'ਸੈਰ 'ਤੇ ਗਈ ਧੀ ਨੂੰ ਅਵਾਰਾ ਕੁੱਤਿਆਂ ਨੇ ਘੇਰ ਲਿਆ, ਰੱਬ ਅਜਿਹੀ ਮੌਤ ਵੈਰੀ ਨੂੰ ਵੀ ਨਾ ਦੇਵੇ', ਪੰਜਾਬ 'ਚ ਕੁੱਤਿਆਂ ਦੇ ਵੱਢਣ ਦੇ ਮਾਮਲੇ ਲੱਖਾਂ 'ਚ

ਹਰਜੀਤ ਕੌਰ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਹਰਜੀਤ ਕੌਰ ਉੱਤੇ ਸੈਰ ਦੌਰਾਨ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ, ਹਰਜੀਤ ਦੀ ਤਸਵੀਰ ਨਾਲ ਉਨ੍ਹਾਂ ਦੀ ਮਾਂ
    • ਲੇਖਕ, ਰਵਿੰਦਰ ਸਿੰਘ ਰੌਬਿਨ ਅਤੇ ਗੁਰਪ੍ਰੀਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

''ਜੋ ਸ਼ਹਿਬਾਜ਼ ਨਾਲ ਹੋਇਆ ਮੈਂ ਚਾਹੁੰਦੀ ਹਾਂ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕੁੱਤਿਆਂ ਦਾ ਕੁਝ ਕਰੇ।''

ਇਹ ਕਹਿ ਅੰਮ੍ਰਿਤਸਰ ਦੇ ਟਪਿਆਲਾ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਕੌਰ ਆਪਣੇ 7 ਸਾਲ ਦੇ ਪੋਤੇ ਦੀ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮਾਰੇ ਜਾਣ ਦੀ ਘਟਨਾ ਨੂੰ ਯਾਦ ਕਰਦਿਆਂ ਫੁੱਟ-ਫੁੱਟ ਕੇ ਰੋਣ ਲੱਗਦੇ ਹਨ।

ਇਸੇ ਸਾਲ 25 ਜਨਵਰੀ ਨੂੰ ਸ਼ਹਿਬਾਜ਼ ਸਿੰਘ ਘਰ ਦੇ ਬਾਹਰ ਗਲੀ ਵਿੱਚ ਹੋਰ ਬੱਚਿਆਂ ਨਾਲ ਖੇਡਣ ਨਿਕਲਿਆ ਸੀ ਜਦੋਂ ਕੁੱਤਿਆਂ ਦੇ ਝੁੰਡ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਸ਼ਹਿਬਾਜ਼ ਦੀ ਮੌਤ ਹੋ ਗਈ ਸੀ।

1 ਜਨਵਰੀ ਤੋਂ ਜੂਨ 2025 ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਤਿਆਂ ਦੇ ਮਨੁੱਖਾਂ ਨੂੰ ਕੱਟਣ ਦੀਆਂ 24,061 ਘਟਨਾਵਾਂ ਵਾਪਰੀਆਂ।

ਸਰਕਾਰੀ ਹਸਪਤਾਲਾਂ ਦੇ ਅੰਕੜਿਆਂ ਮੁਤਾਬਕ ਇਸੇ ਸਮੇਂ ਦੌਰਾਨ ਪੰਜਾਬ ਵਿੱਚ 1 ਲੱਖ 51 ਹਜ਼ਾਰ, 780 ਘਟਨਾਵਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਪਹਿਲੇ ਨੰਬਰ 'ਤੇ ਹੈ।

ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਨੋਟ: ਇਸ ਖ਼ਬਰ ਵਿਚਲੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਵੀਡੀਓ ਕੈਪਸ਼ਨ, ਕੁੱਤਿਆਂ ਦੇ ਹਮਲਿਆਂ ਕਰਕੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੀ ਕਿਹਾ

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਪਿਛਲੇ ਛੇ ਮਹੀਨਿਆਂ ਦੌਰਾਨ 1 ਲੱਖ 51 ਹਜ਼ਾਰ, 780 ਲੋਕਾਂ ਨੂੰ ਕੁੱਤਿਆਂ ਵੱਲੋਂ ਕੱਟੇ ਜਾਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਇਹ ਅੰਕੜਾ ਸਾਲ 2024 ਵਿੱਚ 2 ਲੱਖ 13 ਹਜ਼ਾਰ, 521 ਸੀ ਅਤੇ ਸਾਲ 2023 ਵਿੱਚ 2 ਲੱਖ 2 ਹਜ਼ਾਰ, 439 ਤੋਂ ਵੱਧ ਸੀ।

ਤਾਜ਼ਾ ਅੰਕੜਿਆਂ ਮੁਤਾਬਕ 24,061 ਘਟਨਾਵਾਂ ਨਾਲ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਪਹਿਲੇ ਨੰਬਰ ਉੱਪਰ ਹੈ ਅਤੇ 17,967 ਘਟਨਾਵਾਂ ਨਾਲ ਲੁਧਿਆਣਾ ਦੂਜੇ ਅਤੇ ਜਲੰਧਰ ਜ਼ਿਲ੍ਹਾ ਤੀਜੇ ਨੰਬਰ 'ਤੇ ਆਉਂਦਾ ਹੈ ਜਿੱਥੇ 11,404 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਪੰਜਾਬ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਵੱਧਦੀਆਂ ਘਟਨਾਵਾ ਲੱਖਾਂ 'ਚ

ਸ਼ਹਿਬਾਜ਼ ਦੇ ਦਾਦਾ ਦਾਦੀ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਸ਼ਹਿਬਾਜ਼ ਦੇ ਦਾਦਾ ਦਾਦੀ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੇ ਪ੍ਰਬੰਧਨ ਸਬੰਧੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕਰਦੇ ਹਨ

ਪਿਛਲੇ ਦਿਨੀਂ ਦਿੱਲੀ ਵਿੱਚ ਇੱਕ ਵਿਦਿਆਰਥੀ ਦੀ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਰੇਬੀਜ਼ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ, ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮੁੱਦੇ ਦਾ ਨੋਟਿਸ ਲਿਆ ਅਤੇ ਦਿੱਲੀ ਐੱਨਸੀਆਰ ਵਿੱਚ ਅਵਾਰਾ ਕੁੱਤਿਆਂ ਨੂੰ ਸ਼ੈਲਟਰ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ।

ਪੰਜਾਬ ਵਿੱਚ ਵੀ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਦਰਸਾਉਣ ਲਈ ਤਾਜ਼ਾ ਅੰਕੜੇ ਕਾਫ਼ੀ ਹਨ ਅਤੇ ਇਨ੍ਹਾਂ ਘਟਨਾਵਾਂ ਦੇ ਪੀੜਤ ਸਰਕਾਰ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਕਰ ਰਹੇ ਹਨ।

'ਜੋ ਸਾਡੇ ਨਾਲ ਹੋਇਆ ਵੈਰੀ ਨਾਲ ਵੀ ਨਾ ਹੋਵੇ'

ਹਰਜੀਤ ਦੇ ਮਾਤਾ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਹਰਜੀਤ ਦੇ ਮਾਤਾ ਆਪਣੀ ਧੀ ਨੂੰ ਲੱਭਣ ਗਏ ਤਾਂ ਪਤਾ ਲੱਗਿਆ ਕਿ ਉਸ ਨੂੰ ਕੁੱਤਿਆਂ ਨੇ ਘੇਰ ਲਿਆ ਸੀ

ਗੁਰਵਿੰਦਰ ਕੌਰ ਆਪਣੇ ਪੋਤੇ ਸ਼ਾਹਬਾਜ਼ ਨਾਲ ਵਾਪਰੀ ਘਟਨਾ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਉਹ ਘਰ ਤੋਂ ਆਪਣੇ ਦੋਸਤਾਂ ਨਾਲ ਖੇਡਣ ਲਈ ਗਲੀ ਵਿੱਚ ਗਿਆ ਸੀ ਅਤੇ ਮਹਿਜ਼ ਪੰਜ ਮਿੰਟਾਂ ਵਿੱਚ ਹੀ ਸਭ ਕੁਝ ਵਾਪਰ ਗਿਆ।

ਉਹ ਦੱਸਦੇ ਹਨ, ''ਕੁੱਤੇ ਬਹੁਤ ਜ਼ਿਆਦਾ ਸਨ। ਉਨ੍ਹਾਂ ਨੇ ਬੱਚੇ ਦੀ ਸਾਹ ਵਾਲੀ ਨਲੀ ਵੱਢ ਦਿੱਤੀ, ਨਾਲੇ ਸਿਰ ਵਿੱਚ ਦੰਦ ਮਾਰੇ। ਪਿੰਡ ਵਾਲੇ ਭੱਜ ਕੇ ਆਏ ਪਰ ਕੁੱਤਿਆਂ ਨੇ ਸਾਡਾ ਕਾਕਾ ਮਾਰ ਦਿੱਤਾ।''

ਇਹ ਕਹਿ ਕੇ ਉਹ ਰੋਣ ਲੱਗ ਜਾਂਦੇ ਹਨ ਅਤੇ ਕਹਿੰਦੇ ਹਨ, "ਪਿੰਡਾਂ ਤੱਕ ਕੋਈ ਕਾਨੂੰਨ ਨਹੀਂ ਆਉਂਦਾ, ਕੁੱਤਿਆਂ ਨੂੰ ਮਾਰਨ 'ਤੇ ਸਜ਼ਾ ਹੁੰਦੀ ਹੈ ਪਰ ਸਾਡੇ ਬੱਚੇ ਦਾ ਉਨ੍ਹਾਂ ਨੇ ਕੀ ਮੁੱਲ ਪਾਇਆ?''

ਗੁਰਵਿੰਦਰ ਕੌਰ
ਇਹ ਵੀ ਪੜ੍ਹੋ-

ਸ਼ਹਿਬਾਜ਼ ਦੇ ਦਾਦਾ ਰਣਜੀਤ ਸਿੰਘ ਦੱਸਦੇ ਹਨ ਕਿ ਕੁੱਤੇ ਬੱਚੇ ਨੂੰ ਖਿੱਚ ਕੇ ਕਣਕ ਦੇ ਖੇਤ ਵਿੱਚ ਲੈ ਗਏ ਸਨ।

ਉਹ ਕਹਿੰਦੇ ਹਨ, ''ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਅਸੀਂ ਉਸ ਨੂੰ ਲੈ ਕੇ ਡਾਕਟਰ ਕੋਲ ਵੀ ਭੱਜੇ ਪਰ ਉਸ ਨੇ ਇੱਕ ਵਾਰ ਹੀ ਸਾਹ ਲਿਆ ਅਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਸਭ ਕੁਝ ਕੁ ਮਿੰਟ ਵਿੱਚ ਹੀ ਵਾਪਰ ਗਿਆ।''

ਰਣਜੀਤ ਸਿੰਘ ਮੁਤਾਬਕ, ''ਜੇ ਸਰਕਾਰ ਜਾਂ ਸੁਪਰੀਮ ਕੋਰਟ ਕੋਈ ਕਾਨੂੰਨ ਬਣਾਉਂਦੇ ਹਨ ਤਾਂ ਉਹ ਲਾਗੂ ਵੀ ਹੋਣਾ ਚਾਹੀਦਾ ਹੈ। ਇੱਥੇ ਇੰਨੇ ਕੁੱਤੇ ਫ਼ਿਰਦੇ ਹਨ ਕਿ ਉਹ ਕਿਸੇ ਸਮੇਂ ਵੀ ਕਿਸੇ ਇਨਸਾਨ ਨੂੰ ਘੇਰ ਸਕਦੇ ਹਨ, ਬੱਚੇ ਤਾਂ ਉਨ੍ਹਾਂ ਦੇ ਸਾਹਮਣੇ ਕੁਝ ਵੀ ਨਹੀਂ ਹਨ।''

ਉਹ ਕਹਿਦੇ ਹਨ, ''ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਨੁਮਾਇੰਦੇ ਸਾਡੇ ਘਰ ਆਏ ਸਨ ਪਰ ਕਿਸੇ ਨੇ ਹਾਲੇ ਤੱਕ ਕੁਝ ਵੀ ਨਹੀਂ ਕੀਤਾ।''

'ਧੀ ਨੂੰ ਭੁੱਲ ਨਹੀਂ ਪਾ ਰਹੇ, ਘਟਨਾ ਵਾਲੀ ਥਾਂ ਵਾਰ-ਵਾਰ ਚੇਤਾ ਕਰਵਾਉਂਦੀ ਹੈ'

ਹਰਜੀਤ ਕੌਰ ਦੇ ਮਾਤਾ ਪਿਤਾ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਪ੍ਰੀਤਮ ਸਿੰਘ ਕਹਿੰਦੇ ਹਨ ਕਿ ਉਹ ਜਦੋਂ ਵੀ ਉਸ ਰਾਹ ਤੋਂ ਲੰਘਦੇ ਹਨ ਤਾਂ ਆਪਣੀ ਧੀ ਨੂੰ ਯਾਦ ਕਰਦੇ ਹਨ

ਸ਼ਹਿਬਾਜ਼ ਵਾਂਗ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਪਿਛਲੇ ਸਾਲ ਮਈ ਮਹੀਨੇ ਇੱਕ ਬੀਐੱਸਐੱਫ ਕਾਂਸਟੇਬਲ ਦੀ ਪਤਨੀ ਹਰਜੀਤ ਕੌਰ ਜਦੋਂ ਆਪਣੇ ਦੋ ਬੱਚਿਆ ਨਾਲ ਕੁਝ ਦਿਨਾਂ ਲਈ ਆਪਣੇ ਪੇਕੇ ਪਰਿਵਾਰ ਆਈ ਹੋਈ ਸੀ ਤਾਂ ਸੈਰ ਕਰਦੇ ਸਮੇਂ ਉਸ ਉੱਪਰ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ।

ਹਰਜੀਤ ਕੌਰ ਦੀ ਮਾਂ ਪਰਮਜੀਤ ਕੌਰ ਦੱਸਦੇ ਹਨ, ''ਜਦੋਂ ਕੁੜੀ ਸੈਰ ਕਰਕੇ ਕਾਫ਼ੀ ਸਮੇਂ ਤੱਕ ਵਾਪਸ ਨਾ ਆਈ ਤਾਂ ਮੈਂ ਬਾਹਰ ਜਾ ਕੇ ਦੇਖਿਆ। ਖੇਤਾਂ ਵਿੱਚ ਅਵਾਰਾ ਕੁੱਤੇ ਉਸ ਮਗਰ ਪਏ ਹੋਏ ਸਨ। ਮੇਰੀ ਤਾਂ ਦੇਖ ਕੇ ਜਾਨ ਨਿਕਲ ਗਈ।"

"ਮੈਂ ਲੋਕਾਂ ਨੂੰ ਮਦਦ ਲਈ ਆਵਾਜ਼ਾਂ ਮਾਰ ਰਹੀ ਸੀ ਪਰ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਰੱਬ ਅਜਿਹੀ ਮੌਤ ਕਿਸੇ ਨੂੰ ਵੀ ਨਾ ਦੇਵੇ।''

ਹਰਜੀਤ ਕੌਰ ਦੇ ਪਿਤਾ ਪ੍ਰੀਤਮ ਸਿੰਘ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਨ।

ਪ੍ਰੀਤਮ ਸਿੰਘ ਦੱਸਦੇ ਹਨ, ''ਮੇਰੀ ਪਤਨੀ ਨੇ ਉੱਥੋਂ ਚੁੱਕ ਕੇ ਇੱਟਾਂ ਰੋੜੇ ਵੀ ਮਾਰੇ ਪਰ ਉਹ ਮੇਰੀ ਪਤਨੀ ਨੂੰ ਵੀ ਪੈਣ ਆ ਗਏ।''

ਉਹ ਅੱਗੇ ਦੱਸਦੇ ਹਨ, ''ਇੰਨੇ ਸਮੇਂ ਵਿੱਚ ਮੇਰਾ ਭਤੀਜਾ ਆ ਗਿਆ। ਉਸ ਨੇ ਕੁੱਤਿਆਂ ਨੂੰ ਭਜਾਇਆ। ਇਸ 20-25 ਮਿੰਟ ਦੇ ਹਮਲੇ ਦੌਰਾਨ ਮੇਰੀ ਧੀ ਬੁਰੀ ਤਰ੍ਹਾਂ ਜਖ਼ਮੀ ਹੋ ਚੁੱਕੀ ਸੀ। ਜਦੋਂ ਤੱਕ ਮੈਂ ਪੁੱਜਾ ਤਾਂ ਨਬਜ਼ ਦੇਖ ਕੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ।''

ਇਹ ਪਰਿਵਾਰ ਖੇਤਾਂ ਵਿੱਚ ਹੀ ਬਣੇ ਆਪਣੇ ਘਰ ਵਿੱਚ ਰਹਿੰਦਾ ਹੈ।

ਗੁਰਦਾਸਪੁਰ ਦੇ ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ

ਪ੍ਰੀਤਮ ਸਿੰਘ ਭਾਵੁਕ ਹੁੰਦਿਆਂ ਕਹਿੰਦੇ ਹਨ, ''ਅਸੀਂ ਆਪਣੀ ਧੀ ਨੂੰ ਇਸ ਕਰਕੇ ਵੀ ਨਹੀਂ ਭੁੱਲ ਪਾ ਰਹੇ ਕਿਉਂਕਿ ਅਸੀਂ ਰੋਜ਼ ਉਸ ਰਾਹ ਤੋਂ ਲੰਘਦੇ ਹਾਂ।"

"ਜਿੰਨੀ ਵਾਰ ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਅਸੀਂ ਉਸ ਥਾਂ ਤੋਂ ਉਨੀਂ ਵਾਰ ਹੀ ਲੰਘਦੇ ਹਾਂ ਜਿੱਥੇ ਘਟਨਾ ਹੋਈ। ਸਾਡੀ ਨਜ਼ਰ ਵਾਰ-ਵਾਰ ਉਸੇ ਥਾਂ ਵੱਲ ਜਾਂਦੀ ਹੈ।''

ਉਹ ਕਹਿੰਦੇ ਹਨ, ''ਹਰ ਰੋਜ਼ ਅਜਿਹੀਆਂ ਘਟਨਾਵਾਂ ਬੱਚਿਆਂ ਅਤੇ ਬਜ਼ੁਰਗਾਂ ਨਾਲ ਵਾਪਰ ਰਹੀਆਂ ਹਨ। ਸਰਕਾਰ ਨੂੰ ਅਵਾਰਾ ਕੁੱਤਿਆਂ ਦੇ ਮਸਲੇ ਉੱਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ।''

ਪਰਿਵਾਰ ਨੇ ਹਰਜੀਤ ਕੌਰ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਕੋਲ ਵੀ ਮੁੱਦਾ ਚੁੱਕਿਆ ਸੀ।

ਗੁਰਦਾਸਪੁਰ ਦੇ ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸਦੀ ਸ਼ਿਕਾਇਤ ਮਿਲੀ ਸੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੇ ਪਤੀ ਨੂੰ ਪ੍ਰਸ਼ਾਸਨ ਵੱਲੋਂ 5 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ।

ਗੁਰਪ੍ਰੀਤ ਸਿੰਘ ਗਿੱਲ ਮੁਤਾਬਕ, ''ਕਾਨੂੰਨ ਮੁਤਾਬਕ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੈਡੀਕਲ ਰਿਪੋਰਟ ਮੁਤਾਬਕ ਮੁਆਵਜ਼ਾ ਦਿੱਤਾ ਜਾਂਦਾ ਹੈ।''

ਸਿਹਤ ਮੰਤਰੀ ਨੇ ਕੀ ਕਿਹਾ?

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ

ਤਸਵੀਰ ਸਰੋਤ, Dr Balbir Singh/FB

ਤਸਵੀਰ ਕੈਪਸ਼ਨ, ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰੇਗੀ।

ਡਾਕਟਰ ਬਲਬੀਰ ਸਿੰਘ ਨੇ ਕਿਹਾ, ''ਰੇਬੀਜ਼ ਲਾਇਲਾਜ ਰੋਗ ਹੈ ਜੇ ਇੱਕ ਵਾਰ ਹੋ ਜਾਵੇ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਲਈ ਅਸੀਂ ਇਸ ਦੀ ਵੈਕਸੀਨ ਉਪਲੱਬਧ ਕਰਵਾਈ ਹੈ।"

"ਸਿਹਤ ਵਿਭਾਗ ਰੇਬੀਜ਼, ਡੇਂਗੂ, ਡਾਇਰੀਆ ਜਾਂ ਹੋਰ ਬਿਮਾਰੀਆਂ ਦੇ ਇਲਾਜ ਦਾ ਪ੍ਰਬੰਧ ਕਰਦਾ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਸਥਾਨਕ ਸਰਕਾਰਾਂ ਦਾ ਵਿਭਾਗ ਦੇਖਦਾ ਹੈ ਅਤੇ ਸਾਡੀ ਸਰਕਾਰ ਇਸ ਸਮੱਸਿਆ ਨੂੰ ਵੀ ਛੇਤੀ ਹੀ ਹੱਲ ਕਰੇਗੀ।''

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨਾਲ ਇਸ ਮਸਲੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਹਾਲੇ ਤੱਕ ਕੋਈ ਪ੍ਰਤੀਕ੍ਰਮ ਨਹੀਂ ਦਿੱਤਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)