ਨੂੰਹ ਹਿੰਸਾ ’ਚ ਜਾਨ ਗੁਆਉਣ ਵਾਲੇ ਅਭਿਸ਼ੇਕ ਦੀ ਮੌਤ ਦਾ ਵੇਰਵਾ ਉਸ ਦੇ ਭਰਾ ਦੀ ਜ਼ਬਾਨੀ-ਗਰਾਊਂਡ ਰਿਪੋਰਟ

ਅਭਿਸ਼ੇਕ
ਤਸਵੀਰ ਕੈਪਸ਼ਨ, ਅਭਿਸ਼ੇਕ ਪੇਸ਼ੇ ਤੋਂ ਮਕੈਨਿਕ ਸਨ ਅਤੇ ਪਰਿਵਾਰ ਮੁਤਾਬਕ ਬਜਰੰਗ ਦਲ ਨਾਲ ਜੁੜੇ ਹੋਏ ਸਨ
    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ (ਨਲਹੜ, ਨੂੰਹ ਤੋਂ)

ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਨਲਹੜ ਮਹਾਦੇਵ ਮੰਦਰ ਵਿੱਚ ਅਜੇ ਤਣਾਅ ਨਾਲ ਭਰੀ ਹੋਈ ਸ਼ਾਂਤੀ ਹੈ। ਮੰਦਰ ਦੇ ਬਾਹਰ ਦੀ ਸੜਕ ਅਜੇ ਵੀ ਕਾਲੀ ਹੈ ਜੋ ਗੱਡੀਆਂ ਨੂੰ ਸਾੜੇ ਜਾਣ ਦੀ ਗਵਾਹੀ ਦੇ ਰਹੀ ਹੈ।

ਨਲਹੜ ਪੁਲਿਸ ਚੌਂਕੀ ਕੋਲ ਦਰਜਨਾਂ ਦੀ ਗਿਣਤੀ ਵਿੱਚ ਗੱਡੀਆਂ ਸੜੀ ਹੋਈ ਹਾਲਤ ਵਿੱਚ ਪਈਆਂ ਹਨ।

ਸ਼ਾਂਤੀ ਕਾਇਮ ਰੱਖਣ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ।

ਸੋਮਵਾਰ ਦੀ ਸ਼ਾਮ ਇੱਥੇ ਬਜਰੰਗ ਦਲ ਵੱਲੋਂ ਕੱਢੀ ਜਾ ਰਹੀ ਯਾਤਰਾ ਵਿੱਚ ਸ਼ਾਮਲ ਲੋਕਾਂ ਅਤੇ ਸਥਾਨਕ ਮੁਸਲਮਾਨਾਂ ਵਿਚਾਲੇ ਟਕਰਾਅ ਹੋਇਆ ਸੀ। ਇਸ ਦੌਰਾਨ ਗੋਲੀਆਂ ਵੀ ਚੱਲੀਆਂ ਸਨ।

ਸ਼ਿਵ ਮੰਦਰ ਕੋਲ ਗੋਲੀਬਾਰੀ ਵਿੱਚ ਬਜਰੰਗ ਦਲ ਨਾਲ ਜੁੜੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਕਈ ਲੋਕ ਜ਼ਖ਼ਮੀਂ ਵੀ ਹੋਏ ਹਨ।

ਅਭਿਸ਼ੇਕ ਨਾਮ ਦਾ ਇੱਕ ਨੌਜਵਾਨ ਮੂਲ ਤੌਰ ’ਤੇ ਪਾਣੀਪਤ ਦਾ ਵਾਸੀ ਹੈ ਅਤੇ ਆਪਣੇ ਚਚੇਰੇ ਭਰਾ ਦੇ ਨਾਲ ਬਜਰੰਗ ਦਲ ਦੀ ਯਾਤਰਾ ਵਿੱਚ ਸ਼ਾਮਲ ਹੋਇਆ ਸੀ।

ਨਲਹੜ ਮੈਡੀਕਲ ਕਾਲਜ ਕਾਂਪਲੈਕਸ ਵਿੱਚ ਬੀਬੀਸੀ ਨਾਲ ਗੱਲ ਕਰਦੇ ਹੋਏ ਅਭਿਸ਼ੇਕ ਦੇ ਨਾਲ ਯਾਤਰਾ ਵਿੱਚ ਸ਼ਾਮਲ ਹੋਏ ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ ਨੇ ਦੱਸਿਆ, ‘‘ਗੋਲੀ ਲੱਗਣ ਤੋਂ ਬਾਅਦ ਅਭਿਸ਼ੇਕ ਡਿੱਗ ਗਿਆ ਸੀ, ਅਸੀਂ ਉਸ ਨੂੰ ਚੁੱਕ ਨਹੀਂ ਸਕੇ। ਅਗਲੇ ਦਿਨ ਹਸਪਤਾਲ ਵਿੱਚ ਉਸਦੀ ਲਾਸ਼ ਹੋਣ ਦੀ ਜਾਣਕਾਰੀ ਮਿਲੀ।’’

22 ਸਾਲ ਦੇ ਅਭਿਸ਼ੇਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਲਿਜਾਇਆ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਲੱਗਣ ਦੀ ਪੁਸ਼ਟੀ ਪੋਸਟ ਮਾਰਟਮ ਤੋਂ ਬਾਅਦ ਹੀ ਕੀਤੀ ਜਾਵੇਗੀ।

‘ਚਾਰੇ ਪਾਸੇ ਗੋਲੀਆਂ ਚੱਲ ਰਹੀਆਂ ਸਨ’

ਨੂੰਹ

ਅਭਿਸ਼ੇਕ ਦੇ ਚਚੇਰੇ ਭਰਾ ਮਹੇਸ਼ ਮੁਤਾਬਕ, ਉਨ੍ਹਾਂ ਨੇ ਉਸ ਦੀ ‘ਬੌਡੀ ਦੀਆਂ ਅਜਿਹੀਆਂ ਤਸਵੀਰਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਗਲਾ ਕੱਟੇ ਜਾਣ ਦੇ ਨਿਸ਼ਾਨ ਵੀ ਹਨ।’

ਨਲਹੜ ਮੈਡੀਕਲ ਕਾਲਜ ਦੇ ਡਾਇਰੈਕਰ ਪਵਨ ਗੋਇਲ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ, ‘‘ਜ਼ਿਲ੍ਹਾ ਨੂੰਹ ’ਚ ਭੜਕੇ ਦੰਗਿਆਂ ਕਾਰਨ 18 ਲੋਕ ਜਿਨ੍ਹਾਂ ਵਿੱਚ ਸੱਤ ਹਰਿਆਣਾ ਪੁਲਿਸ ਦੇ ਜਵਾਨ ਹਨ, ਉਹ ਜ਼ਖ਼ਮੀਂ ਹਾਲਤ ਵਿੱਚ ਮੈਡੀਕਲ ਕਾਲਜ ਭਰਤੀ ਹੋਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਮ੍ਰਿਤ ਹਾਲਤ ਵਿੱਚ ਲਿਆਂਦਾ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀਂ ਤਿੰਨ ਲੋਕਾਂ ਨੂੰ ਪੀਜੀਆਈ ਰੋਹਤਕ ਰੈਫ਼ਰ ਕੀਤਾ ਗਿਆ।’’

ਹਸਪਤਾਲ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਜ਼ਾਹਿਰ ਕਰਦਿਆਂ ਬੀਬੀਸੀ ਨੂੰ ਦੱਸਿਆ ਕਿ ਜਿਸ ਅਣਪਛਾਤੇ ਮ੍ਰਿਤ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਸ ਦਾ ਨਾਮ ਅਭਿਸ਼ੇਕ ਹੀ ਹੈ।

ਅਧਿਕਾਰੀਆਂ ਮੁਤਾਬਕ, ਅਭਿਸ਼ੇਕ ਕੋਲ ਉਸ ਦਾ ਪਛਾਣ ਪੱਤਰ ਸੀ। ਉਸੇ ਰਾਹੀਂ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।

ਬੀਬੀਸੀ ਨਾਲ ਗੱਲਬਾਤ ਵਿੱਚ ਮਹੇਸ਼ ਕੁਮਾਰ ਨੇ ਦੱਸਿਆ, ‘‘ਯਾਤਰਾ ਵਿੱਚ ਹਜ਼ਾਰਾਂ ਲੋਕ ਸ਼ਾਮਲ ਸਨ ਜਿਨ੍ਹਾਂ ਵਿੱਚ ਵੱਡੇ ਪੱਧਰ ਉੱਤੇ ਔਰਤਾਂ ਅਤੇ ਬੱਚੇ ਵੀ ਸਨ। ਯਾਤਰਾ ਨੇ ਨਲਹੜ ਦੇ ਸ਼ਿਵ ਮੰਦਰ ਵਿੱਚ ਜਲਾਭਿਸ਼ੇਕ ਕਰਨਾ ਸੀ। ਨਲਹੜ ਦੇ ਸ਼ਿਵ ਮੰਦਰ ਤੋਂ ਯਾਤਰਾ ਨਿਕਲਣ ਦੇ ਦੋ-ਤਿੰਨ ਕਿਲੋਮੀਟਰ ਬਾਅਦ ਹੀ ਪੱਥਰਬਾਜ਼ੀ ਸ਼ੁਰੂ ਹੋ ਗਈ ਸੀ।’’

‘‘ਉਦੋਂ ਅਭਿਸ਼ੇਕ ਮੇਰੇ ਨਾਲ ਸੀ। ਜਦੋਂ ਅਸੀਂ ਮੰਦਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਚੌਂਕ ਉੱਤੇ ਪਹੁੰਚੇ ਤਾਂ ਪਥਰਾਅ ਸ਼ੁਰੂ ਹੋ ਗਿਆ। ਅਸੀਂ ਕਿਸੇ ਤਰ੍ਹਾਂ ਭੱਜ ਕੇ ਮੰਦਰ ਵੱਲ ਗਏ। ਪੰਜ ਵਜੇ ਕਰੀਬ ਹਥਿਆਰਾਂ ਨਾਲ ਲੈਸ ਲੋਕਾਂ ਨੇ ਮੰਦਰ ਦੇ ਬਾਹਰ ਹਮਲਾ ਕੀਤਾ ਅਤੇ ਮੰਦਰ ਬਾਹਰ ਖੜ੍ਹੇ ਵਾਹਨਾਂ ਵਿੱਚ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ।’’

‘‘ਚਾਰੇ ਪਾਸਿਓਂ ਗੋਲੀਆਂ ਚੱਲ ਰਹੀਆਂ ਸੀ, ਮੰਦਰ ਬਾਹਰ ਇੱਕ ਗੋਲੀ ਅਭਿਸ਼ੇਕ ਦੀ ਛਾਤੀ ਉੱਤੇ ਲੱਗੀ ਅਤੇ ਉਹ ਉੱਥੇ ਹੀ ਡਿੱਗ ਗਿਆ, ਅਸੀਂ ਉਸ ਨੂੰ ਚੁੱਕ ਨਹੀਂ ਸਕੇ।’’

ਨੂੰਹ
ਲਾਈਨ

ਇਹ ਵੀ ਪੜ੍ਹੋ;

ਲਾਈਨ

‘ਦਿਹਾੜੀ ਮਜ਼ਦੂਰ ਦਾ ਪੁੱਤ’

ਮਹੇਸ਼ ਮੁਤਾਬਕ, ਅਭਿਸ਼ੇਕ ਦਾ ਇੱਕ ਵੱਡਾ ਭਰਾ ਹੈ, ਇੱਕ ਭੈਣ ਹੈ ਜੋ ਵਿਆਹੀ ਹੋਈ ਹੈ ਅਤੇ ਪਿਤਾ ਦਿਹਾੜੀ ਮਜ਼ਦੂਰ ਹਨ।

ਮਹੇਸ਼ ਮੁਤਾਬਕ, ‘‘ਅਭਿਸ਼ੇਕ 22 ਸਾਲਾਂ ਦਾ ਸਮਝਦਾਰ ਮੁੰਡਾ ਸੀ। ਆਪਣਾ ਪੂਰਾ ਘਰ ਸੰਭਾਲ ਰਿਹਾ ਸੀ। ਉਹ ਗੱਡੀਆਂ ਦਾ ਮਕੈਨਿਕ ਸੀ।’’

ਅਭਿਸ਼ੇਕ ਅਤੇ ਮਹੇਸ਼ ਪਹਿਲੀ ਵਾਰ ਯਾਤਰਾ ਵਿੱਚ ਸ਼ਾਮਲ ਹੋ ਰਹੇ ਸੀ। ਮਹੇਸ਼ ਮੁਤਾਬਕ ਇੱਥੇ ਆਉਣ ਲਈ ਉਨ੍ਹਾਂ ਨੂੰ ਬਜਰੰਗ ਦਲ ਵੱਲੋਂ ਪਛਾਣ ਪੱਤਰ ਵੀ ਮਿਲਿਆ ਸੀ।

ਮਹੇਸ਼ ਮੁਤਾਬਕ ਉਹ ਬਜਰੰਗ ਦਲ ਦੀ ਪਾਣੀਪਤ ਇਕਾਈ ਦੇ ਮੈਂਬਰ ਹਨ ਅਤੇ ਅਭਿਸ਼ੇਕ ਵੀ ਬਜਰੰਗ ਦਲ ਨਾਲ ਜੁੜੇ ਸਨ।

ਮਹੇਸ਼ ਮੁਤਾਬਕ ਉਹ 8-9 ਮਹੀਨੇ ਪਹਿਲਾਂ ਹੀ ਬਜਰੰਗ ਦਲ ਨਾਲ ਜੁੜੇ ਸਨ ਅਤੇ ਉਸ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਸਨ।

ਹਾਲਾਂਕਿ ਮਹੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਤੇ ਅਭਿਸ਼ੇਕ ਕੋਲ ਬਜਰੰਗ ਦਲ ਦਾ ਕੋਈ ਅਹੁਦਾ ਨਹੀਂ ਹੈ।

ਨੂੰਹ

‘ਘੇਰ ਕੇ ਹਮਲਾ ਕੀਤਾ ਗਿਆ’

ਕਾਰ

ਤਸਵੀਰ ਸਰੋਤ, ANI

ਇਸ ਯਾਤਰਾ ਵਿੱਚ ਅਭਿਸ਼ੇਕ ਅਤੇ ਮਹੇਸ਼ ਦੇ ਨਾਲ ਸ਼ਾਮਲ ਰਹੇ ਇੱਕ ਹੋਰ ਨੌਜਵਾਨ ਅਨੂਪ ਨੇ ਬੀਬੀਸੀ ਨੂੰ ਦੱਸਿਆ, ‘‘ਅਸੀਂ ਸਵੇਰੇ ਸਾਢੇ ਛੇ ਵਜੇ ਪਾਣੀਪਤ ਤੋਂ ਨਿਕਲੇ ਸੀ ਅਤੇ ਸਵੇਰੇ 11 ਵਜੇ ਦੇ ਕਰੀਬ ਮੰਦਰ ਆ ਗਏ ਸੀ। ਇਸ ਤੋਂ ਬਾਅਦ ਅਸੀਂ ਦਰਸ਼ਨ ਕੀਤੇ ਅਤੇ ਅਸੀਂ ਸਾਢੇ 12 ਵਜੇ ਦੇ ਕਰੀਬ ਮੰਦਰ ਤੋਂ ਨਿਕਲ ਗਏ ਸੀ।’’

‘‘ਅਸੀਂ ਅਲਵਰ ਜਾਣ ਵਾਲੇ ਰਾਸਤੇ ਉੱਤੇ ਸੀ। ਦੋ ਬੱਸਾਂ ਸਾਡੇ ਅੱਗੇ ਸਨ ਅਤੇ ਕੁਝ ਗੱਡੀਆਂ ਵੀ। ਅਚਾਨਕ ਪਥਰਾਅ ਸ਼ੁਰੂ ਹੋਇਆ ਅਤੇ ਗੱਡੀਆਂ ਉੱਤੇ ਹਮਲਾ ਹੋਇਆ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸਵਾਰ ਸਨ। ਕੁਝ ਲੋਕ ਜ਼ਖ਼ਮੀਂ ਹੋਏ ਪਰ ਉਹ ਅੱਗੇ ਵੱਧ ਗਏ। ਜਦੋਂ ਸਾਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਸਾਰੇ ਲੋਕ ਇਕੱਠੇ ਹੋਏ।’’

ਅਨੂਪ ਦੱਸਦੇ ਹਨ, ‘‘ਜਦੋਂ ਸਾਨੂੰ ਹਮਲੇ ਦੀ ਜਾਣਕਾਰੀ ਮਿਲੀ ਤਾਂ ਅਸੀਂ ਬੱਸ ਵਿੱਚ ਹੀ ਸੀ। ਅਸੀਂ ਵਾਪਸ ਬੱਸ ਨੂੰ ਘੁੰਮਾਇਆ ਅਤੇ ਮੰਦਰ ਵੱਲ ਮੁੜ ਗਏ ਪਰ ਵਿਚਾਲੇ ਹੀ ਸਾਨੂੰ ਘੇਰ ਕੇ ਹਮਲਾ ਕੀਤਾ ਗਿਆ। ਮੇਰੇ ਸਾਹਮਣੇ ਹੀ ਛੇ-ਸੱਤ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਸਾਰਿਆਂ ਦੀਆਂ ਗੱਡੀਆਂ ਫਸੀਆਂ ਹੋਈਆਂ ਸਨ। ਔਰਤਾਂ ਵੀ ਨਾਲ ਸੀ, ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਅਹਿਮ ਸੀ। ਅਸੀਂ ਕਿਸੇ ਤਰ੍ਹਾਂ ਮੰਦਰ ਵਿੱਚ ਸ਼ਰਣ ਲਈ, ਫ਼ਿਰ ਮੰਦਰ ਵੱਲ ਗੋਲੀਆਂ ਚੱਲਣ ਲੱਗੀਆਂ।’’

ਅਨੂਪ ਕਹਿੰਦੇ ਹਨ, ‘‘ਜਦੋਂ ਅਭਿਸ਼ੇਕ ਨੂੰ ਗੋਲੀ ਲੱਗੀ ਤਾਂ ਮੇਰੇ ਭਰਾ ਮਹੇਸ਼ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਜਦੋਂ ਅਭਿਸ਼ੇਕ ਨੂੰ ਗੋਲੀ ਲੱਘੀ, ਉਦੋਂ ਮੈਂ ਅੱਗੇ ਨਿਕਲ ਚੁੱਕਿਆ ਸੀ।’’

‘‘ਅਸੀਂ ਆਪਣੇ ਧਰਮ ਲਈ, ਪ੍ਰਾਚੀਨ ਮੰਦਰ ਨੂੰ ਦੇਖਣ ਲਈ ਆਏ ਸੀ, ਸਾਨੂੰ ਨਹੀਂ ਪਤਾ ਸੀ ਕਿ ਅਜਿਹਾ ਹੋ ਜਾਵੇਗਾ। ਇਹ ਹਿੰਦੂਆਂ ਦੀ ਆਸਥਾ ਉੱਤੇ ਸੱਟ ਹੈ। ਸਰਕਾਰ ਕੁਝ ਕਰਦੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਔਖਾ ਹੋ ਜਾਵੇਗਾ। ਅਸੀਂ ਆਪਣੇ ਘਰ ਤੋਂ ਵੀ ਨਹੀਂ ਨਿਕਲ ਸਕਾਂਗੇ।’’

‘‘ਮੰਦਰ ਦਾ ਘਿਰਾਓ ਕਰੀਬ ਸਾਢੇ ਚਾਰ-ਪੰਜ ਵਜੇ ਸ਼ੁਰੂ ਹੋਇਆ ਸੀ। ਜਦੋਂ ਅਸੀਂ ਮੰਦਰ ਦੇ ਅੰਦਰ ਪਹੁੰਚੇ ਸੀ ਤਾਂ ਉੱਥੇ ਵੀ ਫਾਈਰਿੰਗ ਹੋ ਰਹੀ ਸੀ। ਮੰਦਰ ਦੇ ਚਾਰੇ ਪਾਸੇ ਪਹਾੜ ਹਨ। ਪਹਾੜ ਵਾਲੇ ਪਾਸਿਓ ਗੋਲੀਆਂ ਚਲਾਈਆਂ ਜਾ ਰਹੀਆਂ ਸੀ।’’

ਮੰਦਰ ਦੇ ਪੁਜਾਰੀ ਨੇ ਕੀ ਦੱਸਿਆ?

ਦੀਪਕ
ਤਸਵੀਰ ਕੈਪਸ਼ਨ, ਨਲਹੜ ਸ਼ਿਵ ਮੰਦਰ ਦੇ ਪੁਜਾਰੀ ਦੀਪਕ ਸ਼ਰਮਾ

ਦੂਜੇ ਪਾਸੇ ਨਲਹੜ ਸ਼ਿਵ ਮੰਦਰ ਦੇ ਪੁਜਾਰੀ ਦੀਪਕ ਸ਼ਰਮਾ ਮੁਤਾਬਕ ਕਰੀਬ ਦੋ ਹਜ਼ਾਰ ਲੋਕਾਂ ਨੇ ਮੰਦਰ ਵਿੱਚ ਸ਼ਰਣ ਲਈ ਸੀ ਜਿਨ੍ਹਾਂ ਨੂੰ ਸ਼ਾਮ ਛੇ ਵਜੇ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਅਤ ਕੱਢ ਲਿਆ।

ਪੁਜਾਰੀ ਮੁਤਾਬਕ, ‘‘ਇਹ ਪਾਂਡਵ ਕਾਲੀਨ ਮੰਦਰ ਹੈ। ਇੱਥੇ ਸਾਉਣ ਮਹੀਨੇ ਵਿੱਚ ਭਗਤਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।’’

ਸੋਮਵਾਰ ਦੇ ਘਟਨਾਕ੍ਰਮ ਬਾਰੇ ਪੁਜਾਰੀ ਦੱਸਦੇ ਹਨ, ‘‘ਸਵੇਰੇ ਸਭ ਸ਼ਾਂਤ ਸੀ। ਦੁਪਹਿਰ ਤੋਂ ਬਾਅਦ ਮਾਹੌਲ ਖ਼ਰਾਬ ਹੋਇਆ। ਭਗਤਾਂ ਦਾ ਆਉਣਾ-ਜਾਣਾ ਸਵੇਰੇ ਚਾਰ ਵਜੇ ਤੋਂ ਲੱਗਿਆ ਹੋਇਆ ਸੀ। ਦੁਪਹਿਰ 12 ਵਜੇ ਤੋਂ ਬਾਅਦ ਯਾਤਰਾ ਇੱਥੇ ਆਈ। ਮੈਂ ਪਹਿਲਾਂ ਵੀ ਅੰਦਰ ਸੀ ਅਤੇ ਹਾਦਸੇ ਦੌਰਾਨ ਵੀ ਅੰਦਰ ਹੀ ਸੀ।’’

ਮੰਦਰ ਉੱਤੇ ਹਮਲੇ ਬਾਰੇ ਪੁੱਛਣ ਉੱਤੇ ਪੁਜਾਰੀ ਕਹਿੰਦੇ ਹਨ, ‘‘ਜਲਾਭਿਸ਼ੇਕ ਸਵੇਰ ਤੋਂ ਹੀ ਚੱਲ ਰਿਹਾ ਸੀ। ਅਸੀਂ ਆਪਣੀ ਗੱਦੀ ਉੱਤੇ ਬੈਠੇ ਸੀ, ਲੋਕ ਆ ਜਾ ਰਹੇ ਸਨ। ਦਿਨ ਭਰ ਵਿੱਚ ਕਰੀਬ ਚਾਰ ਹਜ਼ਾਰ ਭਗਤ ਇੱਥੇ ਰਹੇ ਹੋਣਗੇ। ਸ਼ਾਮ ਦੇ ਸਮੇਂ ਦੋ ਤੋਂ ਢਾਈ ਹਜ਼ਾਰ ਲੋਕ ਮੰਦਰ ਕਾਂਪਲੈਕਸ ਦੇ ਅੰਦਰ ਸਨ, ਜਦੋਂ ਬਾਹਰ ਦਾ ਮਾਹੌਲ ਖ਼ਰਾਬ ਹੋਇਆ। ਜੋ ਲੋਕ ਅੱਗੇ ਫਸ ਗਏ ਸਨ ਉਨ੍ਹਾਂ ਨੇ ਫ਼ਿਰ ਇੱਥੇ ਆ ਕੇ ਸ਼ਰਣ ਲਈ।’’

ਮੰਦਰ ਵਿੱਚ ਲੋਕਾਂ ਦੇ ਫਸੇ ਹੋਣ ਬਾਰੇ ਪੁਜਾਰੀ ਨੇ ਦੱਸਿਆ, ‘‘ਮਾਹੌਲ ਖ਼ਰਾਬ ਸੀ, ਉਹ ਲੋਕ ਇੱਥੇ ਕਰੀਬ ਦੋ ਤੋਂ ਢਾਈ ਘੰਟੇ ਰਹਿ ਹੋਣਗੇ। ਅੰਦਰ ਭਜਨ ਚੱਲ ਰਿਹਾ ਸੀ, ਮਾਹੌਲ ਜਦੋਂ ਖ਼ਰਾਬ ਹੋ ਗਿਆ ਤਾਂ ਲੋਕ ਬਾਹਰ ਨਹੀਂ ਨਿਕਲੇ। ਮੰਦਰ ਦੇ ਬਾਹਰ ਗੋਲੀ ਚੱਲ ਰਹੀ ਸੀ। ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ। ਪੁਲਿਸ ਦੇ ਆਉਣ ਤੋਂ ਬਾਅਦ ਇੱਥੇ ਕੁਝ ਨਹੀਂ ਹੋਇਆ।’’

ਬਜਰੰਗ ਦਲ ਦੀ ਜਲਾਭਿਸ਼ੇਕ ਯਾਤਰਾ ਦੇ ਬਾਰੇ ਪੁਜਾਰੀ ਦੱਸਦੇ ਹਨ, ‘‘ਜਿੱਥੋਂ ਤੱਕ ਮੈਨੂੰ ਪਤਾ ਹੈ, ਬਜਰੰਗ ਦਲ ਦੀ ਇਹ ਯਾਤਰਾ ਇੱਕ ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ। ਪਹਿਲਾਂ ਇੱਥੇ ਕਦੇ ਵੀ ਇਸ ਤਰ੍ਹਾਂ ਦਾ ਤਣਾਅ ਨਹੀਂ ਹੋਇਆ। ਹਮੇਸ਼ਾ ਤੋਂ ਹੀ ਸ਼ਾਂਤੀ ਰਹੀ ਹੈ। ਬਜਰੰਗ ਦਲ ਦੇ ਕਾਰਕੁੰਨ ਵੀ ਜਲਾਭਿਸ਼ੇਕ ਕਰਦੇ ਹਨ, ਬਾਕੀ ਲੋਕਾਂ ਦੀ ਤਰ੍ਹਾਂ।’’

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)