ਕੀ ਤੁਹਾਡੇ ਸਮਾਰਟਫੋਨ ਦੀ ਕਾਲਿੰਗ ਸਕ੍ਰੀਨ ਵੀ ਅਚਾਨਕ ਆਪਣੇ-ਆਪ ਬਦਲ ਗਈ ਹੈ? ਜਾਣੋ ਅਜਿਹਾ ਕਿਉਂ ਹੋਇਆ

ਸਮਾਰਟਫੋਨ ਦੀ ਕਾਲਿੰਗ ਸਕ੍ਰੀਨ
ਤਸਵੀਰ ਕੈਪਸ਼ਨ, ਬਹੁਤ ਸਾਰੇ ਐਂਡਰਾਇਡ ਉਪਭੋਗਤਾ ਆਪਣੇ ਫੋਨ ਦੀ ਕਾਲ ਅਤੇ ਡਾਇਲਰ ਸੈਟਿੰਗ ਵਿੱਚ ਅਚਾਨਕ ਆਏ ਇਸ ਬਦਲਾਅ ਤੋਂ ਹੈਰਾਨ ਹਨ
    • ਲੇਖਕ, ਓਮਰ ਸਲੀਮ
    • ਰੋਲ, ਬੀਬੀਸੀ ਉਰਦੂ

ਜੇਕਰ ਤੁਸੀਂ ਐਂਡਰਾਇਡ ਸਮਾਰਟਫੋਨ ਵਰਤ ਰਹੇ ਹੋ ਤਾਂ ਤੁਸੀਂ ਕੁਝ ਦਿਨ ਪਹਿਲਾਂ ਆਪਣੇ ਫੋਨ ਵਿੱਚ ਅਚਾਨਕ ਬਦਲਾਅ ਦੇਖੇ ਹੋਣਗੇ। ਕਈ ਤਾਂ ਸ਼ਾਇਦ ਘਬਰਾ ਵੀ ਗਏ ਹੋਣ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਮੋਬਾਈਲ ਦੀ ਸੈਟਿੰਗ ਕਿਵੇਂ ਬਦਲ ਗਈ।

ਬਹੁਤ ਸਾਰੇ ਐਂਡਰਾਇਡ ਉਪਭੋਗਤਾ ਆਪਣੇ ਫੋਨ ਦੀ ਕਾਲ ਅਤੇ ਡਾਇਲਰ ਸੈਟਿੰਗ ਵਿੱਚ ਅਚਾਨਕ ਆਏ ਇਸ ਬਦਲਾਅ ਤੋਂ ਹੈਰਾਨ ਹਨ।

ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਆਪਣੇ ਫੋਨ ਵਿੱਚ ਇਸ ਬਾਰੇ ਸਵਾਲ ਪੁੱਛ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਲੈ ਕੇ ਗੁੱਸਾ ਵੀ ਜ਼ਾਹਿਰ ਕਰ ਰਹੇ ਹਨ।

ਇਸ ਬਦਲਾਅ ਤੋਂ ਬਾਅਦ, ਐਂਡਰਾਇਡ ਫੋਨ ਤੋਂ ਕਾਲ ਕਰਦੇ ਸਮੇਂ ਜਾਂ ਕਾਲ ਪ੍ਰਾਪਤ ਕਰਦੇ ਸਮੇਂ, ਫੋਨ ਦੇ ਇੰਟਰਫੇਸ ਯਾਨੀ ਡਿਸਪਲੇ ਅਤੇ ਡਿਜ਼ਾਈਨ ਦੀ ਦਿੱਖ ਬਦਲ ਗਈ।

ਬਹੁਤ ਸਾਰੇ ਲੋਕ ਹੈਰਾਨ ਹਨ ਕਿ ਉਨ੍ਹਾਂ ਨੇ ਨਾ ਤਾਂ ਫੋਨ ਸੈਟਿੰਗਾਂ ਵਿੱਚ ਕੋਈ ਬਦਲਾਅ ਕੀਤਾ ਅਤੇ ਨਾ ਹੀ ਇਸ ਨਾਲ ਛੇੜਛਾੜ ਕੀਤੀ, ਫਿਰ ਵੀ ਫੋਨ ਵਿੱਚ ਕਾਲ ਸਕ੍ਰੀਨ ਆਪਣੇ ਆਪ ਕਿਵੇਂ ਬਦਲ ਗਈ। ਕੁਝ ਲੋਕਾਂ ਨੇ ਤਾਂ ਇਹ ਵੀ ਖਦਸ਼ਾ ਜਤਾਇਆ ਕਿ ਸ਼ਾਇਦ ਉਨ੍ਹਾਂ ਦਾ ਫੋਨ ਹੈਕ ਹੋ ਗਿਆ ਹੈ।

ਸਮਾਰਟਫੋਨ

ਤਸਵੀਰ ਸਰੋਤ, Olly Curtis/Future via Getty Images

ਤਸਵੀਰ ਕੈਪਸ਼ਨ, ਕੁਝ ਲੋਕ ਇਸ ਬਾਰੇ ਸਵਾਲ ਪੁੱਛ ਰਹੇ ਹਨ, ਕੁਝ ਗੁੱਸਾ ਜ਼ਾਹਿਰ ਕਰ ਰਹੇ ਹਨ

ਬਹੁਤ ਸਾਰੇ ਐਂਡਰਾਇਡ ਉਪਭੋਗਤਾਵਾਂ ਨੇ ਫੋਨ ਵਿੱਚ ਆਏ ਇਨ੍ਹਾਂ ਬਦਲਾਵਾਂ ਬਾਰੇ ਜਾਣਕਾਰੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝੀ ਕੀਤੀ ਹੈ। ਬਹੁਤ ਸਾਰੇ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਬਦਲਾਅ ਬਾਰੇ ਲਿਖਿਆ।

ਇਹ ਬਦਲਾਅ ਸਿਰਫ ਐਂਡਰਾਇਡ ਫੋਨਾਂ 'ਤੇ ਕੀਤੇ ਗਏ ਹਨ। ਕਿਉਂਕਿ ਆਈਓਐਸ (iOS) ਫੋਨਾਂ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਫੋਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਪਰ ਐਂਡਰਾਇਡ ਫੋਨਾਂ ਵਿੱਚ ਇਹ ਬਦਲਾਅ ਕਿਉਂ ਹੋਏ, ਇਹ ਸੈਟਿੰਗਾਂ ਕਿਵੇਂ ਬਦਲੀਆਂ ਅਤੇ ਕੀ ਇਨ੍ਹਾਂ ਸੈਟਿੰਗਾਂ ਨੂੰ ਉਨ੍ਹਾਂ ਦੀ ਪਿਛਲੀ ਸਥਿਤੀ ਵਿੱਚ ਵਾਪਸ ਲਿਆਂਦਾ ਜਾ ਸਕਦਾ ਹੈ? ਬੀਬੀਸੀ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।

'ਹੈਕਿੰਗ' ਜਾਂ ਅਪਡੇਟ, ਕੀ ਹੈ ਸੱਚ?

ਸਮਾਰਟਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈਆਂ ਨੂੰ ਤਾਂ ਲੱਗਾ ਕਿ ਉਨ੍ਹਾਂ ਦਾ ਫੋਨ ਹੈਕ ਹੋ ਗਿਆ

ਬਹੁਤ ਸਾਰੇ ਐਂਡਰਾਇਡ ਉਪਭੋਗਤਾਵਾਂ ਨੇ ਆਪਣੇ ਤਰੀਕੇ ਨਾਲ ਇਸ ਸਮੱਸਿਆ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।

ਕੁਝ ਇਸਨੂੰ 'ਹੈਕਿੰਗ' ਨਾਲ ਜੋੜ ਰਹੇ ਹਨ, ਜਦਕਿ ਕਈਆਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਕਿਤੇ ਇਹ ਅਪਡੇਟ ਸਰਕਾਰੀ ਏਜੰਸੀਆਂ ਦੁਆਰਾ ਨਿਗਰਾਨੀ ਦਾ ਇੱਕ ਤਰੀਕਾ ਤਾਂ ਨਹੀਂ।

ਇੱਕ ਉਪਭੋਗਤਾ ਨੇ ਐਕਸ 'ਤੇ ਲਿਖਿਆ, "ਵਧਾਈਆਂ, ਤੁਹਾਡੇ ਫੋਨ ਦੀਆਂ ਸੈਟਿੰਗਾਂ ਵੀ ਬਦਲ ਦਿੱਤੀਆਂ ਗਈਆਂ ਹਨ। ਇੱਕ ਸਾਫਟਵੇਅਰ ਵੀ ਆਪਣੇ ਆਪ ਇੰਸਟਾਲ ਹੋ ਗਿਆ ਹੈ ਜੋ ਹੁਣ ਤੁਹਾਡੇ ਵਿਰੁੱਧ ਤੋਤੇ ਵਾਂਗ ਬੋਲੇਗਾ।"

ਇੱਕ ਹੋਰ ਉਪਭੋਗਤਾ ਨੇ ਪੁੱਛਿਆ, "ਤੁਹਾਡੇ ਹੱਥ ਵਿੱਚ ਜੋ ਮੋਬਾਈਲ ਫੋਨ ਹੈ, ਉਸ ਦੀਆਂ ਸੈਟਿੰਗਾਂ ਅਚਾਨਕ ਬਦਲ ਗਈਆਂ ਹਨ। ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਤੁਸੀਂ ਸੁਰੱਖਿਅਤ ਹੋ?"

ਹਾਲਾਂਕਿ, ਇੱਕ ਹੋਰ ਉਪਭੋਗਤਾ ਨੇ ਕਿਹਾ ਕਿ ਫੋਨ ਦੀ ਡਿਸਪਲੇ ਸੈਟਿੰਗਾਂ ਬਦਲਣ ਦਾ ਮਤਲਬ 'ਹੈਕਿੰਗ' ਨਹੀਂ ਹੈ ਅਤੇ ਨਾ ਹੀ ਇਸਦਾ ਮਤਲਬ ਹੈ ਕਿ ਕੰਪਨੀ ਤੁਹਾਡੀਆਂ ਫੋਟੋਆਂ ਜਾਂ ਸੁਨੇਹੇ ਚੋਰੀ ਕਰ ਰਹੀ ਹੈ।

ਇਸ ਉਪਭੋਗਤਾ ਦਾ ਕਹਿਣਾ ਹੈ ਕਿ ਮੋਬਾਈਲ ਕੰਪਨੀਆਂ ਸਮੇਂ-ਸਮੇਂ 'ਤੇ ਫ਼ੋਨਾਂ ਲਈ ਸਾਫਟਵੇਅਰ ਅੱਪਡੇਟ ਕਰਦੀਆਂ ਰਹਿੰਦੀਆਂ ਹਨ, ਤਾਂ ਜੋ ਉਹ ਪਹਿਲਾਂ ਨਾਲੋਂ ਬਿਹਤਰ ਕੰਮ ਕਰਨ ਅਤੇ ਵਧੇਰੇ ਸੁਰੱਖਿਅਤ ਰਹਿਣ।

ਹਾਲੀਆ ਬਦਲਾਅ ਕਿਵੇਂ ਹੋਇਆ?

ਐਂਡਰਾਇਡ ਫੋਨਾਂ ਵਿੱਚ ਵਰਤਿਆ ਜਾਣ ਵਾਲੇ ਬੇਸਿਕ ਸਾਫਟਵੇਅਰ (ਓਐਸ) ਗੂਗਲ ਬਣਾਉਂਦੀ ਹੈ। ਇਹ ਕੰਪਨੀ ਸਮੇਂ-ਸਮੇਂ 'ਤੇ ਇਸਨੂੰ ਅਪਡੇਟ ਵੀ ਕਰਦੀ ਹੈ।

ਇਸੇ ਸਾਲ ਮਈ ਮਹੀਨੇ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ 'ਮਟੀਰੀਅਲ 3ਡੀ ਐਕਸਪ੍ਰੈਸਿਵ' ਨਾਮਕ ਇੱਕ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਕੰਪਨੀ ਦੇ ਸਭ ਤੋਂ ਵੱਡੇ ਅਪਡੇਟਾਂ ਵਿੱਚੋਂ ਇੱਕ ਹੋਵੇਗਾ।

ਗੂਗਲ ਦਾ ਕਹਿਣਾ ਹੈ ਕਿ ਇਸ ਅਪਡੇਟ ਨਾਲ ਫ਼ੋਨ ਦਾ ਸਾਫਟਵੇਅਰ ਅਤੇ ਡਿਸਪਲੇ ਪਹਿਲਾਂ ਨਾਲੋਂ ਸਰਲ, ਤੇਜ਼ ਅਤੇ ਵਰਤੋਂ ਵਿੱਚ ਵਧੇਰੇ ਸੁਖਾਲਾ ਹੋ ਜਾਵੇਗਾ।

ਪਹਿਲਾਂ ਸਾਡੇ ਐਂਡਰਾਇਡ ਫੋਨ ਦਾ ਡਿਸਪਲੇ 'ਮਟੀਰੀਅਲ 3ਡੀ' ਨਾਮਕ ਡਿਜ਼ਾਈਨ 'ਤੇ ਚੱਲਦਾ ਸੀ। ਗੂਗਲ ਦੇ ਅਨੁਸਾਰ, "ਇਸਦੀ ਨਿਯਮਤ ਵਰਤੋਂ ਕਾਰਨ ਅਰਬਾਂ ਉਪਭੋਗਤਾ ਇਸਦੇ ਆਦੀ ਹੋ ਗਏ ਸਨ।"

ਗੂਗਲ ਨੇ ਕਿਹਾ ਕਿ ਨਵੀਆਂ ਡਿਸਪਲੇ ਸੈਟਿੰਗਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜਾ ਰਹੀਆਂ ਹਨ, ਜਿਵੇਂ ਕਿ ਨੋਟੀਫਿਕੇਸ਼ਨ, ਕਲਰ ਥੀਮ, ਫੋਟੋਆਂ, ਜੀਮੇਲ ਅਤੇ ਵਾਚ (ਘੜੀ) ਆਦਿ।

ਉਪਭੋਗਤਾ ਦੀ ਇਜਾਜ਼ਤ ਤੋਂ ਬਿਨਾਂ ਸੈਟਿੰਗਾਂ ਕਿਵੇਂ ਬਦਲੀਆਂ ਗਈਆਂ?

ਗੂਗਲ

ਤਸਵੀਰ ਸਰੋਤ, Michael M. Santiago/Getty Images

ਤਸਵੀਰ ਕੈਪਸ਼ਨ, ਗੂਗਲ ਦਾ ਕਹਿਣਾ ਹੈ ਕਿ ਇਸ ਅਪਡੇਟ ਨਾਲ ਫ਼ੋਨ ਦਾ ਸਾਫਟਵੇਅਰ ਅਤੇ ਡਿਸਪਲੇ ਪਹਿਲਾਂ ਨਾਲੋਂ ਸਰਲ, ਤੇਜ਼ ਅਤੇ ਵਰਤੋਂ ਵਿੱਚ ਵਧੇਰੇ ਸੁਖਾਲਾ ਹੋ ਜਾਵੇਗਾ

ਗੂਗਲ ਨੇ ਦੱਸਿਆ ਹੈ ਕਿ 'ਮਟੀਰੀਅਲ 3ਡੀ ਐਕਸਪ੍ਰੈਸਿਵ' ਅਪਡੇਟ ਦੇ ਤਹਿਤ ਐਂਡਰਾਇਡ ਫੋਨ ਦੇ ਕਾਲ ਐਪ ਦੇ ਡਿਜ਼ਾਈਨ 'ਚ ਬਦਲਾਅ ਕੀਤਾ ਗਿਆ ਹੈ।

ਕੁਝ ਉਪਭੋਗਤਾਵਾਂ ਲਈ ਇਹ ਅਪਡੇਟ ਜੂਨ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਫਿਰ ਵੱਖ-ਵੱਖ ਪੜਾਵਾਂ ਵਿੱਚ ਵਿਆਪਕ ਤੌਰ 'ਤੇ ਲਾਗੂ ਕੀਤਾ ਗਿਆ।

ਗੂਗਲ ਦੇ ਅਨੁਸਾਰ, ਇਸ ਪਿੱਛੇ ਉਦੇਸ਼ ਐਂਡਰਾਇਡ ਦੇ ਕਾਲਿੰਗ ਐਪ ਦੀ ਵਰਤੋਂ ਨੂੰ ਆਸਾਨ ਬਣਾਉਣਾ ਹੈ।

ਗੂਗਲ ਨੇ 'ਰਿਸੈਂਟ ਕਾਲਜ਼' ਅਤੇ 'ਫੇਵਰਿਟਸ' (ਹਾਲ 'ਚ ਕੀਤੇ ਗਏ ਕਾਲ ਅਤੇ ਪਸੰਦੀਦਾ ਸੰਪਰਕ) ਆਪਸ਼ਨਾਂ ਨੂੰ ਹਟਾ ਦਿੱਤਾ ਹੈ ਅਤੇ ਉਨ੍ਹਾਂ ਨੂੰ 'ਹੋਮ' ਨਾਲ ਹੀ ਮਿਲਾ ਦਿੱਤਾ ਹੈ। ਇਸ ਲਈ ਹੁਣ ਜਦੋਂ ਤੁਸੀਂ ਕਾਲ ਲਈ ਫੋਨ ਐਪ ਖੋਲ੍ਹਦੇ ਹੋ, ਤਾਂ ਤੁਹਾਨੂੰ ਸਿਰਫ 'ਹੋਮ' ਅਤੇ 'ਕੀਪੈਡ' ਵਿਕਲਪ ਹੀ ਦਿਖਾਈ ਦੇਣਗੇ।

ਕੰਪਨੀ ਦੇ ਅਨੁਸਾਰ, ਹੁਣ ਇੱਕੋ ਨੰਬਰ ਤੋਂ ਆਉਣ ਵਾਲੀਆਂ ਸਾਰੀਆਂ ਕਾਲਾਂ ਇਕੱਠੀਆਂ ਜਾਂ ਇੱਕੋ ਜਗ੍ਹਾ 'ਤੇ ਨਹੀਂ ਦਿਖਾਈ ਦੇਣਗੀਆਂ, ਸਗੋਂ ਸਮੇਂ ਦੇ ਅਨੁਸਾਰ ਕਾਲ ਹਿਸਟਰੀ ਵਿੱਚ ਦਿਖਾਈ ਦੇਣਗੀਆਂ। ਇਸ ਲਈ ਤੁਹਾਨੂੰ ਵਾਰ-ਵਾਰ ਸੰਪਰਕ (ਕਾਨਟੈਕਟ) ਨੂੰ ਸਰਚ ਕਰਨ ਜਾਂ ਲੱਭਣ ਦੀ ਲੋੜ ਨਹੀਂ ਪਵੇਗੀ।

ਗੂਗਲ ਦਾ ਕਹਿਣਾ ਹੈ ਕਿ ਇਸ ਨਾਲ ਉਪਭੋਗਤਾ ਆਪਣੀ ਕਾਲ ਹਿਸਟਰੀ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਣ ਸਕਣਗੇ। ਕੰਪਨੀ ਇਹ ਵੀ ਕਹਿੰਦੀ ਹੈ ਕਿ ਹੁਣ ਹਰੇਕ ਨੰਬਰ ਨੂੰ ਵੱਖਰੇ ਤੌਰ 'ਤੇ ਖੋਲ੍ਹਣ ਦੀ ਜ਼ਰੂਰਤ ਨਹੀਂ ਹੋਵੇਗੀ, ਇਹ ਦੇਖਣ ਲਈ ਕਿ ਕਿੰਨੀਆਂ ਮਿਸਡ ਕਾਲਾਂ ਹਨ ਜਾਂ ਕਿੰਨੀਆਂ ਚੁੱਕੀਆਂ ਗਈਆਂ ਹਨ।

ਗੂਗਲ

ਇਸ ਦੇ ਨਾਲ ਹੀ, ਉਪਭੋਗਤਾਵਾਂ ਦੇ ਫੀਡਬੈਕ ਤੋਂ ਬਾਅਦ 'ਇਨਕਮਿੰਗ ਕਾਲ' ਦਾ ਡਿਜ਼ਾਈਨ ਵੀ ਬਦਲਿਆ ਗਿਆ ਹੈ। ਇਨਕਮਿੰਗ ਕਾਲ ਦਾ ਡਿਜ਼ਾਈਨ ਇਸ ਲਈ ਬਦਲਿਆ ਗਿਆ ਹੈ ਤਾਂ ਜੋ ਉਪਭੋਗਤਾ ਜੇਬ ਵਿੱਚੋਂ ਫ਼ੋਨ ਕੱਢਦੇ ਸਮੇਂ ਗਲਤੀ ਨਾਲ ਕਾਲ ਰਿਸੀਵ ਜਾਂ ਡਿਸਕਨੈਕਟ ਨਾ ਕਰ ਦੇਣ।

ਗੂਗਲ ਦੇ ਮੈਸੇਜ ਅਤੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਤੋਂ ਜਾਪਦਾ ਹੈ ਕਿ ਬਹੁਤ ਸਾਰੇ ਉਪਭੋਗਤਾਵਾਂ ਦੇ ਫੋਨ ਐਪਸ ਆਪਣੇ ਆਪ ਅਪਡੇਟ ਹੋ ਗਏ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀਆਂ ਫੋਨ ਸੈਟਿੰਗਾਂ ਅਜੇ ਵੀ ਨਹੀਂ ਬਦਲੀਆਂ ਹਨ।

ਗੂਗਲ ਬਲੌਗ 'ਤੇ ਇੱਕ ਉਪਭੋਗਤਾ ਨੇ ਇਸਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਕੁਝ ਉਪਭੋਗਤਾਵਾਂ ਨੇ ਆਪਣੇ ਫੋਨਾਂ 'ਤੇ ਗੂਗਲ ਪਲੇ ਸਟੋਰ (ਐਪਸ ਨੂੰ ਇੰਸਟਾਲ ਕਰਨ ਜਾਂ ਅਪਡੇਟ ਕਰਨ ਦੀ ਜਗ੍ਹਾ) 'ਤੇ ਆਟੋ-ਅਪਡੇਟ ਦਾ ਵਿਕਲਪ ਚੁਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਕੁਝ ਐਪਸ ਆਪਣੇ ਆਪ ਅਪਡੇਟ ਹੋ ਜਾਂਦੇ ਹਨ।

ਉਨ੍ਹਾਂ ਲਿਖਿਆ ਕਿ ਉਪਭੋਗਤਾ ਇਨ੍ਹਾਂ ਆਟੋ-ਅਪਡੇਟਾਂ ਨੂੰ ਬੰਦ ਕਰ ਸਕਦੇ ਹਨ ਅਤੇ ਫੋਨ ਸੈਟਿੰਗਾਂ ਵਿੱਚ ਜਾ ਕੇ 'ਅਨਇੰਸਟਾਲ ਅਪਡੇਟ' ਦੇ ਵਿਕਲਪ 'ਤੇ ਕਲਿੱਕ ਕਰ ਸਕਦੇ ਹਨ ਅਤੇ ਪਿਛਲੀਆਂ ਸੈਟਿੰਗਾਂ ਦੇ ਅਨੁਸਾਰ ਫੋਨ ਕਾਲ ਡਿਸਪਲੇ ਸੈਟਿੰਗਾਂ ਬਣਾ ਸਕਦੇ ਹਨ।

ਫੋਨ

ਤਸਵੀਰ ਸਰੋਤ, Google

ਤਸਵੀਰ ਕੈਪਸ਼ਨ, ਇਹ ਬਦਲਾਅ ਸਿਰਫ ਐਂਡਰਾਇਡ ਫੋਨਾਂ 'ਤੇ ਕੀਤੇ ਗਏ ਹਨ, ਆਈਓਐਸ (iOS) ਫੋਨਾਂ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ

ਮਸ਼ਹੂਰ ਮੋਬਾਈਲ ਕੰਪਨੀ ਵਨਪਲੱਸ ਨੇ ਵੀ ਇਹੀ ਗੱਲ ਕਹੀ ਹੈ।

ਜਦੋਂ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇੱਕ ਉਪਭੋਗਤਾ ਨੇ ਕੰਪਨੀ ਨੂੰ ਪੁੱਛਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਤਾਂ ਕੰਪਨੀ ਨੇ ਕਿਹਾ, "ਇਹ ਵਨਪਲੱਸ ਤੋਂ ਨਹੀਂ, ਸਗੋਂ ਗੂਗਲ ਫੋਨ ਐਪ ਦੇ ਅਪਡੇਟ ਤੋਂ ਹੈ। ਜੇਕਰ ਤੁਹਾਨੂੰ ਅਜੇ ਵੀ ਆਪਣੇ ਫੋਨ ਵਿੱਚ ਪੁਰਾਣਾ ਸਟਾਈਲ ਪਸੰਦ ਹੈ ਤਾਂ ਤੁਸੀਂ ਅਪਡੇਟ ਨੂੰ ਅਨਇੰਸਟਾਲ ਕਰ ਸਕਦੇ ਹੋ।"

ਇਸ ਲਈ, ਜੇਕਰ ਤੁਸੀਂ ਵੀ ਆਪਣੇ ਐਂਡਰਾਇਡ ਫੋਨ ਵਿੱਚ ਇਹ ਨਵੇਂ ਬਦਲਾਅ ਦੇਖੇ ਹਨ ਤਾਂ ਚਿੰਤਾ ਨਾ ਕਰੋ।

ਪਰ ਜੇਕਰ ਤੁਹਾਨੂੰ ਅਜੇ ਵੀ ਪੁਰਾਣਾ ਸਟਾਈਲ ਪਸੰਦ ਹੈ ਅਤੇ ਤੁਸੀਂ ਇਹ ਨਵੇਂ ਅਪਡੇਟ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਨਵੇਂ ਅਪਡੇਟ ਨੂੰ ਅਨਇੰਸਟਾਲ ਵੀ ਕਰ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)