ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਵਿਚਾਲੇ ਰਿਸ਼ਤੇ ਕਿਹੋ ਜਿਹੇ ਰਹੇ

ਤਸਵੀਰ ਸਰੋਤ, GETTY IMAGES/DIBYANGSHU SARKAR
- ਲੇਖਕ, ਵਿਜੈ ਤ੍ਰਿਵੇਦੀ
- ਰੋਲ, ਸੀਨੀਅਰ ਪੱਤਰਕਾਰ
16 ਅਗਸਤ 2018 ਦੀ ਸ਼ਾਮ ਨੂੰ ਅਚਾਨਕ ਕ੍ਰਿਸ਼ਨਾ ਮੈਨਨ ਮਾਰਗ 'ਤੇ ਗਤੀਵਿਧੀਆਂ ਤੇਜ਼ ਹੋ ਗਈਆਂ ਸਨ।
ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਣੇ ਸਾਰੇ ਵੱਡੇ ਨੇਤਾ ਇੱਥੇ ਪਹੁੰਚਣ ਵਾਲੇ ਸਨ।
ਪਤਾ ਉਹ ਸੀ, 4-ਏ ਕ੍ਰਿਸ਼ਨਾ ਮੈਨਨ ਮਾਰਗ ਪਰ ਹੁਣ ਵਾਜਪਾਈ ਨਹੀਂ ਰਹੇ ਸਨ। 60 ਸਾਲ ਤੱਕ ਹਿੰਦੁਸਤਾਨ ਦੀ ਸਿਆਸਤ ਵਿੱਚ ਲੋਕਾਂ ਦਾ ਦਿਲ ਜਿੱਤਣ ਵਾਲੇ ਵਾਜਪਾਈ ਨੇ ਸ਼ਾਮ 5 ਵੱਜ ਕੇ 5 ਮਿੰਟ 'ਤੇ ਆਖ਼ਰੀ ਸਾਹ ਲਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੰਦਿਆ ਕਿਹਾ, "ਮੇਰੇ ਲਈ ਅਟਲ ਜੀ ਦਾ ਜਾਣਾ ਪਿਤਾ ਦਾ ਸਾਇਆ ਉਠਣ ਵਰਗਾ ਹੈ। ਉਨ੍ਹਾਂ ਨੇ ਮੈਨੂੰ ਸੰਗਠਨ ਅਤੇ ਸ਼ਾਸਨ ਦੋਵਾਂ ਦਾ ਮਹੱਤਵ ਸਮਝਾਇਆ। ਮੇਰੇ ਲਈ ਉਨ੍ਹਾਂ ਦਾ ਜਾਣਾ ਇੱਕ ਅਜਿਹੀ ਘਾਟ ਹੈ ਜੋ ਕਦੇ ਪੂਰੀ ਨਹੀਂ ਹੋ ਸਕੇਗੀ।"
ਕਰੀਬ 9 ਹਫ਼ਤੇ ਪਹਿਲਾਂ 11 ਜੂਨ ਨੂੰ ਜਦੋਂ ਵਾਜਪਾਈ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਦੋਂ ਤੋਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ 4 ਵਾਰ ਮਿਲਣ ਗਏ।
ਇਹ ਵੀ ਪੜ੍ਹੋ:

ਤਸਵੀਰ ਸਰੋਤ, GETTY IMAGES/SAM PANTHAKY
ਸਿਹਤ ਵਿਗੜਨ ਦੀ ਖ਼ਬਰ ਮਿਲਣ 'ਤੇ 24 ਘੰਟਿਆਂ ਵਿੱਚ ਦੋ ਵਾਰ ਮਿਲਣ ਗਏ। ਇਸ ਤੋਂ ਪਹਿਲਾਂ ਮੋਦੀ ਰੋਜ਼ਾਨਾ ਫੋਨ 'ਤੇ ਡਾਕਟਰਾਂ ਕੋਲੋਂ ਵਾਜਪਾਈ ਦੀ ਸਿਹਤ ਨਾਲ ਜੁੜੀ ਜਾਣਕਾਰੀ ਲੈਂਦੇ ਸਨ।
ਮੋਦੀ ਨੇ ਕਿਹਾ ਕਿ ਵੈਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਾਜਪਾਈ ਵਿਚਾਲੇ ਭਾਜਪਾ ਦੀ ਨੇਤਾਵਾਂ ਦੀ ਪੂਰੀ ਇੱਕ ਪੀੜ੍ਹੀ ਦਾ ਫਰਕ ਹੈ ਪਰ ਦੋਵਾਂ ਦੇ ਰਿਸ਼ਤਿਆਂ ਦੀ ਗਰਮਜੋਸ਼ੀ ਹਮੇਸ਼ਾ ਅਜਿਹੀ ਰਹੀ ਕਿ ਉਨ੍ਹਾਂ ਨੇ ਇਸ ਦੂਰੀ ਦਾ ਕਦੇ ਅਹਿਸਾਸ ਨਹੀਂ ਹੋਣ ਦਿੱਤਾ।
ਕਿਹਾ ਜਾਂਦਾ ਹੈ ਕਿ ਭਾਜਪਾ ਵਿੱਚ ਮੋਦੀ ਨੂੰ ਲਾਲ ਕ੍ਰਿਸ਼ਨ ਅਡਵਾਨੀ ਨੇ ਤਿਆਰ ਕੀਤਾ। ਅਡਵਾਨੀ ਦੀ ਰਥ ਯਾਤਰਾ ਵੇਲੇ ਵੀ ਮੋਦੀ ਹੀ ਗੁਜਰਾਤ 'ਚ ਉਨ੍ਹਾਂ ਦੇ ਪ੍ਰਬੰਧਕ ਸਨ।
ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਬਣਵਾਉਣ ਵਿੱਚ ਵੀ ਅਡਵਾਨੀ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਫੇਰ ਅਡਵਾਨੀ ਦੇ ਸੰਸਦੀ ਖੇਤਰ ਗਾਂਧੀ ਨਗਰ ਨੂੰ ਵੀ ਮੋਦੀ ਹੀ ਦੇਖਦੇ ਰਹੇ।
ਪਰ ਘੱਟ ਹੀ ਲੋਕ ਇਹ ਜਾਣਦੇ ਹੋਣਗੇ ਕਿ ਵਾਜਪਾਈ ਨਾਲ ਨਾ ਕੇਵਲ ਮੋਦੀ ਨੂੰ ਗੁਜਰਾਤ ਵਿੱਚ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਬਲਕਿ ਉਸ ਤੋਂ ਪਹਿਲਾਂ ਜਦੋਂ ਮੋਦੀ ਰਾਜਨੀਤੀ ਵਿੱਚ ਹਾਸ਼ੀਏ 'ਤੇ ਚੱਲ ਰਹੇ ਸਨ। ਉਸ ਵੇਲੇ ਸਾਲ 2000 ਵਿੱਚ ਵਾਜਪਾਈ ਨੇ ਹੀ ਉਨ੍ਹਾਂ ਨੂੰ ਅਮਰੀਕਾ ਤੋਂ ਦਿੱਲੀ ਵਾਪਸ ਆਉਣ ਦਾ ਆਦੇਸ਼ ਦਿੱਤਾ ਸੀ।
ਜਦੋਂ ਮੋਦੀ ਨੂੰ ਮਿਲਿਆ ਗੁਜਰਾਤ ਤੋਂ ਬਾਹਰ ਜਾਣ ਦਾ ਆਦੇਸ਼
28 ਸਤੰਬਰ 2014 ਨੂੰ ਭੀੜ ਨਾਲ ਭਰਿਆ ਹੋਇਆ ਨਿਊਯਾਰਕ ਦਾ ਮੈਡੀਸਾਲ ਸੁਕੇਅਰ ਗਾਰਡਨ, ਜਿੱਥੇ ਪਰਵਾਸੀ ਭਾਰਤੀਆਂ, ਖ਼ਾਸ ਕਰਕੇ ਗੁਜਰਾਤੀਆਂ ਦਾ ਮੇਲਾ ਲੱਗਾ ਹੋਇਆ ਸੀ।

ਤਸਵੀਰ ਸਰੋਤ, Getty Images
ਕੇਵਲ ਨਿਊਯਾਰਕ ਵਿੱਚ ਹੀ ਨਹੀਂ, ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਖਣ, ਮਿਲਣ ਅਤੇ ਉਨ੍ਹਾਂ ਦਾ ਭਾਸ਼ਣ ਸੁਣਨ ਲਈ ਪਹੁੰਚੇ ਸਨ।
ਮੈਡੀਸਾਲ ਸੁਕੇਅਰ ਵਿੱਚ 'ਮੋਦੀ-ਮੋਦੀ' ਦੇ ਨਾਅਰੇ ਲੱਗ ਰਹੇ ਸਨ। ਵੀਡੀਓ ਸਕਰੀਨ 'ਤੇ ਚੱਲ ਰਹੀ ਫਿਲਮ ਵਿੱਚ ਭਾਰਤ ਦੇ ਅੱਗੇ ਵਧਣ ਦੀ ਕਹਾਣੀ ਅਤੇ ਭਾਜਪਾ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਤਾਰੀਫ਼ਾਂ ਵੀ ਹੋ ਰਹੀਆਂ ਸਨ।
ਮੋਦੀ ਨੇ ਆਪਣੇ ਭਾਸ਼ਣ ਵਿੱਚ ਕਈ ਵਾਰ ਵਾਜਪਾਈ ਦਾ ਜ਼ਿਕਰ ਕੀਤਾ। ਉਸੇ ਪ੍ਰੋਗਰਾਮ ਤੋਂ ਬਾਅਦ ਇੱਕ ਸੱਜਣ ਨਾਲ ਮੁਲਾਕਾਤ ਹੋਈ, ਜੋ ਗੁਜਰਾਤੀ ਸਨ, ਭਾਜਪਾ ਸਮਰਥਕ ਅਤੇ ਨਰਿੰਦਰ ਮੋਦੀ ਦੇ ਕਰੀਬੀ ਦੋਸਤਾਂ ਵਿੱਚੋਂ ਇੱਕ ਸਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਦੱਸਿਆ ਕਿ ਸਾਲ 2000 ਵਿੱਚ ਜਦੋਂ ਵਜਾਪਾਈ ਪ੍ਰਧਾਨ ਮੰਤਰੀ ਵਜੋਂ ਅਮਰੀਕਾ ਦੇ ਦੌਰੇ 'ਤੇ ਆਏ ਸਨ ਤਾਂ ਉਨ੍ਹਾਂ ਦਾ ਵੀ ਪਰਵਾਸੀ ਭਾਰਤੀਆਂ ਨਾਲ ਇੱਕ ਪ੍ਰੋਗਰਾਮ ਸੀ।
ਉਸ ਵੇਲੇ ਨਰਿੰਦਰ ਮੋਦੀ ਵੀ ਸਿਆਸਤ ਤੋਂ ਦੂਰ ਹੋ ਕੇ ਅਮਰੀਕਾ ਵਿੱਚ ਹੀ ਸਨ ਪਰ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਸਨ।
ਗੁਜਰਾਤ ਦੀ ਸਿਆਸਤ ਵਿੱਚ ਕੇਸ਼ੂਭਾਈ ਪਟੇਲ ਖ਼ਿਲਾਫ਼ ਸਿਆਸਤ ਕਰਨ ਦੇ ਇਲਜ਼ਾਮ ਵਿੱਚ ਉਨ੍ਹਾਂ ਨੂੰ ਨਾ ਕੇਵਲ ਕਿਨਾਰੇ ਕਰ ਦਿੱਤਾ ਗਿਆ ਸੀ ਬਲਕਿ ਪਾਰਟੀ ਤੋਂ ਉਨ੍ਹਾਂ ਨੂੰ ਗੁਜਰਾਤ ਤੋਂ ਬਾਹਰ ਜਾਣ ਦਾ ਆਦੇਸ਼ ਮਿਲਿਆ ਸੀ।

ਤਸਵੀਰ ਸਰੋਤ, Getty Images
ਮੋਦੀ ਦੇ ਉਸ ਗੁਜਰਾਤੀ ਦੋਸਤ ਨੇ ਜਦੋਂ ਵਾਜਪਾਈ ਨਾਲ ਮੁਲਾਕਾਤ ਦੌਰਾਨ ਮੋਦੀ ਦੇ ਉੱਥੇ ਹੋਣ ਬਾਰੇ ਦੱਸਿਆ ਤਾਂ ਪੁੱਛਿਆ ਕੀ ਉਹ ਮੋਦੀ ਨਾਲ ਮਿਲਣਾ ਚਾਹੁੰਣਗੇ, ਜਿਸ ਦੇ ਜਵਾਬ ਵਿੱਚ ਵਾਜਪਾਈ ਨੇ ਹਾਂ ਵਿੱਚ ਹਾਮੀ ਭਰੀ।
ਅਗਲੇ ਦਿਨ ਜਦੋਂ ਵਾਜਪਾਈ ਅਤੇ ਮੋਦੀ ਦੀ ਮੁਲਾਕਾਤ ਹੋਈ। ਮੋਦੀ ਨੂੰ ਵਾਜਪਾਈ ਨੇ ਕਿਹਾ, "ਇਸ ਤਰ੍ਹਾਂ ਭੱਜਣ ਨਾਲ ਕੰਮ ਨਹੀਂ ਚੱਲੇਗਾ, ਕਦੋਂ ਤੱਕ ਇੱਥੇ ਰਹੋਗੇ? ਦਿੱਲੀ ਆਓ..."
ਵਾਜਪਾਈ ਨਾਲ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਨਰਿੰਦਰ ਮੋਦੀ ਦਿੱਲੀ ਆ ਗਏ। ਉੇਨ੍ਹਾਂ ਦਾ ਸਿਆਸੀ ਬਨਵਾਸ ਖ਼ਤਮ ਹੋ ਗਿਆ ਅਤੇ ਮੋਦੀ ਇੱਕ ਨਵੀਂ ਸਿਆਸੀ ਪਾਰੀ ਖੇਡਣ ਲਈ ਤਿਆਰ ਹੋ ਗਏ।
ਇੱਕ ਨਵੀਂ ਜ਼ਿੰਮੇਵਾਰੀ....
ਅਕਤੂਬਰ 2001 ਨੂੰ ਸਵੇਰੇ, ਮੌਸਮ ਵਿੱਚ ਅਜੇ ਗਰਮਾਹਟ ਸੀ ਪਰ ਮਾਹੌਲ ਵਿੱਚ ਇੱਕ ਸੰਨਾਟਾ ਪਸਰਿਆ ਹੋਇਆ ਸੀ।
ਚਿਹਰੇ ਮੰਨੋ ਜਿਵੇਂ ਇੱਕ-ਦੂਜੇ ਨੂੰ ਸਵਾਲ ਪੁੱਛਦੇ ਹੋਣ, ਬਿਨਾਂ ਕਿਸੇ ਜਵਾਬ ਦੀ ਉਮੀਦੇ ਦੇ। ਦਿੱਲੀ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਇੱਕ ਸਿਵਾ ਭਖ ਰਿਹਾ ਸੀ।
ਇੱਕ ਨਿੱਜੀ ਚੈਨਲ ਦੇ ਕੈਮਰਾਮੈਨ ਗੋਪਾਲ ਬਿਸ਼ਟ ਦੇ ਅੰਤਿਮ ਸੰਸਕਾਰ ਵਿੱਚ ਕੁਝ ਪੱਤਰਕਾਰ ਸਾਥੀ ਅਤੇ ਕੁਝ ਕੁ ਨੇਤਾ ਸ਼ਾਮਿਲ ਸਨ।

ਤਸਵੀਰ ਸਰੋਤ, Getty Images
ਇੱਕ ਨੇਤਾ ਦੇ ਮੋਬਾਈਲ ਫੋਨ 'ਤੇ ਘੰਟੀ ਵੱਜੀ। ਪ੍ਰਧਾਨ ਮੰਤਰੀ ਨਿਵਾਸ ਤੋਂ ਫੋਨ ਕਰਨ ਵਾਲੇ ਨੇ ਪੁੱਛਿਆ, "ਕਿੱਥੇ ਹੋ?"
ਫੋਨ ਚੁੱਕਣ ਵਾਲੇ ਨੇ ਜਵਾਬ ਦਿੱਤਾ, "ਸ਼ਮਸ਼ਾਨ ਘਾਟ 'ਚ ਹਾਂ।"
ਫੋਨ ਕਰਨ ਵਾਲੇ ਨੇ ਕਿਹਾ, "ਆ ਕੇ ਮਿਲੋ।"
ਉਸ ਬਹੁਤ ਛੋਟੀ-ਜਿਹੀ ਗੱਲਬਾਤ ਨਾਲ ਫੋਨ ਕਟ ਗਿਆ। ਸ਼ਮਸ਼ਾਨ ਘਾਟ ਵਿੱਚ ਆਏ ਉਸ ਫੋਨ ਨੇ ਹਿੰਦੁਸਤਾਨ ਦੀ ਸਿਆਸਤ ਦੇ ਨਕਸ਼ੇ ਨੂੰ ਬਦਲ ਕੇ ਰੱਖ ਦਿੱਤਾ।
ਇਹ ਰਾਜ ਨੇਤਾ ਨਰਿੰਦਰ ਮੋਦੀ ਸੀ। ਉਨ੍ਹਾਂ ਦਿਨਾਂ ਵਿੱਚ ਉਹ ਦਿੱਲੀ ਦੇ ਅਸ਼ੋਕ ਰੋਡ 'ਤੇ ਭਾਜਪਾ ਦੇ ਪੁਰਾਣੇ ਦਫ਼ਤਰ ਦੇ ਪਿੱਛੇ ਬਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੇ ਸਨ। ਜਿੱਥੇ ਫਰਨੀਚਰ ਦੇ ਨਾਮ 'ਤੇ ਇੱਕ ਤਖ਼ਤ ਅਤੇ ਦੋ ਕੁਰਸੀਆਂ ਹੁੰਦੀਆਂ ਸਨ।
ਉਸ ਵੇਲੇ ਪਾਰਟੀ ਵਿੱਚ ਪ੍ਰਮੋਦ ਮਹਾਜਨ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਵਰਗੇ ਨੇਤਾਵਾਂ ਦਾ ਹੀ ਦਬਦਬਾ ਸੀ।
ਅੱਧੀਆਂ ਬਾਹਾਂ ਦਾ ਕੁਰਤਾ ਅਤੇ ਪਜਾਮਾ ਪਹਿਨੀ ਥੋੜ੍ਹੀ ਦੂਰ ਖੜੇ ਹੋ ਕੇ ਨਰਿੰਦਰ ਮੋਦੀ ਜਦੋਂ ਗੋਪਾਲ ਬਿਸ਼ਟ ਦੇ ਭਖਦੇ ਸਿਵੇ ਨੂੰ ਦੇਖ ਰਹੇ ਸਨ, ਉਦੋਂ ਹੀ ਉਨ੍ਹਾਂ ਕੋਲ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਫੋਨ ਆਇਆ ਸੀ।
ਜਦੋਂ ਮੋਦੀ ਉਸ ਰਾਤ ਅਟਲ ਬਿਹਾਰੀ ਵਾਜਪਾਈ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਗਈ। ਗੁਜਰਾਤ ਜਾਣ ਦੀ ਜ਼ਿੰਮੇਵਾਰੀ।
ਪਾਰਟੀ ਦੇ ਦਿੱਗਜ਼ ਨੇਤਾ ਅਤੇ ਗੁਜਰਾਤ ਦੇ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਹਟਾ ਕੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ।
ਵਾਜਪਾਈ ਦਾ ਆਸ਼ੀਰਵਾਦ
ਪਰ ਜਦੋਂ 2002 ਵਿੱਚ ਗੁਜਰਾਤ ਦੰਗਿਆਂ ਤੋਂ ਬਾਅਦ ਵਾਜਪਾਈ ਅਹਿਮਦਾਬਾਦ ਦੌਰੇ 'ਤੇ ਪਹੁੰਚੇ ਸਨ ਤਾਂ ਵਾਜਪਾਈ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਮੋਦੀ ਨੂੰ ਰਾਜ ਧਰਮ ਨਿਭਾਉਣ ਲਈ ਕਿਹਾ ਹੈ। ਨੇੜੇ ਬੈਠੇ ਮੋਦੀ ਨੇ ਬੁੜਬੜਾਇਆ, "ਸਾਬ੍ਹ, ਅਸੀਂ ਉਹੀ ਕਰ ਰਹੇ ਹਾਂ।"

ਤਸਵੀਰ ਸਰੋਤ, Getty Images
ਇਸ 'ਤੇ ਵਾਜਪਾਈ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਨਰਿੰਦਰ ਭਾਈ ਉਹੀ ਕਰ ਰਹੇ ਹਨ।" ਪਰ ਵਾਜਪਾਈ ਦੇ ਮਨ ਵਿੱਚ ਦੁਬਿਧਾ ਜ਼ਰੂਰ ਰਹੀ।
ਉਸ ਤੋਂ ਬਾਅਦ ਗੋਆ ਵਿੱਚ ਹੋਈ ਭਾਜਪਾ ਦੀ ਕਾਰਜਕਾਰਨੀ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਤੋਂ ਉੱਡੇ ਵਿਸ਼ੇਸ਼ ਜਹਾਜ਼ ਵਿੱਚ ਪ੍ਰਧਾਨ ਮੰਤਰੀ ਵਾਜਪਾਈ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ, ਜਸਵੰਤ ਸਿੰਘ ਅਤੇ ਅਰੁਣ ਸ਼ੌਰੀ ਵੀ ਸ਼ਾਮਿਲ ਸਨ।
ਵਾਜਪਾਈ ਦਾ ਮੰਨਣਾ ਸੀ ਕਿ ਮੋਦੀ ਨੂੰ ਕਾਰਜਕਾਰਨੀ ਵਿੱਚ ਘੱਟੋ-ਘੱਟ ਅਸਤੀਫ਼ੇ ਦੀ ਪੇਸ਼ਕਸ਼ ਤਾਂ ਕਰਨੀ ਚਾਹੀਦੀ ਹੈ।ਅਡਵਾਨੀ ਇਸ ਦੇ ਹੱਕ ਵਿੱਚ ਨਹੀਂ ਸਨ।
ਅਡਵਾਨੀ ਸਣੇ ਬਹੁਤ ਸਾਰੇ ਨੇਤਾਵਾਂ ਨੂੰ ਲਗਦਾ ਸੀ ਕਿ ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਪਰ ਜਦੋਂ ਕਾਰਜਕਾਰਨੀ ਦੀ ਬੈਠਕ ਸ਼ੁਰੂ ਹੋਈ ਤਾਂ ਮੋਦੀ ਨੇ ਆਪਣੇ ਵੱਲੋਂ ਹੀ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ।
ਬੈਠਕ ਵਿੱਚ ਅਸਤੀਫ਼ਾ ਮਨਜ਼ੂਰ ਨਾ ਕਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਸ ਵੇਲੇ ਵਾਜਪਾਈ ਦੇ ਵਿਸ਼ਵਾਸਪਾਤਰ ਪ੍ਰਮੋਦ ਮਹਾਜਨ ਵੀ ਮੋਦੀ ਨਾਲ ਖੜੇ ਦਿਖਾਈ ਦਿੱਤੇ।
ਵਾਜਪਾਈ ਨੇ ਹਮੇਸ਼ਾ ਵਾਂਗ ਬਹੁਮਤ ਦੀ ਗੱਲ ਮੰਨ ਲਈ ਅਤੇ ਮੋਦੀ ਰਸਤੇ 'ਤੇ ਅੱਗੇ ਵਧਦੇ ਚਲੇ ਗਏ।
ਇਸ ਤੋਂ ਬਾਅਦ ਸਾਲ 2013 ਵਿੱਚ ਜੂਨ ਦੇ ਮਹੀਨੇ 'ਚ ਇੱਕ ਵਾਰ ਫੇਰ ਗੋਆ ਵਿੱਚ ਭਾਜਪਾ ਕਾਰਜਕਾਰਨੀ ਦੀ ਬੈਠਕ ਹੋਈ ਅਤੇ ਉੱਥੇ ਮੋਦੀ ਭਾਜਪਾ ਮੁਹਿੰਮ ਕਮੇਟੀ ਦੇ ਪ੍ਰਧਾਨ ਬਣਾਏ ਗਏ ਤਾਂ ਦਿੱਲੀ ਆ ਕੇ ਸਭ ਤੋਂ ਪਹਿਲਾਂ ਉਨ੍ਹਾਂ ਵਾਜਪਾਈ ਕੋਲੋਂ ਆਸ਼ੀਰਵਾਦ ਲਿਆ।
ਮਈ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਮੋਦੀ ਨੇ ਸਭ ਤੋਂ ਪਹਿਲਾਂ ਵਾਜਪਾਈ ਨੂੰ ਯਾਦ ਕੀਤਾ। ਵਾਜਪਾਈ ਦੇ ਜਨਮ ਦਿਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਵਾਜਪਾਈ ਨੂੰ ਦੇਸ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਦੇ ਜਨਮ ਦਿਨ ਨੂੰ 'ਗੁੱਡ ਗਵਰਨੈਸ ਡੇਅ' ਮਨਾਉਣ ਦਾ ਫ਼ੈਸਲਾ ਲਿਆ ਅਤੇ ਆਪਣੇ ਪੂਰੇ ਬਜਟ ਵਿੱਚ ਵਾਜਪਾਈ ਦੇ ਨਾਮ 'ਤੇ ਕਈ ਯੋਜਨਾਵਾਂਣ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਤਸਵੀਰ ਸਰੋਤ, Getty Images
ਸੰਸਦ ਦੇ ਸੈਂਟ੍ਰਲ ਹਾਲ ਵਿੱਚ ਭਾਜਪਾ ਸੰਸਦੀ ਦਲ ਅਤੇ ਐਨਡੀਏ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਭਾਸ਼ਣ ਵਿੱਚ ਮੋਦੀ ਭਾਵੁਕ ਹੋ ਗਏ ਸਨ।
ਮੋਦੀ ਨੇ ਕਿਹਾ ਅੱਜ ਵਾਜਪਾਈ ਇੱਥੇ ਹੁੰਦੇ ਤਾਂ ਸੋਨੇ 'ਤੇ ਸੁਹਾਗਾ ਹੁੰਦਾ। ਮੋਦੀ ਦੀਆਂ ਅੱਖਾਂ ਭਰਨ ਲੱਗੀਆਂ ਸਨ। ਚਸ਼ਮਾ ਹਟਾ ਕੇ ਨਮ ਅੱਖਾਂ ਨੂੰ ਉਨ੍ਹਾਂ ਨੇ ਸਾਫ਼ ਕੀਤਾ ਅਤੇ ਇੱਕ ਵਾਰ ਫੇਰ ਵਾਜਪਾਈ ਨੂੰ ਯਾਦ ਕੀਤਾ।
"ਮੈਂ ਨਿਸ਼ਬਦ ਹਾਂ"
ਵਾਜਪਾਈ ਦੀ ਦੇਹ ਉਨ੍ਹਾਂ ਦੇ ਨਿਵਾਸ 'ਤੇ ਪਹੁੰਚਣ 'ਤੇ ਵੀ ਮੋਦੀ ਉੱਥੇ ਸਨ।
ਉਪਰੋਂ ਸ਼ਾਂਤ ਪਰ ਮਨ ਵਿੱਚ ਉਥਲ-ਪੁਥਲ, ਆਪਣੀ ਸ਼ਰਧਾਂਜਲੀ ਵਿੱਚ ਮੋਦੀ ਨੇ ਕਿਹਾ, "ਮੈਂ ਨਿਸ਼ਬਦ ਹਾਂ, ਸ਼ੂਨਿਆ 'ਚ ਹਾਂ। ਪਰ ਭਾਵਨਾਵਾਂ ਦਾ ਜਵਾਰ ਉਮੜ ਰਿਹਾ ਹੈ। ਸਾਡੇ ਸਾਰਿਆਂ ਦੇ ਸਤਿਕਾਰਯੋਗ ਅਟਲ ਜੀ ਨਹੀਂ ਰਹੇ। ਆਪਣੇ ਜੀਵਨ ਦਾ ਹਰੇਕ ਪਲ ਉਨ੍ਹਾਂ ਨੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਜਾਣਾ ਇੱਕ ਯੁੱਗ ਦਾ ਅੰਤ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੋਦੀ ਅਤੇ ਵਾਜਪਾਈ ਦੇ ਰਿਸ਼ਤਿਆਂ ਦੀ ਕਸ਼ਿਸ਼ ਨਾਲ ਦੇਸ ਇਹੀ ਉਮੀਦ ਕਰਦਾ ਹੋਵੇਗਾ ਕਿ ਵਾਜਪਾਈ ਦੀ ਵਿਰਾਸਤ ਨੂੰ ਉਨ੍ਹਾਂ ਤੋਂ ਵਧੀਆ ਕੋਈ ਹੋਰ ਅੱਗੇ ਨਹੀਂ ਵਧਾ ਸਕਦਾ।
ਇੱਕ ਦਿਨ ਪਹਿਲਾਂ ਹੀ ਤਾਂ 15 ਅਗਸਤ 'ਤੇ ਲਾਲ ਕਿਲੇ ਦੀ ਫਸੀਲ ਤੋਂ ਮੋਦੀ ਨੇ ਕਸ਼ਮੀਰ ਮਸਲੇ 'ਤੇ ਵਾਜਪਾਈ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਅਸੀਂ ਵਾਜਪਾਈ ਦੇ ਰਾਹ ਅੱਗੇ ਵਧਣਾ ਚਾਹੁੰਦੇ ਹਾਂ ਯਾਨਿ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ।
ਸ਼ਾਇਦ ਸਾਰੇ ਇਹੀ ਤਾਂ ਚਾਹੁੰਦੇ ਹਨ।
(ਵਿਜੈ ਤ੍ਰਿਵੇਦੀ, ਵਾਜਪਾਈ ਦੀ ਜੀਵਨੀ 'ਹਾਰ ਨਹੀਂ ਮੰਨਾਂਗਾ-ਇੱਕ ਅਟਲ ਜੀਵਨ ਗਾਥਾ' ਲਿਖ ਚੁੱਕੇ ਹਨ, ਜੋ ਹਾਰਪਰ ਕਾਲਿਨਸ ਪ੍ਰਕਾਸ਼ਨ ਨੇ ਛਾਪੀ ਹੈ।)













