ਗਊ ਹੱਤਿਆ ਤੋਂ ਬਾਅਦ ਨੌਜਵਾਨ ਦੀ 'ਕੁੱਟ-ਕੁੱਟ' ਕੇ ਹੱਤਿਆ, ਨਾ ਲਿੰਚਿੰਗ ਦਾ ਕੇਸ ਦਰਜ ਹੋਇਆ, ਨਾ ਕੋਈ ਗ੍ਰਿਫ਼ਤਾਰੀ, ਕੀ ਹੈ ਮਾਮਲਾ

ਮ੍ਰਿਤਕ ਸ਼ਾਹੇਦੀਨ ਕੁਝ ਸਾਲ ਪਹਿਲਾਂ ਤੱਕ ਬਾਡੀ ਬਿਲਡਰ ਸੀ ਪਰ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹ ਮਜ਼ਦੂਰੀ ਕਰਨ ਲੱਗਾ
ਤਸਵੀਰ ਕੈਪਸ਼ਨ, ਮ੍ਰਿਤਕ ਸ਼ਾਹੇਦੀਨ ਕੁਝ ਸਾਲ ਪਹਿਲਾਂ ਤੱਕ ਬਾਡੀ ਬਿਲਡਰ ਸੀ ਪਰ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹ ਮਜ਼ਦੂਰੀ ਕਰਨ ਲੱਗਾ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਨਵੀਨ ਮੰਡੀ 'ਚ 29-30 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ਾਹੇਦੀਨ ਨਾਂ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਸ਼ਾਹੇਦੀਨ 'ਤੇ ਗਊ ਹੱਤਿਆ ਦਾ ਇਲਜ਼ਾਮ ਹੈ।

ਪੁਲਿਸ ਨੇ ਗਊ ਨੂੰ ਮਾਰਨ ਦੇ ਇਲਜ਼ਾਮਾਂ ਵਿੱਚ ਅਦਨਾਨ ਨਾਂ ਦੇ ਇੱਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪਰ ਸ਼ਾਹੇਦੀਨ ਦੀ ਲਿੰਚਿੰਗ ਦੇ ਮਾਮਲੇ ਵਿੱਚ ਘਟਨਾ ਦੇ ਚਾਰ ਦਿਨ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੁਲਿਸ ਨੇ ਸ਼ਾਹਦੀਨ ਦੇ ਕਤਲ ਦੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਕਤਲ ਦੇ ਜੁਰਮ ਦੀ ਧਾਰਾ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੌਬ ਲਿੰਚਿੰਗ ਦਾ ਮਾਮਲਾ ਕਿਉਂ ਦਰਜ ਨਹੀਂ ਹੋਇਆ?

ਇਸ ਮਾਮਲੇ ਵਿੱਚ ਪੁਲੀਸ ਨੇ 'ਮੌਬ ਲਿੰਚਿੰਗ' ਦੀ ਧਾਰਾ 103 (2) ਤਹਿਤ ਕੇਸ ਦਰਜ ਨਹੀਂ ਕੀਤਾ ਹੈ।

ਮੌਬ ਲਿੰਚਿੰਗ ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੇ ਤਹਿਤ ਇੱਕ ਅਪਰਾਧ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।

ਬੀਐਨਐਸ ਦੀ ਪਰਿਭਾਸ਼ਾ ਹੇਠ ਪੰਜ ਜਾਂ ਵੱਧ ਵਿਅਕਤੀਆਂ ਦੇ ਸਮੂਹ ਵਲੋਂ ਧਰਮ, ਲਿੰਗ, ਨਸਲ, ਜਾਤ ਜਾਂ ਭਾਈਚਾਰੇ, ਜਨਮ ਸਥਾਨ, ਭਾਸ਼ਾ, ਨਿੱਜੀ ਵਿਸ਼ਵਾਸ ਜਾਂ ਕਿਸੇ ਵੀ ਅਜਿਹੇ ਆਧਾਰ 'ਤੇ ਕਿਸੇ ਵਿਅਕਤੀ ਦੀ ਹੱਤਿਆ ਕਰਨ ਨੂੰ ਮੌਬ ਲਿੰਚਿੰਗ ਮੰਨਿਆ ਜਾਂਦਾ ਹੈ।

ਮੌਬ ਲਿੰਚਿੰਗ ਦੀ ਧਾਰਾ ਤਹਿਤ ਭੀੜ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ।

ਪਰ ਲਿੰਚਿੰਗ ਦੀ ਇਸ ਘਟਨਾ 'ਚ ਮੁਰਾਦਾਬਾਦ ਪੁਲਿਸ ਨੇ 'ਮੌਬ ਲਿੰਚਿੰਗ' ਦਾ ਅਪਰਾਧ ਦਰਜ ਨਹੀਂ ਕੀਤਾ ਹੈ ਸਗੋਂ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਬਹੁਤ ਸਾਰੇ ਅਵਾਰਾ ਪਸ਼ੂ ਮੰਡੀ ਵਾਲੀ ਥਾਂ 'ਤੇ ਰਹਿੰਦੇ ਹਨ ਜਿੱਥੇ ਕਥਿਤ ਗਊ ਹੱਤਿਆ ਹੋਈ ਸੀ
ਤਸਵੀਰ ਕੈਪਸ਼ਨ, ਬਹੁਤ ਸਾਰੇ ਅਵਾਰਾ ਪਸ਼ੂ ਮੰਡੀ ਵਾਲੀ ਥਾਂ 'ਤੇ ਰਹਿੰਦੇ ਹਨ ਜਿੱਥੇ ਕਥਿਤ ਗਊ ਹੱਤਿਆ ਹੋਈ ਸੀ

ਸ਼ਾਹੇਦੀਨ ਕਤਲ ਕੇਸ ਵਿੱਚ ਗ੍ਰਿਫ਼ਤਾਰੀ ਨਾ ਹੋਣ ਦੇ ਸਵਾਲ 'ਤੇ ਮੁਰਾਦਾਬਾਦ ਦੇ ਸੀਨੀਅਰ ਪੁਲਿਸ ਕਪਤਾਨ ਸਤਪਾਲ ਅੰਤਿਲ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਸਬੂਤਾਂ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ। ਕਤਲ ਇੱਕ ਗੰਭੀਰ ਅਪਰਾਧ ਹੈ, ਕਿਸੇ ਨੂੰ ਵੀ ਸਿਰਫ਼ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਅੱਗੇ ਕਿਹਾ, "ਜਦੋਂ ਪੁਲਿਸ ਕੋਲ ਠੋਸ ਸਬੂਤ ਹੋਣਗੇ ਤਾਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।"

ਮੌਬ ਲਿੰਚਿੰਗ ਦੀ ਧਾਰਾ ਤਹਿਤ ਕੇਸ ਦਰਜ ਨਾ ਕਰਨ ਦਾ ਕਾਰਨ ਦੱਸਦੇ ਹੋਏ ਸਤਪਾਲ ਅੰਤਿਲ ਨੇ ਕਿਹਾ, "ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮੌਬ ਲਿੰਚਿੰਗ ਦਾ ਜੁਰਮ ਨਹੀਂ ਬਣਦਾ।"

ਪੁਲਿਸ ਨੇ ਗਊ ਹੱਤਿਆ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਸ਼ਾਹੇਦੀਨ ਅਤੇ ਉਨ੍ਹਾਂ ਦੇ ਕਥਿਤ ਸਾਥੀਆਂ ਦੇ ਖਿਲਾਫ ਯੂਪੀ ਦੇ ਸਖ਼ਤ ਗਊ ਹੱਤਿਆ ਵਿਰੋਧੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਦੋਵੇਂ ਮਾਮਲੇ ਮੁਰਾਦਾਬਾਦ ਦੇ ਮਝੋਲਾ ਥਾਣੇ ਵਿੱਚ ਦਰਜ ਕੀਤੇ ਗਏ ਹਨ।

ਪੁਲਿਸ ਨੇ 30 ਦਸੰਬਰ ਨੂੰ ਦੁਪਹਿਰ 3 ਵਜੇ ਅਦਨਾਨ ਨੂੰ ਗਊ ਹੱਤਿਆ ਦੇ ਇਲਜ਼ਾਮਾਂ ਤਹਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ।

ਗਊ ਹੱਤਿਆ ਅਤੇ ਕਤਲ ਕਦੋਂ ਹੋਏ?

ਮ੍ਰਿਤਕ ਸ਼ਾਹੇਦੀਨ ਕੁਝ ਸਾਲ ਪਹਿਲਾਂ ਤੱਕ ਬਾਡੀ ਬਿਲਡਰ ਸੀ ਪਰ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹ ਮਜ਼ਦੂਰੀ ਕਰਨ ਲੱਗਾ
ਤਸਵੀਰ ਕੈਪਸ਼ਨ, ਮ੍ਰਿਤਕ ਸ਼ਾਹੇਦੀਨ ਕੁਝ ਸਾਲ ਪਹਿਲਾਂ ਤੱਕ ਬਾਡੀ ਬਿਲਡਰ ਸੀ ਪਰ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹ ਮਜ਼ਦੂਰੀ ਕਰਨ ਲੱਗਾ

ਮੁਰਾਦਾਬਾਦ ਦੀ ਨਵੀਨ ਮੰਡੀ ਇੱਕ ਵੱਡਾ ਕੰਪਲੈਕਸ ਹੈ ਜਿੱਥੇ ਨੇੜਲੇ ਜ਼ਿਲ੍ਹਿਆਂ ਦੇ ਕਿਸਾਨ ਫਲ ਅਤੇ ਸਬਜ਼ੀਆਂ ਵੇਚਣ ਆਉਂਦੇ ਹਨ। ਪ੍ਰਚੂਨ ਵਿਕਰੇਤਾ ਇੱਥੋਂ ਹੀ ਫਲ ਅਤੇ ਸਬਜ਼ੀਆਂ ਖਰੀਦਦੇ ਹਨ।

ਇਸ ਵਿਸ਼ਾਲ ਚਾਰਦੀਵਾਰੀ ਵਾਲੇ ਕੰਪਲੈਕਸ 'ਚ ਅੰਦਰ-ਬਾਹਰ ਜਾਣ ਲਈ ਦੋ ਹੀ ਰਸਤੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਰਸਤੇ ਦੇ ਬਾਹਰ ਪੁਲਿਸ ਚੌਕੀ ਹੈ।

ਮੰਡੀ ਕਮੇਟੀ ਦੇ ਗਾਰਡ ਵੀ ਇੱਥੇ ਤਾਇਨਾਤ ਹੁੰਦੇ ਹਨ।

ਇਹ ਘਟਨਾ 29-30 ਦਸੰਬਰ ਦੀ ਦਰਮਿਆਨੀ ਰਾਤ ਕਰੀਬ 2-2.30 ਵਜੇ ਵਾਪਰੀ। ਮੰਡੀ ਦੇ ਪਿੱਛੇ ਇੱਕ ਵੱਡੀ ਖਾਲੀ ਥਾਂ ਹੈ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇੱਥੇ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਰਹਿੰਦੇ ਹਨ।

ਪੁਲਿਸ ਜਾਂਚ 'ਚ ਸ਼ਾਮਲ ਇੱਕ ਅਧਿਕਾਰੀ ਮੋਹਿਤ ਚੌਧਰੀ ਮੁਤਾਬਕ, 'ਸ਼ਾਹੇਦੀਨ ਅਤੇ ਉਸ ਦਾ ਸਾਥੀ ਅਦਨਾਨ ਇਕ ਸਕੂਟਰ 'ਤੇ ਇੱਥੇ ਪਹੁੰਚੇ ਅਤੇ ਇੱਕ ਵੱਛੇ ਨੂੰ ਜਾਣ ਤੋਂ ਮਾਰਿਆ। ਉਨ੍ਹਾਂ ਦਾ ਇਰਾਦਾ ਮਾਸ ਲਿਜਾ ਕੇ ਵੇਚਣ ਦਾ ਸੀ।'

ਪੁਲਿਸ ਨੂੰ ਮੌਕੇ ਤੋਂ ਇੱਕ ਮਰੀ ਹੋਈ ਗਾਂ, ਰੱਸੀ, ਗੰਡਾਸਾ ਅਤੇ ਸਕੂਟਰ ਬਰਾਮਦ ਹੋਇਆ ਸੀ।

ਗਊ ਹੱਤਿਆ ਦੇ ਰੌਲੇ ਤੋਂ ਬਾਅਦ ਇੱਥੇ ਇਕੱਠੀ ਹੋਈ ਭੀੜ ਨੇ ਸ਼ਾਹੇਦੀਨ ਨੂੰ ਫੜ ਲਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸ਼ਾਹੇਦੀਨ ਨੂੰ ਭੀੜ ਤੋਂ ਛੁਡਵਾਇਆ ਅਤੇ ਹਸਪਤਾਲ ਪਹੁੰਚਾਇਆ।

ਜਿਸ ਇਲਾਕੇ 'ਚ ਇਹ ਘਟਨਾ ਵਾਪਰੀ ਹੈ, ਉਹ ਹਿੰਦੂ ਬਹੁਲਤਾ ਵਾਲਾ ਇਲਾਕਾ ਹੈ। ਮੰਡੀ ਕੰਪਲੈਕਸ ਦੇ ਆਲੇ-ਦੁਆਲੇ ਹਿੰਦੂਆਂ ਦੀ ਵੱਡੀ ਆਬਾਦੀ ਰਹਿੰਦੀ ਹੈ। ਇੱਥੇ ਮੁਸਲਮਾਨਾਂ ਦੀ ਆਬਾਦੀ ਨਾਂਹ ਬਰਾਬਰ ਹੈ।

ਇੱਕ ਸਥਾਨਕ ਹਿੰਦੂ ਨੌਜਵਾਨ ਦੇ ਅਨੁਸਾਰ, "ਗਊ ਹੱਤਿਆ ਦੀ ਸੂਚਨਾ ਮਿਲਣ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ ਸੀ।"

ਹਾਲਾਂਕਿ, ਇਸ ਨੌਜਵਾਨ ਦਾ ਦਾਅਵਾ ਹੈ ਕਿ ਉਹ ਮੌਕੇ 'ਤੇ ਮੌਜੂਦ ਨਹੀਂ ਸੀ।

ਮੁਰਾਦਾਬਾਦ ਦੇ ਮਝੋਲਾ ਥਾਣੇ 'ਚ ਸ਼ਾਹੇਦੀਨ ਦੀ ਹੱਤਿਆ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ
ਤਸਵੀਰ ਕੈਪਸ਼ਨ, ਮੁਰਾਦਾਬਾਦ ਦੇ ਮਝੋਲਾ ਥਾਣੇ 'ਚ ਸ਼ਾਹੇਦੀਨ ਦੀ ਹੱਤਿਆ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ

ਸ਼ਾਹੇਦੀਨ ਦੀ ਮੌਤ ਕਿਵੇਂ ਹੋਈ?

ਇਸ ਘਟਨਾ ਨਾਲ ਸਬੰਧਤ ਕਈ ਵੀਡੀਓਜ਼ ਸਾਹਮਣੇ ਆਏ ਹਨ, ਜਿਸ 'ਚ ਸ਼ਾਹੇਦੀਨ ਜ਼ਮੀਨ 'ਤੇ ਖੂਨ ਨਾਲ ਲੱਥਪੱਥ ਪਿਆ ਹੈ ਅਤੇ ਭੀੜ ਉਸ ਨੂੰ ਘੇਰੀ ਖੜੀ ਹੈ।

ਇਨ੍ਹਾਂ ਵੀਡੀਓਜ਼ 'ਚ ਭੀੜ ਨੂੰ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਅਤੇ ਉਨ੍ਹਾਂ ਦੇ ਧਰਮ ਬਾਰੇ ਟਿੱਪਣੀਆਂ ਕਰਦੇ ਸੁਣਿਆ ਜਾ ਸਕਦਾ ਹੈ।

ਭੀੜ ਵਿੱਚ ਕੁਝ ਲੋਕਾਂ ਦੇ ਨਾਂ ਵੀ ਸੁਣੇ ਜਾ ਸਕਦੇ ਹਨ। ਇਹ ਵੀਡੀਓਜ਼ ਪੁਲਿਸ ਦੀ ਜਾਣਕਾਰੀ ਵਿੱਚ ਹਨ, ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਂਚ ਅਜੇ ਜਾਰੀ ਹੈ।

ਬੀਬੀਸੀ ਨੇ ਘਟਨਾ ਵਾਲੀ ਥਾਂ ਤੋਂ ਇਨ੍ਹਾਂ ਵੀਡੀਓਜ਼ ਦਾ ਮੇਲ ਕੀਤਾ ਹੈ।

ਘਟਨਾ ਦੌਰਾਨ ਮੌਕੇ 'ਤੇ ਪਹੁੰਚੇ ਇੱਕ ਪੁਲਿਸ ਮੁਲਾਜ਼ਮ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਜ਼ਖਮੀ ਨੌਜਵਾਨ ਨੂੰ ਤੁਰੰਤ ਥਾਣੇ ਲੈ ਗਏ ਜਿੱਥੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।"

ਮੌਕੇ 'ਤੇ ਪਹੁੰਚੇ ਇਕ ਹੋਰ ਪੁਲਿਸ ਮੁਲਾਜ਼ਮ ਅਨੁਸਾਰ, 'ਸ਼ਾਹੇਦੀਨ ਨੂੰ ਫੜਨ ਵਾਲੇ ਲੋਕਾਂ ਨੇ ਪੁਲਿਸ ਸਹਾਇਤਾ ਨੰਬਰ 112 'ਤੇ ਫ਼ੋਨ ਕੀਤਾ ਸੀ।'

ਸੀਨੀਅਰ ਪੁਲਿਸ ਕਪਤਾਨ ਸਤਪਾਲ ਅੰਤਿਲ ਅਨੁਸਾਰ, "ਜ਼ਖਮੀ ਨੌਜਵਾਨ ਨੂੰ ਜ਼ਿਲ੍ਹਾ ਹਸਪਤਾਲ ਤੋਂ ਸਾਈ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਤੀਰਥੰਕਰ ਮਹਾਵੀਰ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ।"

ਜ਼ਖਮੀ ਸ਼ਾਹੇਦੀਨ ਦੀ ਬੀਤੇ ਸੋਮਵਾਰ ਨੂੰ ਮੌਤ ਹੋ ਗਈ।

ਸ਼ਾਹੇਦੀਨ ਕੌਣ ਸੀ?

ਸ਼ਾਹੇਦੀਨ ਬਾਡੀ ਬਿਲਡਰ ਸੀ ਪਰ ਢਾਈ ਸਾਲ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ (ਫਾਈਲ ਫੋਟੋ)
ਤਸਵੀਰ ਕੈਪਸ਼ਨ, ਸ਼ਾਹੇਦੀਨ ਬਾਡੀ ਬਿਲਡਰ ਸੀ ਪਰ ਢਾਈ ਸਾਲ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ (ਫਾਈਲ ਫੋਟੋ)

36 ਸਾਲਾਂ ਸ਼ਾਹੇਦੀਨ ਦਾ ਪਰਿਵਾਰ ਮੁਰਾਦਾਬਾਦ ਦੇ ਗਲਸ਼ਹੀਦ ਇਲਾਕੇ ਦੀ ਇਕ ਤੰਗ ਗਲੀ 'ਚ ਇੱਕ ਕਮਰੇ ਦੇ ਛੋਟੇ ਜਿਹੇ ਘਰ 'ਚ ਕਿਰਾਏ 'ਤੇ ਰਹਿੰਦਾ ਹੈ।

ਉਹ ਆਪਣੇ ਪਿੱਛੇ ਪਤਨੀ ਰਿਜ਼ਵਾਨਾ ਅਤੇ ਤਿੰਨ ਪੁੱਤਰ ਛੱਡ ਗਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਪੰਦਰਾਂ ਸਾਲਾਂ ਦਾ ਹੈ।

ਉਨ੍ਹਾਂ ਦੇ ਦੋ ਨਾਬਾਲਗ ਪੁੱਤਰ ਕੱਪੜੇ ਦੀਆਂ ਦੁਕਾਨਾਂ 'ਤੇ ਰੋਜ਼ਾਨਾ 100 ਰੁਪਏ ਦਿਹਾੜੀ ਤੋਂ ਘੱਟ 'ਤੇ ਕੰਮ ਕਰਦੇ ਹਨ। ਉਨ੍ਹਾਂ ਦਾ ਕੇਵਲ ਸਭ ਤੋਂ ਛੋਟਾ ਪੁੱਤਰ ਹੀ ਜੋ ਕਿ 9 ਸਾਲ ਦਾ ਹੈ, ਉਹ ਸਕੂਲ ਜਾਂਦਾ ਹੈ।

ਸ਼ਾਹੇਦੀਨ ਬਾਡੀ ਬਿਲਡਰ ਸਨ ਪਰ ਢਾਈ ਸਾਲ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਇਲਾਜ ਦੌਰਾਨ ਉਨ੍ਹਾਂ ਦੀ ਆਰਥਿਕ ਹਾਲਤ ਵੀ ਵਿਗੜ ਗਈ। ਉਹ ਪਿਛਲੇ ਕਈ ਮਹੀਨਿਆਂ ਤੋਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ।

ਸ਼ਾਹੇਦੀਨ ਦੇ ਗੁਆਂਢੀ ਦੱਸਦੇ ਹਨ ਕਿ ਉਹ ਪਿਛਲੇ ਕੁਝ ਸਮੇਂ ਤੋਂ ਮੀਟ ਦੀ ਦੁਕਾਨ 'ਤੇ ਮਜ਼ਦੂਰ ਵਜੋਂ ਵੀ ਕੰਮ ਕਰਦਾ ਸੀ।

ਉਨ੍ਹਾਂ ਦੇ ਭਰਾ ਆਲਮ ਨੇ ਬੀਬੀਸੀ ਨੂੰ ਦੱਸਿਆ, "ਸ਼ਾਹੇਦੀਨ ਦੀ ਸਿਹਤ ਵਿਗੜਨ ਤੋਂ ਬਾਅਦ ਉਹ ਬਹੁਤ ਮੁਸ਼ਕਲ ਸਥਿਤੀ ਵਿੱਚੋਂ ਲੰਘ ਰਹੇ ਸਨ। ਉਨ੍ਹਾਂ ਨੂੰ ਜੋ ਵੀ ਕੰਮ ਮਿਲਦਾ, ਉਹ ਕਰ ਲੈਂਦੇ ਸਨ।''

ਸ਼ਾਹੇਦੀਨ ਦੇ ਦੋ ਨਾਬਾਲਗ ਪੁੱਤਰ 100 ਰੁਪਏ ਪ੍ਰਤੀ ਦਿਨ ਤੋਂ ਘੱਟ ਤਨਖਾਹ 'ਤੇ ਕੰਮ ਕਰਦੇ ਹਨ
ਤਸਵੀਰ ਕੈਪਸ਼ਨ, ਸ਼ਾਹੇਦੀਨ ਦੇ ਦੋ ਨਾਬਾਲਗ ਪੁੱਤਰ 100 ਰੁਪਏ ਪ੍ਰਤੀ ਦਿਨ ਤੋਂ ਘੱਟ ਤਨਖਾਹ 'ਤੇ ਕੰਮ ਕਰਦੇ ਹਨ

ਜਦੋਂ ਸ਼ਾਹੇਦੀਨ ਬਾਡੀ ਬਿਲਡਿੰਗ ਕਰਦੇ ਸਨ ਤਾਂ ਉਨ੍ਹਾਂ ਦਾ ਸਰੀਰ ਬਹੁਤ ਮਜ਼ਬੂਤ ​​ਸੀ ਪਰ ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ।

ਸ਼ਾਹੇਦੀਨ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ ਬਾਡੀ ਬਿਲਡਰ ਸਨ।

ਸ਼ਾਹੇਦੀਨ ਦੇ ਗੁਆਂਢੀਆਂ ਮੁਤਾਬਕ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਕਰਦੇ ਸਨ।

ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੱਸਦੇ ਹਨ, "ਜੇ ਸਾਡੇ ਭਰਾ ਕੋਲ ਕੁਝ ਹੁੰਦਾ ਤਾਂ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਮਜ਼ਦੂਰਾਂ ਵਜੋਂ ਕੰਮ ਨਹੀਂ ਕਰਦੇ ਸਗੋਂ ਉਹ ਸਕੂਲ ਜਾ ਰਹੇ ਹੁੰਦੇ।"

ਘਟਨਾ ਵਾਲੀ ਰਾਤ ਉਹ ਕੰਮ 'ਤੇ ਜਾਣ ਦਾ ਕਹਿ ਕੇ ਘਰੋਂ ਨਿਕਲੇ ਸਨ। ਉਨ੍ਹਾਂ ਦੇ ਭਰਾ ਅਨੁਸਾਰ, 'ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਸੀ ਕਿ ਉਹ ਕੰਮ 'ਤੇ ਜਾ ਰਹੇ ਹਨ ਅਤੇ ਸਵੇਰ ਤੱਕ ਵਾਪਸ ਆ ਜਾਣਗੇ।'

ਪੁਲਿਸ ਮੁਤਾਬਕ ਸ਼ਾਹੇਦੀਨ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।

ਅਦਨਾਨ ਕੌਣ ਹੈ?

ਅਦਨਾਨ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ। ਅਦਨਾਨ 'ਤੇ ਪਹਿਲਾਂ ਵੀ ਗਊ ਤਸਕਰੀ ਦਾ ਮਾਮਲਾ ਦਰਜ ਸੀ
ਤਸਵੀਰ ਕੈਪਸ਼ਨ, ਅਦਨਾਨ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ।

24 ਸਾਲਾਂ ਅਦਨਾਨ ਦਾ ਪਰਿਵਾਰ ਸ਼ਾਹੇਦੀਨ ਦੇ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕੱਚੇ ਮਕਾਨ 'ਚ ਰਹਿੰਦਾ ਹੈ।

ਚਾਰ ਭੈਣਾਂ ਦਾ ਇਕਲੌਤਾ ਭਰਾ ਅਦਨਾਨ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ। ਗਊ ਹੱਤਿਆ ਮਾਮਲੇ 'ਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਵਿਧਵਾ ਮਾਂ ਅਤੇ ਅਣਵਿਆਹੀਆਂ ਭੈਣਾਂ ਮੁਸੀਬਤ 'ਚ ਹਨ।

ਉਨ੍ਹਾਂ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।

ਪੁਲਿਸ ਮੁਤਾਬਕ ਅਦਨਾਨ ਪਹਿਲਾਂ ਵੀ ਗਊ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਅਦਨਾਨ ਦੀ ਮਾਂ ਅਸਮਾ ਬੇਹੋਸ਼ ਹੋ ਗਈ।

ਉਨ੍ਹਾਂ ਨੇ ਰੋਂਦਿਆਂ ਹੋਇਆ ਦੱਸਿਆ, "ਮੇਰਾ ਬੇਟਾ ਦਿਨ ਵੇਲੇ ਘਰ ਵਿੱਚ ਸੁੱਤਾ ਹੋਇਆ ਸੀ ਜਦੋਂ ਪੁਲਿਸ ਆਈ ਅਤੇ ਉਸ ਨੂੰ ਲੈ ਗਈ।"

ਅਦਨਾਨ ਦੀ ਇੱਕ ਭੈਣ ਦਾ ਦਾਅਵਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਸੀ ਅਤੇ ਉਨ੍ਹਾਂ ਨੇ ਮੀਟ ਦਾ ਕਾਰੋਬਾਰ ਛੱਡ ਦਿੱਤਾ ਸੀ।

ਆਸਮਾ ਦਾ ਕਹਿਣਾ ਹੈ, ''ਮੇਰੇ ਮਾਸੂਮ ਬੇਟੇ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਸਾਡੇ ਘਰ 'ਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਹੁਣ ਮੈਂ ਆਪਣੀਆਂ ਧੀਆਂ ਨੂੰ ਕਿਵੇਂ ਪਾਲਾਂਗੀ?

ਇਸ ਦੇ ਨਾਲ ਹੀ ਪੁਲਿਸ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਅਦਨਾਨ ਸ਼ਾਹੇਦੀਨ ਨਾਲ ਸਨ ਅਤੇ ਉਹ ਗਊ ਹੱਤਿਆ 'ਚ ਵੀ ਸ਼ਾਮਲ ਸਨ।

ਪੁਲਿਸ ਸੁਪਰਡੈਂਟ ਸਤਪਾਲ ਅੰਤਿਲ ਦਾ ਕਹਿਣਾ ਹੈ, "ਮ੍ਰਿਤਕ ਸ਼ਾਹੇਦੀਨ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਦਨਾਨ ਹੀ ਉਨ੍ਹਾਂ ਨੂੰ ਮੰਡੀ ਕਮੇਟੀ ਲੈ ਕੇ ਗਿਆ ਸੀ।"

ਸ਼ਾਹੇਦੀਨ ਦੇ ਪਰਿਵਾਰ ਦੇ ਸਵਾਲ

ਸ਼ਾਹੇਦੀਨ ਦੇ ਭਰਾ ਮੁਹੰਮਦ ਆਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਸਕਦੀ ਹੈ
ਤਸਵੀਰ ਕੈਪਸ਼ਨ, ਸ਼ਾਹੇਦੀਨ ਦੇ ਭਰਾ ਮੁਹੰਮਦ ਆਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਉਨ੍ਹਾਂ ਖਿਲਾਫ ਕੋਈ ਕੇਸ ਦਰਜ ਕਰ ਸਕਦੀ ਹੈ

ਸ਼ਾਹੇਦੀਨ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਇਕੱਠੇ ਹੋ ਰਹੇ ਹਨ। ਘਟਨਾ ਤੋਂ ਬਾਅਦ ਉਨ੍ਹਾਂ ਵਿੱਚ ਡਰ ਅਤੇ ਗੁੱਸਾ ਹੈ। ਇੱਥੇ ਲੋਕ ਗੱਲ ਕਰਨ ਤੋਂ ਝਿਜਕਦੇ ਹਨ।

ਉਨ੍ਹਾਂ ਦੇ ਇੱਕ ਗੁੱਸਾਏ ਰਿਸ਼ਤੇਦਾਰ ਹਾਜੀ ਸ਼ਮਸ਼ਾਦ ਦਾ ਕਹਿਣਾ ਹੈ, "ਵੀਡੀਓ ਦਿਖਾਉਂਦੀ ਹੈ ਕਿ ਕਿਸ ਬੇਰਹਿਮੀ ਨਾਲ ਸ਼ਾਹੇਦੀਨ ਨੂੰ ਕੁੱਟਿਆ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਗ੍ਰਿਫ਼ਤਾਰੀ ਨੂੰ ਤਾਂ ਛੱਡੋ, ਕਿਸੇ ਤੋਂ ਪੁੱਛ-ਪੜਤਾਲ ਵੀ ਨਹੀਂ ਕੀਤੀ ਗਈ।"

ਸ਼ਮਸ਼ਾਦ ਦਾ ਕਹਿਣਾ ਹੈ, ''ਜਿਨ੍ਹਾਂ ਲੋਕਾਂ ਨੇ ਹੱਤਿਆ ਕੀਤੀ, ਉਨ੍ਹਾਂ ਨੇ ਖੁਦ ਵੀਡੀਓ ਬਣਾਈ ਅਤੇ ਵਾਇਰਲ ਕੀਤੀ। ਪੁਲਿਸ ਨੂੰ ਪਤਾ ਹੈ ਕਿ ਕਿਸ ਨੇ ਕੀ ਕੀਤਾ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।"

"ਮੁਸਲਮਾਨਾਂ ਦੀ ਮੌਬ ਲਿੰਚਿੰਗ ਹੋ ਰਹੀ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਮੇਰਾ ਭਰਾ ਮੁਸਲਮਾਨ ਸੀ, ਇਸ ਲਈ ਕੋਈ ਫੜਿਆ ਨਹੀਂ ਗਿਆ। ਜੇਕਰ ਕੋਈ ਹਿੰਦੂ ਮਰ ਜਾਂਦਾ ਤਾਂ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲੈਣਾ ਸੀ।"

ਸ਼ਾਹੇਦੀਨ ਦੇ ਕਰੀਬੀ ਦੋਸਤ ਵਾਰਿਸ ਜਮਾਲ ਕੁਰੈਸ਼ੀ ਨੂੰ ਹੁਣ ਸ਼ਾਹੇਦੀਨ ਦੇ ਬੱਚਿਆਂ ਦੀ ਪਰਵਰਿਸ਼ ਦੀ ਚਿੰਤਾ ਹੈ।

ਵਾਰਿਸ ਕਹਿੰਦਾ ਹਨ, "ਉਹ ਇਕੱਲਾ ਰੋਟੀ ਕਮਾਉਣ ਵਾਲਾ ਸੀ। ਭੀੜ ਦੁਆਰਾ ਉਨ੍ਹਾਂ ਨੂੰ ਕੁੱਟ-ਕੁੱਟ ਕਿ ਮਾਰ ਦਿੱਤਾ ਗਿਆ। ਉਨ੍ਹਾਂ ਦਾ ਪਰਿਵਾਰ ਬੇਸਹਾਰਾ ਹੋ ਗਿਆ ਹੈ। ਸਰਕਾਰ ਨੂੰ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।"

ਸ਼ਾਹੇਦੀਨ 'ਤੇ ਹੋਏ ਹਮਲੇ ਦੀ ਵੀਡੀਓ ਦਿਖਾਉਂਦੇ ਹੋਏ ਉਨ੍ਹਾਂ ਦੀ ਇਕ ਭੈਣ ਕਹਿੰਦੀ ਹੈ, ''ਮੇਰੇ ਭਰਾ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ। ਉਹ ਦਰਦ ਵਿੱਚ ਸੀ ਅਤੇ ਉਨ੍ਹਾਂ ਨੂੰ ਫ਼ਿਰ ਵੀ ਮਾਰਿਆ ਜਾ ਰਿਹਾ ਸੀ। ਪੁਲਿਸ ਅਜੇ ਤੱਕ ਇਨ੍ਹਾਂ ਲੋਕਾਂ ਨੂੰ ਫੜ ਨਹੀਂ ਸਕੀ ਹੈ। ਅਸੀਂ ਮੁਸਲਮਾਨ ਹਾਂ, ਸ਼ਾਇਦ ਇਸੇ ਲਈ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ।''

ਅਣਪਛਾਤੇ ਲੋਕਾਂ ਖਿਲਾਫ ਮਾਮਲਾ ਕਿਉਂ ਦਰਜ ਕੀਤਾ ਗਿਆ?

ਪੁਲਿਸ ਨੇ ਸ਼ਾਹੇਦੀਨ ਦੀ ਮੌਤ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਤਸਵੀਰ ਕੈਪਸ਼ਨ, ਪੁਲਿਸ ਨੇ ਸ਼ਾਹੇਦੀਨ ਦੀ ਮੌਤ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ

ਸ਼ਾਹੇਦੀਨ ਦੀ ਹੱਤਿਆ ਦਾ ਮਾਮਲਾ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਹੈ।

ਸ਼ਾਹੇਦੀਨ ਦੇ ਵੱਡੇ ਭਰਾ ਮੁਹੰਮਦ ਆਲਮ ਦਾ ਕਹਿਣਾ ਹੈ, ''ਵੀਡੀਓ 'ਚ ਹਮਲਾਵਰ ਦਿਖਾਈ ਨਹੀਂ ਦੇ ਰਹੇ ਹਨ, ਇਸ ਲਈ ਅਸੀਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।"

"ਸਾਨੂੰ ਕਿਸੇ 'ਤੇ ਸ਼ੱਕ ਨਹੀਂ ਹੈ, ਇਸ ਲਈ ਅਸੀਂ ਕਿਸੇ ਦਾ ਨਾਮ ਨਹੀਂ ਦਿੱਤਾ ਹੈ।"

ਆਲਮ ਕਹਿੰਦੇ ਹਨ, "ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਭਰਾ ਨੂੰ ਮੰਡੀ ਦੇ ਲੋਕਾਂ ਨੇ ਮਾਰਿਆ ਹੈ। ਉਨ੍ਹਾਂ ਦੀ ਪਛਾਣ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੈ।"

ਬੇਵਸੀ ਜ਼ਾਹਰ ਕਰਦਿਆਂ ਆਲਮ ਕਹਿੰਦੇ ਹਨ, "ਪੁਲਿਸ ਵੀ ਉਹਨਾਂ ਦੀ ਹੈ, ਕਾਤਲ ਵੀ ਉਹਨਾਂ ਦੇ ਹਨ।"

"ਜੇਕਰ ਅਸੀਂ ਆਪਣੇ ਭਰਾ ਦੀ ਮੌਤ 'ਤੇ ਜ਼ਿਆਦਾ ਬੋਲਦੇ ਹਾਂ, ਤਾਂ ਸਾਡੇ ਵਿਰੁੱਧ ਵੀ ਝੂਠਾ ਕੇਸ ਦਰਜ ਕੀਤਾ ਜਾ ਸਕਦਾ ਹੈ।"

ਹਾਲਾਂਕਿ, ਆਲਮ ਦਾ ਕਹਿਣਾ ਹੈ, "ਇਸ ਸਭ ਦੇ ਬਾਵਜੂਦ, ਸਾਨੂੰ ਉਮੀਦ ਹੈ ਕਿ ਇੱਕ ਦਿਨ ਸਾਨੂੰ ਨਿਆਂ ਮਿਲੇਗਾ। ਕਾਨੂੰਨੀ ਲੜਾਈ ਕਿੰਨੀ ਹੀ ਵੱਡੀ ਹੋਵੇ, ਅਸੀਂ ਲੜਾਂਗੇ।"

ਹਿੰਦੂ ਸੰਗਠਨ ਦਾ ਦਾਅਵਾ

ਹਿੰਦੂਤਵੀ ਕਾਰਕੁਨ ਰੋਹਨ ਸਕਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਰਕਰਾਂ ਨੇ ਪੁਲਿਸ ਨੂੰ ਸ਼ਾਹੇਦੀਨ ਬਾਰੇ ਸੂਚਨਾ ਦਿੱਤੀ ਸੀ
ਤਸਵੀਰ ਕੈਪਸ਼ਨ, ਹਿੰਦੂਤਵੀ ਕਾਰਕੁਨ ਰੋਹਨ ਸਕਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਰਕਰਾਂ ਨੇ ਪੁਲਿਸ ਨੂੰ ਸ਼ਾਹੇਦੀਨ ਬਾਰੇ ਸੂਚਨਾ ਦਿੱਤੀ ਸੀ

ਹਿੰਦੂ ਸੰਗਠਨ ਰਾਸ਼ਟਰੀ ਬਜਰੰਗ ਦਲ ਦੇ ਮੁਰਾਦਾਬਾਦ ਦੇ ਪ੍ਰਧਾਨ ਰੋਹਨ ਸਕਸੈਨਾ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਆਪਣੇ ਵਰਕਰਾਂ ਤੋਂ ਗਊ ਹੱਤਿਆ ਦੀ ਸੂਚਨਾ ਮਿਲੀ ਸੀ ਅਤੇ ਉਹ ਪੁਲਿਸ ਸਟੇਸ਼ਨ ਪਹੁੰਚੇ ਸਨ।

ਰੋਹਨ ਸਕਸੈਨਾ ਨੇ ਘਟਨਾ ਤੋਂ ਬਾਅਦ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਨੂੰ ਬਾਜ਼ਾਰ ਵਿੱਚ ਗਊ ਹੱਤਿਆ ਦੀ ਸੂਚਨਾ ਮਿਲੀ ਸੀ।

ਹਾਲਾਂਕਿ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਜਾਂ ਉਨ੍ਹਾਂ ਦੇ ਵਰਕਰ ਮੌਕੇ 'ਤੇ ਨਹੀਂ ਸਨ, ਪਰ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ।

ਰੋਹਨ ਸਕਸੈਨਾ ਦਾ ਕਹਿਣਾ ਹੈ, "ਮੈਂ ਸਾਢੇ ਪੰਜ ਵਜੇ ਦੇ ਕਰੀਬ ਪੁਲਿਸ ਸਟੇਸ਼ਨ ਪਹੁੰਚਿਆ। ਸਾਡੇ ਵਰਕਰਾਂ ਨੇ ਗਊ ਹੱਤਿਆ ਬਾਰੇ ਜਾਣਕਾਰੀ ਦਿੱਤੀ ਸੀ। ਘਟਨਾ ਦੇ ਸਮੇਂ ਸਾਡਾ ਕੋਈ ਵੀ ਵਰਕਰ ਉੱਥੇ ਮੌਜੂਦ ਨਹੀਂ ਸੀ।

ਇਸ ਦੌਰਾਨ ਮੁਰਾਦਾਬਾਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਡਾ. ਰਾਜ ਕਮਲ ਗੁਪਤਾ ਦਾ ਕਹਿਣਾ ਹੈ, "ਇਸ ਘਟਨਾ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਕੀ ਇਹ ਲੜਕੇ ਇੰਝ ਹੀ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਵਿੱਚ ਗਊਆਂ ਨੂੰ ਮਾਰਨ ਗਏ ਸਨ?

ਰਾਜ ਕਮਲ ਗੁਪਤਾ ਨੇ ਸ਼ਾਹੇਦੀਨ ਦੀ ਮੌਤ 'ਤੇ ਅਫਸੋਸ ਜ਼ਾਹਰ ਕੀਤਾ ਪਰ ਨਾਲ ਹੀ ਕਿਹਾ ਕਿ 'ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਹਿੰਦੂ ਪ੍ਰਧਾਨ ਇਲਾਕੇ 'ਚ ਗਊ ਹੱਤਿਆ ਦੀ ਕੋਸ਼ਿਸ਼ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ?'

ਰਾਜ ਕਮਲ ਗੁਪਤਾ ਦਾ ਕਹਿਣਾ ਹੈ, "ਕਿਸੇ ਨੂੰ ਵੀ ਕੁੱਟਿਆ ਨਹੀਂ ਜਾਣਾ ਚਾਹੀਦਾ ਪਰ ਗਊ ਮਾਤਾ ਦੀ ਹੱਤਿਆ ਦੇਖ ਕੇ ਹਿੰਦੂਆਂ ਦਾ ਗੁੱਸਾ ਹੋਣਾ ਸੁਭਾਵਿਕ ਹੈ।"

ਪੁਲਿਸ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ

ਮੁਰਾਦਾਬਾਦ ਦੇ ਸੀਨੀਅਰ ਪੁਲਸ ਸੁਪਰਡੈਂਟ ਸਤਪਾਲ ਅੰਤਿਲ ਦਾ ਕਹਿਣਾ ਹੈ ਕਿ ਬਿਨਾਂ ਸਬੂਤਾਂ ਦੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ
ਤਸਵੀਰ ਕੈਪਸ਼ਨ, ਮੁਰਾਦਾਬਾਦ ਦੇ ਸੀਨੀਅਰ ਪੁਲਸ ਸੁਪਰਡੈਂਟ ਸਤਪਾਲ ਅੰਤਿਲ ਦਾ ਕਹਿਣਾ ਹੈ ਕਿ ਬਿਨਾਂ ਸਬੂਤਾਂ ਦੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ

ਪੁਲਿਸ ਨੇ ਅਜੇ ਤੱਕ ਇਸ ਕਤਲ ਕੇਸ ਵਿੱਚ ਕਿਸੇ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਜਾਂਚ ਨਾਲ ਜੁੜੇ ਇੱਕ ਅਧਿਕਾਰੀ ਨੇ ਸਿਰਫ਼ ਇੰਨਾ ਹੀ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ।

ਬੀਬੀਸੀ ਦੀ ਟੀਮ ਇਸ ਘਟਨਾ ਤੋਂ ਬਾਅਦ ਉੱਠ ਰਹੇ ਸਵਾਲਾਂ 'ਤੇ ਸੀਨੀਅਰ ਪੁਲਿਸ ਕਪਤਾਨ ਸਤਪਾਲ ਅੰਤਿਲ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਕੈਮਰੇ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਹਾਲਾਂਕਿ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜੇਕਰ ਉਹ ਕੋਈ ਹੋਰ ਤੱਥ ਪੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।"

ਸਤਪਾਲ ਅੰਤਿਲ ਨੇ ਕਿਹਾ, "ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਘਟਨਾ ਦੇ ਦੂਜੇ ਮੁਲਜ਼ਮ ਅਦਨਾਨ ਨੇ ਸਾਜ਼ਿਸ਼ ਰਚੀ ਹੈ। ਅਸੀਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ਲਵਾਂਗੇ ਤਾਂ ਜੋ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਪੁਲਿਸ ਨੇ ਆਪਣੇ ਤੌਰ 'ਤੇ ਕਾਰਵਾਈ ਕੀਤੀ ਹੈ।"

ਇਸ ਘਟਨਾ ਨਾਲ ਸਬੰਧਤ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਉੱਥੇ ਮੌਜੂਦ ਕੁਝ ਲੋਕਾਂ ਦੇ ਨਾਂ ਵੀ ਸੁਣਨ ਨੂੰ ਮਿਲ ਰਹੇ ਹਨ।

ਘਟਨਾ ਦੀ ਵੀਡੀਓ ਦੇ ਸਵਾਲ 'ਤੇ ਪੁਲਿਸ ਦੇ ਸੀਨੀਅਰ ਸੁਪਰਡੈਂਟ ਨੇ ਕਿਹਾ, "ਅਸੀਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਅਸੀਂ ਕਿਸੇ ਨੂੰ ਵੀ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਨਹੀਂ ਕਰਾਂਗੇ।''

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)