ਪੰਜਾਬ ਚੋਣਾਂ 2022 ਵਿੱਚ ਸੱਤਾ ਹਾਸਲ ਕਰਨ ਲਈ ਭਾਜਪਾ ਦੀ 5 ਨੁਕਾਤੀ ਰਣਨੀਤੀ - ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਪਰ ਚੋਣ ਅਖਾੜਾ ਪੂਰੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ ਹੈ।
ਪਹਿਲੀ ਵਾਰ ਇਕੱਲੀ ਪੰਜਾਬ ਦੀਆਂ ਕੁੱਲ 117 ਵਿਧਾਨ ਸੀਟਾਂ ਲੜਨ ਜਾ ਰਹੀ ਭਾਰਤੀ ਜਨਤਾ ਪਾਰਟੀ ਦੀ ਅਜਿਹੀ ਕਿਹੜੀ ਰਣਨੀਤੀ ਹੈ, ਜਿਸ ਤਹਿਤ ਉਹ ਪੰਜਾਬ ਵਿੱਚ ਸੱਤਾ ਹਾਸਲ ਕਰ ਸਕਦੀ ਹੈ।
ਆਰਐੱਸਐੱਸ ਤੇ ਪੰਥਕ ਧਿਰਾਂ ਦੇ ਸਿਧਾਂਤਕ ਵਖਰੇਵੇਂ ਹਮੇਸ਼ਾ ਹੀ ਪੰਜਾਬ ਵਿੱਚ ਉਸ ਦੀਆਂ ਸਿਆਸੀ ਇੱਛਾਵਾਂ ਦੇ ਰਾਹ ਦਾ ਰੋੜਾ ਬਣਦੇ ਰਹੇ ਹਨ, ਪਰ ਅਕਾਲੀ ਦਲ ਬਾਦਲ ਨਾਲ ਗਠਜੋੜ ਰਾਹੀ ਭਾਜਪਾ ਸੱਤਾ ਦਾ ਅਨੰਦ ਮਾਣਦੀ ਰਹੀ।
ਪਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਅੰਦੋਲਨ ਨੇ ਭਾਜਪਾ ਦੀ ਉਹ ਸੱਤਾ ਦੀ ਵੈਸਾਖੀ ਵੀ ਖੋਹ ਲਈ, ਹੁਣ ਭਾਜਪਾ ਕਿਸ ਰਣਨੀਤੀ 'ਤੇ ਪਹੁੰਚ ਨਾਲ ਪੰਜਾਬ ਵਿੱਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਇਹੀ ਅਸੀਂ ਇਸ ਰਿਪੋਰਟ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ।
ਬਾਦਲ ਦਾ ਬਦਲ ਕੈਪਟਨ ਤੇ ਢੀਂਡਸਾ
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਰਣਨੀਤੀ ਦਾ ਮੁੱਖ ਅਧਾਰ ਪਾਰਟੀ ਦੇ ਦਾਇਰੇ ਨੂੰ ਮੋਕਲਾ ਕਰਨਾ ਲੱਗ ਰਿਹਾ ਹੈ। ਭਾਵੇਂ ਕਿ ਪਾਰਟੀ ਦੀਆਂ ਸਮੁੱਚੇ ਪੰਜਾਬ ਵਿੱਚ ਇਕਾਈਆਂ ਮੌਜੂਦ ਹਨ, ਪਰ ਪੇਂਡੂ ਇਲਾਕੇ ਵਿੱਚ ਭਾਜਪਾ ਦੀ ਹਾਜ਼ਰੀ ਕਮਜ਼ੋਰ ਰਹੀ ਹੈ।

ਤਸਵੀਰ ਸਰੋਤ, Getty Images
ਇਸਦਾ ਇੱਕ ਕਾਰਨ ਅਕਾਲੀ ਦਲ ਨਾਲ ਗਠਜੋੜ ਵੀ ਰਿਹਾ ਹੈ। ਭਾਜਪਾ ਅਕਾਲੀ ਦਲ ਦੀ ਪਿਛਲੱਗ ਬਣ ਕੇ ਹੀ ਚੋਣ ਸਿਆਸਤ ਕਰਦੀ ਰਹੀ ਹੈ। ਇਸੇ ਕਾਰਨ ਇਸਦਾ ਦਾਇਰਾ ਸੂਬੇ ਦੀਆਂ 23 ਵਿਧਾਨ ਸੀਟਾਂ ਤੱਕ ਸੀਮਤ ਰਿਹਾ ਹੈ।
ਪੰਜਾਬ ਭਾਜਪਾ ਦੇ ਆਗੂ ਪਿਛਲੇ ਸਾਲਾਂ ਦੌਰਾਨ ਕੇਂਦਰੀ ਲੀਡਰਸ਼ਿਪ ਨੂੰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦੀ ਸਲਾਹ ਵੀ ਦਿੰਦੇ ਰਹੇ ਹਨ, ਪਰ ਕੇਂਦਰ ਵਿੱਚ ਅਕਾਲੀ ਦਲ ਦਾ ਘੱਟ ਗਿਣਤੀ ਵਜੋਂ ਭਾਜਪਾ ਦੇ ਪਾਲੇ ਵਿੱਚ ਖੜ੍ਹਨਾ ਪਾਰਟੀ ਦੇ ਵਡੇਰੇ ਹਿੱਤਾਂ ਨੂੰ ਪੂਰਦਾ ਰਿਹਾ।
ਇਸ ਲਈ ਵਿਸ਼ਲੇਸ਼ਕਾਂ ਮੁਤਾਬਕ ਪੰਜਾਬ ਵਿੱਚ ਸਿਆਸੀ ਨੁਕਸਾਨ ਨੂੰ ਸਹਿ ਕੇ ਵੀ ਭਾਜਪਾ ਕੇਂਦਰ ਵਿੱਚ ਅਕਾਲੀ ਦਲ ਨੂੰ ਆਪਣੇ ਮੁਤਾਬਕ ਤੋਰਦੀ ਰਹੀ।
ਇਸੇ ਲਈ ਜਦੋਂ 117 ਸੀਟਾਂ ਉੱਤੇ ਵਿਧਾਨ ਸਭਾ ਚੋਣ ਲੜਨ ਦਾ ਸਵਾਲ ਆਇਆ ਤਾਂ ਪਾਰਟੀ ਨੇ ਅਕਾਲੀ ਦਲ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ।
ਇਸੇ ਕੜੀ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕੀਤਾ।
ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਆਗੂ ਪਿੰਡਾਂ ਤੇ ਸ਼ਹਿਰਾਂ ਦੋਵੇਂ ਜਗ੍ਹਾਂ ਬਰਾਬਰ ਅਪੀਲ ਹੋਣ ਅਤੇ ਕੈਪਟਨ ਦੇ ਕਈ ਕਿਸਾਨ ਯੂਨੀਅਨਾਂ ਨਾਲ ਚੰਗੇ ਰਿਸ਼ਤੇ ਹੋਣ ਵਿੱਚ ਭਾਜਪਾ ਨੂੰ ਲਾਹਾ ਨਜ਼ਰ ਆਇਆ।
ਭਾਜਪਾ ਲੀਡਰਸ਼ਿਪ ਨੂੰ ਆਸ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗਠਜੋੜ ਪੰਥਕ ਵੋਟ ਬੈਂਕ ਵਿੱਚ ਸੇਂਧ ਲਾਉਣ ਵਿੱਚ ਮਦਦ ਕਰੇਗੀ।
ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਉੱਤੇ ਕੀ ਬੋਲੇ ਸਿਆਸਤਦਾਨ ਤੇ ਧਾਰਮਿਕ ਆਗੂ
ਆਗੂਆਂ ਦਾ ਭਾਜਪਾ ਵਿੱਚ ਰਲੇਵਾਂ
ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਇਨ੍ਹਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਕਾਂਗਰਸੀ ਵਿਧਾਇਕ ਫਤਹਿਜੰਗ ਬਾਜਵਾ, ਅਕਾਲੀ ਦਲ ਦੇ ਦੋ ਵਾਰ ਦੇ ਵਿਧਾਇਕ ਜਗਦੀਪ ਨਕਈ ਤੇ 3 ਵਾਰ ਦੇ ਵਿਧਾਇਕ ਗੁਰਤੇਜ ਸਿੰਘ ਘੁੰਗਿਆਣਾ ਦਾ ਨਾਂ ਸ਼ਾਮਲ ਹੈ।
ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਤੇ ਸਾਬਕਾ ਸੰਸਦ ਮੈਂਬਰ ਬਣੇ ਰਾਜਦੇਵ ਸਿੰਘ ਖ਼ਾਲਸਾ ਵਰਗੇ ਕਈ ਹੋਰ ਸਿੱਖ ਚਿਹਰਿਆਂ ਨੂੰ ਧੜਾਧੜ ਸ਼ਾਮਲ ਕੀਤਾ ਜਾ ਰਿਹਾ ਹੈ।
ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਉੱਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਜਬਰੀ ਜੇਲ੍ਹਾਂ ਵਿੱਚ ਸੁੱਟਣ ਜਾਂ ਕੇਸਾਂ ਵਿੱਚ ਫਸਾਉਣ ਦਾ ਡਰ ਦੇ ਕੇ ਪਾਰਟੀ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਸੀ।
ਇਹ ਵੀ ਪੜ੍ਹੋ-
ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਨੂੰ ਭਾਜਪਾ ਦੀ ਬਾਂਹ ਮਰੋੜਨ ਵਾਲੀ ਸਿਆਸਤ ਕਹਿ ਰਹੇ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਤੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਵੀ ਉਨ੍ਹਾਂ ਨੂੰ ਭਾਜਪਾ ਵੱਲੋਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਲਾਲਚ ਦੇਕੇ ਪਾਰਟੀ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਦਾ ਇਲਜ਼ਾਮ ਲਾ ਚੁੱਕੇ ਹਨ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਤੇ ਕਈ ਹੋਰ ਆਗੂ ਅਜਿਹੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਲੋਕ ਪੀਐੱਮ ਨਰਿੰਦਰ ਮੋਦੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਦੀ ਕੋਸ਼ਿਸ਼
2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2014 ਤੇ 2019 ਦੀਆਂ ਲੋਕ ਸਭਾ ਦੌਰਾਨ ਦੇਖਿਆ ਗਿਆ ਕਿ ਪੰਜਾਬ ਵਿੱਚ ਮੋਦੀ ਲਹਿਰ ਦਾ ਅਸਰ ਦੇਸ ਦੇ ਦੂਜੇ ਹਿੱਸਿਆਂ ਵਾਂਗ ਨਹੀਂ ਦਿਖਿਆ ਸੀ।
ਸਤੰਬਰ 2020 ਵਿੱਚ 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਅਤੇ ਸਿੱਖਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਕਸ ਨੂੰ ਕਾਫ਼ੀ ਢਾਹ ਲੱਗੀ।

ਤਸਵੀਰ ਸਰੋਤ, Getty Images
ਕਿਸਾਨ ਅੰਦੋਲਨ ਕਿਉਂਕਿ ਪੰਜਾਬ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ ਸਿੱਖ ਕਿਸਾਨਾਂ ਤੇ ਸੰਸਥਾਵਾਂ ਦੀ ਅਹਿਮ ਭੂਮਿਕਾ ਸੀ, ਇਸ ਤੱਥ ਦੀ ਵਰਤੋਂ ਅੰਦੋਲਨ ਦੀ ਦਿੱਖ ਨੂੰ ਢਾਹ ਲਾਉਣ ਲਈ ਕੀਤੀ ਗਈ। ਸੋਸ਼ਲ ਮੀਡੀਆ ਉੱਤੇ ਅਜਿਹਾ ਪ੍ਰਚਾਰ ਬੜੇ ਜ਼ੋਰ-ਸ਼ੋਰ ਨਾਲ ਹੋਇਆ ਕਿ ਕਿਸਾਨ ਅੰਦੋਲਨ ਅਸਲ ਵਿੱਚ ਖਾਲਿਸਤਾਨੀ ਅੰਦੋਲਨ ਹੈ।
ਸਮੁੱਚੀ ਕਿਸਾਨੀ ਦੇ ਅੰਦੋਲਨ ਨੂੰ ਸਿਰਫ਼ ਖਾਲਿਸਤਾਨੀ ਅੰਦੋਲਨ ਦੱਸਣ ਅਤੇ ਹਰਿਆਣਾ ਵਿੱਚ ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਭਾਜਪਾ ਸਰਕਾਰ ਦੇ ਬਲ ਇਸਤੇਮਾਲ ਦੀ ਵਰਤੋਂ ਨੇ ਪੰਜਾਬੀ/ਸਿੱਖਾਂ ਵਿੱਚ ਭਾਜਪਾ ਦੀ ਦਿੱਖ ਨੂੰ ਹੋਰ ਵਿਗਾੜ ਦਿੱਤਾ।
ਲਖੀਮਪੁਰ ਖੀਰੀ ਵਿੱਚ ਸਿੱਖ ਕਿਸਾਨਾਂ ਨੂੰ ਜੀਪ ਥੱਲੇ ਦਰੜਨ ਦੀ ਘਟਨਾ ਨੇ ਸਿੱਖ ਭਾਈਚਾਰੇ ਦੇ ਰੋਸ ਨੂੰ ਹੋਰ ਵਧਾਇਆ। ਇਸ ਅਕਸ ਨੂੰ ਠੀਕ ਕਰਨ ਲਈ ਭਾਜਪਾ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਨੇ ਮੋਦੀ ਸਰਕਾਰ ਦੇ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਬਾਰੇ ਇੱਕ ਕਿਤਾਬਚਾ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਛਪਵਾ ਕੇ ਲੱਖਾਂ ਦੀ ਗਿਣਤੀ ਵਿੱਚ ਵੰਡਿਆ।
3 ਖੇਤੀ ਕਾਨੂੰਨ ਰੱਦ ਕਰਨ ਲਈ ਸੰਘਰਸ਼ਕਾਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਐਲਾਨ ਕਰਨ ਦੀ ਬਜਾਇ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਇਕਪਾਸੜ ਐਲਾਨ ਕਰਨ ਦਾ ਦਿਨ ਚੁਣਿਆ।
ਇਸ ਤੋਂ ਬਾਅਦ ਭਾਜਪਾ ਨੇ ਪੰਜਾਬ ਵਿੱਚ ਸਿੱਖ ਚਿਹਰਿਆਂ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਮੁਹਿੰਮ ਚਲਾਈ। ਪਾਰਟੀ ਨੇ ਕਈ ਸਾਬਕਾ ਅਫ਼ਸਰਸ਼ਾਹਾਂ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਕਾਰਕੁਨਾਂ ਅਤੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਵਜ਼ੀਰ ਤੇ ਆਗੂ ਹਰ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ਜਾਣ ਲੱਗੇ ਤੇ ਇਸ ਨੂੰ ਜ਼ੋਰਸ਼ੋਰ ਨਾਲ ਪ੍ਰਚਾਰਿਆ ਜਾਣ ਲੱਗਾ।
ਕੇਂਦਰੀ ਮੰਤਰੀ ਅਤੇ ਪੰਜਾਬ ਵਿੱਚ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਇੱਕ ਮੀਡੀਆ ਇੰਟਰਵਿਊ ਵਿੱਚ ਸਿੱਖਾਂ ਨੂੰ ਖੁਸ਼ ਕਰਨ ਦੀ ਮੁਹਿੰਮ ਬਾਰੇ ਪੁੱਛੇ ਜਾਣ ਉੱਤੇ ਕਹਿੰਦੇ ਹਨ, ''ਨਰਿੰਦਰ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਲਈ ਜੋ ਕੁਝ ਕੀਤਾ ਹੈ, ਉਹ ਅਣਕਿਆਸਿਆ ਹੈ।''

ਤਸਵੀਰ ਸਰੋਤ, Getty Images
ਮੋਦੀ ਸਰਕਾਰ ਵਲੋਂ ਕਰਤਾਰਪੁਰ ਕੌਰੀਡੋਰ ਖੋਲ੍ਹਣ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਲੰਗਰ ਤੋਂ ਜੀਐੱਸਟੀ ਹਟਾਉਣ ਵਰਗੇ ਸਿੱਖ ਪੱਖੀ ਫੈਸਲੇ ਇਸਦੀ ਮਿਸਾਲ ਹਨ। ਕੁਝ ਲੋਕਾਂ ਨੇ ਸਿੱਖਾਂ ਅਤੇ ਭਾਜਪਾ ਵਿਚਾਲੇ ਅਸਥਾਈ ਗੁੱਸਾ ਪੈਦਾ ਕਰ ਦਿੱਤਾ ਸੀ, ਇਹ ਸਥਾਈ ਨਹੀਂ ਸੀ।
ਸ਼ੇਖਾਵਤ ਕਹਿੰਦੇ ਹਨ, ''ਜਿਹੜੇ ਲੋਕ ਭਾਜਪਾ ਅਤੇ ਸਿੱਖਾਂ ਵਿਚਾਲੇ ਨਫ਼ਤਰ ਪੈਦਾ ਕਰਦੇ ਹਨ, ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।''
ਪੰਜਾਬ ਲਈ ਵਿਕਾਸ ਪ੍ਰੋਜੈਕਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਦਾ ਦੇਸ਼-ਵਿਦੇਸ਼ ਵਿੱਚ ਅਕਸ ਕਾਫ਼ੀ ਖ਼ਰਾਬ ਕੀਤਾ।
ਜਿਸ ਤੋਂ ਬਾਅਦ ਮੋਦੀ ਸਰਕਾਰ ਦੀ ਲਗਾਤਾਰ ਇਹ ਕੋਸ਼ਿਸ਼ ਰਹੀ ਹੈ ਕਿ ਉਹ ਕਿਸਾਨੀਂ ਬਾਰੇ ਵੱਖ-ਵੱਖ ਐਲਾਨ ਕਰਕੇ ਕਿਸਾਨਾਂ ਨੂੰ ਖੁਸ਼ ਕਰ ਸਕਣ। ਪਰ ਇਸਦਾ ਬਹੁਤਾ ਅਸਰ ਨਹੀਂ ਹੁੰਦਾ ਦਿਖਿਆ।
ਹੁਣ ਚੋਣਾਂ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਭਾਰੀ ਮੀਂਹ ਅਤੇ ਕਿਸਾਨਾਂ ਨੇ ਵਿਰੋਧ ਨੇ ਫਲਾਪ ਕਰ ਦਿੱਤਾ।
ਪ੍ਰਧਾਨ ਮੰਤਰੀ ਨੇ ਇਸ ਦੌਰੇ ਦੌਰਾਨ 4200 ਕਰੋੜ ਰੁਪਏ ਦੇ ਵੱਧ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣੇ ਸਨ, ਪਰ ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਵਿਚ ਲੈਪਸ ਹੋਇਆ ਅਤੇ ਪ੍ਰਧਾਨ ਮੰਤਰੀ ਨੂੰ ਪਿੱਛੇ ਮੁੜਨਾ ਪਿਆ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਜਿਹੜੇ ਅਹਿਮ ਐਲਾਨ ਕਰਨੇ ਸਨ ਉਹ ਵੀ ਹੁਣ ਅੱਗੇ ਪੈ ਗਏ ਹਨ।

ਤਸਵੀਰ ਸਰੋਤ, Getty Images
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪ੍ਰਧਾਨ ਮੰਤਰੀ ਦਾ ਦੌਰਾਨ ਵਿਚਕਾਰੋਂ ਹੀ ਰੱਦ ਹੋਣ ਉੱਤੇ ਦੁੱਖ ਪ੍ਰਗਟਾਇਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨੀ ਸੀ ਜਿਸ ਵਿਚ ਵਿਘਨ ਪਾਇਆ ਗਿਆ।
ਪਰ ਅਸੀਂ ਪੰਜਾਬ ਦੇ ਵਿਕਾਸ ਦੇ ਰਾਹ ਵਿਚ ਘਟੀਆ ਸੋਚ ਨੂੰ ਰੁਕਾਵਟ ਨਹੀਂ ਬਣਨ ਦੇਵਾਂਗੇ ਅਤੇ ਪੰਜਾਬ ਦੇ ਵਿਕਾਸ ਲਈ ਯਤਨ ਜਾਰੀ ਰੱਖਾਂਗੇ।
ਭਾਜਪਾ ਦਾ ਰਾਸ਼ਟਰਵਾਦੀ ਏਜੰਡਾ
ਰਾਸ਼ਟਰੀਆ ਸਵੈਮ ਸੇਵਕ ਸੰਘ ਦੇ ਕਈ ਸੰਗਠਨ ਪੰਜਾਬ ਵਿੱਚ ਸਮਾਜ ਸੇਵੀ ਕਾਰਜਾਂ ਦੇ ਨਾਂ ਉੱਤੇ ਸਰਗਰਮ ਹਨ। ਜਿਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਰਾਸ਼ਟਰਵਾਦੀ ਏਜੰਡੇ ਨੂੰ ਗਰਾਊਂਡ ਉੱਤੇ ਫੈਲਾਉਣ ਦੀ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਉਸ ਦਾ ਚੋਣਾਂ ਵਿੱਚ ਭਾਜਪਾ ਇੰਨਾ ਲਾਹਾ ਨਹੀਂ ਲੈ ਸਕੀ ਕਿ ਉਹ ਪੰਜਾਬ ਵਿੱਚ ਇਕੱਲਿਆਂ ਸੱਤਾ ਹਾਸਲ ਕਰ ਸਕੇ।
ਪਰ ਫਿਰ ਵੀ ਹਿੰਦੂ ਵੋਟ ਬੈਂਕ ਖਾਸ ਕਰਕੇ ਸ਼ਹਿਰਾਂ ਵਿੱਚ ਕਈ ਥਾਵਾਂ ਉੱਤੇ ਭਾਜਪਾ ਦਾ ਮਜ਼ਬੂਤ ਅਧਾਰ ਹੈ, ਇਸ ਵੇਲੇ ਆਰਐੱਸਐੱਸ ਦੇ ਇਹ ਸੰਗਠਨ ਇਸੇ ਦਾਇਰੇ ਨੂੰ ਵਧਾਉਣ ਵਿੱਚ ਵੀ ਲੱਗੇ ਹੋਏ ਹਨ।
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਜਾਣ ਤੋਂ ਪਹਿਲਾਂ ਹੀ ਪੰਜਾਬ ਦੇ ਸਰਹੱਦੀ ਸੂਬੇ ਹੋਣ ਕਾਰਨ ਰਾਸ਼ਟਰਵਾਦ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ।
ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਰਾਸ਼ਟਵਾਦ ਦੇ ਜਜ਼ਬੇ ਵਾਲੀ ਸਰਕਾਰ ਹੋਣੀ ਚਾਹੀਦੀ ਹੈ, ਜੋ ਸਿਰਫ਼ ਭਾਜਪਾ ਕਰ ਸਕਦੀ ਹੈ।
ਭਾਜਪਾ ਦੇ ਪੰਜਾਬ ਆਗੂ ਵੀ ਕੈਪਟਨ ਨੂੰ ਇੱਕ ਰਾਸ਼ਟਰਵਾਦੀ ਆਗੂ ਦੇ ਤੌਰ ਉੱਤੇ ਹੀ ਪੇਸ਼ ਕਰ ਰਹੇ ਹਨ।
ਇਸ ਲਈ ਜਦੋਂ ਪਿਛਲੇ ਦਿਨੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਅਤੇ ਲੁਧਿਆਣਾ ਵਿੱਚ ਬੰਬ ਧਮਾਕੇ ਦੀ ਘਟਨਾ ਹੋਈ ਤਾਂ ਪੰਜਾਬ ਦੇ ਕਈ ਸਿਆਸੀ ਆਗੂਆਂ ਨੇ ਇਨ੍ਹਾਂ ਘਟਨਾ ਨੂੰ ਸਿਆਸੀ ਸਾਜ਼ਿਸ ਨਾਲ ਜੋੜ ਦਿੱਤਾ।
ਨਵਜੋਤ ਸਿੰਘ ਸਿੱਧੂ ਨੇ ਤਾਂ ਇਸ ਨੂੰ ਕੇਂਦਰੀ ਏਜੰਸੀਆਂ ਦੀ ਸਾਜ਼ਿਸ਼ ਕਰਾਰ ਦੇ ਦਿੱਤਾ। ਇਨ੍ਹਾਂ ਘਟਨਾਵਾਂ ਪਿੱਛੇ ਕੌਣ ਹੈ ਇਹ ਜਾਂਚ ਦਾ ਮੁੱਦਾ ਹੈ, ਪਰ ਇਸ ਨਾਲ ਜੋ ਹਾਲਾਤ ਪੈਦਾ ਹੋਏ ਉਸ ਨਾਲ ਪੰਜਾਬ ਦੇ ਭਾਈਚਾਰਿਆਂ ਵਿੱਚ ਧਰੁਵੀਕਰਨ ਜ਼ਰੂਰ ਹੁੰਦਾ ਦਿਖ ਰਿਹਾ ਹੈ।
ਇਸ ਦਾ ਸਿਆਸੀ ਫਾਇਦਾ ਕਿਸ ਨੂੰ ਮਿਲੇਗਾ ਅਜੇ ਪੱਕੇ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ. ਪਰ ਭਾਜਪਾ ਦੇ ਰਾਸ਼ਟਰਵਾਦੀ ਏਜੰਡੇ ਲਈ ਥਾਂ ਜ਼ਰੂਰ ਪੱਕੀ ਹੁੰਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













