ਪੰਜਾਬ ਹੜ੍ਹ: ਪਾਕਿਸਤਾਨ ʼਚ ਕਰਤਾਰਪੁਰ ਸਾਹਿਬ 'ਚ 100 ਲੋਕਾਂ ਨੂੰ ਬਚਾਇਆ ਗਿਆ, ਜਾਣੋ ਪੰਜਾਬ ਤੇ ਪਾਕਿਸਤਾਨ ʼਚ ਕੀ ਹਨ ਹਾਲਾਤ

ਤਸਵੀਰ ਸਰੋਤ, PMU Kartarpur
ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਰਾਵੀ ਦਰਿਆ ਦਾ ਪਾਣੀ ਆਉਣ ਕਾਰਨ ਉੱਤੇ ਫਸੇ ਕਰੀਬ 100 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਇਸ ਤੋਂ ਲਹਿੰਦੇ ਪੰਜਾਬ ਵਿੱਚ ਤਿੰਨ ਦਰਿਆਵਾਂ, ਚਨਾਬ, ਰਾਵੀ ਅਤੇ ਸਤਲੁਜ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ।
ਉਧ ਜੇਕਰ ਭਾਰਤ ਵਾਲੇ ਪਾਸੇ ਦੇ ਪੰਜਾਬ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਵਿਚਲੇ ਵਧੇ ਪਾਣੀ ਦੇ ਪੱਧਰ ਕਾਰਨ ਰਣਜੀਤ ਸਾਗਰ ਡੈਮ ਦੇ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਅਤੇ ਇਸ ਵਿਚਾਲੇ ਦੋ ਫਲੱਡ ਗੇਟ ਤੇਜ਼ ਵਹਾਅ ਕਾਰਨ ਰੁੜ ਗਏ ਹਨ।
ਰਾਵੀ ਵਿੱਚ ਪਾਣੀ ਵਧਣ ਕਾਰਨ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ।

ਤਸਵੀਰ ਸਰੋਤ, Gurpreet Singh Chawla/BBC
ਕਰਤਾਰਪੁਰ ਸਾਹਿਬ ਵਿੱਚ ਫਸੇ 100 ਲੋਕਾਂ ਨੂੰ ਬਚਾਇਆ ਗਿਆ
ਰਾਵੀ ਦਰਿਆ ਵਿੱਚ ਭਾਰੀ ਹੜ੍ਹ ਆਉਣ ਕਾਰਨ, ਪਾਣੀ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਦਾਖ਼ਲ ਹੋ ਗਿਆ ਹੈ।
ਬੀਬੀਸੀ ਪੱਤਰਕਾਰ ਉਮਰ ਦਰਾਜ਼ ਨੰਗਿਆਣਾ ਮੁਤਾਬਕ, ਡਿਪਟੀ ਸੈਕਟਰੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਕਰਤਾਰਪੁਰ ਦੀਆਂ ਫ਼ੋਟੋਆਂ ਗੁਰਦੁਆਰੇ ਦੇ ਸਟਾਫ਼ ਵੱਲੋਂ ਭੇਜੀਆਂ ਗਈਆਂ ਸਨ।
ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਤਸਵੀਰਾਂ ਵਿੱਚ ਦਿਖਾਈ ਦੇਣ ਵਾਲਾ ਪਾਣੀ ਮੀਂਹ ਦਾ ਨਹੀਂ ਸਗੋਂ ਹੜ੍ਹ ਦਾ ਸੀ।

ਤਸਵੀਰ ਸਰੋਤ, PMU Kartarpur
ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਕਰਤਾਰਪੁਰ ਪ੍ਰੋਜੈਕਟ ਦੇ ਡਿਪਟੀ ਸੈਕਟਰੀ ਦਾ ਕਹਿਣਾ ਹੈ ਕਿ ਗੁਰਦੁਆਰਾ ਕਰਤਾਰਪੁਰ ਵਿੱਚ ਪਾਣੀ ਦਾਖ਼ਲ ਹੋਣ ਕਾਰਨ 18 ਸਥਾਨਕ ਸ਼ਰਧਾਲੂਆਂ ਸਣੇ ਤਕਰੀਬਨ 100 ਲੋਕ ਫ਼ਸੇ ਹੋਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ।
ਕਰਤਾਰਪੁਰ ਪ੍ਰਸ਼ਾਸਨ ਦੇ ਅਨੁਸਾਰ, ਬਚਾਏ ਗਏ ਸਾਰੇ ਲੋਕਾਂ ਨੂੰ ਨੇੜਲੀ ਸੜਕ 'ਤੇ ਪਹੁੰਚਾਇਆ ਗਿਆ ਹੈ ਅਤੇ ਹੁਣ ਇੱਥੋਂ ਹੈਲੀਕਾਪਟਰ ਰਾਹੀਂ ਨਾਰੋਵਾਲ ਸ਼ਹਿਰ ਪਹੁੰਚਾਇਆ ਜਾਵੇਗਾ, ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਕੇਂਦਰ ਸਥਾਪਤ ਕੀਤਾ ਗਿਆ ਹੈ।

ਤਸਵੀਰ ਸਰੋਤ, Mian Shahid Iqbal
ਕਰਤਾਰਪੁਰ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਨੇੜੇ ਹੀ ਰਾਵੀ ਦਰਿਆ ਵਿੱਚ ਇੱਕ ਤਰੇੜ ਆ ਗਈ ਹੈ, ਜਿਸਦੇ ਨਤੀਜੇ ਵਜੋਂ ਹੜ੍ਹ ਦਾ ਪਾਣੀ ਕਰਤਾਰਪੁਰ ਵਿੱਚ ਦਾਖ਼ਲ ਹੋ ਗਿਆ ਹੈ ਜੋ ਕਿ ਨੌਂ ਤੋਂ ਦਸ ਫੁੱਟ ਉੱਚਾ ਦੱਸਿਆ ਜਾ ਰਿਹਾ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਚਾਅ ਜਾਂ ਐਮਰਜੈਂਸੀ ਸੇਵਾਵਾਂ ਹਾਲੇ ਤੱਕ ਪ੍ਰਭਾਵਿਤ ਲੋਕਾਂ ਤੱਕ ਨਹੀਂ ਪਹੁੰਚ ਸਕੀਆਂ ਹਨ।
ਡਿਪਟੀ ਸੈਕਟਰੀ ਦਾ ਕਹਿਣਾ ਹੈ ਕਿ ਇੱਕ ਹੈਲੀਕਾਪਟਰ ਲਿਆਉਣ ਅਤੇ ਉੱਥੇ ਫਸੇ ਲੋਕਾਂ ਨੂੰ ਏਅਰਲਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਸਥਾਨਕ ਪੱਤਰਕਾਰ ਮੀਆਂ ਸ਼ਾਹਿਦ ਇਕਬਾਲ ਨੇ ਬੀਬੀਸੀ ਨੂੰ ਦੱਸਿਆ ਕਿ ਹੜ੍ਹ ਦੀ ਸਥਿਤੀ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨੇੜੇ ਬੰਨ੍ਹ ਟੁੱਟ ਗਿਆ ਜਿਸ ਨਾਲ ਪਾਣੀ ਧਾਰਮਿਕ ਸਥਾਨ ਵਿੱਚ ਵੀ ਦਾਖਲ ਹੋ ਗਿਆ ਹੈ।
ਮੀਆਂ ਸ਼ਾਹਿਦ ਦੇ ਅਨੁਸਾਰ, ਸ਼ੱਕਰਗੜ੍ਹ ਨੂੰ ਨਾਰੋਵਾਲ ਜ਼ਿਲ੍ਹੇ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਡੁੱਬ ਗਿਆ ਹੈ।
ਡਿਪਟੀ ਕਮਿਸ਼ਨਰ ਨਾਰੋਵਾਲ ਨੇ ਦੱਸਿਆ ਕਿ ਹੁਣ ਤੱਕ 250 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਚੁੱਕਾ ਹੈ।
ਸ਼ੱਕਰਗੜ੍ਹ ਵਿੱਚ ਰਾਵੀ ਦਰਿਆ ਦੇ ਔਜ ਅਤੇ ਜੈਸਟਰ ਪੁਆਇੰਟਾਂ 'ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਖਨਪੁਰ ਨੇੜੇ ਰਾਵੀ ਦਰਿਆ ਦੇ ਦੋ ਫਲੱਡੇ ਗੇਟ ਰੁੜ੍ਹ ਗਏ
ਪੰਜਾਬ ਅਤੇ ਜੰਮੂ ਦੀ ਸਰਹੱਦ ਦੇ ਸਥਿਤ ਲਖਨਪੁਰ ਵਿੱਚ ਰਾਵੀ ਦਰਿਆ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹੈ ਅਤੇ ਇੱਥੇ ਫਸੇ ਲੋਕਾਂ ਨੂੰ ਭਾਰਤੀ ਫੌਜ ਦੇ ਹੈਲੀਕਾਪਟਰ ਰਾਹੀਂ ਬਚਾਇਆ ਜਾ ਰਿਹਾ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ ਮੁਤਾਬਕ, ਪਰ ਹਾਲਾਤ ਬੇਹੱਦ ਨਾਜ਼ੁਕ ਹਨ ਅਤੇ ਰਾਵੀ ਦਰਿਆ ਦੇ ਇਸ ਵੇਲੇ ਸਾਰੇ ਗੇਟ ਖੁੱਲ੍ਹੇ ਹੋਏ ਅਤੇ ਦੋ ਫਲੱਡ ਗੇਟ ਰੁੜ੍ਹ ਵੀ ਗਏ ਹਨ। ਫਿਲਹਾਲ ਅਜੇ ਤੱਕ ਕਿਸੇ ਵੀ ਤਰ੍ਹਾਂ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪਾਣੀ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਇਸ ਇਲਾਕੇ ਨੂੰ ਮਾਧੋਪੁਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਕਰੀਬ 20-25 ਲੋਕ ਇਸ ਦਰਿਆ ਦੇ ਨੇੜੇ ਫਸੇ ਹੋਏ ਹਨ। ਪਠਾਨਕੋਟ ਦੇ ਸੁਜਾਨਪੁਰ ਅਤੇ ਬਾਮਿਆਲ ਇਲਾਕੇ ਵਿੱਚ ਪਾਣੀ ਆਇਆ ਹੋਇਆ ਹੈ।
ਪੰਜਾਬ ਅਤੇ ਜੰਮੂ ਨੂੰ ਜੋੜਨ ਵਾਲਾ ਰਾਜਮਾਰਗ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ।
ਇਸ ਕਾਰਨ ਪੰਜਾਬ ਕਈ ਜ਼ਿਲ੍ਹੇ ਜਿਵੇਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਹੜ੍ਹ ਦੀ ਮਾਰ ਹੇਠ ਹਨ।

ਪਾਕਿਸਤਾਨ: ਪੰਜਾਬ ਦੇ 3 ਦਰਿਆਵਾਂ ਲਈ ਐਮਰਜੈਂਸੀ ਅਲਰਟ ਜਾਰੀ
ਪਾਕਿਸਤਾਨ ਦੀ ਕੁਦਰਤੀ ਆਫ਼ਤ ਪ੍ਰਬੰਧਨ ਏਜੰਸੀਯਾਨਿ ਐੱਨਡੀਐੱਮਏ ਵੱਲੋਂ ਸਥਾਪਿਤ ਰਾਸ਼ਟਰੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਪੰਜਾਬ ਸੂਬੇ ਦੇ ਤਿੰਨ ਦਰਿਆਵਾਂ- ਚਨਾਬ, ਰਾਵੀ ਅਤੇ ਸਤਲੁਜ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ।
ਕੇਂਦਰ ਦੇ ਅਨੁਸਾਰ, ਚਨਾਬ ਦਰਿਆ ਵਿੱਚ ਮਰਾਲਾ ਵਿਖੇ 769,481 ਕਿਊਸਿਕ ਦਾ ਬਹੁਤ ਉੱਚਾ ਹੜ੍ਹ ਪੱਧਰ ਹੈ, ਜਿਸ ਕਾਰਨ ਦਰਿਆ ਦਾ ਪੱਧਰ ਵੱਧ ਰਿਹਾ ਹੈ। ਚਨਾਬ ਦਰਿਆ ਵਿੱਚ ਖਾਨਕੀ ਵਿੱਚ 765,225 ਕਿਊਸਿਕ ਦਾ ਬਹੁਤ ਉੱਚਾ ਹੜ੍ਹ ਪੱਧਰ ਹੈ। ਜਸੜ ਵਿਖੇ ਰਾਵੀ ਦਰਿਆ ਵਿੱਚ 2,02,200 ਕਿਊਸਿਕ ਦਾ ਉੱਚ ਪੱਧਰੀ ਹੜ੍ਹ ਵਗ ਰਿਹਾ ਹੈ, ਜੋ ਕਿ 2,29,700 ਕਿਊਸਿਕ ਤੱਕ ਪਹੁੰਚ ਸਕਦਾ ਹੈ।
ਰਾਵੀ ਦਰਿਆ ਸ਼ਾਹਦਰਾ ਵਿਖੇ 72,900 ਕਿਊਸਿਕ ਦੀ ਰਫ਼ਤਾਰ ਨਾਲ ਵਗ ਰਿਹਾ ਹੈ। ਸਤਲੁਜ ਦਰਿਆ ਗੰਡਾ ਸਿੰਘ ਵਾਲਾ ਵਿਖੇ 2,00,000 ਕਿਊਸਿਕ ਤੋਂ ਵੱਧ ਦੇ ਬਹੁਤ ਉੱਚ ਪੱਧਰ 'ਤੇ ਵਗ ਰਿਹਾ ਹੈ।
ਪੰਜਾਬ ਸੂਬੇ ਵਿੱਚ ਇਨ੍ਹਾਂ ਤਿੰਨਾਂ ਦਰਿਆਵਾਂ ਕਾਰਨ ਪੈਦਾ ਹੋਈ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ, ਐੱਨਡੀਐੱਮਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਿਰਦੇਸ਼ਾਂ 'ਤੇ ਸਾਰੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਿਹਾ ਹੈ।

ਤਸਵੀਰ ਸਰੋਤ, NDMA
ਚੜ੍ਹਦੇ ਪੰਜਾਬ ਦਾ ਹਾਲ
ਉਧਰ ਚੜ੍ਹਦੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆ ਵਿੱਚ ਕਈ ਪਿੰਡਾਂ ਵਿੱਚ ਵਡਾ ਨੁਕਸਾਨ ਕੀਤਾ ਹੈ।
ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ, ਕਈ ਥਾਵਾਂ ʼਤੇ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈ ਗਏ ਹਨ।
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਘੋਨੇਵਾਲ ਪੂਰਾ ਪਾਣੀ ਨਾਲ ਘਿਰਿਆ ਹੋਇਆ ਹੈ ਉੱਥੇ ਹੀ ਇਸ ਇਲਾਕੇ ਵਿੱਚ ਲੋਕ ਆਪਣੇ ਪਛੂਆਂ ਨਾਲ ਉੱਚੀਆਂ ਥਾਵਾਂ ਵੱਲ ਜਾ ਰਹੇ ਹਨ।
ਹਾਲਾਤ ਦਾ ਜਾਇਜ਼ਾ ਲੈਣ ਲਈ ਸਾਬਕਾ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਲਾਕੇ ਦਾ ਦੌਰਾ ਕੀਤਾ।

ਤਸਵੀਰ ਸਰੋਤ, AAP
ਮੁੱਖ ਮੰਤਰੀ ਮਾਨ ਨੇ ਆਪਣਾ ਹੈਲੀਕਾਪਟਰ ਰਾਹਤ ਕਾਰਜ ਲਈ ਸੌਂਪਿਆ
ਮੁੱਖ ਮੰਤਰੀ ਭਗਵੰਤ ਮਾਨ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ, "ਮੈਂ ਦੇਖਿਆ ਹੈ ਕਈ ਥਾਵਾਂ ਲੋਕ ਫਸੇ ਹੋਏ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਲੋੜੀਂਦਾ ਰਾਸ਼ਨ-ਪਾਣੀ ਪਹੁੰਚਾਉਣ ਲਈ ਮੈਂ ਆਪਣਾ ਹੈਲੀਕਾਪਟਰ ਲੋਕਾਂ ਵਾਸਤੇ ਇੱਥੇ ਛੱਡ ਕੇ ਜਾ ਰਿਹਾ ਹਾਂ। ਮੈਂ ਡੀਸੀ ਨੂੰ ਵੀ ਕਹਿ ਦਿੱਤਾ ਹੈ ਕਿ ਲੋਕਾਂ ਤੱਕ ਉਸ ਰਾਹੀਂ ਹਰ ਲੋੜੀਂਦੀ ਚੀਜ਼ ਪਹੁੰਚਾਈ ਜਾਵੇ। ਇਹ ਹੈਲੀਕਾਪਟਰ ਲੋਕਾਂ ਦਾ ਹੈ ਮੈਂ ਖ਼ੁਦ ਗੱਡੀ ʼਤੇ ਵਾਪਸ ਚਲਾ ਜਾਵਾਂਗਾ।"
ਟਰੈਕਟਰ ਟਰਾਲੀ ਵਿੱਚ ਮਾਂ ਤੇ ਨਵਜੰਮਿਆ ਬੱਚਾ ਬਚਾਇਆ

ਤਸਵੀਰ ਸਰੋਤ, Gurpreet Chawla/BBC
ਭਾਰਤ ਵਿੱਚ ਵੀ ਪੰਜਾਬ ਸੂਬੇ ਦੇ ਕਈ ਜ਼ਿਲ੍ਹੇ ਹੜ੍ਹ ਦੀ ਜੱਦ ਵਿੱਚ ਹਨ।
ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਹੜ੍ਹਾਂ ਦਾ ਪਾਣੀ ਵੜਨ ਨਾਲ ਹਾਲਾਤ ਨਾਜ਼ੁਕ ਬਣੇ ਹੋਏ ਹਨ।
ਇੱਕ ਨਿੱਜੀ ਹਸਪਤਾਲ ਵਿੱਚ ਪਾਣੀ ਦਾਖਲ ਹੋਣ ਕਾਰਨ ਇੱਕ ਮਾਂ ਅਤੇ ਉਸ ਦਾ ਨਵਜੰਮਿਆ ਬੱਚਾ ਫ਼ਸ ਗਏ ਸਨ ਜਿਨ੍ਹਾਂ ਨੂੰ ਟਰੈਕਟਰ ਟਰਾਲੀ ਵਿੱਚ ਰੈਸਕਿਊ ਕੀਤਾ ਗਿਆ ਹੈ।
ਮਾਂ ਤੇ ਬੱਚੇ ਨੂੰ ਐਂਬੂਲੈਂਸ ਰਾਹੀਂ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਤਸਵੀਰ ਸਰੋਤ, Gurpreet Chawla/BBC
ਪਠਾਨਕੋਟ ਵਿੱਚ ਪਾਣੀ ਦੇ ਵਹਾਅ ਕਾਰਨ ਲੋਕ ਪਰੇਸ਼ਾਨ
ਚੱਕੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਪਠਾਨਕੋਟ ਦੇ ਲੋਕ ਪਾਣੀ ਆਉਣ ਦੇ ਡਰ ਵਿੱਚ ਫਿਕਰਮੰਦ ਹਨ।
ਪਠਾਨਕੋਟ ਸ਼ਹਿਰ ਵਿੱਚੋਂ ਵਗ ਰਹੇ ਚੱਕੀ ਦਰਿਆ 'ਚ ਪਾਣੀ ਦਾ ਪੱਧਰ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਬਹੁਤ ਵੱਧ ਗਿਆ ਹੈ।
ਪਠਾਨਕੋਟ ਦੇ ਉਸ ਇਲਾਕੇ ਵਿੱਚ ਰਹਿ ਰਹੇ ਰੇਖਾ ਰਾਣੀ ਦਾ ਕਹਿਣਾ, "ਘਰ ਛੱਡਣਾ ਬਹੁਤ ਔਖਾ ਹੈ। ਅਸੀਂ ਤਾਂ ਰਿਸਕ ਲੈ ਕੀ ਏਥੇ ਬੈਠੇ ਆਂ।"

ਤਸਵੀਰ ਸਰੋਤ, Gurpreet Chawla/BBC
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਪਠਾਨਕੋਟ ਦੇ ਸੈਲੀਕੁਲੀਆਂ ਵਾਰਡ ਨੰਬਰ 12 ਦੇ 25 ਘਰ ਚੱਕੀ ਦਰਿਆ ਦੇ ਕੰਢੇ 'ਤੇ ਵਸੇ ਹੋਏ ਹਨ।
ਪ੍ਰਸ਼ਾਸਨ ਨੇ ਇਸ ਇਲਾਕੇ ਦੇ ਲੋਕਾਂ ਨੂੰ ਹੜ੍ਹ ਆਉਣ ਦਾ ਖ਼ਦਸ਼ਾ ਜਤਾਉਂਦਿਆਂ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ। ਪਰ ਲੋਕਾਂ ਲਈ ਆਪਣੇ ਘਰ ਛੱਡ ਕੇ ਜਾਣ ਦਾ ਖਿਆਲ ਇੱਕ ਵੱਡੀ ਚਿੰਤਾ ਬਣਿਆ ਹੋਇਆ ਹੈ।
ਪ੍ਰਸ਼ਾਸਨ ਵਲੋਂ ਇਲਾਕੇ ਦੀਆਂ ਉੱਚੀਆਂ ਥਾਵਾਂ 'ਤੇ ਮੌਜੂਦ ਗੁਰਦੁਆਰਿਆਂ ਅਤੇ ਹੋਰ ਥਾਵਾਂ 'ਤੇ ਸ਼ੈਲਟਰ ਬਣਾਏ ਗਏ ਹਨ।
ਪਾਣੀ ਘਰਾਂ ਤੱਕ ਪਹੁੰਚਣ ਦਾ ਖ਼ਦਸ਼ਾ

ਤਸਵੀਰ ਸਰੋਤ, Gurpreet Chawla/BBC
ਸੈਲੀਕੁਲੀਆਂ ਵਾਰਡ ਨੰਬਰ 12 ਦੇ ਰਹਿਣ ਵਾਲੇ ਨੌਜਵਾਨ ਵਿੱਕੀ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ 'ਚ ਚਾਰ ਜੀਅ ਹਨ, ਉਨ੍ਹਾਂ ਦੀ ਪਤਨੀ ਛੋਟਾ ਬੇਟਾ ਅਤੇ ਬਜ਼ੁਰਗ ਮਾਂ।
ਵਿੱਕੀ ਉਹ ਖ਼ੁਦ ਜਲੰਧਰ ਇੱਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੇ ਹਨ। ਘਰ ਵਿੱਚ ਪਾਣੀ ਆਉਣ ਦੇ ਖ਼ਦਸ਼ੇ ਕਾਰਨ ਉਹ ਅੱਜਕਲ੍ਹ ਛੁੱਟੀ 'ਤੇ ਹਨ।
ਉਹ ਕਹਿੰਦੇ ਹਨ ਕਿ ਹਾਲਾਤ ਇਹ ਹਨ, "ਜੋ ਵੀ ਸਾਡੀ ਜਮ੍ਹਾਂ ਪੂੰਜੀ ਸੀ ਉਹ ਅਸੀਂ ਘਰ ਉੱਤੇ ਲਾ ਦਿੱਤੀ ਹੈ ਅਤੇ ਹੁਣ ਸਾਨੂੰ ਘਰ ਵੀ ਖਾਲੀ ਕਰਨਾ ਪੈ ਰਿਹਾ ਹੈ।"
ਉਹ ਕਹਿੰਦੇ ਹਨ, "ਮਨੁੱਖ ਨੂੰ ਘਰ ਇੱਕ ਸੁਰੱਖਿਅਤ ਥਾਂ ਲੱਗਦਾ ਹੈ ਅਤੇ ਜੇ ਉਹ ਵੀ ਛੱਡਣਾ ਪਵੇ ਤਾਂ ਇਨਸਾਨ ਟੁੱਟ ਜਾਂਦਾ ਹੈ। ਮੇਰਾ ਛੋਟਾ ਪੁੱਤ ਵੀ ਪੁੱਛਦਾ ਹੈ ਕਿ ਅਸੀਂ ਦਾਦਾ ਦਾ ਬਣਾਇਆ ਇਹ ਘਰ ਛੱਡ ਕੇ ਕਿੱਥੇ ਜਾਵਾਂਗੇ।"
ਘਰ ਛੱਡਣ ਦਾ ਹੌਸਲਾ ਨਹੀਂ ਹੋ ਰਿਹਾ

ਤਸਵੀਰ ਸਰੋਤ, Gurpreet Chawla/BBC
ਉਧਰ ਏਸੇ ਹੀ ਹਾਲਾਤ ਹੀ ਵਿੱਕੀ ਦੇ ਘਰ ਦੇ ਨੇੜੇ ਹੀ ਉਹਨਾਂ ਦੇ ਗੁਆਂਢੀ ਹਰਜੀਤ ਸਿੰਘ ਜੋ ਆਰਮੀ ਚੋ ਰਿਟਾਇਰਡ ਹਨ ਅਤੇ ਉਨ੍ਹਾਂ ਦੀ ਪਤਨੀ ਰੇਖਾ ਰਾਣੀ ਦਾ ਕਹਿਣਾ ਹੈ ਕਿ ਉਹ ਆਪਣਾ ਸਾਮਾਨ ਵੀ ਪੈਕ ਕਰ ਚੁੱਕੇ ਹਨ ਪਰ ਘਰ ਛੱਡਣ ਦੀ ਹਿੰਮਤ ਨਹੀਂ ਪੈ ਰਹੀ।
ਉਹ ਕਹਿੰਦੇ ਹਨ, "ਘਰ 'ਚ ਨੂੰਹ ਅਤੇ ਪੋਤਾ ਹੈ। ਘਰ ਛੱਡ ਕੇ ਜਾਣ ਦਾ ਹੌਸਲਾ ਨਹੀਂ ਹੋ ਰਿਹਾ ਪਰ ਜੇ ਹਾਲਾਤ ਬਦਤਰ ਹੁੰਦੇ ਹਨ ਤਾਂ ਜਾਨ ਤਾਂ ਬਚਾਉਣੀ ਹੈ।"
ਉਹ ਕਹਿੰਦੇ ਹਨ ਕਿ ਹਰ ਸਾਲ ਜਦੋਂ ਅਜਿਹੀ ਮੁਸੀਬਤ ਬਣਦੀ ਹੈ ਤਾ ਪ੍ਰਸ਼ਾਸਨ ਇਹ ਕਹਿਣ ਜ਼ਰੂਰ ਆਉਂਦਾ ਹੈ ਕਿ ਘਰ ਖਾਲੀ ਕਰ ਦਿਓ ਪਰ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਲੋੜ ਹੈ।
ਨਾ ਪਿੰਡ ਸਕੂਨ ਨਾ ਸ਼ਹਿਰ

ਤਸਵੀਰ ਸਰੋਤ, Gurpreet Chawla/BBC
ਸਾਬਕਾ ਫੌਜੀ ਸੁਰਜੀਤ ਸਿੰਘ ਵੀ ਸੈਲੀਕੁਲੀਆਂ ਵਿੱਚ ਰਹਿੰਦੇ ਹਨ।
ਉਹ ਇਸ ਤੋਂ ਪਹਿਲਾਂ ਪਠਾਨਕੋਟ ਤੋਂ ਕੁਝ ਦੂਰੀ 'ਤੇ ਰਾਵੀ ਲਾਗੇ ਇੱਕ ਪਿੰਡ ਵਿੱਚ ਰਹਿੰਦੇ ਸਨ। ਪਿੰਡ ਤੋਂ ਉਨ੍ਹਾਂ ਨੇ ਸ਼ਹਿਰ ਆਉਣ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਹਰ ਸਾਲ ਰਾਵੀ ਦਾ ਪਾਣੀ ਉਨ੍ਹਾਂ ਦੇ ਘਰ ਅਤੇ ਖੇਤਾਂ ਵਿੱਚ ਆ ਜਾਂਦਾ ਸੀ।
ਪਰ ਹੁਣ ਉਹ ਫ਼ਿਕਰਮੰਦ ਹਨ। ਪਾਣੀ ਨਾ ਸਿਰਫ਼ ਉਨ੍ਹਾਂ ਦੇ ਪਿੰਡ ਵਿੱਚਲੇ ਘਰ ਤੱਕ ਪਹੁੰਚਿਆ ਬਲਿਕ ਸ਼ਹਿਰ ਵਾਲਾ ਘਰ ਵੀ ਪਾਣੀ ਦੀ ਮਾਰ ਹੇਠ ਆ ਰਿਹਾ ਹੈ।
ਪ੍ਰਸ਼ਾਸਨ ਨੇ ਕੀ ਕਿਹਾ

ਪਠਾਨਕੋਟ ਦੇ ਐੱਸਡੀਐੱਮ ਰਾਕੇਸ਼ ਮੀਨਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਉਹ ਅਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਸਹਿਮ ਅਤੇ ਡਰਨ ਦੀ ਲੋੜ ਨਹੀਂ ਹੈ ਕਿਉਕਿ ਉਨ੍ਹਾਂ ਵਲੋਂ ਇਸ ਕੁਦਰਤ ਆਫ਼ਤ ਨਾਲ ਨਿਜਿੱਠਣ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।
ਸ਼ੈਲਟਰ ਵੀ ਸਥਾਪਿਤ ਕੀਤੇ ਗਏ ਹਨ ਅਤੇ ਉੱਥੇ ਜੋ ਜਰੂਰੀ ਰੋਟੀ ਅਤੇ ਹੋਰ ਲੋੜ ਅਨੁਸਾਰ ਇੰਤਜ਼ਾਮ ਵੀ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਐੱਨਡੀਆਰਐੱਫ਼ ਟੀਮਾਂ ਵੀ ਵਿਸ਼ੇਸ਼ ਤੌਰ ਤੇ ਤਾਇਨਾਤ ਹਨ ।
ਪੰਜਾਬ ਵਿੱਚ ਮੌਸਮ ਦੀ ਭਵਿੱਖਬਾਣੀ
ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਅੱਜ ਯਾਨੀ ਬੁੱਧਵਾਰ ਨੂੰ ਮੋਗਾ, ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਵਿੱਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ
ਪਾਕਿਸਤਾਨ ਵਿਚਲੇ ਪੰਜਾਬ ਵਿੱਚ ਵੀ ਹੜ੍ਹ ਕਰਕੇ ਹਾਲਾਤ ਖ਼ਰਾਬ
ਪਾਕਿਸਤਾਨ ਦੇ ਪੰਜਾਬ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਹੈ, ਜਿਸ ਕਰਕੇ ਸੂਬੇ ਦੇ ਗ੍ਰਹਿ ਮੰਤਰਾਲੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਫੌਜ ਦੀ ਤੈਨਾਤੀ ਦੀ ਮੰਗ ਕੀਤੀ ਹੈ।
ਸੂਬੇ ਦੇ ਜਿਨ੍ਹਾਂ 6 ਜ਼ਿਲ੍ਹਿਆਂ ਵਿੱਚ ਸਥਿਤੀ ਵੱਧ ਖ਼ਰਾਬ ਹੈ ਉਨ੍ਹਾਂ ਵਿੱਚ ਲਾਹੌਰ, ਕਸੂਰ, ਸਿਆਲਕੋਟ, ਫ਼ੈਸਲਾਬਾਦ, ਨਾਰੋਵਾਲ ਅਤੇ ਓਕਾਰਾ ਸ਼ਾਮਿਲ ਹੈ।
ਪੰਜਾਬ ਗ੍ਰਹਿ ਮੰਤਰਾਲੇ ਦੇ ਬੁਲਾਰੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਨਿਰਦੇਸ਼ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਦੇ ਲਈ ਫੌਜ ਨੂੰ ਬੁਲਾਇਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












