ਕੌਮਾਂਤਰੀ ਮਾਤ ਭਾਸ਼ਾ ਦਿਵਸ: ਪੰਜਾਬੀ ਭਾਸ਼ਾ ਕਿਵੇਂ ਹੋਂਦ 'ਚ ਆਈ, ਕਿੰਨੀ ਬਦਲੀ ਤੇ ਪੰਜਾਬੀ 'ਚ ਪਹਿਲੀ ਕਿਤਾਬ ਕਿਹੜੀ ਸੀ

ਪੰਜਾਬੀ ਭਾਸ਼ਾ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਪੱਤਰਕਾਰ, ਬੀਬੀਸੀ

ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸੂਬੇ ਦੇ ਸਾਰੇ ਸਰਕਾਰੀ- ਗੈਰ ਸਰਕਾਰੀ ਅਦਾਰਿਆਂ ਅਤੇ ਦੁਕਾਨਾਂ ਤੱਕ ਨੂੰ ਆਪਣੇ ਬੋਰਡਾਂ ਉੱਤੇ ਸਭ ਤੋਂ ਉੱਪਰ ਪੰਜਾਬੀ ਲਿਖਣ ਲ਼ਈ ਕਿਹਾ ਹੋਇਆ ਹੈ।

ਇਸ ਹੁਕਮ ਨੂੰ ਲਾਗੂ ਕਰਨ ਲਈ 21 ਫਰਵਰੀ ਤੱਕ ਸਮਾਂਸੀਮਾਂ ਦਿੱਤੀ ਹੋਈ ਹੈ ਅਤੇ ਹੁਕਮਾਂ ਦੀ ਪਾਲਣਾਂ ਨਾ ਕਰਨ ਦੀ ਸੂਰਤ ਵਿੱਚ ਕਾਰਵਾਈ ਦੀ ਗੱਲ ਵੀ ਕੀਤੀ ਜਾ ਰਹੀ ਹੈ।

ਸਰਕਾਰ ਇਸ ਕਦਮ ਨੂੰ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲ਼ਈ ਚੁੱਕਿਆ ਗਿਆ ਕਦਮ ਕਰਾਰ ਦੇ ਰਹੀ ਹੈ।

ਪਰ ਕੀ ਸਾਨੂੰ ਪਤਾ ਹੈ ਕਿ ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ। ਕੀ ਪੰਜਾਬੀ ਨੂੰ ਕਿਸੇ ਭਾਸ਼ਾ ਤੋਂ ਕੋਈ ਖ਼ਤਰਾ ਹੋ ਸਕਦਾ ਹੈ।

ਇਸ ਬਾਰੇ ਅਸੀਂ ਪੰਜਾਬੀ ਭਾਸ਼ਾ ਦੇ ਦੋ ਮਾਹਿਰਾਂ, ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ.ਜੋਗਾ ਸਿੰਘ ਅਤੇ ਮਾਨਵਵਾਦੀ ਭਾਸ਼ਾਵਾਂ ਦੇ ਮਾਹਿਰ ਤੇ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਦੇ ਮੈਂਬਰ ਡਾ. ਬੂਟਾ ਸਿੰਘ ਬਰਾੜ ਨਾਲ ਗੱਲਬਾਤ ਰਾਹੀਂ ਪੰਜਾਬੀ ਨਾਲ ਜੁੜੇ ਤੱਥ ਜਾਨਣ ਦੀ ਕੋਸ਼ਿਸ਼ ਕੀਤੀ।

ਪੰਜਾਬੀ ਦਾ ਮੂਲ ਰੂਪ

ਡਾ. ਬੂਟਾ ਸਿੰਘ ਬਰਾੜ ਮੁਤਾਬਕ, "ਪੰਜਾਬੀ ਬੋਲੀ ਦਾ ਮੂਲ ਸ੍ਰੰਸਕ੍ਰਿਤ ਨਹੀਂ, ਬਲਕਿ ਪਾਕ ਪ੍ਰਾਕਰਿਤ ਹੈ, ਜੋ ਕਿ ਮੁੱਢ ਤੋਂ ਇੱਥੇ ਵਸਦੇ ਲੋਕਾਂ ਦੇ ਬੋਲ ਚਾਲ ਦੀ ਭਾਸ਼ਾ ਸੀ।"

ਡਾ. ਜੋਗਾ ਸਿੰਘ ਨੇ ਵੀ ਦੱਸਿਆ ਕਿ ਜਦੋਂ ਤੋਂ ਪੰਜਾਬ ਦੀ ਇਹ ਧਰਤੀ ਹੈ ਉਦੋਂ ਤੋਂ ਹੀ ਪੰਜਾਬੀ ਦਾ ਮੂਲ ਹੈ।

ਉਨ੍ਹਾਂ ਕਿਹਾ, "ਵੱਖ-ਵੱਖ ਨਸਲਾਂ, ਵੱਖ-ਵੱਖ ਕਬੀਲੇ ਤੇ ਵੱਖ-ਵੱਖ ਕੌਮਾਂ ਜਿਵੇਂ-ਜਿਵੇਂ ਪੰਜਾਬ ਵਿੱਚ ਆਏ, ਉਨ੍ਹਾਂ ਨੇ ਪੰਜਾਬੀ ਦਾ ਹੋਰਨਾਂ ਭਾਸ਼ਾਵਾਂ ਵਿੱਚ ਮਿਸ਼ਰਨ ਕਰ ਦਿੱਤਾ। ਪਰ ਜਿਹੜੀ ਮੂਲ ਰੂਪ ਵਿੱਚ ਇੱਥੋਂ ਦੀ ਭਾਸ਼ਾ ਹੈ ਉਹ ਸਥਾਨਕ ਭਾਸ਼ਾ ਪੰਜਾਬੀ ਹੀ ਹੈ।"

ਵੀਡੀਓ ਕੈਪਸ਼ਨ, ਪੰਜਾਬੀ ਬੋਲਦੀ ਰੋਬੋਟ ਸਰਬੰਸ ਕੌਰ ਨੂੰ ਮਿਲੋ

ਪਰ ਸਵਾਲ ਇਹ ਵੀ ਹੈ ਕਿ ਪੰਜਾਬੀ ਕਿਸ ਖਿੱਤੇ ਤੋਂ ਜਨਮੀ, ਪੰਜਾਬੀ ਤੋਂ ਪਹਿਲਾਂ ਉਸ ਖਿੱਤੇ ਦੇ ਲੋਕ ਕਿਸ ਬੋਲੀ ਵਿੱਚ ਸੰਵਾਦ ਕਰਦੇ ਸੀ?

ਡਾ. ਬੂਟਾ ਸਿੰਘ ਬਰਾੜ ਦਾ ਕਹਿਣਾ ਹੈ, "ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ, ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧਵੀ ਕਿਹਾ ਜਾਂਦਾ ਸੀ।"

ਪੰਜਾਬੀ ਦੀ ਲਿਪੀ

ਡਾ. ਬੂਟਾ ਸਿੰਘ ਬਰਾੜ ਅਤੇ ਡਾ. ਜੋਗਾ ਸਿੰਘ ਨੇ ਦੱਸਿਆ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ।

ਡਾ. ਜੋਗਾ ਸਿੰਘ ਕਹਿੰਦੇ ਹਨ, "ਲੰਡਾ, ਸਿੱਧਮਾਤਰਿਕਾ, ਨਾਗਰੀ, ਸ਼ਾਰਦਾ, ਟਾਕਰੀ, ਮਹਾਜਨੀ ਲਿਪੀ ਹੈ। ਅਸੀਂ ਕਹਿ ਸਕਦੇ ਹਾਂ ਕਿ ਲੰਡੇ ਤੋਂ ਹੀ ਅੱਜ ਦੀ ਗੁਰਮੁਖੀ ਦਾ ਮੁੱਢ ਬੱਝਿਆ ਹੈ।

ਮੌਜੂਦਾ ਸਮੇਂ ਵਿੱਚ ਪੰਜਾਬੀ ਦੀਆਂ ਦੋ ਲਿੱਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ ਅਤੇ ਇਨ੍ਹਾਂ ਵਿੱਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ।

ਡਾ. ਜੋਗਾ ਸਿੰਘ
ਤਸਵੀਰ ਕੈਪਸ਼ਨ, ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ

ਡਾ. ਜੋਗਾ ਸਿੰਘ ਨੇ ਦੱਸਿਆ, "ਸ਼ਾਹਮੁਖੀ ਇੱਕ ਵੱਖਰੀ ਲਿੱਪੀ ਸੀ ਉਸ ਦਾ ਇਹ ਨਹੀਂ ਹੈ ਕਿ ਗੁਰਮੁਖੀ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਹੈ। ਬਹੁਤ ਪਹਿਲਾਂ ਦੱਸਿਆ ਹੈ ਕਿ ਫੀਨੀਸ਼ੀਅਨ ਲਿਪੀ ਤੋਂ ਹੀ ਸਾਰੀਆਂ ਲਿਪੀਆਂ ਬ੍ਰਹਮੀ ਨਾਲ ਮਿਲ ਕੇ ਜਨਮੀਆਂ ਹਨ। ਪਰ ਇਨ੍ਹਾਂ ਦੀ ਵਿੱਥ ਹੋ ਗਈ।

"ਭਾਰਤ ਵਿੱਚ ਲਿੱਪੀਆਂ ਤੇ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦੇ ਦਿੱਤੀ ਗਈ ਤਾਂ ਜਿਹੜੇ ਇਸਲਾਮੀ ਵਿਚਾਰ ਵਾਲੇ ਸਨ ਉਨ੍ਹਾਂ ਨੇ ਸ਼ਾਹਮੁਖੀ ਦੀ ਵਧੇਰੇ ਵਰਤੋਂ ਕੀਤੀ। ਜਿਹੜੇ ਸਥਾਨਕ ਹਿੰਦੂ ਜਾਂ ਸਿੱਖ ਵਿਸ਼ਵਾਸ ਵਾਲੇ ਸਨ ਉਨ੍ਹਾਂ ਨੇ ਸਿੱਧ ਮਾਤਰਿਕਾ, ਸ਼ਾਰਦਾ ਟਾਕਰੀ, ਲੰਡੇ ਤੇ ਬਾਅਦ ਵਿੱਚ ਗੁਰਮੁਖੀ ਦੀ ਵਰਤੋਂ ਕੀਤੀ।"

ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ ਜੋ ਕਿ ਕਈ ਲਿੱਪੀਆਂ ਦਾ ਮਿਸ਼ਰਣ ਹੈ ਜੋ ਕਿ 9ਵੀਂ ਸਦੀ ਦੇ ਕਰੀਬ ਸੀ।

ਉਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ।

ਇਹ ਵੀ ਪੜ੍ਹੋ:

ਪੈਂਤੀ ਕਿੱਥੋਂ ਆਈ

ਪਰ ਅਜੋਕੀ ਪੰਜਾਬੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਅਤੇ ਪੈਂਤੀ ਕਿੱਥੋਂ ਆਈ, ਇਸ ਬਾਰੇ ਡਾ. ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਲਿਖਣ ਵਿੱਚ ਨਫਾਸਤ ਆਈ ਹੈ ਅਤੇ ਬੋਲਣ ਵਿੱਚ ਰਲਾਵਟ।

ਡਾ. ਜੋਗਾ ਸਿੰਘ ਮੁਤਾਬਕ, "ਪੈਂਤੀ ਅੱਖਰੀ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਸ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਉ, ਅ, ਈ ਵਾਲੀ ਤਰਤੀਬ ਵੱਖਰੀ ਸੀ। ਉਸ ਵਿੱਚ ਅ, ਈ, ਉ ਲਿਖਿਆ ਜਾਂਦਾ ਸੀ। ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਇਹ ਤਰਤੀਬ ਬਦਲ ਕੇ ਉ , ਅ, ਈ ਕੀਤੀ।"

ਪੰਜਾਬੀ ਭਾਸ਼ਾ

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਬੋਲੀ ਵਿੱਚ ਕੋਈ ਅੱਖਰ ਅਲੋਪ ਤਾਂ ਨਹੀਂ ਹੋਏ ਪਰ ਉਸ ਵਿੱਚ ਕੁਝ ਹੋਰ ਅੱਖਰ ਸ਼ਾਮਿਲ ਹੋ ਗਏ। ਕਿਉਂਕਿ ਫਾਰਸੀ ਦਰਬਾਰੀ ਭਾਸ਼ਾ ਬਣ ਗਈ ਤੇ ਉਸ ਵਿੱਚ ਕਈ ਰਚਨਾਵਾਂ ਹੋਈਆਂ।

"ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਫਾਰਸੀ ਵਿੱਚ ਲਿਖਿਆ। ਜਦੋਂ ਇਨ੍ਹਾਂ ਫਾਰਸੀ ਦੀਆਂ ਰਚਨਾਵਾਂ ਨੂੰ ਗੁਰਮੁਖੀ ਵਿੱਚ ਲਿਖਿਆ ਗਿਆ ਤਾਂ ਜਿਹੜੇ 'ਖ਼, ਜ਼, ਫ਼. ਗ਼' ਧੁਨੀਆਂ ਹਨ ਤਾਂ ਲੋਕਾਂ ਨੇ ਸੋਚਿਆ ਕਿ ਇਸ ਨੂੰ ਉਸੇ ਵਾਂਗ ਹੀ ਲਿਖਿਆ ਜਾਣਾ ਚਾਹੀਦਾ ਹੈ। ਤਾਂ ਉਨ੍ਹਾਂ ਦੇ ਪੈਰ ਵਿੱਚ ਬਿੰਦੀ ਲਾ ਦਿੱਤੀ ਗਈ। 'ਸ' ਪੈਰ ਬਿੰਦੀ ਲਾ ਕੇ ਸ਼ ਵੀ ਪੰਜਾਬੀ ਵਿੱਚ ਸ਼ਾਮਿਲ ਹੋ ਗਿਆ। ਫਿਰ ਜੋ ਸ਼ਬਦ ਜੋੜ ਕੋਸ਼ ਪੰਜਾਬੀ ਯੂਨਿਵਰਸਿਟੀ ਵਲੋਂ ਬਣਾਇਆ ਗਿਆ ਤਾਂ 'ਲ' ਪੈਰ ਬਿੰਦੀ ਲਾ ਕੇ ਸ਼ਾਮਿਲ ਕੀਤਾ ਗਿਆ।"

ਦੁਨੀਆਂ ਭਰ ਵਿੱਚ ਕਿੰਨੇ ਪੰਜਾਬੀ

ਮਾਹਿਰਾਂ ਮੁਤਾਬਕ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸਭ ਤੋਂ ਵੱਧ ਤਕਰੀਬਨ 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਹਨ। ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਅਤੇ ਕਰੀਬ ਇੱਕ ਕਰੋੜ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਸਕੇ ਵਸੇ ਹੋਏ ਹਨ।

ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਦੀਆਂ ਕੁੱਲ 28 ਬੋਲੀਆਂ ਹਨ, ਜਿਨ੍ਹਾਂ ਵਿੱਚ 8 ਜ਼ਿਆਦਾ ਪ੍ਰਚਲਿਤ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਖ਼ਤਰਾ ਹੋਣ ਦੀ ਗੱਲ ਵੀ ਕਹੀ।

ਪੰਜਾਬੀ ਭਾਸ਼ਾ

ਤਸਵੀਰ ਸਰੋਤ, Getty Images

ਡਾ. ਜੋਗਾ ਸਿੰਘ ਦਾ ਕਹਿਣਾ ਹੈ, "ਕਿਸੇ ਵੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ। ਸੰਸਕ੍ਰਿਤ, ਲਾਤੀਨੀ ਵਰਗੀਆਂ ਵੱਡੀਆਂ ਭਾਸ਼ਾਵਾਂ ਵੀ ਖ਼ਤਮ ਹੋ ਗਈਆਂ ਹਨ। ਭਾਰਤ ਵਿੱਚ ਸੰਸਕ੍ਰਿਤ ਬੋਲਣ ਵਾਲੇ 5-7 ਹਜ਼ਾਰ ਹੀ ਹਨ। ਭਾਸ਼ਾ ਉਦੋਂ ਖ਼ਤਮ ਹੋਣੀ ਹੁੰਦੀ ਹੈ ਜਦੋਂ ਉਸ ਦੀ ਵਰਤੋਂ ਦੇ ਖੇਤਰਾਂ ਵਿੱਚ ਵਰਤੋਂ ਖੁਰਨੀ ਸ਼ੁਰੂ ਹੋ ਜਾਂਦੀ ਹੈ।"

"ਅੱਜ ਸਭ ਤੋਂ ਵੱਡਾ ਮਾਧਿਅਮ ਹੈ ਸਿੱਖਿਆ ਦਾ ਮਾਧਿਅਮ ਕਿਉਂਕਿ ਹਰੇਕ ਬੱਚਾ ਸਕੂਲ ਜਾ ਰਿਹਾ ਹੈ ਤੇ ਸਿੱਖਿਆ ਦਾ ਮਾਧਿਅਮ ਜੋ ਭਾਸ਼ਾ ਹੈ, ਉਹੀ ਉਸ ਦੀ ਪਹਿਲੀ ਭਾਸ਼ਾ ਹੈ। ਕਿਸੇ ਅਗਲੀ ਪੀੜ੍ਹੀ ਵਿੱਚ ਜਾ ਕੇ ਉਨ੍ਹਾਂ ਦੇ ਬੱਚਿਆਂ ਦੀ ਮਾਤ ਭਾਸ਼ਾ ਬਣ ਜਾਵੇਗੀ। ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਲੋਕਾਂ ਨੇ ਘਰਾਂ ਦੇ ਨਾਮ ਵੀ ਅੰਗਰੇਜ਼ੀ ਵਿੱਚ ਹੀ ਲਿਖੇ ਹੁੰਦੇ ਹਨ।"

ਕੀ ਦੇਸ ਨੂੰ ਕੌਮੀ ਭਾਸ਼ਾ ਦੀ ਲੋੜ ਹੈ

"ਦੇਸ ਵਿੱਚ ਸੰਪਰਕ ਭਾਸ਼ਾ ਦੀ ਲੋੜ ਹੋਵੇ ਤਾਂ ਲੋਕ ਖੁਦ ਹੀ ਬਣਾ ਲੈਂਦੇ ਹਨ। ਸਕੂਲਾਂ ਵਿੱਚ ਸਹੂਲਤਾਂ ਦਿਓ, ਜਿਹੜੀ ਭਾਸ਼ਾ ਸਿੱਖਣ ਦੀ ਲੋੜ ਹੈ, ਉਹ ਲੋਕ ਖੁਦ ਹੀ ਸਿੱਖ ਲੈਣਗੇ।"

ਡਾ. ਜੋਗਾ ਸਿੰਘ ਦਾ ਕਹਿਣਾ ਹੈ, "ਇਹ ਦਲੀਲ ਹੀ ਬੜੀ ਖ਼ਤਰਨਾਕ ਹੈ ਕਿ ਭਾਰਤ ਦੀ ਕੋਈ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ। ਭਾਰਤ ਦੀ ਸੰਵਿਧਾਨਿਕ ਰਾਸ਼ਟਰ ਭਾਸ਼ਾ ਨਹੀਂ ਹੈ। ਦਰਅਸਲ ਪਹਿਲਾਂ ਰਾਸ਼ਟਰ ਭਾਸ਼ਾ ਹੁੰਦੀ ਹੈ, ਫਿਰ ਉਸ ਦੇ ਆਧਾਰ 'ਤੇ ਰਾਸ਼ਟਰ ਬਣਦੇ ਹਨ।

ਜਰਮਨੀ ਭਾਸ਼ਾ ਦੇ ਆਧਾਰ 'ਤੇ ਜਰਮਨੀ ਦੇਸ ਬਣ ਗਿਆ, ਫਰਾਂਸਿਸੀ ਬੋਲਣ ਵਾਲੇ ਇਲਾਕੇ ਵਿੱਚ ਫਰਾਂਸ ਬਣ ਗਿਆ।"

"ਜੇ ਅਸੀਂ ਕਹਿ ਰਹੇ ਹਾਂ ਕਿ ਭਾਰਤ ਦੀ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਮਤਲਬ ਇਹ ਹੈ ਕਿ ਅਸੀਂ ਮੰਨਦੇ ਹਾਂ ਭਾਰਤ ਅਜੇ ਰਾਸ਼ਟਰ ਨਹੀਂ ਬਣਿਆ। ਭਾਰਤ ਵਿੱਚ ਸਾਰੀਆਂ ਭਾਸ਼ਾਵਾਂ ਦੀ ਸਮਾਨਤਾ ਸੰਵਿਧਾਨਕ ਤੌਰ 'ਤੇ ਹੈ ਤੇ ਹਰ ਭਾਸ਼ਾ ਦੀ ਸਮਾਨਤਾ ਸਥਾਪਤ ਹੋਣੀ ਚਾਹੀਦੀ ਹੈ।"

(ਇਹ ਰਿਪੋਰਟ 2019 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। )

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)