ਪਤੀ ਦੀ ਕੁੱਟਮਾਰ ਤੋਂ ਬਚਣ ਲਈ ਰੋਡ ਟਰਿਪ ਸ਼ੁਰੂ ਕਰਨ ਵਾਲੀ 'ਟਰਿਪ ਆਂਟੀ' ਕਿਵੇਂ ਲੱਖਾਂ ਲੋਕਾਂ ਲਈ ਰੋਲ ਮਾਡਲ ਬਣ ਗਈ

ਤਸਵੀਰ ਸਰੋਤ, Su Min
- ਲੇਖਕ, ਲੌਰਾ ਬਿਕਰ
- ਰੋਲ, ਬੀਬੀਸੀ ਪੱਤਰਕਾਰ
60 ਸਾਲਾ ਚੀਨ ਦੇ ਸੂ ਮਿਨ ਦਾ ਨਾਰੀਵਾਦ ਦਾ ਆਈਕਨ ਬਣਨ ਦਾ ਕੋਈ ਇਰਾਦਾ ਨਹੀਂ ਸੀ।
ਸੂ ਮਿਨ ਆਪਣੇ ਦੁਰਵਿਵਹਾਰ ਕਰਨ ਵਾਲੇ ਪਤੀ ਤੋਂ ਬਚਣਾ ਚਾਹੁੰਦੇ ਸਨ ਜਦੋਂ ਉਨ੍ਹਾਂ ਨੇ 2020 ਵਿੱਚ ਆਪਣੀ ਗੱਡੀ ਦੀ ਛੱਤ ਤੇ ਟੈਂਟ ਲਗਾ ਅਤੇ ਸਿਰਫ਼ ਆਪਣੀ ਪੈਨਸ਼ਨ ਨਾਲ ਆਪਣੀ ਰੋਡ ਟਰਿਪ ਸ਼ੁਰੂ ਕੀਤੀ ਸੀ।
"ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਆਖਕਾਰ ਮੈਂ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕਦੀ ਹਾਂ। ਆਪਣੀ ਪਿਛਲੀ ਜ਼ਿੰਦਗੀ ਤੋਂ ਦੂਰ ਜਾਣ ਸਮੇਂ ਦੇ ਪਲ ਨੂੰ ਯਾਦ ਕਰਦੇ ਉਹ ਕਹਿੰਦੇ ਹਨ ਕਿ, ਮੈਨੂੰ ਲੱਗਾ ਕਿ ਮੈਂ ਹੁਣ ਜੀਅ ਸਕਦੀ ਹਾਂ ਅਤੇ ਆਪਣੀ ਜਿੰਦਗੀ ਦਾ ਨਵਾਂ ਰਾਹ ਤਲਾਸ਼ ਸਕਦੀ ਹਾਂ।"
ਉਹ ਅਗਲੇ ਚਾਰ ਸਾਲਾਂ ਵਿੱਚ 2 ਲੱਖ 90000 ਕਿਲੋਮੀਟਰ ਦੇ ਕਰੀਬ ਦਾ ਸਫਰ ਤੈਅ ਕਰਦੇ ਹਨ। ਉਨ੍ਹਾਂ ਨੇ ਆਪਣੇ ਸਫਰ ਦੀਆਂ ਵੀਡੀਓਜ਼ ਸਾਝੀਆਂ ਕੀਤੀਆਂ ਅਤੇ ਨਾਲ ਹੀ ਆਪਣੇ ਦਹਾਕਿਆਂ ਦੇ ਦਰਦ ਨੂੰ ਬਿਆਨ ਕੀਤਾ।
ਇਨ੍ਹਾਂ ਨੇ ਲੱਖਾਂ ਹੀ ਪ੍ਰਸ਼ਸਕ ਬਣਾਏ, ਜਿਨਾਂ ਨੇ ਉਨ੍ਹਾਂ ਨੂੰ "ਰੋਡ-ਟ੍ਰਿਪਿੰਗ ਆਂਟੀ" ਦਾ ਨਾਮ ਦਿੱਤਾ। ਕਿਉਂਕਿ ਅਣਜਾਣੇ ਵਿੱਚ ਹੀ ਸਹੀ ਪਰ ਉਹ ਉਨ੍ਹਾਂ ਲੱਖਾਂ ਔਰਤਾਂ ਲਈ ਹੀਰੋ ਬਣ ਗਏ ਸੀ ਜੋ ਆਪਣੇ ਆਪ ਨੂੰ ਜਿੰਦਗੀ ’ਚ ਫਸੀਆਂ ਹੋਈਆਂ ਮਹਿਸੂਸ ਕਰਦੀਆਂ ਹਨ।
ਉਨ੍ਹਾਂ ਦੀ ਕਹਾਣੀ ਹੁਣ ਇੱਕ ਹਿੱਟ ਫਿਲਮ ਹੈ ਜੋ ਕਿ ਸਤੰਬਰ ਵਿੱਚ ਰਿਲੀਜ਼ ਹੋਈ ਸੀ - ਲਾਈਕ ਏ ਰੋਲਿੰਗ ਸਟੋਨ
ਉਨ੍ਹਾਂ ਨੇ ਬੀਬੀਸੀ ਦੀ 2024 ਦੀਆਂ 100 ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ।
ਇਹ ਸਾਲ ਵੱਡੇ ਪਲਾਂ ਵਾਲਾ ਸਾਲ ਸੀ ਪਰ ਜੇ ਉਨ੍ਹਾਂ ਨੂੰ ਇੱਕ ਸ਼ਬਦ ਵਿੱਚ 2024 ਬਾਰੇ ਦੱਸਣਾ ਪਵੇ ਕਿ ਇਸ ਦੇ ਲਈ ਕੀ ਅਰਥ ਸੀ, ਤਾਂ ਉਹ ਕਹਿੰਦੇ ਹਨ ਕਿ ਉਹ ਸ਼ਬਦ ਹੋਵੇਗਾ "ਆਜ਼ਾਦੀ"

ਤਸਵੀਰ ਸਰੋਤ, Su Min
ਸੂਮਿਨ ਨੇ ਸ਼ੇਨਯਾਂਗ ਤੋਂ ਫ਼ੋਨ 'ਤੇ ਬੀਬੀਸੀ ਨਾਲ ਕਰਦਿਆਂ ਦੱਸਿਆ, “ਮੈਂ ਜਿਵੇਂ ਹੀ ਗੱਡੀ ਚਲਾਉਣੀ ਸ਼ੁਰੂ ਕੀਤੀ ਸੀ,ਮੈਨੰ ਆਜ਼ਾਦੀ ਮਹਿਸੂਸ ਹੋਣ ਲੱਗੀ।”
2024 ਤੱਕ, ਜਦੋਂ ਉਨ੍ਹਾਂ ਨੇ ਅੰਤ ਵਿੱਚ ਤਲਾਕ ਲਈ ਅਰਜ਼ੀ ਦਿੱਤੀ, ਉਨ੍ਹਾਂ ਨੂੰ ਇੱਕ ਹੋਰ ਆਜ਼ਾਦੀ ਦਾ ਅਨੁਭਵ ਹੋਇਆ।
ਇਸ ਵਿੱਚ ਭਾਵੇਂ ਕਿ ਥੋੜਾ ਸਮਾਂ ਲੱਗਦਾ ਹੈ ਕਿਉਂਕਿ ਇਹ ਚੀਨ ਵਿੱਚ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਅਤੇ ਉਨ੍ਹਾਂ ਦੇ ਪਤੀ ਨੇ ਵੀ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹ ਭੁਗਤਾਨ ਕਰਨ ਲਈ ਸਹਿਮਤ ਨਹੀਂ ਹੋ ਗਏ ਸਨ।
ਉਨ੍ਹਾਂ ਨੇ ਤਲਾਕ ਲੈਣ ਲਈ 160,000 ਯੂਆਨ, ਭਾਰਤੀ ਰੁਪਏ ਵਿੱਚ 18 ਲੱਖ ਦੇ ਕਰੀਬ ਦਾ ਭੁਗਤਾਨ ਕੀਤਾ ਪਰ ਉਹ ਅਜੇ ਵੀ ਤਲਾਕ ਸਰਟੀਫਿਕੇਟ ਆਉਣ ਦੀ ਉਡੀਕ ਕਰ ਰਹੇ ਹਨ।
ਪਰ ਉਹ ਦ੍ਰਿੜ ਹਨ ਕਿ ਉਹ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦੇ, "ਮੈਂ ਉਨ੍ਹਾਂ ਨੂੰ ਅਲਵਿਦਾ ਕਹਿ ਰਹੀ ਹਾਂ।"

ਆਜ਼ਾਦੀ ਦਾ ਰਾਹ
ਸੂਮਿਨ ਵੱਲੋਂ ਸੜਕ 'ਤੇ ਬਿਤਾਈ ਆਪਣੀ ਨਵੀਂ ਜ਼ਿੰਦਗੀ ਵਿੱਚ ਇੱਕੋ-ਇੱਕ ਫਰਜ਼ ਸਿਰਫ਼ ਆਪਣੇ ਆਪ ਪ੍ਰਤੀ ਹੈ।
ਉਨ੍ਹਾਂ ਦੀ ਵੀਡੀਓ ਵਿੱਚ ਸਿਰਫ਼ ਉਹ ਆਪ ਹੀ ਫੀਚਰ ਹੁੰਦੇ ਹਨ। ਹਾਲਾਂਕਿ ਉਹ ਇਕੱਲਿਆ ਗੱਡੀ ਚਲਾਉਂਦੇ ਹਨ ਪਰ ਕਦੇ ਵੀ ਇਕੱਲੇ ਨਹੀਂ ਜਾਪਦੇ। ਆਪਣੇ ਸਫ਼ਰ ਸਮੇਂ ਆਪਣੇ ਫੋਲੋਅਰਜ਼ ਨਾਲ ਗੱਲਾਂ ਸਾਝੀਆਂ ਕਰਦੇ ਹਨ ਕਿ ਉਨ੍ਹਾਂ ਨੇ ਕੀ ਖਾਣਾ ਖਾਇਆ, ਆਪਣਾ ਦਿਨ ਕਿਵੇਂ ਬਤੀਤ ਕਰਿਆ ਅਤੇ ਹੁਣ ਅੱਗੇ ਕਿੱਥੇ ਜਾ ਰਹੇ ਹਨ।
ਉਨ੍ਹਾਂ ਦੇ ਫੋਲੋਅਰਜ਼ ਵੀ ਆਪਣੇ-ਆਪ ਨੂੰ ਸਫ਼ਰ ’ਤੇ ਹੋਣ ਦਾ ਮਹਿਸੂਸ ਕਰਦੇ ਹਨ ਅਤੇ ਅਜਿਹੀਆਂ ਜਗਾਵਾਂ ਨੂੰ ਵੇਖਦੇ ਹਨ ਜਿਹੜੀਆਂ ਉਹ ਜਾਣਦੇ ਵੀ ਨਹੀਂ ਸਨ ਜਿਵੇਂ ਕਿ ਸ਼ਿਨਜਿਆਂਗ ਦੇ ਬਰਫ਼ ਨਾਲ ਢਕੇ ਪਹਾੜ, ਯੂਨਾਨ ਦੇ ਪ੍ਰਾਚੀਨ ਦਰਿਆਈ ਕਸਬੇ, ਚਮਕਦੀਆਂ ਨੀਲੀਆਂ ਝੀਲਾਂ, ਵਿਸ਼ਾਲ ਘਾਹ ਦੇ ਮੈਦਾਨ ਅਤੇ ਵੱਡੇ ਮਾਰੂਥਲ।
ਦਰਸ਼ਕ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਅਪਣਾਈ ਆਜ਼ਾਦੀ ਨੂੰ ਮਹਿਸੂਸ ਕਰਦੇ ਹਨ। ਦਰਸ਼ਕਾਂ ਨੇ ਜ਼ਿੰਦਗੀ ਦੀ ਅਸਲੀਅਤ ਬਾਰੇ ਅਜਿਹਾ ਬਿਰਤਾਂਤ ਤੇ ਬਿਆਨੀਆਂਂ ਪਹਿਲਾ ਸ਼ਾਇਦ ਹੀ ਸੁਣਿਆ ਹੋਵੇ।
ਇੱਕ ਫਾਲੋਅਰ ਨੇ ਲਿਖਿਆ, "ਤੁਸੀਂ ਬਹੁਤ ਬਹਾਦਰ ਹੋ! ਤੁਸੀਂ ਆਜ਼ਾਦ ਹੋਣ ਦਾ ਫੈਸਲਾ ਲਿਆ ਹੈ"
ਇੱਕ ਹੋਰ ਫਾਲੋਅਰ ਨੇ ਕਿਹਾ ਕਿ ਉਹ, "ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਲਈ ਜੀਉਣ"
ਇੱਕ ਔਰਤ ਨੇ ਸਲਾਹ ਮੰਗੀ ਕਿਉਂਕਿ ਉਹ ਵੀ "ਇਕੱਲੇ ਗੱਡੀ ਚਲਾਉਣ ਦੇ ਸੁਪਨੇ ਦੇਖਦੀ ਹੈ"
ਅਤੇ ਇੱਕ ਹੈਰਾਨ ਹੋਏ ਫਾਲੋਅਰ ਨੇ ਕਿਹਾ, "ਮੰਮੀ, ਉਨ੍ਹਾਂ ਨੂੰ ਦੇਖੋ! ਜਦੋਂ ਮੈਂ ਵੱਡੀ ਹੋਵਾਂਗੀ, ਜੇਕਰ ਮੈਂ ਵਿਆਹ ਨਹੀਂ ਕਰਾਉਂਦੀ ਤਾਂ ਮੈਂ ਉਨ੍ਹਾਂ ਦੀ ਤਰ੍ਹਾਂ ਹੀ ਰੰਗੀਨ ਜ਼ਿੰਦਗੀ ਜੀਵਾਂਗੀ!"
ਕੁਝ ਲੋਕਾਂ ਲਈ, ਇਹ ਗੱਲਾਂ ਵਧੇਰੇ ਵਿਹਾਰਕ ਪਰ ਪ੍ਰੇਰਨਾਦਾਇਕ ਹਨ, "ਤੁਹਾਡੇ ਵੀਡੀਓ ਦੇਖਣ ਤੋਂ ਬਾਅਦ, ਮੈਂ ਇਹ ਸਿੱਖਿਆ ਹੈ ਕਿ ਔਰਤਾਂ ਹੋਣ ਦੇ ਨਾਤੇ, ਸਾਡਾ ਆਪਣਾ ਘਰ ਹੋਣਾ ਚਾਹੀਦਾ ਹੈ, ਚੰਗੇ ਦੋਸਤ ਬਣਾਉਣੇ ਚਾਹੀਦੇ ਹਨ, ਵਿੱਤੀ ਤੌਰ 'ਤੇ ਸੁਤੰਤਰ ਹੋਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਬੇਰੁਜ਼ਗਾਰੀ ਬੀਮੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ!"
ਸੂਮਿਨ ਇਸ ਸਭ ਦੇ ਜ਼ਰੀਏ ਆਪਣੇ ਅਤੀਤ ਤੋਂ ਉਭਰ ਪਾ ਰਹੀ ਸੀ। ਉਨ੍ਹਾਂ ਦਾ ਸੜਕ 'ਤੇ ਇੱਕ ਅਵਾਰਾ ਬਿੱਲੀ ਨਾਲ ਸਾਹਮਣਾ ਹੁੰਦਾ ਹੈ। ਇਹ ਉਨ੍ਹਾਂ ਨੂੰ ਆਪਣੇ ਆਪ ਦੀ ਯਾਦ ਦਿਵਾਉਂਦਾ ਹੈ।
ਇਨਾਂ ਦੋਵਾਂ ਨੇ ਸਾਲਾਂ ਤੋਂ ਹਵਾ ਅਤੇ ਮੀਂਹ ਦਾ ਸਾਹਮਣਾ ਕੀਤਾ ਹੈ ਪਰ ਫਿਰ ਵੀ ਇਸ ਦੁਨੀਆਂ ਨੂੰ ਪਿਆਰ ਕਰਨ ਦਾ ਰਾਹ ਚੁਣਿਆ ਜੋ ਉਨ੍ਹਾਂ ਦੇ ਚਿਹਰਿਆਂ ਨੂੰ ਧੂੜ ਛਟਾਉਂਦਾ ਹੈ"।
ਬਾਜ਼ਾਰ ਜਾਣ ਤੇ ਉਨ੍ਹਾਂ ਨੂੰ ਮਿਰਚਾਂ ਦੀ ਖੁਸ਼ਬੂ ਆਉਂਦੀ ਹੈ। ਇਹ ਖੁਸ਼ਬੂ ਵੀ ਆਜ਼ਾਦੀ ਦਾ ਅਹਿਸਾਸ ਕਰਵਾਉਂਦੀ ਹੈੈ ਕਿਉਂਕਿ ਵਿਆਹ ਦੌਰਾਨ ਉਨ੍ਹਾਂ ਦੇ ਪਤੀ ਨੇ ਮਸਾਲੇਦਾਰ ਭੋਜਨ ਦੀ ਮਨਾਹੀ ਕੀਤੀ ਹੋਈ ਸੀ ਕਿਉਂਕਿ ਉਨ੍ਹਾਂ ਦੇ ਪਤੀ ਨੂੰ ਮਸਾਲੇਦਾਰ ਭੋਦਨ ਪਸੰਦ ਨਹੀਂ ਸੀ।

ਤਸਵੀਰ ਸਰੋਤ, Su Min
ਸੂ ਮਿਨ ਨੇ ਕਈ ਸਾਲ ਆਪਣੇ ਧੀ,ਪਤਨੀ ਅਤੇ ਮਾਂ ਹੋਣ ਦਾ ਫਰਜ਼ ਨਿਭਾਇਆ ਭਾਵੇਂ ਕਿ ਉਨ੍ਹਾਂ ਦਾ ਪਤੀ ਬਹੁਤ ਵਾਰ ਉਨ੍ਹਾਂ ਤੇ ਹੱਥ ਚੁੱਕਦਾ ਅਤੇ ਕੁੱਟ-ਮਾਰ ਕਰਦਾ ਸੀ।
ਉਹ ਕਹਿੰਦੇ ਹਨ, "ਮੈਂ ਇੱਕ ਪਰੰਪਰਾਗਤ ਔਰਤ ਸੀ ਅਤੇ ਜ਼ਿੰਦਗੀ ਭਰ ਆਪਣੇ ਵਿਆਹ ਵਿੱਚ ਰਹਿਣਾ ਚਾਹੁੰਦੀ ਸੀ"
"ਪਰ ਅੰਤ ਵਿੱਚ ਮੈਂ ਦੇਖਿਆ ਕਿ ਮੈਨੂੰ ਆਪਣੀ ਸਾਰੀ ਊਰਜਾ ਅਤੇ ਕੋਸ਼ਿਸ਼ ਦੇ ਬਦਲੇ ਕੁਝ ਨਹੀਂ ਮਿਲਿਆ, ਮਿਲਿਆ ਤੇ ਸਿਰਫ਼ ਕੁੱਟਮਾਰ, ਹਿੰਸਾ, ਭਾਵਨਾਤਮਕ ਦੁਰਵਿਵਹਾਰ ਅਤੇ ਗੈਸਲਾਈਟਿੰਗ।"
ਉਨ੍ਹਾਂ ਦੇ ਪਤੀ ਡੂ ਜ਼ੂਚੇਂਗ ਨੇ ਕੁੱਟਮਾਰ ਕਰਨ ਦੀ ਗੱਲ ਸਵੀਕਾਰ ਕੀਤੀ ਹੈ।
ਉਨ੍ਹਾਂ ਦੇ ਪਤੀ ਨੇ ਹਾਲ ਹੀ ਵਿੱਚ ਟਿੱਕਟੋਕ ਤੇ ਸਾਂਝੀ ਕੀਤੀ ਵੀਡੀਓ ਵਿੱਚ ਕਿਹਾ "ਇਹ ਮੇਰੀ ਗਲਤੀ ਸੀ ਕਿ ਮੈਂ ਤੁਹਾਡੇ ਨਾਲ ਕੁੱਟ-ਮਾਰ ਕੀਤੀ।"
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਦੇ ਪਤੀ ਸੇਵਾਮੁਕਤ ਹੋਣ ਤੋਂ ਪਹਿਲਾਂ ਜਲ ਸਰੋਤ ਮੰਤਰਾਲੇ ਵਿੱਚ ਸਰਕਾਰੀ ਨੌਕਰੀ ਕਰਦੇ ਸਨ।
ਉਨ੍ਹਾਂ ਨੇ 2022 ਵਿੱਚ ਇੱਕ ਆਉਟਲੈਟ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਕਿਉਂਕਿ ਉਹ ਅੱਗੋ ਬੋਲਦੀ ਸੀ ਅਤੇ ਇੱਕ ਪਰਿਵਾਰ ਵਿੱਚ ਇਹ ਇੱਕ ਆਮ ਗੱਲ ਹੈ, ਪਰਿਵਾਰ ਵਿੱਚ ਕੁਝ ਘਟਨਾਕਮ ਕਿਵੇਂ ਨਹੀਂ ਵਾਪਰ ਸਕਦੇ?"
ਜਦੋਂ ਫਰਜ਼ ਨੇ ਬੁਲਾਇਆ
ਸੂ ਮਿਨ ਨੇ ਵਿਆਹ ਕਰਨ ਬਾਰੇ ਕਿਹਾ "ਇਹ ਸਿਰਫ਼ ਪਿਤਾ ਦੇ ਕੰਟਰੋਲ ਤੋਂ ਬਚਣ ਲਈ ਅਤੇ ਪੂਰੇ ਪਰਿਵਾਰ ਤੋਂ ਬਚਣ ਲਈ ਕੀਤਾ ਸੀ।"
ਉਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਤਿੱਬਤ ਵਿੱਚ ਹੋਇਆ ਸੀ। 1982 ਵਿੱਚ ਉਨ੍ਹਾਂ ਦਾ ਪਰਿਵਾਰ ਹੇਨਾਨ ਸੂੂਬੇ ਵਿੱਚ ਚਲਾ ਗਿਆ। ਉਨ੍ਹਾਂ ਨੂੰ ਹਾਈ ਸਕੂਲ ਪੂਰਾ ਕਰਨ ਮਗਰੋਂ ਇੱਕ ਖਾਦ ਫੈਕਟਰੀ ਵਿੱਚ ਕੰਮ ਮਿਲ ਗਿਆ, ਜਿੱਥੇ ਜ਼ਿਆਦਾਤਰ ਮਹਿਲਾ ਸਹਿਯੋਗੀਆਂ ਵਿਆਹੀਆਂ ਹੋਈਆਂ ਸਨ, ਜਿਨ੍ਹਾਂ ਵਿੱਚ 20 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵੀ ਸ਼ਾਮਲ ਸਨ।
ਉਨ੍ਹਾਂ ਦਾ ਵਿਆਹ ਮੈਚਮੇਕਰ ਦੁਆਰਾ ਕਰਵਾਇਆ ਗਿਆ ਸੀ। ਉਸ ਸਮੇਂ ਇਹ ਬਹੁਤ ਆਮ ਗੱਲ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵਧੇਰਾ ਸਮਾਂ ਆਪਣੇ ਪਿਤਾ ਅਤੇ ਤਿੰਨ ਛੋਟੇ ਭਰਾਵਾਂ ਲਈ ਖਾਣਾ ਪਕਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਿੱਚ ਬਿਤਾਇਆ ਸੀ।
ਉਹ ਕਹਿੰਦੇ ਹਨ, "ਮੈਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੀ ਸੀ"
ਉਹ ਵਿਆਹ ਤੋਂ ਪਹਿਲਾਂ ਸਿਰਫ਼ ਦੋ ਵਾਰ ਹੀ ਮਿਲੇ ਸਨ। ਭਾਵੇਂ ਕਿ ਉਹ ਪਿਆਰ ਦੀ ਭਾਲ ਨਹੀਂ ਕਰ ਰਹੇ ਸਨ, ਪਰ ਉਨ੍ਹਾਂ ਨੂੰ ਵਿਆਹ ਮਗਰੋਂ ਪਿਆਰ ਵਧਣ ਦੀ ਉਮੀਦ ਸੀ।
ਸੂ ਮਿਨ ਨੂੰ ਪਿਆਰ ਨਹੀਂ ਮਿਲਿਆ
ਪਰ ਉਨ੍ਹਾਂ ਦੀ ਇੱਕ ਧੀ ਸੀ ਅਤੇ ਇਹੀ ਇੱਕ ਕਾਰਨ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੂੰ ਆਪਣੇ ਨਾਲ ਹੋ ਰਹੇ ਦੁਰਵਿਵਹਾਰ ਨੂੰ ਸਹਿਣ ਕਰਨਾ ਪਵੇਗਾ।

ਤਸਵੀਰ ਸਰੋਤ, Su Min
ਉਹ ਕਹਿੰਦੇ ਹਨ, "ਸਾਨੂੰ ਹਮੇਸ਼ਾ ਤਲਾਕ ਲੈਣ 'ਤੇ ਦੋਸ਼ ਦਿੱਤੇ ਜਾਣ ਤੋਂ ਬਹੁਤ ਡਰ ਲੱਗਦਾ ਸੀ, ਇਸ ਲਈ ਸਭ ਕੁਝ ਸਹਿਣ ਕਰਨਾ ਵਿਕਲਪ ਸੀ, ਪਰ ਅਸਲ ਵਿੱਚ, ਇਸ ਤਰ੍ਹਾਂ ਦਾ ਸਬਰ ਰੱਖਣਾ ਸਹੀ ਨਹੀਂ ਹੈ"
"ਮੈਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਅਸਲ ਵਿੱਚ ਇਸਦਾ ਬੱਚਿਆਂ 'ਤੇ ਕਾਫ਼ੀ ਪ੍ਰਭਾਵ ਪੈ ਸਕਦਾ ਹੈ। ਬੱਚੇ ਸੱਚਮੁੱਚ ਨਹੀਂ ਚਾਹੁੰਦੇ ਕਿ ਤੁਸੀਂ ਇਹ ਸਭ ਸਹਿਣ ਕਰੋ।”
ਸਗੋਂ ਉਹ ਚਾਹੁੰਦੇ ਹਨ ਕਿ ਤੁਸੀਂ ਬਹਾਦਰੀ ਨਾਲ ਖੜ੍ਹੇ ਹੋਵੋ ਅਤੇ ਉਨ੍ਹਾਂ ਨੂੰ ਇੱਕ ਸਦਭਾਵਨਾ ਵਾਲਾ ਘਰ ਦਿਓ।"
ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਛੱਡਣ ਬਾਰੇ ਸੋਚਿਆ, ਪਰ ਜਲਦੀ ਹੀ ਉਹ ਦਾਦੀ ਬਣ ਗਏ। ਉਨ੍ਹਾਂ ਦੀ ਧੀ ਦੇ ਜੁੜਵਾਂ ਬੱਚੇ ਹੋਏ ਸਨ ਅਤੇ ਉਨ੍ਹਾਂ ਨੂੰ ਫਿਰ ਇੱਕ ਵਾਰ ਫਰਜ਼ ਨੇ ਸੱਦਾ ਦੇ ਦਿੱਤਾ।
ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਕਰਨ ਦੀ ਲੋੜ ਹੈ। ਹਾਲਾਂਕਿ ਉਸ ਸਮੇਂ ਉਨ੍ਹਾਂ ਨੂੰ ਆਪਣੇ ਡਿਪਰੈਸ਼ਨ ਦਾ ਪਤਾ ਲੱਗ ਚੁੱਕਾ ਸੀ।
ਉਹ ਕਹਿੰਦੇ ਹਨ, "ਮੈਨੂੰ ਲੱਗਾ ਕਿ ਜੇ ਮੈਂ ਨਹੀਂ ਗਈ, ਤਾਂ ਮੈਂ ਹੋਰ ਬਿਮਾਰ ਹੋ ਜਾਵਾਂਗੀ"
ਉਨ੍ਹਾਂ ਨੇ ਆਪਣੀ ਧੀ ਨਾਲ ਵਾਅਦਾ ਕੀਤਾ ਕਿ ਉਹ ਦੋਵਾਂ ਮੁੰਡਿਆਂ ਦੀ ਦੇਖਭਾਲ ਕਰਨਗੇ ਅਤੇ ਬੱਚਿਆਂ ਦੇ ਕਿੰਡਰਗਾਰਟਨ ਜਾਣ ਤੋਂ ਬਾਅਦ ਚਲੇ ਜਾਣਗੇ।
ਉਨ੍ਹਾਂ ਨੇ ਰੋਡ ਟਰਿਪ ’ਤੇ ਜਾਣ ਦਾ ਕਦਮ 2019 ਵਿੱਚ ਸੋਸ਼ਲ ਮੀਡੀਆ 'ਤੇ ਵੇਖੀ ਵੀਡੀਓ ਤੋਂ ਲਿਆ ਸੀ। ਇਸ ਵੀਡੀਓ ਵਿੱਚ ਇੱਕ ਵੈਨ ਵਿੱਚ ਰਹਿੰਦਿਆਂ ਸਫਰ ਕਰਦਾ ਦਿਸਦਾ ਹੈ। ਇਸ ਮਗਰੋਂ ਇਹੀ ਰਾਹ ਚੁਣਨ ਦਾ ਫੈਸਲਾ ਕਰ ਲਿਆ।
ਕੋਰੋਨਾ ਮਹਾਂਮਾਰੀ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੀ। ਸਤੰਬਰ 2020 ਵਿੱਚ ਉਹ ਜ਼ੇਂਗਜ਼ੂ ਵਿੱਚ ਆਪਣੇ ਵਿਆਹੁਤਾ ਘਰ ਤੋਂ ਨਿਕਲ ਗਏ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ 20 ਚੀਨੀ ਸੂਬਿਆਂ ਅਤੇ 400 ਤੋਂ ਵੱਧ ਸ਼ਹਿਰਾਂ ਦਾ ਪੈਂਡਾ ਤੈਅ ਕੀਤਾ ਜੋ ਕਿ ਲਗਾਤਾਰ ਜਾਰੀ ਹੈ।
ਇਹ ਇੱਕ ਅਜਿਹਾ ਫੈਸਲਾ ਹੈ ਜੋ ਯਕੀਨੀ ਤੌਰ 'ਤੇ ਚੀਨ ਦੀਆਂ ਔਰਤਾਂ ਨਾਲ ਜੁੜ ਗਿਆ ਹੈ। ਸੁ ਮਿਨ ਆਪਣੇ ਲੱਖਾਂ ਫੋਲੋਅਰਜ਼ ਨੂੰ ਦਿਲਾਸਾ ਅਤੇ ਉਮੀਦ ਦਿੰਦੇ ਹਨ।
ਇੱਕ ਫਾਲੋਅਰ ਨੇ ਲਿਖਿਆ, "ਅਸੀਂ ਔਰਤਾਂ ਸਿਰਫ਼ ਕਿਸੇ ਦੀ ਪਤਨੀ ਜਾਂ ਮਾਂ ਨਹੀਂ ਹਾਂ... ਆਓ ਆਪਣੇ ਲਈ ਜੀਈਏ!"
ਇਨਾਂ ਫੋਲੋਅਰਜ਼ ਵਿੱਚੋਂ ਬਹੁਤ ਸਾਰੀਆਂ ਮਾਵਾਂ ਹਨ ਜੋ ਆਪਣੇ ਸੰਘਰਸ਼ਾਂ ਨੂੰ ਸਾਂਝਾ ਕਰਦੀਆਂ ਹਨ। ਉਹ ਦੱਸਦੀਆਂ ਹਨ ਕਿ ਉਹ ਵੀ ਦਮ ਘੁੱਟਣ ਵਾਲੇ ਵਿਆਹਾਂ ਵਿੱਚ ਫਸੀਆਂ ਮਹਿਸੂਸ ਕਰਦੀਆਂ ਹਨ।
ਕੁਝ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਕਹਾਣੀਆਂ ਨੇ ਉਨ੍ਹਾਂ ਨੂੰ ਦੁਰਵਿਵਹਾਰ ਕਰਨ ਵਾਲੇ ਰਿਸ਼ਤਿਆਂ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ ਹੈ।
ਉਨ੍ਹਾਂ ਦੇ ਸਭ ਤੋਂ ਵੱਧ ਦੇਖੇ ਗਏ ਵੀਡੀਓ 'ਤੇ ਇੱਕ ਕੰਮੈਟ ਹੈ, "ਤੁਸੀਂ ਹਜ਼ਾਰਾਂ ਔਰਤਾਂ ਲਈ ਇੱਕ ਹੀਰੋ ਹੋ ਅਤੇ ਬਹੁਤ ਸਾਰੀਆਂ ਹੁਣ ਤੁਹਾਡੇ ਕਾਰਨ ਇੱਕ ਬਿਹਤਰ ਜ਼ਿੰਦਗੀ ਦੀ ਸੰਭਾਵਨਾ ਦੇਖਦੀਆਂ ਹਨ"
ਇੱਕ ਹੋਰ ਫੋਲੋਅਰ ਕੰਮੈਟ ਕਰਦੇ ਨੇ, "ਜਦੋਂ ਮੈਂ 60 ਸਾਲਾਂ ਦੀ ਹੋਵਾਂਗੀ, ਤਾਂ ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਵਾਂਗ ਆਜ਼ਾਦ ਹੋ ਪਾਵਾਂਗੀ।"
ਇੱਕ ਔਰਤ ਪੁੱਛਦੀ ਹੈ, "ਆਂਟੀ ਸੂ, ਕੀ ਮੈਂ ਤੁਹਾਡੇ ਨਾਲ ਯਾਤਰਾ ਕਰ ਸਕਦੀ ਹਾਂ? ਮੈਂ ਸਾਰੇ ਖਰਚੇ ਪੂਰੇ ਕਰਾਂਗੀ। ਮੈਂ ਸਿਰਫ਼ ਤੁਹਾਡੇ ਨਾਲ ਇੱਕ ਯਾਤਰਾ ਕਰਨਾ ਚਾਹੁੰਦੀ ਹਾਂ। ਮੈਂ ਆਪਣੀ ਮੌਜੂਦਾ ਜ਼ਿੰਦਗੀ ਵਿੱਚ ਬਹੁਤ ਫਸੀ ਹੋਈ ਅਤੇ ਉਦਾਸ ਮਹਿਸੂਸ ਕਰਦੀ ਹਾਂ।"
'ਆਪਣੇ ਆਪ ਨੂੰ ਪਿਆਰ ਕਰੋ'
"ਕੀ ਤੁਸੀਂ ਆਪਣੇ ਸੁਪਨਿਆਂ ਦੀ ਜ਼ਿੰਦਗੀ ਪਾ ਸਕਦੇ ਹੋ?"
ਸੂ ਮਿਨ ਨੇ ਕਾਲ 'ਤੇ ਕਿਹਾ, "ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਉਮਰ ਭਾਵੇਂ ਕਿੰਨੀ ਵੀ ਹੋਵੇ, ਜਿੰਨਾ ਚਿਰ ਤੁਸੀਂ ਸਖ਼ਤ ਮਿਹਨਤ ਕਰਦੇ ਰਹੋਗੇ, ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਜ਼ਰੂਰ ਮਿਲਦੇ ਰਹਿਣਗੇ। ਬਿਲਕੁਲ ਮੇਰੇ ਵਾਂਗ, ਭਾਵੇਂ ਮੈਂ ਹੁਣ 60 ਸਾਲਾਂ ਦੀ ਹਾਂ, ਮੈਨੂੰ ਉਹ ਸਭ ਕੁਝ ਮਿਲਿਆ ਜੋ ਮੈਂ ਲੱਭ ਰਹੀ ਸੀ।"
ਉਹ ਨਾਲ ਹੀ ਮੰਨਦੇ ਹਨ ਕਿ ਇਹ ਆਸਾਨ ਨਹੀਂ ਸੀ ਅਤੇ ਉਨ੍ਹਾਂ ਨੂੰ ਆਪਣੀ ਪੈਨਸ਼ਨ 'ਤੇ ਕਿਫਾਇਤੀ ਢੰਗ ਨਾਲ ਨਿਰਭਰ ਰਹਿਣਾ ਪੈਣਾ ਸੀ।
ਉਨ੍ਹਾਂ ਨੇ ਸੋਚਿਆ ਕਿ ਵੀਡੀਓ ਬਲੌਗ ਕੁਝ ਪੈਸੇ ਇਕੱਠੇ ਕਰਨ ਵਿੱਚ ਮਦਦ ਕਰ ਸਕਦੇ ਹਨ। ਭਾਵੇਂ ਕਿ ਉਨ੍ਹਾਂ ਨੂੰ ਵਾਇਰਲ ਹੋਣ ਦਾ ਕੋਈ ਅੰਦਾਜ਼ਾ ਨਹੀਂ ਸੀ।

ਤਸਵੀਰ ਸਰੋਤ, Getty Images
ਉਹ ਆਪਣੇ ਸਫਰ ਦੌਰਾਨ ਸਿੱਖੀਆਂ ਗੱਲਾਂ ਬਾਰੇ ਗੱਲ ਕਰਦੇ ਹਨ ਅਤੇ ਆਪਣੇ ਤਲਾਕ ਨੂੰ ਅੰਤਿਮ ਰੂਪ ਦੇਣ ਦੀ ਚੁਣੌਤੀ ਤੇ ਵੀ ਗੱਲ ਕਰਦੇ ਹਨ।
"ਮੈਨੂੰ ਅਜੇ ਤੱਕ ਆਪਣਾ ਤਲਾਕ ਸਰਟੀਫਿਕੇਟ ਨਹੀਂ ਮਿਲਿਆ ਹੈ, ਕਿਉਂਕਿ ਕਾਨੂੰਨ ਅਨੁਸਾਰ ਇੱਕ ਕੂਲਿੰਗ ਪੀਰਿੰਡ ਹੁੰਦਾ ਹੈ ਅਤੇ ਅਜੇ ਉਹ ਪੀਰਿੰਡ ਚੱਲ ਰਿਹਾ ਹੈ।"
ਇੱਕ ਫਾਲੋਅਰ ਨੇ ਲਿਖਿਆ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਜੋ ਪੈਸਾ ਦਿੱਤਾ ਉਹ ਸਾਰਾ ਪੈਸਾ ਯੋਗ ਹੈ, ਨਾਲ ਹੀ ਕਿਹਾ, "ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਦੁਨੀਆ ਨੂੰ ਦੇਖੋ ਅਤੇ ਇੱਕ ਜੀਵੰਤ, ਬੇਰੋਕ ਜ਼ਿੰਦਗੀ ਜੀਓ। ਵਧਾਈਆਂ, ਆਂਟੀ - ਇੱਕ ਰੰਗੀਨ ਅਤੇ ਸੰਪੂਰਨ ਭਵਿੱਖ ਲਈ!"
ਉਹ ਕਹਿੰਦੇ ਹਨ ਕਿ ਤਲਾਕ ਲੈਣਾ ਮੁਸ਼ਕਲ ਹੈ ਕਿਉਂਕਿ ਚੀਨ ਵਿੱਚ ਸਾਡੇ ਬਹੁਤ ਸਾਰੇ ਕਾਨੂੰਨ ਪਰਿਵਾਰ ਦੀ ਰੱਖਿਆ ਕਰਨ ਲਈ ਬਣਾਏ ਗਏ ਹਨ। ਔਰਤਾਂ ਅਕਸਰ ਪਰਿਵਾਰਕ ਅਸੰਗਤੀ ਕਾਰਨ ਤਲਾਕ ਲੈਣ ਦੀ ਹਿੰਮਤ ਨਹੀਂ ਕਰਦੀਆਂ।"
ਉਨ੍ਹਾਂ ਨੂੰ ਪਹਿਲਾਂ ਲੱਗਦਾ ਸੀ ਕਿ ਸਮੇਂ ਅਤੇ ਦੂਰੀ ਨਾਲ ਉਨ੍ਹਾਂ ਦੇ ਪਤੀ ਦਾ ਵਿਵਹਾਰ ਸੁਧਰ ਸਕਦਾ ਹੈ,
ਉਨ੍ਹਾਂ ਕਿਹਾ, "ਪਰ ਵਾਪਸੀ ’ਤੇ ਉਨ੍ਹਾਂ ਦੇ ਪਤੀ ਵੱਲੋਂ ਉਨ੍ਹਾਂ 'ਤੇ ਭਾਂਡੇ ਅਤੇ ਪੈਨ ਵਗਾ ਕੇ ਸੁੱਟੇ ਗਏ।"
ਪਿਛਲੇ ਸਾਲਾਂ ਵਿੱਚ ਉਨ੍ਹਾਂ ਨੇ ਸਿਰਫ ਦੋ ਵਾਰ ਹੀ ਆਪਣੇ ਪਤੀ ਨੂੰ ਬੁਲਾਇਆ ਸੀ, ਇੱਕ ਵਾਰ ਕਿਉਂਕਿ ਉਨ੍ਹਾਂ ਦਾ ਹਾਈਵੇਅ ਐਕਸੈਸ ਕਾਰਡ ਆਪਣੇ ਪਤੀ ਦੇ ਕ੍ਰੈਡਿਟ ਕਾਰਡ ਨਾਲ ਲਿੰਕ ਸੀ ਅਤੇ ਉਨ੍ਹਾਂ ਦੇ ਪਤੀ ਵੱਲੋਂ 81 ਯੂਆਨ ਵਾਪਸ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਕਿਹਾ ਇਸ ਤੋਂ ਬਾਅਦ ਮੈਂ ਕਦੇ ਵੀ ਕਾਰਡ ਦੀ ਵਰਤੋਂ ਨਹੀਂ ਕੀਤੀ।
ਸੂ ਮਿਨ ਤਲਾਕ ਵਿੱਚ ਦੇਰੀ ਤੋਂ ਬਾਅਦ ਵੀ ਹੋਰ ਯਾਤਰਾਵਾਂ ਦੀ ਯੋਜਨਾ ਬਣਾਉਂਦੇ ਰਹਿੰਦੇ ਹਨ ਅਤੇ ਇੱਕ ਦਿਨ ਵਿਦੇਸ਼ ਦੀ ਯਾਤਰਾ ਕਰਨ ਦੀ ਉਮੀਦ ਕਰਦੇ ਹਨ।
ਉਹ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਬਾਰੇ ਚਿੰਤਤ ਹਨ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਕਹਾਣੀ ਦੁਨੀਆ ਭਰ ਵਿੱਚ ਗੂੰਜੇਗੀ। ਜਿਵੇਂ ਕਿ ਚੀਨ ਵਿੱਚ ਹੋਇਆ ਹੈ।
"ਹਾਲਾਂਕਿ ਹਰ ਦੇਸ਼ ਵਿੱਚ ਔਰਤਾਂ ਵੱਖਰੀਆਂ ਹੁੰਦੀਆਂ ਹਨ, ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਮਾਹੌਲ ਵਿੱਚ ਹੋ, ਤੁਹਾਨੂੰ ਆਪਣੇ ਆਪ ਨਾਲ ਚੰਗਾ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ, ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਹੀ ਦੁਨੀਆ ਰੋਸ਼ਨੀ ਨਾਲ ਭਰੀ ਜਾ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












