ਪੰਜਾਬ ਵਿੱਚ ਹੜ੍ਹ: 'ਧੀ ਦੇ ਵਿਆਹ ਲਈ ਜੋ ਜੋੜਿਆ ਸੀ, ਸਭ ਖ਼ਤਮ ਹੋ ਗਿਆ', ਛੱਤਾਂ ਉੱਤੇ ਜ਼ਿੰਦਗੀ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਘਰ ਅਤੇ ਖੇਤਾਂ ਨੂੰ ਦੇਖ ਕੇ ਰੋਣਾ ਆਉਂਦਾ ਹੈ, ਜ਼ਿੰਦਗੀ ਬਦ ਤੋਂ ਬਦਤਰ ਹੋ ਚੁੱਕੀ ਹੈ, ਹੜ੍ਹ ਦੇ ਪਾਣੀ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ, ਨਾ ਹੁਣ ਘਰ ਰਹਿਣ ਲਾਇਕ ਰਿਹਾ ਹੈ ਅਤੇ ਨਾ ਹੀ ਅਨਾਜ।”
ਇਹ ਸ਼ਬਦ ਗੁਰਮੀਤ ਕੌਰ ਦੇ ਹਨ ਜੋ ਜਲੰਧਰ ਜ਼ਿਲ੍ਹੇ ਦੇ ਪਿੰਡ ਮੂੰਡੀ ਕਾਲੂ ਦੀ ਵਸਨੀਕ ਹੈ।
ਗੁਰਮੀਤ ਕੌਰ ਦਾ ਪਿੰਡ ਇਸ ਸਮੇਂ ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਅਤੇ ਬਾਹਰੀ ਦੁਨੀਆ ਨਾਲੋਂ ਪਿੰਡ ਦਾ ਸੰਪਰਕ ਟੁੱਟਿਆ ਹੋਇਆ ਹੈ। ਪਿੰਡ ਤੱਕ ਪਹੁੰਚਣ ਦਾ ਇੱਕ ਮਾਤਰ ਵਸੀਲਾ ਹੁਣ ਕਿਸ਼ਤੀ ਹੈ।
ਪਾਣੀ ਵਿੱਚ ਘਿਰੇ ਹੋਣ ਦੇ ਬਾਵਜੂਦ ਗੁਰਮੀਤ ਕੌਰ ਆਪਣਾ ਘਰ ਛੱਡ ਕੇ ਨਹੀਂ ਗਈ। ਗੁਰਮੀਤ ਕੌਰ ਕੋਲ ਜਦੋਂ ਅਸੀਂ ਪਹੁੰਚੇ ਤਾਂ ਉਹ ਛੱਤ ਉੱਤੇ ਸ਼ਾਮ ਦਾ ਖਾਣਾ ਤਿਆਰ ਕਰਨ ਵਿੱਚ ਰੁੱਝੀ ਹੋਈ ਸੀ।
ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ 15 ਮੈਂਬਰ ਹਨ ਅਤੇ ਘਰ ਦਾ ਖਰਚਾ ਖੇਤੀਬਾੜੀ ਤੋਂ ਹੀ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਪਸ਼ੂਆਂ ਨੂੰ ਰਿਸ਼ਤੇਦਾਰਾਂ ਕੋਲ ਭੇਜਿਆ ਗਿਆ ਤਾਂ ਜੋ ਉਹ ਸੁਰੱਖਿਅਤ ਰਹਿਣ ਪਰ ਉਹ ਘਰ ਛੱਡ ਕੇ ਨਹੀਂ ਗਈ।
ਕਾਰਨ ਪੁੱਛਣ ਉੱਤੇ ਉਹ ਦੱਸਦੇ ਹਨ ਕਿ ਘਰ ਛੱਡਣਾ ਬਹੁਤ ਔਖਾ ਹੈ। ਉਨ੍ਹਾਂ ਦੱਸਿਆ ਕਿ ਘਰ ਦੇ ਸਮਾਨ ਤੋਂ ਇਲਾਵਾ, ਅਨਾਜ ਖ਼ਰਾਬ ਹੋ ਗਿਆ।

‘ਧੀ ਦੇ ਵਿਆਹ ਲਈ ਜੋ ਜੋੜਿਆ ਸੀ, ਸਭ ਖ਼ਤਮ ਹੋ ਗਿਆ’
ਕੁਝ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਉਨ੍ਹਾਂ ਛੱਤ ਉੱਤੇ ਰੱਖਿਆ ਹੋਇਆ ਹੈ ਅਤੇ ਪਿਛਲੇ ਚਾਰ ਦਿਨ ਤੋਂ ਉਸ ਦੀ ਜ਼ਿੰਦਗੀ ਘਰ ਦੀ ਛੱਤ ਉੱਤੇ ਹੀ ਗੁਜ਼ਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਲੋਕਾਂ ਤੋਂ ਥੋੜ੍ਹੀ ਬਹੁਤੀ ਮਦਦ ਮਿਲ ਰਹੀ ਹੈ ਪਰ ਸਰਕਾਰ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।
ਗੁਰਮੀਤ ਕੌਰ ਦੱਸਿਆ ਕਿ ਉਹ ਇੱਕ ਵਕਤ ਦੀ ਰੋਟੀ ਖਾਣ ਲਈ ਮਜਬੂਰ ਹਨ ਕਿਉਂਕਿ ਘਰ ਵਿੱਚ ਜੋ ਵੀ ਖਾਣ ਪੀਣ ਦਾ ਸਮਾਨ ਸੀ ਉਹ ਖ਼ਰਾਬ ਹੋ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਬੇਟੀ ਦੇ ਵਿਆਹ ਲਈ ਕੁਝ ਸਮਾਨ ਜੋੜਿਆ ਸੀ ਪਰ ਉਹ ਸਭ ਹੜ੍ਹ ਦੇ ਪਾਣੀ ਨੇ ਸਭ ਖ਼ਤਮ ਕਰ ਦਿੱਤਾ। ਗੁਰਮੀਤ ਕੌਰ ਮੁਤਾਬਕ ਅੱਗੇ ਜ਼ਿੰਦਗੀ ਕਿਵੇਂ ਚੱਲੇਗੀ ਇਸ ਬਾਰੇ ਕੁਝ ਵੀ ਸਮਝ ਨਹੀਂ ਆਉਂਦਾ।
ਆਪਣੇ ਖੇਤਾਂ ਵੱਲ ਇਸ਼ਾਰਾ ਕਰਕੇ ਉਹ ਆਖਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਝੋਨਾ ਲਗਾਇਆ ਸੀ, ਇਸ ਉਮੀਦ ਨਾਲ ਕਿ ਇਸ ਨੂੰ ਵੇਚ ਕੇ ਚਾਰ ਪੈਸੇ ਆਉਣਗੇ ਪਰ ਹੁਣ ਸਭ ਖ਼ਤਮ ਹੋ ਗਿਆ ਹੈ।
ਪਿੰਡਾਂ ਦੇ ਹਾਲਤ ਕੀ ਹਨ?
ਜਲੰਧਰ ਜ਼ਿਲ੍ਹੇ ਦੇ ਲੋਹੀਆ ਇਲਾਕੇ ਵਿੱਚ ਸਤਲੁਜ ਦਰਿਆ ਨਾਲ ਲੱਗਦੇ ਕਈ ਪਿੰਡ ਇਸ ਸਮੇਂ ਪਾਣੀ ਵਿੱਚ ਡੁੱਬੇ ਹੋਏ ਹਨ। ਇਹਨਾਂ ਵਿੱਚੋ ਇੱਕ ਪਿੰਡ ਮੂੰਡੀ ਕਾਲੂ ਵੀ ਹੈ।
ਕਿਸ਼ਤੀ ਦੀ ਮਦਦ ਨਾਲ ਬੀਬੀਸੀ ਦੀ ਟੀਮ ਜਦੋਂ ਪਿੰਡ ਵਿੱਚ ਪਹੁੰਚੀ ਤਾਂ ਜ਼ਿਆਦਾਤਰ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਆਪਣਾ ਘਰੇਲੂ ਸਮਾਨ ਰੱਖਿਆ ਹੋਇਆ ਸੀ।
ਛੱਤਾਂ ਉੱਤੇ ਹੀ ਲੋਕ ਦਿਨ-ਰਾਤ ਕੱਟਣ ਲਈ ਮਜਬੂਰ ਹਨ।

ਇਸੇ ਪਿੰਡ ਦੀ ਬਜ਼ੁਰਗ ਜਸਵਿੰਦਰ ਕੌਰ ਨੇ ਦੱਸਿਆ, “ਸਾਡੇ ਹਾਲਤ ਬਹੁਤ ਮਾੜੇ ਹਨ, ਅਸੀਂ ਨਰਕ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਤਲੁਜ ਦਰਿਆ ਦੇ ਪਾਣੀ ਨੇ ਸਾਡਾ ਸਭ ਕੁਝ ਤਬਾਹ ਕਰ ਦਿੱਤਾ।”
ਜਸਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਦਾਖਲ ਹੋਣ ਲਈ ਕੋਈ ਵੀ ਰਸਤਾ ਨਹੀਂ ਹੈ, ਸਿਰਫ਼ ਕਿਸ਼ਤੀ ਹੀ ਉਹਨਾਂ ਦਾ ਸਹਾਰਾ ਹੈ।
ਉਨ੍ਹਾਂ ਦੱਸਿਆ ਕਿ ਕਿਸ਼ਤੀ ਇੱਕ ਵਾਰ ਜਾਂਦੀ ਹੈ ਤਾਂ ਉਹ ਤਿੰਨ ਘੰਟੇ ਬਾਅਦ ਵਾਪਸ ਪਿੰਡ ਪਰਤਦੀ ਹੈ। ਜੇਕਰ ਕਿਸੇ ਨੂੰ ਐਮਰਜੈਂਸੀ ਹੋਵੇ ਤਾਂ ਉਹ ਕੁਝ ਵੀ ਨਹੀਂ ਕਰ ਸਕਦਾ। ਖੇਤੀਬਾੜੀ ਸਾਰੀ ਤਬਾਹ ਹੋ ਗਈ ਹੈ, ਸਮਝ ਨਹੀਂ ਆ ਰਿਹਾ ਅੱਗੇ ਕੀ ਹੋਵੇਗਾ?

ਪਿੰਡ ਵਾਸੀ ਜੁਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਜ਼ਿੰਦਗੀ ਥੋੜ੍ਹੀ ਸੌਖੀ ਹੋਣ ਲੱਗਦੀ ਹੈ ਤਾਂ ਸਤਲੁਜ ਦਾ ਪਾਣੀ ਕਹਿਰ ਬਣ ਕੇ ਆ ਜਾਂਦਾ ਹੈ ਅਤੇ ਇੱਕ ਝਟਕੇ ਵਿੱਚ ਵੀ ਸਭ ਕੁਝ ਤਬਾਹ ਕਰ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ 2019 ਵਿੱਚ ਵੀ ਸਤਲੁਜ ਦਰਿਆ ਦਾ ਬੰਨ੍ਹ ਟੁੱਟਿਆ ਸੀ। ਉਸ ਨੇ ਵੀ ਸਭ ਕੁਝ ਤਬਾਹ ਕਰ ਦਿੱਤਾ ਸੀ ਪਰ ਇਸ ਵਾਰ ਪਾਣੀ ਬਹੁਤ ਜ਼ਿਆਦਾ ਹੈ ਅਤੇ ਨੁਕਸਾਨ ਕਿੰਨਾ ਹੋਇਆ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ।
ਉਨ੍ਹਾਂ ਕਿਹਾ, “ਅਸੀਂ ਦਸ ਸਾਲ ਪਿੱਛੇ ਚੱਲੇ ਗਏ ਹਾਂ।”

ਜਲੰਧਰ ਜ਼ਿਲ੍ਹੇ ਦੇ ਹਾਲਾਤਾਂ ਬਾਰੇ ਖਾਸ ਗੱਲਾਂ:
- ਪੰਜਾਬ ਦੇ ਕਰੀਬ 15 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ, ਜਿੱਥੇ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ
- ਜਲੰਧਰ ਦੇ ਕਈ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਪਾਣੀ ਨੇ ਲੋਕਾਂ ਦੀ ਆਰਥਿਕ ਨੁਕਸਾਨ ਕੀਤਾ ਹੈ
- ਲੋਕ ਘਰਾਂ ਦੀਆਂ ਛੱਤਾਂ ਤੇ ਦਿਨ-ਰਾਤ ਕੱਟ ਰਹੇ ਹਨ
- ਭਾਰਤੀ ਸੈਨਾ, ਐੱਨਡੀਆਰਐੱਫ, ਪੰਜਾਬ ਪੁਲਿਸ ਤੇ ਆਮ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਕਰ ਰਹੇ ਹਨ

ਇਲਾਕੇ ਦੇ ਹਾਲਤਾਂ ਦਾ ਜ਼ਿਕਰ ਕਰਦੇ ਹੋਏ ਇੱਥੋਂ ਦੇ ਕਿਸਾਨ ਪਿਸ਼ੌਰਾ ਸਿੰਘ ਆਖਦੇ ਹਨ ਕਿ ਸਥਿਤੀ ਇਹ ਹੈ ਕਿ ਉਹ ਉੱਜੜ ਗਏ ਹਨ।
“ਸਾਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਅੱਗੇ ਹਨੇਰਾ ਹੀ ਹਨੇਰਾ ਦਿਸ ਰਿਹਾ ਹੈ। ਸਾਡੀ ਸਥਿਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਸੀਂ ਪੀਣ ਵਾਲੇ ਪਾਣੀ ਦੀ ਇੱਕ ਬੋਤਲ ਤੱਕ ਮੰਗਣ ਲਈ ਮਜਬੂਰ ਹੋ ਗਏ ਹਾਂ।”
ਉਨ੍ਹਾਂ ਦੱਸਿਆ ਕਿ ਉਹ ਕਿਸਾਨ ਹਨ, ਮਿਹਨਤ ਮਜ਼ਦੂਰੀ ਨਾਲ ਖੇਤੀ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਸਨ ਪਰ ਇਸ ਪਾਣੀ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਪਿਸ਼ੌਰਾ ਸਿੰਘ ਅੱਖਾਂ ਨਮ ਕਰ ਕੇ ਆਖਦੇ ਹਨ ਕਿ 1947 ਦੇ ਉਜਾੜੇ ਵਾਲੀ ਸਥਿਤੀ ਹੋ ਗਈ ਹੈ, ਮੁੜ ਕੇ ਵੱਸਣ ਬਹੁਤ ਔਖਾ ਹੈ।

ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਚੁਣੌਤੀ
ਮੂੰਡੀ ਕਾਲੂ ਪਿੰਡ ਦੀ ਕੁਲਵਿੰਦਰ ਕੌਰ ਆਖਦੀ ਹੈ, “ਸਾਡੀਆਂ ਚੁਣੌਤੀਆਂ ਇੱਥੇ ਹੀ ਖ਼ਤਮ ਨਹੀਂ ਹੋਣੀਆਂ। ਜਦੋਂ ਇਹ ਪਾਣੀ ਉਤਰ ਜਾਵੇਗਾ, ਜ਼ਿੰਦਗੀ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਨਵੀਂ ਚੁਣੌਤੀ ਹੋਵੇਗੀ। ਘਰ ਦੀਆਂ ਔਰਤਾਂ ਖ਼ਰਾਬ ਹੋਏ ਘਰਾਂ ਦੀ ਸਫ਼ਾਈ ਕਰਨਗੀਆਂ ਅਤੇ ਪੁਰਸ਼ ਜ਼ਮੀਨ ਠੀਕ ਕਰਨਗੇ।”
ਉਨ੍ਹਾਂ ਕਿਹਾ ਕਿ ਹੁਣ ਬਿਮਾਰੀਆਂ ਵੀ ਪੈਦਾ ਹੋਣ ਗਈਆਂ।
ਕੁਲਵਿੰਦਰ ਕੌਰ ਸਰਕਾਰ ਉੱਤੇ ਗਿਲਾ ਪ੍ਰਗਟ ਕਰਦੇ ਹੋਏ ਆਖਦੇ ਹਨ ਜਦੋਂ ਹੋਰ ਕੰਮ ਕੀਤੇ ਜਾਂਦੇ ਹਨ ਤਾਂ ਦਰਿਆ ਦੇ ਕਿਨਾਰਿਆਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾਂਦਾ ਜਿਸ ਕਾਰਨ ਲੋਕਾਂ ਦੇ ਘਰ ਥੋੜੇ-ਥੋੜੇ ਸਮੇਂ ਬਾਅਦ ਬਰਬਾਦ ਹੋ ਰਹੇ ਹਨ। ਕੁਲਵਿੰਦਰ ਸਵਾਲ ਕਰਦੀ ਹੈ ਕਿ ਸਰਕਾਰਾਂ ਦੀ ਗਲਤੀ ਦਾ ਸਜ਼ਾ ਆਮ ਲੋਕਾਂ ਨੂੰ ਕਿਉਂ ਮਿਲ ਰਹੀ ਹੈ।

ਕੁਲਵਿੰਦਰ ਕੌਰ ਮੁਤਾਬਕ ਹੁਣ ਹੜ੍ਹ ਸਮੇਂ ਸਭ ਇੱਥੇ ਆ ਰਹੇ ਹਨ ਪਰ ਕੁਝ ਦਿਨਾਂ ਬਾਅਦ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਹੋਵੇਗਾ।
ਇਸ ਸਮੇਂ ਪੰਜਾਬ ਦੇ ਕਰੀਬ 15 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ, ਜਿੱਥੇ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਤੋਂ ਇਲਾਵਾ, ਭਾਰਤੀ ਸੈਨਾ, ਐੱਨਡੀਆਰਐੱਫ, ਪੰਜਾਬ ਪੁਲਿਸ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ।













