ਇੱਕ ਅਨੋਖੀ ਭਾਸ਼ਾ ਜਿਸ ਨੂੰ ਸਿਰਫ਼ ਦੋ ਜਣੇ ਬੋਲਦੇ ਹਨ, ਜੌੜੇ ਭਰਾਵਾਂ ਨੇ ਇਹ ਕਮਾਲ ਕਿਵੇਂ ਕੀਤਾ

ਜੌੜੇ ਭਰਾ ਮੈਥਿਊ ਅਤੇ ਮਾਈਕਲ ਯੋਲਡਨ

ਤਸਵੀਰ ਸਰੋਤ, Matthew and Michael Youlden/ Superpolyglotbros

ਤਸਵੀਰ ਕੈਪਸ਼ਨ, ਜੌੜੇ ਭਰਾ ਮੈਥਿਊ ਅਤੇ ਮਾਈਕਲ ਯੋਲਡਨ ਇੱਕ ਅਜਿਹੀ ਭਾਸ਼ਾ ਵਿੱਚ ਗੱਲਬਾਤ ਕਰਦੇ ਹਨ ਜੋ ਉਨ੍ਹਾਂ ਨੇ ਖ਼ੁਦ ਬਣਾਈ ਹੈ
    • ਲੇਖਕ, ਕਰੁਪਾ ਪਾਧੇ
    • ਰੋਲ, ਬੀਬੀਸੀ ਨਿਊਜ਼

50 ਫੀਸਦੀ ਤੱਕ ਜੁੜਵਾਂ ਬੱਚੇ ਆਪਸੀ ਸੰਵਾਦ ਲਈ ਆਪਣਾ ਹੀ ਤਰੀਕਾ ਵਿਕਸਿਤ ਕਰ ਲੈਂਦੇ ਹਨ। ਇਸ ਨੂੰ ਜ਼ਿਆਦਾਤਰ ਬੱਚੇ ਸਮੇਂ ਤੋਂ ਪਹਿਲਾਂ ਭੁੱਲ ਵੀ ਜਾਂਦੇ ਹਨ।

ਲੇਕਿਨ ਯੋਲਡਨ ਜੁੜਵੇਂ ਭਰਾਵਾਂ ਦਾ ਸੰਵਾਦ ਲਈ ਇੱਕ ਆਮ ਤਰੀਕਾ ਬਣ ਚੁੱਕਿਆ ਹੈ। ਦਰਅਸਲ ਜੌੜੇ ਭਰਾਵਾਂ ਮੈਥਿਊ ਅਤੇ ਮਾਈਕਲ ਯੋਲਡੇਨ 25 ਭਾਸ਼ਾਵਾਂ ਬੋਲ ਲੈਂਦੇ ਹਨ।

26ਵੀਂ ਭਾਸ਼ਾ ਹੈ ਉਮੇਰੀ, ਜਿਸ ਨੂੰ ਦੋਵੇਂ ਭਰਾ ਆਪਣੀ ਸੂਚੀ ਵਿੱਚ ਸ਼ਾਮਲ ਨਹੀਂ ਕਰਦੇ, ਲੇਕਿਨ ਜੇ ਤੁਸੀਂ ਓਮੇਰੀ ਬਾਰੇ ਅਜੇ ਤੱਕ ਨਹੀਂ ਸੁਣਿਆ ਤਾਂ ਇਸਦੀ ਇੱਕ ਖ਼ਾਸ ਵਜ੍ਹਾ ਹੈ।

ਉਹ ਹੈ ਕਿ ਮਾਈਕਲ ਯੋਲਡੇਨ ਅਤੇ ਮੈਥਿਊ ਯੋਲਡੇਨ ਹੀ ਉਹ ਦੋ ਲੋਕ ਹਨ ਜੋ ਇਸ ਨੂੰ ਬੋਲਦੇ ਹਨ, ਪੜ੍ਹਦੇ ਹਨ ਅਤੇ ਲਿਖਦੇ ਹਨ ਕਿਉਂਕਿ ਇਸ ਭਾਸ਼ਾ ਨੂੰ ਉਨ੍ਹਾਂ ਦੋਵਾਂ ਭਰਾਵਾਂ ਨੇ ਬਚਪਨ ਦੌਰਾਨ ਹੀ ਬਣਾਇਆ ਸੀ।

ਹਾਲਾਂਕਿ ਦੋਵੇਂ ਭਰਾ ਓਮੇਰੀ ਭਾਸ਼ਾ ਦੇ ਗੁਪਤ ਹੋਣ ਦੇ ਪਹਿਲੂ ਉੱਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ ਕਿ ਅਜਿਹਾ ਨਹੀਂ ਹੈ ਕਿ ਓਮੇਰੀ ਨੂੰ ਜਾਣ-ਬੁੱਝ ਕੇ ਗੁਪਤ ਬਣਾਇਆ ਗਿਆ ਹੈ।

ਇੱਕ ਈ-ਮੇਲ ਵਿੱਚ ਉਹ ਕਹਿੰਦੇ ਹਨ, “ਓਮੇਰੀ ਅਜਿਹੀ ਭਾਸ਼ਾ ਨਹੀਂ ਹੈ, ਜਿਸ ਦੀ ਵਰਤੋਂ ਗੱਲਾਂ ਨੂੰ ਗੁਪਤ ਰੱਖਣ ਲਈ ਕੀਤੀ ਜਾਂਦੀ ਹੈ।”

ਉਹ ਕਹਿੰਦੇ ਹਨ,“ਸਗੋਂ ਇਹ ਸਾਡੇ ਲਈ ਨਿਸ਼ਚਿਤ ਤੌਰ ਉੱਤੇ ਭਾਵੁਕ ਅਤੇ ਖ਼ਾਸ ਤੌਰ ਉੱਤੇ ਮਹੱਤਵਪੂਰਨ ਹੈ ਕਿਉਂਕਿ ਇਹ ਅਸੀਂ ਦੋਵਾਂ ਭਰਾਵਾਂ ਦੇ ਡੂੰਘੇ ਰਿਸ਼ਤੇ ਨੂੰ ਦਰਸਾਉਂਦੀ ਹੈ।”

ਵੈਸੇ ਇੱਕ ਅੰਦਾਜ਼ਾ ਹੈ ਕਿ 30 ਤੋਂ 50 ਫ਼ੀਸਦੀ ਜੌੜੇ ਆਪਸੀ ਗੱਲਬਾਤ ਲਈ ਆਪਣੀ ਭਾਸ਼ਾ ਵਿਕਸਿਤ ਕਰ ਲੈਂਦੇ ਹਨ ਜਾਂ ਫਿਰ ਸੰਵਾਦ ਦਾ ਅਜਿਹਾ ਤਰੀਕਾ ਬਣਾ ਲੈਂਦੇ ਹਨ, ਜੋ ਸਿਰਫ਼ ਉਨ੍ਹਾਂ ਦੋਵਾਂ ਨੂੰ ਸਮਝ ਆਉਂਦਾ ਹੈ। ਇਸ ਨੂੰ ਕ੍ਰਿਏਟੋਫੇਸੀਆ ਕਿਹਾ ਜਾਂਦਾ ਹੈ।

ਮਾਹਰਾਂ ਦੀ ਕੀ ਕਹਿਣਾ ਹੈ?

ਨੈਂਸੀ ਸੀਗਲ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਟਵਿੱਨ ਸਟੱਡੀ ਸੈਂਟਰ ਦੇ ਨਿਰਦੇਸ਼ਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਇਸ ਤਰ੍ਹਾਂ ਦੇ ਸੰਵਾਦ ਦੇ ਲਈ ਵੀ ਸ਼ਬਦ ਆ ਚੁੱਕੇ ਹਨ, ਜਿਸ ਦੀ ਵਰਤੋਂ ਗੁਪਤ ਗੱਲਬਾਤ ਦੇ ਲਈ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਆਪਣੀ ਕਿਤਾਬ ਟਵਿਨ ਮਿਥ-ਕੰਸੈਪਸ਼ਨਸ ਵਿੱਚ ਲਿਖਿਆ ਹੈ ਕਿ ਜੌੜੇ ਅਕਸਰ ਆਪਸੀ ਸੰਵਾਦ ਅਤੇ ਸਮਝ ਲਈ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਨੇ ਲਿਖਿਆ, “ਮੌਜੂਦਾ ਸਟੱਡੀਜ਼ ਦੇ ਅਧਾਰ ਉੱਤੇ, ਇਹ ਕਹਿਣਾ ਸਹੀ ਹੋਵੇਗਾ ਕਿ 40 ਫੀਸਦੀ ਜੁੜਵੇਂ ਬੱਚੇ ਇਸ ਤਰ੍ਹਾਂ ਦੀ ਗੱਲਬਾਤ ਵਿੱਚ ਸ਼ਾਮਲ ਹੁੰਦੇ ਹਨ, ਜੋ ਸਿਰਫ਼ ਉਨ੍ਹਾਂ ਦੋਵਾਂ ਨੂੰ ਸਮਝ ਆ ਰਹੀ ਹੁੰਦੀ ਹੈ।”

“ਲੇਕਿਨ ਇਹ ਅੰਕੜਾ ਇਹ ਨਹੀਂ ਦੱਸਦਾ ਕਿ ਜੁੜਵਾਂ ਬੱਚਿਆਂ ਵਿੱਚ ਭਾਸ਼ਾ ਦਾ ਵਿਕਾਸ ਕਿੰਨਾ ਪੇਚੀਦਾ ਹੁੰਦਾ ਹੈ।”

ਜਿਵੇਂ ਨੀਦਰਲੈਂਡਸ ਵਿੱਚ ਰਹਿਣ ਵਾਲੇ ਰੌਏ ਜੋਹਨਰਿਕ ਦੇ ਜੁੜਵੇਂ ਬੱਚੇ ਮੇਲਰੀ ਅਤੇ ਸਟੀਨ ਹੁਣ ਕਿਸ਼ੋਰ ਹੋ ਚੁੱਕੇ ਹਨ।

13 ਸਾਲ ਪਹਿਲਾਂ ਜਦੋਂ ਇਹ ਦੋਵੇਂ ਜੁੜਵੇਂ ਬੱਚੇ ਸਨ, ਉਦੋਂ ਜੋਹਨਰਿਕ ਨੇ ਉਨ੍ਹਾਂ ਦੋਵਾਂ ਦਾ ਇੱਕ ਵੀਡੀਓ ਬਣਾਇਆ ਸੀ।

ਇਸ ਵੀਡੀਓ ਵਿੱਚ ਇਹ ਦੋਵੇਂ ਬੱਚੇ ਇੱਕ-ਦੂਜੇ ਨਾਲ ਤੁਤਲਾਉਂਦੇ-ਬੁੜਬੁੜਾਉਂਦੇ ਨਜ਼ਰ ਆਏ ਸਨ। ਜੋਹਨਰਿਕ ਨੇ ਇਸ ਵੀਡੀਓ ਨੂੰ ਯੂਟਿਊਬ ਉੱਤੇ ਸਾਂਝਾ ਕੀਤਾ ਤਾਂ ਇਸ ਨੂੰ ਤਿੰਨ ਕਰੋੜ ਵਿਊਜ਼ ਮਿਲੇ ਸਨ।

ਦਰਅਸਲ ਇਹ ਪਹਿਲੀ ਵਾਰ ਸੀ, ਜਦੋਂ ਜੁੜਵਾਂ ਬੱਚਿਆਂ ਨੇ ਆਪਸ ਵਿੱਚ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ। ਸੰਜੋਗ ਵੱਸ ਉਸ ਸਮੇਂ ਜੋਹਨਰਿਕ ਦੇ ਹੱਥ ਵਿੱਚ ਉਨ੍ਹਾਂ ਦਾ ਕੈਮਰਾ ਸੀ।

ਜੋਹਨਰਿਕ ਨੇ ਕਿਹਾ, “ਮੈਂ ਥੋੜ੍ਹਾ ਹੈਰਾਨ ਸੀ ਕਿਉਂਕਿ ਉਨ੍ਹਾਂ ਦੋਵਾਂ ਨੇ ਇੱਕ-ਦੂਜੇ ਨੂੰ ਦੇਖਿਆ। ਅਤੇ ਦੋਵਾਂ ਨੇ ਸੋਚਿਆ ਕਿ ਆਹਾ! ਮੈਂ ਇਸ ਵਿੱਚ ਇਕੱਲਾ ਨਹੀਂ ਹਾਂ। ਮੇਰੇ ਵਰਗਾ ਕੋਈ ਹੋਰ ਵੀ ਹੈ ਅਤੇ ਅਸੀਂ ਦੁਨੀਆਂ ਦੇ ਸਾਹਮਣੇ ਹਾਂ।”

ਸੀਗਲ ਇਸ ਗੱਲ ਨੂੰ ਵਿਸਥਾਰ ਵਿੱਚ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਵੇਂ ਮੇਲਰੀ ਤੇ ਸਟੀਨ ਵਾਂਗ (ਜਦੋਂ ਉਨ੍ਹਾਂ ਦੋਵਾਂ ਬੱਚਿਆਂ ਨੇ ਡੱਚ ਬੋਲੀ ਸਿੱਖੀ ਸੀ ਤਾਂ ਉਹ ਬਚਪਨ ਵਿੱਚ ਸੰਵਾਦ ਲਈ ਵਰਤੀ ਗਈ ਆਪਣੀ ਬੋਲੀ ਨੂੰ ਭੁੱਲ ਗਏ ਸਨ), ਜ਼ਿਆਦਾਤਰ ਜੌੜੇ ਬੱਚੇ ਸਮੇਂ ਦੇ ਨਾਲ-ਨਾਲ ਸੰਵਾਦ ਲਈ ਵਰਤੀ ਜਾਣ ਵਾਲੀ ਉਨ੍ਹਾਂ ਦੀ ਗੁਪਤ ਭਾਸ਼ਾ ਤੋਂ ਦੂਰ ਹੋ ਜਾਂਦੇ ਹਨ ਕਿਉਂਕਿ ਘਰ ਦੇ ਬਾਹਰ ਉਨ੍ਹਾਂ ਦਾ ਸਾਹਮਣਾ ਕਈ ਤਰ੍ਹਾਂ ਦੇ ਲੋਕਾਂ ਅਤੇ ਗੱਲਾਂ ਨਾਲ ਹੁੰਦਾ ਹੈ।

ਲੇਕਿਨ ਯੋਲਡਨ ਜੁੜਵੇਂ ਭਰਾਵਾਂ ਦੇ ਲਈ ਇਹ ਮਸਲਾ ਨਹੀਂ ਸੀ। ਉਨ੍ਹਾਂ ਨੇ ਆਪਣੀ ਭਾਸ਼ਾ ਨੂੰ ਦੂਰ ਨਹੀਂ ਹੋਣ ਦਿੱਤਾ, ਸਗੋਂ ਇਸਦੇ ਉਲਟ ਉਨ੍ਹਾਂ ਦੋਵਾਂ ਨੇ ਕਈ ਸਾਲਾਂ ਤੱਕ ਆਪਣੀ ਭਾਸ਼ਾ ਨੂੰ ਮੁਕੰਮਲ ਅਤੇ ਅਮੀਰ ਬਣਾਇਆ।

ਓਮੇਰੀ ਦੀ ਸ਼ੁਰੂਆਤ ਕਦੋਂ ਹੋਈ?

ਜੌੜੇ ਭਰਾਵਾਂ ਦੀ ਬਚਪਨ ਦੀ ਤਸਵੀਰ

ਤਸਵੀਰ ਸਰੋਤ, Matthew and Michael Youlden/ Superpolyglotbros

ਤਸਵੀਰ ਕੈਪਸ਼ਨ, ਜੌੜੇ ਭਰਾ ਮੈਥਿਊ ਅਤੇ ਮਾਈਕਲ ਯੋਲਡਨ ਦੀ ਬਚਪਨ ਦੀ ਤਸਵੀਰ

ਯੋਲਡਨ ਜੁੜਵੇਂ ਭਰਾਵਾਂ ਦਾ ਪਾਲਣ-ਪੋਸ਼ਣ ਬ੍ਰਿਟੇਨ ਦੇ ਮੈਨਚੈਸਟਰ ਵਿੱਚ ਕਈ ਸੱਭਿਅਤਾਵਾਂ ਅਤੇ ਜਾਤੀਆਂ ਦੇ ਵਿਚਕਾਰ ਹੋਇਆ ਸੀ। ਇਸੇ ਦੌਰਾਨ ਦੋਵਾਂ ਵਿੱਚ ਭਾਸ਼ਾ ਪ੍ਰਤੀ ਪਿਆਰ ਪੈਦਾ ਹੋਇਆ ਸੀ।

ਹਾਲਾਂਕਿ, ਓਮੇਰੀ ਦੀ ਭਾਸ਼ਾ ਦੋਵਾਂ ਦੇ ਵਿਚਕਾਰ ਕਦੋਂ ਸ਼ੁਰੂ ਹੋਈ? ਇਸ ਬਾਰੇ ਦੋਵਾਂ ਨੂੰ ਠੀਕ ਤਰ੍ਹਾਂ ਯਾਦ ਨਹੀਂ ਹੈ।

ਲੇਕਿਨ ਇੰਨਾ ਯਾਦ ਹੈ ਕਿ ਜਦੋਂ ਉਹ ਦੋਵੇਂ ਭਰਾ ਇੱਕ-ਦੂਜੇ ਨੂੰ ਓਮੇਰੀ ਵਿੱਚ ਕੋਈ ਚੁਟਕਲਾ ਸੁਣਾਉਂਦੇ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਦਾਦਾ ਜੀ ਨੂੰ ਇਹ ਸਮਝ ਨਹੀਂ ਆਉਂਦਾ ਸੀ ਅਤੇ ਉਹ ਚਕਰਾ ਜਾਂਦੇ ਸਨ।

ਇਸ ਤੋਂ ਬਾਅਦ ਦੋਵੇਂ ਭਰਾ ਆਪਣੀ ਪਹਿਲੀ ਵਿਦੇਸ਼ ਫੇਰੀ ਲਈ ਸਪੇਨ ਗਏ ਸਨ। ਉਦੋਂ ਉਹ ਦੋਵੇਂ ਅੱਠ ਸਾਲਾਂ ਦੇ ਸਨ। ਉਦੋਂ ਦੋਵਾਂ ਨੇ ਤੈਅ ਕੀਤਾ ਕਿ ਉਹ ਸਪੇਨਿਸ਼ ਬੋਲੀ ਸਿੱਖਣਗੇ।

ਦੋਵੇਂ ਸਮਝ ਚੁੱਕੇ ਸਨ ਕਿ ਜੇ ਉਨ੍ਹਾਂ ਨੇ ਸਪੇਨਿਸ਼ ਨਾ ਸਿੱਖੀ ਤਾਂ ਉਨ੍ਹਾਂ ਨੂੰ ਆਈਸ-ਕ੍ਰੀਮ ਖ਼ਰੀਦਣ ਲਈ ਸੰਘਰਸ਼ ਕਰਨਾ ਪਵੇਗਾ।

ਫਿਰ ਉਨ੍ਹਾਂ ਨੇ ਇੱਕ ਸ਼ਬਦ ਜੋੜ ਲਿਆ ਅਤੇ ਉਸ ਨਾਲ ਥੋੜ੍ਹੀ ਸਮਝ ਵਿਕਸਿਤ ਕੀਤੀ ਕਿ ਕਿਸੇ ਭਾਸ਼ਾ ਦਾ ਵਿਆਕਰਣ ਕਿਵੇਂ ਕੰਮ ਕਰਦਾ ਹੈ।

ਇਸ ਨਾਲ ਦੋਵਾਂ ਨੇ ਵਾਕਾਂ ਦਾ ਸ਼ਬਦਾਂ ਦੇ ਅਧਾਰ ਉੱਤੇ ਅੰਗਰੇਜ਼ੀ ਤੋਂ ਸਪੇਨਿਸ਼ ਵਿੱਚ ਅਨੁਵਾਦ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਇਤਲਾਵੀ ਭਾਸ਼ਾ ਸਿੱਖੀ ਅਤੇ ਆਪਣਾ ਧਿਆਨ ਸਕੈਂਡੇਵੀਅਨ ਉੱਤੇ ਲਾਉਣਾ ਸ਼ੁਰੂ ਕੀਤਾ।

ਫਿਰ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਦੇ ਵਿਆਕਰਣਾਂ ਨੂੰ ਸਿੱਖਣ-ਸਮਝਣ ਤੋਂ ਬਾਅਦ ਦੋਵਾਂ ਨੂੰ ਇਹ ਲੱਗਿਆ ਕਿ ਇਸ ਤਰ੍ਹਾਂ ਤਾਂ ਓਮੇਰੀ ਵੀ ਇੱਕ ਮੁਕੰਮਲ ਭਾਸ਼ਾ ਬਣ ਸਕਦੀ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਲਿੰਕ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਘਟਨਾਕ੍ਰਮ ਸੀਗਲ ਦੀਆਂ ਟਿੱਪਣੀਆਂ ਨਾਲ ਮਿਲਦਾ ਜੁਲਦਾ ਹੈ।

ਉਨ੍ਹਾਂ ਦੇ ਅਨੁਸਾਰ, ਆਮ ਤੌਰ ਉੱਤੇ ਜੌੜੇ ਬੱਚੇ ਨਵੀਂ ਭਾਸ਼ਾ ਦੀ ਕਾਢ ਨਹੀਂ ਕੱਢਦੇ ਸਗੋਂ ਉਹ ਜਿਸ ਭਾਸ਼ਾ ਦੇ ਸੰਪਰਕ ਵਿੱਚ ਆਉਂਦੇ ਹਨ ਉਸੇ ਨਾਲ ਕੁਝ ਤਰੀਕੇ ਸੰਵਾਦ ਲਈ ਕੱਢ ਲੈਂਦੇ ਹਨ।

ਇਹ ਹੋ ਸਕਦਾ ਹੈ ਕਿ ਇਹ ਦੂਜਿਆਂ ਲਈ ਅਸਪਸ਼ਟ ਹੋਣ ਲੇਕਿਨ ਫਿਰ ਵੀ ਉਹ ਇੱਕ-ਦੂਜੇ ਨੂੰ ਇਸ ਨਾਲ ਜੁੜੇ ਇਸ਼ਾਰੇ ਕਰਦੇ ਰਹਿੰਦੇ ਹਨ।

ਇਸੇ ਕਾਰਨ ਯੋਲਡਨ ਜੌੜੇ ਭਰਾਵਾਂ ਨੇ ਓਮੇਰੀ ਨੂੰ ਭਾਸ਼ਾ ਵਜੋਂ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਪੜ੍ਹਾਅ ਉੱਤੇ ਦੋਵਾਂ ਨੇ ਇਸਦੀ ਵਰਣਮਾਲਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਲੇਕਿਨ ਫਿਰ ਦੋਵਾਂ ਨੂੰ ਮਹਿਸੂਸ ਹੋਇਆ ਕਿ (ਜਦੋਂ ਉਨ੍ਹਾਂ ਨੂੰ ਪਹਿਲਾ ਕੰਪਿਊਟਰ ਮਿਲਿਆ ਸੀ, ਉਸ ਵਿੱਚ ਓਮੇਰੀ ਭਾਸ਼ਾ ਨਹੀਂ ਸੀ।) ਉਨ੍ਹਾਂ ਦੇ ਕੰਪਿਊਟਰ ਵਿੱਚ ਓਮੇਰੀ ਫਾਂਟ ਨਹੀਂ ਹੈ। ਅਜਿਹੇ ਵਿੱਚ ਇਸਦੀ ਵਰਤੋਂ ਸੀਮਤ ਹੀ ਹੋ ਸਕੇਗੀ।

ਹੁਣ ਓਮੇਰੀ ਲੈਟਿਨ ਅੱਖਰਾਂ ਦੀ ਵਰਤੋਂ ਕਰਕੇ ਲਿਖੀ ਜਾਂਦੀ ਹੈ। ਹਾਲਾਂਕਿ ਕੁਝ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਚਾਉਣ ਦੀਆਂ ਕੁਝ ਚੁਣੌਤੀਆਂ ਵੀ ਹੁੰਦੀਆਂ ਹਨ।

ਸਾਂਝੀ ਭਾਸ਼ਾ

ਜੌੜੀਆਂ ਭੈਣਾਂ

ਤਸਵੀਰ ਸਰੋਤ, Getty Images

ਭਾਸ਼ਾ ਦੀਆਂ ਚੁਣੌਤੀਆਂ ਬਾਰੇ ਮੈਥਿਊ ਕਹਿੰਦੇ ਹਨ, “ਜੌੜੇ ਬੱਚਿਆਂ ਦੀ ਸਾਂਝੀ ਭਾਸ਼ਾ ਹੁੰਦੀ ਹੈ। ਇੱਕ ਮੌਕਾ ਆਉਂਦਾ ਹੈ ਜਦੋਂ ਉਹ ਇਸਦੀ ਵਰਤੋਂ ਕਰਨੀ ਬੰਦ ਕਰ ਦਿੰਦੇ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਅਜਿਹਾ ਕਰਦਿਆਂ ਸ਼ਰਮ ਆਉਂਦੀ ਹੈ। ਜੌੜੇ ਬੱਚਿਆਂ ਦੀ ਭਾਸ਼ਾ ਨਾਲ ਹੋਣ ਵਾਲੀ ਇਹ ਕੋਈ ਅਨੋਖੀ ਗੱਲ ਨਹੀਂ ਹੈ।”

ਉਹ ਕਹਿੰਦੇ ਹਨ,“ਜੇ ਕੋਈ ਜਣਾ ਅਜਿਹੀ ਕਿਸੇ ਭਾਸ਼ਾ ਦੀ ਵਰਤੋਂ ਸੰਵਾਦ ਲਈ ਕਰਦਾ ਹੈ ਜੋ ਜ਼ਿਆਦਾ ਲੋਕਾਂ ਵੱਲੋਂ ਨਹੀਂ ਬੋਲੀ ਜਾਂਦੀ ਹੈ ਤਾਂ ਇਸ ਨੂੰ ਬੋਲਣ ਵਾਲਿਆਂ ਦੀ ਸੰਖਿਆ ਵੀ ਘੱਟ ਸਕਦੀ ਹੈ।”

ਮੈਥਿਊ ਕਹਿੰਦੇ ਹਨ, “ਖ਼ਾਸ ਕਰਕੇ ਉਦੋਂ ਜਦੋਂ ਤੁਹਾਡਾ ਪਾਲਣ-ਪੋਸ਼ਣ ਅਜਿਹੀ ਕਿਸੇ ਭਾਸ਼ਾ ਵਿੱਚ ਹੋਇਆ ਹੈ ਤਾਂ ਸਕੂਲ ਵਿੱਚ ਤੁਹਾਡਾ ਮਜ਼ਾਕ ਬਣਾਇਆ ਜਾ ਸਕਦਾ ਹੈ ਜਾਂ ਫਿਰ ਤੁਹਾਡਾ ਬਾਈਕਾਟ ਕੀਤਾ ਜਾ ਸਕਦਾ ਹੈ। ਅਸੀਂ ਖੁਸ਼ਕਿਸਮਤ ਰਹੇ ਕਿ ਸਾਡੇ ਨਾਲ ਅਜਿਹਾ ਕਦੇ ਨਹੀਂ ਹੋਇਆ।”

ਉਹ ਕਹਿੰਦੇ ਹਨ ਕਿ ਇਸ ਤੋਂ ਉਲਟ ਸਾਡੇ ਘਰ ਵਿੱਚ ਸਾਡੇ ਮਾਤਾ-ਪਿਤਾ ਨੇ ਸਾਡੇ ਦੋਵਾਂ ਭਰਾਵਾਂ ਵਿੱਚ ਓਮੇਰੀ ਭਾਸ਼ਾ ਦੀ ਵਰਤੋਂ ਦੇ ਵੱਧਣ ਨੂੰ ਬੁਰਾ ਨਹੀਂ ਸਮਝਿਆ।

ਮੈਥਿਊ ਯਾਦ ਕਰਦੇ ਹਨ ਕਿ ਜਦੋਂ ਕਦੇ ਵੀ ਪਰਿਵਾਰ ਵਿੱਚ ਉਹ ਦੋਵੇਂ ਭਰਾ ਆਪਣੀ ਭਾਸ਼ਾ ਵਿੱਚ ਗੱਲ ਕਰਨ ਲੱਗਦੇ ਸੀ ਤਾਂ ਪਰਿਵਾਰ ਦੀ ਪ੍ਰਤੀਕਿਰਿਆ ਹੁੰਦੀ ਸੀ, “ਉਨ੍ਹਾਂ ਨੇ ਫਿਰ ਆਪਣੀ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ।”

ਭਾਸ਼ਾ ਦਾ ਵਿਕਾਸ

ਯੂਨੀਵਰਸਿਟੀ ਆਫ਼ ਕਵੀਨਲੈਂਡ ਬ੍ਰੇਨ ਇੰਸਟੀਚਿਊਟ ਵਿੱਚ ਚਾਈਲਡ ਡਿਵੈਲਪਮੈਂਟ, ਐਜੂਕੇਸ਼ਨ ਐਂਡ ਕੇਅਰ ਰਿਸਰਚ ਦੇ ਮਾਹਰ ਕੇਰਨ ਥੋਰਪੇ ਹਨ। ਉਹ ਜੌੜੇ ਬੱਚਿਆਂ ਵਿੱਚ ਭਾਸ਼ਾ ਦੇ ਵਿਕਾਸ ਉੱਤੇ ਵਿਆਪਕ ਅਧਿਐਨ ਕਰ ਚੁੱਕੇ ਹਨ।

ਉਹ ਦੱਸਦੇ ਹਨ, “ਨਿੱਜੀ ਭਾਸ਼ਾ ਉਨ੍ਹਾਂ ਲੋਕਾਂ ਲਈ ਬੇਹੱਦ ਖ਼ੂਬਸੂਰਤ ਚੀਜ਼ ਹੈ ਜੋ ਉਹ ਆਪਣੀ ਕਿਸੇ ਬੇਹੱਦ ਕਰੀਬੀ ਨਾਲ ਸਾਂਝੀ ਕਰਦੇ ਹਨ। ਬਜਾਏ ਇਸਦੇ ਕਿ ਇਸ ਨੂੰ ਅਜੀਬ ਜਾਂ ਗੈਰ-ਜ਼ਰੂਰੀ ਮੰਨਿਆ ਜਾਵੇ, ਮੇਰੇ ਲਈ ਇਹ ਇੱਕ ਬਹੁਤ ਕਰੀਬੀ ਰਿਸ਼ਤੇ ਵਰਗਾ ਹੈ।”

“ਲੇਕਿਨ ਇਹ ਸਿਰਫ਼ ਜੌੜਿਆਂ ਤੱਕ ਹੀ ਸੀਮਤ ਹੈ? ਅਜਿਹਾ ਮੈਨੂੰ ਨਹੀਂ ਲਗਦਾ। ਮੇਰਾ ਮੰਨਣਾ ਹੈ ਕਿ ਇਹ ਇਹ ਖ਼ਾਸ ਅਤੇ ਕਰੀਬੀ ਰਿਸ਼ਤੇ ਦੇ ਨਾਲ ਹੁੰਦੀ ਹੈ”। ਉਨ੍ਹਾਂ ਮੁਤਾਬਕ ਇਹ ਵਿਕਾਸ ਦਾ ਇੱਕ ਕੁਦਰਤੀ ਲੱਛਣ ਹੈ।

ਜਿਵੇਂ ਕਿ ਉਨ੍ਹਾਂ ਨੇ 2010 ਵਿੱਚ ਪੇਸ਼ ਕੀਤੇ ਗਏ ਇੱਕ ਖੋਜ ਪੱਤਰ ਵਿੱਚ ਲਿਖਿਆ ਸੀ, “ਗੱਲ ਸਿਰਫ਼ ਇੰਨੀ ਕੁ ਹੈ ਕਿ ਛੋਟੇ ਬੱਚੇ, ਜਿਨ੍ਹਾਂ ਨੇ ਬੋਲਣਾ ਅਜੇ ਸ਼ੁਰੂ ਹੀ ਕੀਤਾ ਹੈ, ਉਹ ਇੱਕ ਦੂਜੇ ਨੂੰ ਆਪਣੇ ਮਾਤਾ-ਪਿਤਾ ਜਾਂ ਕਿਸੇ ਹੋਰ ਦੀ ਤੁਲਨਾ ਵਿੱਚ ਜ਼ਿਆਦਾ ਬਿਹਤਰ ਜਾਣਦੇ ਹਨ।”

ਦੂਜਿਆਂ ਲਈ, ਜਿਵੇਂ ਯੋਲਡੇਨ ਭਾਈਆਂ ਨੇ ਕੀਤਾ, ਉਨ੍ਹਾਂ ਦੀ ਭਾਸ਼ਾ ਨਜ਼ਦੀਕੀ ਅਤੇ ਬੌਧਿਕ ਜਿਗਿਆਸਾ ਦਾ ਸੰਜੋਗ ਹੈ। ਹਾਲਾਂਕਿ ਥੋਰਪੇ ਕਹਿੰਦੇ ਹਨ ਕਿ ਨਿੱਜੀ ਭਾਸ਼ਾ ਦਾ ਅਜਿਹਾ ਵਿਕਾਸ ਦੁਰਲਭ ਹੈ।

ਸੀਮਤ ਕੇਸ ਅਧਿਐਨ

ਜੌੜੇ ਬੱਚੇ

ਤਸਵੀਰ ਸਰੋਤ, Getty Images

ਕ੍ਰਿਪਟੋਫੇਸੀਆ ਜਾਂ ਜੌੜੇ ਬੱਚਿਆਂ ਦੀ ਭਾਸ਼ਾ ਉੱਤੇ ਸੀਮਤ ਕੇਸ ਅਧਿਐਨ ਹੀ ਮਿਲਦੇ ਹਨ। ਉਨ੍ਹਾਂ ਵਿੱਚੋਂ ਜਿਨ੍ਹਾਂ ਬਾਰੇ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ ਉਹ ਮਨੋਚਕਿਤਸਾ ਦਾ ਹਿੱਸਾ ਹਨ।

ਜੂਨ ਅਤੇ ਜੈਨੀਫਰ ਗਿਬਨਸ ਦੀ ਮਿਸਾਲ ਅਜਿਹੀ ਹੀ ਹੈ। ਦੋਵੇਂ ਜੌੜੀਆਂ ਭੈਣਾਂ ਦਾ ਜਨਮ ਬਾਜਨ ਵਿੱਚ ਸਾਲ 1970 ਵਿੱਚ ਹੋਇਆ। ਦੋਵਾਂ ਦਾ ਪਾਲਣ-ਪੋਸ਼ਣ ਵੇਲਜ਼ ਵਿੱਚ ਹੋਇਆ।

ਉਨ੍ਹਾਂ ਵਿੱਚੋਂ ਇੱਕ ਭੈਣ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਸੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਸਕੂਲ ਵਿੱਚ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਇਸ ਦਾ ਨਤੀਜਾ ਇਹ ਹੋਇਆ ਕਿ ਦੋਵਾਂ ਨੇ ਦੂਜਿਆਂ ਨਾਲ ਗੱਲ ਕਰਨਾ ਹੀ ਬੰਦ ਕਰ ਦਿੱਤਾ ਸੀ। ਉਹ ਦੋਵੇਂ ਸਿਰਫ਼ ਇੱਕ-ਦੂਜੀ ਨਾਲ ਹੀ ਗੱਲਬਾਤ ਕਰਦੀਆਂ ਸਨ।

ਦਰਅਸਲ, ਦੂਜਿਆਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਨੂੰ ਵੀ ਉਨ੍ਹਾਂ ਦੀ ਗੱਲਬਾਤ ਪੱਲੇ ਨਹੀਂ ਪੈਂਦੀ ਸੀ।

19 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਅੱਗਜ਼ਨੀ ਅਤੇ ਚੋਰੀ ਵਰਗੇ ਅਪਰਾਧਾਂ ਲਈ ਗ੍ਰਿਫ਼ਤਾਰ ਕਰਕੇ ਇੰਗਲੈਂਡ ਦੇ ਉੱਚ ਸੁਰੱਖਿਆ ਵਾਲੇ ਮਨੋਰੋਗ ਹਸਪਤਾਲ ਬਰਾਡਮੂਰ ਵਿੱਚ ਭੇਜ ਦਿੱਤਾ ਗਿਆ ਸੀ। ਉੱਥੇ ਇਹ ਦੋਵੇਂ ਸਭ ਤੋਂ ਛੋਟੀ ਉਮਰ ਦੀਆਂ ਮਰੀਜ਼ ਸਨ।

ਜੂਨ ਨੇ ਬੀਬੀਸੀ ਪਾਡਕਾਸਟ ਵਿੱਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ, “ਅਸੀਂ ਬਹੁਤ ਨਿਰਾਸ਼ ਸੀ। ਅਸੀਂ ਆਪਣੇ ਜੌੜੇਪਣ ਅਤੇ ਆਪਣੀ ਭਾਸ਼ਾ ਵਿੱਚ ਫਸ ਗਏ ਸੀ। ਅਸੀਂ ਖ਼ੁਦ ਨੂੰ ਵੱਖ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ।”

ਹੁਣ ਕੀ ਕਰਦੇ ਹਨ ਜੌੜੇ ਭਰਾ?

ਜ਼ਿਆਦਾਤਰ ਜੌੜੇ ਬੱਚੇ ਉਸ ਭਾਸ਼ਾ ਨੂੰ ਭੁੱਲ ਜਾਂਦੇ ਹਨ, ਜੋ ਉਨ੍ਹਾਂ ਨੇ ਬਚਪਨ ਵਿੱਚ ਸੰਵਾਦ ਵਜੋਂ ਵਰਤੀ ਹੁੰਦੀ ਹੈ।

ਇਸ ਬਾਰੇ ਥੋਰਪੇ ਦੱਸਦੇ ਹਨਕਿ ਜੇ ਕੁਝ ਜੌੜੇ ਬੱਚੇ ਕੁਝ ਸ਼ਬਦਾਂ ਅਤੇ ਕੁਝ ਇਸ਼ਾਰਿਆਂ ਨੂੰ ਯਾਦ ਰੱਖ ਲੈਂਦੇ ਹਨ, ਇੱਥੇ ਸੰਵਾਦ ਦੀ ਥਾਂ ਇਸ਼ਾਰੇ ਨਾਲ ਹੀ ਕੰਮ ਚੱਲ ਜਾਂਦਾ ਹੈ।

ਉਹ ਕਹਿੰਦੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਕੋਲ ਕੁਝ ਅਜਿਹਾ ਕੁਝ ਨਾ ਹੋਵੇ, ਜਿਸ ਨੂੰ ਤੁਸੀਂ ਅਤੇ ਅਸੀਂ ਵਿਸ਼ੇਸ਼ ਭਾਸ਼ਾ ਮੰਨੀਏ ਪਰ ਉਨ੍ਹਾਂ ਕੋਲ ਕੁਝ ਤਾਂ ਹੈ ਜੋ ਖ਼ਾਸ ਹੈ।

ਹਾਲਾਂਕਿ ਉਨ੍ਹਾਂ ਦੇ ਅਜਿਹਾ ਕਰਨ ਤੋਂ ਪਤਾ ਲਗਦਾ ਹੈ ਕਿ ਜੌੜੇ ਬੱਚਿਆਂ ਵਿੱਚ ਭਾਸ਼ਾ ਸਿੱਖਣ ਵਿੱਚ ਦੇਰੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਭਾਸ਼ਾ ਇਸ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੀ ਹੈ।

ਵੈਸੇ ਜੌੜੇ ਬੱਚਿਆਂ ਦੇ ਭਾਸ਼ਾ ਸਿੱਖਣ ਵਿੱਚ ਦੇਰੀ ਹੋਣ ਕਾਰਨ ਬਾਲਗਾਂ ਦਾ ਜੌੜਿਆਂ ਉੱਤੇ ਘੱਟ ਧਿਆਨ ਦੇਣਾ ਹੁੰਦਾ ਹੈ। ਸਮੇਂ ਤੋਂ ਪਹਿਲਾਂ ਜਨਮ ਹੋਣਾ, ਗਰਭ ਕਾਲ ਅਤੇ ਜਨਮ ਦੌਰਾਨ ਆਈਆਂ ਸਮੱਸਿਆਵਾਂ ਵੀ ਇਸਦਾ ਕਾਰਨ ਹੋ ਸਕਦੀਆਂ ਹਨ।

ਸੀਗਲ ਕਹਿੰਦੇ ਹਨ, “ਇੱਕ ਗੱਲ ਜੋ ਮੈਂ ਮਾਤਾ-ਪਿਤਾ ਨੂੰ ਕਹਿੰਦੀ ਹਾਂ ਅਤੇ ਉਹ ਇਹ ਹੈ ਕਿ ਮਾਤਾ-ਪਿਤਾ ਯਕੀਨੀ ਬਣਾਉਣ ਕਿ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਰਹਿਣ, ਤਾਂ ਕਿ ਜੌੜੇ ਬੱਚੇ ਭਾਸ਼ਾ ਨਾਲ ਰੂਬਰੂ ਹੋਣ।”

ਉਹ ਕਹਿੰਦੇ ਹਨ, “ਅਕਸਰ ਹੁੰਦਾ ਇਹ ਹੈ ਕਿ ਗਾਰਡੀਅਨ ਜੌੜੇ ਬੱਚਿਆਂ ਨੂੰ ਇੱਕਲੇ ਛੱਡਣ ਲਗਦੇ ਹਨ। ਇਹ ਮੰਨ ਕੇ ਕਿ ਉਹ ਦੋਵੇਂ ਇੱਕ ਦੂਜੇ ਦਾ ਦਿਲ ਲਾਈ ਰੱਖਣਗੇ। ਲੇਕਿਨ ਇਸ ਸਥਿਤੀ ਵਿੱਚ ਦੋਵਾਂ ਦੇ ਸਾਹਮਣੇ ਬਾਲਗਾਂ ਦੀ ਭਾਸ਼ਾ ਨਹੀਂ ਆਉਂਦੀ ਹੈ।”

ਜਿਵੇਂ ਯੋਲਡਨ ਜੌੜੇ ਭਾਈਆਂ ਲਈ, ਓਮੇਰੀ ਨੂੰ ਵਿਕਸਿਤ ਕਰਨਾ ਇੱਕ ਹਾਂਮੁਖੀ ਤਜ਼ਰਬੇ ਤੋਂ ਇਲਾਵਾ ਹੋਰ ਕੁਝ ਨਹੀਂ ਰਿਹਾ ਹੈ। ਲੇਕਿਨ ਉਨ੍ਹਾਂ ਦੀ ਭਾਸ਼ਾ ਵਿਕਸਿਤ ਹੋ ਰਹੀ ਹੈ ਕਿਉਂਕਿ ਦੋਵੇਂ ਭਰਾ ਆਧੁਨਿਕ ਜੀਵਨ ਨਾਲ ਜੁੜੀਆਂ ਗੱਲਾਂ ਲਈ ਨਵੇਂ-ਨਵੇਂ ਸ਼ਬਦਾਂ ਬਾਰੇ ਵਾਰ-ਵਾਰ ਸੋਚਦੇ ਰਹਿੰਦੇ ਹਨ।

ਇਸ ਬਾਰੇ ਮੈਥਿਊ ਕਹਿੰਦੇ ਹਨ, “ਆਈਪੈਡ ਜਾਂ ਲਾਈਟਿੰਗ ਟੇਬਲ, ਇਹ ਸਾਰੇ ਸ਼ਬਦ ਅੱਜ ਤੋਂ 20-30 ਸਾਲ ਪਹਿਲਾਂ ਨਹੀਂ ਹੋਇਆ ਕਰਦੇ ਸਨ।”

ਹੁਣ ਯੋਲਡਨ ਜੌੜੇ ਭਰਾ ਆਪਣੀ ਭਾਸ਼ਾ ਕੋਚਿੰਗ ਕੰਪਨੀ ਚਲਾਉਂਦੇ ਹਨ, ਜੋ ਵਿਅਕਤੀਆਂ, ਸਿੱਖਿਆ ਸੰਸਥਾਵਾਂ ਅਤੇ ਨਿੱਜੀ ਕੰਪਨੀਆਂ ਨੂੰ ਭਾਸ਼ਾ ਸਿੱਖਣ ਵਿੱਚ ਮਦਦ ਕਰਦੀ ਹੈ।

ਮਾਈਕਲ ਗ੍ਰੈਗ ਕੈਨਰੀਆ ਵਿੱਚ ਰਹਿੰਦੇ ਹਨ ਅਤੇ ਮੈਥਿਊ ਬਾਸਕ ਦੇਸ ਵਿੱਚ ਰਹਿੰਦੇ ਹਨ। ਉਹ ਦੋਵੇਂ ਅਜੇ ਵੀ ਇੱਕ-ਦੂਜੇ ਨਾਲ ਓਮੇਰੀ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ।

ਇਸ ਭਾਸ਼ਾ ਨੂੰ ਕਿਸੇ ਬੱਚੇ ਨੂੰ ਸੌਂਪਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੂੰ ਇਸ ਭਾਸ਼ਾ ਨੂੰ ਕਿਸੇ ਹੋਰ ਦੇ ਨਾਲ ਸਾਂਝਾ ਕਰਨ ਵਿੱਚ ਬਹੁਤ ਅਜੀਬ ਲੱਗਦਾ ਹੈ।

ਮਾਈਕਲ ਕਹਿੰਦੇ ਹਨ, “ਇਹ ਇੱਕ ਅਨੋਖੀ ਭਾਸ਼ਾ ਹੈ, ਜੋ ਦੋ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਇਹ ਉਨ੍ਹਾਂ ਚੀਜ਼ਾਂ ਵਿੱਚੋਂ ਹੈ, ਜਿਨ੍ਹਾਂ ਦੀ ਅੰਤਿਮ ਮਿਤੀ ਵੀ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)