ਅਟਲ ਬਿਹਾਰੀ ਵਾਜਪਾਈ ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਤੋਂ ਅਸਤੀਫ਼ਾ ਕਿਉਂ ਨਹੀਂ ਲੈ ਸਕੇ ਸਨ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਖੁਫੀਆ ਏਜੰਸੀ 'ਰਾਅ' (RAW) ਦੇ ਸਾਬਕਾ ਮੁਖੀ ਏ.ਐਸ. ਦੁਲਤ ਨੇ ਆਪਣੀ ਕਿਤਾਬ 'ਦਿ ਵਾਜਪਾਈ ਯੀਅਰਜ਼' ਵਿਚ ਲਿਖਿਆ ਹੈ ਕਿ ਅਟਲ ਬਿਹਾਰੀ ਵਾਜਪਾਈ 2002 'ਚ ਗੁਜਰਾਤ ਵਿਚ ਹੋਏ ਦੰਗਿਆਂ ਨੂੰ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੀ ਸਭ ਤੋਂ ਵੱਡੀ ਗ਼ਲਤੀ ਮੰਨਦੇ ਸਨ।
ਕਿੰਗਸ਼ੁਕ ਨਾਗ, ਇੱਕ ਹੋਰ ਲੇਖਕ ਜਿਨ੍ਹਾਂ ਨੇ ਵਾਜਪਾਈ ਦੇ ਜੀਵਨ ਬਾਰੇ ਇਕ ਕਿਤਾਬ ਲਿਖੀ ਹੈ, ਵੀ ਕਹਿੰਦੇ ਹਨ ਕਿ ਗੁਜਰਾਤ ਦੰਗਿਆਂ ਨੂੰ ਲੈ ਕੇ ਵਾਜਪਾਈ ਕਦੇ ਵੀ ਸਹਿਜ ਨਹੀਂ ਰਹੇ।
ਉਹ ਚਾਹੁੰਦੇ ਸਨ ਇਸ ਮੁੱਦੇ 'ਤੇ ਗੁਜਰਾਤ ਦੇ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਜੋ ਕਿ ਹੁਣ ਪ੍ਰਧਾਨ ਮੰਤਰੀ ਹਨ, ਅਸਤੀਫਾ ਦੇ ਦੇਣ।
ਨਾਗ ਅੱਗੇ ਦੱਸਦੇ ਹਨ, "ਉਸ ਸਮੇਂ ਦੇ (ਗੁਜਰਾਤ ਦੇ) ਰਾਜਪਾਲ ਸੁੰਦਰ ਸਿੰਘ ਭੰਡਾਰੀ ਦੇ ਇੱਕ ਕਰੀਬੀ ਨੇ ਮੈਨੂੰ ਦੱਸਿਆ ਸੀ ਕਿ ਮੋਦੀ ਦੇ ਅਸਤੀਫੇ ਦੀ ਤਿਆਰੀ ਹੋ ਚੁੱਕੀ ਸੀ ਪਰ (ਭਾਜਪਾ ਦਾ) ਗੋਆ ਰਾਸ਼ਟਰੀ ਸੰਮੇਲਨ ਆਉਂਦਿਆਂ ਤਕ ਪਾਰਟੀ ਦੇ ਸੀਨੀਅਰ ਆਗੂ ਮੋਦੀ ਬਾਰੇ ਵਾਜਪਾਈ ਦੀ ਰਾਇ ਬਦਲਣ 'ਚ ਸਫ਼ਲ ਹੋ ਗਏ।"
ਜਦੋਂ ਰਾਮਲੀਲਾ ਮੈਦਾਨ ਵਿਚ ਸੁੱਤੇ ਵਾਜਪਾਈ
ਸ਼ਿਵ ਕੁਮਾਰ 47 ਸਾਲਾਂ ਤੋਂ ਵਾਜਪਾਈ ਦੇ ਨਾਲ ਰਹੇ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਵਾਜਪਾਈ ਦੇ ਚਪੜਾਸੀ, ਸਕੱਤਰ, ਬਾਡੀਗਾਰਡ ਅਤੇ ਲੋਕ ਸਭਾ ਹਲਕੇ ਦੇ ਪ੍ਰਬੰਧਕ ਦੀ ਭੂਮਿਕਾ ਨਿਭਾਈ।
ਉਹ ਇਕ ਕਿੱਸਾ ਸੁਣਾਉਂਦੇ ਹਨ, "ਵਾਜਪਾਈ ਹਮੇਸ਼ਾ ਖਿਆਲ ਰਖਦੇ ਸਨ ਕਿ ਉਨ੍ਹਾਂ ਦੀ ਵਜ੍ਹਾ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ। ਬਹੁਤ ਸਮਾਂ ਪਹਿਲਾਂ ਜਨ ਸੰਘ ਦਾ ਦਫ਼ਤਰ ਦਿੱਲੀ ਦੇ ਅਜਮੇਰੀ ਗੇਟ ਇਲਾਕੇ ਵਿਚ ਹੁੰਦਾ ਸੀ।
ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਜੇ.ਪੀ. ਮਾਥੁਰ ਉਥੇ ਹੀ ਰਹਿੰਦੇ ਸਨ। ਇਕ ਦਿਨ ਵਾਜਪਾਈ ਨੇ ਰਾਤ ਦੀ ਰੇਲ ਗੱਡੀ 'ਤੇ ਦਿੱਲੀ ਪਰਤਣਾ ਸੀ। ਉਨ੍ਹਾਂ ਲਈ ਭੋਜਨ ਬਣਾ ਕੇ ਰੱਖ ਦਿੱਤਾ ਗਿਆ ਸੀ। ਪਰ ਰਾਤ ਨੂੰ 11 ਵਜੇ ਪਹੁੰਚਣ ਵਾਲੀ ਗੱਡੀ 2 ਵਜੇ ਪਹੁੰਚੀ।"
ਉਨ੍ਹਾਂ ਦੱਸਿਆ, "ਸਵੇਰੇ 6 ਵਜੇ ਦਰਵਾਜੇ ਦੀ ਘੰਟੀ ਵੱਜੀ ਤਾਂ ਮੈਂ ਵੇਖਿਆ ਕਿ ਵਾਜਪਾਈ ਬੈਗ ਲੈ ਕੇ ਬਾਹਰ ਖੜ੍ਹੇ ਸਨ। ਮੈਂ ਪੁੱਛਿਆ ਕਿ ਤੁਸੀਂ ਤਾਂ ਰਾਤ ਨੂੰ ਆਉਣਾ ਸੀ।
ਉਨ੍ਹਾਂ ਨੇ ਕਿਹਾ ਕਿ ਮੈਂ ਰਾਤ ਨੂੰ ਤੁਹਾਨੂੰ ਜਗਾਉਣਾ ਠੀਕ ਨਹੀਂ ਸਮਝਿਆ ਤਾਂ ਮੈਂ ਰਾਮਲੀਲਾ ਮੈਦਾਨ ਵਿੱਚ ਜਾ ਕੇ ਸੌਂ ਗਿਆ।"

ਤਸਵੀਰ ਸਰੋਤ, Getty Images
ਵਾਜਪਾਈ ਦਾ ਡਿਜ਼ਨੀਲੈਂਡ ਟਰਿੱਪ
ਸ਼ਿਵ ਕੁਮਾਰ ਦੱਸਦੇ ਹਨ ਕਿ 69 ਸਾਲ ਦੀ ਉਮਰ 'ਚ ਵੀ ਵਾਜਪਾਈ ਡਿਜ਼ਨੀਲੈਂਡ ਦਾ ਆਨੰਦ ਮਾਣਨ ਦੇ ਸ਼ੌਕੀਨ ਸਨ।
ਆਪਣੀਆਂ ਅਮਰੀਕੀ ਯਾਤਰਾਵਾਂ ਦੌਰਾਨ ਉਹ ਅਕਸਰ ਆਪਣੇ ਧੋਤੀ-ਕੁੜਤੇ ਨੂੰ ਸੂਟਕੇਸ 'ਚ ਪਾ ਕੇ ਪੈਂਟ-ਕਮੀਜ਼ ਪਹਿਨ ਲੈਂਦੇ ਸਨ। ਆਪਣੇ ਸੁਰੱਖਿਆ ਕਰਮੀਆਂ ਲਈ ਸਾਫਟ ਡ੍ਰਿੰਕ ਤੇ ਆਈਸ ਕਰੀਮ ਖਰੀਦਦੇ ਸਨ।

ਇਹ ਵੀ ਪੜ੍ਹੋ-

ਆਪਣੀ ਦੋਹਤੀ ਨਿਹਾਰਿਕਾ ਲਈ ਖਿਡੌਣੇ ਖਰੀਦਣ ਲਈ ਉਹ ਮਸ਼ਹੂਰ ਦੁਕਾਨ ਸ਼ਵਾਰਜ਼ ਜਾਣਾ ਪਸੰਦ ਕਰਦੇ ਸਨ।
ਉਨ੍ਹਾਂ ਨੂੰ ਨਿਊ ਯਾਰਕ ਦੀਆਂ ਦੁਕਾਨਾਂ ਤੋਂ ਆਪਣੇ ਪਾਲਤੂ ਕੁੱਤਿਆਂ ਸੈਸੀ ਤੇ ਸੋਫੀ ਅਤੇ ਬਿੱਲੀ ਰਿਤੂ ਲਈ ਪੱਟੇ ਤੇ ਖਾਣ ਦਾ ਸਾਮਾਨ ਖਰੀਦਣ ਦਾ ਵੀ ਸ਼ੌਕ ਸੀ।

ਤਸਵੀਰ ਸਰੋਤ, STEPHEN JAFFE/Getty Images
ਚੰਗਾ ਖਾਣ ਦੇ ਸ਼ੌਕੀਨ
ਵਾਜਪਾਈ ਨੂੰ ਖਾਣਾ ਖਾਣ ਤੇ ਬਣਾਉਣ ਦਾ ਬਹੁਤ ਸ਼ੌਕ ਸੀ। ਮਿਠਾਈ ਉਨ੍ਹਾਂ ਦੀ ਕਮਜ਼ੋਰੀ ਸੀ, ਖਾਸ ਤੌਰ ਦੇ ਰਬੜੀ, ਖੀਰ ਤੇ ਮਾਲ੍ਹਪੂੜੇ।
ਸ਼ਕਤੀ ਸਿਨਹਾ ਦੱਸਦੇ ਹਨ, "ਜਦੋਂ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਉਨ੍ਹਾਂ ਨੂੰ ਬਹੁਤ ਲੋਕ ਮਿਲਣ ਆਉਂਦੇ ਅਤੇ ਉਨ੍ਹਾਂ ਲੋਕਾਂ ਲਈ ਸਮੋਸੇ ਤੇ ਰਸਗੁੱਲੇ ਰੱਖੇ ਜਾਂਦੇ।
ਅਸੀਂ ਸੇਵਾ ਕਰਮੀਆਂ ਨੂੰ ਖਾਸ ਤੌਰ 'ਤੇ ਕਹਿੰਦੇ ਕਿ ਉਹ ਸਾਹਬ (ਵਾਜਪਾਈ) ਸਾਹਮਣੇ ਸਮੋਸੇ ਤੇ ਰਸਗੁੱਲਿਆਂ ਦੀਆਂ ਪਲੇਟਾਂ ਨਾ ਰੱਖਣ।"
ਵਾਜਪਾਈ ਦੇ ਨਿੱਜੀ ਸਕੱਤਰ ਰਹੇ ਸ਼ਕਤੀ ਸਿਨਹਾ ਦੱਸਦੇ ਹਨ, "ਸ਼ੁਰੂ 'ਚ ਉਹ ਸ਼ਾਕਾਹਾਰੀ ਸਨ ਪਰ ਬਾਅਦ ਵਿਚ ਮਾਸਾਹਾਰੀ ਹੋ ਗਏ ਸਨ।
ਉਨ੍ਹਾਂ ਨੂੰ ਚਾਈਨੀਜ਼ ਖਾਣੇ ਦਾ ਖਾਸ ਸ਼ੌਕ ਸੀ। ਮੈਂ ਕਹਾਂਗਾ ਕਿ - ਉਹ ਨਾ ਤਾਂ ਸੰਤ ਸਨ ਤੇ ਨਾ ਹੀ ਪਾਪੀ। ਉਹ ਇੱਕ ਆਮ ਇਨਸਾਨ ਸਨ, ਇੱਕ ਨਿੱਕੇ ਨੇਕ ਦਿਲ ਦੇ ਮਾਲਕ।"
(ਸੰਘ ਦੀ ਲੀਕ 'ਤੇ ਚੱਲੇ ਸੀ ਵਾਜਪਾਈ - ਸੀਨੀਅਰ ਵਕੀਲ ਤੇ ਸਿਆਸੀ ਮਾਹਿਰ ਏ.ਜੀ. ਨੂਰਾਨੀ ਦੇ 2004 'ਚ ਫ਼ਰੰਟਲਾਈਨ ਮੈਗਜ਼ੀਨ 'ਚ ਛਪੇ ਲੇਖ ਮੁਤਾਬਕ, ''ਵਾਜਪਾਈ ਕਦੇ ਵੀ ਰਾਸ਼ਟਰੀ ਸਵੈਮ ਸੇਵਕ ਸੰਘ — ਜਿਸਨੇ ਉਨ੍ਹਾਂ ਨੂੰ ਬਣਾਇਆ ਸੀ — ਦੇ ਸਟੈਂਡ ਤੋਂ ਵੱਖ ਨਹੀਂ ਖੜੇ ਹੋਏ। ਗੁਜਰਾਤ ਦੇ ਦੰਗਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਉਨ੍ਹਾਂ ਨੇ ਕੋਈ ਖਾਸ ਚਿੰਤਾ ਜ਼ਾਹਿਰ ਨਹੀਂ ਕੀਤੀ।
ਭਾਵੇਂ ਬਾਬਰੀ ਮਸਜਿਦ ਦਾ ਮੁੱਦਾ ਹੋਵੇ ਜਾਂ ਹਿੰਦੁਤਵ ਦਾ, ਵਾਜਪਾਈ ਨੇ ਕਦੇ ਵੀ ਸੰਘ ਦੇ ਰਾਹ ਤੋਂ ਵੱਖਰਾ ਰਾਹ ਨਹੀਂ ਲਿਆ।
ਨੂਰਾਨੀ ਮੁਤਾਬਕ ਵਾਜਪਾਈ ਨੇ ਮੁਸਲਮਾਨਾਂ ਲਈ ਕਦੇ ਹਮਦਰਦੀ ਨਹੀਂ ਵਿਖਾਈ, ਇੱਕ ਵਾਰ ਵੀ ਨਹੀਂ। ਵਾਜਪਾਈ ਨੇ 2006 'ਚ ਖੁਦ ਕਿਹਾ ਸੀ ਕਿ ਮੈਂ ਇਹ ਸਾਫ ਕਰਨਾ ਚਾਹੁੰਦਾ ਹਾਂ ਕਿ ਇਹ ਸਿਰਫ ਖੱਬੇਪੱਖੀ ਕੂੜ ਪ੍ਰਚਾਰ ਹੈ ਕਿ ਮੈਂ ਤਾਂ ਨਰਮਖਿਆਲੀ ਹਾਂ ਪਰ ਮੇਰੀ ਪਾਰਟੀ ਨਹੀਂ, ਕਿ ਮੈਂ ਤਾਂ ਸੈਕੂਲਰ ਹਾਂ ਪਰ ਮੇਰੀ ਪਾਰਟੀ ਨਹੀਂ।'')
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













