ਪਾਕਿਸਤਾਨ ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਸੈਂਕੜੇ ਮੌਤਾਂ ਤੇ ਉੱਜੜੇ ਕਈ ਘਰ ਪਰਿਵਾਰ, ਕਿਸ ਹਾਲ ਵਿੱਚ ਹਨ ਮੁਸੀਬਤ 'ਚ ਘਿਰੇ ਇਹ ਲੋਕ

ਤਸਵੀਰ ਸਰੋਤ, Getty Images
- ਲੇਖਕ, ਨਸੀਰ ਚੌਧਰੀ, ਮੁਹੰਮਦ ਜ਼ੁਬੈਰ ਖਾਨ
- ਰੋਲ, ਬੀਬੀਸੀ ਪੱਤਰਕਾਰ
"ਮੇਰੀ ਤਾਂ ਦੁਨੀਆਂ ਹੀ ਖਤਮ ਹੋ ਗਈ ਹੈ। ਹੁਣ ਮੇਰੇ ਲਈ ਜਿਉਂਦੇ ਰਹਿਣ ਦਾ ਕੋਈ ਅਰਥ ਨਹੀਂ ਹੈ। ਸਾਰਿਆਂ ਨੂੰ ਜਾਣਾ ਪੈਂਦਾ ਹੈ, ਪਰ ਜਿਸ ਤਰ੍ਹਾਂ ਮੇਰਾ ਪਰਿਵਾਰ ਖਤਮ ਹੋ ਗਿਆ, ਇਹ ਸਦਮਾ ਮੈਨੂੰ ਹੋਰ ਜੀਣ ਨਹੀਂ ਦੇਵੇਗਾ।"
ਇਹ ਸ਼ਬਦ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੀ 48 ਸਾਲਾ ਵਸਨੀਕ ਸਕੀਨਾ ਬੀਬੀ ਦੇ ਹਨ, ਜਿਨ੍ਹਾਂ ਦੇ ਪਰਿਵਾਰ ਦੇ ਛੇ ਮੈਂਬਰ ਬੱਦਲ ਫਟਣ ਕਾਰਨ ਆਏ ਮੀਂਹ ਅਤੇ ਹੜ੍ਹਾਂ ਵਿੱਚ ਵਹਿ ਗਏ ਹਨ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਅਧਿਕਾਰੀਆਂ ਅਨੁਸਾਰ, 17 ਅਗਸਤ ਤੋਂ ਸ਼ੁਰੂ ਹੋਈ ਬਾਰਿਸ਼ ਅਤੇ ਹੜ੍ਹਾਂ ਤੋਂ ਬਾਅਦ 323 ਲੋਕਾਂ ਦੀ ਮੌਤ ਹੋ ਗਈ ਹੈ।

ਤਸਵੀਰ ਸਰੋਤ, AFP via Getty Images
ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਅਧਿਕਾਰੀਆਂ ਦੇ ਅਨੁਸਾਰ, ਹਾਲ ਹੀ ਵਿੱਚ ਮੀਂਹ ਅਤੇ ਬੱਦਲ ਫਟਣ ਨਾਲ ਇੱਥੇ 13 ਲੋਕਾਂ ਦੀ ਮੌਤ ਹੋ ਗਈ ਹੈ।
ਪੀਡੀਐੱਮਏ (ਪ੍ਰੋਵੈਂਸ਼ਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ) ਨੇ 17 ਤੋਂ 19 ਅਗਸਤ ਤੱਕ ਭਾਰੀ ਮੀਂਹ ਅਤੇ 21 ਅਗਸਤ ਤੱਕ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਹੜ੍ਹਾਂ ਅਤੇ ਮੀਂਹ ਦੀ ਤਬਾਹੀ ਵਿਚਕਾਰ ਬੀਬੀਸੀ ਨੇ ਉਨ੍ਹਾਂ ਪਰਿਵਾਰਾਂ ਅਤੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦਾ ਘਰ-ਪਰਿਵਾਰ ਸਭ ਕੁਝ ਪਾਣੀਆਂ ਨਾਲ ਤਬਾਹ ਹੋ ਗਿਆ।
'ਜਾ ਕੇ ਦੇਖਿਆ ਤਾਂ ਘਰ ਦੀ ਥਾਂ ਸਿਰਫ਼ ਹੜ੍ਹ ਦਾ ਪਾਣੀ ਵਗ ਰਿਹਾ ਸੀ'

ਤਸਵੀਰ ਸਰੋਤ, Getty Images
ਤਬਾਹੀ ਦੀ ਰਾਤ ਨੂੰ ਯਾਦ ਕਰਦਿਆਂ ਸਕੀਨਾ ਬੀਬੀ ਦੱਸਦੇ ਹਨ, ਵੀਰਵਾਰ ਸ਼ਾਮ 4 ਵੱਜੇ ਸਨ ਜਦੋਂ "ਮੇਰਾ ਪੁੱਤਰ ਨਵੀਦ ਮੀਂਹ ਵਿੱਚ ਭਿੱਜਿਆ ਘਰ ਵਾਪਸ ਆਇਆ ਅਤੇ ਕਿਹਾ, 'ਮਾਂ, ਮੈਨੂੰ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਪਿਲਾ ਦੇ'।''
''ਚਾਹ ਬਣਾਉਣ ਲੱਗੀ ਤਾਂ ਦੇਖਿਆ ਕਿ ਘਰ 'ਚ ਖੰਡ ਨਹੀਂ ਹੈ। ਮੈਂ ਅਤੇ ਮੇਰੀ ਧੀ ਅਮੀਨਾ ਸਾਡੇ ਗੁਆਂਢ 'ਚ ਰਹਿੰਦੇ ਜਾਣਕਾਰਾਂ ਦੇ ਘਰ ਖੰਡ ਲੈਣ ਗਏ ਸੀ ਕਿ ਅਚਾਨਕ ਰੌਸ਼ਨੀ ਚਲੀ ਗਈ ਅਤੇ ਮੀਂਹ ਆਇਆ ਜਿਵੇਂ ਅਸਮਾਨ ਹੀ ਟੁੱਟ ਗਿਆ ਹੋਵੇ। ਇੱਕ ਤੂਫ਼ਾਨ ਮੇਰੇ ਘਰ ਵੱਲ ਆ ਰਿਹਾ ਸੀ।"
"ਤੂਫ਼ਾਨ ਨੂੰ ਆਉਂਦੇ ਦੇਖ ਮੈਂ ਆਪਣੀ ਧੀ ਅਮੀਨਾ ਨੂੰ ਕਿਹਾ ਕਿ ਆਪਣੇ ਭਰਾ ਨੂੰ ਛੇਤੀ ਆਵਾਜ਼ ਲਗਾ, ਤਾਂ ਜੋ ਉਸਦੀ ਅਤੇ ਉਸਦੇ ਬੱਚਿਆਂ ਦੀ ਜਾਨ ਬਚਾਈ ਜਾ ਸਕੇ, ਪਰ ਤੂਫ਼ਾਨ ਦਾ ਸ਼ੋਰ ਇੰਨਾ ਜ਼ਿਆਦਾ ਸੀ ਕਿ ਕੋਈ ਉਸਦੀ ਆਵਾਜ਼ ਸੁਣ ਹੀ ਨਹੀਂ ਸਕਿਆ।"

ਤਸਵੀਰ ਸਰੋਤ, Naseer Chaudhry
ਸਕੀਨਾ ਦੱਸਦੇ ਹਨ, "ਕੁਝ ਸਕਿੰਟਾਂ ਵਿੱਚ ਹੀ ਤੂਫ਼ਾਨ ਮੇਰੇ ਘਰ ਨੂੰ ਵਹਾ ਕੇ ਲੈ ਗਿਆ। ਤੂਫ਼ਾਨ ਵਿੱਚ ਮੇਰਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ, ਮੇਰਾ ਪੁੱਤਰ, ਮੇਰੀ ਨੂੰਹ ਅਤੇ ਉਨ੍ਹਾਂ ਦੇ ਚਾਰ ਬੱਚੇ ਵੀ ਅੰਦਰ ਸਨ।"
"ਮੈਂ ਆਪਣੇ ਬੱਚਿਆਂ ਨੂੰ ਇਨ੍ਹਾਂ ਬੇਰਹਿਮ ਲਹਿਰਾਂ ਦੇ ਹਵਾਲੇ ਕਿਵੇਂ ਕਰ ਸਕਦੀ ਸੀ? ਇਸ ਲਈ ਮੈਂ ਘਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਸਰੀਰ ਮੇਰਾ ਸਾਥ ਨਹੀਂ ਦੇ ਰਿਹਾ ਸੀ। ਮੇਰੇ ਪੈਰ ਜ਼ਮੀਨ ਨਾਲ ਚਿਪਕ ਗਏ ਸਨ, ਮੇਰਾ ਦਿਮਾਗ ਸੁੰਨ ਹੋ ਗਿਆ ਸੀ।"
ਸਕੀਨਾ ਅਨੁਸਾਰ, ਜਦੋਂ ਉਹ ਕੁਝ ਸਮੇਂ ਬਾਅਦ ਆਪਣੇ ਘਰ ਨੂੰ ਦੇਖਣ ਬਾਹਰ ਗਏ, ਤਾਂ ਉੱਥੇ ਕੁਝ ਵੀ ਨਹੀਂ ਸੀ ਅਤੇ ਉਸ ਥਾਂ ਤੋਂ ਹੜ੍ਹ ਦਾ ਬਹੁਤ ਸਾਰਾ ਪਾਣੀ ਲੰਘ ਰਿਹਾ ਸੀ।
ਰੂਹ ਕੰਬਾਊ ਪਲ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ, "ਪੂਰੀ ਰਾਤ ਭਾਲ ਕਰਨ ਤੋਂ ਬਾਅਦ ਮੇਰੇ ਪਰਿਵਾਰ ਦੇ ਛੇ ਮੈਂਬਰਾਂ ਨੂੰ ਚੱਟਾਨਾਂ ਅਤੇ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਮੇਰੇ ਅੱਗੇ ਰੱਖ ਦਿੱਤਾ ਗਿਆ।''
'ਇੰਝ ਲੱਗਿਆ ਜਿਵੇਂ ਭੂਚਾਲ ਆ ਗਿਆ'

ਤਸਵੀਰ ਸਰੋਤ, NDMA
ਇਸ ਦੌਰਾਨ, ਖੈਬਰ ਪਖਤੂਨਖਵਾ ਤੋਂ ਵੀ ਅਜਿਹੀਆਂ ਹੀ ਦਰਦਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ।
ਇਸ ਇਲਾਕੇ ਦੇ ਮਨਸੇਹਰਾ ਅਤੇ ਬੱਟਾਗ੍ਰਾਮ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਵਿੱਚ ਪਹਾੜ 'ਤੇ ਭਾਰੀ ਮੀਂਹ ਪਿਆ। ਇਸ ਜਗ੍ਹਾ 'ਤੇ ਸਿਰਫ਼ ਨੌਂ ਘਰ ਹਨ ਅਤੇ ਸੰਯੁਕਤ ਪਰਿਵਾਰ ਪ੍ਰਣਾਲੀ ਅਧੀਨ ਕਈ ਪਰਿਵਾਰ ਇਨ੍ਹਾਂ ਘਰਾਂ ਵਿੱਚ ਰਹਿੰਦੇ ਹਨ।
ਯੂਸਫ਼ ਅਤੇ ਮੁਖਤਾਰ ਦੇ ਘਰ ਇੱਕ-ਦੂਜੇ ਦੇ ਨਾਲ-ਨਾਲ ਹਨ। ਉਹ ਇੱਕ ਦੂਜੇ ਦੇ ਰਿਸ਼ਤੇਦਾਰ ਵੀ ਹਨ ਅਤੇ ਦੋਵਾਂ ਘਰਾਂ ਵਿੱਚ ਸਾਂਝਾ ਪਰਿਵਾਰ ਪ੍ਰਣਾਲੀ ਹੈ।

ਮੁਖਤਾਰ ਕਹਿੰਦੇ ਹਨ, "ਯੂਸਫ਼ ਅਤੇ ਮੈਂ ਕਦੇ-ਕਦੇ ਹੀ ਅਜਿਹੀ ਬਾਰਿਸ਼ ਦੇਖੀ ਹੈ। ਅਸੀਂ ਦੋਵੇਂ ਜਾਗ ਰਹੇ ਸੀ। ਦੋਵਾਂ ਘਰਾਂ ਦੇ ਬੱਚੇ ਅਤੇ ਔਰਤਾਂ ਅੰਦਰ ਸੁੱਤੀਆਂ ਹੋਈਆਂ ਸਨ। ਫਿਰ ਉਹੀ ਹੋਇਆ ਜਿਸਦਾ ਸਾਨੂੰ ਡਰ ਸੀ, ਸਵੇਰੇ 3 ਵਜੇ ਭਾਰੀ ਮੀਂਹ ਪਿਆ।"
ਉਨ੍ਹਾਂ ਕਿਹਾ, "ਮੈਨੂੰ ਲੱਗਾ ਜਿਵੇਂ ਭੂਚਾਲ ਆਇਆ ਹੋਵੇ ਕਿਉਂਕਿ ਪਾਣੀ ਵਿੱਚ ਮਲਬਾ ਸੀ, ਜਿਸ ਵਿੱਚ ਵੱਡੀਆਂ ਚੱਟਾਨਾਂ ਵੀ ਸਨ ਅਤੇ ਇਹ ਮੇਰੇ ਘਰ ਨਾਲ ਆ ਕੇ ਟਕਰਾ ਗਿਆ।"
"ਘਰ ਵਿੱਚ ਬੱਚੇ ਅਤੇ ਔਰਤਾਂ ਡਰ ਨਾਲ ਜਾਗ ਗਏ। ਮੈਂ ਤੁਰੰਤ ਸਾਰਿਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਘਰ ਦੇ ਇੱਕ ਕੋਨੇ ਵਿੱਚ ਲੈ ਗਿਆ ਜਿੱਥੇ ਮੈਨੂੰ ਲੱਗਿਆ ਕਿ ਉਹ ਸੁਰੱਖਿਅਤ ਰਹਿਣਗੇ।"

ਤਸਵੀਰ ਸਰੋਤ, AFP via Getty Images
ਪਾਣੀ ਦੇ ਇਸ ਭਿਆਨਕ ਵਹਾਅ ਨੂੰ ਲੰਘਣ ਵਿੱਚ ਲਗਭਗ ਅੱਧਾ ਘੰਟਾ ਲੱਗਿਆ।
ਮੁਖਤਾਰ ਕਹਿੰਦੇ ਹਨ, "ਘਰ ਰਹਿਣ ਯੋਗ ਨਹੀਂ ਰਿਹਾ ਅਤੇ ਸਾਰਾ ਸਮਾਨ ਪਾਣੀ ਵਿੱਚ ਵਹਿ ਗਿਆ।" ਪਰ ਉਹ ਖੁਸ਼ਕਿਸਮਤ ਰਹੇ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪਰ ਯੂਸਫ਼ ਮੁਖਤਾਰ ਜਿੰਨੇ ਖੁਸ਼ਕਿਸਮਤ ਨਹੀਂ ਹਨ। ਇਸ ਹੜ੍ਹ ਵਿੱਚ ਉਨ੍ਹਾਂ ਦਾ ਪੁੱਤਰ, ਪੋਤੇ, ਪੋਤੀ, ਨੂੰਹ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੇ ਘਰ ਮਹਿਮਾਨ ਵੀ ਆਏ ਹੋਏ ਸਨ, ਉਨ੍ਹਾਂ ਦੀ ਭਤੀਜੀ, ਉਸਦਾ ਪਤੀ ਅਤੇ ਬੱਚੇ, ਉਹ ਸਾਰੇ ਵੀ ਪਾਣੀ 'ਚ ਰੁੜ੍ਹ ਗਏ। ਯੂਸਫ਼ ਖੁਦ ਵੀ ਹੜ੍ਹ ਵਿੱਚ ਵਹਿ ਗਏ ਸਨ ਪਰ ਉਨ੍ਹਾਂ ਦੀ ਜਾਨ ਬਚ ਗਈ।
ਕਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ

ਤਸਵੀਰ ਸਰੋਤ, AFP via Getty Images
ਬੀਬੀਸੀ ਉਰਦੂ ਦੇ ਅਨੁਸਾਰ, ਜ਼ਿਆਦਾਤਰ ਹਾਦਸੇ ਸੂਬੇ ਦੇ ਸਵਾਤ, ਬੁਨੇਰ, ਬਾਜੌਰ, ਤੋਰਘਰ, ਮਨਸੇਹਰਾ, ਸ਼ਾਂਗਲਾ ਅਤੇ ਬੱਟਾਗ੍ਰਾਮ ਜ਼ਿਲ੍ਹਿਆਂ ਵਿੱਚ ਹੋਏ ਹਨ।
ਸਭ ਤੋਂ ਵੱਧ ਪ੍ਰਭਾਵਿਤ ਇਕੱਲੇ ਬੁਨੇਰ ਜ਼ਿਲ੍ਹੇ ਵਿੱਚ 217 ਲੋਕਾਂ ਦੀ ਮੌਤ ਹੋ ਗਈ ਹੈ।
ਮੀਂਹ ਅਤੇ ਅਚਾਨਕ ਹੜ੍ਹਾਂ ਕਾਰਨ 336 ਘਰ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ 230 ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ ਅਤੇ 106 ਘਟ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਰਨ ਵਾਲਿਆਂ ਵਿੱਚ 273 ਪੁਰਸ਼, 29 ਔਰਤਾਂ ਅਤੇ 21 ਬੱਚੇ ਸ਼ਾਮਲ ਹਨ, ਜਦਕਿ ਜ਼ਖਮੀਆਂ ਵਿੱਚ 123 ਪੁਰਸ਼, 23 ਔਰਤਾਂ ਅਤੇ 10 ਬੱਚੇ ਸ਼ਾਮਲ ਹਨ।
ਸ਼ਾਂਗਲਾ ਜ਼ਿਲ੍ਹੇ ਵਿੱਚ 36, ਮਨਸੇਹਰਾ ਵਿੱਚ 24, ਬਾਜੌਰ ਵਿੱਚ 21, ਸਵਾਤ ਵਿੱਚ 17, ਲੋਅਰ ਦੀਰ ਵਿੱਚ ਪੰਜ ਅਤੇ ਬੱਟਾਗ੍ਰਾਮ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਬੀਬੀਸੀ ਪੱਤਰਕਾਰ ਜ਼ੁਬੈਰ ਖਾਨ ਦੇ ਅਨੁਸਾਰ, ਬੁਨੇਰ ਵਿੱਚ ਬਹੁਤ ਸਾਰੇ ਲੋਕ ਲਾਪਤਾ ਹਨ। ਇੱਥੇ ਮੌਤਾਂ ਦੀ ਗਿਣਤੀ 217 ਹੈ, ਅਤੇ ਮਰਨ ਵਾਲਿਆਂ ਦੀ ਗਿਣਤੀ ਅਜੇ ਵਧਣ ਦੀ ਉਮੀਦ ਹੈ।
ਪਾਕਿਸਤਾਨ, ਇਸ ਸਾਲ ਜੂਨ ਮਹੀਨੇ ਤੋਂ ਮਾਨਸੂਨ ਸੀਜ਼ਨ ਕਾਰਨ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਇਸ ਸਾਲ ਦੇਸ਼ 'ਚ ਹੁਣ ਤੱਕ ਘੱਟੋ-ਘੱਟ 650 ਲੋਕ ਮਾਰੇ ਜਾ ਚੁੱਕੇ ਹਨ।
ਜੁਲਾਈ ਵਿੱਚ ਲਹਿੰਦੇ ਪੰਜਾਬ ਵਿੱਚ, ਜਿੱਥੇ ਕਿ ਪਾਕਿਸਤਾਨ ਦੀ 255 ਮਿਲੀਅਨ ਆਬਾਦੀ ਦੇ ਲਗਭਗ ਅੱਧੇ ਲੋਕ ਰਹਿੰਦੇ ਹਨ, ਪਿਛਲੇ ਸਾਲ ਨਾਲੋਂ 73 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ ਅਤੇ ਪਿਛਲੇ ਪੂਰੇ ਮਾਨਸੂਨ ਸੀਜ਼ਨ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ।
ਸਰਕਾਰ ਕੀ ਕਰ ਰਹੀ

ਤਸਵੀਰ ਸਰੋਤ, Getty Images
ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ, ਸੂਬਾਈ ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਲਈ 800 ਮਿਲੀਅਨ ਰੁਪਏ ਦਾ ਰਾਹਤ ਫੰਡ ਜਾਰੀ ਕੀਤਾ ਹੈ। ਜਦਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਬੁਨੇਰ ਨੂੰ 500 ਮਿਲੀਅਨ ਰੁਪਏ ਅਲਾਟ ਕੀਤੇ ਗਏ ਹਨ।
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਅਗਲੇ 24 ਘੰਟਿਆਂ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਬਾਰਿਸ਼ ਅਤੇ ਸੰਭਾਵਿਤ ਹੜ੍ਹਾਂ ਦੀ ਸਥਿਤੀ ਦਾ ਅਲਰਟ ਜਾਰੀ ਕੀਤਾ ਹੈ।
ਪੰਜਾਬ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਨਾਗਰਿਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਪਾਕਿਸਤਾਨ ਦੇ ਫੈਡਰਲ ਮਿਨਿਸਟਰ ਫਾਰ ਇਨਫਾਰਮੇਸ਼ਨ ਐਂਡ ਬ੍ਰਾਡਕਸਟਿੰਗ, ਅੱਤਾ ਤਰਾਰ ਨੇ ਕਿਹਾ ਹੈ ਕਿ ਸੰਘੀ ਸਰਕਾਰ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਰਾਹੀਂ, ਖੈਬਰ ਪਖਤੂਨਖਵਾ ਦੇ ਹੜ੍ਹ ਅਤੇ ਮੀਂਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਟਰੱਕ ਭੇਜੇ ਹਨ, ਜਿਸ ਵਿੱਚ ਦਵਾਈਆਂ, ਰਾਸ਼ਨ, ਤੰਬੂ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ।
ਨਿੱਜੀ ਚੈਨਲ ਜੀਓ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਿਰਦੇਸ਼ਾਂ 'ਤੇ ਅਸੀਂ ਖੈਬਰ ਪਖਤੂਨਖਵਾ ਸਰਕਾਰ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ ਅਤੇ ਸਾਰੀਆਂ ਜ਼ਰੂਰੀ ਸਪਲਾਈਆਂ ਸਥਾਨਕ ਪ੍ਰਸ਼ਾਸਨ ਨੂੰ ਨਿਯਮਤ ਤੌਰ 'ਤੇ ਲੋੜੀਂਦੀ ਮਾਤਰਾ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












