ਕੌਣ ਹੈ ਅਮਰੀਕਾ 'ਚ ਜਾਸੂਸੀ ਦੇ ਇਲਜ਼ਾਮ ਹੇਠ ਕਾਬੂ ਰੂਸੀ ਔਰਤ

ਤਸਵੀਰ ਸਰੋਤ, FACEBOOK/ MARIA BUTINA
ਅਮਰੀਕੀ ਸਰਕਾਰ ਨੇ 29 ਸਾਲਾ ਦੀ ਇੱਕ ਰੂਸੀ ਔਰਤ ਨੂੰ ਰੂਸ ਸਰਕਾਰ ਦੇ ਏਜੰਟ ਵਜੋਂ ਰਾਜਨੀਤਕ ਸਮੂਹਾਂ ਵਿੱਚ ਘੁਸਪੈਠ ਦੀ ਸਾਜਿਸ਼ ਰਚਣ ਦੇ ਇਲਜ਼ਾਮਾਂ ਤਹਿਤ ਦੋਸ਼ੀ ਦੱਸਿਆ ਹੈ।
ਅਮਰੀਕੀ ਮੀਡੀਆ ਦੀ ਰਿਪੋਰਟਾਂ ਮੁਤਾਬਕ ਮਾਰੀਆ ਬੂਟੀਨਾ ਨਾਮ ਦੀ ਇਸ ਔਰਤ ਨੇ ਰਿਪਬਲੀਕਨ ਪਾਰਟੀ ਦੇ ਨਾਲ ਕਰੀਬੀ ਰਿਸ਼ਤੇ ਬਣਾ ਲਏ ਸਨ ਅਤੇ ਉਹ ਬੰਦੂਕਾਂ ਬਾਰੇ ਹੱਕਾਂ ਦੀ ਵੀ ਵਕਾਲਤ ਕਰ ਰਹੀ ਸੀ।
ਇਹ ਮਾਮਲਾ ਵਿਸ਼ੇਸ਼ ਕਾਊਂਸਲ ਰਾਬਰਟ ਮੂਲਰ ਵੱਲੋਂ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਕਥਿਤ ਰੂਸੀ ਦਖ਼ਲ ਦੀ ਜਾਂਚ ਤੋਂ ਵੱਖਰਾ ਹੈ।
ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਕੁਝ ਸਮੇਂ ਬਾਅਦ ਹੀ ਮਾਰੀਆ ਦੀ ਗ੍ਰਿਫ਼ਤਾਰੀ ਦੀ ਖ਼ਬਰ ਆਈ ਹੈ।
ਇਹ ਵੀ ਪੜ੍ਹੋ:
ਕੀ ਹਨ ਇਲਜ਼ਾਮ
ਮਾਰੀਆ ਬੂਟੀਨਾ ਕਥਿਤ ਤੌਰ 'ਤੇ ਰੂਸੀ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਸੀ।
ਮਾਰੀਆ ਵਾਸ਼ਿੰਗਟਨ ਵਿੱਚ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਨੂੰਨੀ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਬੁੱਧਵਾਰ ਨੂੰ ਇਸ ਸੰਬੰਧੀ ਅਦਾਲਤ ਵਿੱਚ ਸੁਣਵਾਈ ਹੋਵੇਗੀ ਅਤੇ ਉਦੋਂ ਤੱਕ ਉਹ ਜੇਲ੍ਹ ਵਿੱਚ ਰਹੇਗੀ।

ਤਸਵੀਰ ਸਰੋਤ, MARIA BUTINA/FACEBOOK
ਐਫਬੀਆਈ ਦੇ ਸਪੈਸ਼ਲ ਏਜੰਟ ਕੈਵਿਨ ਹੈਲਸਨ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਰੀਆ ਨੂੰ 'ਰੂਸੀ ਸੰਘ ਦੇ ਹਿੱਤਾਂ ਨੂੰ ਵਧਾਉਣ ਲਈ ਅਮਰੀਕੀ ਸਿਆਸਤ 'ਚ ਪ੍ਰਭਾਵ ਰੱਖਣ ਵਾਲੇ ਅਮਰੀਕੀਆਂ ਨਾਲ ਨਿੱਜੀ ਸੰਬੰਧਾਂ ਨੂੰ ਇਸਤੇਮਾਲ' ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਵਕੀਲਾਂ ਦਾ ਕਹਿਣਾ ਹੈ ਕਿ ਮਾਰੀਆ ਨੇ ਆਪਣੀਆਂ ਗਤੀਵਿਧੀਆਂ ਬਾਰੇ ਅਮਰੀਕੀ ਸਰਕਾਰ ਨੂੰ ਜਾਣਕਾਰੀ ਨਹੀਂ ਦਿੱਤੀ ਸੀ ਜਦਕਿ 'ਫੌਰਨ ਏਜੰਟ ਰਜਿਸਟ੍ਰੇਸ਼ਨ ਐਕਟ' ਦੇ ਤਹਿਤ ਅਜਿਹਾ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ:
ਕੌਣ ਹੈ ਮਾਰੀਆ?
ਅਮਰੀਕਾ ਦੇ ਨਿਆਂ ਵਿਭਾਗ ਨੇ ਕਿਸੇ ਸਮੂਹ ਜਾਂ ਰਾਜਨੇਤਾ ਦਾ ਨਾਮ ਲਏ ਬਿਨਾਂ ਕਿਹਾ ਹੈ ਕਿ ਮਾਰੀਆ ਨੇ 'ਗਨ ਰਾਈਟਸ ਦਾ ਪ੍ਰਚਾਰ ਵਾਲੇ ਸੰਗਠਨ' ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਸੀ।
ਅਮਰੀਕੀ ਮੀਡੀਆ ਨੇ ਇਸ ਤੋਂ ਪਹਿਲਾਂ ਰਿਪੋਰਟ ਕੀਤਾ ਸੀ ਕਿ ਮਾਰੀਆ ਦੇ ਰਿਸ਼ਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐਨਆਰਏ) ਨਾਲ ਸਨ, ਜੋ ਕਿ ਅਮਰੀਕਾ ਵਿੱਚ ਬੰਦੂਕਾਂ ਦੀ ਹਮਾਇਤ ਕਰਨ ਵਾਲੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ।

ਤਸਵੀਰ ਸਰੋਤ, MARIA BUTINA/FACEBOOK
ਮਾਰੀਆ ਬੂਟੀਨਾ ਸਾਈਬੇਰੀਆ ਮੂਲ ਦੀ ਹੈ ਅਤੇ ਉਹ ਅਮਰੀਕੀ ਯੂਨੀਵਰਸਿਟੀ 'ਚ ਪੜ੍ਹਾਈ ਲਈ ਸਟੂਡੈਂਟ ਵੀਜ਼ੇ 'ਤੇ ਆਈ ਸੀ ਅਤੇ ਇੱਥੇ ਆਉਣ ਤੋਂ ਪਹਿਲਾਂ ਉਸ ਨੇ 'ਰਾਈਟ ਟੂ ਬੇਅਰ ਆਮਰਸ' ਨਾਮ ਦਾ ਸਮੂਹ ਬਣਾਇਆ ਸੀ।
ਇਸ ਤੋਂ ਪਹਿਲਾਂ ਇੱਕ ਵਾਰ ਮਾਰੀਆ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਰੂਸੀ ਸਰਕਾਰ ਨਾਲ ਕੰਮ ਕਰ ਰਹੀ।
ਦਿ ਵਾਸ਼ਿੰਗਟਨ ਪੋਸਟ ਮੁਤਾਬਕ ਮਾਰੀਆ ਰੂਸੀ ਬੈਂਕਰ ਅਤੇ ਸਾਬਕਾ ਸੀਨੈਟਰ ਅਲੈਗਜ਼ੈਂਡਰ ਟੋਰਸ਼ਿਨ ਦੀ ਅਸਿਸਟੈਂਟ ਰਹੀ ਹੈ, ਜਿਸ 'ਤੇ ਅਮਰੀਕੀ ਟ੍ਰੇਜ਼ਰੀ ਨੇ ਅਪ੍ਰੈਲ ਵਿੱਚ ਪਾਬੰਦੀ ਲਗਾ ਦਿੱਤੀ ਸੀ।
ਟੋਰਸ਼ਿਨ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਤਾਅਉਮਰ ਮੈਂਬਰ ਹਨ ਅਤੇ ਮਾਰੀਆ ਅਮਰੀਕਾ ਵਿੱਚ 2014 ਤੋਂ ਐਨਆਰਏ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੀ ਹੈ।
ਮਾਰੀਆ ਨੇ ਟਰੰਪ ਦੇ ਚੋਣ ਪ੍ਰਚਾਰ ਮੁਹਿੰਮ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਸੀ ਅਤੇ ਕਥਿਤ ਤੌਰ 'ਤੇ ਰੂਸ ਨਾਲ ਵਿਦੇਸ਼ ਨੀਤੀ 'ਤੇ ਟਰੰਪ ਦੇ ਵਿਚਾਰ ਜਾਣਨਾ ਚਾਹੁੰਦੀ ਸੀ।
ਵਾਸ਼ਿੰਗਟਨ ਪੋਸਟ ਮੁਤਾਬਕ ਉਸ ਸਮੇਂ ਟਰੰਪ ਨੇ ਜਵਾਬ ਦਿੱਤਾ ਸੀ, "ਅਸੀਂ ਪੁਤਿਨ ਦੇ ਨਾਲ ਮਿਲ ਕੇ ਰਹਾਂਗੇ।"












