ਹਰਿਆਣਾ ਹਿੰਸਾ : ਗੜਬੜ ਕਾਰਨ ਭਰਾ ਨੂੰ ਸਫ਼ਰ ਕਰਨ ਤੋਂ ਰੋਕਿਆ, ਪਰ ਦੰਗਈ ਮਸਜਿਦ 'ਚ ਹੀ ਮਾਰ ਗਏ
ਹਰਿਆਣਾ ਦੇ ਮੇਵਾਤ 'ਚ ਸੋਮਵਾਰ ਨੂੰ ਫਿਰਕੂ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਦੇ ਸੈਕਟਰ 57 'ਚ ਸਥਿਤ ਮਸਜਿਦ ਨੂੰ ਅੱਗ ਲਗਾਉਣ ਦੀ ਖ਼ਬਰ ਹੈ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਹੁਣ ਤੱਕ ਦੋ ਹੋਮਗਾਰਡ ਦੇ ਜਵਾਨਾਂ ਦੀ ਮੌਤ ਹੋ ਗਈ ਹੈ।
ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੂੰ ਦੱਸਿਆ, "ਹਿੰਸਾ ਦੀ ਇਸ ਘਟਨਾ ਵਿੱਚ ਮਸਜਿਦ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਹੈ ਅਤੇ ਇੱਥੇ ਮੌਜੂਦ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ।"
ਇਸ ਖ਼ਬਰ ਦੀ ਪੁਸ਼ਟੀ ਲਈ ਬੀਬੀਸੀ ਨੇ ਗੁਰੂਗ੍ਰਾਮ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਦਾ ਪੱਖ ਨਹੀਂ ਮਿਲ ਸਕਿਆ।
ਹਿੰਸਾ ਦਾ ਇਹ ਸਿਲਸਿਲਾ ਲੰਘੇ ਸੋਮਵਾਰ ਨੂੰ ਸ਼ੁਰੂ ਹੋਇਆ ਜਦੋਂ ਮੇਵਾਤ ਇਲਾਕੇ ਦੇ ਨੂੰਹ ਜ਼ਿਲ੍ਹੇ ਵਿੱਚ ਹਿੰਦੂਤਵੀ ਸੰਗਠਨਾਂ ਵੱਲੋਂ ਕੱਢੀ ਜਾ ਰਹੀ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਹਿੰਸਕ ਝੜਪਾਂ ਦੀਆਂ ਖ਼ਬਰਾਂ ਆਈਆਂ।
ਇਸ ਦੌਰਾਨ ਪੱਥਰਬਾਜ਼ੀ ਹੋਈ ਅਤੇ ਕਈ ਵਾਹਨਾਂ ਨੂੰ ਵੀ ਸਾੜ ਦਿੱਤਾ ਗਿਆ।
ਹਿੰਸਾ ਮਗਰੋਂ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਭਾਰੀ ਸੁਰੱਖਿਆ ਬਲ ਤੈਨਾਤ ਹਨ।
2 ਅਗਸਤ ਤੱਕ ਇੰਟਰਨੈਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਧਾਰਾ 144 ਲਾਗੂ ਕੀਤੀ ਗਈ ਹੈ।
ਮ੍ਰਿਤਕ ਇਮਾਮ ਦੇ ਭਰਾ ਨੇ ਕੀ ਦੱਸਿਆ

ਤਸਵੀਰ ਸਰੋਤ, Aslam Khan
ਨੂੰਹ ਦੀ ਹਿੰਸਾ ਤੋਂ ਬਾਅਦ, ਗੁਰੂਗ੍ਰਾਮ ਹਿੰਸਾ 'ਚ ਮਾਰੇ ਗਏ ਇਮਾਮ ਸਾਦ ਦੇ ਭਰਾ ਸ਼ਾਦਾਬ ਅਨਵਰ ਨੇ ਬੀਬੀਸੀ ਨੂੰ ਦੱਸਿਆ, "ਮੈਂ ਸਿਰਫ਼ ਆਪਣੇ ਭਰਾ ਦਾ ਚਿਹਰਾ ਹੀ ਦੇਖ ਸਕਿਆ। ਅਸੀਂ ਹੁਣ ਮੁਰਦਾਘਰ ਵਿੱਚ ਹਾਂ। ਹੁਣ ਅਸੀਂ ਐਫਆਈਆਰ ਦਰਜ ਕਰਵਾਵਾਂਗੇ। ਮੇਰਾ ਭਰਾ ਪਿਛਲੇ ਸੱਤ ਮਹੀਨਿਆਂ ਤੋਂ ਇਸ ਮਸਜਿਦ ਦਾ ਇਮਾਮ ਸੀ। ਮੇਰੇ ਭਰਾ ਦੀ ਉਮਰ ਸਿਰਫ਼ 22 ਸਾਲ ਸੀ।"
ਸ਼ਾਦਾਬ ਨੇ ਬੀਤੀ ਰਾਤ ਸਾਢੇ 11 ਵਜੇ ਸਾਦ ਨਾਲ ਗੱਲ ਕੀਤੀ ਸੀ। ਉਹ ਦ$ਸਦੇ ਹਨ, "ਅਸੀਂ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਾਂ। ਅੱਜ ਮੇਰੇ ਭਰਾ ਨੇ ਘਰ ਪਰਤਣਾ ਸੀ। ਉਸ ਕੋਲ ਟਿਕਟ ਸੀ।''
''ਮੈਂ ਉਸ ਨੂੰ ਫ਼ੋਨ ਕਰਕੇ ਸਮਝਾਇਆ ਕਿ ਹੁਣ ਮਾਹੌਲ ਠੀਕ ਨਹੀਂ ਹੈ। ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ, ਮਸਜਿਦ ਤੋਂ ਬਾਹਰ ਨਾ ਆਉਣਾ। ਇਹੀ ਆਖਰੀ ਗੱਲ ਸੀ ਜੋ ਮੇਰੀ ਉਸ ਨਾਲ ਹੋਈ।''
ਮਸਜਿਦ ਦੇ ਕੈਮਰੇ ਤੋੜੇ ਤੇ ਅੱਗ ਲਗਾ ਦਿੱਤੀ - ਅਸਲਮ ਖਾਨ
ਬੀਬੀਸੀ ਨਾਲ ਗੱਲ ਕਰਦੇ ਹੋਏ ਹਰਿਆਣਾ ਅੰਜੁਮਨ ਟਰੱਸਟ ਦੇ ਚੇਅਰਮੈਨ ਮੁਹੰਮਦ ਅਸਲਮ ਖਾਨ ਨੇ ਕਿਹਾ, "ਮੇਵਾਤ ਵਿੱਚ ਹਿੰਸਾ ਤੋਂ ਬਾਅਦ, ਇੱਕ ਪੁਲਿਸ ਟੀਮ ਸੋਮਵਾਰ ਸ਼ਾਮ ਨੂੰ ਸਾਡੇ ਕੋਲ ਪਹੁੰਚੀ ਅਤੇ ਸਾਨੂੰ ਸੁਰੱਖਿਆ ਦਾ ਭਰੋਸਾ ਦਿੱਤਾ।"
ਅਸਲਮ ਖਾਨ ਨੇ ਦੱਸਿਆ, “ਸਥਾਨਕ ਥਾਣੇ ਦੀ ਪੁਲਿਸ ਟੀਮ ਸਾਡੇ ਕੋਲ ਆਈ ਸੀ ਅਤੇ ਸਾਨੂੰ ਦੱਸਿਆ ਸੀ ਕਿ ਮਸਜਿਦ ਦੀ ਸੁਰੱਖਿਆ ਪੁਲਿਸ ਕਰੇਗੀ। ਸਾਨੂੰ ਦੱਸਿਆ ਗਿਆ ਕਿ ਪੁਲਿਸ ਟੀਮ ਮਸਜਿਦ ਵਿੱਚ ਹੀ ਮੌਜੂਦ ਰਹੇਗੀ। ਜਦੋਂ ਅਸੀਂ ਇੱਥੇ ਰਹਿਣ ਵਾਲੇ ਮਸਜਿਦ ਦੇ ਇਮਾਮ ਅਤੇ ਦੋ ਹੋਰ ਕਰਮਚਾਰੀਆਂ ਬਾਰੇ ਗੱਲ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।''
ਅਸਲਮ ਖਾਨ ਨੇ ਕਿਹਾ, ''ਅਸੀਂ ਮਗਰੀਬ ਦੀ ਨਮਾਜ਼ ਅਦਾ ਕਰਕੇ ਮਸਜਿਦ ਤੋਂ ਵਾਪਸ ਆਏ ਸੀ। ਪੁਲਿਸ ਵੀ ਮੌਜੂਦ ਸੀ। ਫਿਰ 12 ਵਜੇ ਤੋਂ 12.30 ਵਜੇ ਦੇ ਵਿਚਕਾਰ ਅਚਾਨਕ ਮਸਜਿਦ 'ਤੇ ਹਮਲਾ ਹੋਇਆ। ਪਹਿਲਾਂ ਮਸਜਿਦ ਦੇ ਕੈਮਰੇ ਤੋੜੇ ਗਏ ਅਤੇ ਫਿਰ ਅੱਗ ਲਗਾ ਦਿੱਤੀ ਗਈ।''
ਉਨ੍ਹਾਂ ਕਿਹਾ, ''ਸਾਦ, ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਅਤੇ ਮਸਜਿਦ ਦੇ ਇਮਾਮ ਨੂੰ ਹਮਲਾਵਰਾਂ ਨੇ ਮਾਰ ਦਿੱਤਾ। ਖੁਰਸ਼ੀਦ ਨਾਂ ਦਾ ਵਿਅਕਤੀ ਜ਼ਖਮੀ ਹੈ ਜੋ ਆਈਸੀਯੂ ਵਿੱਚ ਹਨ, ਇੱਕ ਹੋਰ ਹਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।''
2004 ਵਿੱਚ, ਹਰਿਆਣਾ ਸਰਕਾਰ ਨੇ ਗੁਰੂਗ੍ਰਾਮ ਵਿੱਚ 17 ਮੰਦਰਾਂ, 2 ਗੁਰਦੁਆਰਿਆਂ, ਇੱਕ ਚਰਚ ਅਤੇ ਇੱਕ ਮਸਜਿਦ ਦੇ ਨਿਰਮਾਣ ਲਈ ਜ਼ਮੀਨ ਅਲਾਟ ਕੀਤੀ ਸੀ।
ਇਹ ਮਸਜਿਦ ਉਸੇ ਜ਼ਮੀਨ 'ਤੇ ਬਣੀ ਹੈ ਅਤੇ ਨਿਊ ਗੁਰੂਗ੍ਰਾਮ ਦੀ ਇਕਲੌਤੀ ਮਸਜਿਦ ਹੈ। ਨੇੜੇ-ਤੇੜੇ ਰਹਿਣ ਵਾਲੇ ਮੁਸਲਮਾਨ ਇੱਥੇ ਨਮਾਜ਼ ਅਦਾ ਕਰਨ ਆਉਂਦੇ ਹਨ।

ਪੁਲਿਸ ਦੀ ਮੌਜੂਦਗੀ 'ਚ ਹੋਇਆ ਹਮਲਾ
ਗੁਰੂਗ੍ਰਾਮ ਦੇ ਡੀਸੀਪੀ ਪੂਰਵ, ਨੀਤੀਸ਼ ਅਗਰਵਾਲ ਨੇ ਬੀਬੀਸੀ ਨੂੰ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ''ਮਸਜਿਦ ਦੇ ਨਾਇਬ ਇਮਾਮ ਦੀ ਹਮਲੇ 'ਚ ਮੌਤ ਹੋਈ ਹੈ। ਇਸ ਘਟਨਾ ਦੇ ਸਬੰਧ 'ਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।''
ਡੀਸੀਪੀ ਮੁਤਾਬਕ, ਜਿਸ ਵੇਲੇ ਮਸਜਿਦ 'ਤੇ ਹਮਲਾ ਹੋਇਆ, ਪੁਲਿਸ ਬਲ ਉੱਥੇ ਸੁਰੱਖਿਆ 'ਚ ਤੈਨਾਤ ਸਨ ਪਰ ਹਮਲਾਵਰਾਂ ਦੀ ਸੰਖਿਆ ਬਹੁਤ ਜ਼ਿਆਦਾ ਸੀ ਅਤੇ ਉਨ੍ਹਾਂ ਨੇ ਅਚਾਨਕ ਗੋਲੀ ਚਲਾ ਦਿੱਤੀ।''
''ਪੁਲਿਸ ਘਟਨਾ ਸਬੰਧੀ ਵੀਡੀਓ ਇਕੱਠਾ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕੁਝ ਸ਼ੱਕੀ ਹਮਲਾਵਰਾਂ ਨੂੰ ਹਿਰਾਸਤ 'ਚ ਲਿਆ ਵੀ ਗਿਆ ਹੈ।''
ਡੀਸੀਪੀ ਮੁਤਾਬਕ, ਇਸ ਘਟਨਾ ਤੋਂ ਬਾਅਦ ਪੂਰੇ ਗੁਰੂਗ੍ਰਾਮ 'ਚ ਹੋਰ ਕਿਸੇ ਫਿਰਕੂ ਹਿੰਸਾ ਦੀ ਕੋਈ ਰਿਪੋਰਟ ਨਹੀਂ ਹੈ।


ਤਸਵੀਰ ਸਰੋਤ, ANI
ਨੂੰਹ ਦੇ ਡੀਸੀ ਅਤੇ ਐਸਪੀ ਨੇ ਕੀ ਜਾਣਕਾਰੀ ਦਿੱਤੀ
- ਅਚਾਨਕ ਉਸ ਦਿਨ ਸਥਿਤੀ ਅਜਿਹੀ ਬਣ ਗਈ ਜੋ ਕੁਝ ਸਮੇਂ ਲਈ ਬੇਕਾਬੂ ਰਹੀ
- ਸਾਢੇ ਚਾਰ ਪੰਜ ਵਜੇ ਤੱਕ ਹੋਰ ਜ਼ਿਲ੍ਹਿਆਂ ਤੋਂ ਪੁਲਿਸ ਆ ਗਈ ਅਤੇ ਦੰਗਾਈਆਂ ਨੂੰ ਖਦੇੜਿਆ ਗਿਆ
- ਸੋਮਵਾਰ ਰਾਤ ਤੱਕ 60 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਸੀ
- ਤਿੰਨ ਜਿਨ੍ਹਾਂ ਦੀ ਹਾਲਤ ਗੰਭੀਰ ਸੀ ਉਨ੍ਹਾਂ ਨੂੰ ਪੀਜੀਆਈ ਰੋਹਤਕ ਭੇਜ ਦਿੱਤਾ ਗਿਆ ਹੈ
- ਫਿਲਹਾਲ ਹਾਲਾਤ ਕਾਬੂ 'ਚ ਹਨ ਅਤੇ ਇਲਾਕੇ ਵਿੱਚ ਕਰਫਿਊ ਅਤੇ ਧਾਰਾ 144 ਲੱਗੀ ਹੋਈ ਹੈ
- ਇਲਾਕੇ ਵਿੱਚ ਸੁਰੱਖਿਆ ਪੱਖੋਂ ਪੈਰਾ-ਮਿਲਟਰੀ ਦੀਆਂ 20 ਕੰਪਨੀਆਂ ਤੈਨਾਤ ਹਨ
- ਮੁਸਲਿਮ ਅਤੇ ਹਿੰਦੂ ਦੋਵੇਂ ਭਾਈਚਾਰਿਆਂ ਨਾਲ ਬੈਠ ਕੇ ਵੱਖ-ਵੱਖ ਗੱਲਬਾਤ ਕੀਤੀ ਗਈ ਹੈ
- ਇਸ ਮਗਰੋਂ ਦੋਵੇਂ ਭਾਈਚਾਰਿਆਂ ਨਾਲ ਸਾਂਝੀ ਗੱਲਬਾਤ ਵੀ ਕੀਤੀ ਜਾਵੇਗੀ
- ਮਾਮਲੇ 'ਚ 16-17 ਐਫਆਈਆਰ ਦਰਜ, ਪਰ ਪੂਰੀ ਸਥਿਤੀ ਸ਼ਾਮ ਤੱਕ ਸਪਸ਼ਟ ਹੋਵੇਗੀ
- ਜਾਂਚ ਜਾਰੀ ਹੈ, ਜਿਸ ਕਿਸੇ ਦੀ ਸ਼ਰਾਰਤ ਸੀ, ਉਸ 'ਤੇ ਬਣਦੀ ਕਾਰਵਾਈ ਹੋਵੇਗੀ

ਦੋ ਹੋਮਗਾਰਡਸ ਦੀ ਮੌਤ ਦੀ ਜਾਣਕਾਰੀ - ਗ੍ਰਹਿ ਮੰਤਰੀ ਅਨਿਲ ਵਿੱਜ

ਤਸਵੀਰ ਸਰੋਤ, ANIL VIJ/FB
ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, ''ਨੂੰਹ 'ਚ ਸਥਿਤੀ ਪੂਰੀ ਤਰ੍ਹਾਂ ਕਾਬੂ 'ਚ ਹੈ। ਸਾਡੇ ਡੀਜੀਪੀ ਪੀਕੇ ਅੱਗਰਵਾਲ ਆਪ ਮੌਕੇ 'ਤੇ ਹਨ ਅਤੇ ਸਥਿਤੀ ਨੂੰ ਉਨ੍ਹਾਂ ਨੇ ਸੰਭਾਲ ਰੱਖਿਆ ਹੈ।''
ਉਨ੍ਹਾਂ ਕਿਹਾ, ''ਜਿਸ ਪੱਧਰ ਦੀ ਇਹ ਹਿੰਸਾ ਹੋਈ, ਇਹ ਅਚਾਨਕ ਭੜਕੀ ਹੋਈ ਤਾਂ ਨਹੀਂ ਹੈ। ਇਹ ਤਾਂ ਕਿਸੇ ਨੇ ਜ਼ਹਿਰ ਘੋਲਿਆ ਹੈ। ਜਿਸ ਤਰ੍ਹਾਂ ਛੱਤਾਂ-ਸੜਕਾਂ 'ਤੇ ਪੱਥਰ ਰੱਖੇ ਹੋਏ ਹਨ, ਹਥਿਆਰ-ਗੋਲੀਆਂ ਵੀ ਹਨ, ਇਹ ਇੱਕਦਮ ਤਾਂ ਸਾਹਮਣੇ ਨਹੀਂ ਆਉਂਦੇ।''
''ਅਸੀਂ ਪੂਰੀ ਤਰ੍ਹਾਂ ਨਾਲ ਜਾਂਚ ਕਰਾਂਗੇ। ਇੱਕ-ਇੱਕ ਵਿਅਕਤੀ ਜਿਸ ਨੇ ਦੇਸ਼-ਪ੍ਰਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਬਖ਼ਸ਼ਿਆ ਨਹੀਂ ਜਾਵੇਗਾ।''
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜਾਣਕਾਰੀ ਆਈ ਹੈ ਦੋ ਹੋਮਗਾਰਡਸ ਦੀ ਮੌਤ ਹੋਈ ਹੈ ਅਤੇ ਕਈ ਪੁਲਿਸ ਵਾਲੇ ਵੀ ਜ਼ਖ਼ਮੀ ਹੋਈ ਹਨ। ਇੱਕ ਹੋਰ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਲੈ ਕੇ ਆਂਦਾ ਗਿਆ ਸੀ, ਉਨ੍ਹਾਂ ਦੀ ਸ਼ਿਨਾਖਤ ਚੱਲ ਰਹੀ ਹੈ।
ਤਿੰਨ ਪੁਲਿਸ ਕਰਮੀ ਜਿਨ੍ਹਾਂ ਨੂੰ ਗੋਲੀ ਲੱਗੀ ਹੈ, ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਸੋਮਵਾਰ ਨੂੰ ਇੱਕ ਧਾਰਮਿਕ ਯਾਤਰਾ ਦੌਰਾਨ ਹੋਈ ਸੀ ਹਿੰਸਾ

ਤਸਵੀਰ ਸਰੋਤ, Sat Singh/BBC
ਹਰਿਆਣਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਇਨ੍ਹਾਂ ਝੜਪਾਂ ਵਿੱਚ 20 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਅਲ ਆਫਿਆ ਸਿਵਲ ਹਸਪਤਾਲ ਮਾਂਡੀਖੇੜਾ ਵਿੱਚ 3, ਪੁਲਹਾਨਾ ਵਿੱਚ ਇੱਕ, ਨੂੰਹ ਸੀਐੱਚਸੀ ਵਿੱਚ ਅੱਠ, ਤਾਵੜੂ ਸੀਐੱਚਸੀ ਵਿੱਚ ਤਿੰਨ ਅਤੇ ਸ਼ਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ਨਲਹੜ ਵਿੱਚ 5 ਜਖ਼ਮੀਆਂ ਨੂੰ ਭਰਤੀ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਬੜਕਲੀ ਚੌਕ ਅਤੇ ਪਿੰਨ ਗਵਾ ਤੋਂ ਇਲਾਵਾ ਕਈ ਹੋਰ ਛੋਟੇ ਸ਼ਹਿਰਾ ਅਤੇ ਕਸਬਿਆਂ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਹੋਣ ਦੀਆਂ ਵੀ ਰਿਪੋਟਰਟਾਂ ਹਨ।

ਤਸਵੀਰ ਸਰੋਤ, ANI
ਨੂੰਹ ਦੇ ਸਥਾਨਕ ਪੱਤਰਕਾਰ ਸ਼ਾਹਿਦ ਮੁਤਾਬਕ, ਇੱਥੇ ਯਾਤਰਾ ਦੇ ਦੌਰਾਨ ਬਵਾਲ ਮਚਿਆ, ਕਈ ਦੁਕਾਨਾਂ ਅਤੇ ਗੱਡੀਆਂ ਅੱਗ ਨਾਲ ਸਾੜ ਦਿੱਤੀਆਂ ਗਈਆਂ।
ਦਰਅਸਲ, ਮੇਵਾਤ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ। ਇਸ ਯਾਤਰਾ ਦੌਰਾਨ ਮੋਨੂੰ ਮਾਨੇਸਰ ਨੇ ਵੀ ਸ਼ਾਮਲ ਹੋਣ ਦੀ ਗੱਲ ਆਖੀ ਸੀ।
ਮੋਨੂੰ ਨੇ ਬਕਾਇਦਾ ਇੱਕ ਵੀਡੀਓ ਜਾਰੀ ਕਰਕੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੋਇਆ ਸੀ।


ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਲ਼ਈ ਟੀਮਾਂ ਰਵਾਨਾ

ਤਸਵੀਰ ਸਰੋਤ, MONU MANESAR@TWITTER
ਮੋਨੂੰ ਮਾਨੇਸਰ ਕੁਝ ਮਹੀਨੇ ਪਹਿਲਾਂ ਜ਼ਿੰਦਾ ਸਾੜੇ ਗਏ ਨਾਸਿਰ ਜੁਨੈਦ ਕਤਲ ਕਾਂਡ ਦੇ ਮੁੱਖ ਮੁਲਜ਼ਮ ਹਨ ਤੇ ਫ਼ਰਾਰ ਚੱਲ ਰਹੇ ਹਨ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਮੋਨੂੰ ਮਾਨੇਸਰ ਦੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਕਾਰਨ ਹੀ ਪੱਥਰਬਾਜ਼ੀ ਹੋਈ।
ਮੇਵਾਤ ਦੇ ਲੋਕ ਮੋਨੂੰ ਮਾਨੇਸਰ ਦੇ ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਦਾ ਵਿਰੋਧ ਕਰ ਰਹੇ ਸਨ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਮੋਹਰ ਸਿੰਘ ਮੀਨਾ ਨੇ ਦੱਸਿਆ ਕਿ ਮੋਨੂੰ ਦੇ ਐਲਾਨ ਤੋਂ ਬਾਅਦ ਭਰਤਪੁਰ ਪੁਲਿਸ ਦੀਆਂ ਟੀਮਾਂ ਵੀ ਮੇਵਾਤ ਲਈ ਰਵਾਨਾ ਹੋ ਗਈਆਂ ਹਨ।
ਮੋਨੂੰ ਮਾਨੇਸਰ ਨੇ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਨੂੰਹ 'ਚ ਆਯੋਜਿਤ ਇੱਕ ਰੈਲੀ 'ਚ ਆਪਣੇ ਸਮਰਥਕਾਂ ਨਾਲ ਪਹੁੰਚਣ ਦਾ ਐਲਾਨ ਕੀਤਾ ਸੀ।
ਭਰਤਪੁਰ ਦੇ ਪੁਲਿਸ ਸੁਪਰਡੈਂਟ (ਐੱਸਪੀ) ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ, "ਅਸੀਂ ਇੱਕ ਪੁਲਿਸ ਟੀਮ ਨੂੰਹ ਭੇਜ ਦਿੱਤੀ ਹੈ।"
ਇਸ ਮਾਮਲੇ ਵਿੱਚ ਭਰਤਪੁਰ ਦੇ ਗੋਪਾਲਗੜ੍ਹ ਥਾਣੇ ਵਿੱਚ ਐੱਫ਼ਆਈਆਰ ਦਰਜ ਕੀਤੀ ਗਈ ਹੈ।
ਗੋਪਾਲਗੜ੍ਹ ਥਾਣੇ ਦੇ ਇੰਚਾਰਜ ਰਾਮ ਨਰੇਸ਼ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਦੀਆਂ ਕਈ ਟੀਮਾਂ ਮੋਨੂੰ ਮਾਨੇਸਰ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਮੋਨੂੰ ਦੇ ਨੂੰਹ ਪਹੁੰਚਣ ਦੀ ਸੂਚਨਾ ਤੋਂ ਬਾਅਦ ਪੁਲਿਸ ਟੀਮ ਨੂੰ ਨੂੰਹ ਭੇਜ ਦਿੱਤਾ ਗਿਆ ਹੈ।"

ਮੋਨੂੰ ਮਾਨੇਸਰ ਕੌਣ ਹਨ
- ਮਾਰਚ ਮਹੀਨੇ ਹਰਿਆਣਾ ਦੇ ਭਿਵਾਨੀ ਵਿੱਚ ਅੱਗ ਲਾ ਕੇ ਸਾੜੀ ਗਈ ਇੱਕ ਬਲੈਰੀ ਗੱਡੀ ਵਿੱਚ ਦੋ ਨੌਜਵਾਨਾਂ, ਜੁਨੈਦ ਤੇ ਨਾਸਿਰ ਨੂੰ ਸਾੜ ਕੇ ਮਾਰੇ ਜਾਣ ਦੇ ਮਾਮਲੇ ਵਿੱਚ ਮੋਨੂੰ ਮਾਨੇਸਰ ਦਾ ਨਾਮ ਸਾਹਮਣੇ ਆਇਆ ਸੀ।
- ਉਹ ਹਰਿਆਣਾ ਦੇ ਮਾਨੇਸਰ ਦੇ ਰਹਿਣ ਵਾਲੇ ਮੋਨੂੰ ਦੇ ਘਰ ਵਿੱਚ ਮਾਂ, ਪਤਨੀ, ਬੇਟਾ ਹਨ।
- ਮੋਨੂੰ ਦੇ ਪਿਤਾ ਜੀ ਪੇਸ਼ੇ ਵੱਜੋਂ ਡਰਾਈਵਰ ਸਨ ਅਤੇ ਬੱਸ ਅਤੇ ਡੰਪਰ ਚਲਾਇਆ ਕਰਦੇ ਸਨ।
- ਪਰਿਵਾਰ ਦੇ ਅਨੁਸਾਰ, 28 ਸਾਲਾ ਮੋਨੂੰ ਨੇ ਮਾਨੇਸਰ ਦੇ ਹੀ ਇੱਕ ਸਰਕਾਰੀ ਪੌਲਟੈਕਨਿਕ ਤੋਂ ਡਿਪਲੋਮਾ ਕੀਤਾ ਹੈ ਅਤੇ ਕਾਲਜ ਦੇ ਵੇਲੇ ਤੋਂ ਹੀ ਮੋਨੂੰ ਦਾ ਝੁਕਾਅ ਗਊ ਸੇਵਾ ਵੱਲ ਹੋ ਗਿਆ ਸੀ।
- ਮੋਨੂੰ ਦੇ ਸਮਰਥਕ ਅਜਿਹੇ ਗਊ ਰੱਖਿਅਕ ਵੱਜੋਂ ਵੇਖਦੇ ਹਨ, ਜੋ ਕਿ ਗਾਵਾਂ ਦੀ ਰੱਖਿਆ ਕਰਕੇ ਧਰਮ ਦੀ ਰੱਖਿਆ ਕਰ ਰਿਹਾ ਹੈ।
- ਗਾਊ-ਤਸਕਰੀ ਨੂੰ ਰੋਕਣ ਲਈ ਹਰਿਆਣਾ ’ਚ ਗਊ ਰੱਖਿਅਕ ਅਤੇ ਪੁਲਿਸ ਸਹਿਯੋਗ ਨਾਲ ਕੰਮ ਕਰਦੇ ਰਹੇ ਹਨ।

ਗੁਰੂਗ੍ਰਾਮ ਤੇ ਫਰੀਦਾਬਾਦ 'ਚ ਸਕੂਲ ਬੰਦ

ਤਸਵੀਰ ਸਰੋਤ, ANI
ਇਸ ਹਿੰਸਾ ਮਗਰੋਂ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ ਅਤੇ ਮੰਗਲਵਾਰ ਨੂੰ ਨੂੰਹ ਦੇ ਲਾਗੇ ਪੈਂਦੇ ਗੁਰੂਗ੍ਰਾਮ ਅਤੇ ਫ਼ਰੀਦਾਬਾਦ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਗੁਰੂਗ੍ਰਾਮ ਪ੍ਰਸ਼ਾਸਨ ਨੇ ਆਪਣੇ ਬਿਆਨ 'ਚ ਕਿਹਾ, ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤੀ ਭੰਗ ਕਰਨ ਲਈ ਗੁਆਂਢੀ ਨੂਹ ਜ਼ਿਲੇ 'ਚ ਸੜਕ ਨੂੰ ਜਾਮ ਕਰ ਰੱਖਿਆ ਸੀ। ਇਸ ਦੇ ਮੱਦੇਨਜ਼ਰ ਸਾਵਧਾਨੀ ਵਰਤਦਿਆਂ ਮੰਗਲਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਇਸੇ ਤਰ੍ਹਾਂ ਫਰੀਦਾਬਾਦ ਪ੍ਰਸ਼ਾਸਨ ਨੇ ਕਿਹਾ ਕਿ ਸੋਮਵਾਰ ਨੂੰ ਨੂੰਹ ਜ਼ਿਲ੍ਹੇ ਵਿੱਚ ਫਿਰਕੂ ਤਣਾਅ ਦੇ ਬਾਅਦ ਸਾਵਧਾਨੀ ਵਰਤਦੇ ਹੋਏ, ਮੰਗਲਵਾਰ ਨੂੰ ਫਰੀਦਾਬਾਦ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ, ਜਿਨ੍ਹਾਂ ਵਿੱਚ ਸਕੂਲ, ਕਾਲਜ ਅਤੇ ਕੋਚਿੰਗ ਕੇਂਦਰ ਸ਼ਾਮਲ ਹਨ, 'ਚ ਛੁੱਟੀ ਰਹੇਗੀ। ਸਾਰੇ ਵਿਦਿਅਕ ਅਦਾਰੇ ਇਨ੍ਹਾਂ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਕਰਨਗੇ।

ਤਸਵੀਰ ਸਰੋਤ, ANI
ਹਿੰਸਾ ਬਾਰੇ ਕੀ ਕਹਿ ਰਹੀ ਸੂਬਾ ਸਰਕਾਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਹਿੰਸਾ 'ਤੇ ਬਿਆਨ ਜਾਰੀ ਕਰਦਿਆਂ ਕਿਹਾ, ''ਅੱਜ ਦੀ ਘਟਨਾ ਮੰਦਭਾਗੀ ਹੈ। ਮੈਂ ਸਾਰੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਸਵੀਰ ਸਰੋਤ, Manohar Lal Khattar/Twitter
ਵੀਐੱਚਪੀ ਨੇ ਹਮਲੇ ਬਾਰੇ ਕੀ ਕਿਹਾ
ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਇਸ ਲਈ ਮੁਸਲਿਮ ਭਾਈਚਾਰੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵੀਐਚਪੀ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ''ਅੱਜ ਬ੍ਰਿਜ ਮੰਡਲ ਯਾਤਰਾ ਮੇਵਾਤ ਦੇ ਨੂੰਹ ਸਥਿਤ ਨਲਹਨ ਮਹਾਦੇਵ ਮੰਦਰ ਤੋਂ ਸ਼ੁਰੂ ਹੋਣੀ ਸੀ ਅਤੇ ਜਲਾਭਿਸ਼ੇਕ ਹੋਣਾ ਸੀ। ਇਹ ਪ੍ਰੋਗਰਾਮ ਪਹਿਲੀ ਵਾਰ ਨਹੀਂ, ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ 20 ਹਜ਼ਾਰ ਲੋਕ ਹਿੱਸਾ ਲੈਂਦੇ ਹਨ।''
''ਇਹ ਪੁਲਿਸ ਨੇ ਨਹੀਂ ਬਲਕਿ ਮੁਸਲਮਾਨਾਂ ਨੇ ਤਿਆਰ ਕੀਤੀ ਸੀ। ਕਈ ਦਿਨਾਂ ਤੋਂ ਪੱਥਰ ਇਕੱਠੇ ਕੀਤੇ ਜਾ ਰਹੇ ਸਨ, ਵਿਉਂਤਬੰਦੀ ਕੀਤੀ ਜਾ ਰਹੀ ਸੀ।''
“ਮਾਰਚ ਤੋਂ ਸਿਰਫ਼ ਇੱਕ ਕਿਲੋਮੀਟਰ ਬਾਅਦ ਹੀ ਹਮਲਾ ਹੋਇਆ ਹੋਵੇਗਾ। ਹਮਲਾ ਕਰਵਾਇਆ ਗਿਆ, ਭੱਜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਥਰਾਅ ਕੀਤਾ ਗਿਆ, ਅੱਗ ਲਗਾਈ ਗਈ ਅਤੇ ਗੋਲੀਆਂ ਚਲਾਈਆਂ ਗਈਆਂ।''
''ਦੱਸਿਆ ਗਿਆ ਕਿ ਇਹ ਸੰਵੇਦਨਸ਼ੀਲ ਇਲਾਕਾ ਹੈ, ਮੈਂ ਹੈਰਾਨ ਹਾਂ ਕਿ ਸਰਕਾਰ ਨੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ। ਮੇਰਾ ਮੰਨਣਾ ਹੈ ਕਿ ਇਹ ਅਕਲ ਦੀ ਗਲਤੀ ਹੈ।''

ਤਸਵੀਰ ਸਰੋਤ, MUSTAFA KHAN
ਭਾਈਚਾਰਾ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ'
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਲੋਕਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਦੇਣ ਦੀ ਗੱਲ ਵੀ ਆਖੀ ਹੈ।
ਉਨ੍ਹਾਂ ਕਿਹਾ,“ਆਪਸ ਵਿੱਚ ਟਕਰਾਅ ਨਾ ਕੀਤਾ ਜਾਵੇ ਤੇ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।”















