ਇੰਗਲੈਂਡ ਵੱਸਦੀ ਕੁੜੀ ਨੇ ਕਿਵੇਂ ਜੋੜੇ ਚੜ੍ਹਦੇ ਤੇ ਲਹਿੰਦੇ ਪੰਜਾਬ ਵੱਸਦੇ ਪਰਿਵਾਰਾਂ ਦੇ ਤੰਦ

ਕਿਰਨ ਕੌਰ

ਤਸਵੀਰ ਸਰੋਤ, Jeevay Sanjha Punjab

ਤਸਵੀਰ ਕੈਪਸ਼ਨ, ਕਿਰਨ ਕੌਰ ਆਪਣੇ ਪਾਕਿਸਤਾਨ ਵਾਲੇ ਪਰਿਵਾਰ ਤੋਂ ਵਿਦਾ ਹੁੰਦੇ ਭਾਵੁਕ ਹੋਏ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਇਹ ਸਰਹੱਦਾਂ ਮੁੱਕ ਜਾਣੀਆਂ ਚਾਹੀਦੀਆਂ ਹਨ, ਮੇਰੇ ਤਾਇਆ ਜੀ ਓਧਰ ਜਾਣ ਲਈ ਤਰਸ ਰਹੇ ਹਨ ਤੇ ਓਧਰ ਵਾਲੇ ਏਧਰ ਆਉਣ ਲਈ।"

ਇਹ ਦੁਆ ਕਰਦੇ ਹਨ ਇੰਗਲੈਂਡ ਰਹਿੰਦੇ ਕਿਰਨ ਕੌਰ ਘੁੰਮਣ ਜਿਨ੍ਹਾਂ ਦਾ ਸੰਬੰਧ ਸਾਂਝੇ ਪੰਜਾਬ ਨਾਲ ਹੈ। ਭਾਵੇਂ ਉਨ੍ਹਾਂ ਦਾ ਜਨਮ ਜਲੰਧਰ ਨੇੜੇ ਇੱਕ ਪਿੰਡ ਵਿੱਚ ਹੋਇਆ ਪਰ ਉਨ੍ਹਾਂ ਦੀ ਤਾਂਘ ਹਮੇਸ਼ਾ ਆਪਣੇ ਪੁਰਖਿਆਂ ਦੇ ਪਿੰਡ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਪੈਂਦੇ ਗੰਜਿਆਂਵਾਲੀ ਕਲਾਂ ਨੂੰ ਦੇਖਣ ਦੀ ਰਹੀ।

ਉਨ੍ਹਾਂ ਦੀ ਇਹ ਤਾਂਘ ਆਖ਼ਰ ਇਸ ਸਾਲ 24 ਅਕਤੂਬਰ ਨੂੰ ਪੂਰੀ ਹੋਈ ਜਦੋਂ ਉਹ ਪਾਕਿਸਤਾਨ ਵਿੱਚ ਰਹਿੰਦੇ ਆਪਣੇ ਦਾਦਾ ਜੀ ਦੇ ਪਰਿਵਾਰ ਨੂੰ ਮਿਲੇ। ਉਹ ਪਰਿਵਾਰ ਜੋ ਵੰਡ ਵੇਲੇ ਵਿਛੜ ਗਿਆ ਤੇ ਮੁੜ ਇੱਕ ਨਾ ਹੋ ਸਕਿਆ।

ਕਿਰਨ ਕੌਰ ਘੁੰਮਣ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਦਾਦਾ ਜੀ ਹੋਰੀਂ ਤਿੰਨ ਭਰਾ ਸਨ, ਮੇਰੇ ਦਾਦਾ ਬਹਾਦਰ ਸਿੰਘ, ਇੱਕ ਭਰਾ ਵਧਾਵਾ ਸਿੰਘ ਅਤੇ ਇੱਕ ਉਜਾਗਰ ਸਿੰਘ।"

"ʼ47 ਦੀ ਵੰਡ ਵੇਲੇ ਦੋ ਭਰਾ ਮੇਰੇ ਦਾਦਾ ਬਹਾਦਰ ਸਿੰਘ ਅਤੇ ਵਧਾਵਾ ਸਿੰਘ ਪਾਕਿਸਤਾਨ ਤੋਂ ਭਾਰਤ ਵੱਲ ਤੁਰ ਪਏ ਪਰ ਇੱਕ ਭਰਾ ਉਜਾਗਰ ਸਿੰਘ ਪਤਾ ਨਹੀਂ ਕਿਸ ਕਾਰਨ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ।"

"ਮੈਂ 10 ਕੁ ਸਾਲ ਦੀ ਸੀ ਜਦੋਂ ਮੈਨੂੰ ਯਾਦ ਏ ਕਿ ਮੇਰੇ ਦਾਦਾ ਜੀ ਸਾਡੇ ਨਾਲ ਆਪਣੇ ਉਸ ਗੁੰਮ ਹੋਏ ਭਰਾ ਦੀਆਂ ਗੱਲਾਂ ਕਰਦੇ ਸਨ। ਸਾਨੂੰ ਸਮਝ ਨਹੀਂ ਹੁੰਦੀ ਸੀ ਕਿ ਦਾਦਾ ਜੀ ਦੀ ਪੀੜ ਕੀ ਹੈ, ਬਸ ਅਸੀਂ ਉਨ੍ਹਾਂ ਕੋਲੋਂ ਕਹਾਣੀਆਂ ਸੁਣਦੇ ਰਹਿੰਦੇ ਸੀ ਸਾਡੇ ਪਿੰਡ ਗੰਜਿਆਂਵਾਲੀ ਜ਼ਿਲ੍ਹਾ ਸਿਆਲਕੋਟ ਬਾਰੇ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਾਦਾ ਜੀ ਪਾਕਿਸਤਾਨ ਨੂੰ ਚਿੱਠੀਆਂ ਭੇਜਦੇ ਸਨ

ਕਿਰਨ ਕੌਰ ਆਪਣੇ ਯਾਦਾਂ ਦੇ ਝਰੋਖੇ ਵਿੱਚੋਂ ਦੱਸਦੇ ਹਨ, "ਮੈਂ ਜਦੋਂ ਵੀ ਦਾਦਾ ਜੀ ਨਾਲ ਖੇਤਾਂ ਵਿੱਚ ਜਾਣਾ ਜਾਂ ਮੋਟਰ ਉੱਤੇ ਜਾਣਾ ਤਾਂ ਦਾਦਾ ਜੀ ਨੇ ਆਪਣੇ ਪਿੰਡ ਅਤੇ ਭਰਾ ਦੀਆਂ ਗੱਲਾਂ ਸਾਨੂੰ ਦੱਸਣੀਆਂ। ਉਦੋਂ ਦਾਦਾ ਜੀ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੇ ਭਰਾ ਨੇ ਪਾਕਿਸਤਾਨ ਵਿੱਚ ਹੁਣ ਮੁਸਲਿਮ ਧਰਮ ਆਪਣਾ ਲਿਆ ਹੈ ਤੇ ਹੁਣ ਉਨ੍ਹਾਂ ਦਾ ਨਾਮ ਉਜਾਗਰ ਸਿੰਘ ਤੋਂ ਬਦਲ ਕੇ ਗ਼ੁਲਾਮ ਮੁਹੰਮਦ ਘੁੰਮਣ ਹੋ ਗਿਆ ਸੀ।"

"ਮੇਰੇ ਦਾਦਾ ਜੀ ਏਧਰੋਂ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਆਪਣੇ ਪਿੰਡ ਗੰਜਿਆਂਵਾਲੀ ਕਲਾਂ ਜ਼ਿਲ੍ਹਾ ਸਿਆਲਕੋਟ ਵਿੱਚ ਉਜਾਗਰ ਸਿੰਘ ਦੇ ਨਾਮ ਉੱਤੇ ਚਿੱਠੀਆਂ ਵੀ ਭੇਜਦੇ ਸਨ ਪਰ ਓਧਰੋਂ ਕਦੇ ਕੋਈ ਚਿੱਠੀ ਨਹੀਂ ਆਈ।"

ਉਨ੍ਹਾਂ ਨੇ ਅੱਗੇ ਦੱਸਿਆ, "ਉਨ੍ਹਾਂ ਨੇ ਇਸਲਾਮ ਕਦੋਂ ਕਬੂਲ ਕੀਤਾ, ਇਹ ਤਾਂ ਸ਼ਾਇਦ ਸਾਨੂੰ ਨਹੀਂ ਪਤਾ ਪਰ ਫੇਰ ਬਾਅਦ ਵਿੱਚ ਮੇਰੇ ਦਾਦਾ ਜੀ ਗ਼ੁਲਾਮ ਮੁਹੰਮਦ ਘੁੰਮਣ ਦੇ ਨਾਮ ਉੱਤੇ ਵੀ ਚਿੱਠੀਆਂ ਭੇਜਦੇ ਸਨ। ਦਾਦਾ ਜੀ ਸਾਡੀਆਂ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਵੀ ਪਾਕਿਸਤਾਨ ਭੇਜਦੇ ਸਨ।"

ਕਿਰਨ ਕੌਰ
ਤਸਵੀਰ ਕੈਪਸ਼ਨ, ਆਪਣੇ ਦਾਦਾ ਜੀ ਤੋਂ ਬਾਅਦ ਕਿਰਨ ਕੌਰ ਨੇ ਪਾਕਿਸਤਾਨ ਚਿੱਠੀਆਂ ਲਿਖਣ ਦਾ ਸਿਲਸਿਲਾ ਜਾਰੀ ਰੱਖਿਆ

ਚਿੱਠੀਆਂ ਦਾ ਪਹਿਲਾ ਜਵਾਬ ਕਦੋਂ ਆਇਆ?

ਕਿਰਨ ਦੱਸਦੇ ਹਨ, "ਮੇਰੇ ਦਾਦਾ ਜੀ ਨੇ ਬਹੁਤ ਚਿੱਠੀਆਂ ਪਾਕਿਸਤਾਨ ਭੇਜੀਆਂ ਪਰ ਸਾਨੂੰ ਪਹਿਲੀ ਚਿੱਠੀ ਦਾ ਜਵਾਬ 1984 ਤੋਂ ਬਾਅਦ 1984-85 ਵਿੱਚ ਆਇਆ। ਉਹ ਸਬੱਬ ਵੀ ਐਵੇਂ ਬਣਿਆ ਕਿ ਜਦੋਂ ʼ84 ਤੋਂ ਬਾਅਦ ਕੁਝ ਸਿੱਖ ਜੱਥੇ ਪਾਕਿਸਤਾਨ ਸਥਿਤ ਗੁਰਦੁਆਰਾ ਡੇਰਾ ਸਾਹਿਬ ਗਏ ਸਨ।"

"ਉੱਥੇ ਗੁਰਦੁਆਰਾ ਸਾਹਿਬ ਵਿੱਚ ਇੱਕ ਚੁੰਨੀ ਲਾਲ ਨਾਮ ਦਾ ਭਾਰਤੀ ਵਿਅਕਤੀ ਸਾਡੇ ਪਾਕਿਸਤਾਨ ਵਾਲੇ ਪਰਿਵਾਰਕ ਮੈਂਬਰ ਨੂੰ ਮਿਲ ਗਿਆ। ਉਨ੍ਹਾਂ ਨੇ ਸਾਡੀਆਂ ਭੇਜੀਆਂ ਫੋਟੋਆਂ ਅਤੇ ਚਿੱਠੀਆਂ ਚੁੰਨੀ ਲਾਲ ਨੂੰ ਦਿਖਾਈਆਂ। ਚੁੰਨੀ ਲਾਲ ਫੇਰ ਮੁੜ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਬੜੀ ਮੁਸ਼ੱਕਤ ਕਰਕੇ ਸਾਡੇ ਪਰਿਵਾਰ ਤੱਕ ਸਾਡੀਆਂ ਭੇਜੀਆਂ ਚਿੱਠੀਆਂ ਦਾ ਜਵਾਬ ਸਾਨੂੰ ਆ ਕੇ ਦਿੱਤਾ।"

"ਓਧਰੋਂ ਆਈ ਚਿੱਠੀ ਉਰਦੂ ਵਿੱਚ ਸੀ, ਚੁੰਨੀ ਲਾਲ ਨੇ ਹੀ ਉਹ ਚਿੱਠੀ ਸਾਨੂੰ ਇੱਥੇ ਪਹੁੰਚਾਈ। ਮੇਰੇ ਦਾਦਾ ਜੀ ਵੀ ਉਸ ਵੇਲੇ ਜਿਊਂਦੇ ਸਨ ਉਨ੍ਹਾਂ ਨੇ ਵੀ ਰੋਂਦਿਆਂ ਹੋਇਆਂ ਆਪਣੇ ਭਰਾ ਦੀਆਂ ਚਿੱਠੀਆਂ ਦਾ ਜਵਾਬ ਸੁਣਿਆ।"

"ਉਸ ਇੱਕ ਚਿੱਠੀ ਨਾਲ ਦੋਵਾਂ ਪਰਿਵਾਰਾਂ ਵਿੱਚ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਇਹ ਸਿਲਸਿਲਾ 1986 ਤੱਕ ਜਾਰੀ ਰਿਹਾ। ਕਿਰਨ ਕੌਰ ਦੇ ਦਾਦਾ ਜੀ ਚਿੱਠੀਆਂ ਲਿਖਵਾਉਂਦੇ ਅਤੇ ਓਧਰ ਭੇਜਦੇ ਫੇਰ ਓਧਰੋਂ ਚਿੱਠੀ ਆਉਂਦੀ ਤਾਂ ਸਭ ਦੇ ਸਾਹਮਣੇ ਸੁਣਾਉਂਦੇ।"

ਕਿਰਨ ਕੌਰ

ਕਿਰਨ ਕਹਿੰਦੇ ਹਨ, "ਓਧਰੋਂ ਚਿੱਠੀ ਆਉਂਦੀ ਸੀ ਤਾਂ ਮੈਂ ਭਾਵੁਕ ਹੁੰਦੀ ਸੀ ਕਿ ਇਹ ਕਿਵੇਂ ਦਾ ਰਿਸ਼ਤਾ ਹੈ, ਇੱਕ ਪਰਿਵਾਰ ਇੰਨੀ ਦੂਰ ਕਿਵੇਂ ਹੈ। ਮੇਰੇ ਅੰਦਰ ਉਸ ਪਰਿਵਾਰ ਨੂੰ ਮਿਲਣ ਦੀ ਤਾਂਘ ਪੈਦਾ ਹੋਣ ਲੱਗੀ।"

"1989 ਵਿੱਚ ਪਾਕਿਸਤਾਨ ਰਹਿੰਦੇ ਉਜਾਗਰ ਸਿੰਘ (ਗ਼ੁਲਾਮ ਮੁਹੰਮਦ ਘੁੰਮਣ) ਅਤੇ 1995 ਵਿੱਚ ਮੇਰੇ ਦਾਦਾ ਜੀ ਪੂਰੇ ਹੋ ਗਏ। ਦੋਵੇਂ ਪਰਿਵਾਰਾਂ ਨੂੰ ਵੱਡਾ ਘਾਟਾ ਪੈ ਗਿਆ।"

"ਪਰ ਉਸ ਤੋਂ ਬਾਅਦ ਮੈਂ ਜਦੋਂ ਬੋਰਡਿੰਗ ਸਕੂਲ ਗਈ ਤਾਂ ਮੈਂ ਮੁੜ ਪਾਕਿਸਤਾਨ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਪੰਜਾਬੀ ਵਿੱਚ ਚਿੱਠੀ ਲਿਖਦੀ ਅਤੇ ਓਧਰੋਂ ਜਵਾਬ ਉਰਦੂ ਵਿੱਚ ਆਉਂਦਾ।"

"ਜਦੋਂ ਮੈਂ ਪਹਿਲੀ ਚਿੱਠੀ ਲਿਖੀ ਤਾਂ ਉਨ੍ਹਾਂ ਕੋਲ ਕੋਈ ਪੰਜਾਬੀ ਪੜ੍ਹਨ ਵਾਲਾ ਨਹੀਂ ਸੀ, ਮੈਂ ਆਪਣੇ ਸਕੂਲ ਦੇ ਚਪੜਾਸੀ ਕੋਲੋਂ ਉਰਦੂ ਦੀ ਚਿੱਠੀ ਪੜਵਾਉਂਦੀ। ਮੇਰੇ ਭਰਾ ਮੈਨੂੰ ਰੋਕਦੇ ਵੀ ਸਨ ਕਿ ਮੈਂ ਪਾਕਿਸਤਾਨ ਚਿੱਠੀਆਂ ਕਿਉਂ ਲਿਖਦੀ ਹਾਂ। ਪਰ ਮੈਂ ਆਪਣੇ-ਆਪ ਨੂੰ ਕਦੇ ਵੀ ਚਿੱਠੀਆਂ ਲਿਖਣ ਤੋਂ ਰੋਕ ਨਾ ਸਕੀ।"

ਸਾਲ ਬੀਤਦੇ ਗਏ ਤੇ ਮੇਰਾ ਚਿੱਠੀਆਂ ਲਿਖਣ ਦਾ ਰੁਝਾਨ ਵੱਧਦਾ ਗਿਆ, ਓਧਰੋਂ ਚਿੱਠੀ ਲਿਖਣ ਦਾ ਕੰਮ ਹੁਣ ਮੇਰੇ ਚਾਚਾ ਨਜ਼ੀਰ ਅਹਿਮਦ ਘੁੰਮਣ ਦੇ ਭਤੀਜੇ ਕਰਦੇ ਸਨ। ਉਹ ਵੀ ਮੈਨੂੰ ਮੇਰੀ ਚਿੱਠੀ ਦਾ ਜਵਾਬ ਭੇਜਣਾ ਨਹੀਂ ਭੁਲਦੇ ਸਨ।

ਕਿਰਨ ਕੌਰ

ਤਸਵੀਰ ਸਰੋਤ, Jeevay Sanjha Punjab

ਤਸਵੀਰ ਕੈਪਸ਼ਨ, ਆਪਣੇ ਦਾਦੇ ਦੇ ਜੱਦੀ ਘਰ ਪਹੁੰਚਣ ਕਿਰਨ ਕੌਰ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ
ਇਹ ਵੀ ਪੜ੍ਹੋ-

ਇੰਗਲੈਂਡ ਜਾ ਕੇ ਵੀ ਲਹਿੰਦੇ ਪੰਜਾਬ ਦਾ ਮੋਹ ਨਾ ਟੁੱਟਿਆ

1997 ਵਿੱਚ ਮੇਰਾ ਵਿਆਹ ਹੋ ਗਿਆ ਅਤੇ ਮੈਂ ਇੰਗਲੈਂਡ ਚਲੇ ਗਈ। ਇੰਗਲੈਂਡ ਜਾ ਕੇ ਚਿੱਠੀਆਂ ਲਿਖਣ ਦਾ ਸਿਲਸਿਲਾ ਇਕਦਮ ਰੁਕ ਗਿਆ।

ਉਹ ਦੱਸਦੇ ਹਨ, "ਪਰ ਮੇਰੇ ਚੇਤਿਆਂ ਵਿੱਚ ਮੇਰੇ ਪੁਰਖਿਆਂ ਦਾ ਪਿੰਡ ਗੰਜਿਆਂਵਾਲੀ ਕਲਾਂ ਹਮੇਸ਼ਾ ਰਿਹਾ। ਇੰਗਲੈਂਡ ਵਿੱਚ ਜਦੋਂ ਵੀ ਮੈਨੂੰ ਕੋਈ ਪਾਕਿਸਤਾਨੀ ਪੰਜਾਬੀ ਮਿਲਦਾ ਤਾਂ ਮੈਂ ਉਨ੍ਹਾਂ ਨੂੰ ਪੁੱਛਦੀ ਕਿ ਤੁਸੀਂ ਸਿਆਲਕੋਟ ਤੋਂ ਤਾਂ ਨਹੀਂ ਹੋ। ਮੈਨੂੰ ਵੀ ਉਨ੍ਹਾਂ ਨੂੰ ਇਹ ਦੱਸਣ ਵਿੱਚ ਫ਼ਖ਼ਰ ਮਹਿਸੂਸ ਹੁੰਦਾ ਕਿ ਮੈਂ ਵੀ ਸਿਆਲਕੋਟਣ ਹਾਂ।"

ਕਿਰਨ ਕੌਰ ਘੁੰਮਣ ਦੱਸਦੇ ਹਨ, "ਐਵੇਂ ਹੀ ਕਈ ਸਾਲ ਬੀਤ ਗਏ, 2015 ਵਿੱਚ ਮੇਰੇ ਪਿਤਾ ਪੂਰੇ ਹੋ ਗਏ। ਮੇਰੇ ਕੋਲ ਬਸ ਮੇਰੇ ਤਾਇਆ ਜੀ ਹੀ ਬਚੇ ਸਨ ਜੋ ਹੁਣ ਸਾਡੇ ਜੱਦੀ ਪਿੰਡ ਵਿੱਚ ਰਹਿੰਦੇ ਹਨ। ਤਾਇਆ ਜੀ 8-10 ਸਾਲਾਂ ਦੇ ਸਨ ਜਦੋਂ ਉਹ ਪਾਕਿਸਤਾਨ ਛੱਡ ਕੇ ਭਾਰਤ ਆਏ ਸਨ। ਅੱਜ ਉਹ ਬਜ਼ੁਰਗ ਹਨ ਪਰ ਆਪਣੇ ਪਿੰਡ ਨੂੰ ਮੁੜ ਦੇਖਣਾ ਚਾਹੁੰਦੇ ਹਨ।"

"ਮੈਂ ਉਨ੍ਹਾਂ ਨੂੰ ਦੇਖਦੀ ਤਾਂ ਮੁੜ ਮੈਨੂੰ ਸਿਆਲਕੋਟ ਦੀ ਯਾਦ ਸਤਾਉਣ ਲੱਗਦੀ। ਆਖ਼ਰ 2022 ਵਿੱਚ ਮੈਨੂੰ ਇੰਗਲੈਂਡ ਤੋਂ ਇੱਕ ਜੱਥੇ ਦੇ ਨਾਲ ਪਾਕਿਸਤਾਨ ਜਾਣ ਦਾ ਮੌਕਾ ਮਿਲ ਗਿਆ। ਮੈਂ ਜੱਥੇ ਨਾਲ ਗਈ ਸਾਂ ਇਸ ਕਰਕੇ ਮੈਨੂੰ ਇਕੱਲੇ ਮੇਰੇ ਪੁਰਖਿਆਂ ਦੇ ਪਿੰਡ ਜਾਣ ਦੀ ਇਜਾਜ਼ਤ ਨਾ ਮਿਲੀ। ਮੈਂ ਨਿਰਾਸ਼ ਹੋ ਕੇ ਵਾਪਸ ਇੰਗਲੈਂਡ ਪਰਤ ਆਈ।"

ਕਿਰਨ ਕੌਰ

ਤਸਵੀਰ ਸਰੋਤ, Jeevay Sanjha Punjab

ਤਸਵੀਰ ਕੈਪਸ਼ਨ, ਕਿਰਨ ਕੌਰ ਆਖਦੇ ਹਨ ਕਿ ਹੁਣ ਉਨ੍ਹਾਂ ਦੇ ਤਾਇਆ ਜੀ ਬਚੇ ਹਨ

ਉਹ ਦੱਸਦੇ ਹਨ, "ਇਸ ਸਾਲ 2024 ਵਿੱਚ ਮੈਨੂੰ ਇਕੱਲੇ ਪਾਕਿਸਤਾਨ ਜਾਣ ਲਈ ਵੀਜ਼ਾ ਮਿਲ ਗਿਆ। ਇਸ ਵਾਰ ਮੈਂ ਇਹੀ ਸੋਚ ਕੇ ਵੀਜ਼ਾ ਲਿਆ ਸੀ ਕਿ ਮੈਂ ਆਪਣੇ ਪਿੰਡ ਜਾ ਕੇ ਰਹਾਂਗੀ। ਆਖ਼ਰ ਮੈਂ ਪਾਕਿਸਤਾਨ ਜਾਣ ਲਈ ਇੰਗਲੈਂਡ ਤੋਂ ਪਹਿਲਾਂ ਭਾਰਤ ਆਪਣੇ ਪਿੰਡ ਆਈ ਅਤੇ ਉੱਥੋਂ ਫੇਰ ਵਾਹਗਾ ਬਾਰਡਰ ਰਾਹੀਂ ਲਾਹੌਰ ਗਈ।"

"ਮੈਂ ਪਾਕਿਸਤਾਨ ਆ ਰਹੀ ਹਾਂ, ਇਹ ਖ਼ਬਰ ਪਹਿਲਾਂ ਹੀ ਪਿੰਡ ਗੰਜਿਆਂਵਾਲੀ ਪਹੁੰਚ ਗਈ ਸੀ। ਵੰਡ ਵੇਲੇ ਵੱਖ ਹੋਇਆ ਪਰਿਵਾਰ ਮੈਨੂੰ ਦੇਖਣ ਦੀ ਉਡੀਕ ਵਿੱਚ ਸੀ। ਲਾਹੌਰ ਤੋਂ ਸਿਆਲਕੋਟ ਦਾ ਸਫ਼ਰ ਮੈਨੂੰ ਲੰਬਾ ਲੱਗ ਰਿਹਾ ਸੀ।"

"ਆਖ਼ਰ ਜਦੋਂ ਮੈਂ ਪਿੰਡ ਪਹੁੰਚੀ ਤਾਂ ਇੱਕ ਵੱਡਾ ਸਾਰਾ ਪਰਿਵਾਰ ਮੇਰੇ ਲਈ ਫੁੱਲ ਲੈ ਕੇ ਖੜ੍ਹਾ ਸੀ। 77 ਸਾਲ ਪਹਿਲਾਂ ਵਿਛੜੇ ਸਾਡੇ ਪੁਰਖਿਆਂ ਦੀ ਅਗਲੀਆਂ ਪੀੜ੍ਹੀਆਂ ਆਹਮੋ-ਸਾਹਮਣੇ ਮਿਲ ਰਹੀਆਂ ਸਨ। ਪਾਕਿਸਤਾਨ ਰਹਿ ਗਏ ਮੇਰੇ ਦਾਦਾ ਜੀ ਦੇ ਭਰਾ ਉਜਾਗਰ ਸਿੰਘ ਦੇ ਪੁੱਤਰ ਨਜ਼ੀਰ ਅਹਿਮਦ ਘੁੰਮਣ ਮੇਰੇ ਸਾਹਮਣੇ ਸਨ। ਉਹ ਮੈਨੂੰ ਗਲ਼ ਲੱਗ ਕੇ ਬਹੁਤ ਰੋਏ।"

ਕਿਰਨ ਕੌਰ

ਤਸਵੀਰ ਸਰੋਤ, Jeevay Sanjha Punjab

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਹੁਣ ਕਿਰਨ ਕੌਰ ਦੇ ਦਾਦੇ ਦੇ ਭਰਾ ਦੇ ਬੇਟੇ ਹੀ ਰਹੇ ਹਨ

ਪਾਕਿਸਤਾਨ ਵਿਚਲੇ ਘਰ ਨੂੰ ਬਿਆਨ ਕਰਦਿਆਂ ਕਿਰਨ ਕੌਰ ਨੇ ਦੱਸਿਆ, "ਉਸ ਘਰ ਵਿੱਚ ਜਾ ਕੇ ਮੈਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਮੈਂ ਕਿਸੇ ਹੋਰ ਘਰ ਵਿੱਚ ਹਾਂ। ਸਾਰੇ ਮੇਰੇ ਆਪਣੇ ਸਨ, ਵੰਡ ਨਾ ਹੁੰਦੀ ਤਾਂ ਅਸੀਂ ਸਾਰੇ ਇੱਕੋ ਪਰਿਵਾਰ ਵਿੱਚ ਹੁੰਦੇ। ਇੱਕ ਘਰ ਵਿੱਚ ਰਹਿੰਦੇ ਹੁੰਦੇ। ਇਹ ਸਭ ਗੱਲਾਂ ਮੇਰੇ ਅੰਦਰ ਚਲ ਰਹੀਆਂ ਸਨ।"

"ਉਹ ਮੈਨੂੰ ਉਸ ਖੇਤ ਵਿੱਚ ਲੈ ਕੇ ਗਏ ਜਿੱਥੇ ਮੇਰੇ ਦਾਦਾ ਜੀ ਹੋਰੀਂ ਤਿੰਨੋਂ ਭਰਾ ਇਕੱਠੇ ਕੰਮ ਕਰਦੇ ਸਨ। ਉਹ ਪਿੱਪਲ ਦਾ ਰੁੱਖ ਅੱਜ ਵੀ ਉਸੇ ਤਰ੍ਹਾਂ ਖੜ੍ਹਾ ਹੈ ਜਿਵੇਂ ਮੇਰੇ ਦਾਦਾ ਜੀ ਹੋਰਾਂ ਵੇਲੇ ਸੀ।"

"ਮੈਂ ਆਪਣੇ ਖੇਤਾਂ ਦੀ ਮਿੱਟੀ ਲਫਾਫੇ ਵਿੱਚ ਭਰ ਕੇ ਨਾਲ ਲੈ ਕੇ ਆਈ। ਕਈ ਦਿਨ ਮੈਂ ਲਾਹੌਰ ਵਿੱਚ ਬਿਤਾਏ ਜਦੋਂ ਮੌਕਾ ਮਿਲਦਾ ਮੈਂ ਆਪਣੇ ਪਿੰਡ ਚਲੀ ਜਾਂਦੀ।"

ਕਿਰਨ ਕੌਰ ਜਦੋਂ ਪਾਕਿਸਤਾਨ ਵਾਲੇ ਆਪਣੇ ਪੁਰਖਿਆਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਭਰਵਾਂ ਸੁਆਗਤ ਹੋਇਆ

ਤਸਵੀਰ ਸਰੋਤ, JEEVAY SANJHA PUNJAB

ਤਸਵੀਰ ਕੈਪਸ਼ਨ, ਕਿਰਨ ਕੌਰ ਜਦੋਂ ਪਾਕਿਸਤਾਨ ਵਾਲੇ ਆਪਣੇ ਪੁਰਖਿਆਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਭਰਵਾਂ ਸੁਆਗਤ ਹੋਇਆ

ਪਾਕਿਸਤਾਨ ਤੋਂ ਵਾਪਸ ਆਏ ਕਿਰਨ ਕੌਰ ਨੇ ਬੀਬੀਸੀ ਨੂੰ ਦੱਸਿਆ, "ਪੁਰਖਿਆਂ ਦੇ ਖੇਤਾਂ ਵਿੱਚੋਂ ਲਿਆਂਦੀ ਮਿੱਟੀ ਮੈਂ ਭਾਰਤ ਆ ਕੇ ਆਪਣੇ ਤਾਇਆ ਜੀ ਨੂੰ ਦਿੱਤੀ। ਤਾਇਆ ਜੀ ਮਿੱਟੀ ਫੜ੍ਹ ਕੇ ਭਾਵੁਕ ਹੋਏ, ਉਨ੍ਹਾਂ ਦੀਆਂ ਅੱਖਾਂ ਵਿੱਚ ਪਾਣੀ ਸੀ। ਇਸ ਮਿੱਟੀ ਵਿੱਚ ਉਨ੍ਹਾਂ ਦੇ ਪਿਓ ਅਤੇ ਚਾਚੇ-ਤਾਇਆ ਦਾ ਪਸੀਨਾ ਹੈ, ਭਾਵਨਾਵਾਂ ਹਨ।"

ਉਨ੍ਹਾਂ ਮੈਨੂੰ ਕਿਹਾ ਕਿ ਇਹ ਮਿੱਟੀ ਮੈਂ ਆਪਣੇ ਖੇਤਾਂ ਵਿੱਚ ਰਲਾ ਦੇਵਾਂਗਾ ਤਾਂ ਜੋ ਮਿੱਟੀ ਵਿੱਚੋਂ ਮਿੱਟੀ ਵੱਖ ਨਾ ਹੋਵੇ।

ਆਖ਼ਰ 'ਚ ਕਿਰਨ ਕੌਰ ਘੁੰਮਣ ਕਹਿੰਦੇ ਹਨ, "ਸਿਰਫ਼ ਤਾਇਆ ਜੀ ਹੀ ਨਹੀਂ, ਮੈਂ ਵੀ ਇਹੀ ਦੁਆ ਕਰਦੀ ਹਾਂ ਕਿ ਮੁਲਕਾਂ ਦੀਆਂ ਦੂਰੀਆਂ ਖ਼ਤਮ ਹੋਣ, ਆਪਣੇ ਆਪਣਿਆਂ ਨੂੰ ਬੇਰੋਕ ਮਿਲ ਸਕਣ, ਸਾਨੂੰ ਆਸਾਨੀ ਨਾਲ ਵੀਜ਼ੇ ਮਿਲਦੇ ਰਹਿਣ ਤਾਂ ਜੋ ਸਾਡਾ ਪਾਕਿਸਤਾਨ ਵਾਲਾ ਪਰਿਵਾਰ ਭਾਰਤ ਆ ਕੇ ਆਪਣਿਆਂ ਨੂੰ ਮਿਲ ਸਕੇ ਅਤੇ ਅਸੀਂ ਭਾਰਤ ਵਾਲੇ ਜਦੋਂ ਦਿਲ ਕਰੇ ਪਾਕਿਸਤਾਨ ਜਾ ਸਕੀਏ ਤੇ ਆਪਣੇ ਪੁਰਖਿਆਂ ਦੇ ਘਰਾਂ, ਖੇਤਾਂ ਨੂੰ ਦੇਖ ਸਕੀਏ।"

ਭਾਰਤ ਪਾਕਿਸਤਾਨ ਦੀ ਵੰਡ

ਸਾਲ 1947 ਵਿੱਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਹਜ਼ਾਰਾਂ ਪਰਿਵਾਰ ਇੱਕ - ਦੂਜੇ ਤੋਂ ਵਿਛੜ ਗਏ ਸਨ। ਕਈ ਪਾਕਿਸਤਾਨ ਵੱਸਦੇ ਹਿੰਦੂ ਭਾਈਚਾਰੇ ਦੇ ਲੋਕ ਭਾਰਤ ਆ ਗਏ ਅਤੇ ਕਈ ਪੰਜਾਬ ਵੱਸਦੇ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ।

ਪਰ ਇਹ ਸਭ ਇਨ੍ਹਾਂ ਆਸਾਨ ਨਹੀਂ ਸੀ। ਪਰਿਵਾਰਾਂ ਦੇ ਕਈ ਜੀਅ ਇੱਕ-ਦੂਜੇ ਤੋਂ ਵਿਛੜ ਗਏ ਜਿਨ੍ਹਾਂ ਦੇ ਅੰਦਰ ਆਪਣੇ ਜੱਦੀ ਪਿੰਡਾਂ ਵਿੱਚ ਜਾਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ।

ਹਾਲਾਂਕਿ ਕਰਤਾਰਪੁਰ ਲਾਂਘ ਦੇ ਖੁੱਲ੍ਹਣ ਨਾਲ ਵੀ ਕਈ ਪਰਿਵਾਰ ਆਪਸ ਵਿੱਚ ਮਿਲ ਪਾਏ। ਇਹ ਸਿਲਸਿਲਾ ਜਾਰੀ ਹੈ।

ਭਾਰਤ ਤੋਂ ਕਈ ਜੱਥੇ ਵਿਸ਼ੇਸ਼ ਦਿਨਾਂ ਵਿੱਚ ਪਾਕਿਸਤਾਨ ਜਾਂਦੇ ਹਨ ਜਿਸ ਨਾਲ ਕਈ ਲੋਕ ਆਪਣੇ ਵਿਛੜੇ ਪਰਿਵਾਰਾਂ ਨੂੰ ਮਿਲ ਪਾਏ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)