'ਆਪੋ-ਆਪਣੇ ਦੇਸ਼ ਦੇ ਅੰਨ ਦਾਤਾ ਕਹਾਉਣ ਵਾਲੇ ਭਾਰਤ ਤੇ ਪਾਕਿਸਤਾਨ ਵਿਚਲੇ ਪੰਜਾਬ ਦੇ ਖੇਤ ਇੰਝ ਸੁੰਗੜ ਰਹੇ ਹਨ'- ਮੁਹੰਮਦ ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਭਾਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਿਲੇ-ਸ਼ਿਕਵੇ ਤਾਂ ਆਪਣੇ ਵਜ਼ੀਰ-ਏ-ਆਜ਼ਮ ਮੋਦੀ ਨਾਲ ਕਰ ਰਹੇ ਸਨ। ਲੇਕਿਨ ਵਿੱਚ ਇੱਕ ਅਜਿਹੀ ਗੱਲ ਕਰ ਗਏ ਜੋ ਅਸੀਂ ਪੰਜਾਬੀ ਅਕਸਰ ਕਰਦੇ ਹੁੰਦੇ ਹਾਂ।
ਫਰਮਾਇਆ ਕਿ, 'ਪੂਰੇ ਹਿੰਦੁਸਤਾਨ ਦੀ ਸੱਤਰ ਫ਼ੀਸਦੀ ਖ਼ੁਰਾਕ ਪੰਜਾਬ ਤੇ ਹਰਿਆਣਾ ਮਿਲ ਕੇ ਪੈਦਾ ਕਰਦੇ ਹਨ।'
ਅਸੀਂ ਇਧਰਲੇ ਪੰਜਾਬ ਵਿੱਚ ਇਹੀ ਸੁਣਿਆ ਹੈ ਕਿ 'ਪੰਜਾਬੀ ਦਾ ਹਲ਼ ਚਲਦਾ ਹੈ ਤੇ ਪੂਰਾ ਹਿੰਦ-ਸਿੰਧ ਰੋਟੀ ਖਾਂਦਾ ਹੈ।'
ਕਿਸੇ ਜ਼ਮਾਨੇ ਵਿੱਚ ਗੱਲ ਠੀਕ ਹੋਏਗੀ, ਅਸੀਂ ਵੀ ਛੋਟੇ ਹੁੰਦਿਆਂ ਦੇਖਿਆ ਹੈ ਕਿ ਜੀਟੀ ਰੋਡ ਉੱਤੇ ਨਿਕਲੋ ਤਾਂ ਮੀਲਾਂ ਤੋਂ ਮੀਲਾਂ ਤੱਕ ਸਿਰਫ਼ ਪੈਲੀਆਂ ਹੀ ਪੈਲੀਆਂ ਹੁੰਦੀਆਂ ਸਨ।
ਕਿਤੇ ਕੋਈ ਟਾਵੀਂ-ਟਾਵੀਂ ਬਿਲਡਿੰਗ ਜਾਂ ਮੁਰਗੀ ਖਾਨਾ ਨਜ਼ਰ ਆਉਂਦਾ ਸੀ।
ਪੈਲੀਆਂ ਦਾ ਕੰਕਰੀਟ 'ਚ ਬਦਲਣਾ

ਤਸਵੀਰ ਸਰੋਤ, Getty Images
ਹੁਣ ਉਸੇ ਜੀਟੀ ਰੋਡ ਉੱਤੇ ਨਿਕਲ ਜਾਓ ਤਾਂ ਇੱਕ ਹਾਊਸਿੰਗ ਕਾਲੋਨੀ ਤੋਂ ਬਾਅਦ ਦੂਸਰੀ ਅਤੇ ਦੂਸਰੀ ਤੋਂ ਬਾਅਦ ਤੀਸਰੀ, ਤੇ ਜੇ ਕਿਤੇ ਕੋਈ ਖਾਲੀ ਪੈਲੀ ਨਜ਼ਰ ਆ ਜਾਏ ਤਾਂ ਉਸ ਉੱਤੇ ਵੀ "ਬਰਾਏ ਫਰੋਖ਼ਤ" (ਵਿਕਾਊ) ਦਾ ਬੋਰਡ ਲੱਗਾ ਹੁੰਦਾ ਹੈ।
ਜਿੱਥੇ ਕਦੀ ਨਹਿਰ ਵਗਦੀ ਸੀ ਉੱਥੇ ਹੁਣ ਕਨਾਲ 'ਵਿਊ ਸੁਸਾਇਟੀ' ਹੈ।
ਜਿੱਥੇ ਕਦੀ ਖੇਤ ਹੁੰਦੇ ਸਨ, ਜਿਨ੍ਹਾਂ ਵਿੱਚ ਗੰਢੇ, ਟਮਾਟਰ ਉਗਾਏ ਜਾਂਦੇ ਸਨ। ਉੱਥੇ ਹੁਣ ਗੋਲਫ਼ ਕੋਰਸ ਬਣੇ ਹਨ ਅਤੇ ਗੋਲਫ਼ ਕੋਰਸ ਦੇ ਨਾਲ ਹੋਰ ਵੀ ਮਹਿੰਗੀ ਸੁਸਾਇਟੀ।
ਇੱਕ ਲਾਹੌਰ ਦਾ ਡੀਐੱਚਏ ਹੈ, ਜੋ ਲੱਗਦਾ ਹੈ ਵੀ ਕਿਸੇ ਵੀ ਦਿਨ ਵਾਹਗਾ ਬਾਰਡਰ ਤੱਕ ਪਹੁੰਚਣ ਵਾਲਾ ਹੈ। ਜਿੱਥੇ ਕਦੀ ਰਾਵੀ ਵਗਦਾ ਸੀ ਤੇ ਅੱਧੇ ਪੰਜਾਬ ਨੂੰ ਰੋਟੀ ਖਵਾਉਂਦਾ ਸੀ। ਉੱਥੇ ਰਾਵੀ ਫਰੰਟ ਨਾਂਅ ਦੀ ਬਲਾਅ ਬਣਨ ਲੱਗੀ ਹੈ।
ਕਿਸਾਨਾਂ ਦੇ ਹਾਲਾਤ
ਇਹ ਅਜੇ ਕਿਸੇ ਸਿਆਣੇ ਨੇ ਸਾਨੂੰ ਨਹੀਂ ਦੱਸਿਆ ਕਿ ਸਾਰੀ ਧਰਤੀ ਵਿੱਚ ਕੰਕਰੀਟ ਵਿਛਾ ਦਿਓਗੇ ਤਾਂ ਹਿੰਦ-ਸਿੰਧ ਨੂੰ ਭੁੱਲ ਜਾਓ, ਪੰਜਾਬੀ ਆਪਣੀ ਰੋਟੀ ਲਈ ਅਨਾਜ ਕਿੱਥੋਂ ਲੈ ਕੇ ਆਉਣਗੇ।
ਜਿਹੜੇ ਵਿਚਾਰੇ ਜ਼ਮੀਂਦਾਰ ਤੇ ਕਿਸਾਨ ਜ਼ਮੀਨਾਂ ਵੇਚ ਰਹੇ ਹਨ, ਕਸੂਰ ਉਨ੍ਹਾਂ ਦਾ ਵੀ ਐਡਾ ਕੋਈ ਨਹੀਂ। ਜੇ ਪੂਰਾ ਸਾਲ ਇੱਕ ਕਿੱਲੇ ਵਿੱਚ ਗੋਡੀਆਂ ਕਰਕੇ, ਹਲ ਵਾਹ ਕੇ ਪੂਰੀ ਨਾ ਪਵੇ ਤੇ ਉਹੀ ਕਿੱਲਾ ਬਜ਼ਾਰ ਵਿੱਚ ਕਰੋੜਾਂ ਦਾ ਵਿਕਦਾ ਹੋਵੇ ਤਾਂ ਉਹ ਕਿਉਂ ਨਾ ਪਲਾਟ ਕੱਟੇ?
ਟਰੈਕਟਰ ਵੇਚ ਕੇ, ਲਿਸ਼ਕਦੀ ਕਰੋਲਾ ਕਿਉਂ ਨਾ ਲੈ ਲਵੇ?
"ਹਮਾਰੇ ਹਰੇ-ਭਰੇ ਇਤਿਹਾਸ ਤਬਾਹ ਹੋ ਰਹੇ ਹੈਂ। ਹਮਾਰੀ ਤਹਿਜ਼ੀਬ ਤਬਾਹ ਹੋ ਰਹੀ ਹੈ" ਇਹ ਵਾਲਾ ਰੌਲ਼ਾ ਅਕਸਰ ਪਿੰਡਾਂ ਤੋਂ ਸ਼ਹਿਰ ਆ ਕੇ ਰਹਿਣ ਵਾਲੇ ਬਾਬੂ ਪਾਉਂਦੇ ਹਨ।
ਜਿਨ੍ਹਾਂ ਨੇ ਆਪ ਤਾਂ ਬਾਰ੍ਹਵੇਂ ਫਲੋਰ ਉੱਤੇ ਫਲੈਟ ਵਿੱਚ ਰਹਿਣਾ ਹੁੰਦਾ ਹੈ, ਜਾਂ ਕਿਸੇ ਗੇਟਡ ਕਾਲੋਨੀ ਵਿੱਚ, ਨਾਲ ਗੱਡੀ ਲਈ ਪਾਰਕਿੰਗ ਵੀ ਚਾਹੀਦੀ ਹੁੰਦੀ ਹੈ। ਸਿਗਨਲ ਫਰੀ ਕੌਰੀਡੋਰ ਵੀ ਚਾਹੀਦਾ ਹੈ।
ਉਹੀ ਪਿੰਡ ਵਾਲਿਆਂ ਨੂੰ ਤਾਅਨੇ ਮਾਰੀ ਜਾਂਦੇ ਨੇ ਕਿ ਇਹ ਸਾਡੀ ਧਰਤੀ ਨੂੰ ਸਾਡੇ ਮਾਹੌਲ ਨੂੰ ਉਜਾੜ ਰਹੇ ਹਨ। ਆਪ ਉਹ 'ਗਰੋਸਰੀ ਸਟੋਰ' ਤੋਂ ਸੁੱਕਾ ਰਾਸ਼ਨ ਲੈ ਕੇ ਗੁਜ਼ਾਰਾ ਕਰਦੇ ਹਨ।
ਬਜ਼ੁਰਗਾਂ ਨੇ ਸੱਚਾਈ ਦਿਖਾਈ

ਤਸਵੀਰ ਸਰੋਤ, Getty Images
ਇੰਡੀਅਨ ਪੰਜਾਬ ਵਿੱਚ ਹੋਣ ਵਾਲੇ ਕਿਸਾਨ ਮਾਰਚ ਵਿੱਚ ਇੱਕ ਬਜ਼ੁਰਗ ਨੇ ਸ਼ਹਿਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ 'ਬਈ ਪੀਜ਼ਾ ਤੇ ਤੁਸੀਂ ਖਾ ਲੈਂਦੇ ਹੋ। ਲੇਕਿਨ ਇਹ ਵੀ ਯਾਦ ਰੱਖਿਆ ਕਰੋ ਕਿ ਇਹ ਜਿਸ ਆਟੇ ਤੋਂ ਬਣਦਾ ਹੈ, ਉਸਦੇ ਲਈ ਕਣਕ ਵੀ ਕਿਸਾਨ ਉਗਾਉਂਦਾ ਹੈ।'
'ਚੀਜ਼ ਲਈ ਦੁੱਧ ਵੀ ਉਥੋਂ ਹੀ ਆਉਂਦਾ ਹੈ। ਉਤੇ ਜਿਹੜਾ ਟਮਾਟਰ-ਪਿਆਜ਼ ਅਤੇ ਸਬਜ਼ੀ ਪਾਉਣੀ ਹੁੰਦੀ ਹੈ, ਉਹ ਵੀ ਕਿਸਾਨ ਹੀ ਉਗਾਉਂਦਾ ਹੈ।'
ਅੰਨ੍ਹੇਵਾਹ ਤਰੱਕੀ ਦਾ ਸ਼ੌਂਕ ਸਾਨੂੰ ਸਾਰਿਆਂ ਨੂੰ ਹੈ। ਮੈਂ ਬਚਪਨ ਵਿੱਚ ਬਜ਼ੁਰਗਾਂ ਨੂੰ ਫਖ਼ਰ ਨਾਲ ਕਹਿੰਦੇ ਸੁਣਿਆ ਸੀ ਕਿ 'ਸਾਡੇ ਕੋਲ ਪਿੰਡ ਵਿੱਚ ਸਾਰਾ ਕੁਝ ਮੌਜੂਦ ਹੈ। ਖੁਰਾਕ ਪਾਣੀ ਤਾਂ ਆਪਣਾ ਹੈ ਹੀ, ਜੁੱਤੀ ਮੋਚੀ ਬਣਾ ਦਿੰਦਾ ਹੈ। ਕੱਪੜਿਆਂ ਦਾ ਜੋੜਾ ਜੁਲਾਹੇ ਕੋਲੋਂ ਆ ਜਾਂਦਾ ਹੈ। ਅਸੀਂ ਸ਼ਹਿਰ ਸਿਰਫ ਲੂਣ ਲੈਣ ਜਾਂਦੇ ਹਾਂ।'
ਹੁਣ ਉਨ੍ਹਾਂ ਹੀ ਪਿੰਡਾਂ ਵਿੱਚ ਗੇਟਡ ਕਾਲੋਨੀਆਂ ਬਣ ਗਈਆਂ ਹਨ। ਤਰੱਕੀ ਕਰਨੀ ਹੈ, ਕਰੀ ਜਾਓ। ਗੇਟਡ ਕਾਲੋਨੀਆਂ ਬਣਾਉਣੀਆਂ ਨੇ, ਬਣਾਈ ਜਾਓ। ਲੇਕਿਨ ਕਿਤੇ-ਕਿਤੇ ਆਪਣੇ ਕਬਰਿਸਤਾਨਾਂ ਲਈ ਕੁਝ ਜਗ੍ਹਾ ਵੀ ਛੱਡ ਦਿਆ ਕਰੋ ਕਿਉਂਕਿ ਜਾਣਾ ਤੇ ਅਸੀਂ ਆਖਰ ਇਸੇ ਮਿੱਟੀ ਵਿੱਚ ਹੀ ਹੈ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













