'ਘਰ ਦੇ ਟਾਇਲਟ ਜਨਤਕ ਟਾਇਲਟਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ' - ਸਿਹਤ ਮਾਹਰ ਕਿਸ ਤਰਕ ਨਾਲ ਸਮਝਾ ਰਹੇ ਇਹ ਗੱਲ

ਟਾਇਲਟ

ਤਸਵੀਰ ਸਰੋਤ, Getty Images

    • ਲੇਖਕ, ਸੋਫੀਆ ਕੁਆਗਲੀਆ
    • ਰੋਲ, ਬੀਬੀਸੀ ਫਿਊਚਰ

ਜਦੋਂ ਤੁਸੀਂ ਇੱਕ ਅਜਿਹੀ ਟਾਇਲਟ ਸੀਟ 'ਤੇ ਬੈਠਦੇ ਹੋ ਜਿਸਦੀ ਵਰਤੋਂ ਦਿਨ ਭਰ 'ਚ ਸੈਂਕੜੇ ਲੋਕ ਕਰਦੇ ਹਨ, ਤਾਂ ਤੁਹਾਡੇ ਮਨ 'ਚ ਇਹ ਖਿਆਲ ਤਾਂ ਜ਼ਰੂਰ ਆਉਂਦਾ ਹੋਵੇਗਾ ਕਿ ਕਿਤੇ ਇਸ ਸੀਟ 'ਤੇ ਰੋਗਾਣੂ ਤਾਂ ਨਹੀਂ ਹਨ ਜਾਂ ਫਿਰ ਇੱਕ ਟਾਇਲਟ ਸੀਟ 'ਤੇ ਰੋਗਾਣੂ ਜਾਂ ਰੋਗ ਫੈਲਾਉਣ ਵਾਲੇ ਬੈਕਟੀਰੀਆ ਕਿੰਨਾ ਚਿਰ ਜਿਉਂਦੇ ਰਹਿ ਸਕਦੇ ਹਨ।

ਜਨਤਕ ਟਾਇਲਟ ਵਿੱਚ ਪੈਰ ਧਰਨ ਵੇਲੇ ਹਰ ਕਿਸੇ ਨੂੰ ਇੱਕ "ਸੂਗ" ਆਉਂਦੀ ਹੈ। ਟਾਇਲਟ ਸੀਟ ਅਤੇ ਫਰਸ਼ 'ਤੇ ਪਿਸ਼ਾਬ ਦੇ ਛਿੱਟੇ, ਕਿਸੇ ਹੋਰ ਦੇ ਸਰੀਰਕ ਤਰਲ ਪਦਾਰਥਾਂ ਦੀ ਤੇਜ਼ ਗੰਧ ਆਦਿ ਤੁਹਾਡੇ ਨੱਕ ਤਾਂ ਸੜਾ ਹੀ ਦਿੰਦੇ ਹਨ ਨਾਲ ਹੀ ਤੁਹਾਡਾ ਦਿਮਾਗ ਵੀ ਉਸ ਦ੍ਰਿਸ਼ ਨੂੰ ਭੁੱਲ ਨਹੀਂ ਪਾਉਂਦਾ, ਨਤੀਜੇ ਵਜੋਂ ਤੁਹਾਨੂੰ ਬੇਚੈਨੀ ਮਹਿਸੂਸ ਹੋ ਸਕਦੀ ਹੈ।

ਇਸੇ ਸੂਗ ਦੀ ਭਾਵਨਾ ਦੇ ਚੱਲਦਿਆਂ ਕੁਝ ਲੋਕ ਆਪਣੀ ਕੂਹਣੀ ਨਾਲ ਦਰਵਾਜ਼ਾ ਖੋਲ੍ਹਦੇ ਹਨ, ਕਈ ਆਪਣੇ ਪੈਰ ਨਾਲ ਪਾਣੀ ਦੀ ਟੂਟੀ ਚਾਲੂ ਕਰਦੇ ਹਨ, ਜਾਂ ਕੁਝ ਲੋਕ ਤਾਂ ਪੂਰੀ ਸੀਟ ਨੂੰ ਹੀ ਟਾਇਲਟ ਪੇਪਰ ਨਾਲ ਢੱਕ ਦਿੰਦੇ ਹਨ।

ਜੇ ਫਿਰ ਵੀ ਦਿਲ ਤੇ ਦਿਮਾਗ ਗਵਾਹੀ ਨਾ ਦੇਵੇ ਤਾਂ ਹੋ ਸਕਦਾ ਹੈ ਕਿ ਕੁਝ ਲੋਕ ਟਾਇਲਟ ਸੀਟ 'ਤੇ ਬੈਠੇ ਬਿਨ੍ਹਾਂ ਹੀ ਇਸਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ।

ਪਰ ਕੀ ਟਾਇਲਟ ਸੀਟ 'ਤੇ ਬੈਠਣਾ ਸੱਚਮੁੱਚ ਬਿਮਾਰੀਆਂ ਫੈਲਾ ਸਕਦਾ ਹੈ? ਕੀ ਇਹ ਤਰੀਕੇ ਜੋ ਕੁਝ ਲੋਕ ਸੀਟ ਨੂੰ ਛੂਹਣ ਤੋਂ ਬਚਣ ਲਈ ਵਰਤਦੇ ਹਨ, ਕੰਮ ਵੀ ਕਰਦੇ ਹਨ ਜਾਂ ਫਿਰ ਬੇਲੋੜੇ ਹਨ? ਆਓ ਜਾਣਦੇ ਹਾਂ ਕਿ ਸੂਖਮ ਜੀਵ ਵਿਗਿਆਨੀਆਂ ਦਾ ਇਸ ਬਾਰੇ ਕੀ ਕਹਿਣਾ ਹੈ।

ਸਾਨੂੰ ਕੀ ਸਮਝਣ ਦੀ ਲੋੜ ਹੈ?

ਟਾਇਲਟ ਸੀਟ

ਤਸਵੀਰ ਸਰੋਤ, Getty Images

"ਸਿਧਾਂਤਕ ਤੌਰ 'ਤੇ ਟਾਇਲਟ ਸੀਟ ਤੋਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਹੁੰਦੀ ਹੈ, ਪਰ ਇਹ ਜੋਖਮ ਬਹੁਤ ਘੱਟ ਹੈ।" ਇਹ ਕਹਿਣਾ ਹੈ ਯੂਨੀਵਰਸਿਟੀ ਆਫ਼ ਸਾਊਥ ਫਲੋਰੀਡਾ ਵਿੱਚ ਪਬਲਿਕ ਹੈਲਥ ਅਤੇ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਜਿਲ ਰੌਬਰਟਸ ਦਾ।

ਮਿਸਾਲ ਵਜੋਂ, ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ (STDs) ਦੀ ਗੱਲ ਕਰਦੇ ਹਾਂ। ਗੋਨੋਰੀਆ ਤੋਂ ਲੈ ਕੇ ਕਲੈਮੀਡੀਆ ਤੱਕ, ਉਨ੍ਹਾਂ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਅਤੇ ਵਾਇਰਸ ਕਿਸੇ ਜੀਵਤ ਜੀਵ ਦੇ ਸਰੀਰ ਦੇ ਬਾਹਰ, ਖਾਸ ਕਰਕੇ ਟਾਇਲਟ ਸੀਟ ਵਰਗੀ ਠੰਡੀ, ਸਖ਼ਤ ਸਤ੍ਹਾ 'ਤੇ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ।

ਇਸੇ ਕਰਕੇ ਇਹ ਸਮਝਿਆ ਜਾਂਦਾ ਹੈ ਕਿ ਜ਼ਿਆਦਾਤਰ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਸਿੱਧੇ ਜਣਨ ਸੰਪਰਕ ਅਤੇ ਸਰੀਰਕ ਤਰਲ ਪਦਾਰਥਾਂ ਦੇ ਆਦਾਨ-ਪ੍ਰਦਾਨ ਨਾਲ ਫੈਲਦੀਆਂ ਹਨ।

ਰੌਬਰਟਸ ਕਹਿੰਦੇ ਹਨ ਕਿ ਇੱਕੋ-ਇੱਕ ਜੋਖਮ ਇਹ ਹੈ ਕਿ ਜੇਕਰ ਟਾਇਲਟ ਸੀਟ 'ਤੇ ਮੌਜੂਦ ਕਿਸੇ ਹੋਰ ਦੇ ਸਰੀਰਕ ਤਰਲ ਪਦਾਰਥ ਤੁਰੰਤ ਹੱਥਾਂ ਜਾਂ ਟਾਇਲਟ ਪੇਪਰ ਰਾਹੀਂ ਦੂਜੇ ਵਿਅਕਤੀ ਦੇ ਜਣਨ ਅੰਗਾਂ ਤੱਕ ਪਹੁੰਚ ਜਾਂਦੇ ਹਨ, ਤਾਂ ਸਮੱਸਿਆ ਹੋ ਸਕਦੀ ਹੈ।

ਇਸ ਲਈ ਸਾਵਧਾਨ ਰਹਿਣਾ ਅਤੇ ਗੰਦੇ ਟਾਇਲਟਾਂ ਤੋਂ ਬਚਣਾ ਬਿਹਤਰ ਹੈ।

ਟਾਇਲਟ ਸੀਟ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਪਰ ਇਸ ਬਾਰੇ ਇੰਨੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਤੁਸੀਂ ਇਸ ਨੂੰ ਲੈ ਕੇ ਬੇਚੈਨ ਹੀ ਹੋ ਜਾਵੋ।

ਉਹ ਕਹਿੰਦੇ ਹਨ, "ਜੇ ਟਾਇਲਟ ਸੀਟਾਂ ਆਸਾਨੀ ਨਾਲ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਨੂੰ ਸੰਚਾਰਿਤ ਕਰ ਸਕਦੀਆਂ ਹਨ ਤਾਂ ਉਹ ਹਰ ਉਮਰ ਦੇ ਲੋਕਾਂ ਅਤੇ ਉਨ੍ਹਾਂ ਲੋਕਾਂ ਵਿੱਚ ਵੀ ਵਧੇਰੇ ਵਾਰ ਵੇਖੀਆਂ ਜਾਣਗੀਆਂ ਜੋ ਜਿਨਸੀ ਤੌਰ 'ਤੇ ਕਿਰਿਆਸ਼ੀਲ ਨਹੀਂ ਸਨ।''

ਰੌਬਰਟਸ ਕਹਿੰਦੇ ਹਨ ਕਿ ਇਸੇ ਤਰ੍ਹਾਂ ਟਾਇਲਟ ਸੀਟ ਤੋਂ ਖੂਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਲਾਗ ਦੀ ਸੰਭਾਵਨਾ ਵੀ ਬਹੁਤ ਘੱਟ ਹੈ।

ਉਹ ਕਹਿੰਦੇ ਹਨ ਕਿ ਪਹਿਲੀ ਗੱਲ ਤਾਂ ਇਹ ਕਿ ਜੇ ਤੁਸੀਂ ਕਿਸੇ ਟਾਇਲਟ ਸੀਟ 'ਤੇ ਖੂਨ ਦੇਖੋਗੇ ਤਾਂ ਇਸਦੇ ਇਸਤੇਮਾਲ ਤੋਂ ਬਚੋਗੇ ਜਾਂ ਇਸਤੇਮਾਲ ਹੀ ਨਹੀਂ ਕਰੋਗੇ। ਦੂਜਾ, ਉਹ ਇਹ ਵੀ ਕਹਿੰਦੇ ਹਨ ਕਿ ਖੂਨ ਸਬੰਧਤ ਰੋਗਾਣੂ ਆਸਾਨੀ ਨਾਲ ਸੰਚਾਰਿਤ ਨਹੀਂ ਹੁੰਦੇ, ਜਦੋਂ ਤੱਕ ਉਨ੍ਹਾਂ ਨੂੰ ਜਿਨਸੀ ਗਤੀਵਿਧੀ ਜਾਂ ਦੂਸ਼ਿਤ ਸੂਈਆਂ ਰਾਹੀਂ ਸਰੀਰ ਦੇ ਅੰਦਰ ਨਹੀਂ ਪਹੁੰਚਾਇਆ ਜਾਂਦਾ।

ਰੌਬਰਟਸ ਕਹਿੰਦੇ ਹਨ ਕਿ ਇਸੇ ਤਰ੍ਹਾਂ, ਤੁਹਾਨੂੰ ਕਿਸੇ ਹੋਰ ਦੀ ਟਾਇਲਟ ਸੀਟ ਤੋਂ ਪਿਸ਼ਾਬ ਨਾਲੀ ਦੀ ਲਾਗ (ਯੂਟੀਆਈ) ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।

ਉਹ ਕਹਿੰਦੇ ਹਨ ਕਿ ਟਾਇਲਟ ਸੀਟ ਤੋਂ ਪਿਸ਼ਾਬ ਨਾਲੀ ਵਿੱਚ ਮਲ-ਮੂਤਰ ਦੇ ਰੋਗਾਣੂਆਂ ਦਾ ਜਾਣਾ ਇੱਕੋ-ਇੱਕ ਤਰੀਕਾ ਹੈ ਜਿਸ ਨਾਲ ਪਿਸ਼ਾਬ ਨਾਲੀ ਦੀ ਲਾਗ ਹੋ ਸਕਦੀ ਹੈ, ਪਰ ਇਸਦੇ ਲਈ ਵੱਡੀ ਮਾਤਰਾ ਵਿੱਚ ਮਲ ਦੀ ਲੋੜ ਹੁੰਦੀ ਹੈ।

ਉਹ ਇਹ ਵੀ ਦੱਸਦੇ ਹਨ ਕਿ ਆਪਣੇ ਹੀ ਮਲ ਨੂੰ ਜਣਨ ਅੰਗਾਂ ਦੇ ਬਹੁਤ ਨੇੜੇ ਪੂੰਝਣ ਨਾਲ ਪਿਸ਼ਾਬ ਨਾਲੀ ਦੀ ਲਾਗ (ਯੂਟੀਆਈ) ਹੋਣ ਦਾ ਜੋਖਮ ਵੱਧ ਜਾਂਦਾ ਹੈ।

ਤੁਹਾਨੂੰ ਹੋਰ ਕੀ ਪ੍ਰਭਾਵਿਤ ਕਰ ਸਕਦਾ ਹੈ?

ਟਾਇਲਟ ਸੀਟ

ਤਸਵੀਰ ਸਰੋਤ, Getty Images

ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦੇ ਕੁਝ ਅਪਵਾਦ ਹਨ। ਮਨੁੱਖੀ ਪੈਪੀਲੋਮਾਵਾਇਰਸ (ਐਚਪੀਵੀ), ਜੋ ਜਣਨ ਅੰਗਾਂ ਦੇ ਵਾਰਟਸ ਦਾ ਕਾਰਨ ਬਣਦੇ ਹਨ, ਇੱਕ ਹਫ਼ਤੇ ਤੱਕ ਸਤਹਾਂ 'ਤੇ ਜਿਉਂਦੇ ਰਹਿ ਸਕਦੇ ਹਨ, ਪਰ ਇਹ ਵੀ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ।

ਨੇਵਾਡਾ ਦੀ ਟੂਰੋ ਯੂਨੀਵਰਸਿਟੀ ਵਿੱਚ ਮਾਈਕ੍ਰੋਬਾਇਓਲੋਜੀ ਅਤੇ ਇਮਯੂਨੋਲੋਜੀ ਵਿਭਾਗ ਦੇ ਪ੍ਰੋਫੈਸਰ ਕੈਰਨ ਡਿਊਸ ਕਹਿੰਦੇ ਹਨ, "ਇਹ ਵਾਇਰਸ ਬਹੁਤ ਛੋਟੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬਹੁਤ ਸਥਿਰ ਪ੍ਰੋਟੀਨ ਸ਼ੈੱਲ ਹੁੰਦੇ ਹਨ। ਇਹ ਉਨ੍ਹਾਂ ਨੂੰ ਵਾਤਾਵਰਣ ਵਿੱਚ ਲੰਬੇ ਸਮੇਂ ਤੱਕ 'ਸਮੇਂ' ਤੱਕ ਜਿਉਂਦੇ ਰਹਿਣ ਦੀ ਸਮਰੱਥਾ ਦਿੰਦੇ ਹਨ।"

ਇਹ ਵਾਇਰਸ (ਐਚਪੀਵੀ) ਹੈਂਡ ਸੈਨੀਟਾਈਜ਼ਰ ਪ੍ਰਤੀ ਰੋਧਕ ਹੁੰਦਾ ਹੈ। ਡਿਊਸ ਕਹਿੰਦੇ ਹਨ ਕਿ ਉਸ ਸਖ਼ਤ, ਸੁਰੱਖਿਆ ਵਾਲੀ ਪ੍ਰੋਟੀਨ ਪਰਤ ਨੂੰ ਨਸ਼ਟ ਕਰਨ ਲਈ 10 ਫੀਸਦੀ ਬਲੀਚ ਦੀ ਲੋੜ ਹੁੰਦੀ ਹੈ।

ਹਾਲਾਂਕਿ, ਇਹ ਵਾਇਰਸ ਸਿਰਫ਼ ਉਦੋਂ ਹੀ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਜਦੋਂ ਤੁਸੀਂ ਟਾਇਲਟ 'ਤੇ ਬੈਠੇ ਹੁੰਦੇ ਹੋਵੋ ਅਤੇ ਉਸ ਦੌਰਾਨ ਜਣਨ ਖੇਤਰ ਦੀ ਚਮੜੀ ਸੰਕਰਮਿਤ ਹੋਵੇ, ਭਾਵ ਜੇਕਰ ਉੱਥੇ ਕੋਈ ਧੱਫੜ/ਰੈਸ਼ ਜਾਂ ਜ਼ਖ਼ਮ ਹੋਵੇ।

ਇਸ ਲਈ ਇਹ ਵਾਇਰਸ (ਐਚਪੀਵੀ) ਆਮ ਤੌਰ 'ਤੇ ਸਿਰਫ਼ ਮੂੰਹ, ਗੁਦਾ ਅਤੇ ਯੋਨੀ ਸਬੰਧ ਵਰਗੇ ਸੰਪਰਕ ਰਾਹੀਂ ਹੀ ਪ੍ਰਸਾਰਿਤ ਹੁੰਦਾ ਹੈ।

ਇਸੇ ਤਰ੍ਹਾਂ, ਜੇਕਰ ਜਣਨ ਅੰਗਾਂ 'ਚ ਹਰਪੀਜ਼ (ਦਾਦ ਜਾਂ ਲਾਗ) ਵਾਲਾ ਕੋਈ ਵਿਅਕਤੀ ਟਾਇਲਟ ਸੀਟ 'ਤੇ ਇਹ ਵਾਇਰਸ ਫੈਲਾ ਸਕਦਾ ਹੈ।

ਅਮਰੀਕੀ ਔਨਲਾਈਨ ਸਿਹਤ ਸੇਵਾ ਕੰਪਨੀ ਟਰੀਟੇਡ ਡਾਟ ਕਾਮ ਦੇ ਮੈਡੀਕਲ ਡਾਇਰੈਕਟਰ ਡੈਨੀਅਲ ਐਟਕਿੰਸਨ ਕਹਿੰਦੇ ਹਨ ਕਿ ਇਸ ਤੋਂ ਬਾਅਦ, ਜੇਕਰ ਉਸ ਟਾਇਲਟ ਸੀਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਜੇ ਜਣਨ ਅੰਗਾਂ ਦੀ ਚਮੜੀ ਸਬੰਧੀ ਕੋਈ ਦਿੱਕਤ ਹੈ ਜਾਂ ਜੇ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ, ਤਾਂ ਉਨ੍ਹਾਂ ਵੀ ਅਜਿਹੀ ਸੀਟ 'ਤੇ ਬੈਠਣ ਨਾਲ ਜੋਖਮ ਹੋ ਸਕਦਾ ਹੈ।

ਪਰ ਨਾਲ ਹੀ ਉਹ ਇਹ ਕਿ ਕਹਿੰਦੇ ਹਨ ਕਿ ਅਜਿਹਾ ਹੋਣਾ ਬਹੁਤ ਹੱਦ ਤੱਕ ਅਸੰਭਵ ਹੁੰਦਾ ਹੈ।

ਟਾਇਲਟ ਸੀਟ

ਤਸਵੀਰ ਸਰੋਤ, Getty Images

ਤਾਂ ਕੀ ਸਾਨੂੰ ਟਾਇਲਟ ਸੀਟ ਨੂੰ ਢੱਕ ਕੇ ਬੈਠਣਾ ਚਾਹੀਦਾ ਹੈ, ਜਾਂ ਟਾਇਲਟ ਦੇ ਇਸਤੇਮਾਲ ਸਮੇਂ ਇਸ ਤਰ੍ਹਾਂ (ਸਕੁਐਟ ਪੁਜ਼ੀਸ਼ਨ) 'ਚ ਇਸ ਝੁਕਣਾ ਚਾਹੀਦਾ ਹੈ ਤਾਂ ਜੋ ਸਾਨੂੰ ਇਸਨੂੰ ਛੂਹਣਾ ਨਾ ਪਵੇ?

ਟਾਇਲਟ ਸੀਟ 'ਤੇ ਬੈਠਣ ਤੋਂ ਪਹਿਲਾਂ ਇਸਨੂੰ ਟਿਸ਼ੂ ਪੇਪਰ ਜਾਂ ਕਾਗਜ਼ ਨਾਲ ਢਕਣਾ ਜਾਂ ਟਾਇਲਟ-ਸੀਟ ਕਵਰ ਦੀ ਵਰਤੋਂ ਕਰਨਾ, ਜਨਤਕ ਟਾਇਲਟ ਦੀ ਵਰਤੋਂ ਕਰਨ ਦਾ ਸਭ ਤੋਂ ਸਾਫ਼ ਤਰੀਕਾ ਜਾਪ ਸਕਦਾ ਹੈ।

2023 ਤੋਂ ਖੋਜ ਸਮੂਹ YouGov ਦੇ ਇੱਕ ਸਰਵੇਖਣ ਦੇ ਅਨੁਸਾਰ, ਲਗਭਗ 63 ਫੀਸਦੀ ਅਮਰੀਕੀ ਜਨਤਕ ਟਾਇਲਟ ਦੀ ਵਰਤੋਂ ਕਰਦੇ ਸਮੇਂ ਬੈਠ ਜਾਂਦੇ ਹਨ - ਪਰ ਉਨ੍ਹਾਂ ਵਿੱਚੋਂ ਅੱਧੇ ਲੋਕ ਟਾਇਲਟ ਰੋਲ ਨਾਲ ਪਹਿਲਾਂ ਸੀਟ ਨੂੰ ਢਕਦੇ ਹਨ। ਉਸੇ ਸਰਵੇਖਣ ਵਿੱਚ ਪਾਇਆ ਗਿਆ ਕਿ ਲਗਭਗ 20 ਫੀਸਦੀ ਲੋਕ ਪੂਰੀ ਤਰ੍ਹਾਂ ਬੈਠਣ ਦੀ ਬਜਾਏ, ਬਿਨਾਂ ਬੈਠੇ ਹੀ ਸਕੁਐਟ ਪੁਜ਼ੀਸ਼ਨ 'ਚ ਟਾਇਲਟ ਦਾ ਇਸਤੇਮਾਲ ਕਰਦੇ ਹਨ।

ਹਾਲਾਂਕਿ, ਟਾਇਲਟ ਪੇਪਰ ਜਾਂ ਟਾਇਲਟ ਕਵਰ ਦੀ ਇੱਕ ਪਰਤ ਸੰਭਾਵਤ ਤੌਰ 'ਤੇ ਤੁਹਾਨੂੰ ਰੋਗਾਣੂਆਂ ਤੋਂ ਨਹੀਂ ਬਚਾਏਗੀ - ਉਹ ਪੋਰਸ ਸਮੱਗਰੀ ਦੇ ਬਣੇ ਹੁੰਦੇ ਹਨ, ਇਸ ਲਈ ਉਹ ਕੀਟਾਣੂਆਂ ਨੂੰ ਤੁਹਾਡੇ ਜਣਨ ਅੰਗਾਂ ਤੱਕ ਪਹੁੰਚਣ ਅਤੇ ਛੂਹਣ ਤੋਂ ਨਹੀਂ ਰੋਕ ਸਕਦੇ।

ਓਹੀਓ ਸਟੇਟ ਯੂਨੀਵਰਸਿਟੀ ਵੇਕਸਨਰ ਮੈਡੀਕਲ ਸੈਂਟਰ ਵਿੱਚ ਪੇਲਵਿਕ ਸਿਹਤ ਵਿੱਚ ਇੱਕ ਕਲੀਨਿਕਲ ਮਾਹਰ ਸਟੈਫਨੀ ਬੋਬਿੰਗਰ ਦੇ ਅਨੁਸਾਰ, ਸਕੁਐਟ ਪੁਜ਼ੀਸ਼ਨ 'ਚ ਟਾਇਲਟ ਦਾ ਇਸਤੇਮਾਲ ਸੰਭਾਵੀ ਤੌਰ 'ਤੇ ਫਾਇਦੇਮੰਦ ਹੋਣ ਦੀ ਬਜਾਏ ਨੁਕਸਾਨ ਜ਼ਿਆਦਾ ਕਰ ਸਕਦਾ ਹੈ।

ਜਦੋਂ ਮਹਿਲਾਵਾਂ ਪਿਸ਼ਾਬ ਕਰਨ ਲਈ ਟਾਇਲਟ ਉੱਤੇ ਝੁਕਦੀਆਂ ਹਨ, ਤਾਂ ਉਨ੍ਹਾਂ ਦੀਆਂ ਪੇਲਵਿਕ ਫਲੋਰ ਅਤੇ ਪੇਲਵਿਕ ਗਰਡਲ ਮਾਸਪੇਸ਼ੀਆਂ ਸੁੰਗੜਦੀਆਂ ਹਨ। ਇਹ ਸਥਿਤੀ ਬਲੈਡਰ ਤੋਂ ਪਿਸ਼ਾਬ ਦੇ ਪ੍ਰਵਾਹ ਨੂੰ ਰੋਕਦੀ ਹੈ, ਜਿਸ ਨਾਲ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਹੈ ਅਤੇ ਪੇਡੂ 'ਤੇ ਬੇਲੋੜਾ ਦਬਾਅ ਪਾਉਣਾ ਪੈਂਦਾ ਹੈ।

ਇਸਦਾ ਇਹ ਵੀ ਮਤਲਬ ਹੈ ਕਿ ਮਹਿਲਾਵਾਂ ਇਸ ਪ੍ਰਕਿਰਿਆ ਵਿੱਚ ਆਪਣਾ ਪੂਰਾ ਬਲੈਡਰ ਖਾਲੀ ਨਹੀਂ ਕਰ ਸਕਦੀਆਂ, ਜਿਸ ਨਾਲ ਕਈ ਵਾਰ ਪਿਸ਼ਾਬ ਨਾਲੀ ਦੀ ਲਾਗ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ-

ਅਸਲ ਸਮੱਸਿਆ ਕੀ ਹੈ?

ਬਾਥਰੂਮ ਜਾਂ ਟਾਇਲਟ ਤੋਂ ਬਿਮਾਰੀਆਂ ਹੋਣ ਦਾ ਖ਼ਤਰਾ, ਆਮ ਤੌਰ 'ਤੇ ਟਾਇਲਟ ਸੀਟ ਨਾਲ ਤੁਹਾਡੇ ਜਣਨ ਅੰਗਾਂ ਦੇ ਸੰਪਰਕ ਨਾਲ ਨਹੀਂ ਹੁੰਦਾ।

ਰੌਬਰਟਸ ਕਹਿੰਦਾ ਹੈ ਕਿ ਇਸ ਦੀ ਬਜਾਏ, ਇਹ ਤੁਹਾਡੇ ਹੱਥਾਂ ਦੁਆਰਾ ਟਾਇਲਟ ਸੀਟ ਨੂੰ ਛੂਹਣ ਅਤੇ ਤੁਹਾਡੇ ਜਾਂ ਹੋਰ ਲੋਕਾਂ ਦੇ ਸਰੀਰਕ ਪਦਾਰਥਾਂ ਦੇ ਛੋਟੇ ਕਣਾਂ ਤੋਂ ਬੈਕਟੀਰੀਆ ਜਾਂ ਵਾਇਰਸਾਂ ਨਾਲ ਦੂਸ਼ਿਤ ਹੋਣ ਕਾਰਨ ਹੁੰਦਾ ਹੈ - ਅਤੇ ਫਿਰ ਤੁਸੀਂ ਇਨ੍ਹਾਂ ਗੰਦੇ ਹੱਥਾਂ ਨਾਲ ਆਪਣੇ ਚਿਹਰੇ ਅਤੇ ਮੂੰਹ ਨੂੰ ਛੂਹ ਲੈਂਦੇ ਹੋ।

ਉਹ ਕਹਿੰਦੇ ਹਨ, "ਖਤਰਾ ਤੁਹਾਡੇ ਮਲ-ਮੂਤਰ ਤਿਆਗਣ ਵਾਲੇ ਅੰਗਾਂ ਤੋਂ ਨਹੀਂ ਸਗੋਂ ਤੁਹਾਡੇ ਹੱਥਾਂ ਤੋਂ ਤੁਹਾਡੇ ਮੂੰਹ ਨੂੰ ਹੈ।''

ਸ਼ੁਰੂਆਤ ਲਈ, ਟਾਇਲਟ ਸੀਟ 'ਤੇ ਪਏ ਮਲ ਦੇ ਕਣਾਂ ਵਿੱਚ ਐਸਚੇਰੀਚੀਆ ਕੋਲੀ, ਸਾਲਮੋਨੇਲਾ, ਸ਼ਿਗੇਲਾ, ਸਟੈਫ਼ੀਲੋਕੋਕਸ ਜਾਂ ਸਟ੍ਰੈਪਟੋਕੋਕਸ ਵਰਗੇ ਰੋਗਾਣੂ ਹੋ ਸਕਦੇ ਹਨ। ਜਦੋਂ ਇਹ ਸਰੀਰ 'ਚ ਦਾਖਲ ਹੋ ਜਾਂਦੇ ਹਨ ਤਾਂ ਮਤਲੀ, ਉਲਟੀਆਂ ਅਤੇ ਦਸਤ ਵਰਗੇ ਗੈਸਟਰੋਇੰਟੇਸਟਾਈਨਲ ਲੱਛਣਾਂ ਦਾ ਕਾਰਨ ਬਣ ਸਕਦੇ ਹਨ।

ਮਲ ਵਿੱਚ ਨੋਰੋਵਾਇਰਸ ਦੇ ਅੰਸ਼ ਵੀ ਹੋ ਸਕਦੇ ਹਨ। ਇਹ ਬਹੁਤ ਹੀ ਛੂਤ ਵਾਲਾ ਰੋਗਾਣੂ ਦੂਸ਼ਿਤ ਸਤਹਾਂ, ਨਾਲ ਹੀ ਭੋਜਨ ਜਾਂ ਪੀਣ ਵਾਲੇ ਪਦਾਰਥਾਂ, ਜਾਂ ਕਿਸੇ ਬਿਮਾਰ ਵਿਅਕਤੀ ਨਾਲ ਸਿੱਧੇ ਸੰਪਰਕ ਰਾਹੀਂ ਆਸਾਨੀ ਨਾਲ ਫੈਲਦਾ ਹੈ।

ਇਹ ਵਾਤਾਵਰਣ ਮੁਤਾਬਕ ਬਹੁਤ ਹੀ ਢਲਣ ਯੋਗ ਹੁੰਦਾ ਹੈ। ਕੁਝ ਸਤਹਾਂ 'ਤੇ ਤਾਂ ਇਹ ਦੋ ਮਹੀਨਿਆਂ ਤੱਕ ਜੀਉਂਦਾ ਰਹਿ ਸਕਦਾ ਹੈ ਅਤੇ ਥੋੜ੍ਹਾ ਜਿਹਾ ਵਾਇਰਸ ਵੀ ਕਿਸੇ ਨੂੰ ਬਿਮਾਰ ਕਰਨ ਵਿੱਚ ਬਹੁਤ ਵਵਦੀ ਭੂਮਿਕਾ ਨਿਭਾ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਵਾਇਰਸ ਦੇ 10 ਤੋਂ 100 ਕਣ ਕਿਸੇ ਨੂੰ ਸੰਕਰਮਿਤ ਕਰਨ ਲਈ ਕਾਫ਼ੀ ਹੋ ਸਕਦੇ ਹਨ।

ਇੱਕ ਅਧਿਐਨ 'ਚ ਦੇਖਿਆ ਗਿਆ ਕਿ ਕੋਵਿਡ-19 ਅਤੇ ਐਡੀਨੋਵਾਇਰਸ - (ਇੱਕ ਰੋਗਾਣੂ ਜੋ ਜ਼ਿਆਦਾਤਰ ਸੰਕਰਮਿਤ ਲੋਕਾਂ ਵਿੱਚ ਜ਼ੁਕਾਮ ਜਾਂ ਫਲੂ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ, ਜਾਂ ਬਜ਼ੁਰਗਾਂ ਜਾਂ ਕਮਜ਼ੋਰ ਇਮਯੂਨਿਟੀ ਵਾਲੇ ਲੋਕਾਂ ਵਿੱਚ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ) ਦੇ ਮੁਕਾਬਲੇ, ਲੋਕਾਂ ਵਿੱਚ ਟਾਇਲਟ ਵਿੱਚ ਦੂਸ਼ਿਤ ਸਤਹਾਂ ਨੂੰ ਛੂਹਣ ਨਾਲ ਨੋਰੋਵਾਇਰਸ ਨਾਲ ਲਾਗ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।

ਫਿਰ ਵੀ, ਇਸ ਤਰੀਕੇ ਨਾਲ ਬਿਮਾਰ ਹੋਣ ਦਾ ਅਸਲ ਜੋਖਮ ਘੱਟ ਹੋ ਸਕਦਾ ਹੈ।

ਟਾਇਲਟ ਸੀਟ

ਤਸਵੀਰ ਸਰੋਤ, Getty Images

ਰੌਬਰਟਸ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਟਾਇਲਟ ਜਾਂ ਬਾਥਰੂਮ ਵਿੱਚ ਸਦੀਆਂ ਪੁਰਾਣਾ ਗੰਦ ਪਿਆ ਰਹਿੰਦਾ ਹੋਵੇ, ਇਸਨੂੰ ਨਿਯਮਿਤ ਤੌਰ 'ਤੇ ਸਾਫ਼ ਕੀਤਾ ਜਾਂਦਾ ਹੈ।"

ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੇ ਮਾਈਕ੍ਰੋਬਾਇਓਲੋਜੀ ਦੇ ਵਿਦਿਆਰਥੀ ਵੱਖ-ਵੱਖ ਵਾਤਾਵਰਣਾਂ ਦੀਆਂ ਸਤਹਾਂ 'ਤੇ ਰੋਗਾਣੂਆਂ ਦੀ ਜਾਂਚ ਕਰਦੇ ਹਨ ਤਾਂ ਕੰਪਿਊਟਰ ਲੈਬ ਵਿੱਚ ਰੋਗਾਣੂਆਂ ਦੀ ਜੋ ਮਾਤਰਾ ਮਿਲਦੀ ਹੈ, ਉਹ ਟਾਇਲਟਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦੀ ਹੈ, ਇੰਨੀ ਕਿ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ।

ਐਰੀਜ਼ੋਨਾ ਯੂਨੀਵਰਸਿਟੀ ਦੇ ਵਾਇਰੋਲੋਜੀ ਦੇ ਪ੍ਰੋਫੈਸਰ ਚਾਰਲਸ ਗੇਰਬਾ ਕਹਿੰਦੇ ਹਨ, "ਸੰਯੁਕਤ ਰਾਜ ਅਮਰੀਕਾ ਵਿੱਚ ਘਰੇਲੂ ਟਾਇਲਟ ਉਨ੍ਹਾਂ ਜਨਤਕ ਟਾਇਲਟ ਨਾਲੋਂ ਕਿਤੇ ਜ਼ਿਆਦਾ ਕੀਟਾਣੂ ਵਾਲੇ ਹੁੰਦੇ ਹਨ ਜਿਨ੍ਹਾਂ ਦਾ ਅਸੀਂ ਯੂਨੀਵਰਸਿਟੀ ਵਿੱਚ ਅਧਿਐਨ ਕੀਤਾ ਸੀ। ਜ਼ਿਆਦਾਤਰ ਥਾਵਾਂ 'ਤੇ ਘਰ ਨਾਲੋਂ ਜਨਤਕ ਟਾਇਲਟ ਵਿੱਚ ਟਾਇਲਟ ਦੀ ਵਰਤੋਂ ਕਰਨਾ [ਯਕੀਨੀ ਤੌਰ 'ਤੇ] ਸੁਰੱਖਿਅਤ ਹੈ।"

ਗੇਰਬਾ ਦੇ ਸਰਵੇਖਣਾਂ ਮੁਤਾਬਕ, ਜ਼ਿਆਦਾਤਰ ਥਾਵਾਂ 'ਤੇ ਸਫਾਈ ਕਰਮਚਾਰੀ ਦਿਨ ਵਿੱਚ ਕਈ ਵਾਰ ਜਨਤਕ ਟਾਇਲਟ ਸਾਫ਼ ਕਰਦੇ ਹਨ, ਜਦਕਿ ਜ਼ਿਆਦਾਤਰ ਘਰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਹੀ ਆਪਣਾ ਬਾਥਰੂਮ ਅਤੇ ਟਾਇਲਟ ਸਾਫ਼ ਕਰਦੇ ਹਨ।

ਗੇਰਬਾ ਦੀ ਲੈਬੋਰੇਟਰੀ ਮੁਤਾਬਕ, ਘਰੇਲੂ ਬਾਥਰੂਮਾਂ ਅਤੇ ਟਾਇਲਟਾਂ ਨੂੰ ਹਰ ਤਿੰਨ ਦਿਨਾਂ ਅੰਦਰ ਸਾਫ ਕਰਨਾ ਚਾਹੀਦਾ ਹੈ।

'ਟਾਇਲਟ ਸਨੀਜ਼ ਜਾਂ ਟਾਇਲਟ ਦੀ ਛਿੱਕ' ਤੋਂ ਸਾਵਧਾਨ

ਟਾਇਲਟ ਸੀਟ

ਤਸਵੀਰ ਸਰੋਤ, Getty Images

ਬੇਸ਼ੱਕ, ਅਜਿਹਾ ਨਹੀਂ ਹੈ ਕਿ ਲੋਕ ਬਾਥਰੂਮਾਂ ਦੀਆਂ ਟਾਇਲਟ ਸੀਟਾਂ ਨੂੰ ਬਿਨਾਂ ਮਤਲਬ ਹੱਥ ਲਾਈ ਜਾਣ। ਹਾਲਾਂਕਿ ਬਹੁਤ ਸਾਰੇ ਅਜਿਹੇ ਹੁੰਦੇ ਹਨ ਜੋ ਟਾਇਲਟ ਦੇ ਇਸਤੇਮਾਲ ਤੋਂ ਬਾਅਦ ਹੱਥ ਧੋਣ ਨੂੰ ਓਨਾ ਮਹੱਤਵ ਨਹੀਂ ਦਿੰਦੇ, ਪਰ ਉਮੀਦ ਹੈ ਕਿ ਤੁਸੀਂ ਆਮ ਤੌਰ 'ਤੇ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥ ਆਪਣੇ ਮੂੰਹ ਵਿੱਚ ਨਹੀਂ ਪਾਉਂਦੇ ਹੋਵੋਗੇ।

ਹਾਲਾਂਕਿ, ਬਾਥਰੂਮ ਵਿੱਚ ਬਿਮਾਰੀ ਲੱਗਣ ਦਾ ਇੱਕ ਹੋਰ ਤਰੀਕਾ ਵੀ ਹੈ।

ਜਦੋਂ ਤੁਸੀਂ ਟਾਇਲਟ ਫਲੱਸ਼ ਕਰਦੇ ਹੋ ਤਾਂ ਉਸ ਅੰਦਰਲੇ ਕੀਟਾਣੂ ਹਵਾ ਵਿੱਚ ਫੈਲ ਜਾਂਦੇ ਹਨ ਅਤੇ ਟਾਇਲਟ ਦੇ ਵਾਤਾਵਰਣ ਵਿੱਚ ਫੈਲ ਜਾਂਦੇ ਹਨ। ਅਤੇ ਜੇਕਰ ਤੁਸੀਂ ਵੀ ਉੱਥੇ ਮੌਜੂਦ ਹੋ ਤਾਂ ਇਹ ਤੁਹਾਡੇ ਸਾਰੇ ਸਰੀਰ 'ਤੇ ਵੀ ਚਿਪਕ ਜਾਂਦੇ ਹਨ।

ਗਣਿਤਿਕ ਮਾਡਲ ਸੁਝਾਅ ਦਿੰਦੇ ਹਨ ਕਿ ਟਾਇਲਟ ਪੌਟ ਵਿੱਚ ਮੌਜੂਦ 40-60 ਫੀਸਦੀ ਕਣ ਯਾਤਰਾ ਕਰ ਸਕਦੇ ਹਨ।

ਗੇਰਬਾ ਕਹਿੰਦੇ ਹਨ ਕਿ "ਕੁਝ ਲੋਕ ਇਸਨੂੰ 'ਟਾਇਲਟ ਸਨੀਜ਼ ਜਾਂ ਟਾਇਲਟ ਦੀ ਛਿੱਕ' ਕਹਿ ਸਕਦੇ ਹਨ।

ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਬੈਕਟੀਰੀਆ ਕਲੋਸਟ੍ਰਿਡੀਅਮ ਡਿਫਿਸਿਲ - ਇੱਕ ਰੋਗਾਣੂ ਜੋ ਸਿਹਤ ਸੰਭਾਲ ਸੈਟਿੰਗਾਂ ਵਿੱਚ ਆਮ ਹੈ ਅਤੇ ਵਾਤਾਵਰਣ ਤੋਂ ਖ਼ਤਮ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ - ਟਾਇਲਟ ਨੂੰ ਫਲੱਸ਼ ਕਰਨ ਤੋਂ ਬਾਅਦ ਹਵਾ ਵਿੱਚ ਦੂਰ-ਦੂਰ ਤੱਕ ਯਾਤਰਾ ਕਰ ਸਕਦਾ ਹੈ। ਉਹ ਬੀਜਾਣੂਆਂ ਵਿੱਚ ਵੀ ਯਾਤਰਾ ਕਰ ਸਕਦਾ ਹੈ ਅਤੇ ਸਾਹ ਰਾਹੀਂ ਵੀ ਅੰਦਰ ਸਰੀਰ ਅੰਦਰ ਜਾ ਸਕਦਾ ਹੈ।

ਗੇਰਬਾ ਕਹਿੰਦੇ ਹਨ, ਇਸ ਲਈ ਇਹ ਜੋਖਮ ਸਿਰਫ਼ ਟਾਇਲਟ ਸੀਟਾਂ ਤੋਂ ਨਹੀਂ ਹੈ, ਸਗੋਂ ਟਾਇਲਟ ਦੇ ਢੱਕਣਾਂ, ਦਰਵਾਜ਼ੇ ਦੇ ਹੈਂਡਲਾਂ, ਟਾਇਲਟ ਫਲੱਸ਼ਾਂ, ਸਿੰਕ ਹੈਂਡਲਾਂ ਅਤੇ ਤੌਲੀਏ ਤੇ ਸੋਪ ਡਿਸਪੈਂਸਰਾਂ ਤੋਂ ਵੀ ਹੈ, ਜਿਨ੍ਹਾਂ ਨੂੰ ਤੁਸੀਂ ਸਿੱਧੇ ਆਪਣੇ ਹੱਥਾਂ ਨਾਲ ਛੂਹਦੇ ਹੋ।

ਉਹ ਕਹਿੰਦੇ ਹਨ ਕਿ "ਸਭ ਤੋਂ ਜ਼ਿਆਦਾ ਕੀਟਾਣੂਆਂ ਵਾਲੀ" ਸਤਹ ਅਸਲ ਵਿੱਚ ਫਰਸ਼ ਹੈ।

ਬਦਕਿਸਮਤੀ ਨਾਲ, ਬਾਥਰੂਮਾਂ ਵਿੱਚ ਅਕਸਰ ਹੋਰ ਕਈ ਤਰ੍ਹਾਂ ਦੇ ਰੋਗਾਣੂ ਵੀ ਹੁੰਦੇ ਹਨ, ਜੋ ਜ਼ਰੂਰੀ ਨਹੀਂ ਕਿ ਕਿਸੇ ਦੇ ਪਿਸ਼ਾਬ ਜਾਂ ਮਲ ਨਾਲ ਜੁੜੇ ਹੋਣ, ਸਗੋਂ ਇਹ ਸਿਰਫ਼ ਛਿੱਕਣ ਅਤੇ ਖੰਘਣ ਨਾਲ ਵੀ ਜੁੜੇ ਹੋ ਸਕਦੇ ਹਨ। ਉਦਾਹਰਨ ਲਈ, ਫਲੂ ਵਾਇਰਸ ਕਈ ਵਾਰ ਬਾਥਰੂਮ ਦੀਆਂ ਸਤਹਾਂ 'ਤੇ ਪਾਇਆ ਜਾ ਸਕਦਾ ਹੈ।

ਟਾਇਲਟ ਵਿੱਚ ਬਿਮਾਰੀਆਂ ਤੋਂ ਕਿਵੇਂ ਬਚਿਆ ਜਾਵੇ?

ਟਾਇਲਟ ਵਿੱਚ ਬਿਮਾਰੀਆਂ ਦੀ ਖ਼ਤਰਾ

ਕੁਝ ਆਮ ਸਾਵਧਾਨੀਆਂ ਵਰਤ ਕੇ ਤੁਸੀਂ ਕਿਸੇ ਵੀ ਟਾਇਲਟ ਤੋਂ ਕੋਈ ਮਾੜੀ ਲਾਗ ਲੈਣ ਤੋਂ ਬਚ ਸਕਦੇ ਹੋ, ਭਾਵੇਂ ਘਰ ਵਿੱਚ ਹੋਵੇ ਜਾਂ ਜਨਤਕ ਤੌਰ 'ਤੇ।

ਯੂਕੇ ਵਿੱਚ ਲੌਫਬੋਰੋਹ ਯੂਨੀਵਰਸਿਟੀ ਵਿੱਚ ਇੱਕ ਵਾਟਰ ਹਾਈਜੀਨ ਇੰਜੀਨੀਅਰ, ਐਲਿਜ਼ਾਬੈਥ ਪੈਡੀ ਸਲਾਹ ਦਿੰਦੇ ਹਨ ਕਿ ਜਿੰਨਾ ਸੰਭਵ ਹੋ ਸਕੇ ਚੀਜ਼ਾਂ ਨੂੰ ਘੱਟ ਤੋਂ ਘੱਟ ਛੂਹਣ ਦੀ ਕੋਸ਼ਿਸ਼ ਕਰੋ। (ਉਹ ਕਹਿੰਦੇ ਹਨ ਕਿ ਸਗੋਂ ਟਾਇਲਟ ਨਿਰਮਾਤਾ ਹੀ ਬਾਥਰੂਮਾਂ ਨੂੰ ਸੁਰੱਖਿਅਤ ਬਣਾ ਸਕਦੇ ਹਨ। ਇਸਦੇ ਲਈ ਟੱਚਲੈੱਸ ਫਲੱਸ਼ਿੰਗ ਵਿਧੀ (ਸੈਂਸਰ ਨਾਲ ਕੰਮ ਕਰਨ ਵਾਲਾ ਫਲਸ਼ ਬਟਨ), ਸਾਬਣ ਡਿਸਪੈਂਸਰ, ਹੈਂਡ ਡ੍ਰਾਇਅਰ, ਅਤੇ ਹੋਰ ਬਹੁਤ ਕੁਝ ਡਿਜ਼ਾਈਨ ਕਰਨਾ ਫਾਇਦੇਮੰਦ ਰਹੇਗਾ।)

ਗੇਰਬਾ ਕਹਿੰਦੇ ਹਨ ਕਿ ਟਾਇਲਟ ਪਲੱਮ (ਫਲਸ਼ ਕਰਨ ਦੌਰਾਨ ਵਾਤਾਵਰਣ 'ਚ ਕੀਟਾਣੂਆਂ ਦੇ ਫੈਲਣ) ਤੋਂ ਬਚਣ ਲਈ, ਫਲੱਸ਼ ਕਰਨ ਸਮੇਂ ਉਸਦੇ ਢੱਕਣ ਨੂੰ ਬੰਦ ਕਰਨਾ ਮਦਦਗਾਰ ਲੱਗ ਸਕਦਾ ਹੈ ਪਰ "ਢੱਕਣ ਨੂੰ ਬੰਦ ਕਰਨ ਅਤੇ ਇਸਨੂੰ ਖੋਲ੍ਹਣ ਨਾਲ ਇਸ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਪਿਆ"।

ਉਨ੍ਹਾਂ ਦਾ 2024 ਦਾ ਅਧਿਐਨ ਸੁਝਾਅ ਦਿੰਦਾ ਹੈ ਕਿ ਟਾਇਲਟ ਪਲੱਮ ਵਿੱਚ ਵਾਇਰਸ ਪਾਸੇ (ਢੱਕਣ ਦੀ ਸਾਈਡ) ਤੋਂ ਬਚ ਕੇ ਨਿਕਲ ਸਕਦੇ ਹਨ, ਭਾਵੇਂ ਢੱਕਣ ਹੇਠਾਂ ਵੀ ਹੋਵੇ।

ਇਹ ਇਸ ਲਈ ਸੰਭਵ ਹੈ ਕਿਉਂਕਿ ਢੱਕਣ ਟਾਇਲਟ ਸੀਟਾਂ 'ਤੇ ਫਿੱਟ ਨਹੀਂ ਹੁੰਦੇ ਅਤੇ ਜਨਤਕ ਪਖਾਨਿਆਂ ਵਿੱਚ ਪਾਣੀ ਦੀ ਬੱਚਤ ਲਈ ਫਲਸ਼ ਨੂੰ ਵਧੇਰੇ ਪ੍ਰੈਸ਼ਰ ਵਾਲਾ ਰੱਖਿਆ ਜਾਂਦਾ ਹੈ।

ਪੈਡੀ ਦਾ ਤਾਂ ਇਹ ਵੀ ਕਹਿਣਾ ਹੈ ਕਿ ਬਾਥਰੂਮ ਨਿਰਮਾਤਾਵਾਂ ਨੂੰ ਟਾਇਲਟ ਤੋਂ ਢੱਕਣ ਪੂਰੀ ਤਰ੍ਹਾਂ ਹਟਾ ਹੀ ਦੇਣੇ ਚਾਹੀਦੇ ਹਨ ਤਾਂ ਜੋ ਲੋਕ ਢੱਕਣ ਨੂੰ ਛੂਹਣ ਅਤੇ ਫਿਰ ਗਲਤੀ ਨਾਲ ਟਾਇਲਟ ਸੀਟ ਨੂੰ ਵੀ ਛੂਹਣ ਤੋਂ ਬਚ ਸਕਣ।

ਉਹ ਕਹਿੰਦੇ ਹਨ, "ਢੱਕਣ ਲਗਾਉਣਾ ਅਸਲ ਵਿੱਚ ਸਹੀ ਤਰੀਕਾ ਨਹੀਂ ਹੈ।''

ਪੈਡੀ ਕਹਿੰਦੇ ਹਨ ਕਿ ਹੋਰ ਪ੍ਰਭਾਵਸ਼ਾਲੀ ਤਰੀਕੇ ਵੀ ਹਨ, ਜਿਵੇਂ ਕਿ ਪੌਟ ਅਤੇ ਸੀਟ ਵਿਚਕਾਰ ਦੀਆਂ ਢਾਲਾਂ ਨੂੰ ਇੱਕ ਸ਼ੀਲਡ ਨਾਲ ਬਣਾਉਣਾ। ਵਰਤਮਾਨ ਵਿੱਚ, ਇਨ੍ਹਾਂ ਦੀ ਵਰਤੋਂ ਨਰਸਾਂ ਅਤੇ ਡਾਕਟਰਾਂ ਨੂੰ ਮਰੀਜ਼ਾਂ ਦੇ ਫਲੱਸ਼ ਕੀਤੇ ਰੋਗਾਣੂਆਂ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ।

ਉਹ ਦੱਸਦੇ ਹਨ ਕਿ ਕੁਝ ਏਅਰ ਸਪਰੇਅ ਵੀ ਹਨ ਜੋ ਬਾਥਰੂਮਾਂ ਵਿੱਚ ਹਵਾ ਅਤੇ ਸਤਹਾਂ ਨੂੰ ਰੋਗਾਣੂ-ਮੁਕਤ ਕਰਨ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਏ ਹਨ, ਜੋ ਟਾਇਲਟ "ਸਨੀਜ਼ ਜਾਂ ਛਿੱਕ" ਰਾਹੀਂ ਰੋਗਾਣੂਆਂ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਕਰਦੇ ਹਨ।

ਇੱਕ ਹੋਰ ਤਰੀਕਾ ਹੈ ਫਲੱਸ਼ ਕਰਨਾ ਅਤੇ ਫਿਰ ਤੁਰੰਤ ਉੱਥੋਂ ਬਾਹਰ ਆ ਜਾਣਾ।

ਗੇਰਬਾ ਕਹਿੰਦੇ ਹਨ ਕਿ "ਮੈਂ ਆਮ ਤੌਰ 'ਤੇ ਫਲੱਸ਼ ਕਰਦਾ ਹਾਂ ਅਤੇ ਭੱਜਦਾ ਹਾਂ।'' ਉਹ ਇਸ ਗੱਲ ਦੀ ਵੀ ਸਿਫਾਰਿਸ਼ ਕਰਦੇ ਹਨ ਕਿ ਜਨਤਕ ਟਾਇਲਟ ਵਿੱਚ ਕਿਸੇ ਹੋਰ ਦੇ ਜਾਣ ਤੋਂ ਬਾਅਦ 10 ਮਿੰਟ ਉਡੀਕ ਕਰਨ ਤੋਂ ਬਾਅਦ ਅੰਦਰ ਜਾਣਾ ਚਾਹੀਦਾ ਹੈ। ਹਾਲਾਂਕਿ, ਇਹ ਕਹਿਣਾ ਜਿੰਨਾ ਸੌਖਾ ਲੱਗਦਾ ਹੈ ਕਰਨਾ ਓਨਾ ਹੀ ਮੁਸ਼ਕਿਲ ਹੋ ਸਕਦਾ ਹੈ।

ਟਾਇਲਟ ਸੀਟ

ਤਸਵੀਰ ਸਰੋਤ, Getty Images

ਫਿਰ ਗੱਲ ਆਉਂਦੀ ਹੈ ਮੋਬਾਈਲ ਫੋਨ ਦੀ। ਰੌਬਰਟਸ ਕਹਿੰਦੇ ਹਨ ਕਿ ਟਾਇਲਟ ਵਿੱਚ ਆਪਣੇ ਫ਼ੋਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਹ ਕਹਿੰਦੇ ਹਨ, ਤੁਹਾਡਾ ਫ਼ੋਨ ਪਹਿਲਾਂ ਹੀ ਬਹੁਤ ਗੰਦਾ ਹੁੰਦਾ ਹੈ, ਕਿਉਂਕਿ ਤੁਸੀਂ ਇਸਨੂੰ ਹਰ ਜਗ੍ਹਾ ਆਪਣੇ ਨਾਲ ਲੈ ਕੇ ਜਾਂਦੇ ਹੋ, ਇਸਨੂੰ ਹਰ ਥਾਂ ਰੱਖ ਦਿੰਦੇ ਹੋ ਅਤੇ ਇਸਨੂੰ ਹਰ ਸਮੇਂ ਹੱਥ ਲਗਾਉਂਦੇ ਹੋ। ਜੇ ਤੁਸੀਂ ਇਸਨੂੰ ਟਾਇਲਟ ਵਿੱਚ ਵੀ ਲੈ ਜਾਓਗੇ ਤਾਂ ਇਸ ਇਸਦਾ ਮਤਲਬ ਹੈ ਕਿ ਉੱਥੇ ਫੈਲਣ ਵਾਲੇ ਰੋਗਾਣੂ ਇਸ 'ਤੇ ਚਿਪਕਣ ਦਾ ਪੂਰਾ-ਪੂਰਾ ਜੋਖਮ ਹੈ, ਫਿਰ ਤੁਸੀਂ ਆਪਣੇ ਹੱਥ ਧੋਣ ਤੋਂ ਬਾਅਦ ਵੀ ਉਸ ਗੰਦੇ ਮੋਬਾਈਲ ਨੂੰ ਬਿਨਾਂ ਕੋਈ ਸਾਫ਼-ਸਫ਼ਾਈ ਦੇ ਉਸੇ ਤਰ੍ਹਾਂ ਹੱਥ ਲਗਾਉਂਦੇ ਰਹੋਗੇ।

ਗੇਰਬਾ ਕਹਿੰਦੇ ਹਨ ਕਿ ਸਭ ਤੋਂ ਸੌਖਾ ਕੰਮ ਜੋ ਤੁਸੀਂ ਕਰ ਸਕਦੇ ਹੋ ਉਹ ਹੈ ਬਾਥਰੂਮ ਜਾਣ ਤੋਂ ਤੁਰੰਤ ਬਾਅਦ ਹਮੇਸ਼ਾ ਆਪਣੇ ਹੱਥ ਧੋਣਾ।

ਉਹ ਕਹਿੰਦੇ ਹਨ ਕਿ ਟਕਸਨ, ਐਰੀਜ਼ੋਨਾ ਵਿੱਚ ਔਸਤ ਵਿਅਕਤੀ ਆਪਣੇ ਹੱਥ ਧੋਣ ਵਿੱਚ ਸਿਰਫ਼ 11 ਸਕਿੰਟ ਬਿਤਾਉਂਦਾ ਹੈ, ਜਦਕਿ ਸੰਯੁਕਤ ਰਾਜ ਅਮਰੀਕਾ ਵਿੱਚ ਰੋਗ ਨਿਯੰਤਰਣ ਕੇਂਦਰ 20 ਸਕਿੰਟ ਲਈ ਹੱਥ ਧੋਣ ਦਾ ਸੁਝਾਅ ਦਿੰਦੇ ਹਨ।

ਉਹ ਕਹਿੰਦੇ ਹਨ, "ਪੰਜ ਵਿੱਚੋਂ ਸਿਰਫ਼ ਇੱਕ ਵਿਅਕਤੀ ਹੀ ਅਸਲ ਵਿੱਚ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਂਦਾ ਹੈ।"

ਇਸ ਲਈ, ਜਨਤਕ ਟਾਇਲਟ ਵਿੱਚ ਬਿਮਾਰੀ ਦੇ ਸੰਪਰਕ 'ਚ ਆਉਣ ਤੋਂ ਬਚਣ ਲਈ ਆਪਣੇ ਹੱਥ ਧੋਵੋ। ਇਸ ਤੋਂ ਵੀ ਬਿਹਤਰ, ਹੈਂਡ ਸੈਨੀਟਾਈਜ਼ਰ ਲਗਾਉਣ ਦੀ ਇੱਕ ਵਾਧੂ ਸੁਰੱਖਿਆ ਵੀ ਸ਼ਾਮਲ ਕਰੋ। ਕਿਉਂਕਿ ਇਕੱਲੇ ਹੱਥ ਧੋਣ ਦੀ ਬਜਾਏ, ਸੈਨੇਟਾਈਜ਼ਰ ਲਗਾਉਣਾ ਅਤੇ ਫਿਰ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣਾ ਵਧੇਰੇ ਸੁਰੱਖਿਆ ਦਿੰਦਾ ਹੈ। ਟਾਇਲਟ 'ਚ ਲੂਕਾ ਰੋਗਾਣੂਆਂ ਤੋਂ ਇੰਨਾ ਵੀ ਡਰਨ ਦੀ ਲੋੜ ਨਹੀਂ ਕਿਉਂਕਿ ਇਹ ਜੋਖਮ (ਸ਼ਾਇਦ) ਤੁਹਾਡੇ ਸੋਚਣ ਨਾਲੋਂ ਘੱਟ ਹੈ।

(ਡਿਸਕਲੇਮਰ: ਇਸ ਲੇਖ ਦੀ ਸਾਰੀ ਸਮੱਗਰੀ ਸਿਰਫ ਆਮ ਜਾਣਕਾਰੀ ਲਈ ਸਾਂਝਾ ਕੀਤੀ ਗਈ ਹੈ ਅਤੇ ਇਸਨੂੰ ਤੁਹਾਡੇ ਆਪਣੇ ਡਾਕਟਰ ਜਾਂ ਕਿਸੇ ਹੋਰ ਸਿਹਤ ਸੰਭਾਲ ਪੇਸ਼ੇਵਰ ਦੀ ਡਾਕਟਰੀ ਸਲਾਹ ਦੇ ਬਦਲ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ। ਬੀਬੀਸੀ, ਇਸ ਸਾਈਟ ਦੀ ਸਮੱਗਰੀ ਦੇ ਆਧਾਰ 'ਤੇ ਕਿਸੇ ਵਿਅਕਤੀ ਦੁਆਰਾ ਕੀਤੇ ਗਏ ਕਿਸੇ ਵੀ ਨਿਦਾਨ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ। ਬੀਬੀਸੀ, ਸੂਚੀਬੱਧ ਕਿਸੇ ਵੀ ਬਾਹਰੀ ਇੰਟਰਨੈੱਟ ਸਾਈਟ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਵੀ ਸਾਈਟ 'ਤੇ ਜ਼ਿਕਰ ਕੀਤੇ ਜਾਂ ਸਲਾਹ ਦਿੱਤੇ ਗਏ ਕਿਸੇ ਵਪਾਰਕ ਉਤਪਾਦ ਜਾਂ ਸੇਵਾ ਦਾ ਸਮਰਥਨ ਕਰਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਚਿੰਤਤ ਹੋ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)