ਅਮਰੀਕਾ ਚੋਣ ਨਤੀਜੇ: ਡੌਨਲਡ ਟਰੰਪ ਹੋਣਗੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ

ਤਸਵੀਰ ਸਰੋਤ, Getty Images
ਡੌਨਲਡ ਟਰੰਪ ਹੁਣ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਡੌਨਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਜ਼ਰੂਰੀ ਬਹੁਮਤ ਹਾਸਲ ਕਰ ਲਿਆ ਹੈ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਜਾਰੀ ਹੈ।
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਨੇ ਹੁਣ ਤੱਕ 279 ਇਲੈਕਟੋਰਲ ਵੋਟ ਹਾਸਲ ਕਰ ਲਏ ਹਨ। ਟਰੰਪ ਨੇ ਅਮਰੀਕਾ ਦੇ ਸੱਤ ਵਿੱਚੋਂ ਚਾਰ ਸਵਿੰਗ ਸਟੇਟਸ ਵਿੱਚ ਜਿੱਤ ਹਾਸਲ ਕਰ ਲਈ ਹੈ।
ਇਨ੍ਹਾਂ ਵਿੱਚ ਜੌਰਜੀਆ, ਨੌਰਥ ਕੈਰੋਲਾਈਨਾ, ਵਿਸਕੌਨਸਿਨ ਤੇ ਪੈਨਸੇਲਵੇਨੀਆ ਸ਼ਾਮਿਲ ਹਨ।
ਅਮਰੀਕਾ ਵਿੱਚ ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਹਨ, ਬਹੁਮਤ ਲਈ 270 ਵੋਟਾਂ ਦੀ ਲੋੜ ਹੁੰਦੀ ਹੈ।
ਜਾਰਜੀਆ ਅਤੇ ਉੱਤਰੀ ਕੈਰੋਲੀਨਾ ਵਿੱਚ 16-16 ਇਲੈਕਟੋਰਲ ਵੋਟਾਂ ਹਨ। ਜਦਕਿ ਪੈਨਸਿਲਵੇਨੀਆ ਵਿੱਚ ਸਭ ਤੋਂ ਵੱਧ 19 ਇਲੈਕਟੋਰਲ ਵੋਟਾਂ ਹਨ।
ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੌਨਲਡ ਟਰੰਪ ਨੇ ਆਪਣੀ ਜਿੱਤ ਦਾ ਐਲਾਨ ਕਰਦਿਆਂ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਇਹ ਅਮਰੀਕਾ ਦੇ ਲੋਕਾਂ ਲਈ ਸ਼ਾਨਦਾਰ ਜਿੱਤ ਹੈ, ਜੋ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਏਗੀ।”
ਟਰੰਪ ਨੇ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਹੁਮਤ ਦਿੱਤਾ ਹੈ।

“ਰੱਬ ਨੇ ਮੇਰੀ ਜਾਨ ਇੱਕ ਖ਼ਾਸ ਮਕਸਦ ਲਈ ਬਖ਼ਸ਼ੀ ਹੈ”

ਤਸਵੀਰ ਸਰੋਤ, Reuters
ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਡੌਨਲਡ ਟਰੰਪ ਨੇ ਜੁਲਾਈ ਮਹੀਨੇ ਮਿਸ਼ੀਗਨ ਵਿੱਚ ਉਨ੍ਹਾਂ 'ਤੇ ਹੋਏ ਜਾਨਲੇਵਾ ਹਮਲੇ ਨੂੰ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਭਗਵਾਨ ਨੇ ਇੱਕ ਖ਼ਾਸ ਮਕਸਦ ਕਰ ਕੇ ਉਨ੍ਹਾਂ ਦੀ ਜਾਨ ਬਚਾਈ ਹੈ।
“ਰੱਬ ਨੇ ਮੇਰੀ ਜ਼ਿੰਦਗੀ ਇੱਕ ਖ਼ਾਸ ਮਕਸਦ ਕਰ ਕੇ ਬਖਸ਼ੀ ਹੈ..ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਲਈ।”
ਸਮਰਥਕਾਂ ਦਾ ਧੰਨਵਾਦ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਹੋਣਾ “ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਕੰਮ” ਹੈ।
ਉਨ੍ਹਾਂ ਨੇ ਅੱਗੇ ਕਿਹਾ, “ਮੇਰੀ ਸਰਕਾਰ ਆਪਣੇ ਪੁਰਾਣੇ ਆਦਰਸ਼, ‘ਵਾਅਦੇ ਕੀਤੇ, ਵਾਅਦੇ ਨਿਭਾਏ’ ਉੱਤੇ ਚੱਲੇਗੀ।”
ਨਤੀਜੇ ਆਉਣ ਤੋਂ ਪਹਿਲਾਂ ਹੀ ਡੌਨਲਡ ਟਰੰਪ ਨੇ ਆਪਣੀ ਜਿੱਤ ਦਾ ਐਲਾਨ ਕਰਦੇ ਹੋਏ ਸਮਰਥਕਾਂ ਨੂੰ ਸੰਬੋਧਨ ਕੀਤਾ ਹੈ।
ਰਾਸ਼ਟਰਪਤੀ ਅਹੁਦੇ ਦਾ ਦਾਅਵਾ ਕਰਦਿਆਂ ਟਰੰਪ ਨੇ ਸਮਰਥਕਾਂ ਨੂੰ ਕਿਹਾ ਕਿ ਉਹ ਆਪਣੇ ਇਸ ਕਾਰਜਕਾਲ ’ਚ ਉਨ੍ਹਾਂ ’ਤੇ ਜਤਾਏ ਗਏ ਭਰੋਸੇ ਦਾ ਮੁੱਲ ਮੋੜਨਗੇ।
“ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਤੁਹਾਡੇ ਭਰੋਸੇ ਦਾ ਮੁੱਲ ਮੋੜਾਂਗੇ...ਇਹ ਸਭ ਤੇਜ਼ੀ ਨਾਲ ਹੋਵੇਗਾ। ਤੁਸੀਂ ਵੇਖੋਗੇ ਅਸੀਂ ਜਲਦ ਹੀ ਅਮਰੀਕਾ ਨੂੰ ਮੁੜ ਮਹਾਨ ਬਣਾਵਾਂਗੇ।”
“ਅੱਜ ਅਮਰੀਕਾ ਦੇ ਵੋਟਰਾਂ ਨੇ ਮੈਨੂੰ ਜੇਤੂ ਬਣਾ ਕੇ ਮੁੜ ਦੇਸ਼ ਦੀ ਵਾਗ਼ਡੋਰ ਨੂੰ ਆਪਣੇ ਹੱਥ ਵਿੱਚ ਲਿਆ ਹੈ , ਇਸ ਦਿਨ ਨੂੰ ਹਮੇਸ਼ਾ ਇਸ ਵਜੋਂ ਯਾਦ ਰੱਖਿਆ ਜਾਵੇਗਾ।”
ਟਰੰਪ ਨੇ ਭਾਸ਼ਣ ’ਚ ਈਲੋਨ ਮਸਕ ਨੂੰ ਦੱਸਿਆ ‘ਸਟਾਰ’

ਤਸਵੀਰ ਸਰੋਤ, Getty Images
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਦਾ ਦਾਅਵਾ ਕਰਦਿਆਂ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਨੇ ਫਲੋਰਿਡਾ ਦੇ ਵੈਸਟ ਪਾਮ ਬੀਚ ਤੋਂ ਜਿੱਤ ਦਾ ਭਾਸ਼ਣ ਦਿੱਤਾ ਹੈ।
ਇਸ ਭਾਸ਼ਣ ’ਚ ਉਨ੍ਹਾਂ ਨੇ ਦੇਸ਼ ਲਈ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਉਨ੍ਹਾਂ ਲਈ ਪ੍ਰਚਾਰ ਕੀਤਾ ਸੀ।
ਟਰੰਪ ਨੇ ਆਪਣੇ ਇਸ ਸੰਬੋਧਨ ਵਿੱਚ ਟੇਸਲਾ ਦੇ ਸੀਈਓ ਈਲੋਨ ਮਸਕ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਮਸਕ ਅਮਰੀਕਾ ਦੇ ਇੱਕ ਮਹੱਤਵਪੂਰਨ ਵਿਅਕਤੀ ਹਨ ਅਤੇ ਉਸ ਨੇ ਚੌਣ ਮੁਹਿੰਮ ’ਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ।
ਟਰੰਪ ਨੇ ਮਸਕ ਦਾ ਹਵਾਲਾ ਦਿੰਦੇ ਹੋਏ ਕਿਹਾ, "ਇੱਕ ਸਟਾਰ ਦਾ ਜਨਮ ਹੋਇਆ ਹੈ।”
“ਈਲੋਨ ਮਸਕ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ। ਉਹ ਇੱਕ ਖਾਸ ਵਿਅਕਤੀ ਹਨ, ਇੱਕ ਸੁਪਰ ਜੀਨਿਅਸ। ਸਾਨੂੰ ਆਪਣੇ ਪ੍ਰਤਿਭਾਸ਼ਾਲੀ ਲੋਕਾਂ ਦੀ ਰੱਖਿਆ ਕਰਨੀ ਪਵੇਗੀ, ਸਾਡੇ ਕੋਲ ਉਹਨਾਂ ਵਰਗੇ ਬਹੁਤੇ ਲੋਕ ਨਹੀਂ ਹਨ।”
“ਸਾਨੂੰ ਸਰਹੱਦਾਂ ਨੂੰ ਸੀਲ ਕਰਨਾ ਪਵੇਗਾ”
ਕੱਚੇ ਤੇਲ ਬਾਰੇ ਗੱਲ ਕਰਦੇ ਹੋਏ ਡੌਨਲਡ ਟਰੰਪ ਨੇ ਕਿਹਾ, “ਸਾਡੇ ਕੋਲ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਤਰਲ ‘ਸੋਨਾ’ (ਤੇਲ) ਹੈ। ਅਸੀਂ ਆਪਣਾ ਕਰਜ਼ਾ ਚੁਕਾਉਣ ਜਾ ਰਹੇ ਹਾਂ।”
ਟਰੰਪ ਦੇ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਰਿਪਬਲਿਕਨ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੈਂਸ ਵੀ ਸਨ, ਜਿਨ੍ਹਾਂ ਨੇ ਟਰੰਪ ਦੀ ਵ੍ਹਾਈਟ ਹਾਊਸ ਵਾਪਸੀ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਿਆਸੀ ਵਾਪਸੀ ਦੱਸਿਆ।
“ਮੇਰੀ ਜਿੱਤ ਵਿੱਚ ਇੱਥੇ ਸ਼ਾਮਲ ਹੋਣ ਲਈ ਆਏ ਲੋਕਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਅਸੀਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲੜਨਾ ਸ਼ੁਰੂ ਕਰਾਂਗੇ ਅਤੇ ਇੱਕ ਵੱਡੀ ਆਰਥਿਕ ਵਾਪਸੀ ਕਰਾਂਗੇ। ਅਸੀਂ ਆਪਣੇ ਦੇਸ਼ ਨੂੰ ਚੰਗੇ ਮੋੜਾ ਦੇਣ ਜਾ ਰਹੇ ਹਾਂ। ਸਾਨੂੰ ਸਰਹੱਦਾਂ ਨੂੰ ਸੀਲ ਕਰਨਾ ਪਵੇਗਾ ਤਾਂ ਜੋ ਲੋਕ ਸਿਰਫ਼ ਕਾਨੂੰਨੀ ਤੌਰ ’ਤੇ ਹੀ ਦੇਸ਼ ਵਿੱਚ ਦਾਖ਼ਲ ਹੋ ਸਕਣ।”
ਪੀਐੱਮ ਮੋਦੀ ਨੇ ਟਰੰਪ ਨੂੰ ਦਿੱਤੀ ਵਧਾਈ

ਤਸਵੀਰ ਸਰੋਤ, X/PM MODi
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਅੱਗੇ ਚੱਲ ਰਹੇ ਡੌਨਲਡ ਟਰੰਪ ਦੀ ਜਿੱਤ ’ਤੇ ਮੁਬਾਰਕਬਾਦ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ’ਤੇ ਡੌਨਲਡ ਟਰੰਪ ਨੂੰ ਟੈਗ ਕਰਦਿਆਂ ਲਿਖਿਆ, “ਤੁਹਾਡੀ ਇਤਿਹਾਸਕ ਜਿੱਤ ’ਤੇ ਦਿਲੋਂ ਮੁਬਾਰਕਾਂ ਮੇਰੇ ਦੋਸਤ ਡੌਨਲਡ ਟਰੰਪ। ਮੈਂ ਭਾਰਤ-ਅਮਰੀਕਾ ਦੀ ਵਿਸ਼ਵ ਵਿਆਪਕ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਨੂੰ ਨਵਿਆਉਣ ਦੀ ਉਮੀਦ ਕਰਦਾ ਹਾਂ। ਆਓ ਮਿਲ ਕੇ ਆਪਣੇ ਲੋਕਾਂ ਦੀ ਬਿਹਤਰੀ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੀਏ।”
ਟਰੰਪ ਨੇ ਪਤਨੀ ਮੇਲਾਨੀਆ ਦਾ ਕੀਤਾ ਧੰਨਵਾਦ

ਤਸਵੀਰ ਸਰੋਤ, Reuters
ਡੌਨਲਡ ਟਰੰਪ ਨੇ ਆਪਣੀ ਜਿੱਤ ਦੇ ਐਲਾਨ ਦੇ ਨਾਲ ਹੀ ਆਪਣੀ ਪਤਨੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਮੇਲਾਨੀਆ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਵੀ ਦੱਸਿਆ।
ਟਰੰਪ ਨੇ ਮੇਲਾਨੀਆ ਦੁਆਰਾ ਲਿਖੀ ਗਈ ਕਿਤਾਬ ਦੀ ਤਾਰੀਫ ਕਰਦੇ ਹੋਏ ਕਿਹਾ, "ਇਹ ਦੇਸ਼ ਦੀ ਨੰਬਰ ਵਨ ਬੈਸਟ ਸੈਲਰ ਕਿਤਾਬ ਹੈ। ਉਨ੍ਹਾਂ (ਮੇਲਾਨੀਆ) ਨੇ ਸ਼ਾਨਦਾਰ ਕੰਮ ਕੀਤਾ ਹੈ। ਉਹ ਲੋਕਾਂ ਦੀ ਮਦਦ ਲਈ ਵੀ ਬਹੁਤ ਮਿਹਨਤ ਕਰਦੇ ਹਨ।"
ਇਸ ਦੇ ਨਾਲ ਹੀ ਟਰੰਪ ਨੇ ਆਪਣੇ ਬੱਚਿਆਂ ਦਾ ਧੰਨਵਾਦ ਕੀਤਾ। ਸਟੇਜ 'ਤੇ ਆਪਣੇ ਨਾਲ ਖੜ੍ਹੇ ਆਪਣੇ ਬੱਚਿਆਂ ਦਾ ਨਾਂ ਲੈਂਦਿਆਂ ਟਰੰਪ ਨੇ ਉਨ੍ਹਾਂ ਦੀ ਤਾਰੀਫ ਕੀਤੀ।
ਐਗਜ਼ਿਟ ਪੋਲ ਕੀ ਕਹਿੰਦਾ

ਤਸਵੀਰ ਸਰੋਤ, Getty Images
ਐਗਜ਼ਿਟ ਪੋਲ ਦੇ ਸ਼ੁਰੂਆਤੀ ਰੁਝਾਨ ਦੱਸਦੇ ਹਨ ਕਿ ਇਸ ਸਾਲ ਅਮਰੀਕਾ ਦੀਆਂ ਚੋਣਾਂ ਵਿੱਚ ਵੋਟਰਾਂ ਲਈ ਲੋਕਤੰਤਰ ਅਤੇ ਅਰਥਵਿਵਸਥਾ ਅਹਿਮ ਮੁੱਦੇ ਰਹੇ ਹਨ।
ਪੰਜ ਅਹਿਮ ਮੁੱਦਿਆਂ ਵਿਚੋਂ ਇਕ ਤਿਹਾਈ ਲੋਕਾਂ ਨੇ ਲੋਕਤੰਤਰ ਦੇ ਮੁੱਦੇ ਨੂੰ ਚਿੰਤਾ ਵਜੋਂ ਉਭਾਰਿਆ ਹੈ।
ਅਗਲਾ ਅਰਥਵਿਵਸਥਾ ਦਾ ਮੁੱਦਾ ਅਹਿਮ ਮੰਨਿਆ ਗਿਆ ਹੈ। ਇਸ ਤੋਂ ਬਾਅਦ ਗਰਭਪਾਤ, ਇੰਮੀਗ੍ਰੇਸ਼ਨ ਅਤੇ ਵਿਦੇਸ਼ ਨੀਤੀ ਮੁੱਖ ਮੁੱਦੇ ਰਹੇ ਹਨ।ਇਸ ਡੇਟਾ ਨੂੰ ਰਾਤ ਵੇਲੇ ਨਵੀਂ ਜਾਣਕਾਰੀ ਅਨੁਸਾਰ ਅਪਡੇਟ ਕੀਤਾ ਜਾਂਦਾ ਹੈ, ਇਸ ਲਈ ਇਹ ਸ਼ੁਰੂਆਤੀ ਡੇਟਾ ਬਦਲ ਵੀ ਸਕਦਾ ਹੈ।
ਇਸ ਤੋਂ ਪਹਿਲਾਂ 2008 ਤੋਂ ਹਰ ਰਾਸ਼ਟਰਪਤੀ ਚੋਣ ਵਿੱਚ ਵੋਟਰਾਂ ਨੂੰ ਪ੍ਰੇਰਿਤ ਕਰਨ ਵਾਲੇ ਮੁੱਦਿਆਂ ਦੀ ਸੂਚੀ ਵਿੱਚ ਆਰਥਿਕਤਾ ਸਿਖਰ ’ਤੇ ਰਹੀ ਹੈ। ਇਹ ਇੱਕ ਪ੍ਰਮੁੱਖ ਮੁੱਦਾ ਹੋਣ ਕਾਰਨ ਹਾਸ਼ੀਏ ਵਿਚਾਲੇ ਰਹਿੰਦਾ ਹੈ।
ਦੋਵਾਂ ਧਿਰਾਂ ਲੋਕਤੰਤਰ ਨੂੰ ਲੈ ਕੇ ਚਿੰਤਤ
ਐਗਜ਼ਿਟ ਪੋਲ ਨੇ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਪੋਲਾਂ ਦੇ ਨਤੀਜਿਆਂ ਵਾਂਗ ਹੀ ਤਰਜੀਹਾਂ ਦੀ ਗੱਲ ਕਰਦੇ ਹੋਏ ਦੋਵਾਂ ਪਾਰਟੀਆਂ ਵਿਚਾਲੇ ਤਿੱਖੀ ਵੰਡ ਦੀ ਤਸਵੀਰ ਪੇਸ਼ ਕੀਤੀ ਹੈ।
ਟਰੰਪ ਦੀ ਹਮਾਇਤ ਕਰਨ ਵਾਲੇ 10 ਸਮਰਥਕਾਂ ਵਿੱਚੋਂ ਇੱਕ ਦੇ ਮੁਕਾਬਲੇ ਹੈਰਿਸ ਦੇ 10 ’ਚੋਂ ਛੇ ਸਮਰਥਕਾਂ ਨੇ ਕਿਹਾ ਕਿ ਲੋਕਤੰਤਰ ਦੀ ਸਥਿਤੀ ਉਨ੍ਹਾਂ ਦਾ ਫੈਸਲਾਕੁੰਨ ਮੁੱਦਾ ਹੈ
ਹੈਰਿਸ ਦੇ 10 ਸਮਰਥਕਾਂ ’ਚੋਂ ਇੱਕ ਦੇ ਮੁਕਾਬਲੇ ਟਰੰਪ ਦੇ ਅੱਧੇ ਸਮਰਥਕ ਆਰਥਿਕਤਾ ਨੂੰ ਮੁੱਖ ਮੁੱਦਾ ਮੰਨਦੇ ਹਨ।
ਪਰ ਦੋਵਾਂ ਧਿਰਾਂ ਨੇ ਅਮਰੀਕਾ ਦੇ ਲੋਕਤੰਤਰ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਇਨ੍ਹਾਂ ਵਿੱਚੋਂ ਲਗਭਗ ਤਿੰਨ ਚੌਥਾਈ ਲੋਕਾਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਲੋਕਤੰਤਰ ‘ਕੁਝ’ ਜਾਂ ‘ਬਹੁਤ’ ਖਤਰੇ ਵਿੱਚ ਹੈ।
ਦੋਵਾਂ ਪਾਰਟੀਆਂ ਵਿੱਚ ਇਹ ਪ੍ਰਤੀਸ਼ਤਤਾ ਸਮਾਨ ਹੈ।
ਇਨ੍ਹਾਂ ਮੌਜੂਦਾ ਅੰਕੜਿਆਂ ਵਿੱਚ 10 ’ਚੋਂ 7 ਵੋਟਰ ਚੋਣਾਂ ਦੇ ਨਤੀਜਿਆਂ ਨਾਲ ਸਬੰਧਤ ਹਿੰਸਾ ਬਾਰੇ ਚਿੰਤਤ ਸਨ।
ਇਨ੍ਹਾਂ ਵਿੱਚ ਟਰੰਪ ਅਤੇ ਹੈਰਿਸ ਸਮਰਥਕਾਂ ਦੀ ਬਹੁਗਿਣਤੀ ਸ਼ਾਮਲ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












