ਹਸਪਤਾਲ ਵਿੱਚ ਜਨਮ ਵੇਲੇ ਬਦਲ ਗਈਆਂ ਦੋ ਕੁੜੀਆਂ, 55 ਸਾਲ ਬਾਅਦ ਕਿਵੇਂ ਅਸਲ ਮਾਪਿਆਂ ਨੂੰ ਮਿਲੀਆਂ

- ਲੇਖਕ, ਜੈਨੀ ਕਲੀਮੈਨ
- ਰੋਲ, ਪ੍ਰਜ਼ੈਂਟਰ, ਦ ਗਿਫ਼ਟ
ਵੈਸਟ ਮਿਡਲੈਂਡਜ਼ ਵਿੱਚ ਦੋ ਪਰਿਵਾਰ ਜਨਮ ਸਮੇਂ ਆਪਣੇ ਬੱਚਿਆਂ ਦੇ ਬਦਲੇ ਜਾਣ ਦੇ ਪਹਿਲੇ ਦਸਤਾਵੇਜ਼ੀ ਕੇਸ 'ਚ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਯੂਕੇ ਦੀ ਰਾਸ਼ਟਰੀ ਸਿਹਤ ਸੇਵਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।
ਟੋਨੀ ਦੇ ਦੋਸਤਾਂ ਨੇ ਉਸ ਨੂੰ 2021 ਵਿੱਚ ਕ੍ਰਿਸਮਿਸ ਲਈ ਇੱਕ ਡੀਐੱਨਏ ਹੋਮ-ਟੈਸਟਿੰਗ ਕਿੱਟ ਖਰੀਦ ਕੇ ਦਿੱਤੀ ਸੀ, ਉਸ ਸਮੇਂ ਤਾਂ ਉਹ ਕਿੱਟ ਨੂੰ ਆਪਣੀ ਰਸੋਈ 'ਚ ਰੱਖ ਕੇ ਦੋ ਮਹੀਨਿਆਂ ਲਈ ਭੁੱਲ ਗਿਆ।
ਪਰ ਫਰਵਰੀ ਦੇ ਇੱਕ ਦਿਨ ਟੋਨੀ ਘਰ ਵਿੱਚ ਵਿਹਲੇ ਬੈਠੇ ਹੋਏ ਸੀ ਕਿਉਂਕਿ ਮੀਂਹ ਕਾਰਨ ਉਨ੍ਹਾਂ ਦਾ ਗੋਲਫ ਖੇਡਣ ਜਾਣ ਦਾ ਵਿਚਾਰ ਰੱਦ ਹੋ ਗਿਆ ਸੀ। ਉਸ ਦਿਨ ਉਨ੍ਹਾਂ ਨੇ ਕਿੱਟ ਖੋਲ ਕੇ ਨਮੂਨੇ ਵਾਲੀ ਟਿਊਬ ਵਿੱਚ ਥੁੱਕਿਆ ਅਤੇ ਕਿੱਟ ਬੰਦ ਕਰ ਦਿੱਤੀ। ਫਿਰ ਹਫ਼ਤਿਆਂ ਤੱਕ ਉਨ੍ਹਾਂ ਨੇ ਇਸ ਨੂੰ ਨਹੀਂ ਦੇਖਿਆ।
ਇਸ ਦੇ ਨਤੀਜੇ ਐਤਵਾਰ ਦੀ ਸ਼ਾਮ ਨੂੰ ਆਏ। ਜਦੋਂ ਈਮੇਲ ਆਈ ਤਾਂ ਉਸ ਸਮੇਂ ਟੋਨੀ ਆਪਣੀ ਮਾਂ, ਜੋਨ ਨਾਲ ਫ਼ੋਨ 'ਤੇ ਸਨ।
ਪਹਿਲਾਂ ਤਾਂ ਸਭ ਕੁਝ ਉਸੇ ਤਰ੍ਹਾਂ ਦਿਖਾਈ ਦੇ ਰਿਹਾ ਸੀ ਜਿਵੇਂ ਉਹ ਉਮੀਦ ਕਰ ਰਹੇ ਸੀ। ਟੈਸਟ 'ਚ ਆਇਰਲੈਂਡ ਦੀ ਉਸ ਥਾਂ ਦਾ ਪਤਾ ਦੱਸਿਆ ਹੋਇਆ ਸੀ ਜਿੱਥੋਂ ਉਨ੍ਹਾਂ ਦਾ ਨਾਨਕਾ ਪਰਿਵਾਰ ਆਇਆ ਸੀ।
ਇੱਕ ਚਚੇਰਾ ਭਰਾ ਅਤੇ ਉਨ੍ਹਾਂ ਦੀ ਭੈਣ ਵੀ ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਸੂਚੀ 'ਚ ਨਜ਼ਰ ਆ ਰਹੇ ਸੀ।
ਪਰ ਜਦੋਂ ਉਨ੍ਹਾਂ ਨੇ ਆਪਣੀ ਭੈਣ ਦਾ ਨਾਮ ਦੇਖਿਆ, ਤਾਂ ਉਹ ਗਲਤ ਸੀ। ਜੈਸਿਕਾ ਦੀ ਬਜਾਇ ਕਲੇਅਰ ਨਾਮਕ ਔਰਤ ਨੂੰ ਉਸ ਦੀ ਭੈਣ ਵਜੋਂ ਸੂਚੀਬੱਧ ਕੀਤਾ ਗਿਆ ਸੀ (ਜੈਸਿਕਾ ਅਤੇ ਕਲੇਅਰ ਉਹਨਾਂ ਦੇ ਅਸਲੀ ਨਾਮ ਨਹੀਂ ਹਨ- ਔਰਤਾਂ ਦੀ ਪਛਾਣ ਸੁਰੱਖਿਅਤ ਰੱਖਣ ਲਈ, ਦੋਵਾਂ ਨੂੰ ਬਦਲਿਆ ਗਿਆ ਹੈ)।

ਟੋਨੀ ਜੌਨ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਹੈ। ਤਿੰਨ ਪੁੱਤਰਾਂ ਤੋਂ ਬਾਅਦ ਉਸ ਨੂੰ ਇੱਕ ਧੀ ਦੀ ਤਾਂਘ ਸੀ। 1967 ਵਿੱਚ ਉਨ੍ਹਾਂ ਦੀ ਇੱਛਾ ਆਖਰਕਾਰ ਪੂਰੀ ਹੋ ਗਈ, ਜਦੋਂ ਜੈਸਿਕਾ ਦਾ ਜਨਮ ਹੋਇਆ।
ਜੌਨ ਨੇ ਮੈਨੂੰ ਦੱਸਿਆ, "ਆਖ਼ਰਕਾਰ ਇੱਕ ਧੀ ਦਾ ਜਨਮ ਹੋਣਾ ਮੇਰੇ ਲਈ ਸ਼ਾਨਦਾਰ ਅਹਿਸਾਸ ਸੀ।"
ਹਾਲਾਂਕਿ, ਜਦੋਂ ਉਨ੍ਹਾਂ ਨੇ ਸੁਣਿਆ ਕਿ ਟੋਨੀ ਦੇ ਡੀਐਨਏ ਨਤੀਜਿਆਂ ਵਿੱਚ ਕੁਝ ਹੈਰਾਨ ਕਰ ਦੇਣ ਵਾਲਾ ਸੀ ਤਾਂ ਉਹ ਚਿੰਤਤ ਹੋ ਗਏ। ਟੋਨੀ ਵੀ ਚਿੰਤਤ ਸੀ, ਪਰ ਉਸਨੇ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਿਤਾ ਦੀ ਮੌਤ ਤੋਂ ਦਸ ਸਾਲ ਬਾਅਦ, ਟੋਨੀ ਦੀ ਮਾਂ 80 ਸਾਲ ਦੀ ਉਮਰ 'ਚ ਇਕੱਲੀ ਰਹਿੰਦੀ ਸੀ। ਉਹ ਆਪਣੀ ਮਾਂ ਦੀ ਚਿੰਤਾ ਹੋਰ ਨਹੀਂ ਸੀ ਵਧਾਉਣਾ ਚਾਹੁੰਦਾ।
ਅਗਲੀ ਸਵੇਰ, ਉਸਨੇ ਡੀਐਨਏ ਟੈਸਟਿੰਗ ਕੰਪਨੀ ਦੀ ਨਿੱਜੀ ਮੈਸੇਜਿੰਗ ਸਹੂਲਤ ਦੀ ਵਰਤੋਂ ਨਾਲ ਕਲੇਅਰ, ਜਿਸ ਨੂੰ ਉਸ ਦੀ ਭੈਣ ਦੱਸਿਆ ਜਾ ਰਿਹਾ ਸੀ, ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।
ਉਸਨੇ ਲਿਖਿਆ, “ਹੈਲੋ, ਮੇਰਾ ਨਾਮ ਟੋਨੀ ਹੈ। ਮੈਂ ਇਹ ਡੀਐਨਏ ਟੈਸਟ ਕਰਵਾਇਆ ਸੀ ਜਿਸ ਵਿੱਚ ਤੁਹਾਨੂੰ ਮੇਰੀ ਭੈਣ ਵਜੋਂ ਸੂਚੀਬੱਧ ਕੀਤਾ ਗਿਆ ਹੈ। ਮੈਂ ਸੋਚ ਰਿਹਾ ਹਾਂ ਕਿ ਇਹ ਇੱਕ ਗਲਤੀ ਹੈ। ਕੀ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ?”
'ਮੈਂ ਇੰਝ ਮਹਿਸੂਸ ਕੀਤਾ, ਜਿਵੇਂ ਮੈਂ ਢੋਂਗੀ ਹਾਂ'

ਕਲੇਅਰ ਨੂੰ ਦੋ ਸਾਲ ਪਹਿਲਾਂ ਉਸੇ ਬ੍ਰਾਂਡ ਦਾ ਡੀਐਨਏ ਟੈਸਟ ਕਿੱਟ ਉਸ ਦੇ ਪੁੱਤਰ ਵੱਲੋਂ ਜਨਮਦਿਨ ਦੇ ਤੋਹਫ਼ੇ ਵਜੋਂ ਦਿੱਤਾ ਗਿਆ ਸੀ।
ਉਸ ਦੇ ਨਤੀਜੇ ਵੀ ਅਜੀਬ ਸਨ। ਉਸਦੇ ਮਾਤਾ-ਪਿਤਾ ਜਿੱਥੇ ਪੈਦਾ ਹੋਏ ਸਨ ਉਸ ਦਾ ਉਸ ਨਾਲ ਕੋਈ ਸਬੰਧ ਨਹੀਂ ਸੀ ਅਤੇ ਉਸਦਾ ਇੱਕ ਚਚੇਰੇ ਭਰਾ ਨਾਲ ਜੈਨੇਟਿਕ ਲਿੰਕ ਦਿਖਾਇਆ ਗਿਆ ਸੀ, ਜਿਸ ਨੂੰ ਉਹ ਨਹੀਂ ਜਾਣਦੀ ਸੀ ਅਤੇ ਬਿਆਨ ਵੀ ਨਹੀਂ ਕਰ ਸਕਦੀ ਸੀ।
ਫਿਰ 2022 ਵਿੱਚ, ਉਸ ਨੂੰ ਇੱਕ ਸੂਚਨਾ ਮਿਲੀ ਕਿ ਉਸ ਦੇ ਪਰਿਵਾਰ ਦੀ ਸੂਚੀ 'ਚ ਉਸ ਦਾ ਕੋਈ ਭਰਾ ਸ਼ਾਮਲ ਹੋਇਆ ਸੀ।
ਇਹ ਹੈਰਾਨ ਜ਼ਰੂਰ ਕਰਨ ਵਾਲਾ ਸੀ। ਪਰ ਇਸ ਦਾ ਸੰਪੂਰਨ ਤੌਰ 'ਤੇ ਅਰਥ ਜ਼ਰੂਰ ਬਣ ਰਿਹਾ ਸੀ ਕਿਉਂਕਿ ਵੱਡੇ ਹੋ ਕੇ ਕਲੇਅਰ ਨੇ ਕਦੇ ਵੀ ਆਪਣੇ ਮੌਜੂਦਾ ਪਰਿਵਾਰ ਨਾਲ ਖੁਦ ਨੂੰ ਸਬੰਧਿਤ ਮਹਿਸੂਸ ਨਹੀਂ ਕੀਤਾ ਸੀ।
ਉਹ ਕਹਿੰਦੀ ਹੈ, “ਮੈਂ ਇੱਕ ਢੌਂਗੀ ਵਾਂਗ ਮਹਿਸੂਸ ਕਰ ਰਹੀ ਸੀ। "ਸਾਡੀ ਦਿੱਖ ਜਾਂ ਗੁਣਾਂ ਵਿੱਚ ਕੋਈ ਵੀ ਸਮਾਨਤਾ ਨਹੀਂ ਸੀ।"
"ਮੈਂ ਸੋਚਦੀ ਸੀ ਕਿ ਮੈਨੂੰ ਗੋਦ ਲਿਆ ਗਿਆ ਹੈ।"
ਜਦੋਂ ਕਲੇਅਰ ਅਤੇ ਟੋਨੀ ਨੇ ਆਪਣੇ ਜੀਵਨ ਸੰਬੰਧੀ ਵੇਰਵਿਆਂ ਦਾ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਹਨਾਂ ਨੂੰ ਪਤਾ ਲੱਗਾ ਕਿ ਕਲੇਅਰ ਅਤੇ ਟੋਨੀ ਨਾਲ ਬਚਪਨ ਤੋਂ ਪਲੀ ਉਸ ਦੀ ਭੈਣ ਜੈਸਿਕਾ ਦਾ ਜਨਮ ਇੱਕੋ ਸਮੇਂ 'ਤੇ ਇੱਕੋ ਹਸਪਤਾਲ ਵਿੱਚ ਹੋਇਆ ਸੀ।
ਇਸ ਤੋਂ ਬਾਅਦ ਹੀ ਅਣਗੌਲੇ ਨਾ ਕੀਤੇ ਜਾਣ ਵਾਲੇ ਹਾਲਾਤ ਪੈਦਾ ਹੋਏ ਜਦੋਂ ਇਹ ਪਤਾ ਲੱਗਿਆ ਕਿ 55 ਸਾਲ ਪਹਿਲਾਂ 2 ਬੱਚੇ ਜਨਮ ਸਮੇਂ ਆਪਸ 'ਚ ਬਦਲੇ ਗਏ ਸਨ ਅਤੇ ਵੱਖ-ਵੱਖ ਪਰਿਵਾਰਾਂ 'ਚ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ।
ਯੂਕੇ ਵਿੱਚ ਜਣੇਪਾ ਵਾਰਡਾਂ ਵਿੱਚ ਬੱਚਿਆਂ ਦੇ ਬਦਲੇ ਜਾਣ ਦੇ ਮਾਮਲੇ ਕਦੇ ਸੁਣਨ 'ਚ ਨਹੀਂ ਆਏ।
2017 ਦੀ ਸੂਚਨਾ ਦੀ ਆਜ਼ਾਦੀ ਦੀ ਬੇਨਤੀ ਦੇ ਜਵਾਬ ਵਿੱਚ ਐੱਨਐੱਚਐੱਸ ਨੇ ਦੱਸਿਆ ਕਿ ਰਿਕਾਰਡਾਂ ਦੇ ਮੁਤਾਬਕ ਅਜਿਹਾ ਕੋਈ ਦਸਤਾਵੇਜ਼ੀ ਮਾਮਲਾ ਨਹੀਂ ਸੀ, ਜਿਸ ਵਿੱਚ ਕਿਸੇ ਬੱਚੇ ਨੂੰ ਗਲਤ ਮਾਪਿਆਂ ਨੂੰ ਸੌਂਪਿਆ ਗਿਆ ਹੋਵੇ।
1980 ਦੇ ਦਹਾਕੇ ਤੋਂ ਨਵਜੰਮੇ ਬੱਚਿਆਂ ਨੂੰ ਜਨਮ ਤੋਂ ਤੁਰੰਤ ਬਾਅਦ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਟੈਗ ਦਿੱਤੇ ਜਾਂਦੇ ਹਨ, ਜੋ ਉਹਨਾਂ ਦੇ ਟਿਕਾਣੇ ਨੂੰ ਟਰੈਕ ਕਰਨ ਵਿਚ ਮਦਦ ਕਰਦੇ ਹਨ। ਪਰ ਉਸ ਤੋਂ ਪਹਿਲਾਂ, ਜਣੇਪਾ ਵਾਰਡ ਦੇ ਬੈੱਡ 'ਤੇ ਹੱਥ ਲਿਖਤ ਟੈਗ ਅਤੇ ਕਾਰਡ ਲਗਾਏ ਜਾਂਦੇ ਸਨ।
ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਕਲੇਅਰ ਅਤੇ ਟੋਨੀ ਨੂੰ ਹੁਣ ਫੈਸਲਾ ਕਰਨਾ ਪੈਣਾ ਸੀ ਕਿ ਅੱਗੇ ਕੀ ਕਰਨਾ ਹੈ।
ਟੋਨੀ ਨੇ ਕਲੇਅਰ ਨੂੰ ਲਿਖਿਆ, “ਜੇ ਤੁਸੀਂ ਇਸ ਨੂੰ ਇੱਥੇ ਹੀ ਛੱਡਣਾ ਚਾਹੁੰਦੇ ਹੋ, ਤਾਂ ਮੈਨੂੰ ਇਹ ਗੱਲ ਸਵੀਕਾਰ ਹੈ ਅਤੇ ਅਸੀਂ ਇਸ ਗੱਲ ਨੂੰ ਬਿਲਕੁਲ ਵੀ ਅੱਗੇ ਨਹੀਂ ਵਧਾਵਾਂਗੇ।"
ਪਰ ਕਲੇਅਰ ਬਿਨਾਂ ਕਿਸੇ ਝਿਜਕ ਦੇ ਇਹ ਜਾਣਦੀ ਸੀ ਕਿ ਉਹ ਟੋਨੀ ਅਤੇ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਸੀ।
ਉਨ੍ਹਾਂ ਨੇ ਕਿਹਾ, "ਮੈਂ ਬਸ ਉਨ੍ਹਾਂ ਨੂੰ ਦੇਖਣਾ, ਮਿਲਣਾ, ਅਤੇ ਗੱਲ ਕਰਨਾ ਚਾਹੁੰਦੀ ਹਾਂ ਅਤੇ ਉਨ੍ਹਾਂ ਨੂੰ ਗਲ ਨਾਲ ਲਗਾਉਣਾ ਚਾਹੁੰਦੀ ਹਾਂ।"
ਜਦੋਂ ਟੋਨੀ ਨੇ ਅੰਤ ਵਿੱਚ ਆਪਣੀ ਮਾਂ ਜੌਨ ਨੂੰ ਦੱਸਿਆ ਕਿ ਡੀਐਨਏ ਟੈਸਟ ਵਿੱਚ ਕੀ ਆਇਆ ਸੀ, ਤਾਂ ਉਹ ਜਵਾਬਾਂ ਤੋਂ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਸੀ?
1967 ਦੀ ਉਹ ਬਰਫ਼ੀਲੀ ਰਾਤ...

ਜੌਨ ਦੀ ਕੁੜੀ ਦਾ ਜਿਸ ਰਾਤ ਜਨਮ ਹੋਇਆ ਉਸ ਰਾਤ ਦੀਆਂ ਯਾਦਾਂ ਜੌਨ ਲਈ ਅਜੇ ਵੀ ਤਾਜ਼ਾ ਹਨ। ਉਸ ਨੇ ਬੱਚੀ ਨੂੰ ਘਰ ਵਿੱਚ ਹੀ ਜਨਮ ਦੇਣਾ ਸੀ ਪਰ ਕਿਉਂਕਿ ਉਸ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਸੀ ਇਸ ਲਈ ਵੈਸਟ ਮਿਡਲੈਂਡਜ਼ ਦੇ ਹਸਪਤਾਲ ਵਿੱਚ ਉਸ ਨੂੰ ਲੇਬਰ ਪੇਨ ਦਿੱਤਾ ਗਿਆ।
ਉਹ ਦੱਸਦੀ ਹੈ, “ਉਹ ਮੈਨੂੰ ਐਤਵਾਰ ਲੈ ਗਏ ਸੀ, ਉਸ ਦਿਨ ਕਾਫੀ ਬਰਫ਼ ਪੈ ਰਹੀ ਸੀ।”
ਬੱਚੇ ਦਾ ਜਨਮ ਰਾਤ 10 ਵਜ ਕੇ 20 ’ਤੇ ਹੋਇਆ। ਜੌਨ ਨੇ ਆਪਣੀ ਧੀ ਨੂੰ ਕੁਝ ਮਿੰਟਾਂ ਲਈ ਹੀ ਗੋਦ ਵਿੱਚ ਲਿਆ। ਉਸ ਨੂੰ ਯਾਦ ਹੈ ਕਿ ਉਸ ਦਾ ਲਾਲ ਸੂਹਾ ਚਿਹਰਾ ਸੀ ਤੇ ਉਸ ਦੇ ਉਲਝੇ ਹੋਏ ਵਾਲ ਸਨ।
ਬੱਚੇ ਨੂੰ ਮੁੜ ਰਾਤ ਲਈ ਨਰਸਰੀ ਲਿਜਾਇਆ ਗਿਆ ਤਾਂ ਜੋ ਮਾਂ ਅਰਾਮ ਕਰ ਸਕੇ। 1960ਵਿਆਂ ਵਿੱਚ ਇਹ ਆਮ ਗੱਲ ਸੀ।
ਅੱਧੀ ਰਾਤ ਤੋਂ ਬਾਅਦ ਜੈਸੀਕਾ ਦਾ ਜਨਮ ਉਸੇ ਹਸਪਤਾਲ ਵਿੱਚ ਹੋਇਆ। ਅਗਲੀ ਸਵੇਰ ਜੌਨ ਨੂੰ ਆਪਣੀ ਧੀ ਕਲੇਅਰ ਦੀ ਥਾਂ ਜੈਸੀਕਾ ਸੌਂਪ ਦਿੱਤੀ ਗਈ।
ਉਸ ਬੱਚੀ ਦੇ ਚਿੱਟੇ ਵਾਲ ਸਨ, ਜੋ ਆਪਣੇ ਪਰਿਵਾਰ ਤੋਂ ਵੱਖਰੇ ਸਨ ਕਿਉਂਕੀ ਪਰਿਵਾਰ ਵਿੱਚ ਸਾਰਿਆਂ ਦੇ ਵਾਲ ਕਾਲੇ ਸਨ ਪਰ ਜੌਨ ਨੇ ਇਸ ਬਾਰੇ ਨਹੀਂ ਸੋਚਿਆ। ਉਨ੍ਹਾਂ ਦੇ ਚਾਚੇ-ਤਾਏ ਦੇ ਪਰਿਵਾਰ ਵਿੱਚ ਕੁਝ ਲੋਕਾਂ ਦੇ ਅਜਿਹੇ ਵਾਲ ਸਨ।
ਜਦੋਂ ਉਸ ਦੇ ਪਤੀ ਹਸਪਤਾਲ ਵਿੱਚ ਜੈਸੀਕਾ ਨੂੰ ਮਿਲਣ ਆਏ ਤਾਂ ਉਹ ਵੀ ਕਾਫੀ ਖੁਸ਼ ਸਨ ਤੇ ਉਨ੍ਹਾਂ ਨੂੰ ਵੀ ਕੋਈ ਸ਼ੱਕ ਨਹੀਂ ਹੋਇਆ।
55 ਸਾਲ ਬਾਅਦ ਜੌਨ ਜਾਣਨਾ ਚਾਹੁੰਦੀ ਹੈ ਕਿ ਕਲੇਅਰ ਦੀ ਜ਼ਿੰਦਗੀ ਕਿਵੇਂ ਦੀ ਸੀ,ਕੀ ਉਸ ਦੀ ਸਹੀ ਤਰੀਕੇ ਨਾਲ ਪਰਵਰਿਸ਼ ਹੋਈ, ਕੀ ਉਹ ਖੁਸ਼ ਸੀ?
ਪਰ ਇਸ ਤੋਂ ਪਹਿਲਾਂ ਕਿ ਉਸ ਨੂੰ ਇਸ ਦੇ ਜਵਾਬ ਮਿਲ ਸਕਦੇ ਉਸ ਨੂੰ ਤੇ ਟੌਨੀ ਨੂੰ ਜੈਸੀਕਾ ਨੇ ਇਸ ਬਾਰੇ ਦੱਸਣਾ ਸੀ। ਜੈਸੀਕਾ ਪੂਰੀ ਜ਼ਿੰਦਗੀ ਇਹੀ ਸਮਝ ਰਹੀ ਸੀ ਕਿ ਜੌਨ ਉਸ ਦੀ ਮਾਂ ਹੈ ਤੇ ਟੌਨੀ ਉਸ ਦਾ ਭਰਾ।
ਟੌਨੀ ਤੇ ਜੌਨ ਜੈਸੀਕਾ ਦੇ ਘਰ ਇਹ ਖ਼ਬਰ ਦੇਣ ਗਏ। ਜੌਨ ਕਹਿੰਦੇ ਹਨ ਕਿ ਉਨ੍ਹਾਂ ਵੱਲੋਂ ਜੈਸੀਕਾ ਨੂੰ ਪੂਰਾ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਮਾਂ ਤੇ ਧੀ ਵਾਲਾ ਹੀ ਰਹੇਗਾ।
ਪਰ ਉਸ ਦਿਨ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਪਹਿਲਾਂ ਵਾਂਗ ਨਹੀਂ ਹੈ।
ਜੈਸੀਕਾ ਸਾਡੇ ਨਾਲ ਗੱਲਬਾਤ ਦੀ ਇੱਛੁਕ ਨਹੀਂ ਸਨ।
'ਮੈਂ ਬਿਲਕੁਲ ਸਹੀ ਮਹਿਸੂਸ ਕੀਤਾ'

ਤਸਵੀਰ ਸਰੋਤ, Getty Images
ਗੱਲ ਹੋਣ ਤੋਂ ਇੱਕ ਦਿਨ ਬਾਅਦ ਕਲੇਅਰ ਨੇ ਆਪਣੇ ਘਰ ਅਤੇ ਜੌਨ ਵਿਚਾਲੇ ਦੀ ਥੋੜ੍ਹੀ ਦੂਰੀ ਤੈਅ ਕੀਤੀ।
ਸਾਲਾਂ ਤੋਂ, ਉਹ ਕੰਮ ਤੇ ਆਉਣ-ਜਾਣ ਦੌਰਾਨ ਜੌਨ ਦੇ ਪਿੰਡ ਵਿੱਚੋਂ ਦੀ ਲੰਘ ਰਹੀ ਸੀ, ਪਰ ਕਦੇ ਇਹ ਨਹੀਂ ਜਾਣਦੀ ਸੀ ਕਿ ਇਹ ਉਹ ਥਾਂ ਸੀ ਜਿੱਥੇ ਉਸਦੀ ਜਨਮ ਦੇਣ ਵਾਲੀ ਮਾਂ ਰਹਿੰਦੀ ਸੀ।
ਟੋਨੀ ਡਰਾਈਵਵੇਅ ਵਿੱਚ ਉਸਦੀ ਉਡੀਕ ਕਰ ਰਿਹਾ ਸੀ। ਉਸ ਨੇ ਆਪਣੀ ਭੈਣ ਨੂੰ ਹੈਲੋ ਕਿਹਾ ਅਤੇ ਮੰਮੀ ਨੂੰ ਮਿਲਣ ਲਈ ਆਖਿਆ।
ਕਲੇਅਰ ਕਹਿੰਦੀ ਹੈ ਕਿ ਜਦੋਂ ਉਸਨੇ ਜੌਨ ਨੂੰ ਦੇਖਿਆ, ਉਸ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਹਮੇਸ਼ਾ ਤੋਂ ਇੱਕ ਦੂਜੇ ਨੂੰ ਜਾਣਦੇ ਸਨ, “ਮੈਂ ਉਨ੍ਹਾਂ ਵੱਲ ਦੇਖਿਆ, ਅਤੇ ਮੈਂ ਕਿਹਾ, 'ਸਾਡੀਆਂ ਅੱਖਾਂ ਇੱਕੋ ਜਿਹੀਆਂ ਹਨ। ਮੈਂ ਕਿਸ ਵਰਗੀ ਲੱਗ ਰਹੀ ਹਾਂ!''
"ਉਸ ਸਮੇਂ ਮੈਨੂੰ ਬਿਲਕੁਲ ਸਹੀ ਮਹਿਸੂਸ ਹੋਇਆ," ਜੌਨ ਕਹਿੰਦੀ ਹੈ। "ਮੈਂ ਸੋਚਿਆ, ਉਹ ਬਿਲਕੁਲ ਉਸੇ ਤਰ੍ਹਾਂ ਦਿਖਦੀ ਸੀ ਜਿਵੇਂ ਮੈਂ ਆਪਣੇ ਬਚਪਨ ਦੇ ਦਿਨਾਂ ਵਿੱਚ ਦਿਖਿਆ ਕਰਦੀ ਸੀ।"
ਉਨ੍ਹਾਂਨੇ ਇੱਕਠਿਆਂ ਕੁਝ ਤਸਵੀਰਾਂ ਲਈਆਂ। ਕਲੇਅਰ ਨੇ ਟੋਨੀ ਅਤੇ ਜੌਨ ਨੂੰ ਆਪਣੇ ਪਤੀ, ਬੱਚਿਆਂ ਅਤੇ ਪੋਤੇ-ਪੋਤੀਆਂ ਬਾਰੇ ਦੱਸਿਆ। ਉਨ੍ਹਾਂ ਨੇ ਵੀ ਕਲੇਅਰ ਨੂੰ ਉਸ ਦੇ ਜਨਮ ਦੇਣ ਵਾਲੇ ਪਿਤਾ ਬਾਰੇ ਸਭ ਕੁਝ ਦੱਸਿਆ, ਜਿਸ ਨੂੰ ਉਹ ਕਦੇ ਨਹੀਂ ਮਿਲ ਪਾਵੇਗੀ।
ਪਰ ਜਦੋਂ ਕਲੇਅਰ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਉਸਦਾ ਬਚਪਨ ਖੁਸ਼ਹਾਲ ਸੀ, ਤਾਂ ਉਹ ਟਾਲ-ਮਟੋਲ ਕਰਨ ਲੱਗੀ।
"ਮੈਂ ਉਦੋਂ ਸੱਚ ਨਹੀਂ ਦੱਸ ਸਕਦੀ ਸੀ," ਉਹ ਕਹਿੰਦੀ ਹੈ। “ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੇਰੇ ਮਾਤਾ-ਪਿਤਾ ਵੱਖ ਹੋ ਗਏ ਸਨ। ਮੈਨੂੰ ਉਨ੍ਹਾਂ ਦੇ ਇਕੱਠਿਆਂ ਬਿਤਾਏ ਪਲ ਵੀ ਯਾਦ ਨਹੀਂ ਹਨ। ਮੇਰਾ ਪਾਲਣ-ਪੋਸ਼ਣ ਗਰੀਬੀ 'ਚ ਹੋਇਆ, ਅਸੀਂ ਅਕਸਰ ਭੁੱਖੇ ਰਹਿਣਾ। ਬਚਪਨ ਬਹੁਤ ਔਖਾ ਸੀ।”
ਕਲੇਅਰ ਨੇ ਕਿਹਾ, ਜਿਸ ਮਾਂ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਉਸ ਨੂੰ ਇਹ ਖ਼ਬਰ ਦੇਣਾ ਸਭ ਤੋਂ ਔਖਾ ਕੰਮ ਸੀ।
ਉਹ ਕਹਿੰਦੀ ਹੈ ਕਿ ਉਸਨੇ ਆਪਣੇ ਮੌਜੂਦਾ ਮਾਤਾ-ਪਿਤਾ ਦੋਵਾਂ ਨੂੰ ਭਰੋਸਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਕੁਝ ਵੀ ਨਹੀਂ ਬਦਲੇਗਾ। ਇਸ ਸਾਲ ਦੇ ਸ਼ੁਰੂ ਵਿੱਚ ਹੀ ਉਸਦੀ ਮਾਂ ਦੀ ਮੌਤ ਹੋ ਗਈ ਸੀ।
ਕਲੇਅਰ ਦਾ ਜਨਮ ਅੱਧੀ ਰਾਤ ਤੋਂ ਪਹਿਲਾਂ ਹੋਇਆ ਸੀ, ਉਸ ਨੂੰ ਪਤਾ ਲੱਗਾ ਕਿ ਉਹ ਉਸ ਤੋਂ ਇੱਕ ਦਿਨ ਵੱਡੀ ਹੈ, ਜੋ ਉਸ ਨੇ ਪਹਿਲਾਂ ਸੋਚਿਆ ਸੀ, "ਮੇਰਾ ਜਨਮ ਸਰਟੀਫਿਕੇਟ ਗਲਤ ਹੈ, ਮੇਰਾ ਪਾਸਪੋਰਟ, ਮੇਰਾ ਡਰਾਈਵਿੰਗ ਲਾਇਸੰਸ - ਸਭ ਕੁਝ ਗਲਤ ਹੈ।"
'ਇੱਕ ਭਿਆਨਕ ਗਲਤੀ'

ਤਸਵੀਰ ਸਰੋਤ, Getty Images
ਖੋਜ ਕਰਨ ਤੋਂ ਕੁਝ ਹਫ਼ਤਿਆਂ ਬਾਅਦ, ਟੋਨੀ ਨੇ ਘਰੇਲੂ ਡੀਐਨਏ ਟੈਸਟਾਂ 'ਚ ਸਾਹਮਣੇ ਆਈ ਜਾਣਕਾਰੀ ਬਾਰੇ ਐੱਨਐੱਚਐੱਸ ਟਰੱਸਟ ਨੂੰ ਦੱਸਿਆ, ਜੋ ਕਿ ਉਸ ਹਸਪਤਾਲ ਦੀ ਨਿਗਰਾਨੀ ਕਰਦਾ ਹੈ, ਜਿੱਥੇ ਕਲੇਅਰ ਅਤੇ ਜੈਸਿਕਾ ਨੂੰ ਬਦਲਿਆ ਗਿਆ ਸੀ।
ਟਰੱਸਟ ਨੇ ਇਸ ਦੀ ਜ਼ਿੰਮੇਵਾਰੀ ਲਈ, ਪਰ ਢਾਈ ਸਾਲ ਬਾਅਦ ਵੀ ਮੁਆਵਜ਼ਾ ਕਿੰਨਾ ਹੋਣਾ ਚਾਹੀਦਾ ਹੈ ਇਸ 'ਤੇ ਅਜੇ ਸਹਿਮਤੀ ਨਹੀਂ ਬਣ ਸਕੀ ਹੈ। ਟੋਨੀ ਅਤੇ ਜੌਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਸ ਨੂੰ ਪਿਛਲੇ ਸਾਲ ਤੈਅ ਕੀਤਾ ਜਾਵੇਗਾ।
"ਅਸੀਂ ਐੱਨਐੱਚਐੱਸ ਰੈਜ਼ੋਲੂਸ਼ਨ ਨਾਲ ਸੰਪਰਕ ਕੀਤਾ ਜੋ ਐੱਨਐੱਚਐੱਸ ਵਿਰੁੱਧ ਸ਼ਿਕਾਇਤਾਂ ਨੂੰ ਸੰਭਾਲਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਬੀ ਸਵੈਪ ਇੱਕ "ਭਿਆਨਕ ਗਲਤੀ" ਸੀ, ਜਿਸ ਦੀ ਉਨ੍ਹਾਂ ਨੇ ਕਾਨੂੰਨੀ ਜ਼ਿੰਮੇਵਾਰੀ ਲਈ ਸੀ।"
ਹਾਲਾਂਕਿ, ਉਸ 'ਚ ਕਿਹਾ ਗਿਆ ਕਿ ਇਹ ਇੱਕ "ਅਨੋਖਾ ਅਤੇ ਗੁੰਝਲਦਾਰ ਕੇਸ" ਸੀ ਅਤੇ ਅਜੇ ਵੀ ਬਕਾਇਆ ਮੁਆਵਜ਼ੇ ਦੀ ਰਕਮ 'ਤੇ ਸਹਿਮਤ ਬਣਨ ਲਈ ਕੰਮ ਹੋ ਰਿਹਾ ਸੀ।
ਕਲੇਅਰ ਅਤੇ ਜੌਨ ਆਪਣੀਆਂ ਸਮਾਨਤਾਵਾਂ ਬਾਰੇ ਖੋਜ ਕਰ ਰਹੇ ਹਨ, ਜਿਵੇਂ ਕਿ ਕੱਪੜਿਆਂ ਅਤੇ ਭੋਜਨ ਵਿੱਚ ਉਹਨਾਂ ਦਾ ਸਵਾਦ, ਅਤੇ ਉਹ ਕਿਵੇਂ ਦੀ ਚਾਹ ਪੀਂਦੇ ਹਨ। ਉਹ ਆਇਰਲੈਂਡ ਵਿੱਚ ਛੁੱਟੀਆਂ 'ਤੇ ਗਏ ਸਨ ਅਤੇ ਉਨ੍ਹਾਂ ਨੇ ਆਖਰੀ ਕ੍ਰਿਸਮਸ ਇਕੱਠੇ ਬਿਤਾਈ।
“ਅਸੀਂ ਬਹੁਤ ਨੇੜੇ ਆ ਗਏ ਹਾਂ,” ਕਲੇਅਰ ਆਪਣੇ ਨਵੇਂ ਖੋਜੇ ਪਰਿਵਾਰ ਬਾਰੇ ਕਹਿੰਦੀ ਹੈ। “ਮੈਂ ਉਨ੍ਹਾਂ ਨਾਲ ਜਿੰਨਾ ਹੋ ਸਕੇ ਓਨਾ ਸਮਾਂ ਬਿਤਾਉਣਾ ਚਾਹੁੰਗੀ, ਪਰ ਉਹ ਸਮਾਂ ਬੀਤ ਗਿਆ ਹੈ। ਉਹ ਮੇਰੇ ਤੋਂ ਖੋਹ ਲਿਆ ਗਿਆ ਸੀ।"
ਹੁਣ ਕਲੇਅਰ ਜੌਨ ਨੂੰ "ਮਾਂ" ਕਹਿੰਦੀ ਹੈ, ਜੌਨ ਮੈਨੂੰ ਦੱਸਦੀ ਹੈ ਕਿ ਜੈਸਿਕਾ ਹੁਣ ਇਸ ਤਰ੍ਹਾਂ ਨਹੀਂ ਕਹਿੰਦੀ। ਪਰ ਜੌਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਨੂੰ ਇੱਕ ਧੀ ਮਿਲ ਗਈ ਹੈ।
"ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜੈਸਿਕਾ ਦਾ ਜਨਮ ਮੇਰੀ ਕੁੱਖੋਂ ਨਹੀਂ ਹੋਇਆ," ਉਹ ਕਹਿੰਦੀ ਹੈ। "ਉਹ ਅਜੇ ਵੀ ਮੇਰੀ ਧੀ ਹੈ ਅਤੇ ਹਮੇਸ਼ਾ ਰਹੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












