ਰਾਹੁਲ ਗਾਂਧੀ ਜਿਹੜੀ ਵਾਇਨਾਡ ਸੀਟ ਤੋਂ ਲੜ ਰਹੇ ਹਨ ਉੱਥੇ ਹਿੰਦੂ ਜ਼ਿਆਦਾ ਹਨ ਜਾਂ ਮੁਸਲਮਾਨ? : ਫੈਕਟ ਚੈੱਕ

ਕਾਂਗਰਸ

ਤਸਵੀਰ ਸਰੋਤ, Twitter@INCIndia

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਵੀਰਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।

ਵੀਰਵਾਰ ਨੂੰ ਜਦੋਂ ਉਹ ਆਪਣੀ ਭੈਣ ਪ੍ਰਿੰਅਕਾ ਗਾਂਧੀ ਨਾਲ ਕਾਗਜ਼ ਦਾਖ਼ਲ ਕਰਨ ਗਏ ਤਾਂ ਟਵਿੱਟਰ 'ਤੇ #RahulTharangam (ਰਾਹੁਲ ਦੀ ਲਹਿਰ) ਟਰੈਂਡ ਕਰ ਰਿਹਾ ਸੀ।

ਪਿਛਲੇ ਹਫ਼ਤੇ ਕਾਂਗਰਸ ਪਾਰਟੀ ਨੇ ਇਸ ਦਾ ਅਧਿਕਾਰਤ ਐਲਾਨ ਕੀਤਾ ਸੀ ਕਿ 'ਗਾਂਧੀ ਪਰਿਵਾਰ ਦੀ ਰਵਾਇਤੀ ਸੀਟ' ਅਮੇਠੀ (ਯੂਪੀ) ਤੋਂ ਇਲਾਵਾ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜਨਗੇ।

ਕਾਂਗਰਸ

ਤਸਵੀਰ ਸਰੋਤ, Twitter@INCIndia

ਕਾਗਜ਼ ਦਾਖ਼ਲ ਕਰਨ ਸਮੇਂ ਰਾਹੁਲ ਗਾਂਧੀ ਨੇ ਕਿਹਾ, ''ਮੈਂ ਦੱਖਣੀ ਭਾਰਤ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇਹੀ ਵਜ੍ਹਾ ਹੈ ਕਿ ਮੈਂ ਕੇਰਲ ਤੋਂ ਚੋਣ ਲੜਨ ਦਾ ਫੈਸਲਾ ਲਿਆ।"

ਰਾਹੁਲ ਉੱਤਰ ਪ੍ਰਦੇਸ਼ ਦੇ ਅਮੇਠੀ ਲੋਕ ਸਭਾ ਤੋਂ ਤਿੰਨ ਵਾਰ ਸਾਂਸਦ ਚੁਣੇ ਗਏ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ।

ਕਾਂਗਰਸੀ ਵਰਕਰ ਇਸ ਫੈਸਲੇ ਤੋਂ ਖ਼ੁਸ਼ ਨਜ਼ਰ ਆ ਰਹੇ ਹਨ ਅਤੇ ਪਾਰਟੀ ਦਾਅਵਾ ਕਰ ਰਹੀ ਹੈ ਕਿ ਦੱਖਣੀ ਭਾਰਤ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇ ਇਸ ਲਈ ਰਾਹੁਲ ਗਾਂਧੀ ਨੇ ਇਹ ਫ਼ੈਸਲਾ ਲਿਆ ਹੈ।

ਕਾਂਗਰਸ

ਤਸਵੀਰ ਸਰੋਤ, Twitter@INCINDIA

ਹਾਲਾਂਕਿ, ਸੱਤਾਧਾਰੀ ਭਾਜਪਾ ਇਸਨੂੰ 'ਡਰਦੇ ਮਾਰੇ ਲਿਆ ਫੈਸਲਾ' ਦੱਸ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਕਹਿ ਚੁੱਕੇ ਹਨ ਕਿ ਰਾਹੁਲ ਗਾਂਧੀ ਡਰ ਕੇ ਭੱਜ ਰਹੇ ਹਨ।

ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ ਵਰਧਾ ਵਿੱਚ ਹੋਏ ਚੋਣ ਜਲਸੇ ਵਿੱਚ 'ਧਰਮ ਦੇ ਅਧਾਰ' 'ਤੇ ਰਾਹੁਲ ਗਾਂਧੀ ਦੇ ਫੈਸਲੇ 'ਤੇ ਤੰਜ਼ ਕੱਸਿਆ ਸੀ ਅਤੇ ਉਹ ਇਸ ਫੈਸਲੇ 'ਤੇ ਸਵਾਲ ਖੜ੍ਹੇ ਕਰ ਚੁਕੇ ਹਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਦੱਖਣ ਪੰਥੀ ਰੁਝਾਨ ਵਾਲੇ ਟਵਿੱਟਰ ਯੂਜ਼ਰਾਂ ਅਤੇ ਫੇਸਬੁੱਕ ਗਰੁੱਪਾਂ ਵਿੱਚ ਸ਼ਾਮਿਲ ਕੁਝ ਲੋਕ ਟੀਵੀ ਰਿਪੋਰਟਾਂ ਦੇ ਹਵਾਲੇ ਨਾਲ ਇਹ ਲਿਖ ਰਹੇ ਹਨ, ''ਵਾਇਨਾਡ ਵਿੱਚ ਮੁਸਲਮਾਨਾਂ ਦੀ ਗਿਣਤੀ ਹਿੰਦੂਆਂ ਤੋਂ ਵਧੇਰੇ ਹੈ, ਇਸ ਕਾਰਨ ਰਾਹੁਲ ਗਾਂਧੀ ਉੱਥੋਂ ਚੋਣ ਲੜ ਰਹੇ ਹਨ।''

ਸੋਸ਼ਲ ਮੀਡੀਆ 'ਤੇ ਇੱਕ ਧੜਾ ਅਜਿਹਾ ਵੀ ਹੈ ਜੋ ਦੱਖਣ ਪੰਥੀਆਂ ਦੇ ਇਸ ਤਰਕ ਤੋਂ ਅਸਹਿਮਤ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਵਾਇਨਾਡ ਸੰਸਦੀ ਖ਼ੇਤਰ ਵਿੱਚ ਮੁਸਲਮਾਨਾਂ ਅਤੇ ਈਸਾਈਆਂ ਦੀ ਅਬਾਦੀ ਹਿੰਦੂਆਂ ਤੋਂ ਘੱਟ ਹੈ।

ਇਸ ਸਬੰਧੀ ਅਸੀਂ ਸੋਸ਼ਲ ਮੀਡੀਆ 'ਤੇ ਦਿਖ ਰਹੇ ਦੋਵਾਂ ਪਾਸਿਆਂ ਦੇ ਦਾਅਵਿਆਂ ਦੀ ਪੜਤਾਲ ਕੀਤੀ।

ਸੋਸ਼ਲ ਮੀਡੀਆ

ਤਸਵੀਰ ਸਰੋਤ, SM VIRAL POST

ਪਹਿਲਾ ਦਾਅਵਾ -

ਵਾਇਨਾਡ ਸੀਟ 'ਚ ਹਿੰਦੂਆਂ ਦੀ ਆਬਾਦੀ ਸਭ ਤੋਂ ਵੱਧ ਹੈ

ਫ਼ੈਕਟ-

ਸੋਸ਼ਲ ਮੀਡੀਆ 'ਤੇ ਜੋ ਲੋਕ ਵਾਇਨਾਡ ਸੰਸਦੀ ਖ਼ੇਤਰ 'ਚ ਹਿੰਦੂਆਂ ਦੀ ਗਿਣਤੀ ਕ਼ਰੀਬ 50 ਫ਼ੀਸਦੀ ਦੱਸ ਰਹੇ ਹਨ, ਉਹ ਦਰਅਸਲ ਵਾਇਨਾਡ ਜ਼ਿਲ੍ਹੇ ਦੀ ਗਿਣਤੀ ਦਾ ਅੰਕੜਾ ਸਾਂਝਾ ਕਰ ਰਹੇ ਹਨ।

ਲੋਕ ਵਾਇਨਾਡ ਜ਼ਿਲ੍ਹੇ ਅਤੇ ਵਾਇਨਾਡ ਲੋਕਸਭਾ ਸੀਟ ਵਿਚਾਲੇ ਫ਼ਰਕ ਨਹੀਂ ਕਰ ਰਹੇ।

ਸੋਸ਼ਲ ਮੀਡੀਆ

ਤਸਵੀਰ ਸਰੋਤ, SM VIRAL POST

ਤਸਵੀਰ ਕੈਪਸ਼ਨ, ਇੱਕ ਯੂਜ਼ਰ ਨੇ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੂੰ ਟੈਗ ਕਰਕੇ ਇਹ ਟਵੀਟ ਲਿਖਿਆ। ਟਵੀਟ 'ਚ ਵਰਤਿਆ ਗਿਆ ਅੰਕੜਾ ਵਾਇਨਾਡ ਜ਼ਿਲ੍ਹੇ ਦੀ ਗਿਣਤੀ ਦਾ ਹੈ।

ਇਨ੍ਹਾਂ ਲੋਕਾਂ ਨੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ 2011 ਦੀ ਜਨਸੰਖਿਆ ਦੇ ਅੰਕੜਿਆਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

ਇਸ ਅੰਕੜੇ ਅਨੁਸਾਰ ਵਾਇਨਾਡ ਜ਼ਿਲ੍ਹੇ 'ਚ ਹਿੰਦੂਆਂ ਦੀ ਆਬਾਦੀ ਮੁਸਲਮਾਨਾਂ ਤੋਂ ਕਾਫ਼ੀ ਜ਼ਿਆਦਾ ਦਰਜ ਕੀਤੀ ਗਈ ਸੀ।

ਸਾਲ 2011 ਤੱਕ ਵਾਇਨਾਡ ਜ਼ਿਲ੍ਹੇ ਦੇ ਕਰੀਬ 50 ਫ਼ੀਸਦੀ ਹਿੰਦੂ ਅਤੇ ਕਰੀਬ 30 ਫ਼ੀਸਦੀ ਮੁਸਲਿਮ ਆਬਾਦੀ ਸੀ।

ਪਰ ਵਾਇਨਾਡ ਜ਼ਿਲ੍ਹੇ ਦੇ ਜਨਸੰਖਿਆ ਨੂੰ ਵਾਇਨਾਡ ਸੰਸਦੀ ਖ਼ੇਤਰ ਦੇ ਵੋਟਰਾਂ ਦੀ ਗਿਣਤੀ ਦੇ ਤੌਰ 'ਤੇ ਦੱਸਿਆ ਗ਼ਲਤ ਹੈ।

ਇਹ ਵੀ ਜ਼ਰੂਰ ਪੜ੍ਹੋ:

ਦੂਜਾ ਦਾਅਵਾ -

ਵਾਇਨਾਡ 'ਚ ਮੱਲਾਪੁਰਮ ਜ਼ਿਲ੍ਹੇ ਦੇ ਕਾਰਨ ਮੁਸਲਿਮ ਵੋਟਰਾਂ ਦੀ ਗਿਣਤੀ 50 ਫ਼ੀਸਦੀ ਤੋਂ ਵੱਧ

ਇਸ ਦਾਅਵੇ ਨੂੰ ਸਹੀ ਸਾਬਿਤ ਕਰਨ ਲਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਨੰਬਰ ਸ਼ੇਅਰ ਕੀਤੇ ਹਨ ਜਿਸ 'ਚ ਵਾਇਨਾਡ ਸੰਸਦੀ ਖ਼ੇਤਰ 'ਚ ਮੁਸਲਮਾਨਾਂ ਦੀ ਆਬਾਦੀ 50 ਫ਼ੀਸਦੀ ਤੋਂ 60 ਫ਼ੀਸਦੀ ਦੇ ਵਿਚਾਲੇ ਦੱਸੀ ਗਈ ਹੈ।

ਲੋਕਾਂ ਨੇ ਲਿਖਿਆ ਹੈ ਕਿ ਵਾਇਨਾਡ ਲੋਕਸਭਾ ਸੀਟ 'ਚ ਮੁਸਲਮਾਨਾਂ ਦੀ ਵੱਧ ਗਿਣਤੀ ਵਾਲੇ ਮੱਲਾਪੁਰਮ ਜ਼ਿਲ੍ਹੇ ਦਾ ਕਾਫ਼ੀ ਵੱਡਾ ਇਲਾਕਾ ਪੈਂਦਾ ਹੈ। ਇਸ ਕਾਰਨ ਵਾਇਨਾਡ ਸੰਸਦੀ ਖ਼ੇਤਰ 'ਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ।

ਫ਼ੈਕਟ -

ਸਾਲ 2009 'ਚ ਉੱਤਰੀ ਕੇਰਲ ਦੀ ਵਾਇਨਾਡ ਲੋਕਸਭਾ ਸੀਟ ਹੋਂਦ 'ਚ ਆਈ ਸੂਬੇ ਦੇ ਤਿੰਨ ਜ਼ਿਲ੍ਹਿਆਂ - ਕੋਜ਼ੀਕੋਡ, ਮੱਲਾਪੁਰਮ ਅਤੇ ਵਾਇਨਾਡ ਨੂੰ ਮਿਲਾ ਕੇ ਬਣਾਈ ਗਈ ਸੀ।

  • ਕੋਜ਼ੀਕੋਡ ਜ਼ਿਲ੍ਹੇ 'ਚ ਪੈਂਦੀਆਂ 13 ਵਿਧਾਨਸਭਾ ਸੀਟਾਂ ਵਿੱਚੋ ਸਿਰਫ਼ ਇੱਕ ਵਿਧਾਨਸਭਾ ਸੀਟ ਦਾ ਇਲਾਕਾ ਵਾਇਨਾਡ ਲੋਕਸਭਾ ਸੀਟ 'ਚ ਪੈਂਦਾ ਹੈ।
  • ਵਾਇਨਾਡ ਜ਼ਿਲ੍ਹੇ ਦੀਆਂ ਤਿੰਨੇ ਵਿਧਾਨਸਭਾ ਸੀਟਾਂ ਦਾ ਇਲਾਕਾ ਵਾਇਨਾਡ ਲੋਕਸਭਾ ਸੀਟ 'ਚ ਪੈਂਦਾ ਹੈ।
  • ਮੱਲਾਪੁਰਮ ਜ਼ਿਲ੍ਹੇ ਦੀਆਂ 16 ਵਿੱਚੋਂ ਸਿਰਫ਼ 3 ਵਿਧਾਨਸਭਾ ਸੀਟਾਂ ਦਾ ਇਲਾਕਾ ਹੀ ਵਾਇਨਾਡ ਲੋਕਸਭਾ ਸੀਟ ਵਿੱਚ ਸ਼ਾਮਿਲ ਹੈ।
ਸੋਸ਼ਲ ਮੀਡੀਆ

ਤਸਵੀਰ ਸਰੋਤ, SM Viral Post

ਸਾਲ 2011 'ਚ ਮੱਲਾਪੁਰਮ ਜ਼ਿਲ੍ਹੇ 'ਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਤੋਂ ਕਾਫ਼ੀ ਜ਼ਿਆਦਾ ਦਰਜ ਕੀਤੀ ਗਈ ਸੀ।

ਸਰਕਾਰੀ ਅੰਕੜੇ ਮੁਤਾਬਕ ਇਸ ਜ਼ਿਲ੍ਹੇ 'ਚ ਕਰੀਬ 74 ਫ਼ੀਸਦੀ ਮੁਸਲਮਾਨ ਅਤੇ ਕਰੀਬ 24 ਫ਼ੀਸਦੀ ਹਿੰਦੂ ਰਹਿੰਦੇ ਹਨ।

ਪਰ ਮੱਲਾਪੁਰਮ ਜ਼ਿਲ੍ਹੇ ਦਾ ਇੱਕ ਚੋਥਾਈ ਇਲਾਕਾ ਹੀ ਵਾਇਨਾਡ ਲੋਕਸਭਾ ਸੀਟ ਨਾਲ ਜੁੜਿਆ ਹੋਇਆ ਹੈ।

ਵਾਇਨਾਡ ਲੋਕਸਭਾ ਸੀਟ 'ਚ ਪੈਂਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਜੇ ਜੋੜਿਆ ਜਾਵੇ ਤਾਂ ਇੱਥੇ 13,25,788 ਵੋਟਰ ਹਨ।

ਰਜਿਸਟਰਡ ਵੋਟਰਾਂ ਦੀ ਇਹ ਗਿਣਤੀ ਇਸ ਖ਼ੇਤਰ 'ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਤੋਂ ਕਾਫ਼ੀ ਘੱਟ ਹੈ।

ਕਾਂਗਰਸ

ਤਸਵੀਰ ਸਰੋਤ, Getty Images

ਕੇਰਲ ਦੇ ਚੋਣ ਕਮਿਸ਼ਨ ਮੁਤਾਬਕ ਵਾਇਨਾਡ ਸੀਟ 'ਤੇ 2014 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਲਗਭਗ 75,000 ਨਵੇਂ ਵੋਟਰ ਜੁੜੇ ਹਨ।

ਪਰ ਇਨ੍ਹਾਂ ਵਿੱਚੋਂ ਹਿੰਦੂ ਵੋਟਰ ਕਿੰਨੇ ਹਨ ਅਤੇ ਮੁਸਲਿਮ ਵੋਟਰ ਕਿੰਨੇ? ਇਸਦਾ ਕੋਈ ਅਧਿਕਾਰਿਕ ਅੰਕੜਾ ਚੋਣ ਕਮਿਸ਼ਨ ਕੋਲ ਨਹੀਂ ਹੈ।

'ਵੋਟਰਾਂ ਦੇ ਧਰਮ ਦਾ ਹਿਸਾਬ ਨਹੀਂ'

ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ, ''2014 ਦੀਆਂ ਲੋਕਸਭਾ ਚੋਣਾਂ 'ਚ ਵਾਇਨਾਡ ਸੰਸਦੀ ਖ਼ੇਤਰ 'ਚ ਰਜਿਸਟਰਡ ਵੋਟਰਾਂ ਦੀ ਗਿਣਤੀ 12,47,326 ਸੀ। ਹੁਣ ਇਹ ਵੱਧ ਗਈ ਹੈ।''

''ਪਰ ਇਨ੍ਹਾਂ ਵਿੱਚੋਂ ਕਿੰਨੇ ਵੋਟਰ ਹਿੰਦੂ ਹਨ ਅਤੇ ਕਿੰਨੇ ਮੁਸਲਮਾਨ, ਚੋਣ ਕਮਿਸ਼ਨ ਇਸਦਾ ਹਿਸਾਬ ਨਹੀਂ ਰਖਦਾ।''

ਕਾਂਗਰਸ

ਤਸਵੀਰ ਸਰੋਤ, Getty Images

'ਦੋਵਾਂ ਦੀ ਬਰਾਬਰ ਆਬਾਦੀ'

'ਡੇਟਾ ਨੇਟ' ਨਾਂ ਦੀ ਇੱਕ ਨਿੱਜੀ ਵੈੱਬਸਾਈਟ ਨੇ ਧਰਮ ਦੇ ਆਧਾਰ 'ਤੇ ਭਾਰਤ ਦੇ ਵੱਖ-ਵੱਖ ਸੰਸਦੀ ਖ਼ੇਤਰਾਂ ਦਾ ਡੇਟਾ ਤਿਆਰ ਕੀਤਾ ਹੈ।

ਡਾਕਟਰ ਆਰਕੇ ਠਕਰਾਲ ਇਸ ਵੈੱਬਸਾਈਟ ਦੇ ਡਾਇਰੈਕਟਰ ਹਨ ਜੋ 'ਇਲੈਕਸ਼ਨ ਐਟਲਸ ਆਫ਼ ਇੰਡੀਆ' ਨਾਂ ਦੀ ਇੱਕ ਕਿਤਾਬ ਵੀ ਲਿਖ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ ਕਿ ਸਾਲ 2001 ਅਤੇ 2011 ਦੀ ਜਨਸੰਖਿਆ ਦੇ ਅੰਕੜੇ, ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ 2008 ਦੀ ਪਰਿਸੀਮਨ ਰਿਪੋਰਟ ਅਤੇ ਪਿੰਡਾ ਦੇ ਪੱਧਰ 'ਤੇ ਜਾਰੀ ਕੀਤੀ ਗਈ ਵੋਟਰ ਲਿਸਟ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਇਹ ਡੇਟਾ ਤਿਆਰ ਕੀਤਾ ਹੈ।

ਕਾਂਗਰਸ

ਤਸਵੀਰ ਸਰੋਤ, Getty Images

ਠਕਰਾਲ ਨੇ ਦੱਸਿਆ ਕਿ ਬਹੁਤੀ ਪੇਂਡੂ ਆਬਾਦੀ ਵਾਲੇ ਵਾਇਨਾਡ ਲੋਕਸਭਾ ਖ਼ੇਤਰ 'ਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਆਬਾਦੀ ਲਗਭਗ ਬਰਾਬਰ ਹੈ।

ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਇਸ ਲੋਕਸਭਾ ਖ਼ੇਤਰ 'ਚ ਹਿੰਦੂ ਅਤੇ ਮੁਸਲਮਾਨ, ਦੋਵੇਂ ਹੀ 40-45 ਫ਼ੀਸਦੀ ਦੇ ਵਿਚਾਲੇ ਹਨ ਅਤੇ 15 ਫ਼ੀਸਦੀ ਤੋਂ ਜ਼ਿਆਦਾ ਇਸਾਈ ਭਾਈਚਾਰੇ ਦੇ ਲੋਕ ਹਨ।

(ਇਸ ਨਿੱਜੀ ਵੈੱਬਸਾਈਟ ਦੇ ਅੰਕੜਿਆਂ ਦੀ ਚੋਣ ਕਮਿਸ਼ਨ ਪੁਸ਼ਟੀ ਨਹੀਂ ਕਰਦਾ ਹੈ ਅਤੇ ਬੀਬੀਸੀ ਨੇ ਵੀ ਸਵਤੰਤਰ ਰੂਪ ਨਾਲ ਇਸਦੀ ਜਾਂਚ ਨਹੀਂ ਕੀਤੀ ਹੈ।)

ਵਾਇਨਾਡ 'ਚ ਕਿਸਦੀ ਟੱਕਰ?

ਸਾਲ 2009 ਅਤੇ 2014 ਦੀਆਂ ਲੋਕਸਭਾ ਚੋਣਾਂ ਦੇ ਨਤੀਜਿਆਂ 'ਤੇ ਨਜ਼ਾਰ ਮਾਰੀਏ ਤਾਂ ਵਾਇਨਾਡ 'ਚ ਕਾਂਗਰਸ ਪਾਰਟੀ ਦੀ ਟੱਕਰ ਕਮਊਨਿਸਟ ਪਾਰਟੀ ਆਫ਼ ਇੰਡੀਆਂ ਨਾਲ ਰਹੀ ਹੈ।

ਵਾਇਨਾਡ ਲੋਕਸਭਾ ਸੀਟ ਕੇਰਲ ਦੇ 20 ਸੰਸਦੀ ਖ਼ੇਤਰਾਂ ਵਿੱਚੋਂ ਇੱਕ ਹੈ ਜਿਸਨੂੰ ਸਾਲ 2009 'ਚ ਕੁੱਲ 7 ਵਿਧਾਨਸਭਾ ਸੀਟਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ।

ਇਹ ਵੀ ਜ਼ਰੂਰ ਪੜ੍ਹੋ

ਵਾਇਨਾਡ ਸੀਟ ਦੇ ਕੁਝ ਹਿੱਸੇ ਤਾਮਿਲਨਾਡੂ ਅਤੇ ਕਰਨਾਟਕ ਦੀ ਸਰਹੱਦ ਨਾਲ ਲਗਦੇ ਹਨ।

ਵਾਇਨਾਡ ਜ਼ਿਲ੍ਹਾ ਕੇਰਲ 'ਚ ਸਭ ਤੋਂ ਵੱਧ ਜਨ-ਜਾਤੀ ਆਬਾਦੀ ਵਾਲਾ ਮੰਨਿਆ ਜਾਂਦਾ ਹੈ।

ਇਸਦਾ ਅਸਰ ਵਾਇਨਾਡ ਲੋਕਸਭਾ ਖ਼ੇਤਰ 'ਤੇ ਵੀ ਦਿਖਦਾ ਹੈ ਜਿਸ 'ਚ 90 ਫ਼ੀਸਦੀ ਤੋਂ ਵੱਧ ਪੇਂਡੂ ਆਬਾਦੀ ਹੈ।

ਵਾਇਨਾਡ ਲੋਕਸਭਾ ਖ਼ੇਤਰ 'ਚ 80 ਤੋਂ ਜ਼ਿਆਦਾ ਪਿੰਡ ਅਤੇ ਸਿਰਫ਼ 4 ਕਸਬੇ ਹਨ।

ਚੋਣ ਕਮਿਸ਼ਨ ਦੇ ਅਨੁਸਾਰ 2014 ਦੀਆਂ ਲੋਕਸਭਾ ਚੋਣਾਂ 'ਚ 9,14,226 ਵੋਟਾਂ (73.29 ਫ਼ੀਸਦੀ ਵੋਟਿੰਗ) ਪਈਆਂ ਸਨ ਜਿਨ੍ਹਾਂ ਵਿੱਚੋ 3,77,035 (41.20 ਫ਼ੀਸਦੀ) ਵੋਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਸਨ। ਉਧਰ ਦੂਜੇ ਨੰਬਰ 'ਤੇ ਰਹੀਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੂੰ 3,56,165 (39.39 ਫ਼ੀਸਦੀ) ਵੋਟਾਂ ਮਿਲੀਆਂ ਸਨ।

2014 'ਚ ਜਦੋਂ ਭਾਜਪਾ ਨੇ ਦੇਸ਼ ਦੇ ਬਾਕੀ ਹਿੱਸਿਆਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਉਦੋਂ ਵਾਇਨਾਡ 'ਚ ਭਾਜਪਾ ਨੂੰ ਕਰੀਬ 80 ਹਜ਼ਾਰ ਵੋਟ ਮਿਲੇ ਸਨ ਅਤੇ ਪਾਰਟੀ ਤੀਜੇ ਨੰਬਰ 'ਤੇ ਰਹੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)