ਅਟਲ ਬਿਹਾਰੀ ਵਾਜਪਾਈ ਨੇ ਕਿਵੇਂ ਅਕਾਲੀਆਂ ਨੂੰ ਕੌਮੀ ਮੁੱਖਧਾਰਾ 'ਚ ਵਾਪਸ ਲਿਆਂਦਾ-ਨਜ਼ਰੀਆ

ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1996 ਅਕਾਲੀ ਦਲ ਨੇ ਗਠਜੋੜ ਵਿੱਚ ਨਾ ਰਹਿੰਦੇ ਹੋਏ ਵੀ ਭਾਜਪਾ ਨੂੰ ਬਾਹਰੀ ਸਮਰਥਨ ਦਿੱਤਾ ਸੀ
    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ

ਪੰਜਾਬ ਵਿੱਚ ਅੱਤਵਾਦ 1990 ਦੇ ਦਹਾਕੇ ਦੇ ਮੱਧ ਤੱਕ ਖ਼ਤਮ ਹੋ ਚੁੱਕਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਅਕਾਲੀ ਦਲ ਕੌਮੀ ਮੁੱਖਧਾਰਾ ਵਿਚ ਵਾਪਸ ਨਹੀਂ ਆ ਸਕਿਆ ਸੀ।

ਅਕਾਲੀ ਦਲ ਨੇ 1996 ਦੀਆਂ ਲੋਕ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਜ਼ਰੂਰ ਕੀਤਾ ਸੀ ਪਰ ਕੱਟੜਵਾਦੀ ਰਾਜਨੀਤੀ ਦੇ ਨਤੀਜੇ ਵਜੋਂ ਅਕਾਲੀ ਦਲ ਕਈ ਸਾਲਾਂ ਤੋਂ ਸਿਆਸੀ ਬਨਵਾਸ ਕੱਟ ਰਿਹਾ ਸੀ।

1992 ਨੂੰ ਕੋਈ ਬਹੁਤ ਸਮਾਂ ਨਹੀਂ ਸੀ ਲੰਘਿਆ, ਜਦੋਂ ਬਾਦਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਦਿੱਤੇ ਇੱਕ ਖਰੜੇ 'ਤੇ ਦਸਤਖ਼ਤ ਕੀਤੇ ਸਨ, ਜਿਸ ਵਿਚ ਸਿੱਖਾਂ ਦੇ ਖੁਦਮੁਖਤਿਆਰ ਖਿੱਤੇ ਦੀ ਸਥਾਪਨਾ ਦੀ ਮੰਗ ਕੀਤੀ ਗਈ ਸੀ।

ਫਿਰ ਵੀ ਅਟਲ ਬਿਹਾਰੀ ਵਾਜਪਾਈ ਨੇ ਅਕਾਲੀ ਦਲ ਲਈ ਮੁੱਖਧਾਰਾ ਵਿੱਚ ਵਾਪਸੀ ਦਾ ਰਾਹ ਬਣਾਇਆ ਸੀ।

ਕੇਹਰ ਨੂੰ ਬਚਾਉਣ ਦੇ ਯਤਨ

ਪਹਿਲਾਂ ਵੀ, 1989 ਵਿਚ ਵਾਜਪਾਈ ਵੀ ਉਨ੍ਹਾਂ ਆਗੂਆਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਹੱਤਿਆ ਲਈ ਸਿਰਫ ਹਾਲਾਤੀ ਸਬੂਤਾਂ 'ਤੇ ਫਾਂਸੀ ਲਈ ਭੇਜੇ ਗਏ ਕੇਹਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਤੋਂ ਇਲਾਵਾ ਕਾਂਗਰਸ-ਐੱਸ ਦੇ ਕੇ.ਪੀ. ਉੱਨੀਕ੍ਰਿਸ਼ਨਣ, ਜਨਤਾ ਦਲ ਦੇ ਸੁਰਿੰਦਰ ਮੋਹਨ ਅਤੇ ਲੈਫ਼ਟੀਨੈਂਟ ਜਨਰਲ (ਰਿਟਾ.) ਜਗਜੀਤ ਸਿੰਘ ਅਰੋੜਾ ਨੇ ਵੀ ਕੇਹਰ ਸਿੰਘ ਨੂੰ ਬਚਾਉਣ ਦੇ ਯਤਨ ਕੀਤੇ ਸਨ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗਾਂਧੀ ਦਿੱਲੀ ਵਿਚ ਨਹੀਂ ਸਨ। ਗ੍ਰਹਿ ਮੰਤਰੀ ਬੂਟਾ ਸਿੰਘ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ।

ਇਹ ਆਗੂ ਚਾਹੁੰਦੇ ਸਨ ਕਿ ਰਾਜੀਵ ਗਾਂਧੀ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਬੁਲਾ ਕੇ ਰਾਸ਼ਟਰਪਤੀ ਆਰ. ਵੈਂਕਟਰਮਨ ਨੂੰ "ਸਲਾਹ" ਦੇਣ ਕਿ ਉਹ ਕੇਹਰ ਸਿੰਘ ਦੀ ਸਜ਼ਾ ਫਾਂਸੀ ਮੁਆਫ਼ ਕਰ ਦੇਣ ਪਰ ਕੇਹਰ ਸਿੰਘ ਨੂੰ 6 ਜਨਵਰੀ, 1989, ਨੂੰ ਫਾਂਸੀ ਲਾ ਦਿੱਤੀ ਗਈ ਸੀ।

ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਟਲ ਵਿਹਾਰੀ ਵਾਜਪਾਈ ਵੱਲੋਂ ਕੀਤਾ ਅਕਾਲੀ ਦਲ-ਭਾਜਪਾ ਗਠਜੋੜ ਅਜੇ ਵੀ ਜਾਰੀ ਹੈ

ਕਿਵੇਂ ਬਣਿਆ ਗਠਜੋੜ?

1996 ਆਉਣ ਤੱਕ ਅਕਾਲੀ ਆਗੂ ਕਿਸੇ ਤਰ੍ਹਾਂ ਮੁੜ ਮੁੱਖਧਾਰਾ 'ਚ ਆਉਣ ਦੀ ਤਾਂਘ ਵਿੱਚ ਸਨ। ਪੰਜਾਬ ਦੇ ਵਿਗੜੇ ਹਾਲਾਤ ਨੇ ਅਕਾਲੀ ਧੜਿਆਂ ਦੇ ਕੌਮੀ ਪਾਰਟੀਆਂ ਨਾਲ ਰਿਸ਼ਤੇ ਵੀ ਵਿਗਾੜ ਦਿੱਤੇ ਸਨ। ਭਾਵੇਂ ਪੰਜਾਬ ਵਿੱਚ ਅੱਤਵਾਦ ਹੁਣ ਮੁੱਕ ਗਿਆ ਸੀ ਪਰ ਅਕਾਲੀ ਦਲ ਨੂੰ 'ਅਛੂਤ' ਵਜੋਂ ਵੇਖਿਆ ਜਾ ਰਿਹਾ ਸੀ।

ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਬਣਾਉਣ ਲਈ ਵਾਜਪਾਈ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 20 ਅਗਸਤ, 1996, ਨੂੰ ਸੰਗਰੂਰ ਦੇ ਲੌਂਗੋਵਾਲ ਪਿੰਡ ਵਿਖੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਸਮਾਗਮ ਵਿਚ ਹਿੱਸਾ ਲਿਆ।

ਵਾਜਪਾਈ ਉਸ ਵੇਲੇ ਸਾਬਕਾ ਪ੍ਰਧਾਨ ਮੰਤਰੀ ਸਨ ਅਤੇ ਲੋਕ ਉਨ੍ਹਾਂ ਵੱਡੇ ਨੇਤਾ ਵਜੋਂ ਵੇਖਣ ਲੱਗੇ ਸਨ।

ਇਹ ਵੀ ਪੜ੍ਹੋ:

ਰਾਜਨੇਤਾ ਹੋਣ ਦੀ ਝਲਕ ਉਨ੍ਹਾਂ ਦੀ ਸੰਤ ਲੌਂਗੋਵਾਲ ਬਾਰੇ ਤਕਰੀਰ ਵਿਚ ਵੀ ਨਜ਼ਰ ਆਈ, ਜਦੋਂ ਉਨ੍ਹਾਂ ਨੇ ਕਿਹਾ, "ਸ਼ਾਸਕਾਂ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਧਰਮ ਦੇ ਰਾਹ 'ਤੇ ਤੁਰਨਾ ਚਾਹੀਦਾ ਹੈ। ਦੇਸ਼ ਚਲਾਕ ਲੋਕਾਂ ਵੱਲੋਂ ਨਹੀਂ ਚਲਾਇਆ ਜਾਣਾ ਚਾਹੀਦਾ।"

ਫਿਰ ਭਾਜਪਾ ਅਤੇ ਅਕਾਲੀ ਦਲ ਨੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (ਜੋ ਕਿ 1997 ਵਿਚ ਹੋਈਆਂ) ਲਈ ਹੱਥ ਮਿਲਾਉਣ ਦਾ ਫੈਸਲਾ ਕੀਤਾ। ਵਾਜਪਾਈ ਨੇ ਆਪਣੀ ਪਾਰਟੀ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ, "ਜਦੋਂ ਉਨ੍ਹਾਂ (ਅਕਾਲੀਆਂ) ਦੀ ਨਿਖੇਧੀ ਕਰਨ ਦਾ ਸਮਾਂ ਸੀ ਤਾਂ ਅਸੀਂ ਉਹ ਵੀ ਕੀਤੀ। ਹੁਣ ਇਕੱਠੇ ਹੋਣ ਦਾ ਸਮਾਂ ਹੈ।"

ਉਨ੍ਹਾਂ ਦੇ ਮੁਤਾਬਕ ਇਹ ਗਠਜੋੜ ਪੰਜਾਬ ਦੇ ਹੱਕ ਵਿਚ ਸੀ।

ਕਿਸਨੂੰ ਜ਼ਿਆਦਾ ਲੋੜ?

1996 ਵਿਚ ਬਣਿਆ ਇਹ ਗਠਜੋੜ ਅੱਜ ਵੀ ਕਾਇਮ ਹੈ। 2018 ਦੀ ਸੱਚਾਈ ਇਹ ਹੈ ਕਿ ਅਕਾਲੀ ਦਲ ਤੋਂ ਜ਼ਿਆਦਾ ਭਾਜਪਾ ਨੂੰ ਇਸ ਗਠਜੋੜ ਦੀ ਲੋੜ ਹੈ, ਕਿਉਂਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਾ ਹੈ।

ਇਸ ਤਰ੍ਹਾਂ ਵੇਖਿਆ ਜਾਵੇ ਤਾਂ ਸਿੱਖ ਹੀ ਇੱਕ ਅਜਿਹੀ ਘੱਟਗਿਣਤੀ ਬਰਾਦਰੀ ਹੈ ਜਿਸ ਨੂੰ ਭਾਜਪਾ ਵਰਗੀ ਇੱਕ ਘੱਟ-ਗਿਣਤੀ ਬਰਾਦਰੀਆਂ ਦੀ ਵਿਰੋਧੀ ਸਮਝੀ ਜਾਣ ਵਾਲੀ ਪਾਰਟੀ ਦੇ ਨਾਲ ਮੰਨਿਆ ਜਾਂਦਾ ਹੈ।

ਵਾਜਾਪਾਈ ਤੇ ਬਾਦਲ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਪੁਰਾਣੀ ਤਸਵੀਰ

ਅਕਾਲੀ-ਭਾਜਪਾ ਦੇ ਇਸ ਗਠਜੋੜ ਦੇ ਰਸਮੀ ਤੌਰ 'ਤੇ ਬਣਨ ਤੋਂ ਕੁਝ ਪਹਿਲਾਂ ਹੀ ਅਕਾਲੀ ਦਲ ਨੇ ਵਾਜਪਾਈ ਦੀ 13-ਦਿਨੀ ਸਰਕਾਰ ਨੂੰ ਬਿਨਾਂ ਸ਼ਰਤ ਸਹਿਯੋਗ ਦਿੱਤਾ ਸੀ, ਉਹ ਵੀ ਉਸ ਵੇਲੇ ਜਦੋਂ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਸੀ।

13 ਮਈ, 1996 ਨੂੰ ਗਠਜੋੜ ਦੇ ਐਲਾਨ ਵੇਲੇ ਬਾਦਲ ਨੇ ਤਕਰੀਰ ਇਹ ਦਿੱਤੀ ਸੀ ਕਿ ਵਾਜਪਾਈ ਅਕਾਲੀ ਦਲ ਦੀ ਇਸ ਮੰਗ ਦੇ ਹੱਕ ਵਿਚ ਹਨ ਕਿ ਕੇਂਦਰ ਤੇ ਸੂਬਿਆਂ ਦੇ ਰਿਸ਼ਤੀਆਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇ।

2016 ਵਿੱਚ ਅੰਮ੍ਰਿਤਸਰ ਵਿੱਚ ਆਈਆਈਐੱਮ ਦਾ ਨੀਂ ਪੱਥਰ ਰੱਖਣ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਤੇ ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰ ਅਕਾਲੀ-ਭਾਜਪਾ ਗਠਜੋੜ ਨੂੰ ਨਹੂੰ-ਮਾਸ ਦਾ ਰਿਸ਼ਤਾ ਕਿਹਾ ਹੈ

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਜਪਾ ਨੂੰ ਪੈਦਾ ਕਰਨ ਵਾਲੀ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਸਿੱਖਾਂ ਦਾ ਇਕ ਤਬਕਾ ਆਪਣਾ ਦੁਸ਼ਮਣ ਤੇ ਖਲਨਾਇਕ ਸਮਝਦਾ ਹੈ, ਕਿਉਂਕਿ ਸੰਘ ਇਹ ਮੰਨਦਾ ਹੈ ਕਿ ਸਿੱਖ ਤਾਂ ਹਿੰਦੂ ਧਰਮ ਦਾ ਹੀ ਹਿੱਸਾ ਹਨ।

ਇਸ ਪਰਿਪੇਖ 'ਚ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਕਰਨਾ ਇੱਕ ਸੋਚਿਆ-ਸਮਝਿਆ ਪਰ ਖ਼ਤਰਿਆਂ ਭਰਿਆ ਕਦਮ ਸੀ। ਅਕਾਲੀ ਦਲ ਲਈ ਜ਼ਿਆਦਾ ਵੱਡਾ ਮੁੱਦਾ ਇਹ ਸੀ ਕਿ ਉਸਨੂੰ ਅੱਤਵਾਦ ਦੇ ਦੌਰ ਤੋਂ ਬਾਅਦ ਕੋਈ ਕੌਮੀ ਪੱਧਰ ਦੀ ਪਾਰਟੀ ਆਪਣੇ ਨਾਲ ਲਵੇ।

ਕਾਂਗਰਸ ਦੇ ਕੇਂਦਰੀ ਰਾਜ ਵਿਚ ਸਿੱਖਾਂ ਨੂੰ ਪੂਰੇ ਤਰੀਕੇ ਨਾਲ ਦੇਸ ਦ੍ਰੋਹੀਆਂ ਵਜੋਂ ਤਾਂ ਨਹੀਂ ਪਰ ਖਲਨਾਇਕਾਂ ਵਜੋਂ ਵੇਖਿਆ ਜਾ ਰਿਹਾ ਸੀ।

ਭਾਜਪਾ ਨਾਲ ਅਕਾਲੀ ਦਲ ਦੇ ਗਠਜੋੜ ਨੇ ਸਿੱਖਾਂ ਨੂੰ ਇਸ ਸਥਿਤੀ 'ਚੋਂ ਕੱਢਣ ਦਾ ਕੰਮ ਕੀਤਾ। ਇਸ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਵਾਜਪਾਈ ਦੀ ਸਿੱਖਾਂ ਦੇ ਧਾਰਮਿਕ-ਸਿਆਸੀ ਤਾਣੇ-ਬਾਣੇ ਵਿਚ ਇੱਕ ਅਹਿਮ ਭੂਮਿਕਾ ਰਹੀ ਹੈ।

ਪੰਜਾਬ ਦੇ ਮੁੱਦਿਆਂ ਵੱਲ ਵਾਜਪਾਈ ਦੀ ਸੋਚ ਵਿਹਾਰਕ ਸੀ। ਉਨ੍ਹਾਂ ਮੁਤਾਬਕ, ਰਾਜੀਵ ਗਾਂਧੀ ਤੇ ਸੰਤ ਲੌਂਗੋਵਾਲ ਵਿਚਕਾਰ ਹੋਇਆ ਸਮਝੌਤਾ ਪਿੱਛੇ ਛੱਡ ਕੇ, ਨਵੇਂ ਸਿਰੇ ਤੋਂ ਮੁੱਦਿਆਂ 'ਤੇ ਗੱਲਬਾਤ ਕਰਨ ਦੀ ਲੋੜ ਸੀ।

ਅਕਾਲੀ ਦਲ ਨੇ ਵਾਜਪਾਈ ਦੀ ਸਰਕਾਰ ਵਿੱਚ ਅਹੁਦੇ ਤਾਂ ਲੈ ਲਏ ਪਰ ਇਨ੍ਹਾਂ ਮੁੱਦਿਆਂ ਨੂੰ ਚੁੱਕਣ ਦਾ ਕੰਮ ਨਹੀਂ ਕੀਤਾ।

(ਦਲ ਖਾਲਸਾ ਦਾ ਬਿਆਨ- ਵੱਖਵਾਦੀ ਸਿੱਖ ਸੰਸਥਾ ਦਲ ਖਾਲਸਾ ਨੇ ਵੀ ਵਾਜਪਾਈ ਦੇ ਦੇਹਾਂਤ 'ਤੇ ਪ੍ਰਤੀਕਿਰਿਆ ਜਾਰੀ ਕੀਤੀ ਹੈ। ਉਨ੍ਹਾਂ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ, "ਉਦਾਸ ਮੌਕੇ 'ਤੇ ਹੀ ਸਹੀ, ਇਹ ਕਹਿਣਾ ਪਵੇਗਾ ਕਿ ਵਾਜਪਾਈ ਦੇ ਦੇਹਾਂਤ ਨੇ ਉਨ੍ਹਾਂ ਦੇ ਸਿੱਖਾਂ ਪ੍ਰਤੀ ਵਰਤਾਰੇ ਦੀਆਂ ਕੌੜੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।"

ਕੰਵਰਪਾਲ ਨੇ ਵਾਜਪਾਈ ਦੇ ਸਾਥੀ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, ''3 ਮਈ, 1984, ਨੂੰ ਦਿੱਲੀ ਵਿਖੇ ਵਾਜਪਾਈ ਨੇ ਭਾਜਪਾ ਦੇ ਮੁਜ਼ਾਹਰੇ ਦੀ ਅਗਵਾਈ ਕੀਤੀ ਜਿਸ ਵਿਚ ਕੇਂਦਰੀ ਸਰਕਾਰ ਸਾਹਮਣੇ ਇਹ ਮੰਗ ਰੱਖੀ ਗਈ ਕਿ ਉਹ 'ਗੋਲਡਨ ਟੈਂਪਲ ਨੂੰ ਰਾਸ਼ਟਰ ਵਿਰੋਧੀ ਤਾਕਤਾਂ ਤੋਂ ਆਜ਼ਾਦ ਕਰਵਾਏ।''

ਕੰਵਰਪਾਲ ਨੇ ਅੱਗੇ ਕਿਹਾ, "ਜੂਨ 1984 ਦੇ ਫੌਜੀ ਹਮਲੇ ਤੋਂ ਬਾਅਦ ਜਦੋਂ ਵਾਜਪਾਈ ਅਗਸਤ ਵਿਚ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਹਮਲੇ ਨੂੰ ਜਾਇਜ਼ ਦੱਸਿਆ। ਉਨ੍ਹਾਂ ਨੇ ਸਿੱਖਾਂ ਦੇ ਜ਼ਖਮਾਂ 'ਤੇ ਨਮਕ ਰਗੜਦੇ ਹੋਏ ਕਿਹਾ ਕਿ ਇਹ ਹਮਲਾ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ।"

ਕੰਵਰਪਾਲ ਦੇ ਮੁਤਾਬਕ ਵਾਜਪਾਈ ਦਾ ਮੁਸਲਮਾਨਾਂ ਵੱਲ ਰਵੱਈਆ, ਖਾਸ ਤੌਰ 'ਤੇ ਗੁਜਰਾਤ ਵਿਚ, ਪੱਖਪਾਤੀ ਰਿਹਾ।)

ਇਹ ਵੀ ਪੜ੍ਹੋ:

ਇਹ ਵੀ ਦੇਖੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)