'ਜਿਹੜਾ ਆਪਣੀ ਮਾਂ-ਬੋਲੀ ਨੂੰ ਛੱਡ ਦੇਵੇ, ਉਸ ਨੇ ਦੁਨੀਆਂ ਵਿੱਚ ਖੇਹ ਤੇ ਸੁਆਹ ਤਰੱਕੀ ਕਰਨੀ ਹੈ'- ਮੁਹੰਮਦ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Mohammed Hanif
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਅਸੀਂ ਕਦੇ-ਕਦੇ ਕਿਸੇ ਬੰਦੇ ਨੂੰ ਪੰਜਾਬੀ ਪਿਆਰਾ ਕਹਿ ਦਿੰਦੇ ਹਾਂ। ਇਹ ਉਹ ਲੋਕ ਹੁੰਦੇ ਹਨ ਜਿਹੜੇ ਪੰਜਾਬੀ ਬੋਲਣ ਤੋਂ ਸੰਗਦੇ ਨਹੀਂ, ਆਪਣੀ ਮਾਂ ਬੋਲੀ ਨੂੰ ਮਾਂ ਦੀ ਗਾਲ਼ ਨਹੀਂ ਸਮਝਦੇ। ਬੱਚਿਆਂ ਨਾਲ ਵੀ ਬੋਲ ਲੈਂਦੇ ਨੇ, ਵੱਡਿਆਂ ਨਾਲ ਵੀ, ਗੱਲ ਸਮਝ ਵੀ ਜਾਂਦੇ ਨੇ ਤੇ ਸਮਝਾ ਵੀ ਜਾਂਦੇ ਨੇ।
ਪੰਜਾਬੀ ਪਿਆਰਿਆਂ ਦੇ ਪਿਆਰੇ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਦੇ ਜਗਤ ਗੁਰੂ, ਸਕਾਲਰ ਤੇ ਯਾਰਾਂ ਦੇ ਯਾਰ ਡਾਕਟਰ ਮਨਜ਼ੂਰ ਏਜਾਜ਼ ਸਾਬ੍ਹ ਪੂਰੇ ਹੋ ਗਏ ਨੇ।
ਉਹ ਸਾਹੀਵਾਲ ਦੇ ਕੋਲ ਇੱਕ ਪਿੰਡ ਹੈ ਬੁਰਜਵਾਲਾ, ਉੱਥੋਂ ਦੇ ਜੰਮਪਲ ਸਨ। ਜਿਸ ਸਾਲ ਪਾਕਿਸਤਾਨ ਬਣਿਆ, 1947 'ਚ, ਓਦੋਂ ਪੈਦਾ ਹੋਏ ਸਨ।

ਪੈਦਾ ਹੁੰਦਿਆਂ ਹੀ ਉਨ੍ਹਾਂ ਦੀ ਇੱਕ ਲੱਤ ਨੂੰ ਪੋਲੀਓ ਦੀ ਬਿਮਾਰੀ ਹੋ ਗਈ ਸੀ। ਉਸ ਜ਼ਮਾਨੇ 'ਚ ਪੋਲੀਓ ਦੀ ਕੋਈ ਜ਼ਿਆਦਾ ਸਮਝ-ਬੂਝ ਨਹੀਂ ਸੀ ਹੁੰਦੀ।
ਉਨ੍ਹਾਂ ਦੇ ਵਾਲਿਦ ਸਾਬ੍ਹ, ਜਿਨ੍ਹਾਂ ਨੂੰ ਉਹ ਮਹਿਰ ਜੀ ਕਹਿੰਦੇ ਸਨ, ਉਹ ਉਨ੍ਹਾਂ ਨੂੰ ਮੋਢਿਆਂ 'ਤੇ ਬਿਠਾ ਕੇ ਪੂਰੇ ਪੰਜਾਬ ਦੇ ਹਕੀਮਾਂ, ਪੀਰਾਂ, ਫਕੀਰਾਂ ਕੋਲ ਲੈ ਕੇ ਫਿਰੇ ਪਰ ਕੋਈ ਫ਼ਰਕ ਨਹੀਂ ਪਿਆ।
ਫਿਰ ਇੱਕ ਦਿਨ ਮਹਿਰ ਜੀ ਨੇ ਸ਼ਹਿਰ ਵਿੱਚ ਕਿਸੇ ਬੰਦੇ ਨੂੰ ਬੈਸਾਖੀਆਂ 'ਤੇ ਤੁਰਦੇ ਵੇਖਿਆ। ਉਨ੍ਹਾਂ ਨੇ ਜ਼ਿੰਦਗੀ 'ਚ ਪਹਿਲੀ ਦਫ਼ਾ ਬੈਸਾਖੀਆਂ ਵੇਖੀਆਂ ਸਨ।
ਉਹ ਪਿੰਡ ਆਏ ਤੇ ਆ ਕੇ ਉਨ੍ਹਾਂ ਨੇ ਤਰਖਾਣ ਕੋਲੋਂ ਬੈਸਾਖੀਆਂ ਬਣਵਾ ਕੇ ਆਪਣੇ ਪੁੱਤਰ ਨੂੰ ਦਿੱਤੀਆਂ ਤੇ ਮੰਜ਼ੂਰ ਏਜਾਜ਼ ਤੁਰਨ ਲੱਗ ਪਏ।
ਕਹਿੰਦੇ ਹੁੰਦੇ ਸਨ ਕਿ 'ਜਦੋਂ ਮੈਨੂੰ ਬੈਸਾਖੀਆਂ ਮਿਲੀਆਂ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੈਨੂੰ ਪਰ ਲੱਗ ਗਏ ਹੋਣ'।

ਤਸਵੀਰ ਸਰੋਤ, Manzur Ejaz/FB
ਉਹ ਮੁੰਡਾ, ਜਿਹੜਾ ਦਸਵੇਂ ਸਾਲ ਦੀ ਉਮਰ ਤੱਕ ਤੁਰਨ-ਫ਼ਿਰਨ ਤੋਂ ਮਜ਼ੂਰ ਸੀ, ਉਹ ਜਦੋਂ ਪੰਝੀ (25) ਸਾਲ ਦਾ ਹੋਇਆ ਤਾਂ ਪੰਜਾਬ ਯੂਨੀਵਰਸਿਟੀ ਲਾਹੌਰ 'ਚੋਂ ਐਮਏ ਫ਼ਲਸਫ਼ਾ ਕਰ ਚੁੱਕਿਆ ਸੀ ਅਤੇ ਹੁਣ ਉੱਥੇ ਫ਼ਲਸਫ਼ਾ ਪੜ੍ਹਾ ਵੀ ਰਿਹਾ ਸੀ।
ਡਾਕਟਰ ਸਾਬ੍ਹ ਨਾਲ ਵੀ ਉਹੀ ਹੋਇਆ ਜੋ ਸਾਡੇ ਪੇਂਡੂ ਪੰਜਾਬੀ ਭਰਾਵਾਂ ਨਾਲ ਹੁੰਦਾ ਹੈ - ਕਿ ਘਰ ਵਿੱਚ ਸਾਰੇ ਪੰਜਾਬੀ ਬੋਲਦੇ ਨੇ, ਪਿੰਡ 'ਚ ਨਿਕਲੋ ਉੱਥੇ ਵੀ ਸਭ ਪੰਜਾਬੀ ਬੋਲਦੇ ਨੇ ਤੇ ਜਦੋਂ ਪਿੰਡ ਵਾਲੇ ਸਕੂਲ 'ਚ ਜਾਓਗੇ ਤਾਂ ਉੱਥੇ ਵੀ ਜਿਹੜਾ ਮਾਸਟਰ ਹੈ, ਉਹ ਤੁਹਾਨੂੰ ਉਰਦੂ ਤੇ ਅੰਗਰੇਜ਼ੀ ਵੀ ਪੰਜਾਬੀ ਵਿੱਚ ਹੀ ਪੜ੍ਹਾਏਗਾ।
ਉਸ ਤੋਂ ਬਾਅਦ ਤੁਸੀਂ ਹਾਈ ਸਕੂਲ ਜਾਂਦੇ ਹੋ, ਉਹ ਕਹਿੰਦੇ ਨੇ ਕਿ ਬਈ ਕਿਹੜੀ ਪੰਜਾਬੀ? ਉਰਦੂ ਸਿੱਖੋ, ਅੰਗ੍ਰੇਜ਼ੀ ਸਿੱਖੋ.. ਤਲੀਮ ਇਹਦਾ ਹੀ ਨਾਂਅ ਹੈ।
ਇਹ ਸਕੂਲ-ਕਾਲਜ ਹੋਰ ਕੁਝ ਸਿਖਾਉਣ ਨਾ ਸਿਖਾਉਣ, ਇਹ ਜ਼ਰੂਰ ਸਿਖਾ ਦਿੰਦੇ ਨੇ ਵੀ ਜੇਕਰ ਜ਼ਿੰਦਗੀ ਵਿੱਚ ਅੱਗੇ ਜਾਣਾ ਹੈ ਤੇ ਪੰਜਾਬੀ ਤੋਂ ਜਾਨ ਛੁਡਾਓ।

ਤਸਵੀਰ ਸਰੋਤ, Manzur Ejaz/FB
ਮਨਜ਼ੂਰ ਏਜਾਜ਼ ਵੀ ਪਹਿਲਾਂ ਇਹੀ ਰਾਹ 'ਤੇ ਚੱਲੇ ਸਨ। ਉਰਦੂ ਸ਼ਾਇਰੀ ਕੀਤੀ, ਮਾਰਕਸਿਸ ਸਿਆਸਤ ਕੀਤੀ ਪਰ ਫੇਰ ਸਮਝ ਆਈ ਵੀ ਜਿਹੜਾ ਆਪਣੀ ਮਾਂ-ਬੋਲੀ ਨੂੰ ਛੱਡ ਦੇਵੇ, ਉਹਨੇ ਦੁਨੀਆਂ ਵਿੱਚ ਖੇਹ ਤੇ ਸੁਆਹ ਤਰੱਕੀ ਕਰਨੀ ਹੈ।
ਯਾਰਾਂ ਨਾਲ ਮਿਲ ਕੇ ਲਾਹੌਰ 'ਚ ਸੰਗਤ ਬਣਾਈ। ਸੰਗੀਆਂ ਨਾਲ ਰਲ਼ ਕੇ ਬੈਠੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਤੇ ਜਿਹੜੇ ਪੰਜਾਬੀ ਬੋਲਣ ਤੋਂ ਸੰਗਦੇ ਨੇ, ਉਨ੍ਹਾਂ ਦੀਆਂ ਸ਼ਰਮਾਂ ਲਾਹੋ।
ਅਗਲੇ ਪੰਜਾਹ ਸਾਲ ਤੱਕ ਮੰਜ਼ੂਰ ਏਜਾਜ਼ ਨੇ ਲੋਕਾਂ ਦੀਆਂ ਇਹ ਸ਼ਰਮਾਂ ਹੀ ਲਾਹੀਆਂ।
ਲਿਖਦੇ ਉਹ ਉਰਦੂ ਤੇ ਅੰਗ੍ਰੇਜ਼ੀ ਵਿੱਚ ਵੀ ਸਨ ਅਤੇ ਨਾਲ ਹੀ ਇਹ ਵੀ ਕਹਿੰਦੇ ਸਨ ਕਿ ਮੈਂ ਕੋਈ ਪੰਜਾਬੀ ਨੈਸ਼ਨਲਿਸਟ ਨਹੀਂ, ਪੰਜਾਬੀ ਵਿੱਚ ਸਿਰਫ਼ ਇਸ ਲਈ ਲਿਖਦਾ ਹਾਂ ਬਈ ਮੈਨੂੰ ਇਹਦੇ 'ਚ ਲਿਖਣ ਦਾ ਸਵਾਦ ਬੜਾ ਆਉਂਦਾ ਹੈ।
ਉਨ੍ਹਾਂ ਨੇ ਕਿਤਾਬਾਂ ਵਾਰਿਸ਼ ਸ਼ਾਹ 'ਤੇ ਵੀ ਲਿਖੀਆਂ ਪਰ ਕਿਤਾਬ ਗ਼ਾਲਿਬ 'ਤੇ ਵੀ ਲਿਖੀ, ਫ਼ਲਸਫ਼ੇ ਦੀ ਤਰੀਖ ਵੀ ਪੰਜਾਬੀ ਵਿੱਚ ਲਿਖੀ ਤੇ ਸਟੀਫ਼ਨ ਹਾਕਿੰਗਜ਼ ਦੀ ਜਿਹੜੀ ਔਖੀ ਜਿਹੀ ਕਿਤਾਬ ਹੈ 'ਅ ਹਿਸਟਰੀ ਆਫ ਟਾਈਮ' ਉਹਦਾ ਵੀ ਪੰਜਾਬੀ 'ਚ ਤਰਜਮਾ ਕੀਤਾ।
ਕਹਿੰਦੇ ਹੁੰਦੇ ਸਨ ਵੀ ਸਿਰਫ਼ ਸ਼ਾਇਰੀ ਤੇ ਕਿੱਸਿਆਂ ਤੇ ਲਤੀਫ਼ਿਆਂ ਨਾਲ ਕੋਈ ਜ਼ੁਬਾਨ ਅੱਗੇ ਨਹੀਂ ਚੱਲ ਸਕਦੀ। ਇਹਦੇ ਵਿੱਚ ਦੁਨੀਆਂ ਦੇ ਬਾਕੀ ਕੰਮਾਂ ਦੀਆਂ ਵੀ ਕਰਨੀਆਂ ਪੈਣਗੀਆਂ।
ਅਸੀਂ ਵੀ ਪੰਜਾਬੀ ਤਾਂ ਮਾਂ ਦੇ ਢਿੱਡ 'ਚੋਂ ਹੀ ਸਿੱਖ ਕੇ ਆਏ ਸਾਂ ਲੇਕਿਨ ਬੋਲਣ ਦਾ ਹੌਸਲਾ ਮਨਜ਼ੂਰ ਏਜਾਜ਼ ਨੇ ਦਿੱਤਾ।ਇਹ ਤੁਹਾਡੇ ਨਾਲ ਜਦੋਂ ਕਦੀ-ਕਦੀ ਦਿਲ ਦੀ ਗੱਲ ਕਰ ਲਈਦੀ ਹੈ, ਇਹ ਉਨ੍ਹਾਂ ਦੀ ਦੇਣ ਹੈ।
ਉਹ ਹੀਰ- ਵਾਰਿਸ਼ ਸ਼ਾਹ ਪੜ੍ਹਦੇ ਤੇ ਪੜ੍ਹਾਉਂਦੇ ਤਾਂ ਹੁੰਦੇ ਸਨ ਲੇਕਿਨ ਨਾਲ ਗਾਉਂਦੇ ਵੀ ਸਨ। ਆਖ਼ਿਰੀ ਦਿਨਾਂ ਵਿੱਚ ਉਨ੍ਹਾਂ ਨੂੰ ਬਸ ਇਹ ਸ਼ਿਕਾਇਤ ਸੀ ਕਿ ਹੀਰ ਗਾਉਂਦੀਆਂ ਹੁਣ ਪੂਰੀ ਆਵਾਜ਼ ਨਹੀਂ ਨਿਕਲਦੀ।
ਮੈਂ ਲੰਮੀ ਜ਼ਿੰਦਗੀ ਦੀ ਦੁਆ ਦਿੱਤੀ ਤਾਂ ਫ਼ਰਮਾਇਆ - 'ਓਏ ਮੁੰਡਿਆ, ਤੂੰ ਸਾਇੰਸ ਨਹੀਂ ਪੜ੍ਹੀ? ਇਹ ਜੁੱਸਾ (ਸਰੀਰ) ਇੱਕ ਮਸ਼ੀਨ ਹੈ, ਚੱਲਦਿਆਂ-ਚੱਲਦਿਆਂ ਇੱਕ ਦਿਨ ਬੰਦ ਹੋ ਹੀ ਜਾਣਾ ਹੈ'।
ਫੇਰ ਉਨ੍ਹਾਂ ਨੇ ਆਪਣਾ ਇੱਕ ਸ਼ੇਅਰ ਵੀ ਸੁਣਾਇਆ, ਤੁਸੀਂ ਵੀ ਸੁਣ ਲਓ...
ਪੀੜਾਂ ਜਦੋਂ ਪੁਰਾਣੀਆਂ ਹੋਈਆਂ...
ਪੀੜਾਂ ਘਰ ਦੀਆਂ ਰਾਣੀਆਂ ਹੋਈਆਂ।
ਵਿਛੋੜੇ ਦਾ ਦੁੱਖ ਤਾਂ ਹਮੇਸ਼ਾ ਰਹੇਗਾ ਪਰ ਨਾਲ ਇਹ ਵੀ ਤਸੱਲੀ ਹੈ ਕਿ ਖਾ-ਹੰਢਾ ਕੇ, ਪੜ੍ਹ-ਪੜ੍ਹਾ ਕੇ ਤੇ ਗਾ-ਵਜਾ ਕੇ ਗਏ ਨੇ।
ਯਾਰ-ਬੇਲੀ ਉਨ੍ਹਾਂ ਨੂੰ ਕਹਿੰਦੇ ਹੁੰਦੇ ਸਨ ਕਿ ਬਈ ਮੰਜ਼ੂਰ ਏਜਾਜ਼ ਤੂੰ ਅੱਖਾਂ 'ਚ ਹੱਸਦਾ ਐਂ ਤੇ ਰੱਬ ਕਰੇ ਸਾਡੀਆਂ ਅੱਖਾਂ ਵਿੱਚ, ਸਾਡੇ ਦਿਲਾਂ ਵਿੱਚ ਹਮੇਸ਼ਾ ਹੱਸਦੇ-ਵੱਸਦੇ ਰਹਿਣ।
ਲੈ ਓ ਯਾਰ ਹਵਾਲੇ ਰੱਬ ਦੇ
ਮੇਲੇ ਚਾਰ ਦਿਨਾਂ ਦੇ...
ਉਸ ਦਿਨ ਈਦ ਮੁਬਾਰਕ ਹੋ ਸੀ
ਜਿਸ ਦਿਨ ਫੇਰ ਮਿਲਾਂਗੇ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













