ਭਾਰਤ 'ਚ ਇੱਕ ਅਜਿਹਾ ਭਾਈਚਾਰਾ ਵੀ ਹੈ ਜਿਨ੍ਹਾਂ ਦਾ ਧੰਦਾ ਹੀ ਦੇਹ ਵਪਾਰ ਹੈ

ਤਸਵੀਰ ਸਰੋਤ, Getty Images
- ਲੇਖਕ, ਬਾਲਾ ਸਤੀਸ਼
- ਰੋਲ, ਬੀਬੀਸੀ ਪੱਤਰਕਾਰ
ਤੇਲੰਗਾਨਾ ਦੀ ਦੋਮਾਰੀ ਬਰਾਦਰੀ ਆਪਣੇ ਲਈ ਇੱਕ ਨਵਾਂ ਰਾਹ ਉਲੀਕਣਾ ਚਾਹੁੰਦੀ ਹੈ। ਅੱਜਕਲ੍ਹ ਮੰਦਰਾਂ ਦੇ ਸ਼ਹਿਰ ਕਹੇ ਜਾਣ ਵਾਲੇ ਯਾਦਗਿਰੀ ਗੁੱਟਾ ਵਿੱਚ ਇਹ ਭਾਈਚਾਰਾ ਨਾਬਾਲਗਾਂ ਦੀ ਤਸਕਰੀ ਦੇ ਇਲਜ਼ਾਮ 'ਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਖ਼ਫ਼ਾ ਹੈ।
ਇਸ ਬਰਾਦਰੀ ਦੇ ਲੋਕ ਜਨਤਕ ਤੌਰ 'ਤੇ ਇਹ ਕਹਿ ਰਹੇ ਹਨ ਕਿ ਉਹ ਦੇਹ ਵਪਾਰ ਨੂੰ ਛੱਡ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਮਾਜ ਉਨ੍ਹਾਂ ਨਾਲ ਬੇਰੁਖ਼ੀ ਭਰਿਆ ਵਰਤਾਰਾ ਨਾ ਕਰੇ।
ਯਾਦਗਿਰੀ ਗੁੱਟਾ ਸ਼ਹਿਰ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ 'ਚ ਬਣਿਆ ਹੋਇਆ ਹੈ। ਇੱਥੇ ਨਾਬਾਲਿਗ ਕੁੜੀਆਂ ਨੂੰ ਹਾਰਮੋਨ ਦੇ ਟੀਕੇ ਲਗਾ ਕੇ ਛੇਤੀ ਜਵਾਨ ਕਰਕੇ ਵੇਸ਼ਵਾ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ:
ਬੀਬੀਸੀ ਨਾਲ ਗੱਲ ਕਰਦਿਆਂ ਦੋਮਾਰੀ ਬਰਾਦਰੀ ਦੇ ਲੋਕਾਂ ਨੇ ਆਪਣਾ ਪੱਖ ਰੱਖਿਆ।
ਦੋਮਾਰੀ ਬਰਾਦਰੀ ਕੀ ਹੈ?
ਇਸ ਬਰਾਦਰੀ ਦੇ ਕਈ ਲੋਕ ਸੜਕਾਂ ਉੱਤੇ ਸਰਕਸ ਵਿਖਾਉਂਦੇ ਹਨ ਅਤੇ ਬਾਂਸ ਦੀਆਂ ਚਟਾਈਆਂ ਤੇ ਟੋਕਰੀਆਂ ਬਣਾਉਣ ਦਾ ਕੰਮ ਕਰਦੇ ਹਨ। ਇਹ ਇੱਕ ਟੱਪਰਵਾਸੀ ਕਬੀਲਾ ਹੈ। ਇਹ ਕੁਝ ਥਾਵਾਂ 'ਤੇ ਆਪਣੇ ਸਥਾਈ ਟਿਕਾਣੇ ਬਣਾਉਂਦੇ ਹਨ। ਇਨ੍ਹਾਂ ਦੀ ਆਪਣੀ ਭਾਸ਼ਾ ਵੀ ਹੈ, ਜਿਸਨੂੰ 'ਆਰ'ਕਿਹਾ ਜਾਂਦਾ ਹੈ।
ਫ਼ੈਸਲੇ ਦਾ ਕਾਰਨ
ਦੋਮਾਰੀ ਬਰਾਦਰੀ ਦੇ ਪ੍ਰਦੇਸ਼ ਪ੍ਰਧਾਨ ਰਾਮੁਲੁ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਧੰਦੇ ਤੋਂ ਦੂਰ ਹੋਣ ਦਾ ਫੈਸਲਾ ਕਿਉਂ ਲਿਆ । ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਗ੍ਰਿਫ਼ਤਾਰੀਆਂ ਤੋਂ ਬਾਅਦ ਸਕੂਲ ਵਿੱਚ ਬਰਾਦਰੀ ਦੇ ਬੱਚਿਆਂ ਨੂੰ ਸਾਥੀਆਂ ਨੇ ਛੇੜਣਾ ਸ਼ੁਰੂ ਕਰ ਦਿੱਤਾ ਹੈ।
ਰਾਮੁਲੁ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਆਮ ਜਿੰਦਗੀ ਵਿੱਚ ਵਾਪਸ ਆਉਣ ਵਿੱਚ ਉਨ੍ਹਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਮਿਲੇਗਾ।

ਇਹ ਬਰਾਦਰੀ ਕਈ ਪੀੜ੍ਹੀਆਂ ਤੋਂ ਇਸ ਧੰਦੇ ਨਾਲ ਜੁੜੀ ਹੋਈ ਹੈ। ਬਰਾਦਰੀ ਦੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਦਾਦੀ ਸਮੇਤ ਕਈ ਪੁਰਖੇ ਗਲੀਆਂ ਵਿੱਚ ਸਰਕਸ ਵਿਖਾਉਂਦੇ ਸਨ।
ਉਨ੍ਹਾਂ ਕਿਹਾ, "ਪੁਰਾਣੇ ਦਿਨਾਂ ਵਿੱਚ ਜ਼ਮੀਂਦਾਰ ਆਨੰਦ ਮਾਨਣ ਲਈ ਸਾਡੀ ਬਰਾਦਰੀ ਦੀਆਂ ਔਰਤਾਂ ਦਾ ਸ਼ੋਸ਼ਣ ਕਰਦੇ ਸਨ। ਸਮਾਂ ਬਦਲਿਆ ਤਾਂ ਕਈ ਲੋਕਾਂ ਨੇ ਇਹ ਧੰਦਾ ਛੱਡ ਕੇ ਹੋਰ ਕੰਮ ਕਰਨ ਲੱਗੇ । ਆਪਣੇ ਪੁਰਖਿਆਂ ਦੀਆਂ ਸਰਕਸ ਕਰਦਿਆਂ ਦੀਆਂ ਤਸਵੀਰਾਂ ਅਸੀਂ ਯਾਦਾਂ ਵਜੋਂ ਸਾਂਭੀਆਂ ਹੋਈਆਂ ਹਨ।"
ਕੀ ਰਹੀ ਹੈ ਰਵਾਇਤ?
ਬਰਾਦਰੀ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ, "ਜੇ ਕਿਸੇ ਪਰਿਵਾਰ 'ਚ ਤਿੰਨ ਕੁੜੀਆਂ ਹਨ ਤਾਂ ਇੱਕ ਨੂੰ ਦੇਹ ਵਪਾਰ ਲਈ ਰੱਖਿਆ ਜਾਂਦਾ ਹੈ ਅਤੇ ਬਾਕੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਅਜਿਹਾ ਕੁੜੀ ਦੀ ਮਰਜ਼ੀ ਨਾਲ ਹੁੰਦਾ ਹੈ, ਜ਼ੋਰ ਜ਼ਬਰਦਸਤੀ ਨਾਲ ਨਹੀਂ। ਜੋ ਲੋਕ ਲੰਮੇ ਸਮੇਂ ਤੋਂ ਇਸ ਧੰਦੇ 'ਚ ਸ਼ਾਮਲ ਹਨ ਉਹ ਇਸਨੂੰ ਜਾਰੀ ਰੱਖ ਰਹੇ ਹਨ। ਬਰਾਦਰੀ ਵਿਚੋਂ ਨਵੇਂ ਲੋਕ ਇਸ 'ਚ ਸ਼ਾਮਲ ਨਹੀਂ ਹੋ ਰਹੇ ਹਨ।"
ਦੋਮਾਰੀ ਬਰਾਦਰੀ ਦੇ ਲੋਕ ਸ਼ਹਿਰ ਦੇ ਗਣੇਸ਼ ਬਾਜ਼ਾਰ, ਅੰਗਦੀ ਬਾਜ਼ਾਰ ਅਤੇ ਪੇਡਾ ਕਾਨਡੁਕੁਰੂ ਇਲਾਕਿਆਂ ਵਿੱਚ ਰਹਿੰਦੇ ਹਨ। ਸ਼ਹਿਰ ਵਿੱਚ ਇਹਨਾਂ ਦੀ ਅਬਾਦੀ ਅਤੇ ਦੇਹ ਵਪਾਰ ਵਿੱਚ ਸ਼ਾਮਲ ਲੋਕਾਂ ਦਾ ਸਹੀ ਅੰਕੜਾ ਮੌਜੂਦ ਨਹੀਂ ਹੈ।

ਸਥਾਨਕ ਲੋਕਾਂ ਮੁਤਾਬਕ ਇਲਾਕੇ ਵਿੱਚ ਇਸ ਬਰਾਦਰੀ ਦੇ ਪੰਜਾਹ ਕੁ ਪਰਿਵਾਰ ਹਨ। ਕੁੱਲ ਮੈਂਬਰ 200 ਤੋਂ 300 ਦੇ ਵਿਚਕਾਰ ਹਨ। ਇੱਕੋ ਬਰਾਦਰੀ ਦੇ ਹੋਣ ਕਾਰਣ ਵਧੇਰੇ ਪਰਿਵਾਰ ਆਪਸ ਵਿੱਚ ਜੁੜੇ ਹੋਏ ਹਨ।
ਯਾਦਗਿਰੀ ਗੁੱਟਾ ਵਿੱਚ ਹੋਇਆਂ ਗ੍ਰਿਫ਼ਤਾਰੀਆਂ 'ਤੇ ਸੁਆਲ ਚੁੱਕਦੇ ਹੋਏ ਬਰਾਦਰੀ ਦੇ ਇੱਕ ਹੋਰ ਮੈਂਬਰ ਨੇ ਕਿਹਾ, "ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡੇ ਵਿਚੋਂ ਕੋਈ ਦੇਹ ਵਪਾਰ ਵਿੱਚ ਸ਼ਾਮਲ ਨਹੀਂ ਹੈ। ਅਜੇ ਵੀ ਕੁਝ ਲੋਕ ਇਸ ਵਿੱਚ ਸ਼ਾਮਲ ਹਨ। ਫਿਰ ਵੀ ਅਸੀਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਨਿਖੇਧੀ ਕਰਦੇ ਹਾਂ।"
ਉਨ੍ਹਾਂ ਅੱਗੇ ਕਿਹਾ, "ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੇ ਆਪਣੇ ਬੱਚੇ ਹਨ। ਸਾਡੀ ਬਰਾਦਰੀ ਤੋਂ ਇਲਾਵਾ ਵੀ ਕੁਝ ਲੋਕ ਇੱਥੇ ਆ ਕੇ ਦੇਹ ਵਪਾਰ ਕਰਦੇ ਹਨ। ਔਰਤਾਂ ਕਈ ਵਾਰ ਬੱਚਿਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ ਅਤੇ ਅਸੀਂ ਉਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਦੇ ਹਾਂ। ਮਾਪਿਆਂ ਤੋਂ ਵਾਂਝੇ ਕੁਝ ਬੱਚਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਪਾਲਦੇ ਹਨ । ਪੁਲਿਸ ਨੇ ਅਜਿਹੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।"

ਬਰਾਦਰੀ ਦੇ ਕੁਝ ਲੋਕਾਂ ਨੇ ਮੰਨਿਆ ਕਿ ਚਿਤਾਵਨੀ ਦੇ ਬਾਵਜੂਦ ਬਰਾਦਰੀ ਦਾ ਇੱਕ ਵਿਅਕਤੀ ਕਿਸੇ ਹੋਰ ਥਾਂ ਤੋਂ ਬੱਚਿਆਂ ਨੂੰ ਲਿਆਇਆ ਸੀ । ਉਹ ਕਹਿੰਦੇ ਹਨ ਕਿ ਉਸ ਵਿਅਕਤੀ ਦੀ ਅੱਠ ਮਹੀਨੇ ਪਹਿਲਾਂ ਮੌਤ ਹੋ ਗਈ ਸੀ।
ਹਾਲੀਆ ਕਾਰਵਾਈ ਬਾਰੇ ਬਰਾਦਰੀ ਦੇ ਮੈਂਬਰ ਕਹਿੰਦੇ ਹਨ ਕਿ ਇਹ ਪੂਰਾ ਅਭਿਆਨ ਇੱਕ ਔਰਤ ਵੱਲੋਂ ਬੱਚਿਆਂ ਨਾਲ ਮਾੜੇ ਵਰਤਾਰੇ ਬਾਅਦ ਸ਼ੁਰੂ ਹੋਇਆ। ਇਹ ਔਰਤ ਉਨ੍ਹਾਂ ਬੱਚਿਆਂ ਨੂੰ ਪਾਲ ਰਹੀ ਸੀ।
ਇਹ ਵੀ ਪੜ੍ਹੋ:
ਬੱਚਿਆਂ ਨਾਲ ਹੁੰਦੇ ਦੁਰਵਰਤਾਰੇ ਨੂੰ ਵੇਖ ਕੇ ਕੁਝ ਸਥਾਨਕ ਲੋਕਾਂ ਨੇ ਔਰਤ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ।
ਬਰਾਦਰੀ ਦੇ ਇੱਕ ਹੋਰ ਮੈਂਬਰ ਨੇ ਦੱਸਿਆ, "ਮੇਰੀ ਸਾਲ਼ੀ ਦੇਹ ਵਪਾਰ ਕਰਦੀ ਸੀ। ਫਿਰ ਉਸਨੇ ਇੱਕ ਬੰਦੇ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਇੱਕ ਕੁੜੀ ਹੋਈ। ਮੇਰੀ ਸਾਲ਼ੀ ਦੀ ਮੌਤ ਤੋਂ ਬਾਅਦ ਉਹ ਬੱਚੀ ਮੇਰੇ ਭਰਾ ਕੋਲ ਰਹਿ ਰਹੀ ਹੈ । ਪੁਲਿਸ ਨੇ ਮੇਰੇ ਭਰਾ ਦੇ ਪਰਿਵਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।"
ਭਵਿੱਖ ਉੱਤੇ ਉਠਦੇ ਸਵਾਲ
ਪੁਲਿਸ ਦਾ ਕਹਿਣਾ ਹੈ ਕਿ ਮੁੜ ਵਸੇਬੇ ਦੇ ਜ਼ਰੀਏ ਮੁਹੱਈਆ ਕਰਾਉਣ ਦੇ ਬਾਵਜ਼ੂਦ ਇਹ ਲੋਕ ਦੇਹ ਵਪਾਰ ਨਹੀਂ ਛੱਡ ਰਹੇ।
ਦੂਜੇ ਪਾਸੇ ਲੋਕ ਕਹਿੰਦੇ ਹਨ ਕਿ ਮੁੜ ਵਸੇਬੇ ਦੇ ਪੂਰੇ ਸਰੋਤ ਮੁਹੱਈਆ ਨਹੀਂ ਕਰਵਾਏ ਗਏ ਅਤੇ ਉਨ੍ਹਾਂ ਨੂੰ ਨਿੱਜੀ ਅਦਾਰਿਆਂ ਵਿੱਚ ਜੋ ਨੌਕਰੀਆਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ।

ਸਥਾਨਕ ਨੌਜਵਾਨਾਂ ਨੇ ਬੀਬੀਸੀ ਨੂੰ ਦੱਸਿਆ, "ਅਧਿਕਾਰੀਆਂ ਨੇ ਸਾਲ 2005-06 ਵਿੱਚ 25 ਏਕੜ ਜ਼ਮੀਨ ਵਿਖਾਈ ਸੀ, ਇਲਾਕੇ ਦੇ ਪੁਲਿਸ ਕਮਿਸ਼ਨਰ ਦੇ ਤਬਾਦਲੇ ਤੋਂ ਬਾਅਦ ਇਹ ਜ਼ਮੀਨ ਵਾਪਸ ਲੈ ਲਈ ਗਈ ਅਤੇ ਨੀਂਹ ਪੱਥਰ ਵੀ ਹਟਾ ਦਿੱਤਾ ਗਿਆ। ਕੁਝ ਲੋਕਾਂ ਨੂੰ ਸਕਿਉਰਿਟੀ ਗਾਰਡ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ।"
"ਮਹੀਨੇ ਦੇ 2,000 ਰੁਪਈਏ ਮਿਲਦੇ ਸਨ ਪਰ ਇਹ ਕਾਫੀ ਨਹੀਂ ਸੀ ਅਤੇ ਲੋਕਾਂ ਨੇ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਆਟੋ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਅਸੀਂ ਦੂਜੇ ਵਪਾਰ ਵੀ ਕਰ ਰਹੇ ਹਾਂ।"
"ਪੁਲਿਸ ਨੇ ਦੋ ਔਰਤਾਂ ਨੂੰ ਹੋਮ ਗਾਰਡ ਦੀ ਨੌਕਰੀ ਦਿੱਤੀ ਪਰ ਉਨ੍ਹਾਂ ਵਿਚੋਂ ਇੱਕ ਨੇ ਨੌਕਰੀ ਛੱਡ ਦਿੱਤੀ।"
ਇਲਜ਼ਾਮ ਇਹ ਵੀ ਹੈ ਕਿ ਪੁਲਿਸ ਦੇ ਛਾਪਿਆਂ ਦੌਰਾਨ ਲੋਕ ਘਰਾਂ ਵਿੱਚ ਬਣੀਆਂ ਭੂਮੀਗਤ ਸੁਰੰਗਾਂ ਵਿੱਚ ਕੁੜੀਆਂ ਨੂੰ ਲੁਕਾ ਦਿੰਦੇ ਹਨ ਪਰ ਬੀਬੀਸੀ ਪੱਤਰਕਾਰ ਜਿਨ੍ਹਾਂ ਘਰਾਂ ਵਿੱਚ ਗਏ ਉੱਥੇ ਅਜਿਹੀ ਕੋਈ ਸੁਰੰਗ ਨਹੀਂ ਮਿਲੀ। ਪੁਲਿਸ ਨੇ ਇਸ ਬਾਰੇ ਕੋਈ ਸਾਫ਼ ਜਵਾਬ ਨਹੀਂ ਦਿੱਤਾ।
ਸ਼ੋਸ਼ਣ ਦੀ ਕਹਾਣੀ
ਪੁਲਿਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਬਰਾਦਰੀ ਦੇ ਲੋਕ ਦੂਜਿਆਂ ਦੇ ਵਿਸਾਰੇ ਬੱਚਿਆਂ ਨੂੰ ਪਾਲਦੇ ਹਨ।
ਡੀਸੀਪੀ ਰਾਮਾਚੰਦਰ ਰੈਡੀ ਨੇ ਬੀਬੀਸੀ ਨੂੰ ਦੱਸਿਆ ਕਿ ਕਨੂੰਨੀ ਇਜਾਜ਼ਤ ਤੋਂ ਬਗ਼ੈਰ ਕਿਸੇ ਹੋਰ ਦੇ ਬੱਚੇ ਨੂੰ ਰੱਖਣਾ ਗ਼ਲਤ ਹੈ। ਉਨ੍ਹਾਂ ਨੇ ਇਸ ਇਲਜ਼ਾਮ ਦੀ ਵੀ ਨਿਖੇਧੀ ਕੀਤੀ ਕਿ ਪੁਲਿਸ ਨੇ ਕਿਸੇ ਜਨਮ ਪ੍ਰਮਾਣ ਪੱਤਰ ਨੂੰ ਅਣਦੇਖਾ ਕੀਤਾ ਹੈ।

ਡੀਸੀਪੀ ਰੈਡੀ ਨੇ ਕਿਹਾ, "ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਨਤੀਜਿਆਂ ਦੀ ਪੁਸ਼ਟੀ ਤੋਂ ਬਾਅਦ ਬੱਚਿਆਂ ਨੂੰ ਆਪਣੇ ਮਾਪਿਆਂ ਕੋਲ ਭੇਜ ਦਿੱਤਾ ਜਾਵੇਗਾ।"
ਜ਼ਿਲ੍ਹਾ ਬਾਲ ਕਲਿਆਣ ਕਮੇਟੀ ਦੇ ਮੁਖੀ ਨਿਮੱਇਆ ਦੇ ਮੁਤਾਬਕ ਛਾਪੇ ਵਿੱਚ ਮਿਲੇ ਬੱਚਿਆਂ ਨੂੰ ਠੀਕ ਮਾਹੌਲ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀ ਸਕੂਲ ਜਾਣ 'ਚ ਦਿਲਚਸਪੀ ਨਹੀਂ ਹੈ।
ਇਹ ਵੀ ਪੜ੍ਹੋ:
ਨਿਮੱਇਆ ਨੇ ਕਿਹਾ, "ਯਾਦਗਿਰੀ ਗੁੱਟਾ ਵਿੱਚ ਇਹ ਬੱਚੇ ਕਿਵੇਂ ਪੁੱਜੇ, ਇਸ ਗੱਲ ਉੱਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇੱਥੇ ਪਹਿਲਾਂ ਵੀ ਬੱਚੇ ਮਿਲੇ ਹਨ। ਸਾਲ 2005 ਵਿੱਚ ਬੰਗਲੁਰੂ ਦੀ ਸੰਸਥਾ ਕੇਅਰ ਐਂਡ ਜਸਟਿਸ ਨੇ ਇਥੋਂ 12 ਬੱਚਿਆਂ ਨੂੰ ਛੁੜਾਇਆ ਸੀ, ਬਾਅਦ ਵਿੱਚ ਕੋਰਟ ਨੇ ਉਨ੍ਹਾਂ ਬੱਚਿਆਂ ਨੂੰ ਉਨ੍ਹਾਂ ਪਰਿਵਾਰਾਂ ਨੂੰ ਹੀ ਦੇ ਦਿੱਤਾ ਜਿਨ੍ਹਾਂ ਕੋਲੋਂ ਉਹ ਮਿਲੇ ਸੀ।"

ਨਿਮੱਇਆ ਨੇ ਕਿਹਾ ਕਿ ਇਹ ਕੋਈ ਸਮਾਜਿਕ ਜਾਂ ਆਰਥਿਕ ਮੁੱਦਾ ਨਹੀਂ ਸਗੋਂ ਸੰਗਠਿਤ ਸ਼ੋਸ਼ਣ ਹੈ। "ਇਹ ਲੋਕ ਸੌਖੇ ਰਾਹੀਂ ਪੈਸੇ ਬਣਾਉਣ ਲਈ ਇਹ ਕੰਮ ਕਰਦੇ ਹਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਮਾਜ ਇਨ੍ਹਾਂ ਨੂੰ ਵਿਕਲਪ ਦੇਣ ਵਿੱਚ ਨਾਕਾਮ ਰਿਹਾ ਹੈ।"
ਸਥਾਨਕ ਲੋਕ ਕੀ ਕਹਿੰਦੇ ਹਨ?
ਹਾਲ ਵਿੱਚ ਹੋਈਆਂ ਗ੍ਰਿਫਤਾਰੀਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਇੱਕ ਨੌਜਵਾਨ ਨੇ ਕਿਹਾ ਕਿ ਇਸ ਇਲਾਕੇ ਦਾ ਨਾਂ ਲੈਂਦੇ ਹੀ ਲੋਕ ਸਾਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗਦੇ ਹਨ। ਆਉਣ ਵਾਲੇ ਦਿਨਾਂ ਵਿੱਚ ਇਸਦਾ ਅਸਰ ਵਿਆਹਾਂ ਉੱਤੇ ਵੀ ਪੈ ਸਕਦਾ ਹੈ।
ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਕਈ ਲੋਕ ਇੱਥੇ ਦੇ ਪੁਲਿਸ ਸਟੇਸ਼ਨ ਪਹੁੰਚ ਰਹੇ ਹਨ ਕਿ ਸ਼ਾਇਦ ਉਨ੍ਹਾਂ ਦਾ ਗੁੰਮਿਆ ਬੱਚਾ ਲੱਭ ਜਾਵੇ।












