'ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ..' ਅੱਜ ਦੀ ਨਸਲ ਲਈ ਆਜ਼ਾਦੀ ਦੇ ਮਾਅਨੇ 'ਤੇ ਮੁਹੰਮਦ ਹਨੀਫ਼ ਦਾ ਵਲੌਗ

ਮੁਹੰਮਦ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images

    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ

ਇੰਡੀਆ ਤੇ ਪਾਕਿਸਤਾਨ, ਆਜ਼ਾਦ ਤਾਂ ਇੱਕੋ ਦਿਨ ਹੋਏ ਸਨ, ਵੰਡ ਹੋਈ ਸੀ ਤੇ ਵਿੱਛੜੇ ਵੀ ਇੱਕੋ ਦਿਨ ਸਨ। ਪਰ ਇਹ ਵਿਛੋੜਾ ਇੰਨਾ ਭਾਰੀ ਤੇ ਖੂਨੀ ਸੀ ਕਿ ਅਸੀਂ ਯੌਮ-ਏ-ਆਜ਼ਾਦੀ ਵੀ ਵੰਡ ਲਏ।

ਪਾਕਿਸਤਾਨ ਵਿੱਚ 14 ਅਗਸਤ ਨੂੰ ਵਾਜੇ ਵਜਾਏ ਗਏ ਤੇ ਇੰਡੀਆ ਵਾਲਿਆਂ ਨੇ 15 ਅਗਸਤ ਨੂੰ ਜਸ਼ਨ ਮਨਾਇਆ।

ਆਜ਼ਾਦੀ ਅਸੀਂ ਲਈ ਤਾਂ ਅੰਗਰੇਜ਼ਾਂ ਤੋਂ ਸੀ ਪਰ ਅੱਜ ਦੀ ਨਸਲ ਨੂੰ ਪੁੱਛੋ ਤਾਂ ਉਹ ਤੁਹਾਨੂੰ ਕਹਿਣਗੇ ਕਿ ਇੰਝ ਲੱਗਦਾ ਹੈ ਕਿ ਇੱਕ-ਦੂਜੇ ਨਾਲ ਲੜ-ਭਿੜ ਕੇ ਜਾਨ ਛੁੜਾਈ ਸੀ।

ਸਾਡੇ ਉਸਤਾਦ ਦਾਮਨ ਹੁੰਦੇ ਸਨ, ਉਹ ਵੰਡ ਨੂੰ ਯਾਦ ਕਰਕੇ ਰੋਂਦੇ ਸਨ। ਉਨ੍ਹਾਂ ਨੇ ਲਿਖਿਆ ਸੀ..

''ਲਾਲੀ ਅੱਖਾਂ ਦੀ ਪਈ ਦੱਸਦੀ ਏ.. ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।''

ਲੇਕਿਨ ਲੱਗਦਾ ਹੈ ਉਸਤਾਦ ਹੋਰਾਂ ਨੂੰ ਭੁਲੇਖਾ ਹੋਇਆ ਸੀ। ਇਹ ਲਾਲੀ ਵਿਛੋੜੇ ਦੇ ਅੱਥਰੂਆਂ ਦੀ ਨਹੀਂ.. ਇਹ ਗੁੱਸੇ ਦੀ ਏ, ਬਦਲੇ ਦੀ ਏ, ਇੰਤਕਾਮ ਦੀ ਏ।

'.. ਉਹ ਨਸਲ ਤਾਂ ਹੁਣ ਤਕਰੀਬਨ ਪੂਰੀ ਹੋ ਗਈ ਹੈ'

ਵੀਡੀਓ ਕੈਪਸ਼ਨ, ਭਾਰਤ-ਪਾਕਿਸਤਾਨ ਦੀ ਵੰਡ 'ਤੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ

ਫਿਰ ਬੰਦਾ ਸੋਚਦਾ ਹੈ ਕਿ ਜਿਹੜੀ ਨਸਲ ਨੇ ਵੰਡ ਵੇਖੀ ਸੀ, ਜਿਹੜੇ ਪਹਿਲਾਂ ਅੰਗਰੇਜ਼ ਦੇ ਖ਼ਿਲਾਫ਼ ਰਲ਼ ਕੇ ਲੜੇ ਸਨ, ਫਿਰ ਬਰਛੀਆਂ-ਕੁਹਾੜੀਆਂ ਚੁੱਕ ਕੇ ਇੱਕ-ਦੂਜੇ ਨੂੰ ਵੱਢਣ ਲੱਗ ਪਏ, ਜਿਨ੍ਹਾਂ ਦੇ ਅੱਪਣੇ ਘਰ ਉੱਜੜੇ ਜਾਂ ਜਿਨ੍ਹਾਂ ਨੇ ਦੂਜਿਆਂ ਦੇ ਘਰ ਉਜਾੜੇ.. ਉਹ ਨਸਲ ਤਾਂ ਹੁਣ ਤਕਰੀਬਨ ਪੂਰੀ ਹੋ ਗਈ ਹੈ।

ਕੋਈ ਟਾਂਵਾਂ-ਟਾਂਵਾਂ ਬਾਬਾ ਜਾਂ ਮਾਈ ਤੁਹਾਨੂੰ ਮਿਲ ਜਾਵੇਗਾ, ਜਿਹੜਾ ਪੁਰਾਣੇ ਵੇਲ਼ੇ ਯਾਦ ਕਰਕੇ ਹੌਂਕੇ ਭਰਦਾ ਹੈ, ਸਾਨੂੰ ਯਾਦ ਕਰਾਉਂਦਾ ਹੈ ਕਿ ਹਿੰਦੂ-ਮੁਸਲਿਮ ਭਾਈ-ਭਾਈ ਹੁੰਦੇ ਸਨ ਤੇ ਇਹ ਵੀ ਤ੍ਰਾਸਦੇ ਨੇ ਵੀ ਅਸੀਂ ਤਾਂ ਸਦੀਆਂ ਤੋਂ ਇਕੱਠੇ ਰਹਿ ਰਹੇ ਸਾਂ।

ਜੇ ਪੁੱਛੋ ਵੀ ਇਹ ਇਕੱਠੇ ਨਾਲ ਰਹਿਣ ਵਾਲੇ ਦੁਸ਼ਮਣ ਕਿਵੇਂ ਬਣ ਗਏ ਤਾਂ ਫਿਰ ਚੁੱਪ ਜਿਹਾ ਕਰ ਜਾਂਦੇ ਹਨ।

'47 ਤੋਂ ਬਾਅਦ ਵਾਲੀ ਨਸਲ ਨੇ ਤਾਂ ਆਪਣੇ ਅਸਲੀ ਦੁਸ਼ਮਣ ਨੂੰ ਕਦੀ ਵੇਖਿਆ ਹੀ ਨਹੀਂ। ਪਾਕਿਸਤਾਨੀਆਂ ਨੇ ਭਾਰਤੀ ਸਿਰਫ ਫ਼ਿਲਮਾਂ 'ਚ ਦੇਖੇ ਨੇ ਜਾਂ ਮੈਚਾਂ ਵਿੱਚ।

ਭਾਰਤੀ ਵੀ.. ਜੰਮ ਕੇ, ਜਵਾਨ ਹੋਕੇ, ਖਾ-ਹੰਢਾ ਕੇ ਅਗਲੇ ਜਹਾਨ ਤੁਰ ਜਾਂਦਾ ਹੈ ਤੇ ਪਾਕਿਸਤਾਨੀ ਉਨ੍ਹਾਂ ਨੇ ਕਦੇ ਜਿੰਦਗੀ 'ਚ ਨਹੀਂ ਵੇਖਿਆ ਹੁੰਦਾ, ਸਿਰਫ਼ ਖ਼ਬਰਾਂ 'ਚ ਹੀ ਵੇਖਿਆ ਹੁੰਦਾ ਹੈ।

ਨਸਲ ਦਰ ਨਸਲ ਦੁਸ਼ਮਣੀ ਮੁਨਾਫ਼ੇ ਦਾ ਕਾਰੋਬਾਰ ਹੈ

ਭਾਰਤ-ਪਾਕਿਸਤਾਨ ਦੇ ਫੌਜੀ

ਤਸਵੀਰ ਸਰੋਤ, NARINDER NANU/AFP via Getty Images

ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਡ ਤੋਂ ਬਾਅਦ ਦੀ ਜੰਮਪਲ ਨੇ। ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਵੀ ਤੇ ਫੀਲਡ ਮਾਰਸ਼ਲ ਵੀ ਵੰਡ ਤੋਂ ਕਿਤੇ ਬਾਅਦ ਪੈਦਾ ਹੋਏ ਸਨ।

ਹੁਣ, ਪਤਾ ਨਹੀਂ ਜੇ ਪਾਕਿਸਤਾਨ ਨਾਲ ਦੁਸ਼ਮਣੀ ਨਾ ਹੁੰਦੀ ਤਾਂ ਨਰਿੰਦਰ ਮੋਦੀ ਸਾਬ੍ਹ ਇੰਨੇ ਵੱਡੇ ਤੇ ਭਰੇ ਲੀਡਰ ਬਣ ਸਕਦੇ ਸਨ ਕਿ ਨਹੀਂ।

ਸਾਨੂੰ ਇੰਨਾ ਪੱਕ ਹੈ ਕਿ ਇੰਡੀਆ ਨਾਲ ਦੁਸ਼ਮਣੀ ਨਾ ਹੁੰਦੀ ਤਾਂ ਇੱਥੇ ਸਾਡੇ ਕੋਲ ਫੀਲਡ ਮਾਰਸ਼ਲ ਕੋਈ ਨਹੀਂ ਸੀ ਹੋਣਾ।

ਇਹ ਨਸਲ ਦਰ ਨਸਲ ਦੁਸ਼ਮਣੀ ਇਸੇ ਲਈ ਕਾਇਮ-ਦਾਇਮ ਹੈ ਅਤੇ ਹਰ ਨਸਲ ਨਾਲ ਵਧਦੀ ਜਾਂਦੀ ਹੈ ਕਿਉਂਕਿ ਇਸ ਦੁਸ਼ਮਣੀ ਦੇ ਫਾਇਦੇ ਵੀ ਬੜੇ ਨੇ।

ਇਹ ਵੀ ਪੜ੍ਹੋ-

ਕੁਝ ਧੜਿਆਂ ਦਾ ਤਾਂ ਰੋਟੀ-ਰੁਜ਼ਗਾਰ ਹੀ ਇਹ ਦੁਸ਼ਮਣੀ ਹੈ। ਇਹ ਦੁਸ਼ਮਣੀ ਮੁਨਾਫ਼ੇ ਦਾ ਕਾਰੋਬਾਰ ਹੈ, ਇਹ ਧੰਦਾ ਹੈ।

ਬਾਹਰ ਦੇ ਮੁਲਕ ਵੀ ਉੱਤੋਂ-ਉੱਤੋਂ ਤਾਂ ਕਹਿ ਜਾਂਦੇ ਨੇ ਕਿ 'ਟੂ ਨਿਊਕਲੀਅਰ ਪਾਵਰਸ ਅਗਜ਼ਿਸਟੈਨਸ਼ਿਅਲ ਥਰੈਟ ਟੂ ਦਿ ਵਰਲਡ ਆਰਡਰ'... ਕਿ ਇਹ ਇੱਕ ਦਿਨ ਪੂਰੀ ਦੁਨੀਆਂ ਤਬਾਹ ਕਰ ਦੇਣਗੇ। ਪਰ ਨਾਲ-ਨਾਲ ਦੋਵਾਂ ਮੁਲਕਾਂ ਨੂੰ ਅਸਲਾ ਵੀ ਵੇਚੀ ਜਾਂਦੇ ਨੇ।

ਪਿਛਲੇ ਦਿਨਾਂ 'ਚ ਜਿਹੜੀਆਂ ਝੜੱਪਾਂ ਹੋਈਆਂ, ਉਨ੍ਹਾਂ 'ਚ ਇੱਕ ਪਾਸੇ ਜਹਾਜ਼ ਫਰਾਂਸ ਤੋਂ ਖਰੀਦੇ ਗਏ, ਦੂਸਰੇ ਪਾਸੇ ਆਏ ਚੀਨ ਤੋਂ।

ਫੈਕਟਰੀਆਂ ਚੱਲੀਆਂ ਉਨ੍ਹਾਂ ਦੀਆਂ, ਮਿਜ਼ਾਇਲ ਅਸੀਂ ਮਾਰੇ ਇੱਕ-ਦੂਜੇ ਨੂੰ। ਉਨ੍ਹਾਂ ਦਾ ਕਾਰੋਬਾਰ ਚੱਲਦਾ ਰਿਹਾ, ਪੈਸੇ ਬਣਦੇ ਰਹੇ, ਉਨ੍ਹਾਂ ਨੇ ਪੈਸਾ ਇਕੱਠਾ ਕੀਤਾ, ਅਸੀਂ ਉਨ੍ਹਾਂ ਦੇ ਪੈਸੇ ਦੀ ਲੈਬੋਰੇਟਰੀ ਬਣ ਗਏ।

'ਹਮਨੇ ਦੁਸ਼ਮਨ ਕੋ ਖ਼ਾਕ ਚਟਾ ਦੀ ਹੈ'

ਭਾਰਤ-ਪਾਕਿਸਤਾਨ

ਤਸਵੀਰ ਸਰੋਤ, Getty Images

ਅਸੀਂ ਇਸ ਲੜਾਈ ਦੇ ਭਾਣੇ ਇੱਕ ਹੋਰ ਨਸਲ ਨੂੰ ਦੱਸ ਛੱਡਿਆ ਬਈ 'ਹਮਨੇ ਦੁਸ਼ਮਨ ਕੋ ਖ਼ਾਕ ਚਟਾ ਦੀ ਹੈ'।

ਕੌਮ ਇੱਕ ਵਾਰੀ ਫੇਰ ਇਕੱਠੀ ਹੋ ਗਈ, ਅੱਲ੍ਹਾ-ਅੱਲ੍ਹਾ ਖ਼ੈਰ ਸੱਲ੍ਹਾ।

ਇਨ੍ਹਾਂ ਪਿਛਲੀਆਂ ਝੜੱਪਾਂ ਵਿੱਚ ਇਹ ਵੀ ਪਤਾ ਲੱਗਾ ਕਿ ਸਾਡੀ ਦੁਸ਼ਮਣੀ ਹੁਣ ਡਿਜੀਟਲ ਦੌਰ 'ਚ ਦਾਖਲ ਹੋ ਗਈ ਹੈ।

ਦੋਵਾਂ ਮੁਲਕਾਂ ਦੇ ਜਹਾਜ਼ ਆਪਣੇ-ਆਪਣੇ ਬਰਡਰਾਂ ਦੇ ਅੰਦਰ ਹੀ ਰਹੇ। ਦੁਸ਼ਮਣ ਨੂੰ ਕਿਸੇ ਨੇ ਵੇਖਿਆ ਵੀ ਨਹੀਂ, ਬਸ ਰਾਡਾਰ ਦੀ ਸਕਰੀਨ 'ਤੇ ਇੱਕ ਡੌਟ ਜਿਹਾ ਵੇਖਿਆ ਤੇ ਮਿਜ਼ਾਈਲ ਫਾਇਰ ਕਰ ਦਿੱਤਾ।

'47 ਦੇ ਦੰਗੇ ਯਾਦ ਆ ਗਏ। ਉਦੋਂ ਜਿਹੜੇ ਬਰਛੀਆਂ-ਕੁਹਾੜੀਆਂ ਨਾਲ ਬੰਦਾ ਕੋਹਂਦੇ ਸਨ, ਉਹ ਘੱਟੋ-ਘੱਟ ਉਸਦੀ ਸ਼ਕਲ ਤਾਂ ਸਿਆਣ ਲੈਂਦੇ ਹੋਣਗੇ, ਅੱਖਾਂ ਵਿੱਚ ਝਾਤੀ ਤਾਂ ਪਾ ਲੈਂਦੇ ਹੋਣਗੇ।

ਹੁਣ ਅਸੀਂ ਚੌਥੀ ਨਸਲ ਨੂੰ ਦੁਸ਼ਮਣੀ ਦਾ ਇਹ ਤੋਹਫ਼ਾ ਦਿੱਤਾ ਹੈ ਤੇ ਨਾਲ ਇਹ ਵੀ ਸਿਖਾ ਦਿੱਤਾ ਹੈ ਕਿ ਦੁਸ਼ਮਣ ਨੂੰ ਸਿਆਨਣ ਦੀ ਕੋਈ ਲੋੜ ਨਹੀਂ, ਦੁਸ਼ਮਣੀ ਦੀ ਵਜ੍ਹਾ ਸਮਝਣ ਦੀ ਵੀ ਕੋਈ ਲੋੜ ਨਹੀਂ। ਬਸ ਲੜੀ ਜਾਓ, ਮਰੀ ਜਾਓ.. ਇਹਦਾ ਹੀ ਨਾਂ ਆਜ਼ਾਦੀ ਹੈ।

ਰੱਬ ਰਾਖਾ!

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)