ਭਾਰਤ ਤੇ ਪਾਕਿਸਤਾਨ 'ਚ ਲੋਕਾਂ ਨੂੰ 'ਲੁੱਟਣ' ਵਾਲੇ ਸੇਠ, ਸਿਆਸਤਦਾਨ ਅਤੇ ਅਫ਼ਸਰ ਕਿਵੇਂ ਕੰਮ ਕਰਦੇ ਹਨ-ਮੁਹੰਮਦ ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਵੈਸੇ ਤਾਂ ਹਿੰਦੁਸਤਾਨ 'ਚ ਵੀ ਵੱਡਾ-ਵੱਡਾ ਸੇਠ ਹੈ। ਕਈਆਂ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਹ ਮੁਲਕ ਨੂੰ, ਕੌਮ ਨੂੰ ਲੁੱਟ ਕੇ ਖਾ ਗਏ ਹਨ ਪਰ ਆਖਿਰ ਨੂੰ ਸਾਰੇ ਹੱਥ ਬੰਨ੍ਹ ਕੇ ਭਾਰਤ ਮਾਤਾ ਨੂੰ ਸਲਾਮ ਹੀ ਕਰਦੇ ਹਨ।
ਪਾਕਿਸਤਾਨ 'ਚ ਕੁਝ ਪੁੱਠਾ ਹਿਸਾਬ ਹੈ। ਜਿਸ ਨੇ ਪਾਕਿਸਤਾਨ ਨੂੰ ਜ਼ਿਆਦਾ ਖਾਧਾ ਹੈ, ਰੱਜ ਕੇ ਖਾਧਾ ਹੈ, ਨਸਲੋਂ ਨਸਲੀ ਖਾਧਾ ਹੈ, ਉਹ ਸਭ ਤੋਂ ਜ਼ਿਆਦਾ ਰੋਂਦਾ ਹੈ ਤੇ ਨਾਲ ਹੀ ਪਾਕਿਸਤਾਨੀਆਂ ਨੂੰ ਤਾਨੇ ਵੀ ਮਾਰਦਾ ਹੈ।
ਪਹਿਲਾਂ ਕੋਈ ਵਾਲਾ ਬੰਦਾ ਅਮੀਰ ਹੋ ਕੇ ਕੋਠੀ ਬਣਾ ਲੈਂਦਾ ਸੀ ਅਤੇ ਬਾਹਰ ਹਾਜ਼ਾ ਮਿਨ ਫਜ਼ਲੇ ਰੱਬੇ ਅਲੀ ਦੀ ਤਖ਼ਤੀ ਲਗਾ ਲੈਂਦਾ ਸੀ ਤਾਂ ਕਿ ਕਿਸੇ ਦੀ ਭੈੜੀ ਨਜ਼ਰ ਵੀ ਨਾ ਲੱਗੇ ਤੇ ਕੋਈ ਇਹ ਵੀ ਨਾ ਪੁੱਛੇ ਕਿ ਤੇਰੇ ਕੋਲ ਇੰਨ੍ਹਾਂ ਮਾਲ ਆਇਆ ਕਿੱਥੋਂ? ਤਖ਼ਤੀ ਪੜ੍ਹ ਲਓ ਅਤੇ ਸਮਝ ਜਾਓ ਕਿ ਸਾਰਾ ਉੱਪਰ ਵਾਲੇ ਦਾ ਹੀ ਫਜ਼ਲ ਹੈ।
ਇੱਥੇ ਕਿਸੇ ਮਜ਼ਦੂਰ ਦੀ ਦਿਹਾੜੀ ਲੱਗ ਜਾਵੇ ਤੇ ਸ਼ਾਮ ਨੂੰ ਉਸ ਨੂੰ ਪੂਰੀ ਮਿਲ ਵੀ ਜਾਵੇ ਤਾਂ ਉਹ ਰੱਬ ਦਾ ਸ਼ੁਕਰ ਕਰਕੇ ਘਰ ਚਲਾ ਜਾਂਦਾ ਹੈ।
ਬਾਕੀ ਸਾਡੇ ਸੇਠ, ਸ਼ਾਹੂਕਾਰ, ਸਿਆਸਤਦਾਨ ਅਤੇ ਜਨਰਲ ਭਰਾ ਖਰਬਾਂ ਖਾ ਕੇ ਡਕਾਰ ਵੀ ਨਹੀਂ ਮਾਰਦੇ ਤੇ ਉੱਤੋਂ ਇਹ ਵੀ ਕਹਿੰਦੇ ਹਨ ਕਿ ਪਾਕਿਸਤਾਨ ਬਹੁਤ ਹੀ ਕੋਝਾ ਮੁਲਕ ਹੈ ਤੇ ਪਾਕਿਸਤਾਨੀਆਂ ਨੇ ਸਾਡੀ ਕਦਰ ਨਹੀਂ ਕੀਤੀ।

ਪਹਿਲਾਂ ਸਾਡੇ ਕੋਲ ਨਵਾਜ਼ ਸ਼ਰੀਫ ਸਾਹਿਬ ਹਨ। ਤਿੰਨ ਵਾਰ ਵਜ਼ੀਰ-ਏ-ਆਜ਼ਮ ਰਹੇ ਹਨ , ਜੇਲ੍ਹ ਵੀ ਗਏ ਹਨ, ਦੇਸ਼ ਨਿਕਾਲਾ ਵੀ ਕੱਟਿਆ ਹੈ, ਪਰ ਹੁਣ ਵੀ ਪੰਜਾਬ ਦੀ ਹੁਕਮਰਾਨ ਉਨ੍ਹਾਂ ਦੀ ਆਪਣੀ ਧੀ ਹੈ।
ਪੂਰੇ ਮੁਲਕ ਦਾ ਵਜ਼ੀਰ-ਏ-ਆਜ਼ਮ ਉਨ੍ਹਾਂ ਦਾ ਛੋਟਾ ਭਰਾ ਹੈ। ਲੇਕਿਨ ਫਿਰ ਵੀ ਜਦੋਂ ਮੂੰਹ ਖੋਲ੍ਹਦੇ ਹਨ ਤਾਂ ਇਹ ਹੀ ਕਹਿੰਦੇ ਹਨ ਕਿ ਮੇਰੇ ਨਾਲ ਅਤੇ ਮੇਰੇ ਖ਼ਾਨਦਾਨ ਨਾਲ ਜਿੰਨ੍ਹਾਂ ਜ਼ੁਲਮ ਹੋਇਆ ਹੈ, ਓਨ੍ਹਾਂ ਪਾਕਿਸਤਾਨ 'ਚ ਕਿਸੇ ਨਾਲ ਨਹੀਂ ਹੋਇਆ।
ਇੱਕ ਸਾਡੇ ਜਨਰਲ ਬਾਜਵਾ ਸਾਹਿਬ ਸਨ। ਤਿੰਨ ਸਾਲ ਲਈ ਆਰਮੀ ਚੀਫ਼ ਬਣੇ ਸਨ, ਫਿਰ ਸਿਆਸਤਦਾਨਾਂ ਦੀ ਗਿੱਚੀ 'ਤੇ ਅੰਗੂਠਾ ਰੱਖ ਕੇ ਤਿੰਨ ਸਾਲ ਦੀ ਐਕਸਟੈਂਸ਼ਨ ਲਈ।
ਇੱਕ ਵਜ਼ੀਰ-ਏ-ਆਜ਼ਮ ਨੂੰ ਫਾਰਿਕ ਕੀਤਾ, ਦੂਜੇ ਨੂੰ ਲੈ ਕੇ ਆਏ। ਫਿਰ ਉਸ ਨੂੰ ਵੀ ਕੱਢਿਆ, ਪਰ ਜਾਂਦੇ-ਜਾਂਦੇ ਆਪਣੇ ਅਲਵਿਦਾਈ ਖਿਤਾਬ 'ਚ ਸੁਣਾ ਗਏ ਕਿ ਪਾਕਿਸਤਾਨੀਓ ਤੁਸੀਂ ਮੇਰੀ ਕਦਰ ਨਹੀਂ ਕੀਤੀ।
ਹੁਣ ਮਲਿਕ ਰਿਆਜ਼ ਸਾਹਿਬ ਨੇ ਬਿਹਰੀਆ ਟਾਊਨ ਵਾਲੇ ਉਨ੍ਹਾਂ ਨੂੰ ਇਸ ਸੋਹਣੀ ਧਰਤੀ ਨਾਲ ਇੰਨ੍ਹਾਂ ਪਿਆਰ ਸੀ ਕਿ ਉਨ੍ਹਾਂ ਨੇ ਇਸ ਧਰਤੀ ਦੇ ਟੋਟੇ-ਟੋਟੇ ਕਰਕੇ ਪਲਾਟ ਬਣਾ ਕੇ, ਫਾਈਲਾਂ ਬਣਾ ਕੇ ਵੇਚੀਆਂ।
ਸਰਕਾਰੀ ਜ਼ਮੀਨ ਸੀ ਉਹ ਵੀ ਵੇਚ ਦਿੱਤੀ। ਕਿਸੇ ਮਾਤੜ ਕਿਸਾਨ ਦੀ ਜ਼ਮੀਨ ਸੀ ਉਸ 'ਤੇ ਵੀ ਕਬਜ਼ਾ ਹੋਇਆ ਅਤੇ ਉਨ੍ਹਾਂ ਦੀਆਂ ਕਾਲੋਨੀਆਂ 'ਚ ਸ਼ਾਮਲ। ਮਲੀਰ 'ਚ ਸਦੀਆਂ ਪੁਰਾਣੇ ਗੋਟ ਸਨ, ਉੱਥੇ ਉਨ੍ਹਾਂ ਨੇ ਬੁਲਡੋਜ਼ਾਰ ਚਲਾ ਛੱਡੇ। ਜਿਹੜੀ ਜ਼ਮੀਨ ਕਿਸੇ ਨਕਸ਼ੇ 'ਤੇ ਮੌਜੂਦ ਹੈ ਹੀ ਨਹੀਂ ਸੀ ਉਨ੍ਹਾਂ ਨੇ ਉਹ ਵੀ ਵੇਚ ਛੱਡੀ।
ਗੱਲ ਸੁਪਰੀਮ ਕੋਰਟ ਤੱਕ ਅੱਪੜੀ ਤੇ ਸਾਡੇ ਵੱਡੇ ਜੱਜਾਂ ਨੇ ਕਿਹਾ ਕਿ ਤੂੰ ਕਬਜ਼ੇ ਤਾਂ ਬਹੁਤ ਕੀਤੇ ਹਨ, ਉਨ੍ਹਾਂ ਦਾ ਹਿਸਾਬ ਤਾਂ ਅਸੀਂ ਲੈ ਨਹੀਂ ਸਕਦੇ। ਇਸ ਲਈ ਤੂੰ ਇੰਝ ਕਰ 400 ਅਰਬ ਜ਼ੁਰਮਾਨਾ ਭਰ ਦੇ ਤੇ ਆਪਣੇ ਧੰਦੇ ਨੂੰ ਜਾਰੀ ਰੱਖ।
ਮਲਿਕ ਸਾਹਿਬ ਨੇ ਜ਼ੁਰਮਾਨਾ ਵੀ ਕੋਈ ਨਾ ਦਿੱਤਾ ਅਤੇ ਉਨ੍ਹਾਂ ਦੇ ਬੁਲਡੋਜ਼ਰ ਵੀ ਚੱਲਦੇ ਰਹੇ। ਹੁਣ ਇਮਰਾਨ ਖਾਨ ਵਾਲੇ ਕੇਸ 'ਚ ਉਨ੍ਹਾਂ ਦਾ ਨਾਮ ਆਇਆ ਹੈ ਤੇ ਉੱਠ ਕੇ ਦੁਬਈ ਤੁਰ ਗਏ ਹਨ ਤੇ ਉੱਥੋਂ ਬੈਠ ਕੇ ਸਾਨੂੰ ਜ਼ੁਲਮ ਦੀ ਦਾਸਤਾਨ ਸੁਣਾ ਰਹੇ ਹਨ।
ਫੁਰਮਾਉਂਦੇ ਹਨ, " ਪਾਕਿਸਤਾਨ ਮੇਂ ਕਾਰੋਬਾਰ ਕਰਨਾ ਕੋਈ ਆਸਾਨ ਕਾਮ ਨਹੀਂ। ਕਦਮ-ਕਦਮ ਪਰ ਰੁਕਾਵਟੋਂ ਕੇ ਬਾਵਜੂਦ 40 ਸਾਲ ਖੂਨ-ਪਸੀਨਾ ਏਕ ਕਰਕੇ ਅੱਲ੍ਹਾ ਕੇ ਫਜ਼ਲ ਸੇ ਬਿਹਰੀਆ ਟਾਊਨ ਬਣਾਇਆ।"
ਫਿਰ ਫੁਰਮਾਉਂਦੇ ਹਨ , " ਮੈਂ ਦਿਲ ਮੇਂ ਏਕ ਤੂਫ਼ਾਨ ਲਿਏ ਬੈਠਾ ਹੂੰ। ਅਗਰ ਜੇ ਬੰਦ ਟੂਟ ਗਿਆ ਤੋ ਸਭ ਕਾ ਭਰਮ ਟੂਟ ਜਾਏਗਾ।" ਅਤੇ ਨਾਲ ਹੀ ਇੱਕ ਛੋਟੀ ਜਿਹੀ ਧਮਕੀ ਵੀ 'ਕਿ ਯੇ ਮਤ ਭੂਲਣਾ ਕਿ ਪਿਛਲੇ 25-30 ਸਾਲੋਂ ਕੇ ਸਭ ਰਾਜ਼ ਸਬੂਤੋਂ ਕੇ ਸਾਥ ਮਹਿਫੂਜ਼ ਹੈਂ।'
ਪੰਜਾਬੀ ਵਿੱਚ ਮਲਿਕ ਸਾਹਿਬ ਫੁਰਮਾ ਰਹੇ ਕਿ ਤੁਸੀਂ ਸਾਰੇ ਮੇਰੇ ਕਾਣੇ ਹੋ, ਤੁਸੀਂ ਮੇਰਾ ਕੀ ਕਰ ਸਕਦੇ ਹੋ।
ਉਨ੍ਹਾਂ ਦੀ ਗੱਲ ਸੱਚ ਵੀ ਲੱਗਦੀ ਹੈ। ਕਈ ਵਰ੍ਹੇ ਪਹਿਲਾਂ ਉਹ ਸੁਪਰੀਮ ਕੋਰਟ 'ਚ ਪੇਸ਼ ਹੋਏ ਸਨ ਤੇ ਉਨ੍ਹਾਂ ਦੇ ਪਿੱਛੇ ਇੰਨ੍ਹੇ ਕੁ ਸੀਨੀਅਰ ਰਿਟਾਇਰ ਜਨਰਲ ਸਨ ਕਿ ਲੱਗਦਾ ਸੀ ਕਿ ਖੋਰੇ ਮਲਿਕ ਸਾਹਿਬ ਨੇ ਕੋਰ ਕਮਾਂਡਰਾਂ ਦੀ ਆਪਣੀ ਹੀ ਮੀਟਿੰਗ ਬੁਲਾਈ ਹੋਵੇ।
ਬਾਕੀਆਂ ਨੂੰ ਛੱਡੋ ਅਸੀਂ ਮੀਡੀਆ ਵਾਲੇ ਮਲਿਕ ਸਾਹਿਬ ਦੇ ਸਭ ਤੋਂ ਵੱਡੇ ਕਾਣੇ ਹਾਂ। ਕਰਾਚੀ ਵਿੱਚ ਮੇਰੇ ਘਰ ਤੋਂ ਚਾਰ-ਪੰਜ ਗਲੀਆਂ ਛੱਡ ਕੇ ਮਲਿਕ ਸਾਹਿਬ ਜੁਨੂਬੀ ਏਸ਼ੀਆ ਦਾ ਸਭ ਤੋਂ ਵੱਡਾ ਟਾਵਰ ਬਣਾ ਰਹੇ ਸਨ।
ਇੱਕ ਦਿਨ ਮੈਂ ਘਰੋਂ ਵੇਖਿਆ ਕੁਝ 60ਵੀਂ-62ਵੀਂ ਮੰਜ਼ਿਲ 'ਤੇ ਵੱਡੀ ਅੱਗ ਲੱਗੀ ਸੀ। ਮੈਂ ਟੀਵੀ ਚੈਨਲ ਚੈੱਕ ਕੀਤੇ, ਪਰ ਕਿਤੇ ਕੋਈ ਖ਼ਬਰ ਨਹੀਂ । ਇੱਕ ਨਿਊਜ਼ਰੂਮ ਵਿੱਚ ਬੈਠੇ ਦੋਸਤ ਨੂੰ ਫੋਨ ਕੀਤਾ ਕਿ ਬਈ ਪੂਰੇ ਕਰਾਚੀ ਨੂੰ ਟਾਵਰ 'ਚ ਲੱਗੀ ਅੱਗ ਨਜ਼ਰ ਆ ਰਹੀ ਹੈ, ਤੁਹਾਨੂੰ ਨਜ਼ਰ ਨਹੀਂ ਆ ਰਹੀ?
ਉਸ ਨੇ ਕਿਹਾ ਤੁਸੀਂ ਆਪ ਸਿਆਣੇ ਹੋ ਏਵੇਂ ਜਬਲੀਆਂ ਨਾ ਮਾਰੋ। ਸਾਰੇ ਟੀਵੀ ਚੈਨਲਾਂ ਦਾ ਖਰਚਾ ਅਤੇ ਸਾਡੀਆਂ ਤਨਖਾਹਾਂ ਮਲਿਕ ਸਾਹਬ ਦੇ ਇਸ਼ਤਿਹਾਰਾਂ ਤੋਂ ਹੀ ਤਾਂ ਆਉਂਦੀਆ ਹਨ ਅਤੇ ਜਿਹੜਾ ਬੰਦਾ ਆਪ ਕਾਣਾ ਹੋਵੇ ਉਹ ਅੱਗੇ ਕਿਸੇ ਸੇਠ ਨੂੰ ਕੀ ਜਵਾਬ ਦੇ ਸਕਦਾ ਹੈ।
ਬਸ ਹੱਥ ਬੰਨ੍ਹ ਕੇ ਇਹ ਹੀ ਕਹਿ ਸਕਦਾ ਹੈ ਕਿ 'ਜੇ ਸੋਹਣੀ ਧਰਤੀ ਦੇ ਟੋਟੇ-ਟੋਟੇ ਕਰਕੇ ਤੁਸੀਂ ਵੇਚੇ ਹਨ , ਬਿਲੀਨੀਅਰ ਬਣੇ ਹੋ ਤੇ ਹੁਣ ਵੀ ਇਸ ਦੇ ਨਾਲ ਸ਼ਿਕਾਇਤ ਹੈ ਤਾਂ ਫਿਰ ਹੋਰ ਮੁਲਕ ਲੱਭੋ ਅਤੇ ਉੱਥੇ ਜਾ ਕੇ ਹਾਜ਼ਾ ਮਿਨ ਫਜ਼ਲੇ ਰੱਬੀ ਵਾਲੀ ਤਖਤੀ ਲਗਾ ਲਓ।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













