'ਪਾਕਿਸਤਾਨੀਆਂ ਨੂੰ ਪਤਾ ਕਿ ਉਨ੍ਹਾਂ ਦਾ ਮਾਈ-ਬਾਪ ਕੌਣ ਹੈ, ਟਰੰਪ ਨੂੰ ਵੀ ਪਤਾ ਹੋਵੇਗਾ ਇਸ ਲਈ ਉਨ੍ਹਾਂ ਨੇ ਸਿੱਧਾ ਮੁਨੀਰ ਨੂੰ ਹੀ ਸੱਦ ਲਿਆ'- ਮੁਹੰਮਦ ਹਨੀਫ਼ ਦਾ ਵਲੌਗ

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਟਰੰਪ ਅਤੇ ਆਸਿਫ਼ ਮੁਨੀਰ ਦੀ ਮੁਲਾਕਾਤ 'ਤੇ ਮੁਹੰਮਦ ਹਨੀਫ਼ ਦਾ ਵਲੌਗ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ

ਲਓ ਜੀ ਪਾਕਿਸਤਾਨ ਅਤੇ ਅਮਰੀਕਾ ਦੀ ਲਵ ਸਟੋਰੀ ਇੱਕ ਵਾਰੀ ਫ਼ੇਰ ਸ਼ੁਰੂ ਹੋ ਗਈ ਹੈ।

ਇਸ ਪਿਆਰ ਦੀਆਂ ਪੀਂਘਾ ਅਸੀਂ ਪਹਿਲੇ ਵੀ ਝੂਟ ਚੁੱਕੇ ਹਾਂ ਪਰ ਕਿਸੇ ਅਮਰੀਕੀ ਸਦਰ ਨੇ ਪਾਕਿਸਤਾਨ ਦੇ ਆਰਮੀ ਚੀਫ਼ ਨੂੰ ਵ੍ਹਾਈਟ ਹਾਊਸ 'ਚ ਦਾਵਤ ਨਹੀਂ ਦਿੱਤੀ।

ਇਸ ਦਫ਼ਾ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਬੁਲਾਇਆ ਗਿਆ। ਬੰਦ ਕਮਰੇ ਵਿੱਚ ਰੋਟੀ-ਸ਼ੋਟੀ ਹੋਈ, ਬੰਦ ਕਮਰੇ 'ਚ ਕੀ ਗੱਲਾਂ ਹੋਈਆਂ ਨੇ ਉਨ੍ਹਾਂ ਦਾ ਸਾਨੂੰ ਨਹੀਂ ਪਤਾ, ਲੇਕਿਨ ਸਦਰ ਟਰੰਪ ਨੇ ਕਿਹਾ ਕਿ ਇਹ ਮੀਟਿੰਗ ਉਨ੍ਹਾਂ ਲਈ 'ਔਨਰ' ਸੀ।

ਹੁਣ ਜਿੱਥੇ ਪਿਆਰ ਹੋਵੇਗਾ, ਉੱਥੇ ਸੜ੍ਹਨ ਵਾਲੇ ਵੀ ਹੋਣੇਗੇ। ਤੁਸੀਂ ਵੇਖਿਆ ਹੋਣਾ ਕਿ ਹਰ ਲਵ ਸਟੋਰੀ 'ਚ ਜਦੋਂ ਵਿਆਹ ਹੋਣ ਲੱਗਦਾ, ਤਾਂ ਕੋਈ ਬੰਦਾ ਆ ਕੇ ਕਹਿੰਦਾ ਕੇ 'ਯਹ ਸ਼ਾਦੀ ਨਹੀਂ ਹੋ ਸਕਤੀ' ਲੇਕਿਨ ਜੰਞਾਂ ਰੋਜ਼ ਢੁੱਕਦੀਆਂ ਨੇ, ਵਾਜੇ ਵੀ ਰੋਜ਼ ਵੱਜਦੇ ਹਨ।

ਇਹ ਵੀ ਪੜ੍ਹੋ

ਹੁਣ ਪਾਕਿਸਤਾਨ ਤੋਂ ਬਾਹਰ ਕਿਸੇ ਨੂੰ ਸ਼ੱਕ ਹੋਵੇ ਤੇ ਹੋਵੇ, ਪਾਕਿਸਤਾਨੀਆਂ ਨੂੰ ਪਤਾ ਕਿ ਉਨ੍ਹਾਂ ਦਾ ਮਾਈ-ਬਾਪ ਕੌਣ ਹੈ। ਜੇ ਪਾਕਿਸਤਾਨੀਆਂ ਨੂੰ ਪਤਾ, ਤਾਂ ਟਰੰਪ ਨੂੰ ਵੀ ਪਤਾ ਹੋਵੇਗਾ ਇਸ ਲਈ ਉਨ੍ਹਾਂ ਨੇ ਸਿੱਧਾ ਉਨ੍ਹਾਂ ਨੂੰ ਹੀ ਸੱਦ ਲਿਆ।

ਹੁਣ ਪਾਕਿਸਤਾਨ ਦੇ ਅੰਦਰ ਸੜ੍ਹਨ ਵਾਲੇ ਨੇ ਜੋ, ਉਨ੍ਹਾਂ 'ਚੋ ਕੁਝ ਕਹਿੰਦੇ ਨੇ ਕਿ ਸਾਡੇ ਵਜ਼ੀਰ-ਏ-ਆਜ਼ਮ ਸ਼ਹਿਬਾਜ਼ ਸ਼ਰੀਫ਼ ਨੂੰ ਕਿਉਂ ਨਹੀਂ ਬੁਲਾਇਆ, ਲੇਕਿਨ ਇਹ ਕਹਿੰਦੇ ਹੋਏ ਉਨ੍ਹਾਂ ਦਾ ਆਪਣਾ ਹੀ ਹਾਸਾ ਨਿਕਲ ਜਾਂਦਾ।

ਦੂਜੇ ਉਹ ਭੈਣ-ਭਰਾ ਨੇ ਜਿਨ੍ਹਾਂ ਦਾ ਰੋਣਾ ਇਹ ਹੈ ਕਿ ਅਸੀਂ ਤਾਂ ਵੋਟ ਇਮਰਾਨ ਖ਼ਾਨ ਨੂੰ ਦਿੱਤੇ ਸੀ, ਵਜ਼ੀਰ-ਏ-ਆਜ਼ਮ ਅਸੀਂ ਉਨ੍ਹਾਂ ਨੂੰ ਚੁਣਿਆ ਸੀ, ਤੁਸੀਂ ਉਨ੍ਹਾਂ ਨੂੰ ਜੇਲ੍ਹ 'ਚ ਪਾ ਕੇ ਉਨ੍ਹਾਂ ਦੇ ਜੇਲ੍ਹਰ ਨਾਲ ਹੀ ਜੱਫੀਆਂ ਪਾਉਣ ਲੱਗ ਪਏ ਹੋ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਵਿੱਚ ਅਮਰੀਕਾ ਗਏ ਸਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਵਿੱਚ ਅਮਰੀਕਾ ਗਏ ਸਨ

ਉਧਰੋਂ ਸਾਡਾ ਗੁਆਂਢੀ ਹੈ ਇੰਡੀਆ , ਉਸਦਾ ਸਾੜ ਬਿਲਕੁਲ ਬਣਦਾ ਹੈ। ਕਿਉਂਕਿ ਉਹ ਪੂਰੀ ਦੁਨੀਆਂ ਨੂੰ ਆਪਣੀ ਮੁਸ਼ਕਲ ਅੰਗਰੇਜ਼ੀ 'ਚ ਸਮਝਾਉਣ ਤੁਰਿਆ ਸੀ ਕਿ ਪਾਕਿਸਤਾਨ ਇੱਕ ਪੁਰਾਣਾ ਅਤੇ ਆਦਿ ਦਹਿਸ਼ਤਗਰਦ ਹੈ। ਹੁਣ ਅਮਰੀਕਾ ਬੋਲ ਪਿਆ ਕੇ ਪਾਕਿਸਤਾਨ ਤੋਂ ਜ਼ਿਆਦਾ ਤੇ ਕਿਸੇ ਨੂੰ ਦਹਿਸ਼ਤਗਰਦੀ ਦੇ ਨਾਲ ਲੜ੍ਹਨਾ ਆਉਂਦਾ ਹੀ ਨਹੀਂ ਅਤੇ ਇਸ ਧੰਦੇ ਦੇ ਵਿੱਚ ਸਾਡੀ ਪੁਰਾਣੀ ਭਰਾਬੰਦੀ ਹੈ।

ਵੀਡੀਓ ਕੈਪਸ਼ਨ, ਡੌਨਲਡ ਟਰੰਪ ਅਤੇ ਆਸਿਮ ਮੁਨੀਰ ਦੀ ਮੁਲਾਕਾਤ ’ਤੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ

ਗੱਲ ਕੁਝ ਹੈ ਵੀ ਸਹੀ, ਪਾਕਿਸਤਾਨ ਦੇ ਸਾਰੇ ਫੌਜੀ ਹੁਮਕਮਰਾਨ ਜਰਨਲ ਅਯੂਬ, ਜ਼ਾਵਲ ਹਕ ਸ਼ਹੀਰ, ਜਰਨਲ ਮੁਸ਼ਰੱਫ ਇਨ੍ਹਾਂ ਸਾਰੀਆਂ ਦੀ ਵ੍ਹਾਈਟ ਹਾਊਸ 'ਚ ਦਾਵਤ ਹੋ ਚੁੱਕੀ ਹੈ। ਲੇਕਿਨ ਇਹ ਉਦੋਂ ਹੋਈ ਸੀ, ਜਦੋਂ ਇਨ੍ਹਾਂ ਨੇ ਮਾਰਸ਼ਲ ਲਾਅ ਲੱਗਾ ਦਿੱਤਾ ਸੀ, ਆਪ ਸਦਰ ਬਣ ਗਏ ਸਨ ਅਤੇ ਸਿਵਿਲੀਅਨ ਹਕੂਮਤ ਦੇ ਫੱਟੇ ਚੁੱਕ ਛੱਡੇ ਸਨ।

ਹੁਣ ਜਰਨਲ ਆਸਿਮ ਮੁਨੀਰ ਇੰਨੀ ਕਰਨੀ ਵਾਲੇ ਨੇ ਕੇ ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਪੁਰਾਣੇ ਵਾਲੇ ਫੱਟੇ ਆਪਣੇ ਪੁਰਾਣੇ ਵਾਲੇ ਆਨੇ ਪਏ ਨੇ, ਇਨ੍ਹਾਂ ਨੂੰ ਚੁੱਕਣ ਦੀ ਕੋਈ ਲੋੜ ਨਹੀਂ, ਬਸ ਬੂਟ ਦੇ ਤਸਮੇ ਖਿੱਚ ਕੇ ਬੰਨੋ ਅਤੇ ਫ਼ਿਰ ਵੇਖੋ ਕਿਹੜਾ ਕਿੰਨੇ ਜੋਗਾ ਹੈ।

'ਪਾਕ ਨੂੰ ਪਹਿਲਾਂ ਵੀ ਰੋਂਦਿਆਂ ਛੱਡ ਗਿਆ ਸੀ ਅਮਰੀਕਾ'

ਆਸਿਮ ਮੁਨੀਰ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ

ਤਸਵੀਰ ਸਰੋਤ, PA/ Reuters

ਤਸਵੀਰ ਕੈਪਸ਼ਨ, ਆਸਿਮ ਮੁਨੀਰ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ ਬੰਦ ਕਮਰੇ ਵਿੱਚ ਹੋਈ ਅਤੇ ਪ੍ਰੈਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ

ਹਰ ਲਵ ਸਟੋਰੀ ਵਿੱਚ ਇੱਕ ਪੋਲਾ ਜਿਹਾ ਫੁੱਫੜ ਵੀ ਹੁੰਦਾ ਹੈ। ਜਿਹੜਾ ਕਹਿੰਦਾ ਹੈ, 'ਆਈ ਵਿਸ਼ ਯੂ ਵੈੱਲ', ਲੇਕਿਨ ਯਾਦ ਰੱਖੋ ਕਿ ਇਹ ਪਿਆਰ ਦੀ ਕਹਾਣੀ ਤੋੜ ਨਹੀਂ ਚੜਨੀ।

ਇਹ ਵੀ ਨਾ ਭੁੱਲੋ ਕਿ ਇਹੋ ਅਮਰੀਕਾ ਪਹਿਲਾਂ ਤੁਹਾਨੂੰ ਰੋਂਦੀ-ਕੁਰਲਾਉਂਦੀ ਨੂੰ ਛੱਡ ਕੇ ਤੁਰ ਗਿਆ ਸੀ। ਅਮਰੀਕਾ ਨੂੰ ਯਾਰੀ ਲਾਉਣੀ ਆਉਂਦੀ ਹੈ ਪਰ ਨਿਭਾਉਣੀ ਨਹੀਂ ਆਉਂਦੀ।

ਇਹ ਵੀ ਯਾਦ ਰੱਖੋ ਕਿ ਜਦੋਂ ਖ਼ਰਚਾ-ਪਾਣੀ ਲੈਣ ਆਈਐੱਮਐੱਫ ਜਾਂਦੇ ਸੀ, ਉੱਥੇ ਵੀ ਇਹ ਤੁਹਾਨੂੰ ਘੁਰੀਆਂ ਵੱਟਦਾ ਸੀ।

ਸੜ੍ਹਨ ਵਾਲੇ ਵੀ ਸਹੀ ਨੇ ਤੇ ਸਿਆਣਿਆਂ ਦਾ ਸਮਝਾਉਣਾ ਵੀ ਸਹੀ ਹੈ ਅਤੇ ਬਣਦਾ ਹੈ। ਪਰ ਪਾਕਿਸਤਾਨੀਆਂ ਨੂੰ ਹੁਣ ਕੌਣ ਸਮਝਾਵੇ ?

ਪਾਕਿਸਤਾਨੀ ਵਿਚਾਰੇ ਬੜੇ ਚਿਰ ਤੋਂ ਦੁਨੀਆਂ 'ਚ ਲੂਰ-ਲੂਰ ਫਿਰਦੇ ਸਨ। ਕੋਈ ਇਨ੍ਹਾਂ ਨੂੰ ਦੋਗਲਾ ਕਹਿੰਦਾ ਸੀ, ਕੋਈ ਦੋ ਨੰਬਰ। ਕਦੇ ਫਟਾਫ਼ ਦੀ ਗ੍ਰੇ ਲਿਸਟ, ਕਦੀ ਕਿਤੋ ਧਮਕੀ 'ਤੇ ਕਦੀ ਕਿਤੋ ਚੰਡ। ਹੁਣ ਅਮਰੀਕਾ ਦਾ ਸਦਰ ਆਪ ਖਲੋਂ ਕੇ ਕਹਿੰਦਾ ਹੈ ਕਿ 'ਆਈ ਲਵ ਪਾਕਿਸਤਾਨ'।

ਉਹ ਪਾਕਿਸਤਾਨੀ ਜਿਨ੍ਹਾਂ ਨੇ ਅਮਰੀਕਾ ਦੇ ਨਾਲ ਪੁਰਾਣੀ ਯਾਰੀ ਵਿੱਚ ਮੌਜਾਂ ਕੀਤੀਆਂ ਸਨ, ਉਹ ਤਾਂ ਅੱਗੋਂ ਇਹੋ ਗਾਉਣ ਲੱਗ ਪਏ ਹਨ ਕਿ "ਮਾਹੀ ਆਵੇਗਾ, ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ।

'ਝੂਠਮੂਠ ਦਾ 'ਆਈ ਲਵ ਯੂ''

ਵੈਸੇ ਵੀ ਭਾਵੇਂ ਕੋਈ ਝੂਠਮੂਠ ਹੀ 'ਆਈ ਲਵ ਯੂ' ਕਹਿ ਦੇਵੇ ਤਾਂ ਦਿਲ ਇੱਕ ਮਿੰਟ ਲਈ ਹੀ ਸਹੀ ਖੁਸ਼ ਤਾਂ ਹੋ ਹੀ ਜਾਂਦਾ, ਰੂਹ ਤਾਂ ਰਾਜ਼ੀ ਹੋ ਹੀ ਜਾਂਦੀ ਹੈ।

ਗੱਲ ਪੁਰਾਣੀ ਹੈ, ਪਰ ਗੱਲ ਹੈ ਸੱਚੀ, ਜਦੋਂ ਹਾਥੀਆਂ ਦੀ ਲੜਾਈ ਹੁੰਦੀ ਹੈ ਤੇ ਉਜਾੜ ਤਾਂ ਘਾਹ ਦਾ ਹੀ ਹੁੰਦਾ ਹੈ। ਜਦੋਂ ਮੌਜ ਮਸਤੀ 'ਚ ਆ ਕੇ ਪਿਆਰ ਕਰਨ ਲੱਗ ਪੈਣ, ਫ਼ਿਰ ਵੀ ਨੁਕਸਾਨ ਘਾਹ ਦਾ ਹੀ ਹੁੰਦਾ।

ਦੁਨੀਆਂ 'ਚ ਪਹਿਲਾਂ ਹੀ ਬਹੁਤ ਜੰਗਾਂ ਲੱਗੀਆਂ ਹੋਈਆਂ ਹਨ, ਹੁਣ ਆਪਣੀ ਇਸ ਨਵੀਂ ਯਾਰੀ ਵਿੱਚ ਜੇ ਅੱਗਾਂ ਬੁਝਾ ਨਹੀਂ ਸਕਦੇ ਤਾਂ ਘੱਟੋ-ਘੱਟ ਇਸ 'ਚ ਆਪਣਾ ਹਿੱਸਾ ਨਾ ਪਾਓ। ਇੰਝ ਨਾ ਹੋਵੇ ਕਿ ਪਿਛਲੀ ਯਾਰੀ 'ਚ ਜਿਹੜੀ ਮਾੜੀ-ਮੋਟੀ ਘਾਹ ਬਚ ਗਈ ਸੀ ਉਹ ਸੜ੍ਹ ਕੇ ਸੁਆਹ ਨਾ ਹੋ ਜਾਵੇ।

"ਰੱਬ ਰਾਖਾ"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)