ਸੁੱਚਾ ਸਿੰਘ ਨੂੰ ਮਿਲੇਗਾ ਅਰਜਨ ਐਵਾਰਡ : ਤਿੰਨ ਏਸ਼ੀਆਈ ਤਗਮੇ ਜੇਤੂ ਦੌੜਾਕ ਜਿਸ ਕੋਲ ਕੋਵਿਡ ਦੌਰਾਨ ਇਲਾਜ ਲਈ ਪੈਸੇ ਨਹੀਂ ਸੀ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
"ਮੈਂ 54 ਸਾਲ ਇਸ ਪਲ ਦਾ ਇੰਤਜ਼ਾਰ ਕੀਤਾ ਹੈ,
ਕਈਆਂ ਨੇ ਮੈਨੂੰ ਕਿਹਾ ਕਿ ਹੁਣ ਸਮਾਂ ਨਿਕਲ ਗਿਆ,
ਮੈਂ ਵੀ ਦਿਲ ਛੱਡ ਗਿਆ ਸੀ...
ਹੁਣ ਜਦੋਂ ਮੈਨੂੰ ਐਵਾਰਡ ਮਿਲ ਰਿਹਾ ਹੈ ਤਾਂ ਮੈਂ ਸਾਰੇ ਗਿਲੇ ਸ਼ਿਕਵੇ ਭੁੱਲ ਗਿਆ ਹਾਂ।"
ਇਹ ਬੋਲ ਹਨ ਪੰਜਾਬ ਦੇ ਦੌੜਾਕ ਸੁੱਚਾ ਸਿੰਘ ਦੇ, ਜਿਹਨਾਂ ਨੂੰ ਇਸ ਸਾਲ ਕੇਂਦਰ ਸਰਕਾਰ ਅਰਜਨ ਐਵਾਰਡ (ਲਾਈਫ ਟਾਈਮ) ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।
ਸੁੱਚਾ ਸਿੰਘ ਨੂੰ ਇਹ ਐਵਾਰਡ 17 ਜਨਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਦਿੱਤਾ ਜਾਵੇਗਾ। ਸੁੱਚਾ ਸਿੰਘ ਇਸ ਵੇਲੇ 75 ਸਾਲ ਦੇ ਹਨ, ਸੁਣਨ ਸ਼ਕਤੀ ਕਮਜ਼ੋਰ ਹੋ ਗਈ ਹੈ, ਗੱਲ ਕਰਨ ਲਈ ਥੋੜ੍ਹਾ ਉੱਚੀ ਬੋਲਣਾ ਪੈਂਦਾ ਹੈ।
ਪਰ ਜਦੋਂ ਕੋਈ ਵੀ ਉਹਨਾਂ ਨੂੰ ਆ ਕੇ ਵਧਾਈ ਦਿੰਦਾ ਹੈ ਤਾਂ ਉਹਨਾਂ ਦਾ ਚਿਹਰਾ ਖਿੜ ਜਾਂਦਾ ਹੈ। ਬੀਬੀਸੀ ਨਾਲ ਆਪਣਾ ਤਜ਼ਰਬਾ ਸਾਂਝਾ ਕਰਦੇ ਉਹ ਕਈ ਵਾਰ ਭਾਵੁਕ ਹੋਏ ਹਨ।

ਸੁੱਚਾ ਸਿੰਘ ਨੇ 1970 ਬੈਂਕਾਕ ਏਸ਼ੀਅਨ ਗੇਮਜ਼ ਵਿੱਚ 400 ਮੀਟਰ ਵਿਅਕਤੀਗਤ ਦੌੜ ਵਿੱਚ ਕਾਂਸੀ ਦਾ ਤਗਮਾ ਅਤੇ 4X400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
1974 ਤਹਿਰਾਨ ਏਸ਼ੀਅਨ ਗੇਮਜ਼ ਵਿੱਚ ਉਹਨਾਂ ਨੇ 4X400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ।
ਸੁੱਚਾ ਸਿੰਘ ਦਾ ਪਿਛੋਕੜ

ਸੁੱਚਾ ਸਿੰਘ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਮੱਦੀ ਵਿੱਚ 12 ਦਸੰਬਰ 1949 ਵਿੱਚ ਹੋਇਆ।
ਸਕੂਲ ਵੇਲੇ ਤੋਂ ਹੀ ਉਹ ਖੇਡਾਂ ਵਿੱਚ ਹਿੱਸਾ ਲੈਂਦੇ ਸਨ। ਸੁੱਚਾ ਸਿੰਘ ਲੱਗਭਗ 5 ਸਾਲਾਂ ਦੇ ਸਨ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ।
ਖੰਨਾ ਤੋਂ ਉਹਨਾਂ ਦੀ ਬਾਹਰਵੀਂ ਦੀ ਪੜ੍ਹਾਈ ਹੋਈ। ਘਰ ਦੇ ਵਿੱਚ ਪਿਤਾ ਅਤੇ ਭਰਾ ਫੌਜੀ ਸਨ ਤਾਂ ਸੁੱਚਾ ਸਿੰਘ ਦਾ ਮਨ ਵੀ ਫੌਜ ਵਿੱਚ ਜਾਣ ਦਾ ਹੀ ਸੀ।
ਇਸ ਲਈ 1965 ਵਿੱਚ ਮਹਿਜ਼ 17 ਸਾਲ ਦੀ ਉਮਰ ਵਿੱਚ ਉਹ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਸਿੱਖ ਰੈਜੀਮੈਂਟ ਦਾ ਹਿੱਸਾ ਬਣ ਕੇ ਉਹ ਮੇਰਠ ਚਲੇ ਗਏ।
ਉਹ ਕਹਿੰਦੇ ਹਨ, "ਮੈਨੂੰ ਪਹਿਲਾਂ ਦੌੜਨ ਬਾਰੇ ਜਾਂ ਖੇਡ ਮੁਕਾਬਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਫੌਜ ਵਿੱਚ ਜਾ ਕੇ ਮੈਨੂੰ ਇੱਕ ਰਸਤਾ ਮਿਲ ਗਿਆ। ਫੌਜ ਵਿੱਚ ਅਨੁਸ਼ਾਸਨ ਵਿੱਚ ਰਹਿਣ, ਖਾਣ-ਪੀਣ ਅਤੇ ਹਰ ਤਰ੍ਹਾਂ ਦੀ ਸਰੀਰਕ ਸਿਖਲਾਈ ਮਿਲਦੀ ਸੀ, ਇੱਥੇ ਹੀ ਮੇਰੇ ਸੀਨੀਅਰ ਅਧਿਕਾਰੀਆਂ ਨੇ ਮੈਨੂੰ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਮੈਂ ਫਿਰ ਮੁੜ ਪਿੱਛੇ ਨਹੀਂ ਦੇਖਿਆ।"
ਸੁਚਾ ਸਿੰਘ ਨੇ ਦੱਸਿਆ, "ਫੌਜ ਵਿੱਚ ਮੇਰੀ 150 ਰੁਪਏ ਤਨਖਾਹ ਸੀ। ਫੌਜ ਦੀ ਟਰੇਨਿੰਗ ਦੇ ਨਾਲ-ਨਾਲ ਦੌੜਨ ਦੀ ਪ੍ਰੈਕਟਿਸ ਕਰਨ ਲਈ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਪਰ ਮੈਂ ਰੋਜ਼ ਦੌੜਨ ਲਈ ਇੱਕ ਘੰਟਾ ਪ੍ਰੈਕਟਿਸ ਦਾ ਜ਼ਰੂਰ ਕੱਢਦਾ ਸੀ।ਮਿਲਟਰੀ ਵਿੱਚ ਹੁੰਦੀਆਂ ਖੇਡਾਂ ਵਿੱਚ ਵੀ ਮੈਂ ਬੈਸਟ ਅਥਲੀਟ ਬਣ ਗਿਆ ਸੀ।"
ਏਸ਼ੀਅਨ ਖੇਡਾਂ ਬੈਂਕਾਕ ਵਿੱਚ ਜਿੱਤੇ ਚਾਂਦੀ ਅਤੇ ਕਾਂਸੀ ਦੇ ਤਗਮੇ

ਤਸਵੀਰ ਸਰੋਤ, Sucha Singh/ BBC
ਫੌਜ ਵਿੱਚ ਭਰਤੀ ਹੋਣ ਮਗਰੋਂ ਸੁੱਚਾ ਸਿੰਘ ਨੇ ਹੈਦਰਾਬਾਦ ਆਲ ਓਪਨ ਚੈਂਪੀਅਨਸ਼ਿਪ 'ਚ 200 ਮੀਟਰ 'ਚ ਚਾਂਦੀ ਦਾ ਤਗਮਾ ਅਤੇ ਰਿਲੇਅ 'ਚ ਸੋਨ ਤਗਮਾ ਜਿੱਤਿਆ ਸੀ।
ਫੇਰ 1970 ਵਿੱਚ ਬੈਂਕਾਕ ਵਿੱਚ ਹੋਈਆਂ 6ਵੀਆਂ ਏਸ਼ੀਅਨ ਖੇਡਾਂ ਵਿੱਚ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
4X400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਸੁੱਚਾ ਸਿੰਘ ਦੱਸਦੇ ਹਨ, "ਉਸ ਦਿਨ 12 ਦਸੰਬਰ ਸੀ ਅਤੇ ਮੇਰਾ ਜਨਮਦਿਨ ਵੀ, ਅਖਬਾਰਾਂ ਵਿੱਚ ਖਬਰਾਂ ਹੀ ਇਹ ਲੱਗੀਆਂ ਸਨ ਕਿ ਸੁੱਚਾ ਸਿੰਘ ਨੇ ਆਪਣੇ ਜਨਮਦਿਨ ਵਾਲੇ ਦਿਨ ਭਾਰਤ ਲਈ ਤਗਮੇ ਜਿੱਤੇ ਹਨ।"
1974 ਤਹਿਰਾਨ ਏਸ਼ੀਅਨ ਗੇਮਜ਼ ਵਿੱਚ ਉਹਨਾਂ ਨੇ 4X400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ।
1975 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੱਖਣੀ ਕੋਰੀਆ ਵਿੱਚ 4×400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗਮਾ ਜਿੱਤਿਆ ਸੀ।
ਛੱਡ ਦਿੱਤੀ ਸੀ ਐਵਾਰਡ ਮਿਲਣ ਦੀ ਉਮੀਦ

ਤਸਵੀਰ ਸਰੋਤ, Sucha Singh/ BBC
ਸੁੱਚਾ ਸਿੰਘ ਕਹਿੰਦੇ ਹਨ, "ਮੈਂ ਹਮੇਸ਼ਾ ਆਪਣੀ ਖੇਡ ਉੱਤੇ ਧਿਆਨ ਦਿੰਦਾ ਸੀ। ਏਸ਼ੀਅਨ ਖੇਡਾਂ ਵਿੱਚ ਮੈਡਲ ਲੈ ਕੇ ਆਉਣ ਤੋਂ ਬਾਅਦ 1980 ਤੋਂ ਮੈਂ ਲਗਾਤਾਰ ਪੁਰਸਕਾਰ ਲਈ ਅਪਲਾਈ ਕਰ ਰਿਹਾ ਸੀ, ਪਰ ਕਦੇ ਮੇਰਾ ਨਾਮ ਐਵਾਰਡ ਸੂਚੀ ਵਿੱਚ ਨਹੀਂ ਆਇਆ। ਕਈ ਸਾਲ ਅਪਲਾਈ ਕਰਨ ਤੋਂ ਬਾਅਦ ਵੀ ਜਦੋਂ ਮੈਨੂੰ ਕਿਸੇ ਐਵਾਰਡ ਲਈ ਨਾ ਚੁਣਿਆ ਗਿਆ ਤਾਂ ਉਮੀਦ ਛੱਡ ਦਿੱਤੀ।"
"ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਸਮਾਂ ਨਿਕਲ ਗਿਆ ਹੈ। ਮੈਨੂੰ ਹਮੇਸ਼ਾ ਇਹ ਮਲਾਲ ਰਿਹਾ ਕਿ ਮੇਰੇ ਦੇਸ਼ ਵਿੱਚ ਮੇਰੀ ਖੇਡ ਨੂੰ ਕੋਈ ਥਾਂ ਨਹੀਂ ਮਿਲ ਰਹੀ, ਮੈਨੂੰ ਸਰਕਾਰਾਂ ਨਾਲ ਰੋਸਾ ਵੀ ਰਿਹਾ।"
"ਪਰ 2018 ਤੋਂ ਮੈਂ ਮੁੜ ਅਪਲਾਈ ਕੀਤਾ। ਤੇ ਇਸ ਸਾਲ ਮੇਰਾ ਨਾਮ ਅਰਜੁਨ ਐਵਾਰਡ ਲਾਈਫ ਟਾਈਮ ਅਚੀਵਮੈਂਟ ਐਵਾਰਡ ਲਈ ਚੁਣਿਆ ਗਿਆ ਤਾਂ ਮੈਂ ਸਾਰੇ ਗਿਲੇ ਸ਼ਿਕਵੇ ਭੁਲਾ ਦਿੱਤੇ।"
ਕੋਵਿਡ ਪੋਜ਼ੀਟਿਵ ਹੋਣ 'ਤੇ ਬਿੱਲ ਭਰਨ ਦੇ ਨਹੀਂ ਸੀ ਪੈਸੇ

ਆਪਣੀ ਜ਼ਿੰਦਗੀ ਦੇ ਵੱਖ-ਵੱਖ ਤਜ਼ਰਬਿਆਂ ਵਿਚੋਂ ਕੋਰੋਨਾ ਕਾਲ ਨੂੰ ਯਾਦ ਕਰਦੇ ਸੁੱਚਾ ਸਿੰਘ ਦੀਆਂ ਅੱਖਾਂ ਭਰ ਆਈਆਂ।
ਉਹਨਾਂ ਨੇ ਬੀਬੀਸੀ ਨੂੰ ਦੱਸਿਆ ਕਿ 2020 ਵਿੱਚ ਉਹ ਕੋਰੋਨਾ ਤੋਂ ਪੀੜਤ ਹੋ ਗਏ ਸਨ। ਉਹਨਾਂ ਦਾ ਇਲਾਜ ਜਲੰਧਰ ਦੇ ਪਿਮਜ਼ ਹਸਪਤਾਲ ਵਿੱਚ ਚਲ ਰਿਹਾ ਸੀ।
ਹਸਪਤਾਲ ਵਿੱਚ 10-12 ਦਿਨ ਦਾਖਲ ਰਹਿਣ ਦਾ ਬਿੱਲ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜ੍ਹ ਕੇ ਭਰਨਾ ਪਿਆ।
ਉਹ ਕਹਿੰਦੇ ਹਨ, "ਉਸ ਵੇਲੇ ਮੈਨੂੰ ਲੱਗਿਆ ਕਿ ਕੀ ਫ਼ਾਇਦਾ ਖਿਡਾਰੀ ਹੋਣ ਦਾ, ਦੇਸ਼ ਲਈ ਮੈਡਲ ਲੈ ਕੇ ਆਉਣ ਦਾ ਜਦੋਂ ਕੋਈ ਤੁਹਾਡੀ ਸਾਰ ਨਾ ਲੈ ਰਿਹਾ ਹੋਵੇ।"
ਅੱਗੇ ਸੁੱਚਾ ਸਿੰਘ ਦੱਸਦੇ ਹਨ, "ਮੇਰੀ ਇਸ ਹਾਲਤ ਬਾਰੇ ਜਦੋਂ ਅਖ਼ਬਾਰਾਂ ਵਿੱਚ ਛੱਪ ਗਿਆ ਤਾਂ ਮੈਨੂੰ ਭਾਰਤ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦਾ ਫੋਨ ਆਇਆ, ਉਹਨਾਂ ਨੇ ਕਿਹਾ, ਅਸੀਂ ਤੁਹਾਡਾ ਸਾਰਾ ਬਿੱਲ ਦੇ ਦਿੱਤਾ ਹੈ। ਤੁਸੀਂ ਸਾਡੇ ਦੇਸ਼ ਦਾ ਮਾਣ ਹੋ।"
ਇਹ ਗੱਲ ਆਖ ਸੁੱਚਾ ਸਿੰਘ ਰੋ ਪਏ। ਉਹ ਕਹਿੰਦੇ ਹਨ, "ਉਹ ਮਾੜਾ ਸਮਾਂ ਆਇਆ ਸੀ, ਵੈਸੇ ਹੁਣ ਮੈਂ ਉਹ ਸਭ ਭੁੱਲ ਗਿਆ ਹਾਂ, ਪਰ ਖੁਸ਼ੀ ਵੇਲੇ ਕਦੇ-ਕਦੇ ਯਾਦ ਆ ਜਾਂਦਾ ਹੈ।"

ਤਸਵੀਰ ਸਰੋਤ, Sucha Singh / BBC
ਪੰਜਾਬ ਸਰਕਾਰ ਨਾਲ ਨਾਰਾਜ਼ਗੀ
ਸੁੱਚਾ ਸਿੰਘ ਕਹਿੰਦੇ ਹਨ, "ਮੈਨੂੰ ਇਸ ਗੱਲ ਦਾ ਮਲਾਲ ਹਮੇਸ਼ਾ ਰਿਹਾ ਹੈ ਕਿ ਸਾਡੇ ਸੂਬੇ ਦੀ ਸਰਕਾਰ ਆਪਣੇ ਖਿਡਾਰੀਆਂ ਨੂੰ ਉਹ ਮਾਣ ਨਹੀਂ ਦੇ ਸਕੀ ਜਿਸਦੇ ਉਹ ਹੱਕਦਾਰ ਸਨ।
ਉਹ ਕਹਿੰਦੇ ਹਨ, "ਅਸੀਂ ਉਹਨਾਂ ਵੇਲਿਆਂ ਵਿੱਚ ਦੌੜਦੇ ਸੀ ਜਦੋਂ ਸਾਡੇ ਕੋਲ ਦੌੜਨ ਲਈ ਚੰਗੇ ਬੂਟ ਵੀ ਨਹੀਂ ਸੀ ਹੁੰਦੇ, ਮੈਂ ਪੰਜਾਬ ਲਈ ਉਦੋਂ ਖੇਡਦਾ ਸੀ ਜਦੋਂ ਫੌਜ ਤੋਂ ਛੁੱਟੀ ਆਇਆ ਹੋਵਾਂ। ਆਪਣੀ ਤਨਖਾਹ ਅਤੇ ਹੋਰ ਪੈਸੇ ਵੀ ਆਪਣੀ ਖੇਡ ਉੱਤੇ ਲਾ ਦੇਣੇ ਪਰ ਅੱਗੋਂ ਓਨੇ ਕੁ ਪੈਸੇ ਵੀ ਨਾ ਮਿਲਨੇ ਜਿਸਦੇ ਨਾਲ ਅਸੀਂ ਬੂਟ ਜਾਂ ਟ੍ਰੈਕ ਸੂਟ ਹੀ ਖਰੀਦ ਸਕੀਏ।"
"ਅਸੀਂ ਆਪਣੀ ਖੇਡ ਨੂੰ ਪਿਆਰ ਕਰਦੇ ਸੀ। ਕੋਰੋਨਾ ਵੇਲੇ ਵੀ ਪੰਜਾਬ ਸਰਕਾਰ ਨੇ ਮੈਨੂੰ ਕੋਈ ਸਹਾਰਾ ਨਾ ਦਿੱਤਾ।ਸਰਕਾਰਾਂ ਹੋਰ ਕੁਝ ਨਹੀਂ ਕਰ ਸਕਦੀਆਂ ਤਾਂ ਆਪਣੇ ਖਿਡਾਰੀਆਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਹੀ ਦੇ ਦੇਣ। "
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













