ਹੈਦਰਾਬਾਦ ਦੀ 'ਲਾਪਤਾ' ਮਹਿਲਾ ਬਾਰੇ ਵਾਇਰਲ ਰਿਪੋਰਟਾਂ ਦੇ ਰੂਹ-ਕੰਬਾਊ ਵੇਰਵੇ ਬਾਰੇ ਪੁਲਿਸ ਨੇ ਕੀ ਦੱਸਿਆ

ਮਾਧਵੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਮਾਧਵੀ
    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

ਚੇਤਾਵਨੀ: ਇਸ ਲੇਖ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਹੈਦਰਾਬਾਦ ਵਿੱਚ ਇੱਕ ਮਹਿਲਾ ਦੇ ਕਥਿਤ ਤੌਰ 'ਤੇ ਲਾਪਤਾ ਹੋਣ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ।

ਉਂਝ ਤਾਂ ਲਾਪਤਾ ਹੋਣ ਦੀਆਂ ਖਬਰਾਂ ਅਤੇ ਅਜਿਹੇ ਮਾਮਲਿਆਂ ਦੀ ਰਿਪੋਰਟ ਹੋਣਾ ਕਾਫ਼ੀ ਆਮ ਗੱਲ ਹੈ, ਪਰ ਇਹ ਖ਼ਬਰ ਬਹੁਤ ਪਰੇਸ਼ਾਨ ਕਰਨ ਵਾਲੀ ਹੈ।

ਮਾਧਵੀ ਨਾਮ ਦੀ ਮਹਿਲਾ ਦੀ ਕਥਿਤ ਤੌਰ 'ਤੇ ਉਸ ਦੇ ਪਤੀ ਗੁਰੂਮੂਰਤੀ ਨੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਸਬੰਧੀ ਮੀਡੀਆ ਰਿਪੋਰਟਾਂ ਵਿੱਚ ਘਟਨਾ ਦੇ ਵੇਰਵੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਪੁਲਿਸ ਦੁਆਰਾ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਜਿਵੇਂ ਕਤਲ ਤੋਂ ਬਾਅਦ ਸਰੀਰ ਦੇ ਟੁਕੜੇ ਕਰ ਦਿੱਤੇ ਗਏ ਸਨ। ਇਨ੍ਹਾਂ ਨੂੰ ਕੁੱਕਰ ਵਿੱਚ ਪਾ ਕੇ ਪਕਾਇਆ ਗਿਆ। ਸਥਾਨਕ ਅਤੇ ਕੌਮੀ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਵੱਖ-ਵੱਖ ਕਹਾਣੀਆਂ ਵਾਇਰਲ ਹੋ ਰਹੀਆਂ ਹਨ।

ਹਾਲਾਂਕਿ, ਪੁਲਿਸ ਨੇ ਅਜੇ ਤੱਕ ਮਾਧਵੀ ਦੇ ਕਤਲ ਜਾਂ ਮੀਡੀਆ ਦੁਆਰਾ ਰਿਪੋਰਟ ਕੀਤੇ ਜਾ ਰਹੇ ਕਿਸੇ ਵੀ ਭਿਆਨਕ ਵੇਰਵਿਆਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

ਐਲਬੀ ਨਗਰ ਦੇ ਡੀਸੀਪੀ ਪ੍ਰਵੀਨ ਕੁਮਾਰ ਨੇ ਬੀਬੀਸੀ ਤੇਲਗੂ ਨੂੰ ਦੱਸਿਆ ਕਿ ਉਹ ਫਿਲਹਾਲ ਇਸ ਮਾਮਲੇ ਦੀ ਜਾਂਚ ਲਾਪਤਾ ਵਿਅਕਤੀ ਵਜੋਂ ਕਰ ਰਹੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੁਲਿਸ ਨੇ ਮਹਿਲਾ ਦੇ ਪਤੀ ਬਾਰੇ ਕੀ ਦੱਸਿਆ

ਪੁਲਿਸ ਨੇ ਦੱਸਿਆ ਕਿ ਲਾਪਤਾ ਔਰਤ ਦਾ ਪਤੀ ਫੌਜ ਤੋਂ ਸੇਵਾਮੁਕਤ ਹੈ।

ਜਾਣਕਾਰੀ ਮੁਤਾਬਕ, ਪੁੱਟਾ ਗੁਰੂਮੂਰਤੀ ਅਤੇ ਵੈਂਕਟ ਮਾਧਵੀ ਪਿਛਲੇ ਪੰਜ ਸਾਲਾਂ ਤੋਂ ਹੈਦਰਾਬਾਦ ਦੇ ਬਾਹਰਵਾਰ ਜਿਲੇਲਗੁਡਾ ਵਿੱਚ ਨਿਊ ਵੈਂਕਟੇਸ਼ਵਰ ਕਲੋਨੀ ਦੇ ਪਲਾਟ ਨੰਬਰ 3 ਵਿੱਚ ਰਹਿ ਰਹੇ ਹਨ।

ਗੁਰੂਮੂਰਤੀ ਅਤੇ ਮਾਧਵੀ ਪ੍ਰਕਾਸ਼ਮ ਜ਼ਿਲ੍ਹੇ ਦੇ ਰਾਚਰਲਾ ਮੰਡਲ ਦੇ ਜੇਪੀ ਚੇਰੂਵੂ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਵਿਆਹ ਲਗਭਗ 13 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ।

ਗੁਰੂਮੂਰਤੀ ਪਹਿਲਾਂ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਹੁਣ ਸੇਵਾਮੁਕਤ ਹਨ। ਮੀਰਪੇਟ ਇੰਸਪੈਕਟਰ ਕੇਸਰਾ ਨਾਗਰਾਜੂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਸ ਸਮੇਂ ਇੱਕ ਨਿੱਜੀ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਹਨ।

ਗੁਰੂਮੂਰਤੀ ਅਤੇ ਮਾਧਵੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਗੁਰੂਮੂਰਤੀ ਅਤੇ ਮਾਧਵੀ ਦਾ ਵਿਆਹ ਲਗਭਗ 13 ਸਾਲ ਪਹਿਲਾਂ ਹੋਇਆ ਸੀ

ਮਾਧਵੀ ਦੇ 'ਲਾਪਤਾ' ਹੋਣ ਬਾਰੇ ਕੀ ਪਤਾ

ਮਾਧਵੀ ਦੇ ਲਾਪਤਾ ਹੋਣ ਦਾ ਮਾਮਲਾ ਇਸੇ ਮਹੀਨੇ ਦੀ 18 ਤਰੀਕ ਨੂੰ ਦਰਜ ਕਰਵਾਇਆ ਗਿਆ ਸੀ।

ਮਾਧਵੀ ਦੀ ਮਾਂ ਉੱਪਲਾ ਸੁੱਬਾਮਾ ਨੇ 18 ਜਨਵਰੀ ਨੂੰ ਮੀਰਪੇਟ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸੁੱਬਾਮਾ ਨੇ ਪੁਲਿਸ ਕੋਲ ਦਰਜ ਆਪਣੀ ਸ਼ਿਕਾਇਤ ਵਿੱਚ ਦੱਸਿਆ, "16 ਤਰੀਕ ਦੀ ਸਵੇਰ ਨੂੰ ਮੇਰੀ ਧੀ ਮਾਧਵੀ ਅਤੇ ਉਸ ਦੇ ਪਤੀ ਗੁਰੂਮੂਰਤੀ ਦਾ ਮਾਮੂਲੀ ਝਗੜਾ ਹੋਇਆ ਅਤੇ ਉਹ ਦੁਪਹਿਰ ਨੂੰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ।"

"ਮੈਂ ਗੁਆਂਢੀਆਂ, ਜਾਣ-ਪਛਾਣ ਵਾਲਿਆਂ ਅਤੇ ਰਿਸ਼ਤੇਦਾਰਾਂ ਤੋਂ ਪੁੱਛਿਆ ਪਰ ਉਹ ਨਹੀਂ ਮਿਲੀ।''

ਇਸ ਸਬੰਧ ਵਿੱਚ, ਮੀਰਪੇਟ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦਾ ਮਾਮਲਾ (81/2025) ਦਰਜ ਕੀਤਾ ਗਿਆ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਹੈ।

ਮੀਰਪੇਟ ਇੰਸਪੈਕਟਰ ਨਾਗਰਾਜੂ ਨੇ ਬੀਬੀਸੀ ਨੂੰ ਦੱਸਿਆ, "15 ਤਰੀਕ ਨੂੰ, ਮਾਧਵੀ ਅਤੇ ਗੁਰੂਮੂਰਤੀ ਘਰ ਆਏ। ਬਾਅਦ ਵਿੱਚ ਪਤਾ ਲੱਗਾ ਕਿ ਉਹ (ਮਾਧਵੀ) ਲਾਪਤਾ ਸੀ। ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ।"

ਮਾਧਵੀ ਦੇ ਪਤੀ 'ਤੇ ਹੈ ਸ਼ੱਕ

ਪੁਲਿਸ ਮੁਤਾਬਕ, ''ਜਦੋਂ ਮਾਧਵੀ ਦੇ ਮਾਪਿਆਂ ਤੋਂ ਪੁੱਛਗਿੱਛ ਕੀਤੀ ਗਈ, ਤਾਂ ਉਨ੍ਹਾਂ ਨੂੰ ਗੁਰੂਮੂਰਤੀ 'ਤੇ ਸ਼ੱਕ ਹੋਇਆ।''

''ਅਸੀਂ ਉਨ੍ਹਾਂ ਦੇ ਸ਼ੱਕ ਦਾ ਨੋਟਿਸ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹੁਣ ਤੱਕ, ਇਸ ਨੂੰ ਲਾਪਤਾ ਵਿਅਕਤੀ ਦੇ ਮਾਮਲੇ ਵਜੋਂ ਦਰਜ ਕੀਤਾ ਗਿਆ ਹੈ।''

ਇਸ ਮਾਮਲੇ ਵਿੱਚ ਬੀਬੀਸੀ ਨੇ ਮਾਧਵੀ ਦੇ ਮਾਪਿਆਂ ਨਾਲ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਸਕੀ।

ਅਸੀਂ ਕੁਝ ਗੁਆਂਢੀਆਂ ਨਾਲ ਵੀ ਉਸ ਪਰਿਵਾਰ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਬੀਬੀਸੀ ਨੇ ਗੁਰੂਮੂਰਤੀ ਦੇ ਮੌਜੂਦਾ ਮਾਲਕ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਤੋਂ ਵੀ ਕੋਈ ਜਵਾਬ ਨਹੀਂ ਮਿਲ ਸਕਿਆ।

ਮਾਧਵੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਮਾਧਵੀ ਦੇ ਲਾਪਤਾ ਹੋਣ ਦਾ ਮਾਮਲਾ ਇਸੇ ਮਹੀਨੇ ਦੀ 18 ਤਰੀਕ ਨੂੰ ਦਰਜ ਕਰਵਾਇਆ ਗਿਆ ਸੀ

ਵਾਇਰਲ ਰਿਪੋਰਟਾਂ ਦੇ ਵੇਰਵੇ ਰੂਹ-ਕੰਬਾਊ

ਸਥਾਨਕ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਅਨੁਸਾਰ, ਗੁਰੂਮੂਰਤੀ, ਜੋ ਕਿ ਇਸ ਮਾਮਲੇ ਵਿੱਚ ਸ਼ੱਕੀ ਮੁਲਜ਼ਮ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਉਸ ਨੂੰ (ਮਾਧਵੀ ਨੂੰ) ਮਾਰ ਦਿੱਤਾ ਅਤੇ ਉਸਦੇ ਟੁਕੜੇ-ਟੁਕੜੇ ਕਰ ਦਿੱਤੇ।

ਮੀਡੀਆ ਵਿੱਚ ਇਸ ਬਾਰੇ ਵੀ ਰਿਪੋਰਟਾਂ ਹਨ ਕਿ ਗੁਰੂਮੂਰਤੀ ਨੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਇਸ ਨਾਲ ਕੀ ਕੀਤਾ। ਇਹ ਵੇਰਵੇ ਕਾਫੀ ਪਰੇਸ਼ਾਨ ਕਰਨ ਵਾਲੇ ਹਨ।

ਪੁਲਿਸ ਕਿਤੇ ਵੀ ਇਨ੍ਹਾਂ ਗੱਲਾਂ ਦੀ ਪੁਸ਼ਟੀ ਨਹੀਂ ਕਰ ਰਹੀ ਹੈ।

ਮੀਰਪੇਟ ਇੰਸਪੈਕਟਰ ਨਾਗਰਾਜੂ ਨੇ ਕਿਹਾ, "ਮਾਧਵੀ ਦੇ ਮਾਪਿਆਂ ਵੱਲੋਂ ਗੁਰੂਮੂਰਤੀ 'ਤੇ ਜਤਾਏ ਗਏ ਸ਼ੱਕ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"

ਐਲਬੀ ਨਗਰ ਦੇ ਡੀਸੀਪੀ ਪ੍ਰਵੀਨ ਕੁਮਾਰ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਦੱਸਿਆ, ਗੁਰੂਮੂਰਤੀ ਮਾਧਵੀ ਦੇ ਲਾਪਤਾ ਹੋਣ ਬਾਰੇ ਦੋ-ਤਿੰਨ ਵੱਖ-ਵੱਖ ਵੇਰਵੇ ਦੱਸ ਰਿਹਾ ਹੈ। ਅਸੀਂ ਇਸ ਆਧਾਰ 'ਤੇ ਵੀ ਜਾਂਚ ਕਰ ਰਹੇ ਹਾਂ। ਮਾਮਲੇ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।''

''ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਾਧਵੀ ਦਾ ਕਤਲ ਕਰਕੇ ਉਸ ਦੇ ਸ਼ਰੀਰ ਦੇ ਟੁਕੜੇ-ਟੁਕੜੇ ਕੀਤੇ ਗਏ ਸਨ। ਜਾਂਚ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ।''

ਪੁਲਿਸ
ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਲਾਪਤਾ ਵਿਅਕਤੀ ਵਜੋਂ ਕੀਤੀ ਜਾ ਰਹੀ ਹੈ

ਸੀਸੀਟੀਵੀ ਫੁਟੇਜ ਵਿੱਚ ਕੀ ਹੈ?

ਪੁਲਿਸ ਦੇ ਅਨੁਸਾਰ, ਸੀਸੀਟੀਵੀ ਫੁਟੇਜ ਵਿੱਚ ਮਾਧਵੀ ਘਰ ਵਿੱਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ ਪਰ ਬਾਹਰ ਆਉਂਦੀ ਦਿਖਾਈ ਨਹੀਂ ਦਿੱਤੀ। ਇਹ ਇਸ ਕੇਸ ਦੀ ਇੱਕ ਬਹੁਤ ਮਹੱਤਵਪੂਰਨ ਗੱਲ ਹੈ।

ਡੀਸੀਪੀ ਪ੍ਰਵੀਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋਈ ਫੁਟੇਜ ਅਤੇ ਗੁਰੂਮੂਰਤੀ ਦੀਆਂ ਹਰਕਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਲਾਸ਼ ਦੇ ਟੁਕੜੇ ਨੇੜਲੇ ਤਲਾਅ ਵਿੱਚ ਸੁੱਟੇ ਗਏ ਹੋਣ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਸਾਰੀ ਜਾਣਕਾਰੀ ਸਾਹਮਣੇ ਆਵੇਗੀ।

ਹਾਲਾਂਕਿ, ਪੁਲਿਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਉਨ੍ਹਾਂ ਨੇ ਗੁਰੂਮੂਰਤੀ ਸਮੇਤ ਕਿਸੇ ਹੋਰ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ।

ਤਲਾਅ
ਤਸਵੀਰ ਕੈਪਸ਼ਨ, ਮਾਧਵੀ ਦੇ ਮਾਪਿਆਂ ਨੂੰ ਸ਼ੱਕ ਹੈ ਕਿ ਪਤੀ ਨੇ ਹੀ ਮਾਧਵੀ ਦਾ ਕਤਲ ਕਰ ਦਿੱਤਾ ਹੈ

ਮਾਧਵੀ ਦੇ ਘਰ ਕੀ ਹਾਲਾਤ ਹਨ?

ਬੀਬੀਸੀ ਨੇ ਉਸ ਘਰ ਦਾ ਮੁਆਇਨਾ ਕੀਤਾ ਹੈ, ਜਿੱਥੇ ਗੁਰੂਮੂਰਤੀ ਦਾ ਪਰਿਵਾਰ ਰਹਿ ਰਿਹਾ ਸੀ।

ਘਰ ਅਤੇ ਬਾਹਰੀ ਗੇਟ ਨੂੰ ਜ਼ਿੰਦਾ ਲੱਗਿਆ ਹੋਇਆ ਸੀ। ਬੀਬੀਸੀ ਨੂੰ ਨੇੜੇ-ਤੇੜੇ ਕੋਈ ਪੁਲਿਸ ਦੀ ਮੌਜੂਦਗੀ ਨਹੀਂ ਦਿਖਾਈ ਦਿੱਤੀ।

ਖੁੱਲ੍ਹੀ ਖਿੜਕੀ ਵਿੱਚੋਂ ਇੱਕ ਛੋਟਾ ਕੁੱਕਰ, ਚਿਕਨ ਜਾਂ ਮਟਨ ਦੀਆਂ ਦੁਕਾਨਾਂ ਵਿੱਚ ਮਾਸ ਪਕਾਉਣ ਲਈ ਵਰਤਿਆ ਜਾਣ ਵਾਲਾ ਇੱਕ ਛੋਟਾ ਲੱਕੜ ਦਾ ਭਾਂਡਾ, ਇੱਕ ਸ਼ਰਾਬ ਦੀ ਬੋਤਲ ਅਤੇ ਇੱਕ ਬਾਲਟੀ ਦਿਖਾਈ ਦੇ ਰਹੀ ਸੀ। ਪਹਿਲੀ ਨਜ਼ਰ 'ਤੇ, ਕੁਝ ਵੀ ਅਸਾਧਾਰਨ ਨਹੀਂ ਲੱਗਿਆ।

ਇਹ ਘਰ ਇੱਕ ਪੈਂਟਹਾਊਸ ਹੈ, ਜਿਸ ਵਿੱਚ ਗਰਾਉਂਡ ਫਲੋਰ ਦੇ ਨਾਲ 2 ਹੋਰ ਮੰਜ਼ਿਲਾਂ ਹਨ। ਇਸ ਵੇਲੇ ਪੂਰੇ ਪੋਰਸ਼ਨ ਵਿੱਚ ਕੋਈ ਨਹੀਂ ਹੈ। ਜਦੋਂ ਬੀਬੀਸੀ ਦੀ ਟੀਮ ਪਹੁੰਚੀ ਤਾਂ ਜ਼ਿੰਦੇ ਲੱਗੇ ਹੋਏ ਸਨ।

ਇਸ ਮਾਮਲੇ ਨਾਲ ਜੁੜੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਜਾਣਨ ਦੀ ਲੋੜ ਹੈ।

ਮਾਧਵੀ ਦਾ ਘਰ
ਤਸਵੀਰ ਕੈਪਸ਼ਨ, ਮਾਧਵੀ ਦਾ ਘਰ

ਜਿੱਥੇ ਇਹ ਮਾਮਲਾ ਦੇਸ਼ ਭਰ ਵਿੱਚ ਸਨਸਨੀ ਬਣਿਆ ਹੋਇਆ ਹੈ, ਉੱਥੇ ਹੀ ਮੁੱਢਲੇ ਪੱਧਰ 'ਤੇ ਇਸ ਮਾਮਲੇ ਨੂੰ ਲੈ ਕੇ ਕਈ ਖਦਸ਼ੇ ਹਨ:

  • ਕੀ ਮਾਧਵੀ ਲਾਪਤਾ ਹੋ ਗਈ ਜਾਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ? ਇਸ ਮਾਮਲੇ ਬਾਰੇ ਇੰਨੀਆਂ ਸਾਰੀਆਂ ਬੇਤੁਕ ਅਟਕਲਾਂ ਦਾ ਕੀ ਕਾਰਨ ਹੈ?
  • ਪੁਲਿਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਘਰੋਂ ਬਾਹਰ ਨਹੀਂ ਨਿਕਲੀ, ਤਾਂ ਉਹ ਗਾਇਬ ਕਿਵੇਂ ਹੋ ਗਈ?
  • ਸੀਸੀਟੀਵੀ ਫੁਟੇਜ ਵਿੱਚ ਕੀ ਹੈ?
  • ਕੀ ਪਤੀ ਕਿਸੇ ਵੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਹੈ?

ਅਸਲ ਵਿੱਚ ਤਾਂ ਇਹ ਸਵਾਲ ਮੀਡੀਆ ਲਈ ਨਹੀਂ ਸਗੋਂ ਪੁਲਿਸ ਲਈ ਹਨ।

ਪੁਲਿਸ ਸਟੇਸ਼ਨ
ਤਸਵੀਰ ਕੈਪਸ਼ਨ, ਮਾਧਵੀ ਦੇ ਕਤਲ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਬਾਰੇ ਵੀ ਕਈ ਰਿਪੋਰਟਾਂ ਵਾਇਰਲ ਹੋ ਰਹੀਆਂ ਹਨ

ਮੀਡੀਆ ਲਈ ਤਾਂ ਸਵਾਲ ਇਹ ਹੈ ਕਿ - ਪੁਲਿਸ ਨੇ ਇਸ ਮਾਮਲੇ ਵਿੱਚ ਅਫਵਾਹਾਂ ਨੂੰ ਰੋਕਣ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ?

ਪੁਲਿਸ ਨੂੰ ਇਨ੍ਹਾਂ ਵਿੱਚੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ। ਇਸ ਤੋਂ ਬਾਅਦ ਹੀ ਮਾਮਲੇ ਦੀ ਜਾਂਚ ਪੂਰੀ ਹੋਵੇਗੀ।

ਡੀਸੀਪੀ ਪ੍ਰਵੀਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇੱਕ ਜਾਂ ਦੋ ਦਿਨਾਂ ਵਿੱਚ ਮਾਮਲਾ ਹੱਲ ਕਰ ਲਵਾਂਗੇ। ਫਿਰ ਸਭ ਕੁਝ ਪਤਾ ਲੱਗ ਜਾਵੇਗਾ। ਇਸ ਵੇਲੇ ਮਾਧਵੀ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"

ਇਸ ਮਾਮਲੇ ਵਿੱਚ ਆ ਰਹੀਆਂ ਸਨਸਨੀਖੇਜ਼ ਮੀਡੀਆ ਰਿਪੋਰਟਾਂ ਬਾਰੇ ਮੀਰਪੇਟ ਇੰਸਪੈਕਟਰ ਨਾਗਰਾਜੂ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਉਹ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)