ਨਜ਼ਰੀਆ: ਖਤਰੇ ਦੀ ਕਿਸ ਘੰਟੀ ਤੋਂ ਘਬਰਾ ਰਹੀ ਹੈ ਭਾਜਪਾ?

ਤਸਵੀਰ ਸਰੋਤ, Getty Images
- ਲੇਖਕ, ਰਾਜੇਸ਼ ਪ੍ਰਿਆਦਰਸ਼ੀ
- ਰੋਲ, ਪੱਤਰਕਾਰ, ਬੀਬੀਸੀ
ਇੱਕ ਦਲਿਤ ਆਗੂ ਨੇ ਕਦੇ ਕਿਹਾ ਸੀ ਕਿ 'ਚੋਣ ਦੀ ਕੜਾਹੀ ਵਿੱਚ ਦਲਿਤਾਂ ਨੂੰ ਤੇਜ਼ਪੱਤੇ ਵਾਂਗ ਤਰ੍ਹਾਂ ਪਾਇਆ ਜ਼ਰੂਰ ਜਾਂਦਾ ਹੈ ਪਰ ਖਾਣ ਤੋਂ ਪਹਿਲਾਂ ਉਸ ਨੂੰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।'
ਦਲਿਤਾਂ ਦੇ ਹਿੱਤਾਂ-ਅਧਿਕਾਰਾਂ ਲਈ ਹੋਣ ਵਾਲੇ ਸੰਘਰਸ਼ਾਂ ਵਿੱਚ ਇਮਾਨਦਾਰੀ ਨਾਲ ਡਟੇ ਰਹਿਣ ਦੀ ਨੈਤਿਕ ਹਿੰਮਤ ਸ਼ਾਇਦ ਮਾਇਆਵਤੀ ਵਿੱਚ ਵੀ ਨਹੀਂ ਹੈ। ਰੋਹਿਤ ਵੇਮੁਲਾ, ਊਨਾ ਕਾਂਡ ਅਤੇ ਸਹਾਰਨਪੁਰ ਦੰਗਿਆਂ ਦੇ ਮਾਮਲਿਆਂ ਵਿੱਚ ਰਵੱਈਆ ਪਹਿਲਾਂ ਕਾਫ਼ੀ ਢਿੱਲਾ ਰਿਹਾ ਸੀ।
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਜਿਗਨੇਸ਼ ਮੇਵਾਣੀ ਤੇ ਚੰਦਰਸ਼ੇਖਰ ਆਜ਼ਾਦ ਵਰਗੇ ਆਗੂਆਂ ਦੀ ਪ੍ਰਸਿੱਧੀ ਨੂੰ ਦੇਖ ਕੇ ਖਤਰਾ ਸਮਝਿਆ ਅਤੇ ਦਲਿਤਾਂ ਦੇ ਮੁੱਦਿਆਂ 'ਤੇ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਕਿ ਆਪਣੇ ਗਵਾਏ ਹੋਈ 'ਨੈਤਿਕ ਅਧਾਰ' ਨੂੰ ਹਾਸਿਲ ਕੀਤਾ ਜਾ ਸਕੇ।
ਬਾਕੀ ਪਾਰਟੀਆਂ ਦੀ ਤਾਂ ਗੱਲ ਕੌਣ ਕਰੇ। ਦਲਿਤਾਂ ਨਾਲ ਹਮੇਸ਼ਾਂ ਧੱਕਾ ਹੋਇਆ ਹੈ ਅਤੇ ਉਨ੍ਹਾਂ 'ਤੇ ਹੋਣ ਵਾਲਾ ਤਸ਼ੱਦਦ ਵੀ ਨਵਾਂ ਨਹੀਂ ਹੈ।
ਦਲਿਤਾਂ ਦੀ ਹਮਾਇਤ ਵਿੱਚ ਭੁੱਖ-ਹੜਤਾਲ ਦਾ ਕਾਂਗਰਸੀ ਪੈਂਤੜਾ ਉਸ ਭਟੂਰੇ ਵਾਂਗ ਹੀ ਫੱਟ ਗਿਆ ਜੋ ਉਨ੍ਹਾਂ ਨੇ ਭਾਜਪਾ ਮੁਤਾਬਕ ਭੁੱਖ-ਹੜਤਾਲ ਤੋਂ ਪਹਿਲਾਂ ਖਾਧਾ ਸੀ ਅਤੇ ਫੋਟੋ ਵੀ ਖਿਚਵਾਈ ਸੀ। ਇਮੇਜ ਦੀ ਲੜਾਈ ਵਿੱਚ ਇੱਕ ਵਾਰ ਭਾਜਪਾ ਨੇ ਬਾਜ਼ੀ ਮਾਰ ਲਈ। ਉਂਝ ਭੁੱਖ-ਹੜਤਾਲ ਤੋਂ ਪਹਿਲਾਂ ਭਟੂਰੇ ਖਾਣ ਵਿੱਚ ਕੀ ਬੁਰਾਈ ਹੈ?
ਫਿਰ ਨਵਾਂ ਕੀ ਹੈ? ਨਵਾਂ ਇਹ ਹੈ ਕਿ ਭਾਜਪਾ ਚਾਰ ਸਾਲਾਂ ਤੋਂ ਗੰਭੀਰ ਸ਼ੰਕੇ ਤੋਂ ਲੰਘ ਰਹੀ ਹੈ।

ਤਸਵੀਰ ਸਰੋਤ, Getty Images
ਨਵੀਂ ਗੱਲ ਇਹ ਹੈ ਕਿ ਉਹ ਪੀੜ੍ਹੀ ਜੋ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਨਵਾਂ ਹੈ, ਇਹ ਗੁੱਸਾ ਅਤੇ ਇਸ ਗੁੱਸੇ ਦੇ ਨਤੀਜੇ ਤੋਂ ਪੈਦਾ ਹੋਇਆ ਡਰ। ਇਹ ਡਰ ਮਾਮੂਲੀ ਨਹੀਂ ਹੈ।
ਜੋ ਹੁਣ ਤੱਕ ਅਣਐਲਾਨਿਆ ਸੀ, 2014 ਦੀਆਂ ਆਮ ਚੋਣਾਂ ਵਿੱਚ ਉਹ ਐਲਾਨਿਆ ਗਿਆ। ਭਾਜਪਾ ਨੇ ਤੈਅ ਕੀਤਾ ਕਿ ਉਸ ਨੂੰ ਤਕਰੀਬਨ 14 ਫੀਸਦੀ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਮਿਲਦੀਆਂ, ਇਸ ਲਈ ਉਨ੍ਹਾਂ ਨੂੰ ਸੀਟਾਂ ਦੇ ਹਿਸਾਬ ਨਾਲ ਦੇਸ ਦੇ ਸਭ ਤੋਂ ਵੱਡੇ ਸੂਬੇ ਯੂਪੀ ਵਿੱਚ 80 ਵਿੱਚੋਂ ਇੱਕ ਵੀ ਟਿਕਟ ਦੇਣ ਦੀ ਲੋੜ ਨਹੀਂ ਹੈ।
'ਸਭਕਾ ਸਾਥ ਸਭਕਾ ਵਿਕਾਸ, ਸਭਕਾ 'ਮਾਇਨਸ ਮੁਸਲਮਾਨ' ਵਿਕਾਸ'
ਇਸ ਤਰ੍ਹਾਂ 'ਸਭ ਕਾ ਸਾਥ ਸਭ ਕਾ ਵਿਕਾਸ' ਵਿੱਚ ਜੋ 'ਸਭ' ਸੀ ਉਹ 'ਮਾਈਨਸ ਮੁਸਲਮਾਨ' ਹੋ ਗਿਆ।
ਭਾਜਪਾ ਨੇ ਆਪਣਾ ਧਿਆਨ ਗੈਰ-ਜਾਟਵ ਦਲਿਤ ਵੋਟਰਾਂ ਅਤੇ ਗੈਰ-ਯਾਦਵ ਓਬੀਸੀ ਵੋਟਰਾਂ 'ਤੇ ਕੇਂਦਰ ਕੀਤਾ ਅਤੇ ਇਸ ਦੇ ਚੰਗੇ ਨਤੀਜੇ ਉਸ ਨੂੰ ਮਿਲੇ।
ਸਮਾਜਿਕ ਸਰਵੇਖਣ ਕਰਨ ਵਾਲੀ ਸੰਸਥਾ ਸੀਐੱਸਡੀਐੱਸ ਨੇ ਆਪਣੇ ਇੱਕ ਸਰਵੇਖਣ ਵਿੱਚ ਦੱਸਿਆ ਕਿ '2009 ਦੀਆਂ ਲੋਕ ਸਭਾ ਚੋਣਾਂ ਵਿੱਚ ਯੂਪੀ ਵਿੱਚ ਭਾਜਪਾ ਨੂੰ ਦਲਿਤਾਂ ਦੇ 12 ਫੀਸਦੀ ਵੋਟ ਮਿਲੇ ਸਨ ਅਤੇ 2014 ਵਿੱਚ ਇਹ ਦੁੱਗਣੇ ਹੋ ਕੇ 24 ਫੀਸਦੀ ਹੋ ਗਏ। ਇਹੀ ਕਾਰਨ ਹੈ ਕਿ ਮਾਇਆਵਤੀ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ।'

ਤਸਵੀਰ ਸਰੋਤ, Getty Images
2019 ਦੀਆਂ ਚੋਣਾਂ ਵਿੱਚ 5 ਸਾਲ ਪਹਿਲਾਂ ਵਾਲੇ ਸਮੀਕਰਨ ਨਹੀਂ ਹੋਣਗੇ। ਜਿੱਥੇ ਵਿਕਾਸ ਦਾ ਨਾਅਰਾ ਧਾਰ ਗਵਾ ਚੁੱਕਿਆ ਹੈ, ਉੱਥੇ ਹੀ ਮੋਦੀ ਦੀ ਵਿਅਕਤੀਗਤ ਅਪੀਲ ਸ਼ਾਇਦ ਨੋਟਬੰਦੀ ਅਤੇ ਜੀਐੱਸਟੀ ਤੋਂ ਬਾਅਦ ਭਲੇ ਨਾ ਘਟੀ ਹੋਵੇ ਪਰ ਬੈਂਕ ਘੁਟਾਲੇ, 'ਪਕੌੜਾ ਰੁਜ਼ਗਾਰ' ਵਰਗੇ ਬਿਆਨ ਤੋਂ ਬਾਅਦ ਵਧੀ ਤਾਂ ਬਿਲਕੁੱਲ ਨਹੀਂ ਹੈ। ਮੋਦੀ ਨਾਮ ਭਾਜਪਾ ਦਾ ਅਜੇ ਤੱਕ ਸਭ ਤੋਂ ਵੱਡਾ ਸਹਾਰਾ ਰਿਹਾ ਹੈ।
ਇਸ ਦੇ ਨਾਲ ਹੀ ਜੇ ਬੀਐੱਸਪੀ-ਸਪਾ-ਕਾਂਗਰਸ ਮਿਲ ਕੇ ਚੋਣ ਲੜਦੇ ਹਨ, ਜੋ ਕਿ ਤਕਰਬੀਨ ਤੈਅ ਹੈ ਤਾਂ ਗੈਰ-ਜਾਟਵ ਦਲਿਤਾਂ ਅਤੇ ਗੈਰ-ਯਾਦਵ ਪਿਛੜਿਆਂ ਦੇ ਵੋਟ ਭਾਜਪਾ ਨੂੰ ਪਹਿਲਾਂ ਵਾਂਗ ਨਹੀਂ ਮਿਲਣ ਵਾਲੇ। ਇਹ ਫੂਲਪੁਰ ਅਤੇ ਗੋਰਖਪੁਰ ਵਿੱਚ ਦਿੱਖ ਚੁੱਕਿਆ ਹੈ।
ਹੁਣ ਕੀ ਬਦਲਦਾ ਨਜ਼ਰ ਆ ਰਿਹਾ ਹੈ?
ਪਿਛਲੇ ਸਾਲ ਜੂਨ ਵਿੱਚ ਸਹਾਰਨਪੁਰ ਵਿੱਚ ਰਾਣਾ ਪ੍ਰਤਾਪ ਜਯੰਤੀ ਦੇ ਜਲੂਸ ਦੇ ਨਾਮ 'ਤੇ ਹੋਈ ਹਿੰਸਾ ਨੂੰ ਲੈ ਕੇ ਦਲਿਤਾਂ ਵਿੱਚ ਗੁੱਸਾ ਸੀ। ਖਾਸ ਤੌਰ 'ਤੇ ਭੀਮ ਫੌਜ ਦੇ ਮੁਖੀ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਜ਼ਮਾਨਤ ਮਿਲ ਜਾਣ ਤੋਂ ਬਾਅਦ ਵੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਹੁਣ ਤੱਕ ਜੇਲ੍ਹ ਵਿੱਚ ਰੱਖੇ ਜਾਣ ਨੂੰ ਲੈ ਕੇ ਗੁੱਸਾ ਬਰਕਰਾਰ ਹੈ।
ਪਰ ਅਸਲੀ ਗੁੱਸਾ 2 ਅਪ੍ਰੈਲ ਦੇ ਭਾਰਤ ਬੰਦ ਤੋਂ ਬਾਅਦ ਭੜਕਿਆ ਹੈ। ਉੱਤਰ ਪ੍ਰਦੇਸ਼ ਅਤੇ ਮੱਧ-ਪ੍ਰਦੇਸ਼ ਦੇ ਗਵਾਲੀਅਰ ਖੇਤਰ ਵਿੱਚ ਤਕਰੀਬਨ 10 ਦਲਿਤ ਮਾਰੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਦਲਿਤਾਂ ਦੀ ਗ੍ਰਿਫ਼ਤਾਰੀ ਹੋਈ ਹੈ।

ਤਸਵੀਰ ਸਰੋਤ, BBC/pti
ਜੋ ਦੱਸਿਆ ਜਾ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਦਲਿਤ ਅਨੋਖੇ ਕਿਸਮ ਦੀ ਹਿੰਸਾ ਵਿੱਚ ਖੁਦ ਨੂੰ ਮਾਰ ਰਹੇ ਹਨ। ਆਪਣੇ ਹੀ ਘਰ ਸਾੜ ਰਹੇ ਹਨ ਅਤੇ ਇਸੇ ਜੁਰਮ ਵਿੱਚ ਜੇਲ੍ਹ ਵੀ ਜਾ ਰਹੇ ਹਨ।
ਇਹ ਅਜਿਹਾ ਮੌਕਾ ਹੈ ਜਦੋਂ ਭਾਜਪਾ ਦੀ ਘਬਰਾਹਟ ਦਿਖ ਰਹੀ ਹੈ। ਉਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਦਲਿਤਾਂ ਦੇ ਘਰ ਵਿੱਚ ਸਮਾਂ ਬਿਤਾਉਣ ਅਤੇ ਉਨ੍ਹਾਂ ਨੂੰ ਇਹ ਸਮਝਾਉਣ ਨੂੰ ਕਿਹਾ ਹੈ ਕਿ ਪਾਰਟੀ ਦਲਿਤ ਵਿਰੋਧੀ ਨਹੀਂ ਹੈ। ਸਾਜਿਸ਼ ਦੇ ਤੌਰ 'ਤੇ ਉਸ ਦੀ ਦਲਿਤ ਵਿਰੋਧੀ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਇਹ ਦੇਖੋ ਕਿ ਭਾਜਪਾ ਦੀ ਅਜਿਹੀ ਸ਼ਖਸੀਅਤ ਬਣਾਉਣ ਵਾਲੇ ਲੋਕ ਕੌਣ ਹਨ? ਸਾਵਿੱਤਰੀ ਬਾਈ ਫੂਲੇ, ਅਸ਼ੋਕ ਦੋਹਰੇ, ਛੋਟੇਲਾਲ ਖਰਵਾਰ, ਉਦਿਤ ਰਾਜ, ਡਾ. ਯਸ਼ਵੰਤ ਇਹ ਸਾਰੇ ਭਾਜਪਾ ਦੇ ਆਪਣੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਪੀਐੱਮ ਨੂੰ ਸ਼ਿਕਾਇਤ ਕੀਤੀ ਹੈ ਕਿ ਦਲਿਤਾਂ ਨਾਲ ਧੱਕੇਸ਼ਾਹੀ ਰੋਕੀ ਜਾਵੇ।
ਹੁਣ ਤੱਕ ਚੁੱਪ ਰਹੇ ਰਾਮਵਿਲਾਸ ਵੀ ਹਵਾ ਦਾ ਰੁੱਖ ਦੇਖ ਕੇ ਕਹਿ ਰਹੇ ਹਨ ਕਿ ਦਲਿਤਾਂ ਵਿੱਚ ਭਾਜਪਾ ਦੀ ਦਿੱਖ ਠੀਕ ਨਹੀਂ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਇਹ ਸਭ ਕਾਫ਼ੀ ਦਬਾਅ ਵਿੱਚ ਕਹਿਣਾ-ਕਰਨਾ ਪੈ ਰਿਹਾ ਹੈ।
ਭਾਜਪਾ ਦਾ ਰਾਹ ਮੁਸ਼ਕਿਲ ਕਰਦੇ ਦਲਿਤ
ਦਲਿਤ ਮੁਲਾਜ਼ਮਾਂ ਨੇ ਸੰਗਠਨਾਂ ਦੇ ਆਲ ਇੰਡੀਆ ਮਹਾਸੰਘ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਹੈ ਕਿ 'ਹਿੰਸਾ ਸਰਵਨ ਲੋਕ ਕਰ ਰਹੇ ਹਨ ਕਿ ਝੂਠੀਆਂ ਐੱਫ਼ਆਈਆਰ ਲਿਖ ਕੇ ਦਲਿਤਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ।'

ਤਸਵੀਰ ਸਰੋਤ, Getty Images
ਪੁਲਿਸ ਅਧਿਕਾਰੀ ਅੰਬੇਡਕਰ ਲਈ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਅਤੇ ਬੰਦ ਦੇ ਕਾਰਨ ਦਫ਼ਤਰ ਨਾ ਪਹੁੰਚ ਪਾਉਣ ਦਲਿਤ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਇਨ੍ਹਾਂ ਸਭ ਲਈ ਵੀਡਿਓ ਅਤੇ ਸਕ੍ਰੀਨਸ਼ਾਟ ਤੁਹਾਨੂੰ ਦੇਣਾ ਚਾਹੁੰਦੇ ਹਾਂ।
ਦਲਿਤ ਪਿਛਲੀਆਂ ਚੋਣਾਂ ਵਿੱਚ ਮੋਦੀ ਦੀ ਅਪੀਲ 'ਤੇ ਭਾਜਪਾ ਦੇ ਨਾਲ ਚਲੇ ਗਏ ਸਨ ਪਰ ਮੌਜੂਦਾ ਰੋਸ ਕਾਇਮ ਰਿਹਾ ਤਾਂ ਪਾਰਟੀ ਲਈ ਵੱਡੀਆਂ ਮੁਸ਼ਕਿਲਾਂ ਆ ਸਕਦੀਆਂ ਹਨ। ਇਹੀ ਕਾਰਨ ਹੈ ਕਿ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਪ੍ਰਧਾਨ ਮੰਤਰੀ ਸਾਰੇ ਕਹਿ ਚੁੱਕੇ ਹਨ ਕਿ ਸਰਕਾਰ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ।
ਇਸ ਦੇ ਬਾਵਜੂਦ ਅਜਿਹੀ ਦਿੱਖ ਇਸ ਲਈ ਬਣ ਰਹੀ ਹੈ ਕਿਉਂਕਿ ਦਲਿਤਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਦੀ ਗੱਲ ਸਰਕਾਰ ਕਰ ਤਾਂ ਰਹੀ ਹੈ ਪਰ ਉਸ ਨੇ ਐੱਸਸੀ/ਐੱਸਟੀ ਐਕਟ ਵਿੱਚ ਬਦਲਾਅ ਦਾ ਸਮੇਂ 'ਤੇ ਪੂਰਾ ਵਿਰੋਧ ਨਹੀਂ ਕੀਤਾ ਅਤੇ ਬਾਅਦ ਵਿੱਚ ਗੁੱਸਾ ਦੇਖ ਕੇ ਦੁਬਾਰਾ ਸਮੀਖਿਆ ਦੀ ਅਰਜ਼ੀ ਪਾ ਦਿੱਤੀ।
ਦਲਿਤ, ਹਿੰਸਾ ਅਤੇ ਸਰਕਾਰ
ਦੂਜੀ ਜ਼ਰੂਰੀ ਗੱਲ, ਕੀ ਤੁਹਾਨੂੰ ਯਾਦ ਹੈ ਕਿ ਕਦੇ ਕਿਸੇ ਵੱਡੇ ਆਗੂ ਨੇ ਕਿਹਾ ਹੋਵੇ ਕਿ ਦਲਿਤਾਂ 'ਤੇ ਤਸ਼ੱਦਦ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ? 'ਸਖ਼ਤ ਨਿੰਦਾ' ਲਈ ਮਸ਼ਹੂਰ ਗ੍ਰਹਿ ਮੰਤਰੀ ਨੇ ਵੀ ਬੜਾ ਨਪਿਆ-ਤੁਲਿਆ ਹੋਇਆ ਬਿਆਨ ਦਿੱਤਾ ਜਿਸ ਵਿੱਚ ਦਲਿਤਾਂ ਖਿਲਾਫ਼ ਹਿੰਸਾ ਕਰਨ ਵਾਲਿਆਂ ਦੀ ਸਖ਼ਤ ਨਿੰਦਾ ਤਾਂ ਕੀ, ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਸੀ।

ਤਸਵੀਰ ਸਰੋਤ, Getty Images
ਇਸ ਹਾਲਤ ਵਿੱਚ ਪੈਦਾ ਹੋਇਆ ਦਲਿਤ ਗੁੱਸਾ ਭਾਜਪਾ ਨੂੰ ਡੂੰਘੀ ਸੱਟ ਮਾਰ ਸਕਦਾ ਹੈ। ਹਾਲਾਂਕਿ ਪਾਰਟੀ ਨੂੰ ਉਮੀਦ ਹੈ ਕਿ ਅਗਲੀਆਂ ਚੋਣਾਂ ਤੱਕ ਸਭ ਠੰਢਾ ਹੋ ਜਾਵੇਗਾ ਪਰ ਇਹ ਉਮੀਦ ਇਸ ਲਈ ਬੇਮਾਨੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਤਾਕਤਾਂ ਪਿਛਲੇ ਚਾਰ ਸਾਲਾਂ ਵਿੱਚ ਸੜਕਾਂ 'ਤੇ ਹਥਿਆਰ ਲੈ ਕੇ ਉਤਰ ਆਈਆਂ ਹਨ ਅਤੇ ਉਨ੍ਹਾਂ ਨੂੰ ਕਿਤੇ ਵੀ ਪ੍ਰਭਾਵੀ ਤਰੀਕੇ ਨਾਲ ਨਹੀਂ ਰੋਕਿਆ ਗਿਆ ਹੈ। ਉਸ ਤੋਂ ਸ਼ੱਕ ਹੀ ਹੈ ਕਿ ਸਾਰੀਆਂ ਖਿੱਚੀਆਂ ਹੋਈਆਂ ਤਲਵਾਰਾਂ ਮਿਆਨਾਂ ਵਿੱਚ ਚਲੀਆਂ ਜਾਣਗੀਆਂ।
ਹਿੰਸਕ ਤੱਤਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਭਰੋਸੇ ਵਿੱਚ ਹਨ ਕਿ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ ਕਿਉਂਕਿ ਉਹ ਹਿੰਦੂਤਵ ਦੇ ਸਿਪਾਹੀ ਹਨ ਅਤੇ ਦੇਸ ਵਿੱਚ ਹਿੰਦੂਆਂ ਦਾ ਰਾਜ ਹੈ।
ਇਹ ਹਥਿਆਰਬੰਦ ਧੱਕੇਸ਼ਾਹੀ ਸਿਰਫ਼ ਮੁਸਲਮਾਨਾਂ ਖਿਲਾਫ਼ ਸੀਮਿਤ ਰਹੇਗੀ ਇਹ ਸੋਚਣਾ ਨਾ-ਸਮਝੀ ਹੈ। ਉਹ ਦਲਿਤਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕੇ ਹਨ।

ਤਸਵੀਰ ਸਰੋਤ, Samiratmaj Mishra/BBC
ਇਹ ਸਾਬਿਤ ਕਰਨਾ ਮੁਸ਼ਕਿਲ ਨਹੀਂ ਹੈ ਕਿ ਕਰਣੀ ਸੈਨਾ, ਹਿੰਦੂ ਯੁਵਾ ਵਾਹਿਨੀ, ਹਿੰਦੂ ਚੇਤਨਾ ਮੰਚ, ਹਿੰਦੂ ਨਵਜਾਗਰਣ ਅਤੇ ਹਿੰਦੂ ਮਹਾਸਭਾ ਵਰਗੇ ਨਾਮਧਾਰੀ ਸੰਗਠਨਾਂ ਦੇ ਸੱਦੇ 'ਤੇ ਹਮਲਾਵਰ ਸ਼ੋਭਾ ਯਾਤਰਾ ਕੱਢਣ ਵਾਲੇ ਲੋਕ ਚਾਹੇ ਭਾਗਲਪੁਰ ਵਿੱਚ ਹੋਣ, ਰੋਸੜਾ ਵਿੱਚ ਹੋਣ, ਨਵਾਦਾ ਵਿੱਚ ਹੋਣ ਜਾਂ ਗਵਾਲੀਅਰ ਵਿੱਚ ਉਹ ਸਭ ਇੱਕ ਸੂਤਰ ਵਿੱਚ ਬੰਨ੍ਹੇ ਹਨ।
ਮੁਸਲਮਾਨਾਂ ਅਤੇ ਦਲਿਤਾਂ 'ਤੇ ਸੰਗਠਿਤ ਤਰੀਕੇ ਨਾਲ ਹਮਲਾ ਕਰਨ ਵਾਲੇ ਲੋਕ ਵੱਖ-ਵੱਖ ਨਹੀਂ ਹਨ। ਉਨ੍ਹਾਂ ਵਿੱਚ ਰਾਖਵੇਂਕਰਨ ਅਤੇ ਮੁਸਲਮਾਨਾਂ ਦੇ ਕਥਿਤ ਤੁਸ਼ਟੀਕਰਨ ਨੂੰ ਲੈ ਕੇ ਗਲੇ ਤੱਕ ਜ਼ਹਿਰ ਭਰਿਆ ਗਿਆ ਹੈ। ਉਹ ਹਿੰਸਾ ਜ਼ਰੀਏ ਆਪਣੀਆਂ ਦਬੀਆਂ ਹੋਈਆਂ ਮਾਯੂਸੀਆਂ ਕੱਢ ਕੇ ਮਾਣ ਮਹਿਸੂਸ ਕਰ ਰਹੇ ਹਨ, ਦਲਿਤਾਂ ਅਤੇ ਮੁਸਲਮਾਨਾਂ ਵਿੱਚ ਡਰ ਪੈਦਾ ਕਰ ਰਹੇ ਹਨ।
ਹਿੰਦੂਆਂ ਵਿੱਚ ਅਖੀਰ ਕਿੰਨੀ ਏਕਤਾ?
ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾਂ ਤੋਂ ਇਹ ਕਹਿਣਾ ਰਿਹਾ ਹੈ ਕਿ ਉਹ 'ਸਮਾਜਿਕ ਏਕਤਾ' ਦੇ ਹਾਮੀ ਹਨ। 'ਏਕਤਾ' ਦਾ ਮਤਲਬ ਹੈ ਕਿ ਸਾਰੇ ਹਿੰਦੂ ਇੱਕ ਹਨ ਅਤੇ ਮਿਲ ਜੁਲ ਕੇ ਰਹਿਣ, ਗੈਰ ਹਿੰਦੂ ਦੁਸ਼ਮਣ ਹੋ ਸਕਦੇ ਹਨ, ਹਿੰਦੂਆਂ ਵਿੱਚ ਦੁਸ਼ਮਣੀ ਠੀਕ ਨਹੀਂ ਹੈ।
ਸਾਰੇ ਹਿੰਦੂ ਜੇ ਇੱਕ ਹਨ ਤਾਂ ਹਰ ਦੂਜੀ ਗੱਡੀ 'ਤੇ ਬ੍ਰਾਹਮਣ, ਜਾਟ, ਰਾਜਪੂਤ, ਗੁੱਜਰ ਲਿਖਿਆ ਹੋਇਆ ਸਟੀਕਰ ਕਿਉਂ ਲੱਗਿਆ ਹੈ?
ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਦੱਸਣਗੇ ਕਿ ਉਨ੍ਹਾਂ ਨੂੰ ਦਲਿਤਾਂ ਨੂੰ ਇੱਕ ਮੰਦਿਰ ਵਿੱਚ ਦਾਖਲਾ ਦਿਵਾਉਣ ਦੀ ਕੋਸ਼ਿਸ਼ ਵਿੱਚ ਹਿੰਦੂ ਭੀੜ ਦੇ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਕਿਉਂ ਭਰਤੀ ਹੋਣਾ ਪਿਆ ਸੀ?

ਤਸਵੀਰ ਸਰੋਤ, Samiratmaj Mishra/BBC
ਦਲਿਤਾਂ ਲਈ ਇਹ ਭੁੱਲਣਾ ਸੌਖਾ ਨਹੀਂ ਹੈ ਕਿ ਯੂਪੀ ਦੇ ਮੁੱਖ ਮੰਤਰੀ ਨੇ ਮੁਲਾਕਾਤ ਤੋਂ ਪਹਿਲਾਂ ਦਲਿਤਾਂ ਨੂੰ ਨਹਾ ਕੇ ਆਉਣ ਲਈ ਕਿਹਾ ਸੀ ਅਤੇ ਸਾਬਣ ਦੀਆਂ ਟਿੱਕੀਆਂ ਵੰਡਾਈਆਂ ਸਨ।
ਦਲਿਤਾਂ ਨੂੰ ਪਤਾ ਹੈ ਕਿ ਉਹ ਉੱਥੇ ਨਹੀਂ ਹਨ ਜਿੱਥੇ ਫੈਸਲੇ ਲਏ ਜਾਂਦੇ ਹਨ। ਉਹ ਰਾਸ਼ਟਰਪਤੀ ਬਣ ਸਕਦੇ ਹਨ ਪਰ ਜੇ ਭਾਜਪਾ ਦੀ ਸਾਈਟ ਨੂੰ ਦੇਖੀਏ ਕਿੰਨੇ ਦਲਿਤ ਆਗੂ ਹਨ, ਦੋ ਜਾਂ ਤਿੰਨ?
ਹੁਣ ਆਰਐੱਸਐੱਸ ਅਤੇ ਭਾਜਪਾ ਦੇ ਸਾਹਮਣੇ ਏਕਤਾ ਦੇ ਬੁਲਬੁਲੇ ਨੂੰ ਫਟਣ ਤੋਂ ਬਚਾਉਣ ਦੀ ਚੁਣੌਤੀ ਹੈ। ਜੋ ਲੋਕ ਰਾਖਵਾਂਕਰਨ ਖੋਹਣ ਦੇ ਖਦਸ਼ੇ ਤੋਂ ਬੇਚੈਨ ਹਨ ਅਤੇ ਜੋ ਉਸ ਦੇ ਖ਼ਿਲਾਫ਼ ਗੁੱਸੇ ਨਾਲ ਭਰੇ ਹੋਏ ਹਨ, ਉਨ੍ਹਾਂ ਨੂੰ ਹਿੰਸਾ ਦੀ ਫੁੱਟਦੀ ਚੰਗਿਆੜੀ ਵਿਚਾਲੇ ਇਕੱਠੇ ਰੱਖਣਾ ਬਹੁਤ ਮੁਸ਼ਕਿਲ ਹੋਵੇਗਾ।
'ਏਕਤਾ' ਦੇ ਬਿਨਾਂ ਸੱਤਾ ਦੇ ਸੁਰ-ਤਾਲ ਦੀ ਬਰਾਬਰੀ ਭਾਜਪਾ ਨਹੀਂ ਕਰ ਸਕੇਗੀ ਕਿਉਂਕਿ ਦੇਸ ਵਿੱਚ ਤਕਰੀਬਨ 16 ਫੀਸਦੀ ਦਲਿਤ ਹਨ। ਦਲਿਤਾਂ ਅਤੇ ਮੁਸਲਮਾਨਾਂ ਨੂੰ ਕੱਢ ਦਿੱਤਾ ਜਾਵੇ ਤਾਂ ਭਾਜਪਾ ਸਿਰਕੱਢ 70 ਫੀਸਦੀ ਵੋਟਰਾਂ ਵਿੱਚ ਹੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰੇਗੀ ਅਤੇ ਇਹ ਜਿੱਤ ਪੱਕੀ ਕਰਨ ਲਈ ਕਾਫ਼ੀ ਮੁਸ਼ਕਿਲ ਹੈ।
ਹਿੰਸਾ ਉਹ ਨੌਬਤ ਪੈਦਾ ਕਰ ਸਕਦੀ ਹੈ ਜਦੋਂ ਭਾਜਪਾ ਕਿਸੇ ਇੱਕ ਵੱਲ ਝੁਕਦੀ ਨਜ਼ਰ ਆਵੇ। ਦਲਿਤ ਉਸ ਦੀ ਨੀਯਤ 'ਤੇ ਪਹਿਲਾਂ ਹੀ ਸ਼ੱਕ ਕਰਨ ਲੱਗੇ ਹਨ। ਜੇ ਉਸ ਨੇ ਦਲਿਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਨਾਲ ਖਾਣ ਤੋਂ ਇਲਾਵਾ ਕੁਝ ਵੀ ਕੀਤਾ ਹੈ ਤਾਂ ਅਗਲੇ ਵੋਟਰਾਂ ਦੇ ਭੜਕਣ ਦਾ ਡਰ ਬਣਿਆ ਰਹੇਗਾ।
ਇਹੀ ਕਾਰਨ ਹੈ ਕਿ ਪਾਰਟੀ ਦਲਿਤਾਂ ਦੇ ਨਾਲ ਖਾਣ-ਪੀਣ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਅਗੜੇ ਵੋਟਰਾਂ ਨੂੰ ਨਾਰਾਜ਼ ਕੀਤੇ ਬਿਨਾਂ। ਇਹ ਕਦੋਂ ਤੱਕ ਨਿਭੇਗਾ ਕਿਸੇ ਨੂੰ ਨਹੀਂ ਪਤਾ।












