ਪੰਜਾਬ ਹੜ੍ਹ: ʻਨਾ ਘਰ ਰਿਹਾ, ਨਾ ਸਮਾਨ ਤੇ ਨਾ ਹੀ ਖਾਣ ਨੂੰ ਦਾਣੇʼ, ਕਈ ਮਕਾਨ ਡਿੱਗੇ, ਕਈ ਜਖ਼ਮੀ ਹੋਏ, ਜਾਣੋ ਤਾਜ਼ਾ ਅਪਡੇਟ

ਲਗਾਤਾਰ ਪੈਂਦੇ ਮੀਂਹ ਕਾਰਨ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ। ਮੌਸਮ ਵਿਭਾਗ ਨੇ ਕਈ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਵਾਨਾ ਵੀ ਜਤਾਈ ਹੈ।
ਪਾਣੀ ਕਰਕੇ ਜਲੰਧਰ ਹੁਸ਼ਿਆਰਪੁਰ, ਰੋਪੜ ਅਤੇ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਆਮ ਲੋਕਾਂ ਦਾ ਨੁਕਸਾਨ ਹੋਇਆ ਹੈ।
ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਵੱਖ-ਵੱਖ ਟੀਮਾਂ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਇਲਾਕਿਆਂ ਵਿੱਚ ਫ਼ਸੇ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਪਹੁੰਚ ਚੁੱਕੀਆਂ ਹਨ।
ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਅਤੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।
ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ।

ਅਫ਼ਸਰਾਂ ਅਤੇ ਕਰਮਚਾਰੀਆਂ ਦੀ ਛੁੱਟੀਆਂ ਰੱਦ
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ 24x7 ਜ਼ਮੀਨੀ ਪੱਧਰ ਉਤੇ ਡਟਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਮੂਹ ਅਫਸਰਾਂ ਅਤੇ ਕਰਮਚਾਰੀਆਂ ਦੀਆਂ ਸਭ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਠਾਨਕੋਟ ਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਕੀਤਾ ਗਿਆ।
ਗੋਇਲ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਡੈਮਾਂ ਅੰਦਰ ਪਾਣੀ ਦਾ ਪੱਧਰ ਵੱਧ ਗਿਆ ਹੈ। ਰਣਜੀਤ ਸਾਗਰ ਡੈਮ ਅੰਦਰ ਇਸ ਸਮੇਂ 527 ਮੀਟਰ ਤੋਂ ਜ਼ਿਆਦਾ ਪਾਣੀ ਦਾ ਪੱਧਰ ਹੈ।
"ਉਪਰਲੇ ਇਲਾਕਿਆਂ ਵਿੱਚ ਪੈ ਰਹੀ ਤੇਜ਼ ਬਾਰਿਸ਼ ਕਾਰਨ ਅੱਜ ਰਣਜੀਤ ਸਾਗਰ ਡੈਮ ਤੋਂ ਕਰੀਬ ਇੱਕ ਲੱਖ ਦਸ ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਰਕੇ ਪਿੰਡ ਮਾਖਣਪੁਰ, ਪੋਲਾ, ਤਾਸ ਅਤੇ ਬਹਾਦਰਪੁਰ ਆਦਿ ਵਿਖੇ ਰਾਵੀ ਕੰਢਿਆਂ ਦੇ ਬਰਾਬਰ ਚਲ ਰਹੀ ਹੈ।"
ਉਨ੍ਹਾਂ ਨੇ ਕਿਹਾ, "ਜ਼ਿਲ੍ਹੇ ਦੇ ਪਿੰਡ ਤਾਰਾਗੜ੍ਹ ਅਤੇ ਨਰੋਟ ਜੈਮਲ ਸਿੰਘ ਦੇ ਸਕੂਲਾਂ ਅੰਦਰ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪਠਾਨਕੋਟ ਦੇ ਵਿਚ ਕੀੜੀ ਖੁਰਦ, ਕਥਲੌਰ, ਤਾਰਾਗੜ੍ਹ, ਨਰੋਟ ਜੈਮਲ ਸਿੰਘ, ਖੜਖੜਾ ਠੂਠੋਵਾਲ, ਖੋਜਕੀ ਚੱਕ, ਬਮਿਆਲ, ਨੰਗਲ, ਪਠਾਨਕੋਟ, ਬਨੀ ਲੋਧੀ ਅਤੇ ਫਿਰੋਜਪੁਰ ਕਲਾਂ ਵਿਖੇ ਬਚਾਅ ਸੈਂਟਰ ਸਥਾਪਿਤ ਕੀਤੇ ਗਏ ਹਨ।"

ਸੂਬੇ ਵਿੱਚ ਸਕੂਲ ਬੰਦ
ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ ਹੈ, "ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ।"
ਹਾਲਾਂਕਿ, ਪਹਿਲਾਂ ਹੜ੍ਹਾਂ ਦੀ ਚਪੇਟ ਵਿੱਚ ਆਏ ਕੁਝ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਸੂਬੇ ਭਰ ਵਿੱਚ ਸਕੂਲ ਬੰਦ ਰੱਖੇ ਜਾਣਗੇ।
ਕਿਹੜੇ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ

ਤਸਵੀਰ ਸਰੋਤ, Gurpreet Chawla/BBC
ਫਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਇਲਾਕੇ ਵੀ ਪ੍ਰਭਾਵਿਤ ਹੋਏ ਹਨ, ਬੀਬੀਸੀ ਸਹਿਯੋਗੀ ਕੁਲਦੀਪ ਬਰਾੜ ਮੁਤਾਬਕ ਇੱਥੇ ਸਤਲੁਜ ਦਰਿਆ ਨੇੜਲੇ ਪਿੰਡ ਕਾਲੂ ਵਾਲਾ, ਟਿੰਡੀ ਵਾਲਾ ਵਿੱਚ ਪ੍ਰਸ਼ਾਸਨ ਨੇ ਚੇਤਾਵਨੀ ਜਾਰੀ ਕੀਤੀ ਹੈ।
ਚੇਤਾਵਨੀ ਦਿੱਤੀ ਗਈ ਹੈ ਕਿ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣਾ ਚਾਹੀਦਾ ਹੈ। ਇਨ੍ਹਾਂ ਪਿੰਡਾਂ ਵਿੱਚ ਪਾਣੀ ਆਉਣ ਕਾਰਨ ਲੋਕ ਵੱਲੋਂ ਆਪਣੇ ਘਰ ਦਾ ਸਮਾਨ ਵੀ ਸੁਰੱਖਿਅਤ ਥਾਵਾਂ ਉੱਤੇ ਲੈ ਕੇ ਜਾ ਰਹੇ ਹਨ।

ਤਸਵੀਰ ਸਰੋਤ, Pradeep Sharma/BBC
ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਦਰਿਆ ਨੇੜਲੇ ਇਲਾਕੇ ਵੀ ਪ੍ਰਭਾਵਿਤ ਹੋਏ ਹਨ। ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੇ ਮੁਤਾਬਕ ਮਕੋੜਾ ਪੱਤਣ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ।
ਇਹਤਿਆਤਨ ਇੱਥੇ ਸਾਰੇ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ ਅਤੇ ਵੱਧ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ।
ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਵਿੱਚ ਸੜਕੀ ਮਾਰਗ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਮੰਗਵਾਲ ਚੌਕ ਤੋਂ ਬਮਿਆਲ ਜਾਂਦੇ ਰਾਹ ਵਿੱਚ ਪਾੜ ਪੈ ਗਿਆ ਹੈ।

ਡਿਪਟੀ ਕਮਿਸ਼ਨਰ ਕਪੂਰਥਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਸਤੈਦ ਰਹਿਣ 'ਤੇ ਕਿਸੇ ਅਫ਼ਵਾਹ ਉਪਰ ਯਕੀਨ ਨਾ ਕਰਨ ।
ਹੜ੍ਹਾਂ ਦੇ ਹਾਲਾਤ ਨੂੰ ਦੇਖਦਿਆਂ ਡੀਸੀ ਫਾਜ਼ਿਲਕਾ ਵੱਲੋਂ ਸਰਹੱਦੀ ਪਿੰਡਾਂ 'ਚ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਬਿਆਸ ਦਰਿਆ ਦੇ ਵਧੇ ਪਾਣੀ ਕਾਰਨ ਸੁਲਤਾਨਪੁਰ ਲੋਧੀ ਤੇ ਢਿੱਲਵਾਂ ਦੇ ਪ੍ਰਭਾਵਿਤ ਮੰਡ ਖੇਤਰ ਵਿੱਚ ਰਾਹਤ ਕਾਰਜ ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰਹੇ ਹਨ ।

ਤਸਵੀਰ ਸਰੋਤ, Kuldeep brar/BBC
ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਦੀ ਰਿਪੋਰਟ ਮੁਤਾਬਕ ਸੁਨਾਮ ਦੇ ਪਿੰਡ ਤੋਲਾਵਾਲ ਵਿੱਚ ਭਾਰੀ ਮੀਂਹ ਪੈਣ ਕਾਰਨ ਕਈ ਮਕਾਨ ਢਹਿ ਗਏ ਹਨ। ਇਹ ਘਰ ਖੇਤਾਂ ਦੇ ਵਿਚਕਾਰ ਸਨ।
ਹਲਾਂਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤ ਲੋਕਾਂ ਮੁਤਾਬਕ ਉਨ੍ਹਾਂ ਦੇ ਘਰ ਦਾ ਕੀਮਤੀ ਸਾਮਾਨ ਵੀ ਨੁਕਸਾਨਿਆ ਗਿਆ ਹੈ। ਸੁਨਾਮ ਦੇ ਐੱਸਡੀਐੱਮ ਪ੍ਰਮੋਦ ਸਿੰਗਲਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ।
ਘਰ ਢਹਿ ਜਾਣ ʼਤੇ ਭਾਵੁਕ ਹੁੰਦਿਆਂ ਬਜ਼ੁਰਗ ਜਸਮੇਲ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਬਿਮਾਰੀਆਂ ਨੇ ਖਾ ਲਿਆ। ਘਰ ਨਹੀਂ ਬਣਾ ਸਕੇ ਤੇ ਲੋਕਾਂ ਦੀ ਮਦਦ ਨਾਲ ਘਰ ਬਣਿਆ ਸੀ।
ਉਨ੍ਹਾਂ ਨੇ ਕਿਹਾ, "ਸਵੇਰੇ 4 ਵਜੇ ਡਿੱਗਿਆ ਸੀ ਘਰ। ਮੀਂਹ ਬਹੁਤ ਤੇਜ਼ ਆ ਰਿਹਾ ਸੀ। ਅਸੀਂ ਸਾਰੇ ਬਾਹਰ ਆ ਗਏ ਸੀ ਬਚਾਅ ਹੋ ਗਿਆ। ਹੁਣ ਅਸੀਂ ਧਰਮਸ਼ਾਲਾ ਵਿੱਚ ਬੈਠੇ ਹਾਂ। ਸਾਡੀ ਗੁਜ਼ਾਰਿਸ਼ ਹੈ ਕਿ ਸਾਨੂੰ ਕੋਈ ਘਰ ਪਾ ਦੇਵੇ।"
ʻਨਾ ਘਰ ਰਿਹਾ, ਨਾ ਸਮਾਨ ਤੇ ਨਾ ਹੀ ਖਾਣ ਨੂੰ ਦਾਣੇʼ

ਪਿੰਡ ਤੋਲਾਵਾਲ ਦੇ ਹੀ ਸੁਖਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਦੀ 8 ਸਾਲ ਪਹਿਲਾਂ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ।
"ਮੈਂ ਹੀ ਕੰਮਕਾਜ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਹਾਂ। ਪਹਿਲਾਂ ਵੀ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ ਛੱਤਾਂ ਪਵਾਈਆਂ ਸੀ। ਹੁਣ ਫਿਰ ਡਿੱਗ ਗਿਆ।"
ਉਧਰ ਉਸੇ ਹੀ ਪਿੰਡ ਦੇ ਹਰਦੀਪ ਸਿੰਘ ਨੇ ਦੱਸਿਆ ਕਿ 2-3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਘਰ ਦੀ ਪਿਛਲੀ ਕੰਧ ਢਹਿ ਗਈ।
ਉਨ੍ਹਾਂ ਨੇ ਦੱਸਿਆ, "ਅਸੀਂ ਸੁੱਤੇ ਹੋਏ ਸੀ ਅਤੇ ਜਦੋਂ ਪਤਾ ਲੱਗਿਆ ਤਾਂ ਮੈਂ ਬਾਹਰ ਆ ਕੇ, ਆਵਾਜ਼ ਮਾਰੀ ਅਤੇ ਮੇਰੇ ਚਾਚੇ, ਤਾਏ ਤੇ ਹੋਰ ਲੋਕ ਆ ਗਏ। ਉਨ੍ਹਾਂ ਨੇ ਆ ਕੇ ਪਰਿਵਾਰ ਨੂੰ ਕੱਢਿਆ। ਮੇਰੇ ਦੋ ਬੱਚੇ ਹੇਠਾਂ ਆ ਗਏ ਸਨ। ਮੇਰੇ ਸਿਰ ਵਿੱਚ ਦੋ ਸੱਟਾਂ ਹਨ ਅਤੇ ਮੇਰੀ ਪਤਨੀ ਨੂੰ ਸੱਟ ਲੱਗੀ ਹੈ। ਮੇਰਾ ਸਾਰਾ ਸਮਾਨ ਟੁੱਟ ਗਿਆ, ਮੇਰਾ ਮੋਟਰਸਾਈਕਲ ਟੁੱਟ ਗਿਆ।"

ਹਾਦਸੇ ਵਿੱਚ ਜਖ਼ਮੀ ਹੋਏ ਵੀਰ ਕੌਰ ਦਾ ਕਹਿਣਾ ਹੈ, "ਅਸੀਂ ਤਾਂ ਛੱਤ ਦੇ ਹੇਠਾਂ ਆ ਗਏ ਸੀ। ਮੇਰੇ ਸਿਰ ਵਿੱਚ ਪਤਾ ਨਹੀਂ ਬਾਲਾ ਵੱਜਾ ਜਾਂ ਇੱਟਾਂ ਡਿੱਗੀਆਂ ਹਨ। ਮੇਰੀ ਕੁੜੀ ਤਾਂ ਬਿਲਕੁੱਲ ਹੀ ਦੱਬ ਗਈ ਸੀ ਮਸਾ ਕੱਢੀ। ਨਾ ਘਰ ਰਿਹਾ, ਨਾ ਸਮਾਨ ਰਿਹਾ ਤੇ ਨਾ ਹੀ ਖਾਣ ਨੂੰ ਦਾਣੇ ਰਹੇ। ਸਾਡੀ ਮੰਗ ਹੈ ਕਿ ਸਾਡਾ ਘਰ ਬਣਾ ਦੇਣ ਸਾਡੇ ਬੱਚਿਆਂ ਨੂੰ ਖਾਣ-ਪੀਣ ਨੂੰ ਮਿਲ ਜਾਏ।"
ਮੌਕੇ ʼਤੇ ਪਹੁੰਚ ਐੱਸਡੀਐੱਮ ਪ੍ਰਮੋਦ ਸਿੰਘਲਾ ਨੇ ਕਿਹਾ, "ਜਿਵੇਂ ਸਾਨੂੰ ਪਤਾ ਲੱਗਾ ਅਸੀਂ ਕਾਨੂੰਨਗੋ ਵਗੈਰਾ ਨੂੰ ਭੇਜਿਆ ਤਾਂ ਜੋ ਮੌਕੇ ʼਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਅਸੀਂ ਮਾਲੀ ਸਹਾਇਤਾ ਲਈ ਅੱਗੇ ਰਿਪੋਰਟ ਭੇਜ ਸਕੀਏ।"
"ਕੁੱਲ 7 ਘਰਾਂ ਦੀਆਂ ਛੱਤਾਂ ਡਿੱਗੀਆਂ ਹਨ। ਸਾਡੀ ਕੋਸ਼ਿਸ਼ ਹੈ ਕਿ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਪ੍ਰਭਾਵਿਤ ਲੋਕਾਂ ਨੂੰ ਧਰਮਸ਼ਾਲਾ ਵਿੱਚ ਜਾਣ ਲਈ ਕਹਿ ਦਿੱਤਾ ਗਿਆ ਹੈ। ਉੱਥੇ ਉਨ੍ਹਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।"

ਜਲੰਧਰ ਤੋਂ ਪ੍ਰਦੀਪ ਸ਼ਰਮਾ ਦੀ ਰਿਪੋਰਟ ਮੁਤਾਬਕ, ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸੁਲਤਾਨਪੁਰ ਲੋਧੀ ਇਲਾਕੇ ਦੇ ਨੇੜਲੇ ਪਿੰਡ ਆਹਲੀ ਕਲਾਂ ਵਿੱਚ ਕਿਸਾਨਾਂ ਵੱਲੋਂ ਬਣਾਇਆ ਗਿਆ ਐਡਵਾਂਸ ਆਰਜੀ ਬੰਨ੍ਹ ਟੁੱਟ ਗਿਆ। ਕਮਜ਼ੋਰ ਥਾਵਾਂ ʼਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕਾਫੀ ਦਿੰਨਾ ਤੋਂ ਚੱਲ ਰਿਹਾ ਸੀ।
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਵੀ ਇਸੇ ਜਗ੍ਹਾ ਤੋਂ ਬੰਨ ਟੁੱਟਾ ਸੀ ਜਿਸ ਤੋਂ ਬਾਅਦ ਕਰੀਬ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹਾਲੇ 2023 ਦੇ ਜ਼ਖਮ ਅੱਲ੍ਹੇ ਸਨ ਕਿ 2025 ਵਿੱਚ ਮੁੜ ਤੋਂ ਦਰਿਆ ਬਿਆਸ ਨੇ ਇੱਥੇ ਵੱਡੀ ਮਾਰ ਮਾਰੀ ਹੈ।
ਹੈਲਪਲਾਈਨ ਨੰਬਰ ਜਾਰੀ

ਤਸਵੀਰ ਸਰੋਤ, Bimal saini/BBC
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ ਤਰਨ ਤਾਰਨ ਵਿੱਚ ਵੀ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਇਲਾਕੇ ਦੇ ਲੋਕ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦੇ ਫੋਨ ਨੰਬਰ 01852-224107 'ਤੇ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਸਬ-ਡਵੀਜ਼ਨ ਪੱਧਰ 'ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਟੀ ਲਈ ਫ਼ੋਨ ਨੰਬਰ 01851-245930, ਸਬ-ਡਵੀਜ਼ਨ ਖਡੂਰ ਸਾਹਿਬ ਲਈ 01859-237358, ਸਬ-ਡਵੀਜ਼ਨ ਤਰਨ ਤਾਰਨ ਲਈ ਫ਼ੋਨ ਨੰਬਰ 01852-222555 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਆਮ ਲੋਕਾਂ ਦੀ ਸਹਾਇਤਾ ਲਈ ਲੋਕ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01822-231990, ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੜ੍ਹ ਰੋਕੂ ਕੰਟਰੋਲ ਰੂਮ 01828-222169 ਤੇ ਭੁਲੱਥ ਸਬ ਡਵੀਜ਼ਨ ਦੇ ਪ੍ਰਭਾਵਿਤ ਖੇਤਰਾਂ ਲਈ ਹੈਲਪਲਾਇਨ 01822-271829 ਜਾਰੀ ਕੀਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਨੇ ਇੱਕ ਪੱਤਰ ਜਾਰੀ ਕਰਕੇ ਦੱਸਿਆ ਕਿ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਮਦਦ ਲਈ ਪ੍ਰਸ਼ਾਸਨ ਹਰ ਤਰ੍ਹਾਂ ਲਈ ਤਿਆਰ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਕੰਟਰੋਲ ਰੂਮ ਨੰਬਰ 0186-2346944 ਜੋ 24 ਘੰਟੇ ਕੰਮ ਕਰ ਰਿਹਾ ਹੈ, ਤੇ ਫ਼ੋਨ ਕਰਕੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਕਿੱਥੇ-ਕਿੱਥੇ ਚੱਲ ਰਹੇ ਹਨ ਰਾਹਤ ਕਾਰਜ

ਤਸਵੀਰ ਸਰੋਤ, Gurpreet Chawla/BBC
ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪਿਛਲੇ 2 ਦਿਨ ਤੋਂ ਭਾਰੀ ਮੀਂਹ ਦੇ ਬਾਵਜੂਦ ਰਾਹਤ ਕੰਮਾਂ ਵਿੱਚ ਲੱਗੀਆਂ ਟੀਮਾਂ ਨੇ ਆਪਣਾ ਕੰਮ ਜਾਰੀ ਰੱਖਿਆ ਹੈ।
ਉਨ੍ਹਾਂ ਦੱਸਿਆ ਕਿ ਐੱਸਡੀਆਰਐੱਫ਼ ਦੀਆਂ ਟੀਮਾਂ ਵੱਲੋਂ ਬਾਊਪੁਰ ਪਿੰਡ ਵਿੱਚੋਂ ਪਾਣੀ ਨਾਲ ਘਿਰੇ ਇੱਕ ਪੂਰੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ।

ਤਸਵੀਰ ਸਰੋਤ, Gurpreet Chawla/BBC
ਉਨ੍ਹਾਂ ਦੱਸਿਆ ਕਿ ਰਾਹਤ ਕੰਮਾਂ ਤਹਿਤ ਵਿਸ਼ੇਸ਼ ਕਰਕੇ ਰਾਸ਼ਨ ਦੀ ਸਪਲਾਈ, ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਤੇ ਪਸ਼ੂ ਧਨ ਲਈ ਸਾਈਲੇਜ ਦੀ ਸਪਲਾਈ ਖ਼ਰਾਬ ਮੌਸਮ ਦੇ ਮੱਦੇਨਜ਼ਰ ਹੋਰ ਅਸਰਦਾਰ ਢੰਗ ਨਾਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਬਰਸਾਤੀ ਮੌਸਮ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ।
ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਵੱਲੋਂ ਕਿਸ਼ਤੀਆਂ ਰਾਹੀਂ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਕੇ ਪਸ਼ੂਆਂ ਦੀ ਜਾਂਚ ਕੀਤੀ ਜਾ ਰਹੀ ਹੈ ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













