ਨੂੰਹ ਹਿੰਸਾ: ‘ਜੋ ਲਵ ਜਿਹਾਦ ਕਰਦਾ ਹੈ ਉਸਦੀ ਲਿਸਟ ਦਿਓ, ਅਸੀਂ ਉਸ ਨੂੰ ਮਾਰਾਂਗੇ’, ਕਹਿਣ ਵਾਲਾ ਮੋਨੂੰ ਮਾਨੇਸਰ ਕੌਣ

ਤਸਵੀਰ ਸਰੋਤ, Getty Images
ਹਰਿਆਣਾ ਦੇ ਨੂੰਹ ਵਿੱਚ ਸੋਮਵਾਰ ਨੂੰ ਬ੍ਰਿਜਮੰਡਲ ਜਲਾਭਿਸ਼ੇਕ ਯਾਤਰਾ ਦੇ ਦੌਰਾਨ ਭੜਕੀ ਹਿੰਸਾ ਦੀ ਅੱਗ ਗੁਰੂਗ੍ਰਾਮ ਅਤੇ ਸੋਹਨਾ ਤੱਕ ਫੈਲ ਗਈ ਹੈ।
ਇਹ ਯਾਤਰਾ ਹਿੰਦੂਵਾਦੀ ਸੰਗਠਨ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਢੀ ਜਾ ਰਹੀ ਸੀ।
ਸੋਮਵਾਰ ਸਵੇਰੇ 10 ਵਜੇ ਨੂੰਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ।
ਇਸ ਯਾਤਰਾ ਨੇ ਇਲਾਕੇ ਦੇ ਹਰ ਮੰਦਿਰ ਵਿੱਚ ਜਾਣਾ ਸੀ, ਪਰ ਦੁਪਹਿਰ ਤਕਰੀਬਨ 12 ਵਜੇ ਦੇ ਆਸ ਪਾਸ ਇਸ ਯਾਤਰਾ ਦੀ ਸੂਰਤ ਬਦਲ ਗਈ।
ਖ਼ਬਰ ਆਉਣ ਲੱਗੀ ਕਿ ਕਥਿਤ ਇਤਰਾਜ਼ਯੋਗ ਨਾਅਰੇਬਾਜ਼ੀ ਮਗਰੋਂ ਯਾਤਰਾ ’ਤੇ ਪੱਥਰਬਾਜ਼ੀ ਹੋਈ ਅਤੇ ਸ਼ਾਮ ਤੱਕ ਨੂੰਹ ਤੋਂ ਸ਼ੁਰੂ ਹੋਈ ਹਿੰਸਾ ਗੁਰੂਗ੍ਰਾਮ, ਸੋਹਨਾ ਤੱਕ ਫੈਲ ਗਈ। ਇਸ ਦੌਰਾਨ ਕਈ ਵਾਹਨ, ਦੁਕਾਨਾਂ ਸਾੜ ਦਿੱਤੀਆਂ ਗਈਆਂ।
ਗੁਰੂਗ੍ਰਾਮ ਦੇ ਸੈਕਟਰ-57 ਵਿੱਚ ਇੱਕ ਮਸਜਿਦ ਸਾੜ ਦਿੱਤੀ ਗਈ ਅਤੇ ਮਸਜਿਦ ਦੇ ਨਾਇਬ ਇਮਾਮ ਦੀ ਹੱਤਿਆ ਕਰ ਦਿੱਤੀ ਗਈ।

ਹੁਣ ਤੱਕ ਘੱਟ ਤੋਂ ਘੱਟ ਪੰਜ ਲੋਕਾਂ ਦੀ ਇਸ ਹਿੰਸਾ ਵਿੱਚ ਮੌਤ ਹੋਈ ਹੈ ਅਤੇ 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਕਹਿਣਾ ਹੈ, ‘‘ਜਿਸ ਪੱਧਰ ਦੀ ਇਹ ਹਿੰਸਾ ਹੋਈ ਹੈ, ਇਹ ਅਚਾਨਕ ਭੜਕੀ ਹਿੰਸਾ ਨਹੀਂ ਹੈ। ਨੂੰਹ ਵਿੱਚ ਦੋਵੇਂ ਭਾਈਚਾਰੇ ਲੰਬੇ ਸਮੇਂ ਤੋਂ ਪਿਆਰ ਨਾਲ ਰਹਿੰਦੇ ਆਏ ਹਨ।’’
‘‘ਇਹ ਤਾਂ ਕਿਸੇ ਨੇ ਜ਼ਹਿਰ ਘੋਲਿਆ ਹੈ, ਕਿਸੇ ਨੇ ਇੰਜਨੀਅਰਿੰਗ ਕੀਤੀ ਹੈ, ਕਿਸੇ ਨੇ ਮਾਸਟਰਮਾਈਂਡ ਕੀਤਾ ਹੈ। ਜਿਸ ਤਰ੍ਹਾਂ ਐਂਟਰੀ ਅਤੇ ਛੱਤਾਂ ’ਤੇ ਪੱਥਰ ਰੱਖੇ ਹੋਏ ਹਨ, ਹਥਿਆਰ ਵੀ ਹਨ ਅਤੇ ਗੋਲੀਆਂ ਵੀ ਹਨ, ਇਹ ਸਭ ਇੱਕਦਮ ਤਾਂ ਸਾਹਮਣੇ ਆਉਂਦੇ ਨਹੀਂ ਹਨ।’’
ਕੌਣ ਹੈ ਮੋਨੂੰ ਮਾਨੇਸਰ

ਤਸਵੀਰ ਸਰੋਤ, SOCIAL MEDIA
ਇੱਕ ਨਾਂ ਜੋ ਇਸ ਹਿੰਸਾ ਦੇ ਕੇਂਦਰ ਵਿੱਚ ਦੱਸਿਆ ਜਾ ਰਿਹਾ ਹੈ, ਉਹ ਨਾਂ ਹੈ ਮੋਹਿਤ ਯਾਦਵ ਉਰਫ਼ ਮੋਨੂੰ ਮਾਨੇਸਰ।
ਮੋਨੂੰ ਮਾਨੇਸਰ ਹਰਿਆਣਾ ਵਿੱਚ ਇੱਕ ਜਾਣਿਆ-ਪਛਾਣਿਆ ਨਾਂ ਹੈ, ਇਸ ਤੋਂ ਪਹਿਲਾਂ ਕਥਿਤ ਗਊ ਰੱਖਿਆ ਦੇ ਨਾਂ ’ਤੇ ਹੋਈਆਂ ਹੱਤਿਆਵਾਂ ਦੇ ਮਾਮਲੇ ਵਿੱਚ ਉਸ ਦਾ ਨਾਂ ਸੁਰਖੀਆਂ ਵਿੱਚ ਆਉਂਦਾ ਰਿਹਾ ਹੈ।
ਬ੍ਰਿਜਮੰਡਲ ਯਾਤਰਾ ਤੋਂ ਦੋ ਦਿਨ ਪਹਿਲਾਂ, ਮੋਨੂੰ ਮਾਨੇਸਰ ਦਾ ਇੱਕ ਵੀਡਿਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਬ੍ਰਿਜਮੰਡਲ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਅਤੇ ਉਹ ਖੁਦ ਇਸ ਯਾਤਰਾ ਵਿੱਚ ਆਪਣੇ ਸਮਰਥਕਾਂ ਦੇ ਨਾਲ ਸ਼ਾਮਲ ਹੋਵੇਗਾ ਅਤੇ ਉਹ ਪੂਰੇ ਨੂੰਹ ਦੇ ਮੰਦਿਰਾਂ ਵਿੱਚ ਯਾਤਰਾ ਲੈ ਕੇ ਜਾਣਗੇ।
ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਵਿੱਚ ਮੋਨੂੰ ਮਾਨੇਸਰ ਦੇ ਸ਼ਾਮਲ ਹੋਣ ਨਾਲ ਨੂੰਹ ਦੇ ਲੋਕ ਨਾਰਾਜ਼ ਸਨ।
ਮੇਵਾਤ ਦੇ ਘਸੇਰਾ ਪਿੰਡ ਦੇ ਸਰਪੰਚ ਅਸ਼ਰਫ ਖਾਨ ਦੱਸਦੇ ਹਨ, ‘‘ਮੋਨੂੰ ਮਾਨੇਸਰ ਨੇ ਵੀਡਿਓ ਪਾਇਆ ਸੀ ਕਿ ਉਹ ਨੂੰਹ ਵਿੱਚ ਆਵੇਗਾ, ਉਸ ਦਾ ਨਾਂ ਨੂੰਹ ਵਿੱਚ ਮੁਸਲਮਾਨਾਂ ਦੇ ਕਤਲ ਦੇ ਮਾਮਲੇ ਵਿੱਚ ਦਰਜ ਸੀ, ਪਰ ਉਹ ਗ੍ਰਿਫ਼ਤਾਰੀ ਦੇ ਡਰ ਤੋਂ ਬੇਖੌਫ਼ ਵੀਡੀਓ ਵਿੱਚ ਕਹਿ ਰਿਹਾ ਸੀ ਕਿ ਨੂੰਹ ਵਿੱਚ ਯਾਤਰਾ ਕੱਢਾਂਗੇ।’’
‘‘ਇਸ ਵੀਡਿਓ ਦੀ ਚਰਚਾ ਸੀ। ਲੋਕਾਂ ਵਿੱਚ ਨਾਰਾਜ਼ਗੀ ਸੀ ਕਿ ਕਤਲ ਦਾ ਮੁਲਜ਼ਮ ਵੀਡੀਓ ਪਾ ਕੇ ਕਹਿ ਰਿਹਾ ਹੈ ਕਿ ਉਹ ਆਪਣੇ ਸਮਰਥਕਾਂ ਨਾਲ ਆ ਰਿਹਾ ਹੈ।’’
ਹਾਲਾਂਕਿ ਮੋਨੂੰ ਮਾਨੇਸਰ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਲਾਹ ’ਤੇ ਉਸ ਨੇ ਇਸ ਯਾਤਰਾ ਵਿੱਚ ਹਿੱਸਾ ਨਹੀਂ ਲਿਆ ਸੀ।

ਤਸਵੀਰ ਸਰੋਤ, Monu Manesar/IG
ਮੋਨੂੰ ਮਾਨੇਸਰ ਖੁਦ ਨੂੰ ਬਜਰੰਗ ਦਲ ਦਾ ਗਊ ਰੱਖਿਅਕ ਪ੍ਰਾਂਤ ਮੁਖੀ ਦੱਸਦਾ ਹੈ।
ਫਰਵਰੀ ਵਿੱਚ ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਜੁਨੈਦ ਅਤੇ ਨਾਸਿਰ ਦੀਆਂ ਸੜੀਆਂ ਹੋਈਆਂ ਲਾਸ਼ਾਂ ਹਰਿਆਣਾ ਦੇ ਭਿਵਾਨੀ ਵਿੱਚ ਮਿਲੀਆਂ ਸਨ। ਇਸ ਹੱਤਿਆ ਦੀ ਐੱਫਆਈਆਰ ਵਿੱਚ ਮੁਲਜ਼ਮ ਮੋਨੂੰ ਮਾਨੇਸਰ ਸੀ।
ਉਦੋਂ ਹਰਿਆਣਾ ਪੁਲਿਸ ਨੇ ਕਿਹਾ ਸੀ ਕਿ ਉਹ ਫਰਾਰ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ। ਰਾਜਸਥਾਨ ਪੁਲਿਸ ਦੀ ਇੱਕ ਟੀਮ ਵੀ ਭਿਵਾਨੀ ਪਹੁੰਚੀ ਸੀ, ਪਰ ਉਸ ਨੂੰ ਵੀ ਖਾਲੀ ਹੱਥ ਪਰਤਣਾ ਪਿਆ ਸੀ।
ਮੋਨੂੰ ਮਾਨੇਸਰ ਨੂੰ ਕਤਲ ਦੇ ਇਸ ਕੇਸ ਵਿੱਚ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਜੁਨੈਦ ਅਤੇ ਨਾਸਿਰ ਦੀਆਂ ਲਾਸ਼ਾਂ 16 ਫਰਵਰੀ 2023 ਨੂੰ ਮਿਲੀਆਂ ਸਨ।
ਪਰ ਇਸ ਤੋਂ ਪਹਿਲਾਂ 6 ਫਰਵਰੀ ਨੂੰ ਪਟੌਦੀ ਦੀ ਬਾਬਰਸ਼ਾਹ ਕਾਲੋਨੀ ਵਿੱਚ ਹਿੰਸਾ ਭੜਕੀ ਸੀ ਅਤੇ ਚਾਰ ਲੋਕ ਜ਼ਖ਼ਮੀ ਹੋਏ ਸਨ, ਇੱਕ 20 ਸਾਲ ਦੇ ਮੁੰਡੇ ਦੇ ਗੋਲੀ ਵੀ ਲੱਗੀ ਸੀ।

ਤਸਵੀਰ ਸਰੋਤ, ANI
ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦੇ ਹੋਏ ਉਸ ਸਮੇਂ ਪਟੌਦੀ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ, ‘‘ਮੋਨੂੰ ਇਸ ਘਟਨਾ ਵਿੱਚ ਦਰਜ ਐੱਫਆਈਆਰ ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਇੱਕ ਕਥਿਤ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।’’
‘'ਕ੍ਰਾਈਮ ਬ੍ਰਾਂਚ ਦੀ ਟੀਮ ਸਮੇਤ ਕਈ ਟੀਮਾਂ ਉਸ ਨੂੰ ਲੱਭ ਰਹੀਆਂ ਹਨ, ਪਰ ਹੁਣ ਤੱਕ ਉਸ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ, ਉਹ ਫਰਾਰ ਹੈ।’’
ਆਗੂਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੋਨੂੰ ਦੀਆਂ ਮੀਡੀਆ ਵਿੱਚ ਤਸਵੀਰਾਂ ਵੀ ਉਸ ਦੇ ਸਥਾਨਕ ਪ੍ਰਸ਼ਾਸਨ ਨਾਲ ਨਜ਼ਦੀਕੀ ਸਬੰਧਾਂ ’ਤੇ ਰੌਸ਼ਨੀ ਪਾਉਂਦੀਆਂ ਹਨ।
ਮੋਨੂੰ ਮਾਨੇਸਰ ਹਰਿਆਣਾ ਸਰਕਾਰ ਦੀ ਗਊ ਰੱਖਿਆ ਟਾਸਕ ਫੋਰਸ ਦਾ ਮੈਂਬਰ ਹੈ।
28 ਸਾਲ ਦੀ ਉਮਰ ਵਾਲੇ ਮੋਨੂੰ ਮਾਨੇਸਰ ਨੇ ਪੋਲੀਟੈਕਨਿਕ ਕਾਲਜ ਤੋਂ ਡਿਪਲੋਮਾ ਕੀਤਾ ਹੈ। ਹਰਿਆਣਾ ਦੇ ਮਾਨੇਸਰ ਵਿੱਚ ਰਹਿਣ ਵਾਲੇ ਮੋਨੂੰ ਦੀ ਆਮਦਨ ਦਾ ਜ਼ਰੀਆ ਹੈ ਕਿਰਾਏਦਾਰੀ।
ਉਸ ਦੇ ਮਕਾਨ ਹਨ ਜਿਨ੍ਹਾਂ ਵਿੱਚ ਮਜ਼ਦੂਰ ਕਿਰਾਏ ’ਤੇ ਕਮਰਾ ਲੈ ਕੇ ਰਹਿੰਦੇ ਹਨ ਅਤੇ ਇੱਥੋਂ ਹੀ ਮੋਨੂੰ ਮਾਨੇਸਰ ਦੀ ਕਮਾਈ ਹੁੰਦੀ ਹੈ।
ਉਸ ਦੇ ਪਿਤਾ ਡਰਾਈਵਰ ਸਨ, ਬੱਸ ਅਤੇ ਡੰਪਰ ਚਲਾਉਂਦੇ ਸਨ।

‘ਗਊ ਰੱਖਿਆ’, ਹਿੰਸਾ ਅਤੇ ਹੀਰੋ ਦਾ ਅਕਸ
ਸਾਲ 2011 ਵਿੱਚ ਮੋਨੂੰ ਬਜਰੰਗ ਦਲ ਵਿੱਚ ਸ਼ਾਮਲ ਹੋਇਆ ਅਤੇ ਬੀਤੇ 10 ਸਾਲਾਂ ਵਿੱਚ ਉਹ ਸੰਗਠਨ ਵਿੱਚ ਵਧਦਾ ਗਿਆ। ਲੰਘੇ ਸਾਲ ਯਾਨੀ 2022 ਵਿੱਚ ਉਸ ਨੂੰ ਸੂਬੇ ਵਿੱਚ ਗਊ ਰੱਖਿਆ ਟਾਸਕ ਫੋਰਸ ਦਾ ਪ੍ਰਧਾਨ ਬਣਾਇਆ ਗਿਆ।
ਮੋਨੂੰ ਮਾਨੇਸਰ ਦੇ ਕਈ ਅਜਿਹੇ ਵੀਡਿਓ ਅਤੇ ਤਸਵੀਰਾਂ ਹਨ ਜਿਸ ਵਿੱਚ ਉਹ ਹਥਿਆਰਾਂ ਦੇ ਨਾਲ ਨਜ਼ਰ ਆਉਂਦਾ ਹੈ।
ਮਈ 2022 ਵਿੱਚ ਫਿਰੋਜ਼ਪੁਰ ਝਿਰਕਾ ਦਾ ਇੱਕ ਵੀਡਿਓ ਸਾਹਮਣੇ ਆਇਆ ਸੀ ਜਿਸ ਵਿੱਚ ਮੋਨੂੰ ਮਾਨੇਸਰ ਇੱਕ ਵਿਅਕਤੀ ਦੀ ਕੰਨਪਟੀ ’ਤੇ ਬੰਦੂਕ ਲਾ ਕੇ ਉਸ ਨੂੰ ਜਬਰਨ ਇੱਕ ਐੱਸਯੂਵੀ ਕਾਰ ਵਿੱਚ ਬੈਠਾ ਰਿਹਾ ਹੈ।
ਵੀਡਿਓ ਵਿੱਚ ਕਿਹਾ ਗਿਆ ਕਿ ਗਊ ਤਸਕਰੀ ਦੀ ਜਾਣਕਾਰੀ ਮਿਲਣ ’ਤੇ ਉਹ ਇੱਥੇ ਪਹੁੰਚੇ ਹਨ।
ਪਰ ਨੂੰਹ ਦੇ ਲੋਕਾਂ ਦਾ ਕਹਿਣਾ ਸੀ ਕਿ ਗਊ ਰੱਖਿਆ ਦੇ ਨਾਂ ’ਤੇ ਬਿਨਾਂ ਕਿਸੇ ਸਬੂਤ ਦੇ ਮੁਸਲਮਾਨਾਂ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ।
ਮੋਨੂੰ ਮਾਨੇਸਰ ਹਰਿਆਣਾ ਗੁਰੂਗ੍ਰਾਮ-ਮੇਵਾਤ ਦੇ ਇਲਾਕੇ ਵਿੱਚ ਬਹੁਤ ਹਰਮਨ ਪਿਆਰਾ ਹੈ। ਸੋਸ਼ਲ ਮੀਡੀਆ ’ਤੇ ਉਸ ਦੇ ਕਈ ਫੈਨ ਪੇਜ ਤੱਕ ਬਣਾਏ ਗਏ ਹਨ।
ਹਰਿਆਣਾ ਵਿੱਚ ਉਸ ਦੀ ਹਰਮਨਪਿਆਰਤਾ ਨੂੰ ਸਮਝਣ ਲਈ ਤੁਹਾਨੂੰ ਇੱਕ ਘਟਨਾ ਦੱਸਦੇ ਹਾਂ।

ਤਸਵੀਰ ਸਰੋਤ, MONUMANESAR/TWITTER
4 ਜੁਲਾਈ 2021 ਨੂੰ ਹਰਿਆਣਾ ਦੇ ਪਟੌਦੀ ਵਿੱਚ ਇੱਕ ਮਹਾਪੰਚਾਇਤ ਕੀਤੀ ਗਈ।
‘ਲਵ ਜਿਹਾਦ’ ਦੇ ਖਿਲਾਫ਼ ਕੀਤੀ ਗਈ ਇਸ ਮਹਾਪੰਚਾਇਤ ਵਿੱਚ ਮੰਚ ਤੋਂ ਮੋਨੂੰ ਮਾਨੇਸਰ ਨੇ ਕਿਹਾ, ‘‘ਭਰਾਵੋ! ਇੱਥੇ ਇੱਕ ਸਮਾਧਾਨ ਹੋਣਾ ਚਾਹੀਦਾ ਹੈ, ਜੋ ਵੀ ਲਵ ਜਿਹਾਦ ਕਰਦਾ ਹੈ, ਉਸ ਦੀ ਲਿਸਟ ਸਾਨੂੰ ਦਿਓ। ਅਸੀਂ ਅਤੇ ਸਾਡੀ ਟੀਮ ਉਸ ਨੂੰ ਮਾਰੇਗੀ, ਸ਼ਰੇਆਮ।’’
‘‘ਨਾ ਅਸੀਂ ਕਿਸੇ ਕੇਸ ਤੋਂ ਡਰਦੇ ਹਾਂ, ਨਾਂ ਤਾਂ ਮੈਂ ਲੈਣਾ ਨਹੀਂ ਚਾਹੁੰਦਾ, ਪਰ ਆਪਣੇ ਵੱਡੇ ਭਰਾ ਜੋ ਇੱਥੇ ਬੈਠੇ ਹਨ, ਉਹ ਸਾਡੀ ਪੂਰੀ ਪੈਰਵੀ ਕਰਨਗੇ।’’
‘‘ਜੋ ਲਵ ਜਿਹਾਦ ਕਰੇਗਾ, ਸਾਡੀਆਂ ਭੈਣਾਂ-ਧੀਆਂ ਨੂੰ ਛੇੜੇਗਾ, ਉਸ ਨੂੰ ਮਾਰਨ ਦਾ ਕੰਮ ਸਿਰਫ਼ ਅਤੇ ਸਿਰਫ਼ ਅਸੀਂ ਕਰਾਂਗੇ, ਸਾਡੀ ਟੀਮ ਕਰੇਗੀ ਅਤੇ ਨੌਜਵਾਨ ਸਾਥੀ ਕਰਨਗੇ।’’
ਜਦੋਂ ਮੋਨੂੰ ਮੰਚ ਤੋਂ ਇਹ ਗੱਲਾਂ ਕਰ ਰਿਹਾ ਸੀ ਤਾਂ ਉਸ ਨੂੰ ਸੁਣ ਰਹੇ ਸੈਂਕੜੇ ਲੋਕ ਜ਼ੋਰ-ਸ਼ੋਰ ਨਾਲ ਤਾੜੀਆਂ ਮਾਰ ਰਹੇ ਸਨ ਅਤੇ ਮੋਨੂੰ ਮਾਨੇਸਰ ਦੇ ਨਾਂ ’ਤੇ ਨਾਅਰੇ ਲਗਾਏ ਜਾ ਰਹੇ ਸਨ।
ਮੰਚ ਤੋਂ ਖੁੱਲ੍ਹੇਆਮ ਹਿੰਸਾ ਅਤੇ ਕਤਲ ਕਰਨ ਦੀ ਗੱਲ ਕਰਨ ਵਾਲੇ ਮੋਨੂੰ ਮਾਨੇਸਰ ਲਈ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਉਸ ਨੇ ਮੁਸਲਮਾਨਾਂ ਦੇ ਖਿਲਾਫ਼ ਇਸ ਤਰ੍ਹਾਂ ਦੇ ਬਿਆਨ ਦਿੱਤੇ ਹੋਣ।
ਸਾਲ 2021 ਵਿੱਚ ਹੀ ਜਦੋਂ ਗੁਰੂਗ੍ਰਾਮ ਦੇ ਸੈਕਟਰ 12 ਵਿੱਚ ਜੁਮੇ ਦੀ ਨਮਾਜ਼ ਜਨਤਕ ਸਥਾਨਾਂ ’ਤੇ ਪੜ੍ਹੇ ਜਾਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ ਤਾਂ ਮੋਨੂੰ ਮਾਨੇਸਰ ਨੇ ਉਸ ਸਮੇਂ ਵੀ ਅਜਿਹਾ ਹੀ ਇੱਕ ਹਿੰਸਕ ਨਾਅਰਾ ਦਿੱਤਾ ਸੀ- ‘ਹਿੰਦੂ ਦੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ…'

ਤਸਵੀਰ ਸਰੋਤ, Social Media
ਇਸ ਸਾਲ ਜਨਵਰੀ ਵਿੱਚ ਨੂੰਹ ਦੇ ਰਹਿਣ ਵਾਲੇ 21 ਸਾਲ ਦੇ ਵਾਰਿਸ ਦੀ ਮੌਤ ਹੋ ਗਈ ਸੀ। ਗਊ ਰੱਖਿਆ ਦਲ ਨੇ ਵਾਰਿਸ ਦੀ ਜ਼ਖ਼ਮੀ ਹਾਲਤ ਵਿੱਚ ਇੱਕ ਵੀਡਿਓ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ।
ਵੀਡਿਓ ਵਿੱਚ ਗਊ ਰੱਖਿਅਕ ਵਾਰਿਸ ਅਤੇ ਦੋ ਹੋਰ ਕਥਿਤ ਗਊ ਤਸਕਰਾਂ ਨੂੰ ਕੁੱਟਦੇ ਨਜ਼ਰ ਆ ਰਹੇ ਸਨ।
ਗਊ ਰੱਖਿਅਕ ਦਲ ਨੇ ਵਾਰਿਸ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ ਤਸਵੀਰ ਵਿੱਚ ਮੋਨੂੰ ਮਾਨੇਸਰ ਵੀ ਸੀ।
ਵਾਰਿਸ ਦੀ ਮੌਤ ਦੇ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਮੋਨੂੰ ਮਾਨੇਸਰ ਅਤੇ ਬਜਰੰਗ ਦਲ ’ਤੇ ਆਪਣੇ ਪੁੱਤਰ ਦੀ ਮੌਤ ਦਾ ਇਲਜ਼ਾਮ ਲਗਾਇਆ ਸੀ।
ਵਾਰਿਸ ਦੇ ਭਰਾ ਇਮਰਾਨ ਦਾ ਕਹਿਣਾ ਸੀ ਕਿ ‘‘ਬਜਰੰਗ ਦਲ ਦੇ ਮੋਨੂੰ ਮਾਨੇਸਰ ਨੇ ਸਵੇਰੇ ਫੇਸਬੁੱਕ ਲਾਈਵ ਕੀਤਾ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਉਸ ਨੇ ਬੱਚੇ ਫੜ੍ਹ ਰੱਖੇ ਹਨ।’’
‘‘ਬੱਚਿਆਂ ਨੂੰ ਮੋਨੂੰ ਮਾਨੇਸਰ ਦੀ ਬੋਲੇਰੋ ਕਾਰ ਵਿੱਚ ਬਿਠਾਇਆ ਅਤੇ ਅਲੱਗ-ਅਲੱਗ ਲੋਕੇਸ਼ਨ ’ਤੇ ਲੈ ਜਾ ਕੇ ਤਿੰਨੋਂ ਬੱਚਿਆਂ ਨੂੰ ਕੁੱਟਿਆ ਗਿਆ।’’
‘‘ਜਿੱਥੇ ਹਾਦਸਾ ਹੋਇਆ ਉੱਥੋਂ ਹੀ ਚੰਦ ਕਦਮਾਂ ’ਤੇ ਪੁਲਿਸ ਚੌਕੀ ਸੀ, ਬੱਚੇ ਉੱਥੇ ਕਸਟੱਡੀ ਵਿੱਚ ਦੇਣੇ ਚਾਹੀਦੇ ਸਨ, ਪਰ ਪੁਲਿਸ ਨੂੰ ਬੱਚੇ ਨਹੀਂ ਦਿੱਤੇ ਗਏ।’’

ਤਸਵੀਰ ਸਰੋਤ, BAJRANG DAL/FACEBOOK
ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਉਦੋਂ ਮੋਨੂੰ ਮਾਨੇਸਰ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਖੁਦ ਘਟਨਾ ਸਥਾਨ ’ਤੇ 35 ਮਿੰਟ ਬਾਅਦ ਪਹੁੰਚਿਆ ਸੀ।
ਹਾਲਾਂਕਿ ਪੁਲਿਸ ਨੇ ਵੀ ਪਰਿਵਾਰ ਵਾਲਿਆਂ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਮੋਨੂੰ ਮਾਨੇਸਰ ਨੂੰ ਇਸ ਕੇਸ ਵਿੱਚ ਕਲੀਨਚਿੱਟ ਦੇ ਦਿੱਤੀ ਸੀ।
ਮੋਨੂੰ ਮਾਨੇਸਰ ਅਤੇ ਉਸ ਦੀ ਟੀਮ ਜਦੋਂ ਵੀ ਕਿਸੇ ਕਥਿਤ ਗਊ ਤਸਕਰ ਨੂੰ ਫੜ੍ਹਨ ਜਾਂਦੇ ਹਨ ਤਾਂ ਉਸ ਦਾ ਸੋਸ਼ਲ ਮੀਡੀਆ ’ਤੇ ਲਾਈਵਸਟਰੀਮ ਕਰਦੇ ਹਨ।
ਕਥਿਤ ਗਊ ਤਸਕਰਾਂ ਨੂੰ ਫੜ੍ਹਨ ਤੋਂ ਬਾਅਦ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ। ਕੁਝ ਤਸਵੀਰਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਸ ਵਿੱਚ ਉਹ ਅਤੇ ਉਸ ਦੀ ਟੀਮ ਦੇ ਹੱਥ ਵਿੱਚ ਬੰਦੂਕ ਜਾਂ ਰਿਵਾਲਵਰ ਹੁੰਦੀ ਹੈ।
ਮੋਨੂੰ ਦਾ ਸਮਰਥਨ ਕਰਨ ਵਾਲੇ ਲੋਕ

ਤਸਵੀਰ ਸਰੋਤ, SOCIAL MEDIA
ਮੋਨੂੰ ਨੂੰ ਚਾਹੁਣ ਵਾਲੇ ਬਹੁਤ ਹਨ ਜੋ ਉਸ ਦੇ ਕੰਮ ਨੂੰ ‘ਗਾਂ ਪ੍ਰਤੀ ਸੇਵਾ ਭਾਵ’ ਦੀ ਤਰ੍ਹਾਂ ਦੇਖਦੇ ਹਨ।
ਇਸ ਸਾਲ ਮਾਰਚ ਵਿੱਚ ਬੀਬੀਸੀ ਨੇ ਮੋਨੂੰ ਮਾਨੇਸਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਮੋਨੂੰ ਦੇ ਚਚੇਰੇ ਭਰਾ ਵਿਨੋਦ ਕੁਮਾਰ ਨੇ ਦੱਸਿਆ ਸੀ ਕਿ ਉਸ ਦਾ ਨਾਂ ਜੁਨੈਦ ਅਤੇ ਨਾਸਿਰ ਦੀ ਹੱਤਿਆ ਦੇ ਮਾਮਲੇ ਵਿੱਚ ਜ਼ਬਰਨ ਖਿੱਚਿਆ ਜਾ ਰਿਹਾ ਹੈ।
ਉਸ ਮੁਤਾਬਿਕ, ‘‘ਉਹ (ਮੋਨੂ) ਬਹੁਤ ਸ਼ਾਂਤ ਸੁਭਾਅ ਦਾ ਹੈ। ਕਿਸੇ ਨਾਲ ਲੜਨਾ-ਝਗੜਨਾ ਨਹੀਂ…ਵੋਟਾਂ ਦੀ ਰਾਜਨੀਤੀ ਚੱਲ ਰਹੀ ਹੈ। ਰਾਜਨੀਤੀ ਦੇ ਅੰਦਰ ਇਨ੍ਹਾਂ ਨੂੰ ਘਸੀਟਿਆ ਜਾ ਰਿਹਾ ਹੈ।’’
ਬਜਰੰਗ ਦਲ ਨਾਲ ਜੁੜੇ ਮੋਨੂੰ ਦੇ ਦੋਸਤ ਸੂਰਜ ਯਾਦਵ ਨੇ ਬੀਬੀਸੀ ਨੂੰ ਦੱਸਿਆ ਸੀ, ‘‘ਪੋਲੀਟੈਕਨਿਕ ਦੇ ਨੇੜੇ ਗਊ ਤਸਕਰਾਂ ਦੀ ਇੱਕ ਗੱਡੀ ਫੜ੍ਹੀ ਗਈ ਸੀ ਤਾਂ ਕਾਲਜ ਦੇ ਸਾਰੇ ਬੱਚਿਆਂ ਨੇ ਚੰਗਾ ਸਾਥ ਦਿੱਤਾ ਸੀ। ਉਦੋਂ ਤੋਂ ਹੀ ਉਸ ਦਾ ਰੁਝਾਨ ਬਣ ਗਿਆ ਕਿ ਗਾਂ ਦੀ ਸੇਵਾ ਕਰਨੀ ਹੈ।’’
ਸਥਾਨਕ ਲੋਕਾਂ ਅਤੇ ਗਊ ਰੱਖਿਅਕ ਦਲ ਦੇ ਗੁਰੂਗ੍ਰਾਮ ਡਿਸਟ੍ਰਿਕਟ ਪ੍ਰੈਜੀਡੈਂਟ ਨੀਲਮ ਰਾਮਪੁਰ ਨੇ ਦੱਸਿਆ ਸੀ ਕਿ ਇਲਾਕੇ ਵਿੱਚ ਜ਼ਿਆਦਾਤਰ ਲੋਕਾਂ ਦੇ ਘਰਾਂ ਵਿੱਚ ਗਾਂ ਹੈ ਅਤੇ ਗਊ ਸੇਵਾ ਦੀ ਭਾਵਨਾ ਨਾਲ 19-20 ਸਾਲ ਦੀ ਉਮਰ ਵਿੱਚ ਹੀ ਨੌਜਵਾਨ ਗਊ ਰੱਖਿਆ ਵਰਗੇ ਕੰਮਾਂ ਨਾਲ ਜੁੜ ਜਾਂਦੇ ਹਨ।
ਮੋਨੂੰ ਦੇ ਸਮਰਥਨ ਵਿੱਚ ਨੀਲਮ ਨੇ ਉਦੋਂ ਬੀਬੀਸੀ ਨੂੰ ਕਿਹਾ ਸੀ, ‘‘ਸਾਡੀ ਗਊ ਮਾਤਾ ਨੂੰ (ਕੋਈ) ਚੁੱਕ ਕੇ ਲੈ ਜਾਵੇਗਾ ਤਾਂ ਉਸ ਦੀ ਆਰਤੀ ਥੋੜ੍ਹੀ ਨਾ ਉਤਾਰੀ ਜਾਵੇਗੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਦੇ ਹੱਥ-ਪੈਰ ਤੋੜ ਦਿੱਤੇ ਜਾਂਦੇ ਹਨ।’’
ਮੋਨੂੰ ਮਾਨੇਸਰ ਨੂੰ ਜਦੋਂ ਪਟੌਦੀ ਦੇ ਮੰਚ ’ਤੇ ਬੁਲਾਇਆ ਗਿਆ ਤਾਂ ਉਸ ਦੀ ਜਾਣ ਪਛਾਣ ਵਿੱਚ ਕਿਹਾ ਗਿਆ- ‘‘ਮੋਨੂੰ ਮਾਨੇਸਰ ਉਹ ਹਨ ਜੋ ਗਊ ਰੱਖਿਆ ਲਈ ਗੋਲੀ ਖਾ ਵੀ ਸਕਦੇ ਹਨ ਅਤੇ ਮਾਰ ਵੀ ਸਕਦੇ ਹਨ।’’
ਬੇਸ਼ੱਕ ਉਸ ’ਤੇ ਕਤਲ ਦੇ ਇਲਜ਼ਾਮ ਹੋਣ, ਪਰ ਉਸ ਦੇ ਸਮਰਥਕਾਂ ਲਈ ਉਹ ‘ਹੀਰੋ’ ਹੈ।

ਨੂੰਹ ਹਿੰਸਾ ਬਾਰੇ ਮੁੱਖ ਗੱਲਾਂ
- ਲੰਘੇ ਸੋਮਵਾਰ ਹਰਿਆਣਾ ਦੇ ਮੇਵਾਤ ਦੇ ਨੂੰਹ ਜ਼ਿਲ੍ਹੇ 'ਚ ਹਿੰਸਾ ਭੜਕ ਗਈ
- ਇਹ ਹਿੰਸਾ ਇੱਕ ਧਾਰਮਿਕ ਯਾਤਰਾ ਦੌਰਾਨ ਭੜਕੀ
- ਇਹ ਯਾਤਰਾ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੱਢੀ ਸੀ
- ਇਸ ਦੌਰਾਨ ਕਾਫੀ ਪੱਥਰਬਾਜ਼ੀ ਹੋਈ ਅਤੇ ਕਈ ਵਾਹਨ ਵੀ ਫੂਕੇ ਗਏ
- ਪੁਲਿਸ ਮੁਤਾਬਕ, ਹਿੰਸਾ ਵਿੱਚ ਘੱਟੋ-ਘੱਟ 60 ਲੋਕ ਜ਼ਖ਼ਮੀ ਹੋਏ ਹਨ
- ਇਸ ਦੇ ਨਾਲ ਹੀ ਹੁਣ ਤੱਕ 6 ਮੌਤਾਂ ਦੀ ਵੀ ਪੁਸ਼ਟੀ ਹੋ ਚੁੱਕੀ ਹੈ
- ਇਸ ਦੌਰਾਨ ਗੁਰੂਗ੍ਰਾਮ ਵਿੱਚ ਵੀ ਇੱਕ ਮਸਜਿਦ ਨੂੰ ਸਾੜਿਆ ਗਿਆ
- ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਦਾ ਵੀ ਕਤਲ ਕਰ ਦਿੱਤਾ ਗਿਆ
- ਫਿਲਹਾਲ ਨੂੰਹ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਭਾਰੀ ਸੁਰੱਖਿਆ ਬਲ ਮੌਜੂਦ ਹਨ
- ਇਸ ਪੂਰੇ ਮਾਮਲੇ 'ਚ ਮੋਨੂੰ ਮਾਨੇਸਰ ਦਾ ਵੀ ਨਾਮ ਆ ਰਿਹਾ ਹੈ
- ਕਿਹਾ ਜਾ ਰਿਹਾ ਹੈ ਕਿ ਉਸ ਦੇ ਯਾਤਰਾ 'ਚ ਸ਼ਾਮਲ ਹੋਣ ਨੂੰ ਲੈ ਕੇ ਬਵਾਲ ਹੋਇਆ
- ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ 116 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ













