ਪੈਰਾਂ ਦੀ ਸਫ਼ਾਈ ਨਾ ਰੱਖਣ ਨਾਲ ਇਹ ਹੋ ਸਕਦੀਆਂ ਹਨ ਬਿਮਾਰੀਆਂ, ਰੋਜ਼ ਕਿੰਨੀ ਵਾਰ ਧੋਣੇ ਚਾਹੀਦੇ ਪੈਰ

ਤਸਵੀਰ ਸਰੋਤ, Gorka Olmo/BBC
- ਲੇਖਕ, ਜੈਸਮੀਨ ਫੌਕਸ-ਸਕੈਲੀ
- ਰੋਲ, ਬੀਬੀਸੀ ਪੱਤਰਕਾਰ
ਕੁਝ ਲੋਕ ਰੋਜ਼ਾਨਾ ਆਪਣੇ ਪੈਰਾਂ ਨੂੰ ਰਗੜ ਕੇ ਧੋਂਦੇ ਹਨ, ਜਦੋਂ ਕਿ ਕਈ ਦਾ ਮੰਨਣਾ ਹੈ ਕਿ ਸਰੀਰ ਉੱਤੋਂ ਪਾਣੀ ਦੇ ਵਹਾਅ ਨਾਲ ਹੀ ਪੈਰ ਧੋਤੇ ਜਾਂਦੇ ਹਨ। ਪਰ ਕੀ ਤੁਸੀਂ ਆਪਣੇ ਪੈਰਾਂ ਨੂੰ ਸਹੀਂ ਤਰੀਕੇ ਨਾਲ ਧੋ ਰਹੇ ਹੋ?
ਜਦੋਂ ਤੁਸੀਂ ਨਹਾਉਣ ਲਈ ਜਾਂਦੇ ਹੋ ਤਾਂ ਸੁਭਾਵਿਕ ਹੈ ਕਿ ਸਰੀਰ ਦੇ ਕਈ ਅੰਗਾਂ ਨੂੰ ਹੋਰਨਾਂ ਅੰਗਾਂ ਨਾਲੋਂ ਵਧੇਰੇ ਧਿਆਨ ਮਿਲਦਾ ਹੈ। ਪਰ ਕਈ ਵਾਰ ਤੁਹਾਡੇ ਪੈਰ ਸਰੀਰ ਦੇ ਅਤਲੇ ਹਿੱਸੇ ਵਿੱਚ ਹੋਣ ਕਰਕੇ ਨਹਾਉਣ ਦੇ ਸਮੇਂ ਨਜ਼ਰਅੰਦਾਜ਼ ਹੋ ਜਾਂਦੇ ਹਨ।
ਹਾਲਾਂਕਿ ਮਾਹਰਾਂ ਅਨੁਸਾਰ ਜੇਕਰ ਵਧੇਰੇ ਨਹੀਂ ਤਾਂ ਪੈਰਾਂ ਨੂੰ ਲੋੜੀਂਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਯੂਕੇ ਨੈਸ਼ਨਲ ਹੈਲਥ ਸਰਵਿਸ ਅਤੇ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਰੋਜ਼ਾਨਾ ਪਾਣੀ ਅਤੇ ਸਾਬਣ ਨਾਲ ਪੈਰਾਂ ਨੂੰ ਧੋਣ ਦਾ ਸੁਝਾਅ ਦਿੰਦੇ ਹਨ। ਇਸ ਦਾ ਸਭ ਤੋਂ ਅਹਿਮ ਕਾਰਨ ਬਦਬੂ ਤੋਂ ਬਚਣਾ ਹੈ।
ਪੈਰਾਂ ਦੀਆਂ ਤਲੀਆਂ ਵਿੱਚ ਪ੍ਰਤੀ ਵਰਗ ਸੈਂਟੀਮੀਟਰ ਚਮੜੀ ਦੇ ਹਿਸਾਬ ਨਾਲ 600 ਪਸੀਨੇ ਦੀਆਂ ਗ੍ਰੰਥੀਆਂ ਹੁੰਦੀਆਂ ਹਨ, ਜੋ ਕਿ ਸਰੀਰ ਦੇ ਕਿਸੇ ਹੋਰ ਹਿੱਸੇ ਨਾਲੋਂ ਕਿਤੇ ਵੱਧ ਹੈ।
ਹਾਲਾਂਕਿ ਪਸੀਨਾ ਆਪਣੇ ਆਪ ਵਿੱਚ ਬਦਬੂਦਾਰ ਨਹੀਂ ਹੁੰਦਾ। ਪਸੀਨੇ ਵਿੱਚ ਬਦਬੂ ਦਾ ਕਾਰਨ ਲੂਣ, ਗਲੂਕੋਜ਼, ਵਿਟਾਮਿਨ ਅਤੇ ਅਮੀਨੋ ਐਸਿਡ ਦਾ ਮਿਸ਼ਰਣ ਹੁੰਦਾ ਹੈ
ਯੂਕੇ ਵਿੱਚ ਹਲ ਯੂਨੀਵਰਸਿਟੀ ਵਿੱਚ ਵਾਉਂਡ ਹਿਲਿੰਗ ਲੈਕਚਰਾਰ, ਹੋਲੀ ਵਿਲਕਿਨਸਨ ਕਹਿੰਦੇ ਹਨ, "ਪੈਰਾਂ ਦੇ ਉਗਲਾਂ ਦੇ ਵਿਚਕਾਰਲਾ ਹਿੱਸਾ ਕਾਫੀ ਨਮੀ ਅਤੇ ਗਰਮ ਤਾਪਮਾਨ ਵਾਲਾ ਹੁੰਦਾ ਹੈ, ਇਸ ਕਰਕੇ ਇੱਥੇ ਜ਼ਿਆਦਾ ਰੋਗਾਣੂ ਹੁੰਦੇ ਹਨ।"

ਸਾਡੇ ਪੈਰ ਵਧੇਰਾ ਸਮਾਂ ਜੁੱਤੇ-ਜੁਰਾਬਾਂ ਨਾਲ ਢੱਕੇ ਰਹਿੰਦੇ ਹਨ। ਇਸ ਕਾਰਨ ਵੀ ਪੈਰਾਂ ਵਿੱਚ ਜ਼ਿਆਦਾ ਨਮੀ ਬਣੀ ਰਹਿੰਦੀ ਹੈ।
ਜੇਕਰ ਤੁਸੀਂ ਮਨੁੱਖੀ ਸਰੀਰ ਦੇ ਕਿਸੇ ਹਿੱਸੇ ਦੇ ਵਰਗ ਸੈਂਟੀਮੀਟਰ ਵਿੱਚ ਦੁਰਬੀਨ ਨਾਲ ਬਿਲਕੁੱਲ ਨਜ਼ਦੀਕ ਤੋਂ ਵੇਖੋ, ਤੁਹਾਨੂੰ ਉਸ ਹਿੱਸੇ ਵਿੱਚ 10 ਹਜ਼ਾਰ ਤੋਂ ਲੈ ਕੇ 10 ਲੱਖ ਬੈਕਟੀਰੀਆ ਮਿਲਣਗੇ।
ਇਹ ਗਿਣਤੀ ਸਰੀਰ ਦੇ ਨਮੀ, ਗਰਮ ਤਾਪਮਾਨ ਵਾਲੇ ਹਿੱਸੇ ਖਾਸ ਕਰਕੇ ਪੈਰਾਂ ਵਿੱਚ ਵਧੇਰੇ ਹੁੰਦੀ ਹੈ।
ਪੈਰ ਦੇ ਉੱਤੇ ਕੋਰੀਨੇਬੈਕਟੀਰੀਅਮ ਅਤੇ ਸਟੈਫ਼ੀਲੋਕੋਕਸ ਵਰਗੇ ਕਈ ਬੈਕਟੀਰੀਆ ਹੁੰਦੇ ਹਨ। ਤੁਹਾਡੇ ਪਸੀਨੇ ਵਾਲੇ ਪੈਰ ਐਸਪਰਗਿਲਸ, ਕ੍ਰਿਪਟੋਕੋਕਸ, ਐਪੀਕੋਕਮ, ਰੋਡੋਟੋਰੂਲਾ, ਕੈਂਡੀਡਾ, ਟ੍ਰਾਈਕੋਸਪੋਰੋਨ ਅਤੇ ਹੋਰਨਾਂ ਕਈ ਬੈਕਟੀਰੀਆਂ ਦਾ ਘਰ ਹੁੰਦੇ ਹਨ।
ਮਨੁੱਖੀ ਪੈਰ ਵਿੱਚ ਸਰੀਰ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਕਿਤੇ ਜ਼ਿਆਦਾ ਬੈਕਟੀਰੀਆਂ ਹੁੰਦੇ ਹਨ।
ਸ਼ਾਇਦ ਇਹ ਸਭ ਪੈਰਾਂ ਨੂੰ ਨਿਰੰਤਰ ਧੋਣ ਲਈ ਪ੍ਰੇਰਿਤ ਕਰਨ ਲਈ ਚੰਗੇ ਕਾਰਨ ਹਨ।
ਇੱਕ ਅਧਿਐਨ ਦੌਰਾਨ 40 ਲੋਕਾਂ ਦੇ ਪੈਰਾਂ ਦੇ ਤਲੇ ਦੇ ਨਮੁਨੇ ਲਏ ਗਏ। ਅਧਿਐਨ ਵਿੱਚ ਪਾਇਆ ਗਿਆ ਕਿ ਪੈਰ ਧੋਣ ਨਾਲ ਬੈਕਟੀਰੀਆ ਦੀ ਗਿਣਤੀ 'ਤੇ ਖਾਸਾ ਪ੍ਰਭਾਵ ਪੈਂਦਾ ਹੈ।
ਜਿਹੜੇ ਲੋਕ ਦਿਨ ਵਿੱਚ ਦੋ ਵਾਰ ਆਪਣੇ ਪੈਰ ਧੋਂਦੇ ਸਨ, ਉਨ੍ਹਾਂ ਦੇ ਪੈਰਾਂ ਦੇ ਹਰੇਕ ਵਰਗ ਸੈਂਟੀਮੀਟਰ ਵਿੱਚ ਲਗਭਗ 8,800 ਬੈਕਟੀਰੀਆ ਸਨ।
ਇਸ ਦੇ ਉਲਟ ਦੂਜੇ ਦਿਨ ਨਹਾਉਣ ਵਾਲੇ ਲੋਕਾਂ ਦੇ ਪੈਰਾਂ 'ਤੇ ਪ੍ਰਤੀ ਵਰਗ ਸੈਂਟੀਮੀਟਰ 10 ਲੱਖ ਤੋਂ ਵੱਧ ਬੈਕਟੀਰੀਆ ਪਾਏ ਗਏ ਸਨ।
ਹਾਲਾਂਕਿ, ਪੈਰਾਂ 'ਤੇ ਸੂਖਮ ਜੀਵਾਣੂਆਂ ਦਾ ਹੋਣਾ ਦਾ ਮਤਲਬ ਇਹ ਨਹੀਂ ਹੈ ਕਿ ਪੈਰ ਬਦਬੂਦਾਰ ਹੋਣਗੇ। ਇਸ ਕਾਰਨ ਜ਼ਿਆਦਾ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਪੈਰਾਂ ਵਿੱਚ ਬੈਕਟੀਰੀਆ ਦੀ ਗਿਣਤੀ ਨਾਲੋਂ, ਉਸਦੀ ਕਿਸਮ ਵਧੇਰੇ ਮਹੱਤਵਪੂਰਨ ਹੈ।

ਤਸਵੀਰ ਸਰੋਤ, Getty Images
ਪੈਰਾਂ ਦੀ ਬਦਬੂ ਲਈ ਜ਼ਿੰਮੇਵਾਰ ਅਸਥਿਰ ਫੈਟੀ ਐਸਿਡ (ਵੀਐਂਫਏ) ਪੈਦਾ ਕਰਨ ਵਿੱਚ ਸਟੈਫ਼ੀਲੋਕੋਕਸ ਬੈਕਟਰੀਆ ਮੁੱਖ ਕਾਰਕ ਹੈ।
ਪੈਰਾਂ ਦੀ ਚਮੜੀ 'ਤੇ ਪਸੀਨੇ ਦੀਆਂ ਗ੍ਰੰਥੀਆਂ ਇਲੈਕਟ੍ਰੋਲਾਈਟਸ, ਅਮੀਨੋ ਐਸਿਡ, ਯੂਰੀਆ ਅਤੇ ਲੈਕਟਿਕ ਐਸਿਡ ਦਾ ਇੱਕ ਮਿਸ਼ਰਣ ਛੱਡਦੀਆਂ ਹਨ।
ਸਟੈਫ਼ੀਲੋਕੋਕਸ ਬੈਕਟੀਰੀਆ ਭੋਜਨ ਦੀ ਪ੍ਰਕਿਰਿਆ ਵਿੱਚ ਅਮੀਨੋ ਐਸਿਡ ਨੂੰ ਅਸਥਿਰ ਫੈਟੀ ਐਸਿਡ (ਵੀਐਂਫਏ) ਵਿੱਚ ਬਦਲਦਾ ਹੈ। ਇਸ ਪ੍ਰਕਿਰਿਆ ਦਾ ਮੁੱਖ ਰਸਾਇਣਕ ਕਾਰਕ ਆਈਸੋਵੈਲੇਰਿਕ ਐਸਿਡ ਹੈ, ਜਿਸਦੀ ਇੱਕ ਅਣਸੁਖਾਵੀਂ ਬਦਬੂ ਹੁੰਦੀ ਹੈ।
2014 ਦੇ ਇੱਕ ਅਧਿਐਨ ਵਿੱਚ 16 ਵਿਅਕਤੀਆਂ ਦੇ ਪੈਰਾਂ ਦੀ ਜਾਂਚ ਕੀਤੀ ਗਈ ਸੀ। ਅਧਿਐਨ ਦੌਰਾਨ ਪਤਾ ਲੱਗਾ ਕਿ ਪੈਰਾਂ ਦੇ ਤਲਿਆਂ 'ਤੇ ਮੌਜੂਦ 98.6 ਫ਼ੀਸਦ ਬੈਕਟੀਰੀਆ ਸਟੈਫਾਈਲੋਕੋਸੀ ਸਨ।
ਪੈਰ ਦੇ ਉੱਪਰ ਦੇ ਮੁਕਾਬਲੇ ਪੈਰ ਦੇ ਤਲੇ 'ਤੇ ਅਸਥਿਰ ਫੈਟੀ ਐਸਿਡ ਦੇ ਪੱਧਰ, ਜਿਸ ਵਿੱਚ ਪੈਰ ਦੀ ਬਦਬੂ ਵਾਲਾ ਮੁੱਖ ਮਿਸ਼ਰਣ ਆਈਸੋਵੈਲੇਰਿਕ ਐਸਿਡ ਸ਼ਾਮਲ ਹੈ, ਵਿੱਚ ਵੀ ਕਾਫ਼ੀ ਵਾਧਾ ਹੋਇਆ ਸੀ।
ਅਧਿਐਨ ਅਨੁਸਾਰ ਪੈਰਾਂ ਦੀ ਬਦਬੂ ਸਟੈਫ਼ੀਲੋਕੋਕਸ ਦੀ ਕੁੱਲ ਸੰਖਿਆ ਨਾਲ ਜੁੜੀ ਹੋਈ ਸੀ।
ਹਾਲਾਂਕਿ ਪੈਰਾਂ ਨੂੰ ਧੋਣਾ ਸਿਰਫ਼ ਬਦਬੂ ਰੋਕਣ ਤੱਕ ਸੀਮਤ ਨਹੀਂ ਹੈ। ਪੈਰਾਂ ਨੂੰ ਚੰਗੇ ਤਰੀਕੇ ਨਾਲ ਧੋਣਾ ਕਈ ਬੀਮਾਰੀਆਂ ਅਤੇ ਪੈਰਾਂ ਦੀਆਂ ਸਮੱਸਿਆਵਾਂ ਰੋਕਣ ਲਈ ਵੀ ਜ਼ਰੂਰੀ ਹੈ।
ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਦੇ ਸਕੀਨ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਜੋਸ਼ੂਆ ਜ਼ੀਚਨਰ ਕਹਿੰਦੇ ਹਨ, "ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰ ਭੀੜੀ ਜਗ੍ਹਾ ਹੋਣ ਦੇ ਕਾਰਨ, ਇਹ ਹਿੱਸਾ ਵਧੇਰੇ ਕਰਕੇ ਮਾਈਕ੍ਰੋਬਾਇਲ ਲਾਗ ਦੇ ਜੋਖ਼ਮ 'ਚ ਹੁੰਦਾ ਹੈ। ਇਸ ਨਾਲ ਖਾਰਸ਼, ਸੋਜਸ ਅਤੇ ਬਦਬੂ ਹੋ ਸਕਦੀ ਹੈ।
ਜਿਵੇਂ-ਜਿਵੇਂ ਚਮੜੀ ਦੀ ਰੁਕਾਵਟ ਵਿਘਨ ਪਾਉਂਦੀ ਹੈ। ਇਹ ਚਮੜੀ 'ਤੇ ਹਮਲਾ ਕਰਨ ਵਾਲੇ ਸੂਖਮ ਜੀਵਾਂ ਦੇ ਜੋਖ਼ਮ ਨੂੰ ਵੀ ਵਧਾ ਸਕਦਾ ਹੈ ਅਤੇ ਸੈਲੂਲਾਈਟਿਸ ਵਜੋਂ ਜਾਣੇ ਜਾਂਦੇ ਹੋਰ ਕਈ ਲਾਗਾਂ ਦਾ ਕਾਰਨ ਬਣ ਸਕਦਾ ਹੈ।"
ਪ੍ਰੋਫਸਰ ਜ਼ੀਚਨਰ ਦੇ ਅਨੁਸਾਰ ਸਭ ਤੋਂ ਆਮ ਸਮੱਸਿਆ 'ਐਥਲੀਟ ਫੂਟ' ਹੈ, ਇਹ ਪੈਰਾਂ ਦੀ ਚਮੜੀ ਦੀ ਇੱਕ ਫੰਗਲ ਲਾਗ ਹੈ। ਇਸ ਲਾਗ ਲਈ ਜ਼ਿੰਮੇਵਾਰ ਉੱਲੀ ਗਰਮ, ਹਨੇਰੇ ਅਤੇ ਨਮੀ ਵਾਲੇ ਤਾਪਮਾਨ ਵਿੱਚ ਵਧਦੀ-ਫੁੱਲਦੀ ਹੈ।
ਇਸ ਲਈ ਇਹ ਸਥਿਤੀ ਆਮ ਤੌਰ 'ਤੇ ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰਲੀਆਂ ਥਾਵਾਂ ਨੂੰ ਪ੍ਰਭਾਵਿਤ ਕਰਦੀ ਹੈ।
ਇਸ ਲਈ ਜ਼ਰੂਰੀ ਹੈ ਕਿ ਇਸ ਹਿੱਸੇ ਨੂੰ ਸਾਫ਼ ਅਤੇ ਸੁੱਕਾ ਰੱਖੋ। ਇਹ ਇੱਕ ਚੰਗੀ ਆਦਤ ਹੈ। ਇਸ ਲਾਗ ਕਾਰਨ ਤੁਹਾਡੇ ਪੈਰਾਂ ਦੇ ਤਲਿਆਂ ਅਤੇ ਉਂਗਲਾਂ ਦੇ ਵਿਚਕਾਰ ਖਾਰਸ਼, ਧੱਫੜ, ਚਮੜੀ ਦਾ ਫਟਣਾ ਵਰਗੇ ਲੱਛਣ ਹੋ ਸਕਦੇ ਹਨ।
ਚਮੜੀ ਦੀ ਲਾਗ

ਤਸਵੀਰ ਸਰੋਤ, Gorka Olmo/BBC
ਆਪਣੇ ਪੈਰਾਂ ਨੂੰ ਸਾਫ਼ ਰੱਖਣ ਨਾਲ ਚਮੜੀ ਦੀਆਂ ਲਾਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ, ਜਿਵੇਂ ਕਿ ਸਟੈਫ਼ੀਲੋਕੋਕਸ ਜਾਂ ਸੂਡੋਮੋਨਾਸ ਬੈਕਟੀਰੀਆ ਕਾਰਨ ਹੋਣ ਵਾਲੀਆਂ ਲਾਗਾਂ।
ਭਾਵੇਂ ਕਿ ਇਹ ਬੈਕਟੀਰੀਆ ਤੁਹਾਡੀ ਚਮੜੀ 'ਤੇ ਕੁਦਰਤੀ ਤੌਰ 'ਤੇ ਮੌਜੂਦ ਹੁੰਦੇ ਹਨ, ਪਰ ਜੇਕਰ ਇਹ ਕੱਟ ਰਾਹੀਂ ਤੁਹਾਡੇ ਖੂਨ ਦੇ ਵਿੱਚ ਚਲੇ ਜਾਣ ਤਾਂ ਇਹ ਇੱਕ ਗੰਭੀਰ ਲਾਗ ਦਾ ਕਾਰਨ ਬਣ ਸਕਦੇ ਹਨ।
ਵਿਲਕਿਨਸਨ ਕਹਿੰਦੇ ਹਨ, "ਪੈਰਾਂ ਵਿੱਚ ਲਾਗ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਕਿਉਂਕਿ ਉੱਥੇ ਬੈਕਟੀਰੀਆ ਜ਼ਿਆਦਾ ਹੁੰਦੇ ਹਨ। ਅਜਿਹੇ ਹਾਲਾਤ ਵਿੱਚ ਵਧੇਰੇ ਸੰਭਾਵਨਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਟ ਲੱਗਦੀ ਹੈ, ਤਾਂ ਰੋਗਾਣੂ ਉਸ ਜ਼ਖ਼ਮ ਵਿੱਚ ਦਾਖਲ ਹੋ ਸਕਦੇ ਹਨ।"
ਭਾਵੇਂ ਤੁਸੀਂ ਆਪਣੇ ਪੈਰਾਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹੋਵੋ, ਫਿਰ ਵੀ ਚਮੜੀ ਦੀ ਲਾਗ ਹੋ ਸਕਦੀ ਹੈ, ਪਰ ਨਿਯਮਿਤ ਤੌਰ 'ਤੇ ਆਪਣੇ ਪੈਰ ਧੋਣ ਨਾਲ ਮੌਜੂਦ ਬੈਕਟੀਰੀਆ ਦੀ ਗਿਣਤੀ ਘੱਟ ਜਾਂਦੀ ਹੈ। ਇਸ ਲਈ, ਜੇਕਰ ਤੁਹਾਨੂੰ ਕੱਟ ਲੱਗ ਜਾਵੇ, ਤਾਂ ਖੂਨ ਦੇ ਵਹਾਅ ਵਿੱਚ ਜਾਣ ਲਈ ਆਲੇ-ਦੁਆਲੇ ਘੱਟ ਰੋਗਾਣੂ ਹੋਣਗੇ।
ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਵਾਰ-ਵਾਰ ਪੈਰ ਧੋਣਾ ਕਾਫੀ ਜ਼ਰੂਰੀ ਹੈ। ਖੋਜ ਨੇ ਦਿਖਾਇਆ ਹੈ ਕਿ ਸ਼ੂਗਰ ਦੇ ਮਰੀਜ਼ਾਂ ਦੇ ਪੈਰਾਂ ਵਿੱਚ ਚਮੜੀ 'ਤੇ ਰਹਿਣ ਵਾਲੇ ਰੋਗਾਣੂਆਂ ਦੇ ਬੈਕਟੀਰੀਆ ਦੀ ਮਾਤਰਾ ਵਧੇਰੇ ਹੁੰਦੀ ਹੈ।
ਵਿਲਕਿਨਸਨ ਕਹਿੰਦੇ ਹਨ, "ਸਾਡੇ ਸਰੀਰ ਦੇ ਰੋਗਾਣੂ ਕਿਸੇ ਲਾਗ ਦਾ ਕਾਰਨ ਬਣਨ ਦੇ ਮੌਕੇ ਦੀ ਉਡੀਕ ਵਿੱਚ ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸ਼ੂਗਰ ਦੇ ਮਰੀਜ਼ ਆਪਣੇ ਪੈਰਾਂ ਦੀ ਸਫਾਈ ਦਾ ਖ਼ਾਸ ਧਿਆਨ ਰੱਖਣ, ਕਿਉਂਕਿ ਉਨ੍ਹਾਂ ਨੂੰ ਇਸ ਕਾਰਨ ਲਾਗ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ।"
ਸਥਿਤੀ ਵਿੱਚ ਖ਼ਰਾਬੀ ਦਾ ਕਾਰਨ ਸ਼ੂਗਰ ਵਾਲੇ ਲੋਕਾਂ ਦੀ ਪਾਚਣ ਪ੍ਰਤੀਕਿਰਿਆ ਦੀ ਕਮਜ਼ੋਰੀ ਹੁੰਦੀ ਹੈ, ਇਸ ਲਈ ਜੇਕਰ ਉਨ੍ਹਾਂ ਨੂੰ ਕੋਈ ਲਾਗ ਲੱਗ ਜਾਂਦੀ ਹੈ, ਤਾਂ ਉਨ੍ਹਾਂ ਦਾ ਸਰੀਰ ਇਸ ਨਾਲ ਲੜ ਨਹੀਂ ਸਕਦਾ।
ਸ਼ੂਗਰ ਦੇ ਮਰੀਜ਼ਾਂ ਨੂੰ ਪੈਰਾਂ ਵਿੱਚ ਕੱਟ, ਜ਼ਖਮ ਲਗਣ ਦੀ ਸੰਭਾਵਨਾ ਵੀ ਹੁੰਦੀ ਹੈ। ਜੇਕਰ ਇਹਨਾਂ ਨੂੰ ਸੁਧਾਰਿਆ ਨਾ ਜਾਵੇ, ਤਾਂ ਪੈਰਾਂ ਦੀਆਂ ਉਂਗਲਾਂ, ਪੈਰਾਂ, ਜਾਂ ਇੱਥੋਂ ਤੱਕ ਕਿ ਅੰਗ ਕੱਟਣ ਦੀ ਲੋੜ ਵੀ ਪੈ ਸਕਦੀ ਹੈ।
ਵਿਲਕਿਨਸਨ ਕਹਿੰਦੇ ਹਨ, "ਜੇਕਰ ਤੁਹਾਨੂੰ ਜ਼ਿਆਦਾ ਸ਼ੂਗਰ ਹੈ, ਤਾਂ ਤੁਹਾਡੇ ਪੈਰਾਂ ਦੀਆਂ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਕਰਕੇ ਤੁਸੀਂ ਆਪਣੇ ਪੈਰਾਂ ਨੂੰ ਸਹੀ ਢੰਗ ਨਾਲ ਮਹਿਸੂਸ ਨਹੀਂ ਕਰ ਪਾਉਂਦੇ। ਆਪਣੇ ਪੈਰਾਂ ਨੂੰ ਧੋਣ ਸਮੇਂ, ਤੂਸੀਂ ਆਪਣੇੇ ਪੈਰਾਂ ਦੀ ਸਹੀ ਢੰਗ ਨਾਲ ਜਾਂਚ ਕਰ ਸਕਦੇ ਹੋ।"
ਵਿਲਕਿਨਸਨ ਅਤੇ ਡਾਇਬੀਟੀਜ਼ ਯੂਕੇ ਵਰਗੇ ਚੈਰਿਟੀ ਸਿਫਾਰਸ਼ ਕਰਦੇ ਹਨ ਕਿ ਸ਼ੂਗਰ ਦੇ ਮਰੀਜ਼ ਨੂੰ ਹਰ ਰੋਜ਼ ਆਪਣੇ ਪੈਰ ਧੋਣੇ ਚਾਹੀਦੇ ਹਨ।

ਤਸਵੀਰ ਸਰੋਤ, Getty Images
ਪਰ ਆਮ ਲੋਕਾਂ ਬਾਰੇ ਕੀ? ਕੁਝ ਮਾਹਰਾਂ ਦਾ ਤਰਕ ਹੈ ਕਿ ਜ਼ਿਆਦਾਤਰ ਲੋਕਾਂ ਲਈ, ਹਰ ਰੋਜ਼ ਪੈਰ ਧੋਣ ਨਾਲ ਬਹੁਤ ਘੱਟ ਸਿਹਤ ਲਾਭ ਹੁੰਦਾ ਹੈ, ਅਤੇ ਚਮੜੀ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵਧ ਸਕਦਾ ਹੈ।
ਚਮੜੀ ਸਰੀਰ ਦੇ ਜ਼ਰੂਰੀ ਕਾਰਜ ਕਰਨ ਵਾਲੇ ਆਪਣੇ ਮਦਦਗਾਰ ਰੋਗਾਣੂਆਂ 'ਤੇ ਨਿਰਭਰ ਕਰਦੀ ਹੈ। ਇਹ ਨੁਕਸਾਨਦੇਹ ਬੈਕਟੀਰੀਆ ਨੂੰ ਦੂਰ ਕਰਦੇ ਹਨ। ਸਰੀਰ ਨੂੰ ਜ਼ਿਆਦਾ ਧੋਣ ਅਤੇ ਰਗੜਨ ਨਾਲ ਇਹ ਲਾਭਦਾਇਕ ਰੀਗਾਣੂ ਹੱਟ ਸਕਦੇ ਹਨ, ਖਾਸ ਕਰਕੇ ਜੇਕਰ ਪਾਣੀ ਗਰਮ ਹੋਵੇ।
ਨਤੀਜੇ ਵਜੋਂ, ਚਮੜੀ ਖੁਸ਼ਕ ਜਾਂ ਖਾਰਸ਼ ਵਾਲੀ ਹੋ ਸਕਦੀ ਹੈ। ਫਟੀ ਜਾਂ ਕੱਟ ਲੱਗੀ ਚਮੜੀ ਬੈਕਟੀਰੀਆ ਨੂੰ ਚਮੜੀ ਵਿੱਚ ਦਾਖ਼ਲ ਹੋਣ ਦਾ ਕਾਰਨ ਬਣਦੀ ਹੈ, ਜਿਸ ਨਾਲ ਲਾਗ ਦੀ ਸੰਭਾਵਨਾ ਵਧਦੀ ਹੈ।
ਪ੍ਰੋਫਸਰ ਜ਼ੀਚਨਰ ਕਹਿੰਦੇ ਹਨ, "ਚਮੜੀ ਨੂੰ ਜ਼ਿਆਦਾ ਧੋਣ ਨਾਲ ਨਾਜ਼ੂਕ ਚਮੜੀ ਟੁੱਟ ਸਕਦੀ ਹੈ, ਚਮੜੀ ਤੋਂ ਕੁਦਰਤੀ ਤੇਲ ਨਿਕਲ ਸਕਦੇ ਹਨ, ਜਿਸ ਨਾਲ ਖੁਸ਼ਕੀ ਅਤੇ ਸੋਜਸ ਹੋ ਸਕਦੀ ਹੈ, ਇਸ ਨਾਲ ਚਮੜੀ 'ਤੇ ਖਾਰਸ਼, ਖੁਸ਼ਕੀ ਹੋ ਸਕਦੀ ਹੈ।"
ਜ਼ੀਚਨਰ ਕਹਿੰਦੇ ਹਨ, "ਇਹ ਵੀ ਮਹੱਤਵਪੂਰਨ ਹੈ ਕਿ ਪੈਰਾਂ ਦੀ ਚਮੜੀ ਨੂੰ ਬਹੁਤ ਜ਼ਿਆਦਾ ਨਾ ਰਗੜੋ। ਸੱਟ ਲੱਗਣ ਕਾਰਨ ਕੈਲਸ ਵਿਕਸਤ ਹੁੰਦੇ ਹਨ, ਪਰ ਉਹ ਅਸਲ ਵਿੱਚ ਪੈਰਾਂ ਨੂੰ ਬਾਹਰੀ ਵਾਤਾਵਰਣ ਤੋਂ ਬਚਾਉਂਦੇ ਹਨ। ਕੈਲਸ ਨੂੰ ਹਟਾਉਣ ਨਾਲ ਉਹ ਸੁਰੱਖਿਆ ਪਰਤ ਖਤਮ ਹੋ ਜਾਂਦੀ ਹੈ।"
ਐਂਟੀਬੈਕਟੀਰੀਅਲ ਸਾਬਣ ਚਮੜੀ 'ਤੇ ਸੂਖਮ ਜੀਵਾਂ ਦੇ ਸੰਤੁਲਨ ਨੂੰ ਵਿਗਾੜ ਸਕਦੇ ਹਨ, ਸਰੀਰ ਦੀਆਂ ਲਾਭਦਾਇਕ ਪ੍ਰਜਾਤੀਆਂ ਨੂੰ ਖ਼ਤਮ ਸਕਦੇ ਹਨ। ਇਹ ਵੀ ਅਹਿਮ ਹੈ ਕਿ ਸਾਡੇ ਸਰੀਰ ਨੂੰ ਕੁਝ ਹੱਦ ਤੱਕ ਰੋਗਾਣੂਆਂ ਦੁਆਰਾ ਚੁਣੌਤੀ ਦੇਣ ਦੀ ਲੋੜ ਹੁੰਦੀ ਹੈ।
ਜੇਕਰ ਅਸੀਂ ਬਚਪਨ ਵਿੱਚ ਬੈਕਟੀਰੀਆ ਅਤੇ ਵਾਇਰਸਾਂ ਦੇ ਸੰਪਰਕ ਵਿੱਚ ਨਹੀਂ ਆਉਂਦੇ, ਤਾਂ ਸਾਡਾ ਸਰੀਰ ਬੈਕਟੀਰੀਆ ਅਤੇ ਵਾਇਰਸ ਦੇ ਹਮਲੇ ਦਾ ਸਹੀ ਢੰਗ ਨਾਲ ਜਵਾਬ ਦੇਣਾ ਨਹੀਂ ਸਿੱਖਦਾ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਸੇ ਕਾਰਨ ਕਰਕੇ ਬਹੁਤ ਜ਼ਿਆਦਾ ਨਹਾਉਣਾ ਤੁਹਾਡੇ ਲਈ ਉਲਟ ਸਾਬਤ ਹੋ ਸਕਦਾ ਹੈ।

ਪੈਰਾਂ ਨੂੰ ਕਿੰਨੀ ਵਾਰ ਧੋਣਾ ਚਾਹੀਦਾ ਹੈ
ਇਸ ਸਭ ਦੇ ਅਖੀਰ ਸਵਾਲ ਤਾਂ ਖੜ੍ਹਾ ਹੀ ਹੈ ਕਿ ਸਾਨੂੰ ਆਪਣੇ ਪੈਰਾਂ ਨੂੰ ਕਿੰਨੀ ਵਾਰ ਧੋਣਾ ਚਾਹੀਦਾ ਹੈ।
ਹਾਲਾਂਕਿ ਇਸ ਦਾ ਸਵਾਲ ਵਿਅਕਤੀ 'ਤੇ ਵਧੇਰੇ ਨਿਰਭਰ ਕਰਦਾ ਹੈ।
ਵਿਲਕਿਨਸਨ ਕਹਿੰਦੇ ਹਨ, "ਸ਼ੂਗਰ ਦੇ ਮਰੀਜ਼ਾਂ ਲਈ ਸੁਝਾਅ ਹੈ ਕਿ ਹਰ ਰੋਜ਼ ਆਪਣੇ ਪੈਰ ਧੋਵੋ ਪਰ ਜੇਕਰ ਤੁਹਾਨੂੰ ਕੋਈ ਅੰਤਰੀਵ ਸਥਿਤੀ ਨਹੀਂ ਹੈ, ਤਾਂ ਚਮੜੀ ਦੇ ਮਾਹਰ ਸਲਾਹ ਦਿੰਦੇ ਹਨ ਕਿ ਹਰ ਦੋ ਦਿਨ ਮਗਰੋਂ ਪੈਰਾਂ ਦੀ ਚੰਗੀ ਸਫਾਈ ਬਣਾਈ ਰੱਖਣ ਲਈ ਕਾਫ਼ੀ ਹੈ।"
ਹਾਲਾਂਕਿ, ਵਿਲਕਿਨਸਨ ਦੱਸਦੇ ਹਨ ਕਿ ਜੇਕਰ ਤੁਸੀਂ ਵਧੇਰੇ ਕਸਰਤ ਕਰਦੇ ਹੋ, ਤਾਂ ਤੁਹਾਨੂੰ ਘੱਟ ਸਰਗਰਮ ਵਿਅਕਤੀ ਨਾਲੋਂ ਆਪਣੇ ਪੈਰ ਜ਼ਿਆਦਾ ਨਿਯਮਿਤ ਤੌਰ 'ਤੇ ਧੋਣੇ ਚਾਹੀਦੇ ਹਨ। ਪੈਰਾਂ ਨੂੰ ਧੋਣ ਦੀ ਢੰਗ ਵੀ ਮਹੱਤਤਾ ਰੱਖਦਾ ਹੈ। ਤੁਸੀਂ ਆਪਣੇ ਪੈਰਾਂ ਨੂੰ ਕਿਵੇਂ ਧੋਦੇ ਅਤੇ ਸੁਕਾਉਂਦੇ ਹੋ, ਇਸਦਾ ਵੀ ਸਿਹਤ 'ਤੇ ਪ੍ਰਭਾਵ ਪੈਂਦਾ ਹੈ।
ਵਿਲਕਿਨਸਨ ਕਹਿੰਦੇ ਹਨ, "ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇਕਰ ਤੁਸੀਂ ਨਹਾਉਂਦੇ ਹੋ ਅਤੇ ਤੁਸੀਂ ਪਾਣੀ ਨੂੰ ਸਰੀਰ ਉੱਤੋਂ ਵਹਿਣ ਦਿੰਦੇ ਹੋ, ਤਾਂ ਇਹ ਪੈਰ ਧੋਣਾ ਹੈ, ਪਰ ਅਜਿਹਾ ਨਹੀਂ ਹੈ, ਤੁਹਾਨੂੰ ਅਸਲ ਵਿੱਚ ਸਾਬਣ ਵਾਲੇ ਪਾਣੀ ਨਾਲ ਆਪਣੇ ਪੈਰ ਧੋਣ ਦੀ ਜ਼ਰੂਰਤ ਹੈ।"
ਹਾਲਾਂਕਿ, ਯੂਕੇ ਵਿੱਚ ਬ੍ਰਿਸਟਲ ਯੂਨੀਵਰਸਿਟੀ ਵਿੱਚ ਨਿਊਰੋਸਾਇੰਸ ਅਤੇ ਫਿਜ਼ੀਓਲੋਜੀ ਦੇ ਲੈਕਚਰਾਰ, ਡੈਨ ਬਾਉਮਗਾਰਡ ਦੇ ਅਨੁਸਾਰ, ਉਹ ਆਪਣੇ ਮਰੀਜ਼ਾਂ ਨੂੰ ਪੈਰਾਂ ਨੂੰ ਸਹੀਂ ਢੰਗ ਨਾਲ ਸੁਕਾਉਣਾ ਵੀ ਯਕੀਨੀ ਬਣਾਉਣ ਦੀ ਨਸੀਹਤ ਦਿੰਦੇ ਹਨ।
ਬਾਉਮਗਾਰਡ ਕਹਿੰਦੇ ਹਨ, "ਜਦੋਂ ਤੁਹਾਡੇ ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰ ਗਿੱਲਾਪਣ ਅਤੇ ਗਰਮ ਤਾਪਮਾਨ ਹੁੰਦਾ ਹੈ, ਤਾਂ ਕਈ ਤਰ੍ਹਾਂ ਦੀਆਂ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












