ਹਜ਼ਾਰਾਂ ਮੌਤਾਂ ਦਾ ਸੱਚ ਸਾਹਮਣੇ ਲਿਆਉਣ ਵਾਲੀ ਇਸ ਭਾਰਤੀ ਡਾਕਟਰ ਦੀ ਜ਼ਿੰਦਗੀ ਕਿਵੇਂ ਕ੍ਰਾਈਮ ਥ੍ਰਿਲਰ ਨਾਵਲ ਵਰਗੀ ਹੈ

ਤਸਵੀਰ ਸਰੋਤ, Getty Images
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਵਰਲਡ ਸਰਵਿਸਸ
ਚੇਤਾਵਨੀ-- ਇਸ ਲੇਖ ਵਿੱਚ ਲਾਸ਼ਾਂ ਅਤੇ ਪੋਸਟਮਾਰਟ ਦੇ ਵੇਰਵੇ ਦਿੱਤੇ ਗਏ ਹਨ।
ਡਾ਼ ਸ਼ਰਲੀ ਵਾਸੂ ਨੇ ਆਪਣੇ ਵਰਨਣਯੋਗ ਕੰਮ ਬਦਲੇ ਕਈ ਇਨਾਮ ਜਿੱਤੇ ਹਨ। ਲੇਕਿਨ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੇਸ਼ੇ ਦੇ ਵੇਰਵੇ ਜਾਨਣ ਤੋਂ ਡਰ ਲਗਦਾ ਹੈ।
ਪਿਛਲੇ ਤਿੰਨ ਦਹਾਕਿਆਂ ਤੋਂ ਡਾ਼ ਵਾਸੂ ਨੇ ਅਚਾਨਕ, ਹਿੰਸਾ ਜਾਂ ਸ਼ੱਕੀ ਸਥਿਤੀਆਂ ਵਿੱਚ ਮਰਨ ਵਾਲਿਆਂ ਦੀਆਂ ਲਾਸ਼ਾਂ ਦੇ ਮੁਆਇਨੇ ਕੀਤੇ ਹਨ।
ਡਾ਼ ਵਾਸੂ ਤਿੰਨ ਕਰੋੜ 30 ਲੱਖ ਦੀ ਅਬਾਦੀ ਵਾਲੇ ਕੇਰਲ ਸੂਬੇ ਦੇ ਪਹਿਲੇ ਫੋਰੈਂਸਿਕ ਪੈਥੋਲੋਜਿਸਟ ਹਨ।
ਭਾਰਤ ਵਿੱਚ ਉਨ੍ਹਾਂ ਦਾ ਉਸ ਸਮੇਂ ਇਸ ਪੇਸ਼ੇ ਵਿੱਚ ਆਉਣਾ ਹੋਰ ਵੀ ਖਾਸ ਬਣ ਜਾਂਦਾ ਹੈ ਜਿੱਥੇ ਰੂੜ੍ਹੀਵਾਦੀ ਸੋਚ ਕਾਰਨ ਔਰਤਾਂ ਅੰਤਿਮ ਰਸਮਾਂ ਤੋਂ ਵੀ ਦੂਰ ਰਹਿੰਦੀਆਂ ਹਨ।
ਲੇਕਿਨ 68 ਸਾਲਾ ਡਾਕਟਰ ਦੀ ਜ਼ਿੰਦਗੀ ਦੀਆਂ ਯਾਦਾਂ ਮੈਡੀਕਲ ਦੀ ਕਿਸੇ ਪਾਠ ਪੁਸਤਕ ਨਾਲੋਂ ਜ਼ਿਆਦਾ ਕਿਸੇ ਕ੍ਰਾਈਮ ਥ੍ਰਿਲਰ ਨਾਵਲ ਵਰਗੀਆਂ ਜ਼ਿਆਦਾ ਹਨ।

ਪਹਿਲਾ ਕੇਸ
ਡਾ਼ ਵਾਸੂ ਨੇ ਆਪਣੇ ਜੀਵਨ ਦਾ ਪਹਿਲਾ ਪੋਸਟ-ਮਾਰਟਮ ਇੱਕ ਪੋਸਟ ਗ੍ਰੈਜੂਏਟ ਵਿਦਿਆਰਥੀ ਵਜੋਂ ਸਾਲ 1981 ਵਿੱਚ ਆਪਣੇ ਪ੍ਰੋਫੈਸਰ ਦੇ ਕਹਿਣ ਉੱਤੇ ਕੀਤਾ ਸੀ। ਇਹ ਕਿਸੇ ਝਰਨੇ ਹੇਠ ਮਿਲੀ ਲਾਸ਼ ਸੀ ਜੋ ਕਿ 13 ਮੀਟਰ ਥੱਲੇ ਡੁੱਬੀ ਰਹੀ ਸੀ। ਉਨ੍ਹਾਂ ਨੂੰ ਉੱਪਰਲੀ ਬਾਂਹ ਅਤੇ ਖੋਪੜੀ ਦੀ ਜਾਂਚ ਕਰਨ ਲਈ ਕਿਹਾ ਗਿਆ।
ਡਾ਼ ਵਾਸੂ ਯਾਦ ਕਰਕੇ ਦੱਸਦੇ ਹਨ, “ਹੱਡੀ ਆਪਣਾ ਸਾਰਾ ਜੈਵਿਕ ਮਾਦਾ ਗੁਆ ਚੁੱਕੀ ਸੀ”।
ਦੋ ਹੋਰ ਵਿਦਿਆਰਥੀਆਂ ਦੇ ਨਾਲ ਮਿਲ ਕੇ ਉਨ੍ਹਾਂ ਨੇ ਲਾਸ਼ ਦਾ ਨਿਰੀਖਣ ਕੀਤਾ। ਜਿਸ ਤਰ੍ਹਾਂ ਖੋਪੜੀ ਰੀੜ੍ਹ ਦੀ ਹੱਡੀ ਨਾਲ ਜੁੜੀ ਹੋਈ ਸੀ ਉਸ ਤੋਂ ਉਨ੍ਹਾਂ ਨੇ ਨਤੀਜਾ ਕੱਢਿਆ ਕਿ ਇਹ ਕੋਈ ਪੁਰਸ਼ ਸੀ, ਜਿਸਦੀ ਉਮਰ 14-15 ਸਾਲ ਦੇ ਦਰਮਿਆਨ ਸੀ।
ਉਨ੍ਹਾਂ ਨੇ ਲਿਖਿਆ,“ਉੱਪਰੀ ਬਾਂਹ ਦੀ ਹੱਡੀ ਵਿੱਚ ਕਈ ਕੱਟ ਸਨ, ਜੋ ਲਾਸ਼ ਨੂੰ ਖੰਡਿਤ ਕਰਨ ਲਈ ਲਾਏ ਗਏ ਹੋਣਗੇ। ਇਹ ਕਤਲ ਸੀ।”
ਡਾ਼ ਵਾਸੂ ਕੋਲ ਉਸ ਸਮੇਂ ਕੋਈ ਕੈਮਰਾ ਨਹੀਂ ਸੀ। ਇਸ ਲਈ ਉਨ੍ਹਾਂ ਨੇ ਹੱਡੀਆਂ ਨੂੰ ਫ਼ੋਟੋ ਖਿੱਚਣ ਲਈ ਇੱਕ ਫੋਟੋਗ੍ਰਾਫ਼ਰ ਦੇ ਸਟੂਡੀਓ ਵਿੱਚ ਲਿਜਾ ਕੇ ਉਸਦੀ ਮੇਜ਼ ਉੱਤੇ ਰੱਖ ਦਿੱਤੀਆਂ।
ਫੋਟੋਗ੍ਰਾਫ਼ਰ ਨੇ ਮਨੁੱਖੀ ਅਸਤੀਆਂ ਦੇਖ ਕੇ ਘਬਰਾਹਟ ਵਿੱਚ ਪੁਲਿਸ ਨੂੰ ਬੁਲਾ ਲਿਆ। ਆਖਰ ਡਾ਼ ਵਾਸੂ ਨੂੰ ਮੁਸੀਬਤ ਵਿੱਚੋਂ ਕੱਢਣ ਲਈ ਉਨ੍ਹਾਂ ਦੇ ਪ੍ਰੋਫੈਸਰ ਨੂੰ ਦਖ਼ਲ ਦੇਣਾ ਪਿਆ।
ਪੀੜਤ ਦੀ ਬਾਅਦ ਵਿੱਚ ਇੱਕ ਸਥਾਨਕ ਮੁੰਡੇ ਵਜੋਂ ਪਛਾਣ ਕੀਤੀ ਗਈ ਜੋ ਕਿ 41 ਦਿਨ ਪਹਿਲਾਂ ਲਾਪਤਾ ਹੋਇਆ ਸੀ। ਮੁੱਖ ਸ਼ੱਕੀ ਉਸਦਾ 18 ਸਾਲ ਦਾ ਕਜ਼ਨ ਸੀ। ਲੇਕਿਨ ਬਾਅਦ ਵਿੱਚ ਕਿਸੇ ਨੂੰ ਵੀ ਉਸਦੇ ਕਤਲ ਲਈ ਸਜ਼ਾ ਨਹੀਂ ਸੁਣਾਈ ਗਈ।

ਤਸਵੀਰ ਸਰੋਤ, Getty Images
ਇੱਕ ਪੋਸਟ ਮਾਰਟਮ ਦੌਰਾਨ ਕੀ ਹੁੰਦਾ ਹੈ?
ਪੋਸਟ ਮਾਰਟਮ ਜਾਂ ਅਟੌਪਸੀ ਦਾ ਮਕਸਦ ਮੌਤ ਦਾ ਸਮਾਂ ਅਤੇ ਕਾਰਨ ਨਿਰਧਾਰਿਤ ਕਰਨਾ ਅਤੇ ਮ੍ਰਿਤਕ ਦੀ ਪਛਾਣ ਜੇ ਪਤਾ ਨਾ ਹੋਵੇ ਤਾਂ ਪਛਾਣ ਕਰਨਾ ਹੁੰਦਾ ਹੈ।
ਡਾ਼ ਵਾਸੂ ਨੇ ਕੋਜ਼ੀਕੋਡੇ ਹਸਪਤਾਲ ਵਿੱਚ ਸੰਨ 1982 ਵਿੱਚ ਫੋਰੈਂਸਿਕ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ। ਉਹ ਹਰ ਰੋਜ਼ 90-90 ਮਿੰਟ ਦੀਆਂ ਤਿੰਨ ਅਟੌਪਸੀ ਹਰ ਰੋਜ਼ ਕਰਦੇ ਸਨ। ਕਿਸੇ-ਕਿਸੇ ਦਿਨ ਇਹ ਗਿਣਤੀ ਸੱਤ ਤੱਕ ਵੀ ਪਹੁੰਚ ਜਾਂਦੀ ਸੀ।
ਉਨ੍ਹਾਂ ਨੇ ਨਿਯਮਤ ਰੂਪ ਵਿੱਚ ਸੜੀਆਂ, ਕੱਟੀਆਂ, ਗਲੀਆਂ, ਕੁਚਲੀਆਂ ਅਤੇ ਬੇਹੱਦ ਬੁਰੀ ਸਥਿਤੀ ਵਾਲੀਆਂ ਲਾਸ਼ਾਂ ਦੇਖੀਆਂ ਹਨ।
ਡਾ਼ ਵਾਸੂ ਦਾ ਕਹਿਣਾ ਹੈ ਕਿ ਪਹਿਲਾ ਕਦਮ ਵਿੱਚ ਲਾਸ਼ ਨੂੰ ਜ਼ਖਮਾਂ, ਨਿਸ਼ਾਨਾਂ ਅਤੇ ਹੋਰ ਧਿਆਨਯੋਗ ਚੀਜ਼ਾਂ ਲਈ ਬਾਹਰੋਂ ਦੇਖ ਕੇ ਮੁਆਇਨਾ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਅੰਦਰੂਨੀ ਜਾਂਚ ਵਿੱਚ ਛਾਤੀ, ਪੇਟ, ਕੂਹਲੇ ਅਤੇ ਅੰਗਾਂ ਅਤੇ ਉਨ੍ਹਾਂ ਦੀ ਬਣਤਰ ਦੀ ਜਾਂਚ ਕੀਤੀ ਜਾਂਦੀ ਹੈ। ਜਾਂਚ ਲਈ ਟਿਸ਼ੂ ਦੇ ਸੈਂਪਲ ਲਏ ਜਾਂਦੇ ਹਨ।
ਸਭ ਤੋਂ ਅਖੀਰ ਵਿੱਚ ਦਿਮਾਗ ਦੀ ਜਾਂਚ ਕਰਨ ਲਈ ਖੋਪੜੀ ਖੋਲ੍ਹੀ ਜਾਂਦੀ ਹੈ।
ਜੇ ਕਿਸੇ ਨੂੰ ਗੋਲੀ ਨਾਲ ਮਾਰਿਆ ਗਿਆ ਹੋਵੇ ਤਾਂ ਗੋਲੀ ਦਾ ਪਤਾ ਕਰਨ ਲਈ ਪੂਰੇ ਸਰੀਰ ਦਾ ਐਕਸ-ਰੇ ਕੀਤਾ ਜਾਂਦਾ ਹੈ। ਜੇ ਮ੍ਰਿਤਕ ਨੂੰ ਤਪੈਦਿਕ ਰਹੀ ਹੋਵੇ ਜਾਂ ਉਸ ਵਿੱਚ ਰੇਡੀਓ-ਐਕਟਿਵ ਇੰਪਲਾਂਟ ਹੋਣ ਤਾਂ ਸੰਪਰਕ ਦਾ ਖ਼ਤਰਾ ਘਟਾਉਣ ਲਈ ਦੋ ਡਾਕਟਰ ਵੰਡ ਕੇ ਕੰਮ ਕਰਦੇ ਹਨ।
ਡਾ਼ ਵਾਸੂ ਯਾਦ ਕਰਕੇ ਦੱਸਦੇ ਹਨ ਕਿ ਉਹ ਸਾਲ ਵਿੱਚ ਇੱਕ ਜਾਂ ਦੋ ਅਜਿਹੇ ਮਾਮਲੇ ਦੇਖਦੇ ਹਨ ਜਿੱਥੇ ਪਰਿਵਾਰ ਦਾ ਕੋਈ ਮੈਂਬਰ ਬਾਕੀਆਂ ਨੂੰ ਸਮੂਹਿਕ ਖ਼ੁਦਕੁਸ਼ੀ ਲਈ ਤਿਆਰ ਕਰ ਲੈਂਦਾ ਹੈ।
“ਇਹ ਸਾਡੇ ਪੇਸ਼ੇਵਰ ਕੰਮ ਦਾ ਹਿੱਸਾ ਹੈ”। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਕਹਿੰਦੇ ਹਨ “ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਦੁੱਖ ਹੁੰਦਾ ਹੈ”।
‘ਅਪਰਾਧਿਕ ਗਰਭਪਾਤ’
ਕੋਜ਼ੀਕੋਡੇ ਹਸਪਤਾਲ ਵਿੱਚ ਨੌਕਰੀ ਦੌਰਾਨ, ਉਨ੍ਹਾਂ ਦਾ ਧਿਆਨ ਗਿਆ ਕਿ ਨੌਜਵਾਨ ਔਰਤਾਂ ਦੀ ਮੌਤਾਂ ਵਿੱਚ ਵਾਧਾ ਹੋਇਆ ਹੈ।
ਅਟੌਪਸੀਆਂ ਦੌਰਾਨ ਉਨ੍ਹਾਂ ਨੇ ਇਹ ਵੀ ਦੇਖਿਆ ਕਿ ਇਹ ਮੌਤਾਂ ਅਪਰਾਧਿਕ ਗਰਭਪਾਤ ਕਾਰਨ ਹੋ ਰਹੀਆਂ ਸਨ।
ਉਹ ਦੱਸਦੇ ਹਨ,“ਮੈਨੂੰ ਬੱਚੇ ਦਾਨੀ ਦੇ ਮੂੰਹ ਉੱਤੇ ਕੱਟ ਦੇ ਨਿਸ਼ਾਨ ਮਿਲਦੇ। ਜਦੋਂ ਕੋਈ ਅਸਲੀ ਡਾਕਟਰ ਗਰਭਪਾਤ ਕਰਦਾ ਹੈ ਤਾਂ ਉਹ ਇਸ ਤਰ੍ਹਾਂ ਦੇ ਵਹਿਸ਼ੀ ਨਿਸ਼ਾਨ ਨਹੀਂ ਛੱਡੇਗਾ।”
ਪਤਾ ਲੱਗਿਆ ਕਿ ਔਰਤਾਂ ਦੀ ਮੌਤ ਦਰਦਨਾਕ ਯੂਟਰਿਨ ਸੈਪਸਿਸ ਕਾਰਨ ਹੋ ਰਹੀ ਸੀ।
ਬਾਅਦ ਵਿੱਚ ਜਿਸ ਸਰਕਾਰੀ ਹਸਪਤਾਲ ਵਿੱਚ ਡਾ਼ ਵਾਸੂ ਕੰਮ ਕਰਦੇ ਸਨ ਉੱਥੋਂ ਦੀਆਂ ਹੀ 'ਰਿਟਾਇਰਡ ਆਇਆ' ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਹ ਆਪਣੇ ਘਰਾਂ ਵਿੱਚ ਚੋਰੀ ਦੇ ਉਪਕਰਣਾਂ ਨਾਲ ਗਰਭਪਾਤ ਕਰ ਰਹੀਆਂ ਸਨ। ਅਖੀਰ ਵਿੱਚ ਚਾਰ ਬਜ਼ੁਰਗ ਔਰਤਾਂ ਨੂੰ ਫੜਿਆ ਗਿਆ ਅਤੇ ਸਜ਼ਾ ਸੁਣਾਈ ਗਈ।
ਅਟੌਪਸੀ ਜਿੱਥੇ ਇਹ ਸਾਬਤ ਕਰਦੀ ਹੈ ਕਿ ਕਤਲ ਹੋਇਆ ਸੀ ਉੱਥੇ ਇਹ ਵੀ ਦੱਸ ਦਿੰਦੀ ਹੈ ਕਿ ਮ੍ਰਿਤਕ ਨਾਲ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਸੀ।
ਡਾ਼ ਵਾਸੂ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਇੱਕ ਬੰਦਾ ਆਪਣੀ 98 ਸਾਲਾ ਮਾਂ ਦੀ ਬੈੱਡ ਤੋਂ ਡਿੱਗ ਕੇ ਹੋਈ ਮੌਤ ਤੋਂ ਬਾਅਦ ਬਹੁਤ ਘਬਰਾਇਆ ਹੋਇਆ ਸੀ, ਕਿ ਉਸ ਨੂੰ ਇੱਕ ਸ਼ੱਕੀ ਸਮਝਿਆ ਜਾਵੇਗਾ।
ਲੇਕਿਨ ਡਾ਼ ਵਾਸੂ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੌਤ ਇੱਕ ਹਾਦਸਾ ਸੀ।
“ਬੱਚਿਆਂ ਅਤੇ ਬਜ਼ੁਰਗਾਂ ਲਈ ਡਿੱਗਣਾ ਵੀ ਜਾਨਲੇਵਾ ਹੋ ਸਕਦਾ ਹੈ। ਉਹ ਇਸ ਤਰ੍ਹਾਂ ਡਿੱਗੇ ਕਿ ਰੀੜ੍ਹ ਦੀ ਹੱਡੀ ਅਤੇ ਦਿਮਾਗ ਦਾ ਰਾਬਤਾ ਟੁੱਟ ਗਿਆ।”

ਬਾਘ ਦੀ ਖਾਧੀ ਹੋਈ ਲਾਸ਼
1980 ਦੇ ਦਹਾਕੇ ਦੇ ਅਖੀਰ ਵਿੱਚ ਡਾ਼ ਵਾਸੂ ਅਤੇ ਇੱਕ ਹੋਰ ਡਾਕਟਰ ਵਾਇਨਾਡ ਬਾਘ ਰੱਖ ਵਿੱਚ ਗਏ, ਜੋ ਕਿ ਕੋਜ਼ੀਕੋਡੇ ਤੋਂ ਕਰੀਬ 10 ਕਿੱਲੋਮੀਟਰ ਦੂਰ ਸਥਿਤ ਸੀ। ਉੱਥੇ ਉਨ੍ਹਾਂ ਨੇ ਬਾਘ ਦੀ ਖਾਧੀ ਇੱਕ ਔਰਤ ਦਾ ਪੋਸਟ ਮਾਰਟਮ ਕਰਨਾ ਸੀ। ਔਰਤ ਦਾ ਸਿਰਫ਼ ਅਤੇ ਗਰਦਨ ਅਤੇ ਸਿਰ ਹੀ ਸਬੂਤਾ ਸੀ।
ਅਜਿਹਾ ਲੱਗਦਾ ਸੀ ਜਿਵੇਂ ਔਰਤ ਨੇ ਆਪਣੇ-ਆਪ ਨੂੰ ਸਾੜ੍ਹੀ ਨਾਲ ਬੰਨ੍ਹ ਕੇ ਦਰਖ਼ਤ ਨਾਲ ਲਟਕਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਾੜੀ ਫਟ ਗਈ ਤਾਂ ਉਹ ਬਾਘਾਂ ਕੋਲ ਜਾ ਡਿੱਗੀ।
ਲੇਕਿਨ ਜਾਂਚ ਤੋਂ ਸਪਸ਼ਟ ਹੋ ਗਿਆ ਕਿ ਮੌਤ ਖ਼ੁਦਕੁਸ਼ੀ ਕਾਰਨ ਨਹੀਂ ਹੋਈ ਸੀ।
ਉਹ ਦੱਸਦੇ ਹਨ, “ਕਾਤਲ ਨੇ ਮੌਤ ਇਸ ਤਰ੍ਹਾਂ ਮੰਚਿਤ ਕੀਤੀ ਸੀ ਕਿ ਇਹ ਲਗਦਾ ਸੀ ਕਿ ਔਰਤ ਨੇ ਆਪਣੀ ਪੀਲੀ ਸਾੜ੍ਹੀ ਨਾਲ ਖ਼ੁਦ ਨੂੰ ਲਟਕਾ ਲਿਆ ਸੀ ਅਤੇ ਫਿਰ ਉਹ ਫਟ ਗਈ ਤੇ ਔਰਤ ਥੱਲੇ ਡਿੱਗ ਗਈ।”
“ਬਹੁਤ ਜ਼ਿਆਦਾ ਖਿਚਾ ਵਾਲੇ ਲਟਕਣ ਵਿੱਚ ਗਰਦਨ ਦੇ ਨਿਸ਼ਾਨ ਵੱਖਰੇ ਹੁੰਦੇ ਹਨ। ਇਹ ਗਲ਼ਾ ਘੋਟਣ ਦਾ ਸਪਸ਼ਟ ਮਾਮਲਾ ਸੀ।”
ਇਹ ਪਤਾ ਲੱਗਿਆ ਕਿ ਮੁਜਰਮ ਨੇ ਪੀੜਤਾ ਦਾ ਗਲ਼ ਘੋਟਿਆ ਸੀ ਅਤੇ ਫਿਰ ਉਸਦੀ ਸਾੜ੍ਹੀ ਪਾੜੀ, ਦਰਖ਼ਤ ਉੱਤੇ ਚੜ੍ਹਿਆ ਅਤੇ ਇਸ ਨੂੰ ਇੱਕ ਟਾਹਣੀ ਨਾਲ ਬੰਨ੍ਹ ਦਿੱਤਾ।
ਪੁਲਿਸ ਨੇ ਮੌਤ ਨੂੰ ਇੱਕ ਮਹਾਵਤ ਦੀ ਸ਼ਿਕਾਇਤ ਨਾਲ ਜੋੜ ਦਿੱਤਾ ਜਿਸ ਵਿੱਚ ਉਸਦੀ ਪਤਨੀ ਅਤੇ ਸਹਾਇਕ ਲਾਪਤਾ ਸਨ।
ਪੁਲਿਸ ਨੇ ਮਹਾਵਤ ਦੇ ਸਹਾਇਕ ਨੂੰ ਫੜ ਕੇ ਕਤਲ ਦੀ ਯੋਜਨਾ ਦਾ ਪਰਦਾ ਫਾਸ਼ ਕੀਤਾ।

ਤਸਵੀਰ ਸਰੋਤ, Getty Images
ਕਈ ਮੌਤਾਂ
ਭਾਵੇਂ ਕਿਸੇ ਕੁਦਰਤੀ ਆਪਦਾ ਕਾਰਨ ਜਾਂ ਕਿਸੇ ਕਾਰ ਹਾਸਦੇ ਕਾਰਨ ਕਈ ਮੌਤਾਂ ਹੋ ਜਾਣ ਫਿਰ ਵੀ ਹਰ ਮੌਤ ਦੀ ਅਲਹਿਦਾ ਹੀ ਜਾਂਚ ਕਰਨੀ ਪੈਂਦੀ ਹੈ।
ਪੈਥੋਲੋਜਿਸਟ ਲਈ ਕੋਈ ਵਿਆਪਕ ਆਪਦਾ ਨਹੀਂ ਹੈ। ਉਸ ਨੇ ਉਸ ਵਿਲੱਖਣ ਸਥਿਤੀ ਨੂੰ ਨਿਰਧਾਰਿਤ ਕਰਨਾ ਹੁੰਦਾ ਹੈ ਜਿਸ ਵਿੱਚ ਉਹ ਵਿਅਕਤੀ ਸੀ।
ਜੂਨ 2011 ਵਿੱਚ ਇੱਕ ਰੇਲ ਗੱਡੀ ਪਟੜੀ ਤੋਂ ਲਹਿ ਕੇ ਕੇਰਲ ਦੀ ਇੱਕ ਨਦੀ ਵਿੱਚ ਡਿੱਗ ਗਈ। ਉਨ੍ਹਾਂ ਨੇ ਦੇਖਿਆ ਕਿ ਡੁੱਬਣ ਕਾਰਨ ਸਿਰਫ਼ ਇੱਕ ਮੌਤ ਹੋਈ ਸੀ। ਬਾਕੀਆਂ ਦੀ ਮੌਤ ਸਿਰ ਵਿੱਚ ਸੱਟ ਲੱਗਣ ਜਾਂ ਡੱਬਿਆਂ ਅਤੇ ਮਲਬੇ ਨਾਲ ਕੁਚਲੇ ਜਾਣ ਕਾਰਨ ਹੋਈ ਸੀ।
ਉਸੇ ਸਾਲ ਇੱਕ ਬੱਸ ਨੂੰ ਅੱਗ ਲੱਗ ਗਈ ਜਿਸ ਵਿੱਚ ਕੋਜ਼ੀਕੋਡੇ ਤੋਂ 50 ਕਿੱਲੋਮੀਟਰ ਦੱਖਣ ਵੱਲ ਮਾਲਾਪੁਰਮ ਦੇ 44 ਲੋਕ ਮਾਰੇ ਗਏ। ਜ਼ਿਆਦਾਤਰ ਲਾਸ਼ਾਂ ਸੜ ਚੁੱਕੀਆਂ ਸਨ ਅਤੇ ਲਾਸ਼ਾਂ ਦੀ ਪਛਾਣ ਕਰਨ ਲਈ ਡੀਐੱਨਏ ਟੈਸਟ ਦੀ ਸਹੂਲਤ ਨਹੀਂ ਸੀ।
ਉਹ ਦੱਸਦੇ ਹਨ ਕਿ ਉਸ ਸਮੇਂ ਉਨ੍ਹਾਂ ਨੇ ਸਰੀਰ ਦੇ ਅਕਾਰ, ਉਨ੍ਹਾਂ ਦੇ ਨਿੱਜੀ ਸਮਾਨ ਜਿਵੇਂ ਘੜੀਆਂ, ਚੇਨੀਆਂ, ਜੁੱਤਿਆਂ ਅਤੇ ਕੱਪੜਿਆਂ ਤੋਂ ਸ਼ਨਾਖ਼ਤ ਕੀਤੀ।
ਪੋਸਟ ਮਾਰਟਮ ਵਿੱਚ ਪਛਾਣ ਦੇ ਹੋਰ ਕਾਰਕ ਵੀ ਉਜਾਗਰ ਹੋਏ ਜਿਵੇਂ ਧਾਤ ਦੀਆਂ ਪਲੇਟਾਂ, ਪੁਰਾਣੇ ਅਪ੍ਰੇਸ਼ਨਾਂ ਦੇ ਨਿਸ਼ਾਨ ਆਦਿ।
“ਇੱਕ ਬਹੁਤ ਲੰਬਾ ਵਿਅਕਤੀ ਸੀ ਜਿਸ ਨੇ ਮਸ਼ੂਹਰ ਕ੍ਰਿਸ਼ਣ ਮੰਦਰ ਦਾ ਪੈਂਡੇਂਟ ਪਾਇਆ ਹੋਇਆ ਸੀ ਅਤੇ ਉਸਦੇ ਢਿੱਡ ਵਿੱਚ ਬਹੁਤ ਸਾਰੀ ਅਣਪਚੀ ਬਰਿਆਨੀ ਪਈ ਸੀ।”
ਮ੍ਰਿਤਕ ਦੇ ਦੋਸਤ ਨੇ ਬਾਅਦ ਵਿੱਚ ਦੱਸਿਆ ਕਿ ਉਨ੍ਹਾਂ ਨੇ ਇਕੱਠਿਆਂ ਬਿਰਿਆਨੀ ਖਾਧੀ ਸੀ, ਇਸ ਤਰ੍ਹਾਂ ਇਹ ਉਸਦੀ ਪਛਾਣ ਵਿੱਚ ਇੱਕ ਅਹਿਮ ਕਾਰਕ ਸਾਬਤ ਹੋਇਆ।
ਤਕਨੀਕ ਵਿੱਚ ਆ ਰਿਹਾ ਸੁਧਾਰ

ਤਸਵੀਰ ਸਰੋਤ, AFP
ਆਪਣੇ 34 ਸਾਲਾਂ ਦੇ ਪੇਸ਼ੇਵਰ ਜੀਵਨ ਵਿੱਚ ਡਾ਼ ਵਾਸੂ ਨੇ ਬਹੁਤ ਸਾਰੇ ਤਕਨੀਕੀ ਵਿਕਾਸ ਨੂੰ ਹੁੰਦੇ ਦੇਖਿਆ ਹੈ।
ਕਿਸੇ ਸਮੇਂ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਰੱਖੇ ਫੋਰਮਾਲਡੇਹਾਈਡ ਦੇਖਣ ਦੀ ਆਦਤ ਸੀ। ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਜ਼ਹਿਰੀਲਾ ਹੁੰਦਾ ਹੈ।
ਹੁਣ ਅਸੀਂ ਜਰਮ ਮਾਰਨ ਲਈ ਪਰਾ-ਵੈਂਗਣੀ ਕਿਰਣਾਂ ਦੀ ਵਰਤੋਂ ਕਰਦੇ ਹਾਂ। ਮੁਰਦਾ ਘਰ ਹੁਣ ਹਵਾਦਾਰ ਹਨ ਅਤੇ ਉਨ੍ਹਾਂ ਵਿੱਚ ਹਵਾ ਦਾ ਮਿਆਰ ਕਾਇਮ ਰੱਖਿਆ ਜਾਂਦਾ ਹੈ।
ਲਾਸ਼ਾਂ ਜਲਦੀ ਖਰਾਬ ਨਾ ਹੋਣ ਇਸ ਲਈ ਉਨ੍ਹਾਂ ਦੀ ਸੰਭਾਲ ਵਿੱਚ ਵੀ ਬਦਲਾਅ ਹੋਏ ਹਨ।
ਡਾ਼ ਵਾਸੂ ਆਉਣ ਵਾਲੀਆਂ ਤਕਨੀਕਾਂ ਪ੍ਰਤੀ ਆਸਵੰਦ ਹਨ।
ਸਿੰਗਾਪੁਰ ਅਤੇ ਜਾਪਨ ਪਹਿਲਾਂ ਹੀ ਵਰਚੂਅਲ ਅਟੌਪਸੀ ਵੱਲ ਵਧ ਚੁੱਕੇ ਹਨ। ਜਿਸ ਵਿੱਚ ਨਾ ਛੁਰੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਖੂਨ ਨਿਕਲਦਾ ਹੈ।
ਲਾਸ਼ਾਂ ਦਾ ਸੀਟੀ ਸਕੈਨ ਕੀਤਾ ਜਾਂਦਾ ਹੈ ਅਤੇ ਡਾਕਟਰ ਚਮੜੀ ਤੋਂ ਹੱਡੀ ਤੱਕ ਹਰ ਪਰਤ ਦੀ ਜਾਂਚ ਕਰਦੇ ਹਨ।
ਇਹ ਤਕਨੀਕ ਅਮਰੀਕਾ ਅਤੇ ਯੂਰਪ ਤੋਂ ਇਲਾਵਾ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਵੀ ਮੌਜੂਦ ਹੈ।
ਥਕਾ ਦੇਣ ਵਾਲਾ ਕੰਮ

ਤਸਵੀਰ ਸਰੋਤ, Dr Shirley Vasu
ਡਾ਼ ਵਾਸੂ ਨੇ ਆਪਣੀ ਆਖਰੀ ਅਟੌਪਸੀ 2014 ਵਿੱਚ ਕੀਤੀ ਸੀ ਅਤੇ 2016 ਵਿੱਚ ਸੇਵਾ ਮੁਕਤੀ ਤੋਂ ਬਾਅਦ ਉਹ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਪੜ੍ਹਾਉਂਦੇ ਹਨ।
ਉਹ ਆਪਣੀਆਂ ਪ੍ਰਪਤੀਆਂ ਤੋਂ ਅਤੇ ਜੀਵਨ ਵਿੱਚ ਅੱਗੇ ਵਧ ਕੇ ਖ਼ੁਸ਼ ਹਨ। ਉਹ ਕਹਿੰਦੇ ਹਨ ਕਿ ਲਾਸ਼ਾਂ ਨਾਲ ਕੰਮ ਕਰਨ ਨਾਲ ਨਕਾਰਤਮਿਕ ਭਾਵਨਾਵਾਂ ਪੈਦਾ ਹੁੰਦੀਆਂ ਹਨ।
“ਹੁਣ ਮੈਂ ਮੁਰਦਾ-ਘਰ ਦੇ ਨੇੜੇ ਵੀ ਨਹੀਂ ਜਾਣਾ ਚਾਹੁੰਦੀ ਇਹ ਤੁਹਾਡੀ ਸਾਰੀ ਊਰਜਾ ਚੂਸ ਲੈਂਦਾ ਹੈ।”
ਡਾ਼ ਵਾਸੂ ਨੂੰ ਆਪਣੇ ਕੰਮ ਦੌਰਾਨ ਪੂਰਾ ਖਾਣਾ ਖਾਣ ਦੀ ਆਦਤ ਨਹੀਂ ਸੀ ਅਤੇ ਆਪਣੇ ਦਿਮਾਗ ਨੂੰ ਟਿਕਾਣੇ ਰੱਖਣ ਲਈ ਉਹ ਚਾਕਲੇਟ ਉੱਤੇ ਨਿਰਭਰ ਕਰਦੇ ਸਨ।
ਵੈਸੇ ਤਾਂ ਪੂਰੇ ਭਾਰਤ ਵਿੱਚ ਹੀ ਪਰ ਦੱਖਣੀ ਭਾਰਤ ਵਿੱਚ ਖਾਸ ਕਰਕੇ ਲੋਕ ਮੌਤ ਪ੍ਰਤੀ ਬਹੁਤ ਰੂੜ੍ਹੀਵਾਦੀ ਸੋਚ ਰੱਖਦੇ ਹਨ। ਉੱਚੀ ਜਾਤ ਦੀਆਂ ਔਰਤਾਂ ਆਮ ਤੌਰ ’ਤੇ ਸੰਸਕਾਰ ਉੱਤੇ ਨਹੀਂ ਜਾਂਦੀਆਂ ਸਨ, ਲੇਕਿਨ ਉਹ ਮੌਤ ਨਾਲ ਜੁੜੀਆਂ ਕੁਝ ਹੋਰ ਰਸਮਾਂ ਵਿੱਚ ਸ਼ਾਮਲ ਹੁੰਦੀਆਂ ਸਨ।
ਡਾ਼ ਵਾਸੂ ਨੇ ਆਪਣੇ ਘਰ ਦੇ ਬਾਹਰ ਇੱਕ ਗੁਸਲਖ਼ਾਨਾ ਬਣਵਾਇਆ ਸੀ, ਜਿਸ ਵਿੱਚ ਉਹ ਕੰਮ ਤੋਂ ਬਾਅਦ ਆਪਣੇ ਘਰ ਜਾਣ ਤੋਂ ਪਹਿਲਾਂ ਨਹਾਇਆ ਕਰਦੇ ਸਨ।
ਉਨ੍ਹਾਂ ਦੇ ਪਤੀ ਵੀ ਭਾਵੇਂ ਡਾਕਟਰ ਹਨ ਪਰ ਉਹ ਵੀ ਡਾ਼ ਵਾਸੂ ਜੋ ਦੇਖਦੇ ਸਨ ਉਸ ਬਾਰੇ ਗੱਲ ਕਰਨ ਤੋਂ ਡਰਦੇ ਸਨ। ਉਨ੍ਹਾਂ ਦੇ ਬੱਚੇ ਵੀ ਆਪਣੀ ਮਾਂ ਦੇ ਕੰਮ ਬਾਰੇ ਸਵਾਲ ਪੁੱਛਣ ਤੋਂ ਬਚਦੇ ਸਨ।
ਭਾਵੇਂ ਡਾ਼ ਵਾਸੂ ਦੀਆਂ ਦੋ ਭੈਣਾਂ ਜੱਜ ਬਣ ਗਈਆਂ ਹਨ। ਡਾ਼ ਵਾਸੂ ਨੇ ਉਨ੍ਹਾਂ ਦੇ ਸਾਹਮਣੇ ਗਵਾਹੀ ਵੀ ਦਿੱਤੀ ਹੈ। ਲੇਕਿਨ ਉਨ੍ਹਾਂ ਨੇ ਕਦੇ ਵੀ ਅਟੌਪਸੀਆਂ ਬਾਰੇ ਕਟਹਿਰੇ ਤੋਂ ਬਾਹਰ ਉਨ੍ਹਾਂ ਕਦੇ ਕੁਝ ਨਹੀਂ ਪੁੱਛਿਆ।
ਡਾ਼ ਵਾਸੂ ਦਾ ਕਹਿਣਾ ਹੈ ਕਿ ਮ੍ਰਿਤ ਲੋਕਾਂ ਨਾਲ ਕੰਮ ਕਰਨ ਨੇ ਉਨ੍ਹਾਂ ਦੇ ਨਜ਼ੀਰੀਏ ਨੂੰ ਦਿਸ਼ਾ ਦਿੱਤੀ ਹੈ।
ਉਹ ਦੱਸਦੇ ਹਨ “ਮੁਰਦਾ ਘਰ ਵਿੱਚ ਰਹਿਣ ਨਾਲ ਤੁਸੀਂ ਨਿਮਰ ਹੁੰਦੇ ਹੋ। ਤੁਹਾਡੇ ਵਿੱਚ ਉਹ ਘਮੰਡ ਨਹੀਂ ਹੁੰਦਾ। ਤੁਸੀਂ ਇੱਕ ਸਾਫ਼ ਜ਼ਿੰਦਗੀ ਜਿਉਣਾ ਚਾਹੁੰਦੇ ਹੋ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












