ਅਟਲ ਬਿਹਾਰੀ ਵਾਜਪਾਈ ਨੇ ਕਿਵੇਂ ਖੜੀ ਕੀਤੀ ਸੀ ਭਾਜਪਾ?

ਤਸਵੀਰ ਸਰੋਤ, AFP
ਭਾਜਪਾ ਅੱਜ ਦੇਸ ਦੀ ਸਭ ਤੋਂ ਵੱਡੀ ਤੇ ਪ੍ਰਭਾਵਸ਼ਾਲੀ ਪਾਰਟੀ ਹੈ। ਭਾਜਪਾ ਦੇ ਵਿਸਥਾਰ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ, ਜਾਣਦੇ ਹਾਂ, ਭਾਜਪਾ ਬਾਰੇ 10 ਅਹਿਮ ਗੱਲਾਂ।
- ਅਟਲ ਬਿਹਾਰੀ ਵਾਜਪਈ ਤੋਂ ਬਾਅਦ ਨਰਿੰਦਰ ਮੋਦੀ ਦੀ ਨੁਮਾਇੰਦਗੀ ਵਿੱਚ ਭਾਜਪਾ ਸਭ ਤੋਂ ਵੱਧ ਤਾਕਤਵਰ ਹੋਈ।
- ਭਾਜਪਾ ਧਰਮ-ਨਿਰਪੱਖ ਦੇਸ ਵਿੱਚ ਖੁਲ੍ਹ ਕੇ ਹਿੰਦੁਤਵਾ ਦੀ ਸਿਆਸਤ ਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। 6 ਅਪ੍ਰੈਲ 1980 ਨੂੰ ਭਾਜਪਾ ਦਾ ਰਸਮੀਂ ਗਠਨ ਹੋਇਆ ਸੀ।
ਇਹ ਵੀ ਪੜ੍ਹੋ:
- ਪਹਿਲਾਂ ਇਸ ਨੂੰ ਭਾਰਤੀ ਜਨਸੰਘ ਦੇ ਰੂਪ 'ਚ ਜਾਣਿਆ ਜਾਂਦਾ ਸੀ। ਭਾਰਤੀ ਜਨਸੰਘ ਦੀ ਸਥਾਪਨਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ 1951 ਵਿੱਚ ਕੀਤੀ ਸੀ। ਅਟਲ ਬਿਹਾਰੀ ਵਾਜਪਈ ਭਾਜਪਾ ਦੇ ਪਹਿਲੇ ਪ੍ਰਧਾਨ ਬਣੇ ਸੀ। ਭਾਜਪਾ ਨੂੰ ਮਜ਼ਬੂਤ ਕਰਨ ਵਿੱਚ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਣੀ ਦੀ ਮੁੱਖ ਭੁਮਿਕਾ ਰਹੀ ਹੈ।
- ਭਾਜਪਾ ਦਾ ਚੋਣ ਚਿੰਨ੍ਹ ਕਮਲ ਦਾ ਫੁੱਲ ਹੈ। ਕਮਲ ਦੇ ਫੁੱਲ ਨੂੰ ਭਾਜਪਾ ਹਿੰਦੂ ਪਰੰਪਰਾ ਨਾਲ ਜੋੜ ਕੇ ਦੇਖਦੀ ਹੈ। 1980 ਵਿੱਚ ਭਾਜਪਾ ਬਣਨ ਤੋਂ ਬਾਅਦ ਪਾਰਟੀ ਨੇ ਪਹਿਲੀਆਂ ਆਮ ਚੋਣਾਂ 1984 ਵਿੱਚ ਲੜੀਆਂ। ਉਦੋਂ ਭਾਜਪਾ ਨੂੰ ਸਿਰਫ ਦੋ ਸੀਟਾਂ 'ਤੇ ਹੀ ਕਾਮਯਾਬੀ ਮਿਲੀ ਸੀ।

ਤਸਵੀਰ ਸਰੋਤ, Getty Images
- 1925 ਵਿੱਚ ਡਾ. ਹੈਡਗਵਾਰ ਨੇ ਰਾਸ਼ਟਰੀ ਸਵੈ ਸੇਵਕ ਸੰਘ(ਆਰਐਸਐਸ) ਦੀ ਸਥਾਪਨਾ ਕੀਤੀ ਸੀ। ਆਰਐਸਐਸ ਨੂੰ ਭਾਜਪਾ ਦਾ ਮਾਂ ਸੰਗਠਨ ਮੰਨਿਆ ਜਾਂਦਾ ਹੈ। ਭਾਜਪਾ ਦੇ ਵਧੇਰੇ ਵੱਡੇ ਨੇਤਾ ਆਰਐਸਐਸ ਨਾਲ ਜੁੜੇ ਹਨ।
- ਅਡਵਾਨੀ ਦੀ ਸੋਮਨਾਥ ਤੋਂ ਅਯੁਧਿਆ ਤੱਕ ਦੀ ਰੱਥ ਯਾਤਰਾ ਭਾਰਤੀ ਸਿਆਸਤ ਦੀ ਇੱਕ ਵੱਡੀ ਘਟਨਾ ਹੈ। ਜਦ ਮੰਡਲ ਰਾਜਨੀਤੀ ਕਾਰਨ ਹਿੰਦੂਆਂ ਵਿਚਾਲੇ ਮਤਭੇਦ ਨਜ਼ਰ ਆਇਆ ਉਸੇ ਸਮੇਂ ਅਡਵਾਨੀ ਨੇ ਅਯੁਧਿਆ ਅੰਦੋਲਨ ਨਾਲ ਧਾਰਮਿਕ ਧਰੁਵੀਕਰਨ ਨੂੰ ਮਜ਼ਬੂਤ ਕੀਤਾ। ਅਡਵਾਨੀ ਦੀ ਯਾਤਰਾ ਦੌਰਾਨ ਫਿਰਕੂ ਦੰਗੇ ਵੀ ਹੋਏ, ਪਰ ਵੀ ਪੀ ਸਿੰਘ ਦੀ ਮੰਡਲ ਰਾਜਨੀਤੀ 'ਤੇ ਅਡਵਾਨੀ ਦੀ ਇਹ ਯਾਤਰਾ ਭਾਰੀ ਪੈ ਗਈ ਸੀ।

ਤਸਵੀਰ ਸਰੋਤ, Getty Images
- 1989 ਵਿੱਚ ਭਾਜਪਾ 89 ਸੀਟਾਂ 'ਤੇ ਪਹੁੰਚ ਚੁੱਕੀ ਸੀ। ਵੀਪੀ ਸਿੰਘ ਦਾ ਕਹਿਣਾ ਸੀ ਕਿ ਜਨਤਾ ਦਲ ਦਾ ਵੋਟ ਭਾਜਪਾ ਨੂੰ ਚਲਿਆ ਗਿਆ, ਇਸ ਲਈ ਇੰਨੀਆਂ ਸੀਟਾਂ 'ਤੇ ਜਿੱਤ ਮਿਲੀ। ਹਾਲਾਂਕਿ ਇਹਨਾਂ ਚੋਣਾਂ ਵਿੱਚ ਜਨਤਾ ਦਲ ਨੂੰ ਵੀ 143 ਸੀਟਾਂ 'ਤੇ ਜਿੱਤ ਮਿਲੀ ਸੀ। ਇਹਨਾਂ ਚੋਣਾਂ ਵਿੱਚ ਕਾਂਗਰਸ ਖਿਲਾਫ ਸਾਰੀਆਂ ਸਿਆਸੀ ਪਾਰਟੀਆਂ ਨੇ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਇਸ ਵਿੱਚ ਰਾਜੀਵ ਗਾਂਧੀ ਤੇ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਸੀ।
- 6 ਦਸੰਬਰ 1992 ਨੂੰ ਅਯੁਧਿਆ ਵਿੱਚ ਬਾਬਰੀ ਮਸਜਿਦ ਢਾਈ ਗਈ। ਬਾਬਰੀ ਮਸਜਿਦ ਤੋੜਣ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਭਾਜਪਾ ਦੇ ਕਈ ਵੱਡੇ ਆਗੂਆਂ 'ਤੇ ਲੱਗਿਆ। ਇਨ੍ਹਾਂ 'ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੋਂ ਲੈ ਕੇ ਉਮਾ ਭਾਰਤੀ ਤੱਕ ਸ਼ਾਮਲ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
- 1996 ਦੀਆਂ ਚੋਣਾਂ ਵਿੱਚ ਭਾਜਪਾ ਲੋਕ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਓਦੋਂ ਭਾਰਤ ਦੇ ਰਾਸ਼ਟਰਪਤੀ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਿਆ। ਹਾਲਾਂਕਿ ਕੁਝ ਦਿਨਾਂ ਵਿੱਚ ਹੀ ਭਾਜਪਾ ਦੀ ਸਰਕਾਰ ਡਿੱਗ ਗਈ। 1998 ਵਿੱਚ ਭਾਜਪਾ ਨੇ ਮੁੜ ਆਪਣੇ ਸਹਿਯੋਗੀ ਦਲਾਂ ਨਾਲ ਮਿਲਕੇ ਕੇਂਦਰ ਵਿੱਚ ਸਰਕਾਰ ਬਣਾਈ। ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣੇ।
- ਭਾਜਪਾ ਨੇ ਫਿਰ 1999 ਵਿੱਚ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ ਬਣਾ ਕੇ ਲੋਕ ਸਭਾ ਚੋਣਾਂ ਲੜੀਆਂ। ਇਸ ਗਠਜੋੜ ਵਿੱਚ 20 ਤੋਂ ਵੱਧ ਦਲ ਸ਼ਾਮਲ ਹੋਏ। ਇਸ ਗਠਜੋੜ ਨੂੰ 294 ਸੀਟਾਂ 'ਤੇ ਜਿੱਤ ਮਿਲੀ। ਇਸ ਵਿੱਚ ਭਾਜਪਾ ਨੂੰ 182 ਸੀਟਾਂ ਹਾਸਲ ਹੋਈਆਂ ਸਨ। ਇੱਕ ਵਾਰ ਫਿਰ ਅਟਲ ਬਿਹਾਰੀ ਵਾਜਪਈ ਪ੍ਰਧਾਨਮੰਤਰੀ ਬਣੇ ਅਤੇ ਇਸ ਵਾਰ ਉਨ੍ਹਾਂ ਨੇ ਪੰਜ ਸਾਲਾਂ ਦਾ ਆਪਣਾ ਕਾਰਜਕਾਲ ਪੂਰਾ ਕੀਤਾ।

ਤਸਵੀਰ ਸਰੋਤ, Getty Images
- 2014 ਭਾਜਪਾ ਲਈ ਸਭ ਤੋਂ ਅਹਿਮ ਸਾਲ ਰਿਹਾ। ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਵਿੱਚ ਭਾਜਪਾ ਨੇ 282 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਵਾਰ ਭਾਜਪਾ ਨੂੰ ਸਰਕਾਰ ਬਣਾਉਣ ਲਈ ਕਿਸੇ ਪਾਰਟਨਰ ਦੀ ਲੋੜ ਨਹੀਂ ਪਈ। ਮੋਦੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
Skip YouTube post
Google YouTube ਸਮੱਗਰੀ ਦੀ ਇਜਾਜ਼ਤ?
ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post








