ਪੰਜਾਬ : ‘ਅਸੀਂ ਤਾਂ ਵਿਆਹ ਤੋਂ ਦਸ ਸਾਲ ਬਾਅਦ ਹੋਏ ਪੁੱਤ ਦੇ ਜਨਮ ਦਾ ਜਸ਼ਨ ਨਾ ਮਨਾ ਸਕੇ'

ਤਸਵੀਰ ਸਰੋਤ, BBC/ Kuldeep Brar
- ਲੇਖਕ, ਬਿਮਲ ਸੈਣੀ, ਕੁਲਦੀਪ ਬਰਾੜ
- ਰੋਲ, ਬੀਬੀਸੀ ਸਹਿਯੋਗੀ
ਹਰਨੇਕ ਸਿੰਘ ਦੇ ਪਰਿਵਾਰ ਨੇ, ਜਿਸ ਘਰ ਵਿੱਚ ਹੱਸਦਿਆਂ ਖੇਡਦਿਆਂ ਕਈ ਸਾਲ ਕੱਟੇ ਉੱਥੇ ਹੁਣ ਘਰ ਦੀ ਥਾਂ ਦਰਿਆ ਵਗ਼ਦਾ ਹੈ।
ਪਿਛਲੇ ਸਾਲ ਅਨੰਦਪੁਰ ਸਾਹਿਬ ਨੇੜੇ ਸਤਲੁਜ ਦਰਿਆ ਕੰਢੇ ਵਸਿਆ ਪਿੰਡ ਹਰਸਾਬੇਲਾ ਹੜ੍ਹ ਦੀ ਮਾਰ ਹੇਠ ਆ ਗਿਆ ਸੀ।
ਹੜ੍ਹ ਕਾਰਨ ਹੋਈ ਤਬਾਹੀ ਦੇ ਇੱਕ ਸਾਲ ਬਾਅਦ ਵੀ ਹਰਨੇਕ ਸਿੰਘ ਲਈ ਉਸ ਥਾਂ ਦੀ ਪਛਾਣ ਕਰਨੀ ਮੁਸ਼ਕਲ ਹੈ, ਜਿੱਥੇ ਕਦੇ ਉਨ੍ਹਾਂ ਦਾ ਘਰ ਹੋਇਆ ਕਰਦਾ ਸੀ।
ਦਰਿਆ ਵਿੱਚ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਵਾਹੀਯੋਗ ਜ਼ਮੀਨ ਦਾ ਵੱਡਾ ਹਿੱਸਾ ਆਪਣੇ ਨਾਲ ਵਹਾਉਣ ਦੇ ਨਾਲ-ਨਾਲ ਪਾਣੀ ਨੇ ਕੰਢੇ ਉੱਤੇ ਵਸੇ ਘਰਾਂ ਨੂੰ ਵੀ ਲਪੇਟ ਵਿੱਚ ਲੈ ਲਿਆ ਸੀ।
ਪੰਜਾਬ ਵਿੱਚ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ।
ਸੂਬੇ ਦੇ 15 ਜ਼ਿਲ੍ਹਿਆਂ ਵਿੱਚ 35 ਮੌਤਾਂ ਹੋਈਆਂ ਸਨ ਅਤੇ ਘਰ, ਖੇਤ ਅਤੇ ਫਸਲਾਂ ਦਰਿਆਈ ਪਾਣੀਆਂ ਵਿੱਚ ਵਹਿ ਗਏ ਸਨ।
ਇਨ੍ਹਾਂ ਹੜ੍ਹਾਂ ਵਿੱਚ ਉੱਜੜੇ ਇਹ ਲੋਕ ਕਿਸ ਹਾਲ ਵਿੱਚ ਹਨ, ਇਨ੍ਹਾਂ ਦਾ ਹਾਲ ਜਾਣਨ ਲਈ ਬੀਬੀਸੀ ਪੰਜਾਬੀ ਨੇ ਕੁਝ ਲੋਕਾਂ ਤੱਕ ਪਹੁੰਚ ਕੀਤੀ।

ਤਸਵੀਰ ਸਰੋਤ, Bimal Saini/BBC
ਹਰਨੇਕ ਸਿੰਘ ਦੇ ਘਰ ਨੂੰ ਵੀ ਦਰਿਆ ਨੇ ਖੋਰਨਾ ਸ਼ੁਰੂ ਕਰ ਦਿੱਤਾ, ਜਿਸ ਮਗਰੋਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ।
ਹਰਨੇਕ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਜਮ੍ਹਾ ਪੂੰਜੀ ਲਗਾ ਕੇ ਹੜ੍ਹਾਂ ਤੋਂ ਕੁਝ ਹੀ ਚਿਰ ਪਹਿਲਾਂ ਘਰ ਬਣਾਇਆ ਸੀ।
ਉਹ ਦੱਸਦੇ ਹਨ, “ਸਾਨੂੰ ਘਰ ਵਿੱਚ ਬੈਠਿਆਂ ਨੂੰ ਹਾਲੇ ਇੱਕ ਹੀ ਸਾਲ ਹੋਇਆ ਸੀ, ਕਿ ਸਤਲੁਜ ਵਿੱਚ ਭਾਖੜਾ ਤੋਂ ਪਾਣੀ ਆਇਆ ਅਤੇ ਸਾਡਾ ਘਰ ਵਹਾ ਕੇ ਲੈ ਗਿਆ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਬਹੁਤ ਰੀਝ ਨਾਲ ਘਰ ਬਣਾਇਆ ਸੀ ਪਰ ਉਸ ਦਾ ਹੁਣ ਕੋਈ ਨਾਮੋ-ਨਿਸ਼ਾਨ ਵੀ ਨਹੀਂ ਰਿਹਾ।
ਹਰਨੇਕ ਦੱਸਦੇ ਹਨ, “ਸਾਡੀ ਤਿੰਨ ਕਨਾਲ ਥਾਂ ਅਤੇ ਕੋਠੀ ਸਤਲੁਜ ਦਰਿਆ ਵਿੱਚ ਵਹਿ ਗਈ ਸੀ।”
ਪਿੰਡ ਹਰਸਾ ਬੇਲਾ ਵਿੱਚ ਅੱਜ ਜਿਸ ਥਾਂ ਉੱਤੇ ਸਤਲੁਜ ਦਾ ਪਾਣੀ ਵਗ਼ਦਾ ਹੈ, ਉਸ ਵੱਲ ਇਸ਼ਾਰਾ ਕਰਦਿਆਂ ਹਰਨੇਕ ਦੱਸਦੇ ਹਨ ਕਿ ਇੱਥੇ ਕਦੇ ਖੇਤ ਹੁੰਦੇ ਸਨ।

ਤਸਵੀਰ ਸਰੋਤ, Bimal Saini/BBC
ਅੱਜ ਕਿਸ ਹਾਲਾਤ ਵਿੱਚ ਜੀਅ ਰਹੇ
ਉੱਜੜਨ ਤੋਂ ਬਾਅਦ ਵਸਣ ਹਰਨੇਕ ਸਿੰਘ ਦੱਸਦੇ ਹਨ ਕਿ ਉਨ੍ਹਾਂ ਲਈ ਬੇਹੱਦ ਔਖਾ ਅਨੁਭਵ ਸੀ।
ਉਹ ਦੱਸਦੇ ਹਨ, “ਮੈਨੂੰ ਆਪਣੀ ਜ਼ਮੀਨ ਦੀ ਲਿਮਟ ਬਣਾਕੇ ਲੋਨ ਲੈਣਾ ਪਿਆ ਅਤੇ ਅਸੀਂ ਪਿੰਡ ਵਿੱਚ ਇੱਕ ਪੁਰਾਣਾ ਘਰ ਲੈ ਲਿਆ, ਜਿੱਥੇ ਮੈਂ ਅਤੇ ਮੇਰਾ ਪਰਿਵਾਰ ਰਹਿ ਰਹੇ ਹਾਂ।”

ਤਸਵੀਰ ਸਰੋਤ, Bimal Saini/BBC
ਸਰਕਾਰ ਤੋਂ ਕੀ ਗਿਲਾ
ਹਰਨੇਕ ਸਿੰਘ ਦੱਸਦੇ ਹਨ ਕਿ ਸਰਕਾਰ ਨੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਨਹੀਂ ਦਿੱਤੀ।
ਉਹ ਦੱਸਦੇ ਹਨ, “ਸਰਕਾਰ ਨੇ ਸਾਨੂੰ 1 ਲੱਖ 20 ਹਜ਼ਾਰ ਰੁਪਏ ਦਿੱਤੇ ਹਨ, ਇਸ ਨਾਲ ਅਸੀਂ ਕੀ ਕਰਾਂਗੇ..ਇਸ ਨਾਲ ਤਾਂ ਘਰ ਦੀ ਨੀਂਹ ਵੀ ਨਹੀਂ ਭਰੀ ਜਾਣੀ।”

“ਸਾਨੂੰ ਸਰਕਾਰ ਨੇ ਕੋਈ ਸਹਾਇਤਾ ਨਹੀਂ ਦਿੱਤੀ, ਜੇਕਰ ਸਰਕਾਰ ਸਤਲੁਜ ਉੱਤੇ ਪਹਿਲਾਂ ਡੰਗਾ ਲਗਾ ਦਿੰਦੀ ਤਾਂ ਮੇਰਾ ਘਰ ਹੜ੍ਹ ਵਿੱਚ ਨਾ ਰੁੜ੍ਹਦਾ।”
ਉਹ ਦੱਸਦੇ ਹਨ ਕਿ ਇੱਥੇ ਸਰਕਾਰੀ ਨੁਮਾਇੰਦੇ ਵੀ ਆਏ ਪਰ ਫੌਰੀ ਤੌਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਹਰਸਾ ਬੇਲਾ ਦੇ ਹੀ ਰਹਿਣ ਵਾਲੇ 77 ਸਾਲਾ ਦਰਸ਼ਨ ਸਿੰਘ ਕਹਿੰਦੇ ਹਨ ਆਪਣੇ ਪਿੰਡ ਦੇ ਹੜ੍ਹ ਵਿੱਚ ਰੁੜ੍ਹਨ ਪਿੱਛੇ ਨਜ਼ਾਇਜ਼ ਮਾਇਨਿੰਗ ਨੂੰ ਮੰਨਦੇ ਹਨ।

ਤਸਵੀਰ ਸਰੋਤ, Bimal Saini/BBC
ਅਜਿਹੀ ਹੀ ਕਹਾਣੀ ਗੁਰਨਾਮ ਸਿੰਘ ਦੀ ਹੈ। ਉਨ੍ਹਾਂ ਦਾ ਘਰ ਹਰਨੇਕ ਸਿੰਘ ਦੇ ਨੇੜੇ ਹੀ ਸੀ।
ਹੜ੍ਹਾਂ ਕਾਰਨ ਗੁਰਨਾਮ ਸਿੰਘ ਦੇ ਘਰ ਦਾ ਅੱਧੇ ਤੋਂ ਵੀ ਵੱਧ ਹਿੱਸਾ ਰੁੜ੍ਹ ਗਿਆ ਸੀ ਅਤੇ ਜੋ ਹਿੱਸਾ ਬਚਿਆ ਹੈ, ਉਹ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਚੁੱਕਾ ਹੈ।
ਗੁਰਨਾਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਘਰ ਕਾਫੀ ਵੱਡਾ ਸੀ, ਜਿਸ ਵਿੱਚ ਉਨ੍ਹਾਂ ਨੇ ਪਸ਼ੂਆਂ ਦਾ ਵਾੜਾ ਵੀ ਬਣਾਇਆ ਹੋਇਆ ਸੀ।

ਤਸਵੀਰ ਸਰੋਤ, Bimal Saini/BBC
ਗੁਰਨਾਮ ਸਿੰਘ ਅਜੇ ਤੱਕ ਵੀ ਨਵੀਂ ਸਥਾਈ ਰਿਹਾਇਸ਼ ਨਹੀਂ ਬਣਾ ਸਕੇ।
ਉਹ ਜਿਸ ਕਿਰਾਏ ਦੇ ਘਰ ਵਿੱਚ ਮੌਜੂਦਾ ਸਮੇਂ ਰਹਿ ਰਹੇ ਹਨ, ਉੱਥੇ ਨਾ ਹੀ ਬਿਜਲੀ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਸੁਵਿਧਾ।
ਗੁਰਨਾਮ ਸਿੰਘ ਦੱਸਦੇ ਹਨ ਕਿ ਘਰ ਦੇ ਹੜ੍ਹ ਵਿੱਚ ਵਹਿਣ ਤੋਂ ਬਾਅਦ ਹੋਰ ਥੋੜ੍ਹੇ ਦਿਨ ਅਸਥਾਈ ਤੌਰ ਉੱਤੇ ਟਿਊਬਵੈੱਲ ਲਈ ਬਣਾਏ ਕਮਰੇ ਵਿੱਚ ਰਹੇ ਹਨ।
ਗੁਰਨਾਮ ਸਿੰਘ ਦੱਸਦੇ ਹਨ ਕਿ ਮੌਜੂਦਾ ਰਿਹਾਇਸ਼ ਵਿੱਚ ਬਿਜਲੀ ਦੀ ਸੁਵਿਧਾ ਨਾ ਹੋਣ ਕਰਕੇ ਉਹ ਬਿਜਲੀ ਲਈ ਚਾਰਜਿੰਗ ਵਾਲੇ ਬਲਬਾਂ ਦੀ ਵਰਤੋਂ ਕਰਦੇ ਹਨ ਤੇ ਪੀਣ ਵਾਲਾ ਪਾਣੀ ਵੀ ਪਿੰਡ ਵਿੱਚੋਂ ਲੈ ਕੇ ਆਉਂਦੇ ਹਨ।
ਸਰਕਾਰੀ ਮੁਆਵਜ਼ੇ ਨੂੰ ਨਿਗੂਣਾ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਇਸ ਨਾਲ ਡੰਗਰਾਂ ਦੀ ਖੁਰਲੀ ਵੀ ਨਹੀਂ ਬਣ ਸਕਦੀ।
ਦੋਵਾਂ ਦੀ ਮੰਗ ਹੈ ਕਿ ਸਰਕਾਰ ਸੁਰੱਖਿਅਤ ਥਾਂ ਉੱਤੇ ਘਰ ਬਣਾਉਣ ਲਈ ਜ਼ਮੀਨ ਦੇਵੇ।
ਸਰਕਾਰ ਦੀ ਕੀ ਹੈ ਤਿਆਰੀ
ਐੱਸਡੀਐੱਮ ਨੰਗਲ ਅਨਮਜੋਤ ਕੌਰ ਨੇ ਦੱਸਿਆ ਕਿ ਹੜ੍ਹਾਂ ਤੋਂ ਬਚਾਅ ਸਬੰਧ ਦੇ ਵਿੱਚ ਪ੍ਰਸ਼ਾਸਨ ਦੀ ਪਹਿਲਾਂ ਹੀ ਮੀਟਿੰਗ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ, “ਹਰਸਾ ਬੇਲਾ ਪਿੰਡ ਦੇ ਵਿੱਚ ਵਿਭਾਗ ਦੇ ਵੱਲੋਂ ਹੜਾਂ ਤੋਂ ਬਚਾਅ ਦੇ ਲਈ ਡੰਗੇ ਲਗਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਕਾਫੀ ਹੱਦ ਦੇ ਤੱਕ ਇਹ ਕੰਮ ਪੂਰਾ ਵੀ ਕਰ ਲਿਆ ਗਿਆ ਹੈ। ਉਨਾਂ ਵੱਲੋਂ ਖੁਦ ਜਾ ਕੇ ਇਸ ਕੰਮ ਦਾ ਨਿਰੀਖਣ ਵੀ ਕੀਤਾ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਮੇਂ ਸਿਰ ਇਹ ਕੰਮ ਪੂਰਾ ਕਰ ਲਿਆ ਜਾਵੇ।
ਮੇਰੇ ਪੁੱਤ ਦੀ ਕੋਈ ਰਸਮ ਨਹੀਂ ਹੋਈ, ਸ਼ਰੀਂਹ ਨਹੀਂ ਬੰਨ੍ਹੇ ਗਏ
“ਰੱਬ ਨੇ ਸਾਨੂੰ ਇੰਨੀ ਖੁਸ਼ੀ ਦਿੱਤੀ ਪਰ ਉਦੋਂ ਸਾਡੇ ਘਰ ਪਾਣੀ ਪੈ ਗਿਆ।”
ਪਿਛਲੇ ਸਾਲ ਜੁਲਾਈ ਅਗਸਤ ਮਹੀਨਿਆਂ ਵਿੱਚ ਹੀ ਪਿੰਡ ਮੁਹਾਰ ਜਮਸ਼ੇਰ ਦੇ ਰਹਿਣ ਵਾਲੀ ਸੁਰਿੰਦਰ ਕੌਰ ਦੀ ਮਾਂ ਬਣਨ ਦੀ 10 ਸਾਲ ਲੰਬੀ ਉਡੀਕ ਖ਼ਤਮ ਹੋਈ ਸੀ।
ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ। ਪਰ ਸੁਰਿੰਦਰ ਕੌਰ ਨੂੰ ਆਪਣੇ ਬਾਲ ਦੇ ਦੁਨੀਆਂ ਉੱਤੇ ਆਉਣ ਦੀ ਖੁਸ਼ੀ ਤੱਕ ਵੀ ਮਨਾਉਣੀ ਨਸੀਬ ਨਹੀਂ ਹੋਈ ਸੀ।
ਉਨ੍ਹਾਂ ਦਾ ਘਰ ਹੜ੍ਹਾਂ ਦੀ ਲਪੇਟ ਵਿੱਚ ਆ ਗਿਆ ਸੀ।
ਮੁਹਾਰ ਜਮਸ਼ੇਰ ਦੀ ਰਹਿਣ ਵਾਲੀ ਸੁਰਿੰਦਰ ਕੌਰ ਅਤੇ ਸਤਨਾਮ ਸਿੰਘ ਦੇ ਘਰ ਪਿਛਲੇ ਸਾਲ ਵਿਆਹ ਤੋਂ 10 ਸਾਲਾਂ ਬਾਅਦ ਪੁੱਤਰ ਹੋਇਆ।
ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਬੜੇ ਚਾਵਾਂ ਨਾਲ ਅਰਮਾਨ ਰੱਖਿਆ ਸੀ।

ਤਸਵੀਰ ਸਰੋਤ, kuldeep Brar/BBC
ਉਨ੍ਹਾਂ ਨੂੰ ਆਪਣਾ ਘਰ ਬਾਹ ਛੱਡ ਕੇ ਰਾਹਤ ਕੈਂਪ ਵਿੱਚ ਆਉਣ ਲਈ ਮਜਬੂਰ ਹੋਣਾ ਪਿਆ ਸੀ।
ਉਨ੍ਹਾਂ ਦਾ ਮਕਾਨ ਹੜਾਂ ਦੇ ਕਾਰਨ ਮਲਬੇ ਵਿੱਚ ਤਬਦੀਲ ਹੋ ਗਿਆ ਸੀ, ਜਿਵੇਂ ਜਿਵੇਂ ਹੜਾਂ ਦਾ ਪਾਣੀ ਘਟਦਾ ਗਿਆ ਤਿਵੇਂ ਤਿਵੇਂ ਉਹਨਾਂ ਦੀ ਚਿੰਤਾ ਵਧਦੀ ਗਈ ਅਤੇ ਜਦ ਉਹ ਆਪਣੇ ਪੁੱਤਰ ਨੂੰ ਲੈਕੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਘਰ ਸ਼ਗਨਾਂ ਦੇ ਸ਼ਰੀਂਹ ਬੰਨਣ ਲਈ ਵੀ ਜਗ੍ਹਾ ਨਹੀਂ ਸੀ।
ਉਸ ਵੇਲੇ ਸੁਰਿੰਦਰ ਆਪਣੇ ਪਤੀ ਨਾਲ ਸਕੂਲ ਵਿੱਚ ਬਣੇ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੇ ਸਨ।
“ਮੇਰੇ ਪੁੱਤ ਦੀ ਕੋਈ ਰਸਮ ਨਹੀਂ ਹੋਈ, ਸ਼ਰੀਂਹ ਨਹੀਂ ਬੰਨ੍ਹੇ ਗਏ।”
ਉਹ ਦੱਸਦੇ ਹਨ, “ਸਾਡਾ ਘਰ ਤਾਂ ਦੇਖਣ ਦੀ ਹਾਲਤ ਵਿੱਚ ਵੀ ਨਹੀਂ ਹੈ, ਸਾਨੂੰ ਫ਼ਿਕਰ ਹੈ ਕਿ ਸਾਡੇ ਬੱਚੇ ਦਾ ਕੀ ਹੋਵੇਗਾ।”
ਸੁਰਿੰਦਰ ਦੱਸਦੇ ਹਨ ਕਿ ਉਹ ਮਜਬੂਰੀ ਵੱਸ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ।
ਕੀ ਉਹ ਆਪਣੇ ਪੁੱਤਰ ਨੂੰ ਆਪਣਾ ਘਰ ਦਿਖਾ ਸਕਣਗੇ ਇਸ ਸੁਆਲ ਦੇ ਜੁਆਬ ਵਿੱਚ ਸੁਰਿੰਦਰ ਦੱਸਦੇ ਹਨ, “ਅਸੀਂ ਉਮੀਦ ਤੋੜ ਲਈ ਹੈ ਕਿ ਅਸੀਂ ਆਪਣੇ ਬੱਚੇ ਨੂੰ ਘਰ ਦਿਖਾ ਸਕਾਂਗੇ।”
ਸੁਰਿੰਦਰ ਕੌਰ ਦੇ ਪਤੀ ਸਤਨਾਮ ਸਿੰਘ ਇੱਕ ਦਿਹਾੜੀ ਮਜ਼ਦੂਰ ਹੈ
ਸਤਨਾਮ ਸਿੰਘ ਦੱਸਦੇ ਹਨ, “ਦਿਹਾੜੀ ਨਾਲ ਤਾਂ ਪਰਿਵਾਰ ਦਾ ਪੇਟ ਪਾਲਣਾ ਬਹੁਤ ਮੁਸ਼ਕਿਲ ਹੈ, ਪੁੱਤਰ ਲਈ ਘਰ ਬਣਾ ਕੇ ਦੇਣਾ ਤਾਂ ਉਸ ਲਈ ਇੱਕ ਸੁਪਨਾ ਹੀ ਹੈ।”
ਸਤਨਾਮ ਦੱਸਦੇ ਹਨ, “ਉਹ ਮਕਾਨ ਅਸੀਂ ਅੱਜ ਵੀ ਨਹੀਂ ਬਣਾ ਸਕੇ, ਜਿਸ ਕਾਰਨ ਅਸੀਂ ਚਾਚੇ ਦੇ ਘਰ ਰਹਿਣ ਲਈ ਮਜਬੂਰ ਹਾਂ। ਜੇਕਰ ਦੁਬਾਰਾ ਹੜ ਆਉਂਦੇ ਹਨ ਤਾਂ ਅਸੀਂ ਕਿਸੇ ਵੀ ਪਾਸੇ ਜੋਗੇ ਨਹੀਂ ਰਹਿ ਜਾਵਾਂਗੇ, ਅਸੀਂ ਸਰਕਾਰ ਕੋਲੋਂ ਬਹੁਤ ਆਸਾਂ ਉਮੀਦਾਂ ਰੱਖੀਆਂ ਸਨ। ਪਰ ਉਹ ਵੀ ਪੂਰੀਆਂ ਨਹੀਂ ਹੋਈਆਂ, ਅਤੇ ਨਾ ਹੀ ਸਰਕਾਰ ਵੱਲੋਂ ਕੋਈ ਮਾਲੀ ਮਦਦ ਮਿਲੀ ਹੈ।”
ਸਰਕਾਰੀ ਅਧਿਕਾਰੀ ਨੇ ਕੀ ਕਿਹਾ
ਰਾਕੇਸ਼ ਕੁਮਾਰ ਪੋਪਲੀ ਪੀਸੀਐੱਮ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੱਸਦੇ ਹਨ, “ਸਾਡੇ ਕੋਲ ਜ਼ਿਲ੍ਹਾ ਫਾਜ਼ਿਲਕਾ ਵਿੱਚ 18 ਕਰੋੜ 23 ਲੱਖ ਰੁਪਏ ਮੁਆਵਜ਼ਾ ਆਇਆ ਸੀ। ਜਿਸ ਵਿੱਚੋਂ ਅਸੀਂ 17 ਕਰੋੜ 23 ਲੱਖ ਰੁਪਿਆ ਵੰਡ ਚੁੱਕੇ ਹਾਂ ਅਤੇ 59 ਲੱਖ ਰੁਪਿਆ ਉਹ ਚੋਣ ਜਾਬਤਾ ਲੱਗਣ ਕਾਰਨ ਵੰਡਣ ਵਾਲਾ ਰਹਿ ਗਿਆ ਸੀ।”
ਉਹ ਦੱਸਦੇ ਹਨ, “ਇਸ ਵਾਰ ਹੜਾਂ ਦਾ ਸਾਹਮਣਾ ਕਰਨ ਲਈ ਇਕ ਕੰਟਰੋਲ ਰੂਮ ਬਣਾਇਆ ਗਿਆ ਹੈ। ਹੜਾਂ ਨਾਲ ਸੰਬੰਧਿਤ ਡਿਪਾਰਟਮੈਂਟ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਨੂੰ ਕਿਹਾ ਗਿਆ ਹੈ ਕਿ ਨਹਿਰਾਂ ਅਤੇ ਡਰੇਨਾਂ ਦੀ ਮੁਕੰਮਲ ਸਫਾਈ ਹੋਣੀ ਚਾਹੀਦੀ ਹੈ ਅਤੇ ਉਹ ਹੋ ਚੁੱਕੀ ਹੈ। ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਿਜਾਣ ਲਈ ਉਹਨਾਂ ਦੀ ਵੀ ਚੋਣ ਕੀਤੀ ਜਾ ਚੁੱਕੀ ਹੈ।”
ਪੰਜਾਬ ਵਿੱਚ ਹੜ੍ਹਾਂ ਨਾਲ ਨੁਕਸਾਨ
ਪੰਜਾਬ ਦੇ ਤਤਕਾਲੀ ਪ੍ਰਮੁੱਖ ਸਕੱਤਰ ਅਨੁਰਾਮ ਵਰਮਾ ਨੇ ਬੀਤੇ ਸਾਲ 17 ਜੁਲਾਈ 2023 ਨੂੰ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਸੂਬੇ ਵਿੱਚ ਹੜ੍ਹਾਂ ਅਤੇ ਮੀਂਹ ਕਾਰਨ 35 ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ।
ਪੰਜਾਬ ਅਤੇ ਨਾਲ ਲੱਗਦੇ ਪਹਾੜੀ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਨੇ ਜੋ ਕਹਿਰ ਵਰਸਾਇਆ, ਉਸ ਨੇ ਭਾਰੀ ਤਬਾਹੀ ਮੱਚਾਈ ਸੀ।
35 ਵਿਅਕਤੀਆਂ ਦੇ ਮਰਨ ਤੋਂ ਇਲਾਵਾ ਸੈਂਕੜੇ ਮਵੇਸ਼ੀ ਪਾਣੀਆਂ ਵਿੱਚ ਵਹਿ ਗਏ ਸਨ। ਇਸੇ ਦੇ ਨਾਲ ਹੀ ਕਰੋੜਾਂ ਰੁਪਏ ਦੀ ਘਰ-ਬਾਰ ਤੇ ਫਸਲ ਤਬਾਹ ਹੋ ਗਈ ਸੀ ਅਤੇ ਖੇਤੀਯੋਗ ਜ਼ਮੀਨ ਵਿੱਚ ਦਰਿਆ ਦਾ ਰੇਤ ਭਰ ਗਿਆ ਸੀ।
15 ਜ਼ਿਲ੍ਹਿਆਂ ਦੇ 1414 ਪਿੰਡ ਅਜੇ ਵੀ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ।
ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਜਿੱਥੇ ਹੜ੍ਹ ਨੇ ਤਬਾਹੀ ਮੱਚਾਈ ਸੀ, ਉਨ੍ਹਾਂ ਵਿੱਚ ਤਰਨ ਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਪਟਿਆਲਾ, ਮੋਗਾ, ਲੁਧਿਆਣਾ, ਮੋਹਾਲੀ, ਐੱਸਬੀਐੱਸ ਨਗਰ, ਫਾਜ਼ਿਲਕਾ, ਜਲੰਧਰ, ਕਪੂਰਥਲਾ ਅਤੇ ਸੰਗਰੂਰ ਸ਼ਾਮਲ ਹਨ।













