ਇਨ੍ਹਾਂ ਪਾਕਿਸਤਾਨੀਆਂ ਲਈ ਵਾਜਪਾਈ ਮਹਾਨ ਸਿਆਸਦਾਨ ਕਿਉਂ ?

ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਮੁਸ਼ਾਹਿਦ ਹੁਸੈਨ ਸਈਅਦ ਨੇ ਲਾਹੌਰ ਵਿਚ ਬੀਬੀਸੀ ਨੂੰ ਦੱਸਿਆ ਕਿ ਜਦੋਂ 1999 ਵਿਚ ਨਵਾਜ਼ ਸ਼ਰੀਫ ਦੇ ਸੱਦੇ 'ਤੇ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਆਏ ਤਾਂ ਉਨ੍ਹਾਂ ਨੂੰ ਮੀਨਾਰ-ਏ-ਪਾਕਿਸਤਾਨ ਲੈ ਜਾਣਾ ਸੀ।
"ਅਸੀਂ ਉਨ੍ਹਾਂ (ਵਾਜਪਾਈ) ਨੂੰ ਕਿਹਾ ਕਿ ਇਹ ਬਹੁਤ ਵੱਡਾ ਕਦਮ ਹੈ ਕਿ ਤੁਸੀਂ ਉੱਥੇ ਜਾਓਗੇ ਜਿੱਥੇ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਦੀ ਨੀਂਹ ਰੱਖੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਦਾ ਭਾਰਤ ਵਿਚ ਕੁਝ ਲੋਕ ਵਿਰੋਧ ਵੀ ਕਰਨਗੇ, 'ਪਰ ਇਹ ਜ਼ਰੂਰੀ ਹੈ ਕਿ ਮੈਂ ਪਾਕਿਸਤਾਨ ਦੀ ਜਨਤਾ ਨੂੰ ਭਰੋਸਾ ਦਿਆਂ।"
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵੀਰਵਾਰ ਨੂੰ ਹੋਈ ਮੌਤ ਤੋਂ ਬਾਅਦ ਪਾਕਿਸਤਾਨ ਵਿਚ ਬੀਬੀਸੀ ਪੱਤਰਕਾਰ ਸੁਮਾਇਲਾ ਜਾਫ਼ਰੀ ਨੇ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਮੁਸ਼ਾਹਿਦ ਹੁਸੈਨ ਸਈਅਦ ਨਾਲ ਲਾਹੌਰ ਵਿਚ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
ਸਈਅਦ ਅੱਗੇ ਕਹਿੰਦੇ ਹਨ ਕਿ ਵਾਜਪਾਈ ਦਾ ਮੀਨਾਰ-ਏ-ਪਾਕਿਸਤਾਨ ਜਾਣਾ ਭਾਰਤ ਤੇ ਪਾਕਿਸਤਾਨ ਦੇ ਇਤਿਹਾਸ ਵਿਚ ਸ਼ਾਇਦ ਸਭ ਤੋਂ ਵੱਡਾ ਕਦਮ ਸੀ।
ਲਾਹੌਰ ਦੇ ਮੁਜ਼ਾਹਰੇ ਦਾ ਕਿੱਸਾ
ਉਨ੍ਹਾਂ ਨੇ ਇੱਕ ਹੋਰ ਕਿੱਸਾ ਸੁਣਾਉਂਦੇ ਹੋਏ ਦੱਸਿਆ, "ਉਸ ਯਾਤਰਾ ਦੌਰਾਨ ਇੱਕ ਸ਼ਾਮ ਮੈਂ ਉਨ੍ਹਾਂ ਨੂੰ ਇਕ ਸਮਾਗਮ ਲਈ ਲੈ ਕੇ ਜਾ ਰਿਹਾ ਸੀ ਤਾਂ ਰਾਹ ਵਿਚ ਰੋਸ-ਮੁਜ਼ਾਹਰੇ ਹੋ ਰਹੇ ਸਨ। ਸੜਕਾਂ ਬੰਦ ਸਨ।
ਤਾਂ ਸਾਨੂੰ ਸਾਡੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ (ਵਾਜਪਾਈ) ਨੂੰ ਨਾ ਦੱਸੋ ਕਿ ਮੁਜ਼ਾਹਰੇ ਹੋ ਰਹੇ ਹਨ; ਕਹਿ ਦਿਓ ਕਿ ਕੋਈ ਤਕਨੀਕੀ ਖ਼ਰਾਬੀ ਹੋ ਗਈ ਹੈ। ਮੈਂ ਕਿਹਾ ਕਿ ਵਾਜਪਾਈ ਸਾਹਿਬ ਬਹੁਤ ਵੱਡੇ ਆਗੂ ਹਨ ਤੇ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਕੀ ਹੋ ਰਿਹਾ ਹੈ।"
ਸਈਅਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵਾਜਪਾਈ ਨੂੰ ਦੱਸਿਆ ਕਿ ਕੁਝ ਮੁਜ਼ਾਹਰੇ ਹੋ ਰਹੇ ਹਨ ਤੇ ਕੁਝ ਦੇਰ ਹੋ ਜਾਵੇਗੀ, ਜਿਸ 'ਤੇ ਉਨ੍ਹਾਂ ਨੇ ਬੜੇ ਆਰਾਮ ਨਾਲ ਕਿਹਾ ਕਿ, 'ਫਿਕਰ ਨਾ ਕਰੋ ਇਹ ਸਾਡੇ ਉੱਧਰ ਵੀ ਹੁੰਦਾ ਰਹਿੰਦਾ ਹੈ, ਅਸੀ ਇਸਦੇ ਆਦੀ ਹਾਂ।
ਸਈਅਦ ਨੇ ਅੱਗੇ ਦੱਸਿਆ, "ਜਦੋਂ ਅਸੀਂ ਲਾਹੌਰ ਕਿਲ੍ਹੇ 'ਚ ਖਾਣਾ ਖਾਣ ਲਈ ਜਾ ਰਹੇ ਸੀ ਤਾਂ ਰਸਤੇ ਵਿਚ ਉਨ੍ਹਾਂ ਨੇ ਇੱਕ ਗੁਰਦੁਆਰੇ ਜਾਣ ਲਈ ਸਾਨੂੰ ਰੋਕ ਲਿਆ। ਉੱਥੇ ਥੋੜ੍ਹੀ ਦੇਰ ਪਹਿਲਾਂ ਹੰਝੂ ਗੈਸ ਛੱਡੀ ਗਈ ਸੀ ਜੋ ਉਨ੍ਹਾਂ ਦੀਆਂ ਅੱਖਾਂ 'ਚ ਪੈ ਗਈ। ਉਨ੍ਹਾਂ ਨੇ ਬੜੇ ਆਰਾਮ ਨਾਲ ਅੱਖਾਂ ਸਾਫ਼ ਕੀਤੀਆਂ ਤੇ ਬੜੇ ਸਹਿਜ ਢੰਗ ਨਾਲ ਕਿਹਾ, 'ਇਹ ਅਸੀਂ ਕਈ ਵਾਰ ਵੇਖਿਆ ਹੈ।"
ਅਮਨ ਤੇ ਸਾਂਤੀ ਦੇ ਮੁੱਦਈ
ਸਾਬਕਾ ਪਾਕਿਸਤਾਨੀ ਮੰਤਰੀ ਕਹਿੰਦੇ ਨੇ ਕਿ ਵਾਜਪਈ ਨੇ ਪ੍ਰਧਾਨ ਮੰਤਰੀ ਹੁੰਦਿਆਂ ਅਮਨ ਤੇ ਸਾਂਤੀ ਨਾਲ ਭਾਰਤ-ਪਾਕ ਦੇ ਦੁਵੱਲੇ ਮਸਲੇ ਨਿਬੇੜਨ ਦਾ ਰਾਹ ਨਹੀਂ ਛੱਡਿਆ ।
ਭਾਵੇ ਕਿ ਜਦੋਂ ਉਹ ਲਾਹੌਰ ਬੱਸ ਰਾਹੀ ਗਈ ਤਾਂ ਮਗਰੋਂ ਕਾਰਗਿਲ ਹੋ ਗਿਆ ਅਤੇ ਭਾਰਤੀ ਸੰਸਦ ਉੱਤੇ ਹਮਲੇ ਤੱਕ ਹੋਏ। ਪਰ ਵਾਜਪਾਈ ਨੇ ਜੋ ਕਿਹਾ ਉਹ ਕੀਤਾ। ਇਸ ਦੌਰਾਨ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਆਗਰਾ ਬੁਲਾ ਕੇ ਕਸ਼ਮੀਰ ਸਣੇ ਸਾਰੇ ਦੁਵੱਲ਼ੇ ਮਸਲਿਆਂ ਉੱਤੇ ਗੱਲ ਕਰਨਾ ਬਹੁਤ ਵੱਡਾ ਕਦਮ ਸੀ। ਉਨ੍ਹਾਂ ਕਿਹਾ ਭਾਰਤ ਨੇ ਪ੍ਰਧਾਨ ਮੰਤਰੀ ਤਾਂ ਕਈ ਹੋਰ ਵੀ ਦੇਖੇ ਨੇ ਪਰ ਜੋ ਲੀਡਰਸ਼ਿਪ ਵਾਜਪਾਈ ਨੇ ਦਿੱਤੀ ਉਹ ਸਿਰਫ਼ ਮਹਾਨ ਆਗੂ ਹੀ ਦੇ ਸਕਦਾ ਹੈ।
ਇਹ ਵੀ ਪੜ੍ਹੋ:













