ ਤੁਲਨਾ ਹਟਰਾਈਟ ਭਾਈਚਾਰੇ ਨਾਲ ਕਰੋ, ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਅਮੀਸ਼ ਲੋਕ ਆਪਣੇ ਪਸ਼ੂਆਂ ਦੇ ਨਾਲ ਫਾਰਮ (ਬਾੜੇ) 'ਚ ਹੀ ਰਹਿੰਦੇ ਹਨ, ਜਦਕਿ ਹਟਰਾਈਟਸ ਛੋਟੇ-ਛੋਟੇ ਪਿੰਡਾਂ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਦੇ ਫਾਰਮ ਕਈ ਵਾਰੀ ਕੁਝ ਮੀਲ ਦੂਰ ਵੀ ਹੋ ਸਕਦੇ ਹਨ।"
2016 ਵਿੱਚ ਅਮਰੀਕਾ ਤੇ ਜਰਮਨੀ ਦੇ ਵਿਗਿਆਨੀਆਂ ਨੇ ਇੱਕ ਵੱਡਾ ਅਧਿਐਨ ਕੀਤਾ। ਉਨ੍ਹਾਂ ਦੇ ਅਨੁਸਾਰ ਅਮੀਸ਼ ਬੱਚਿਆਂ ਨੂੰ ਐਲਰਜੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਵਾਤਾਵਰਣ ਦਾ ਅਸਰ ਉਨ੍ਹਾਂ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਉੱਤੇ ਪੈਂਦਾ ਹੈ। ਖ਼ਾਸ ਕਰਕੇ, ਖੋਜਕਰਤਾਵਾਂ ਨੇ ਪਤਾ ਲਗਾਇਆ ਕਿ ਅਮੀਸ਼ ਬੱਚਿਆਂ ਵਿੱਚ "ਨਿਯੰਤਰਣਕਾਰੀ ਟੀ ਕੋਸ਼ਿਕਾਵਾਂ" (ਰੈਗੁਲੇਟਰੀ ਟੀ ਸੈਲਸ) ਹਟਰਾਈਟਸ ਬੱਚਿਆਂ ਦੇ ਮੁਕਾਬਲ ਹੋਰ ਬਹੁਤ ਚੰਗੀ ਤਰ੍ਹਾਂ ਤਿਆਰ ਹੋਈਆਂ ਹੋਈਆਂ ਸਨ। ਇਹ ਟੀ ਕੋਸ਼ਿਕਾਵਾਂ ਰੋਗ-ਪ੍ਰਤੀਰੋਧਕ ਪ੍ਰਣਾਲੀ ਦੀਆਂ ਗਲਤ ਜਾਂ ਵਾਧੂ ਪ੍ਰਤੀਕ੍ਰਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।
ਜਦੋਂ ਖੋਜਕਰਤਾਵਾਂ ਨੇ ਅਮੀਸ਼ ਅਤੇ ਹਟਰਾਈਟਸ ਬੱਚਿਆਂ ਦੇ ਘਰਾਂ ਤੋਂ ਇਕੱਠੀ ਕੀਤੀ ਧੂੜ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਇਹ ਸਾਫ਼ ਸਬੂਤ ਮਿਲੇ ਕਿ ਅਮੀਸ਼ ਬੱਚੇ ਵੱਧ ਮਾਈਕ੍ਰੋਬਜ਼ ਦੇ ਸੰਪਰਕ ਵਿੱਚ ਆ ਰਹੇ ਸਨ, ਜੋ ਸ਼ਾਇਦ ਉਨ੍ਹਾਂ ਦੇ ਆਸ-ਪਾਸ ਰਹਿ ਰਹੇ ਜਾਨਵਰਾਂ ਤੋਂ ਆ ਰਹੇ ਸਨ।

ਤਸਵੀਰ ਸਰੋਤ, Getty Images
ਦੁਨੀਆਂ ਭਰ ਦੇ ਹੋਰ ਵਿਗਿਆਨੀ ਵੀ ਇਹੀ ਪਤਾ ਲਗਾ ਰਹੇ ਹਨ ਕਿ ਜਾਨਵਰਾਂ ਦੇ ਨੇੜੇ ਰਹਿਣ ਵਾਲੇ ਬੱਚਿਆਂ ਦੀ ਸਿਹਤ ਚੰਗੀ ਹੁੰਦੀ ਹੈ।
ਕੁਝ ਰੋਗ-ਪ੍ਰਤੀਰੋਧਕ ਸਮਰੱਥਾ ਸਬੰਧੀ ਕੰਮ ਕਰਨ ਵਾਲੇ ਵਿਗਿਆਨੀਆਂ ਨੇ ਅਧਿਐਨ ਕੀਤਾ ਕਿ ਜਿਹੜੇ ਬੱਚੇ ਐਲਪਸ ਪਹਾੜਾਂ ਵਾਲੇ ਖੇਤਾਂ/ਬੜਿਆਂ 'ਚ ਪਲ਼ੇ, ਜਿੱਥੇ ਗਾਂਵਾਂ ਆਪਣੇ ਮਾਲਕਾਂ ਦੇ ਨੇੜੇ ਸੌਂਦੀਆਂ ਹਨ, ਉਨ੍ਹਾਂ ਨੂੰ ਅਸਥਮਾ, ਘਾਹ ਬੁਖਾਰ (ਹੇਅ ਫੀਵਰ) ਅਤੇ ਐਕਜ਼ੀਮਾ ਤੋਂ ਬਚਾਅ ਮਿਲਦਾ ਹੈ।
ਹੋਰ ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਘਰਾਂ ਵਿੱਚ ਬੱਚਿਆਂ ਦੀ ਛੋਟੀ ਉਮਰ ਦੌਰਾਨ ਵੱਧ ਪਾਲਤੂ ਜਾਨਵਰ ਹੁੰਦੇ ਹਨ, ਉਨ੍ਹਾਂ ਵਿੱਚ 7-9 ਸਾਲ ਦੀ ਉਮਰ ਤੱਕ ਐਲਰਜੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ। ਇਸਨੂੰ "ਮੀਨੀ-ਫਾਰਮ ਅਸਰ" ਕਿਹਾ ਗਿਆ ਹੈ।
ਜੈਕ ਗਿਲਬਰਟ, ਜੋ ਕਿ ਕੈਲਿਫ਼ੋਰਨੀਆ ਯੂਨੀਵਰਸਿਟੀ ਸੈਨ ਡੀਏਗੋ ਦੇ ਪ੍ਰੋਫੈਸਰ ਹਨ ਅਤੇ ਅਮੀਸ਼ ਅਧਿਐਨ ਅਤੇ ਅਮਰੀਕਨ ਗਟ ਪ੍ਰੋਜੈਕਟ ਨਾਲ ਜੁੜੇ ਹੋਏ ਹਨ, ਕਹਿੰਦੇ ਹਨ ਕਿ "ਇਹ ਕੋਈ ਐਸੀ ਚੀਜ਼ ਨਹੀਂ ਕਿ ਹਰ ਕਿਸੇ ਲਈ ਐਲਰਜੀਆਂ ਦਾ ਇਲਾਜ ਹੋ ਜਾਵੇ। ਹਰ ਵਾਰੀ ਮੇਰੇ ਲੈਕਚਰ 'ਚ ਕੋਈ ਨਾ ਕੋਈ ਕਹਿੰਦਾ ਹੈ ਕਿ ਉਹ ਫਾਰਮ 'ਤੇ ਪਲਿਆ ਹੈ ਅਤੇ ਉਸਨੂੰ ਐਲਰਜੀਆਂ ਹਨ।''
''ਪਰ ਅਸੀਂ ਇਹ ਜਾਣਦੇ ਹਾਂ ਕਿ ਜੇ ਬੱਚੇ ਫਾਰਮ ਦੇ ਜਾਨਵਰਾਂ ਨਾਲ ਨੇੜਤਾ ਵਾਲਾ ਸੰਪਰਕ ਰੱਖਦੇ ਹੋਏ ਪਲਦੇ ਹਨ, ਤਾਂ ਉਨ੍ਹਾਂ ਨੂੰ ਅਸਥਮਾ ਜਾਂ ਐਲਰਜੀਆਂ ਹੋਣ ਦਾ ਖਤਰਾ ਲਗਭਗ 50 ਫੀਸਦੀ ਘੱਟ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਜੇ ਘਰ ਵਿੱਚ ਸਿਰਫ਼ ਇੱਕ ਕੁੱਤਾ ਵੀ ਰੱਖਿਆ ਜਾਵੇ, ਤਾਂ ਵੀ ਬੱਚਿਆਂ ਵਿੱਚ ਐਲਰਜੀਆਂ ਹੋਣ ਦਾ ਖਤਰਾ 13-14 ਫੀਸਦੀ ਘਟ ਜਾਂਦਾ ਹੈ।"
ਜਨਵਰੀ 2025 ਵਿੱਚ ਆਇਆ ਇੱਕ ਨਵਾਂ ਅਧਿਐਨ ਦੱਸਦਾ ਹੈ ਕਿ ਜਿਨ੍ਹਾਂ ਬੱਚਿਆਂ ਵਿੱਚ ਜਨਮ ਤੋਂ ਐਕਜ਼ੀਮਾ ਹੋਣ ਦੀ ਸੰਭਾਵਨਾ ਹੁੰਦੀ ਹੈ, ਉਨ੍ਹਾਂ ਲਈ ਘਰ ਵਿੱਚ ਕੁੱਤਾ ਰੱਖਣਾ ਫਾਇਦੇਮੰਦ ਹੋ ਸਕਦਾ ਹੈ।
ਲਗਭਗ 2,80,000 ਲੋਕਾਂ 'ਤੇ ਕੀਤੇ ਅਧਿਐਨ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਵਿੱਚ ਐਕਜ਼ੀਮਾ ਦੇ ਖਤਰੇ ਵਾਲਾ ਇੱਕ ਖ਼ਾਸ ਜੀਨ (Interleukin-7 receptor ਜਾਂ IL-7R) ਦਾ ਰੂਪ ਮੌਜੂਦ ਸੀ, ਜੇ ਉਹ ਲੋਕ ਆਪਣੇ ਬਚਪਨ ਦੇ ਪਹਿਲੇ ਦੋ ਸਾਲਾਂ ਵਿੱਚ ਘਰ ਵਿੱਚ ਕੁੱਤੇ ਨਾਲ ਰਹੇ ਸਨ, ਤਾਂ ਉਨ੍ਹਾਂ ਵਿੱਚ ਐਕਜ਼ੀਮਾ ਦੀ ਬਿਮਾਰੀ ਹੋਣ ਦਾ ਖਤਰਾ ਘੱਟ ਪਾਇਆ ਗਿਆ।
ਲੈਬੋਰਟਰੀ ਟੈਸਟਾਂ ਨੇ ਇਹ ਪੁਸ਼ਟੀ ਕੀਤੀ ਕਿ ਕੁੱਤਿਆਂ ਤੋਂ ਆਉਣ ਵਾਲੇ ਮੋਲੇਕੁਲਰ ਸਿਗਨਲ ਚਮੜੀ ਦੀ ਸੋਜ ਨੂੰ ਘਟਾ ਸਕਦੇ ਹਨ। ਹਾਲਾਂਕਿ, ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਕਿ ਜੇ ਬੱਚੇ ਨੂੰ ਪਹਿਲਾਂ ਤੋਂ ਐਕਜ਼ੀਮਾ ਹੋਵੇ, ਤਾਂ ਘਰ ਵਿੱਚ ਨਵਾਂ ਕੁੱਤਾ ਲਿਆਉਣ ਨਾਲ ਲਾਭ ਨਹੀਂ ਹੋ ਸਕਦਾ, ਸਗੋਂ ਇਸ ਨਾਲ ਲੱਛਣ ਹੋਰ ਵੀ ਵਿਗੜ ਸਕਦੇ ਹਨ।
ਸੁਰੱਖਿਆਤਮਕ ਜਾਨਵਰ

ਤਸਵੀਰ ਸਰੋਤ, Getty Images
ਅਮੀਸ਼ ਅਧਿਐਨ ਦੇ ਪਹਿਲੀ ਵਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਗੱਲ ਲੋਕਾਂ ਲਈ ਬਹੁਤ ਦਿਲਚਸਪ ਬਣੀ ਹੋਈ ਹੈ ਕਿ ਜੇ ਬੱਚੇ ਬਚਪਨ ਵਿੱਚ ਜਾਨਵਰਾਂ ਦੇ ਨੇੜੇ ਰਹਿੰਦੇ ਹਨ, ਤਾਂ ਇਹ ਉਨ੍ਹਾਂ ਦੀ ਸਿਹਤ ਅਤੇ ਰੋਗਾਂ ਤੋਂ ਬਚਾਅ ਲਈ ਫਾਇਦੇਮੰਦ ਹੋ ਸਕਦਾ ਹੈ। ਇੱਥੋਂ ਤੱਕ ਕਿ ਨਿਊਯਾਰਕ ਟਾਈਮਜ਼ ਨੇ ਵੀ ਇੱਕ ਲੇਖ ਪ੍ਰਕਾਸ਼ਤ ਕੀਤਾ, ਜਿਸ ਵਿੱਚ ਪੁੱਛਿਆ ਗਿਆ ਕਿ ਕੀ ਹੁਣ ਪਾਲਤੂ ਜਾਨਵਰ "ਨਵੇਂ ਪ੍ਰੋਬਾਇਓਟਿਕ" ਹਨ?
ਅਸਲ ਵਿੱਚ ਹੁੰਦਾ ਇਹ ਹੈ ਕਿ ਜਦੋਂ ਅਸੀਂ ਜਾਨਵਰਾਂ ਨਾਲ ਰਹਿੰਦੇ ਹਾਂ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਤਾਂ ਉਨ੍ਹਾਂ ਦੇ ਵਾਲਾਂ ਅਤੇ ਪੈਰਾਂ ਤੋਂ ਨਿਕਲਣ ਵਾਲੇ ਬੈਕਟੀਰੀਆ ਜਾਂ ਜੀਵਾਣੂ, ਭਾਵੇਂ ਕੁਝ ਸਮੇਂ ਲਈ ਹੀ, ਸਾਡੀ ਚਮੜੀ ਉੱਤੇ ਲੱਗ ਜਾਂਦੇ ਹਨ । ਇਹ ਸਾਰੀ ਪ੍ਰਕਿਰਿਆ ਇਨਸਾਨੀ ਸੁਭਾਅ (ਸਰੀਰਕ ਛੂਹ) ਦੇ ਕਾਰਨ ਕੁਦਰਤੀ ਤੌਰ ਤੇ ਹੋ ਜਾਂਦੀ ਹੈ।
ਸਾਹਮਣੇ ਆਇਆ ਹੈ ਕਿ "ਮਾਈਕ੍ਰੋਬਾਇਓਮ" ਵਿੱਚ ਸਾਡੇ ਪਾਲਤੂ ਜਾਨਵਰਾਂ ਤੋਂ ਆਉਣ ਵਾਲੇ ਕੀਟਾਣੂ (ਬੱਗਸ) ਹੋ ਸਕਦੇ ਹਨ। ਮਾਈਕ੍ਰੋਬਾਇਓਮ ਵੱਡੀ ਗਿਣਤੀ ਵਿੱਚ ਉਨ੍ਹਾਂ ਜੀਵਾਣੂਆਂ ਦਾ ਸੰਗ੍ਰਹਿ ਹੁੰਦਾ ਹੈ ਜੋ ਸਾਡੀ ਚਮੜੀ, ਮੂੰਹ ਅਤੇ ਖ਼ਾਸ ਕਰਕੇ ਅੰਤੜੀਆਂ ਵਿੱਚ ਵੱਸਦੇ ਹਨ, ਜਿੱਥੇ ਸਰੀਰ ਦੀਆਂ ਬਹੁਤ ਸਾਰੀਆਂ ਰੋਗ-ਪ੍ਰਤੀਰੋਧਕ ਕੋਸ਼ਿਕਾਵਾਂ ਮੌਜੂਦ ਹੁੰਦੀਆਂ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਵਿਸਕਾਨਸਿਨ ਵਿੱਚ ਛੂਤ ਬਿਮਾਰੀਆਂ ਦੀ ਪ੍ਰੋਫੈਸਰ ਨਾਸੀਆ ਸਫ਼ਦਰ ਦੇ ਅਨੁਸਾਰ, ਇਸ ਵਿਚਾਰ ਨੇ ਪਾਲਤੂ ਜਾਨਵਰਾਂ ਨਾਲ ਸਬੰਧਿਤ ਭੋਜਨ ਉਦਯੋਗ ਵਿੱਚ ਵੀ ਦਿਲਚਸਪੀ ਜਗਾਈ ਹੈ।
ਉਹ ਕਹਿੰਦੇ ਹਨ ਹੈ ਕਿ ਵਿਚਾਰ ਇਹ ਹੈ ਕਿ ਐਸੇ ਉਤਪਾਦ ਤਿਆਰ ਕੀਤੇ ਜਾਣ ਜੋ ਬਿੱਲੀਆਂ ਅਤੇ ਕੁੱਤਿਆਂ ਵਿੱਚ ਲਾਭਕਾਰੀ ਬੈਕਟੀਰੀਆ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੇ ਹੋਣ, ਤਾਂ ਜੋ ਇਹ ਬੈਕਟੀਰੀਆ ਫਿਰ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚ ਸਕਣ।
ਨਾਸੀਆ ਸਫ਼ਦਰ ਕਹਿੰਦੇ ਹਨ, "ਇਹ ਵਿਚਾਰ ਕਿ ਜਾਨਵਰਾਂ ਦੇ ਜੀਵਾਣੂ ਇਨਸਾਨੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ, ਲੋਕਾਂ ਲਈ ਨਿਵੇਸ਼ ਕਰਨ ਵਾਲਾ ਇੱਕ ਦਿਲਚਸਪ ਖੇਤਰ ਬਣ ਗਿਆ ਹੈ, ਕਿਉਂਕਿ ਆਖ਼ਰਕਾਰ ਸਾਡੀ ਰੁਚੀ ਤਾਂ ਮਨੁੱਖੀ ਸਿਹਤ ਵਿੱਚ ਹੁੰਦੀ ਹੈ। ਤਾਂ ਜਾਨਵਰ ਇਸ ਵਿੱਚ ਕਿਹੜੀ ਭੂਮਿਕਾ ਨਿਭਾ ਸਕਦੇ ਹਨ?"
ਉਹ ਅੱਗੇ ਕਹਿੰਦੇ ਹਨ ਕਿ ਉਹ ਅਜਿਹਾ ਅਧਿਐਨ ਕਰਨ ਬਾਰੇ ਸੋਚ ਰਹੇ ਹਨ ਜਿਸ 'ਚ ਵੈਟਰਨਰੀ ਚੈੱਕਅੱਪ ਲਈ ਆਉਣ ਸਮੇਂ ਪਾਲਤੂ ਜਾਨਵਰਾਂ ਅਤੇ ਉਨ੍ਹਾਂ ਦੇ ਮਾਲਕਾਂ ਤੋਂ ਵਾਰ-ਵਾਰ ਪਖਾਨੇ ਦੇ ਨਮੂਨੇ ਲਏ ਜਾਣ ਤੇ ਇਹ ਦੇਖਿਆ ਜਾਵੇ ਕਿ ਕੀ ਸਮੇਂ ਦੇ ਨਾਲ ਮਾਲਕ ਤੇ ਜਾਨਵਰ ਦੀਆਂ ਆਂਤੜੀਆਂ ਦੇ ਜੀਵਾਣੂ ਇਕੋ ਜਿਹੇ ਹੋ ਜਾਂਦੇ ਹਨ।
ਨਾਲ ਹੀ ਉਹ ਇਹ ਵੀ ਵੇਖਣਾ ਚਾਹੁੰਦੇ ਹਨ ਕਿ ਕੀ ਇਹੋ ਜਿਹੇ ਖਾਸ ਬੈਕਟੀਰੀਆ ਮਿਲ ਸਕਦੇ ਹਨ, ਜੋ ਮਨੁੱਖੀ ਸਿਹਤ ਲਈ ਫਾਇਦੇਮੰਦ ਸਾਬਤ ਹੋਣ।

ਹਾਲਾਂਕਿ ਕੁਝ ਵਿਗਿਆਨੀ ਇਸ ਗੱਲ ਨੂੰ ਲੈ ਕੇ ਖਦਸ਼ਾ ਪ੍ਰਗਟ ਕਰਦੇ ਹਨ ਕਿ ਕੁਤੇ-ਬਿੱਲੀ ਜਾਂ ਹੋਰ ਜਾਨਵਰਾਂ ਦੇ ਜੀਵਾਣੂ ਸਾਡੇ ਸਰੀਰ ਦੇ ਮਾਈਕ੍ਰੋਬਾਇਓਮ ਦਾ ਹਿੱਸਾ ਬਣ ਜਾਂਦੇ ਹਨ। ਗਿਲਬਰਟ ਕਹਿੰਦੇ ਹਨ ਕਿ "ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਅਸੀਂ ਇਹ ਨਹੀਂ ਵੇਖਦੇ ਕਿ ਕੁੱਤੇ ਦੇ ਬੈਕਟੀਰੀਆ ਲੰਬੇ ਸਮੇਂ ਲਈ ਸਾਡੀ ਚਮੜੀ, ਮੂੰਹ ਜਾਂ ਅੰਤੜੀਆਂ 'ਚ ਟਿਕੇ ਰਹਿਣ। ਇਹ ਜੀਵਾਣੂ ਸਰੀਰ ਵਿਚ ਨਹੀਂ ਰੁਕਦੇ।"
ਨਾਸੀਆ ਸਫ਼ਦਰ ਇਸ ਗੱਲ ਦੇ ਜਵਾਬ 'ਚ ਕਹਿੰਦੇ ਹਨ ਕਿ ਇਹ ਅਧਿਐਨ ਕਰਨਾ ਬਹੁਤ ਲਾਭਕਾਰੀ ਹੋ ਸਕਦਾ ਹੈ। ਉਹ ਸਮਝਦੇ ਹਨ ਕਿ ਜਾਨਵਰਾਂ ਤੋਂ ਮਾਲਕਾਂ ਅਤੇ ਮਾਲਕਾਂ ਤੋਂ ਜਾਨਵਰਾਂ ਤੱਕ ਪੇਟ ਦੇ ਜੀਵਾਣੂ ਟ੍ਰਾਂਸਫਰ ਹੋ ਸਕਦੇ ਹਨ। ਉਹ ਕਹਿੰਦੇ ਹਨ ਕਿ "ਇਹ ਵਿਚਾਰ ਪੂਰੀ ਤਰ੍ਹਾਂ ਜਾਂਚਿਆ ਨਹੀਂ ਗਿਆ ਹੈ, ਇਸ ਕਰਕੇ ਇਸ 'ਤੇ ਅਧਿਐਨ ਕਰਨਾ ਜ਼ਰੂਰੀ ਹੈ।''
ਗਿਲਬਰਟ ਦਾ ਮੰਨਣਾ ਹੈ ਕਿ ਪਾਲਤੂ ਜਾਨਵਰ ਸਾਡੇ ਇਮਿਊਨ ਸਿਸਟਮ ਲਈ ਵੱਖਰੀ ਪਰ ਬਹੁਤ ਜ਼ਰੂਰੀ ਭੂਮਿਕਾ ਨਿਭਾ ਰਹੇ ਹਨ। ਸਾਡੇ ਪੁਰਖੇ ਜਾਨਵਰਾਂ ਦੇ ਨੇੜੇ ਰਹਿੰਦੇ ਸਨ, ਇਸ ਕਰਕੇ ਸਾਡਾ ਇਮਿਊਨ ਸਿਸਟਮ ਉਨ੍ਹਾਂ ਦੇ ਜੀਵਾਣੂਆਂ ਨੂੰ ਪਛਾਣਨਾ ਸਿੱਖ ਗਿਆ। ਇਹ ਜੀਵਾਣੂ ਸਾਡੇ ਸਰੀਰ ਵਿਚ ਲੰਮੇ ਸਮੇਂ ਲਈ ਨਹੀਂ ਰਹਿੰਦੇ, ਪਰ ਜਦੋਂ ਉਹ ਸਰੀਰ ਵਿਚੋਂ ਲੰਘਦੇ ਹਨ, ਤਾਂ ਸਾਡੇ ਇਮਿਊਨ ਸਿਸਟਮ ਨੂੰ ਉਨ੍ਹਾਂ ਤੋਂ ਸਹੀ ਤਰੀਕੇ ਨਾਲ ਉਤੇਜਨਾ ਮਿਲਦੀ ਰਹਿੰਦੀ ਹੈ, ਜਿਸ ਨਾਲ ਇਹ ਤੰਦਰੁਸਤ ਬਣਿਆ ਰਹਿੰਦਾ ਹੈ।
ਗਿਲਬਰਟ ਕਹਿੰਦੇ ਹਨ ਕਿ ਸੈਂਕੜੇ-ਹਜ਼ਾਰਾਂ ਸਾਲਾਂ ਤੋਂ ਸਾਡੇ ਇਮਿਊਨ ਸਿਸਟਮ ਨੂੰ ਕੁੱਤੇ, ਘੋੜੇ ਤੇ ਗਾਂਵਾਂ ਦੇ ਬੈਕਟੀਰੀਆ ਵੇਖਣ ਦੀ ਆਦਤ ਹੋ ਚੁੱਕੀ ਹੈ। ਜਦੋਂ ਇਹ ਬੈਕਟੀਰੀਆ ਮਿਲਦੇ ਹਨ ਤਾਂ ਇਮਿਊਨ ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਕੀ ਕਰਨਾ ਹੈ।
ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਜੋ ਇਨਸਾਨ ਇੱਕੋ ਘਰ ਵਿੱਚ ਪਾਲਤੂ ਜਾਨਵਰ ਦੇ ਨਾਲ ਰਹਿੰਦੇ ਹਨ, ਉਨ੍ਹਾਂ ਦੇ ਗਟ ਮਾਈਕ੍ਰੋਬਾਇਓਮ ਇੱਕ-ਦੂਜੇ ਵਰਗੇ ਹੋ ਜਾਂਦੇ ਹਨ। ਗਿਲਬਰਟ ਦਾ ਕਹਿਣਾ ਹੈ ਕਿ ਜਾਨਵਰ ਇੱਕ ਵਾਹਨ ਵਜੋਂ ਕੰਮ ਕਰ ਰਿਹਾ ਹੁੰਦਾ ਹੈ ਜੋ ਮਾਲਕਾਂ ਵਿੱਚ ਮਾਈਕ੍ਰੋਬਜ਼ ਦੇ ਅਦਾਨ-ਪ੍ਰਦਾਨ ਵਿੱਚ ਮਦਦ ਕਰਦਾ ਹੈ। ਇਸਦੇ ਨਾਲ-ਨਾਲ, ਜਾਨਵਰ ਦੇ ਆਪਣੇ ਜੀਵਾਣੂਆਂ ਨਾਲ ਲਗਾਤਾਰ ਸੰਪਰਕ ਉਨ੍ਹਾਂ ਦੇ ਆਪਣੇ ਇਮਿਊਨ ਸਿਸਟਮ ਨੂੰ ਵੀ ਤੰਦਰੁਸਤ ਤੇ ਐਕਟਿਵ ਰੱਖਦਾ ਹੈ — ਜੋ ਕਿ ਗਟ (ਪੇਟ) ਤੇ ਚਮੜੀ 'ਚ ਚੰਗੇ ਬੈਕਟੀਰੀਆ ਵਧਾਉਂਦਾ ਹੈ ਅਤੇ ਨੁਕਸਾਨਦਾਇਕ ਬੈਕਟੀਰੀਆ ਨੂੰ ਰੋਕਦਾ ਹੈ।
ਪੁਰਾਤਨ ਜੀਵਾਣੂ

ਤਸਵੀਰ ਸਰੋਤ, Getty Images
ਇਹ ਸਾਰੀਆਂ ਗੱਲਾਂ ਜਾਨਵਰ ਪਸੰਦ ਲੋਕਾਂ ਲਈ ਚੰਗੀਆਂ ਖ਼ਬਰਾਂ ਹਨ, ਕਿਉਂਕਿ ਰਿਸਰਚ ਦੱਸਦੀ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੌਰਾਨ ਪਾਲਤੂ ਜਾਨਵਰਾਂ ਦੇ ਨਾਲ ਰਹੀਏ, ਤਾਂ ਸਾਡੇ ਇਮਿਊਨ ਸਿਸਟਮ ਲਈ ਫਾਇਦੇਮੰਦ ਹੁੰਦਾ ਹੈ।
ਅਮੀਸ਼ ਅਤੇ ਹਟਰਾਈਟਸ 'ਤੇ ਕੀਤੇ ਗਏ ਅਧਿਐਨ ਪੜ੍ਹਨ ਤੋਂ ਬਾਅਦ, ਸ਼ਾਨਾਹਨ ਨੂੰ ਆਇਰਿਸ਼ ਟਰੈਵਲਰਜ਼ (ਘੁਮੰਤਰੂ ਲੋਕਾਂ ਦਾ ਇੱਕ ਭਾਈਚਾਰਾ) 'ਤੇ ਰਿਸਰਚ ਕਰਨ ਦੀ ਪ੍ਰੇਰਣਾ ਮਿਲੀ। ਇਹ ਲੋਕ ਆਮ ਤੌਰ 'ਤੇ ਘੱਟ ਗਿਣਤੀ ਵਿੱਚ ਛੋਟੀ ਜਗ੍ਹਾ 'ਚ ਬਹੁਤ ਸਾਰੇ ਜਾਨਵਰਾਂ — ਕੁੱਤੇ, ਬਿੱਲੀਆਂ, ਨੇਵਲੇ ਅਤੇ ਘੋੜਿਆਂ — ਦੇ ਵਿਚਕਾਰ ਰਹਿੰਦੇ ਹਨ।
ਸ਼ਾਨਾਹਨ ਨੇ ਆਇਰਿਸ਼ ਟਰੈਵਲਰਜ਼ ਦੀਆਂ ਅੰਤੜੀਆਂ ਦੇ ਜੀਵਾਣੂਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੀ ਤੁਲਨਾ ਆਧੁਨਿਕ ਆਇਰਿਸ਼ ਲੋਕਾਂ ਅਤੇ ਅਜਿਹੀਆਂ ਮੂਲ ਜਨਜਾਤੀਆਂ (ਫ਼ੀਜੀ, ਮੈਡਾਗਾਸਕਰ, ਮੰਗੋਲੀਆ, ਪੇਰੂ, ਤਨਜ਼ਾਨੀਆ) ਨਾਲ ਕੀਤੀ ਜੋ ਅਜੇ ਵੀ ਸ਼ਿਕਾਰੀ ਅਤੇ ਖੋਜੀ ਵਾਲੀ ਜੀਵਨਸ਼ੈਲੀ ਅਨੁਸਾਰ ਜਿਉਂਦੇ ਹਨ।
ਆਪਣੀ ਇਸ ਖੋਜ ਵਿੱਚ ਉਨ੍ਹਾਂ ਨੇ ਪਾਇਆ ਕਿ ਆਇਰਿਸ਼ ਟਰੈਵਲਰਜ਼ ਦੇ ਜੀਵਾਣੂ ਉਨ੍ਹਾਂ ਮੂਲ ਜਨਜਾਤੀਆਂ ਵਾਲੇ ਜੀਵਾਣੂਆਂ ਵਰਗੇ ਹਨ। ਉਨ੍ਹਾਂ ਦੇ ਜੀਵਾਣੂ ਉਹਨਾਂ ਪੁਰਾਣੇ ਮਨੁੱਖਾਂ ਨਾਲ ਵੀ ਮਿਲਦੇ ਹਨ ਜੋ ਉਦਯੋਗਿਕ ਯੁੱਗ ਤੋਂ ਪਹਿਲਾਂ ਰਹਿੰਦੇ ਸਨ — ਇਨ੍ਹਾਂ ਬਾਰੇ ਵਿਗਿਆਨੀਆਂ ਨੇ ਪੁਰਾਣੀਆਂ ਗੁਫਾਵਾਂ ਤੋਂ ਮਿਲੇ ਪਾਖਾਨਾਂ ਦੇ ਨਮੂਨਿਆਂ ਰਾਹੀਂ ਪਤਾ ਲਾਇਆ।
ਸ਼ਾਨਾਹਨ ਕਹਿੰਦੇ ਹਨ, "ਆਇਰਿਸ਼ ਟਰੈਵਲਰਜ਼ ਨੇ ਇੱਕ ਪੁਰਾਣਾ ਮਾਈਕ੍ਰੋਬਾਇਓਮ ਸੰਭਾਲ ਕੇ ਰੱਖਿਆ ਹੋਇਆ ਹੈ।"
"ਇਹ ਤਨਜ਼ਾਨੀਆ ਦੇ ਕਬੀਲਿਆਂ ਵਿੱਚ ਰਹਿਣ ਵਾਲੇ ਜਾਂ ਮੰਗੋਲੀਆ ਦੇ ਘੋੜਸਵਾਰਾਂ ਵਰਗਾ ਹੈ, ਜੋ ਅੱਜ ਵੀ ਜਾਨਵਰਾਂ ਦੇ ਨੇੜੇ ਰਹਿੰਦੇ ਹਨ ਤੇ ਪੁਰਾਣੀ ਤਰ੍ਹਾਂ ਦੀ ਜੀਵਨਸ਼ੈਲੀ ਰੱਖਦੇ ਹਨ।"
ਸ਼ਾਨਾਹਨ ਮੰਨਦੇ ਹਨ ਕਿ ਇਹੀ ਗੱਲ ਆਇਰਿਸ਼ ਟਰੈਵਲਰਜ਼ ਦੀ ਆਬਾਦੀ ਵਿੱਚ ਆਟੋਇਮੀਊਨ ਬਿਮਾਰੀਆਂ ਦੀ ਘੱਟ ਦਰ ਦਾ ਕਾਰਨ ਹੋ ਸਕਦੀ ਹੈ: ਜਿਵੇਂ ਕਿ ਇਨਫਲੇਮੇਟਰੀ ਬਾਵਲ ਡਿਸੀਜ਼, ਕਰੋਨਜ਼ ਡਿਜੀਜ਼, ਅਲਸਰੇਟਿਵ ਕੋਲਾਈਟਿਸ, ਮਲਟੀਪਲ ਸਕਲੈਰੋਸਿਸ ਅਤੇ ਹੋਰ ਬਿਮਾਰੀਆਂ, ਜੋ ਕਿ ਅਸਥਮਾ ਅਤੇ ਐਲਰਜੀਜ਼ ਵਾਂਗ ਆਖਰੀ ਕੁਝ ਦਹਾਕਿਆਂ ਵਿੱਚ ਕਾਫੀ ਵਧ ਗਈਆਂ ਹਨ।
ਸ਼ਾਨਾਹਨ ਕਹਿੰਦੇ ਹਨ, "ਅਸੀਂ ਇਹ ਨਹੀਂ ਕਹਿ ਸਕਦੇ ਕਿ ਆਇਰਿਸ਼ ਟਰੈਵਲਰਜ਼ ਦੀ ਸਿਹਤ ਬਿਹਤਰ ਹੈ। ਆਇਰਿਸ਼ ਟਰੈਵਲਰਜ਼ ਸਥਿਰ ਭਾਈਚਾਰੇ ਨਾਲੋਂ ਕਾਫ਼ੀ ਜਲਦੀ ਮਰ ਰਹੇ ਹਨ। ਪਰ ਉਹ ਗਰੀਬੀ, ਨਸ਼ੇ, ਆਤਮਹੱਤਿਆ ਤੇ ਹਾਦਸਿਆਂ ਕਰਕੇ ਜਲਦੀ ਮਰਦੇ ਹਨ। ਜੇ ਤੁਸੀਂ ਕਿਸੇ ਆਇਰਿਸ਼ ਡਾਕਟਰ ਨੂੰ ਪੁੱਛੋ ਕਿ ਉਨ੍ਹਾਂ ਨੇ ਆਟੋਇਮੀਊਨ ਬਿਮਾਰੀ ਵਾਲਾ ਟਰੈਵਲਰ ਵੇਖਿਆ ਹੈ ਕਿ ਨਹੀਂ — ਉਹ ਕਹਿਣਗੇ ਨਹੀਂ ਵੇਖਿਆ।"

ਤਸਵੀਰ ਸਰੋਤ, Getty Images
ਹੁਣ ਵਿਗਿਆਨੀ ਇਹ ਵੇਖ ਰਹੇ ਹਨ ਕਿ ਕੀ ਵੱਖ-ਵੱਖ ਤਰੀਕਿਆਂ ਨਾਲ ਸਾਡੇ ਜੀਵਨ ਵਿੱਚ ਫਿਰ ਜਾਨਵਰਾਂ ਨੂੰ ਸ਼ਾਮਲ ਕਰਨਾ ਸਿਹਤ ਲਈ ਲਾਭਕਾਰੀ ਹੋ ਸਕਦਾ ਹੈ। ਅਮਰੀਕਾ ਦੇ ਅਰੀਜ਼ੋਨਾ ਯੂਨੀਵਰਸਿਟੀ ਦੇ ਵਿਗਿਆਨੀ ਜਾਂਚ ਰਹੇ ਹਨ ਕਿ ਜੇ ਬਜ਼ੁਰਗ ਲੋਕ ਲਾਵਾਰਿਸ ਛੱਡ ਦਿੱਤੇ ਗਏ ਕੁੱਤੇ ਪਾਲਣ, ਤਾਂ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਅਤੇ ਇਮਿਊਨ ਸਿਸਟਮ ਉਤੇ ਫਰਕ ਪਵੇਗਾ ਜਾਂ ਨਹੀਂ।
ਇਟਲੀ ਵਿੱਚ ਵੀ ਇਕ ਰਿਸਰਚ ਹੋਈ, ਜਿਸ 'ਚ ਐਜੂਕੇਸ਼ਨਲ ਫਾਰਮ 'ਤੇ ਉਹ ਬੱਚੇ ਜਿਨ੍ਹਾਂ ਦੇ ਘਰ 'ਚ ਪਾਲਤੂ ਜਾਨਵਰ ਨਹੀਂ ਸੀ, ਉਹ ਨਿਯਮਤ ਤੌਰ 'ਤੇ ਘੋੜਿਆਂ ਨੂੰ ਪਿਆਰ ਕਰਦੇ ਸਨ। ਨਤੀਜੇ ਵਜੋਂ, ਉਨ੍ਹਾਂ ਦੇ ਪੇਟ ਦੇ ਜੀਵਾਣੂ ਹੋਰ ਵਧੀਆ ਤੇ ਸਿਹਤਮੰਦ ਤਰੀਕੇ ਨਾਲ ਕੰਮ ਕਰਨ ਲੱਗ ਪਏ।
ਗਿਲਬਰਟ ਕਹਿੰਦੇ ਹਨ ਕਿ ਇਹ ਮੁਮਕਿਨ ਹੈ ਕਿ ਜਾਨਵਰਾਂ ਨਾਲ ਰਹਿਣਾ ਬੱਚਿਆਂ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦਾ ਹੈ। ਜੇ ਤੁਸੀਂ ਵੱਖ-ਵੱਖ ਕਿਸਮਾਂ ਦੇ ਬੈਕਟੀਰੀਆ ਨਾਲ ਸੰਪਰਕ ਵਿੱਚ ਆਉਂਦੇ ਹੋ ਤਾਂ ਇਮਿਊਨ ਸਿਸਟਮ ਵਧੀਆ ਢੰਗ ਨਾਲ ਕੰਮ ਕਰਦਾ ਹੈ।
ਇਹ ਤੁਹਾਡੀ ਚਮੜੀ ਤੇ ਪੇਟ ਦੇ ਜੀਵਾਣੂ ਬੈਲੈਂਸ ਕਰਨ ਵਿੱਚ ਮਦਦ ਕਰਦਾ ਹੈ। ਪਰ ਅਜਿਹਾ ਨਹੀਂ ਹੈ ਕਿ ਜਾਨਵਰਾਂ ਦੇ ਬੈਕਟੀਰੀਆ ਹਮੇਸ਼ਾ ਲਈ ਸਰੀਰ ਵਿੱਚ ਵਸ ਜਾਂਦੇ ਹਨ, ਇਹ ਨਹੀਂ ਹੁੰਦਾ।
ਲੀਅਮ ਓ'ਮੈਹੋਨੀ, ਜੋ ਕਿ ਯੂਨੀਵਰਸਿਟੀ ਕਾਲਜ ਕਾਰਕ ਦੇ ਮਾਈਕ੍ਰੋਬਾਇਓਮ ਅਧਿਐਨ ਕੇਂਦਰ ਵਿੱਚ ਇਮਿਊਨੋਲੋਜੀ ਦੇ ਪ੍ਰੋਫੈਸਰ ਹਨ, ਕਹਿੰਦੇ ਹਨ, "ਵਿਗਿਆਨੀ ਕਹਿੰਦੇ ਹਨ ਕਿ ਜੇ ਤੁਸੀਂ ਜ਼ਿੰਦਗੀ ਭਰ ਪਾਲਤੂ ਜਾਨਵਰ ਰੱਖਦੇ ਹੋ, ਤਾਂ ਤੁਹਾਡਾ ਇਮਿਊਨ ਸਿਸਟਮ ਹੋਰ ਤਰੀਕਿਆਂ ਨਾਲ ਵੀ ਵਧੀਆ ਬਣਦਾ ਹੈ। ਉਦਾਹਰਨ ਲਈ, ਜੇ ਤੁਸੀਂ ਕੁੱਤਾ ਪਾਲਦੇ ਹੋ ਤਾਂ ਤੁਸੀਂ ਅਕਸਰ ਸੈਰ 'ਤੇ ਜਾਂਦੇ ਹੋ, ਜਿਸ ਨਾਲ ਵੱਖ-ਵੱਖ ਜੀਵਾਣੂਆਂ ਨਾਲ ਤੁਹਾਡਾ ਸੰਪਰਕ ਵਧਦਾ ਹੈ।"
ਓ'ਮੈਹੋਨੀ ਕਹਿੰਦੇ ਹਨ, "ਜੇ ਤੁਹਾਡੇ ਕੋਲ ਪਾਲਤੂ ਜਾਨਵਰ ਹੈ, ਤਾਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਅਤੇ ਪਾਰਕ ਵਿੱਚ ਟਹਿਲਣ ਜਾਂਦੇ ਹੋ ਅਤੇ ਅਜਿਹਾ ਕਰਕੇ ਤੁਸੀਂ ਪਾਰਕ, ਮਿੱਟੀ ਅਤੇ ਹਰ ਥਾਂ ਦੇ ਜੀਵਾਣੂਆਂ ਦੇ ਸੰਪਰਕ ਵਿੱਚ ਆਉਂਦੇ ਹੋ, ਜੋ ਸਾਰੇ ਹੀ ਲਾਭਕਾਰੀ ਹੋ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












