ਇਮਰਾਨ ਖ਼ਾਨ ਦੀ ਫੌਜ ਮੁਖੀ ਨੂੰ ਚਿੱਠੀ, 'ਜਿਨ੍ਹਾਂ ਨੇ ਖ਼ਤ ਦਾ ਜਵਾਬ ਨਹੀਂ ਦਿੱਤਾ ਉਹ ਤਖ਼ਤ ਕੀ ਦੇਣਗੇ'-ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
ਇਮਰਾਨ ਖ਼ਾਨ ਸਾਹਿਬ ਨੇ ਜੇਲ੍ਹ ਵਿੱਚੋਂ ਫ਼ੌਜ ਦੇ ਚੀਫ਼ ਜਨਰਲ ਜਨਾਬ ਆਸਿਮ ਮੁਨੀਰ ਸਾਹਿਬ ਨੂੰ ਇੱਕ ਖ਼ਤ ਲਿਖਿਆ। ਸੁਣਿਆ ਕੋਈ ਜਵਾਬ ਨਹੀਂ ਆਇਆ ਅਤੇ ਫ਼ਿਰ ਉਨ੍ਹਾਂ ਨੇ ਇੱਕ ਹੋਰ ਲਿਖਿਆ।
ਖ਼ਾਨ ਸਾਹਿਬ ਨੇ ਆਪ ਤਾਂ ਨਹੀਂ ਪੜ੍ਹਿਆ ਹੋਣਾ ਪਰ ਕਿਸੇ ਸਿਆਣੇ ਨੇ ਸ਼ਾਇਦ ਗਾਲਿਬ ਦੀ ਉਹ ਗੱਲ ਉਨ੍ਹਾਂ ਦੇ ਕੰਨੀ ਪਾ ਦਿੱਤੀ ਹੋਵੇ, ਜਿਹਦੇ ਵਿੱਚ ਉਹ ਫ਼ਰਮਾਹ ਗਏ ਸੀ, "ਮੈਨੂੰ ਪਤਾ ਹੈ ਕਿ ਮਸ਼ੂਕ ਨੇ ਖ਼ਤ ਦਾ ਜਵਾਬ ਨਹੀਂ ਦੇਣਾ, ਇਸ ਲਈ ਕਾਸਿਬ ਦੇ ਆਉਣ ਤੋਂ ਪਹਿਲਾਂ ਹੀ ਇੱਕ ਹੋਰ ਖ਼ਤ ਲਿਖ ਕੇ ਤਿਆਰ ਰੱਖ ਲੈਨਾ।"

ਅਸੀਂ ਇਹ ਖ਼ਤ ਪੜ੍ਹਿਆ ਤਾਂ ਨਹੀਂ, ਪਰ ਜੋ ਸੁਣਿਆ ਹੈ ਕਿ ਗੱਲਾਂ ਇਮਰਾਨ ਖ਼ਾਨ ਸਾਹਿਬ ਨੇ ਬਹੁਤ ਮੁਨਾਸਿਬ ਕੀਤੀਆਂ ਹਨ, ਬਈ ਜ਼ੁਲਮ ਬੰਦ ਕਰੋ, ਨਵੇਂ ਇਲੈਕਸ਼ਨ ਕਰਵਾਓ ਤੇ ਨਾਲ ਆਪਣੀ ਹਦੂਦ ਵਿੱਚ ਰਹੋ।
ਪਤਾ ਨਹੀਂ ਖ਼ਾਨ ਸਾਹਬ ਨੇ ਇਹ ਖ਼ਤ ਉਰਦੂ ਵਿੱਚ ਲਿਖਿਆ ਹੈ ਜਾਂ ਅੰਗਰੇਜ਼ੀ ਵਿੱਚ ਪਰ ਇਹ ਪੱਕਾ ਪਤਾ ਹੈ ਬਈ ਪੰਜਾਬੀ ਵਿੱਚ ਨਹੀਂ ਲਿਖਿਆ ਹੋਣਾ। ਬਾਕੀ ਕੌਮ ਦੀ ਤਰ੍ਹਾਂ ਇਨ੍ਹਾਂ ਦੋਵਾਂ ਧਿਰਾਂ ਦਾ ਵੀ ਖ਼ਿਆਲ ਹੈ ਕਿ ਪੰਜਾਬੀ ਵਿੱਚ ਕੋਈ ਕੰਮ ਦੀ ਗੱਲ ਨਹੀਂ ਹੋ ਸਕਦੀ।

ਜੇਲ੍ਹ ਵਿੱਚ ਜੇ ਸ਼ਾਇਰ ਚਲਿਆ ਜਾਵੇ ਤਾਂ ਸ਼ਾਇਰੀ ਕਰ ਕਰ ਕੇ ਵੱਡਾ ਸ਼ਾਇਰ ਬਣ ਜਾਂਦਾ ਹੈ, ਜੇ ਕੋਈ ਛੋਟਾ-ਮੋਟਾ ਚੋਰ ਉਚੱਕਾ ਚਲਿਆ ਜਾਵੇ ਤਾਂ ਬਾਕੀਆਂ ਨੂੰ ਨਾਲ ਰਲਾਕੇ ਗੈਂਗ ਵੀ ਬਣਾ ਲੈਂਦਾ।
ਤੁਸੀਂ ਮੰਨੋ ਨਾ ਮੰਨੋ ਖ਼ਾਨ ਸਾਹਿਬ ਇੱਕ ਸਿਆਸੀ ਕੈਦੀ ਨੇ ਕੋਈ ਸਪੋਰਟਸਮੈਨ ਤਾਂ ਹੈ ਨਹੀਂ। ਉਹ ਡੰਡ ਬੈਠਕਾਂ ਹੀ ਲਾ ਸਕਦੇ ਨੇ ਜਾਂ ਫ਼ਿਰ ਖ਼ਤ ਲਿਖ ਸਕਦੇ ਨੇ।
'ਇਮਰਾਨ ਤੇ ਮੁਨੀਰ ਕੁਰਾਨ ਪਾਕ ਦੀ ਜ਼ੁਬਾਨ 'ਚ ਕਰਦੇ ਨੇ ਗੱਲਾਂ'
ਉਰਦੂ ਸ਼ਾਇਰੀ ਵਿੱਚ ਇੱਕ ਰੁੱਸੀ ਮਸ਼ੂਕ ਨੂੰ ਮਨਾਉਣ ਦੀ ਬੜੀ ਸ਼ਾਨਦਾਰ ਰਿਵਾਇਤ ਮੌਜੂਦ ਰਹੀ ਹੈ। ਗ਼ਾਲਿਬ ਤੋਂ ਲੈ ਕੇ ਕਬੂਤਰ ਜਾ ਜਾ...ਤੱਕ ਬੜੇ ਖ਼ਤ ਲਿਖੇ ਗਏ ਨੇ। ਪਰ ਕਦੇ ਵੀ ਜਵਾਬ ਸਿੱਧਾ ਨਹੀਂ ਆਇਆ।
ਮੈਨੂੰ ਸ਼ੇਅਰ ਯਾਦ ਨਹੀਂ ਰਹਿੰਦੇ ਪਰ ਬਚਪਨ ਵਿੱਚ ਸੁਣਿਆ ਇੱਕ ਸ਼ੇਅਰ ਯਾਦ ਹੈ। ਜਿਹਦੇ ਵਿੱਚ ਸ਼ਾਇਰ ਕਹਿੰਦਾ ਹੈ, "ਨਾਮਾਬਰ ਤੂ ਹੀ ਬਤਾ ਤੂਨੇ ਤੋ ਦੇਖੇ ਹੋਂਗੇ, ਕੈਸੇ ਹੋਤੇ ਹੈਂ ਵੋ ਖ਼ਤ ਜਿਨਕੇ ਜਵਾਬ ਆਤੇ ਹੈਂ।"

ਤਸਵੀਰ ਸਰੋਤ, Getty Images
ਅਸੀਂ ਖ਼ਾਨ ਸਾਹਿਬ ਦੇ ਮੂੰਹ ਤੋਂ ਕਦੇ ਸ਼ਾਇਰੀ ਨਹੀਂ ਸੁਣੀ। ਨਾ ਹੀ ਮੇਰਾ ਖ਼ਿਆਲ ਹੈ ਕਿ ਆਸਿਮ ਮੁਨੀਰ ਸਾਹਬ ਨੇ ਜ਼ਿਆਦਾ ਸ਼ਾਇਰੀ ਪੜ੍ਹੀ ਹੋਣੀ ਹੈ। ਇਹ ਦੋਵੇਂ ਕੁਰਾਨ ਪਾਕ ਦੀ ਜ਼ੁਬਾਨ ਵਿੱਚ ਗੱਲਾਂ ਕਰਦੇ ਨੇ।
ਇਮਰਾਨ ਖ਼ਾਨ ਆਪਣੀਆਂ ਤਕਰੀਰਾਂ ਵਿੱਚ ਇਸਲਾਮੀ ਟੱਚ ਲਿਆਉਣ ਲਈ ਕੁਰਾਨ ਪਾਕ ਦੀਆਂ ਆਇਤਾਂ ਸੁਣਾਉਂਦੇ ਸਨ। ਮੁਨੀਰ ਸਾਹਬ ਖ਼ੁਦ ਹਾਫ਼ਜ਼ੇ ਕੁਰਾਨ ਨੇ ਤੇ ਮੂੰਹ ਜ਼ੁਬਾਨੀ ਪੂਰੀਆਂ ਦੀਆਂ ਪੂਰੀਆਂ ਸੁੰਨਤਾਂ ਸੁਣਾ ਸਕਦੇ ਨੇ।
"ਖ਼ਲਕਤ ਨੂੰ ਪਤਾ ਕਿਸ ਕੋਲ ਬੰਦੂਕਾਂ ਤੇ ਟੈਂਕ "
ਇਮਰਾਨ ਖ਼ਾਨ ਸਾਹਬ ਨੂੰ ਜੇਲ੍ਹ ਵਿੱਚ ਬੈਠਿਆਂ ਇਹ ਮਾਣ ਹੈ ਕਿ ਖ਼ਲਕਤ ਅਜੇ ਵੀ ਮੇਰੇ ਨਾਲ ਹੈ। ਆਸਿਮ ਮੁਨੀਰ ਸਾਹਬ ਨੂੰ ਪਤਾ ਹੈ ਕਿ ਹਕੂਮਤ ਵਿੱਚ ਬੈਠੇ ਸਾਰੇ ਸਿਆਸਤਦਾਨ ਉਨ੍ਹਾਂ ਦੇ ਪਿੱਛੇ ਨੇ। ਜੱਜ ਵੀ ਜ਼ਿਆਦਾ ਨਹੀਂ ਤੰਗ ਕਰਦੇ ਤੇ ਮੀਡੀਆ ਨੇ ਪਹਿਲੇ ਕਿਸੇ ਦਾ ਕੀ ਕਰ ਲਿਆ ਤੇ ਖ਼ਲਕਤ ਜਾਵੇ ਢੱਠੇ ਖੂਹ ਵਿੱਚ।
ਖ਼ਲਤਕ ਨੂੰ ਵੀ ਪਤਾ ਹੈ ਬਈ ਬੰਦੂਕਾਂ ਤੇ ਟੈਂਕ ਕਿਸ ਕੋਲ ਨੇ।
ਖ਼ਤ ਲਿਖਣਾ ਖ਼ਾਨ ਸਾਹਬ ਦਾ ਹੱਕ ਹੈ, ਜਵਾਬ ਦੇਣਾ ਨਾ ਦੇਣਾ ਇਹ ਜਨਾਮ ਆਸਿਮ ਮੁਨੀਰ ਸਾਹਬ ਦੀ ਮੌਜ ਹੈ।
ਸਾਡੀ ਤਾਰੀਖ਼ ਤੇ ਖ਼ਾਸਕਰ ਉਰਦੂ ਸ਼ਾਇਰੀ ਦੀ ਤਾਰੀਖ਼ ਤਾਂ ਇਹ ਹੀ ਦੱਸਦੀ ਹੈ ਕਿ ਇੱਕ ਵਾਰੀ ਰੁੱਕਾ ਭੇਜ ਕੇ ਮਾਸ਼ੂਕ ਨੂੰ ਫ਼ਸਾਇਆ ਤਾਂ ਜਾ ਸਕਦਾ ਹੈ। ਪਰ ਜਦੋਂ ਰੁੱਸ ਜਾਵੇ ਤਾਂ ਪੰਜਾਬੀ ਸ਼ਾਇਰੀ ਤਾਂ ਇਹ ਹੀ ਦੱਸਦੀ ਹੈ ਕਿ ਰੁੱਸੇ ਯਾਰ ਨੂੰ ਮਨਾਉਣ ਲਈ ਤਾਂ ਨੱਚਣਾ ਹੀ ਪੈਂਦਾ ਹੈ।
ਨਾਲੇ ਸ਼ਾਹ ਹੁਸੈਨ ਇਹ ਵੀ ਫ਼ਰਮਾਹ ਗਏ ਨੇ ਬਈ ਤਖ਼ਤ ਨਾ ਮਿਲਦੇ ਮੰਗੇ। ਜਿਨ੍ਹਾਂ ਨੂੰ ਖ਼ਤ ਲਿਖੇ ਜਾ ਰਹੇ ਨੇ ਉਨ੍ਹਾਂ ਨੇ ਤਾਂ ਪਲਟ ਕੇ ਜਵਾਬ ਵੀ ਨਹੀਂ ਦਿੱਤਾ ਉਹ ਤਖ਼ਤ ਕਿਵੇਂ ਦੇਣਗੇ।
ਰੱਬ ਰਾਖ਼ਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













